ਖ਼ਾਲਸੇ ਦਾ ਵਿਅਕਤੀਤਵ
ਸ਼ਿਰੋਮਣਦੀਪ ਸਿੰਘ
ਸਿੱਖ ਧਰਮ ਦੁਨੀਆਂ ਦਾ ਨਵੀਨ ਧਰਮ ਮੰਨਿਆ ਜਾਂਦਾ ਹੈ। ਇਸ ਧਰਮ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਦੇ ਜਨਮ ਨਾਲ 1469 ਈ: ਵਿੱਚ ਹੋਈ। ਉਹਨਾਂ ਤੋਂ ਬਾਅਦ ਇਹ ਜੋਤਿ 9 ਜਾਮਿਆਂ ਦੇ ਰੂਪ ਵਿੱਚ ਕਾਰਜ ਕਰਦੀ ਰਹੀ ਹੈ। 10 ਵੇਂ ਗੁਰੂ ਸਾਹਿਬਾਨ ਦੁਆਰਾ 1699 ਈ ਵਿੱਚ ਖਾਲਸਾ ਪੰਥ ਦੀ ਸਾਜਨਾ ਕਰਕੇ ਇਸ ਨੂੰ ਅੰਤਿਮ ਦਿੱਖ ਦਿੱਤੀ ਗਈ। ਇਹ ਉਹਨਾਂ ਵੱਲੋਂ ਕੀਤਾ ਗਿਆ ਇੱਕ ਅਨੋਖਾ ਕਾਰਨਾਮਾ ਸਿੱਧ ਹੋਇਆ। ਅਸਲ ਵਿੱਚ ਇਹ ਖਾਲਸਾ ਪੰਥ ਰੂਪ ਬੀਜ ਗੁਰੂ ਨਾਨਕ ਸਾਹਿਬ ਦੇ ਆਗਮਨ ਨਾਲ ਹੀ ਬੀਜਿਆ ਗਿਆ ਸੀ। ਇਹ ਵਿਚਾਰਧਾਰਾ ਕਿਸੇ ਹੋਰ ਵਿਚਾਰਾਧਾਰਾ ਨੂੰ ਰੱਦ ਨਹੀਂ ਕਰਦੀ ਸਗੋਂ ਉਸ ਨੂੰ ਨਵੀਨਤਮ ਵਿਆਖਿਆ ਨਾਲ ਪ੍ਰਫੁਲਿਤ ਹੋਣ ਦਾ ਸੁਨੇਹਾ ਦਿੰਦੀ ਹੈ। ਗੁਰੂ ਨਾਨਕ ਸਾਹਿਬ ਦਾ ‘‘ਸਿਰੁ ਧਰਿ ਤਲੀ; ਗਲੀ ਮੇਰੀ ਆਉ ॥’’ (ਮ: ੧/੧੪੧੨) ਦਾ ਸੰਕਲਪ, ਆਮ ਮਨੁੱਖਤਾ ਨੂੰ ਕਿਤੇ ਵੀ ਆਪਣੀ ਜ਼ਿੰਦਗੀ ਖਤਮ ਕਰਨ ਦੀ ਸਲਾਹ ਨਹੀਂ ਦਿੰਦਾ ਸਗੋਂ ਆਪਣੀ ਅੰਦਰੂਨੀ ਬੁਜ਼ਦਿਲੀ ਨੂੰ ਖਤਮ ਕਰਨ ਦੀ ਗੱਲ ਕਰਦਾ ਹੈ। 10 ਵੇਂ ਗੁਰੂ ਸਾਹਿਬਾਨ ਦੁਆਰਾ ਸੰਗਤ ਦੇ ਭਰੇ ਇਕੱਠ ਵਿੱਚ ਨੰਗੀ ਤਲਵਾਰ ਕਰਕੇ ਸੀਸ ਦੀ ਮੰਗ ਕਰਨਾ ਕੇਵਲ ਬਾਹਰੀ ਸੀਸ ਦੀ ਗੱਲ ਨਹੀਂ ਸੀ ਸਗੋਂ ਆਪਣੇ ਅੰਦਰ ਦੇ ਹੰਕਾਰ ਦੇ ਖਾਤਮੇ ਦੀ ਵੀ ਗੱਲ ਸੀ ਭਾਵੇਂ ਕਿ ਉਸ ਸਮੇਂ ਪੰਜ ਸਿੱਖਾਂ ਦੇ ਸੀਸ ਲੈ ਕੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਖਿਤਾਬ ਦਿੱਤਾ ਗਿਆ ਸੀ ਪਰ ਇਸ ਦਾ ਸਬੰਧ ਗੁਰੂ ਪ੍ਰਤੀ ਅੰਦਰਲੀ ਸਮਰਪਿਤ ਭਾਵਨਾ ਹੈ ਜੋ ਸਾਨੂੰ ਹਉਮੈ ਕਾਰਨ ਸਾਡੇ ਅਸਲ ਮਕਸਦ ਤੋਂ ਦੂਰ ਕਰਦੀ ਨਜ਼ਰ ਆਉਂਦੀ ਹੈ। ਗੁਰੂ ਸਾਹਿਬ ਨੇ ਖਾਲਸੇ ਵਿੱਚ ਨਿਆਰੇਪਣ ਦੀ ਗੱਲ ਕੀਤੀ, ਜਿਸ ਵਿੱਚ ਉਹਨਾਂ ਕਿਹਾ:
ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੇਉਂ ਮੈ ਸਾਰਾ॥ (ਸਰਬਲੋਹ ਗ੍ਰੰਥ)
ਪਰ ਅਜੋਕੇ ਸਮੇਂ ’ਚ ਅਸੀਂ ਉਸ ਨਿਆਰੇਪਣ ਦਾ ਰੂਪ ਹੀ ਬਦਲ ਦਿੱਤਾ ਹੈ। ਅਸੀਂ ਕੇਵਲ ਵਿਖਾਵੇ ਦਾ ਖਾਲਸਾ ਪਣ ਹੀ ਬਣਾ ਲਿਆ ਹੈ। ਖਾਲਸਾ ਹੋਣਾ ਕੋਈ ਬਾਹਰੀ ਪਹਿਰਾਵਾ ਨਹੀਂ ਸਗੋਂ ਅੰਦਰ ਦਾ ਖਾਲਸਾ ਹੋਣਾ ਹੈ, ਅਜੋਕੇ ਸਮੇਂ ਵਿੱਚ ਵੱਖ ਵੱਖ ਸੰਪਰਦਾਵਾਂ ਵੱਲੋਂ ਬਾਹਰੀ ਰੂਪ ਨੂੰ ਹੀ ਤਰਜੀਹ ਦਿੱਤੀ ਜਾ ਰਹੀ ਹੈ।
ਗੁਰੂ ਜੀ ਸਾਨੂੰ ਅੰਦਰੂਨੀ ਭਾਵ ਤੋਂ ਖਾਲਸਾ ਬਣਾਉਣਾ ਚਾਹੁੰਦੇ ਹਨ। ਜੇ ਗੁਰੂ ਨਾਨਕ ਸਾਹਿਬ ਇਸ ਗੱਲ ਨਾਲ ਸਹਿਮਤ ਹਨ ਤਾਂ ਹੀ ਉਹਨਾਂ ਭਗਤ ਕਬੀਰ ਜੀ ਦੇ ਇਨ੍ਹਾਂ ਵਚਨਾਂ ਨੂੰ ਗੁਰਬਾਣੀ ’ਚ ਜਗ੍ਹਾ ਦਿੱਤੀ :
ਕਹੁ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤਿ ਜਿਹ ਜਾਨੀ॥
ਇਸ ਵਚਨ ਤੋਂ ਸਪਸ਼ਟ ਹੈ ਕਿ ਗੁਰਬਾਣੀ ਅੰਦਰੂਨੀ ਖਾਲਸਾ ਬਣਨ ਦਾ ਉਪਦੇਸ਼ ਦਿੰਦੀ ਹੈ ਜੇਕਰ ਬਾਹਰੀ ਪਹਿਰਾਵਾ ਹੀ ਖਾਲਸਾ ਹੁੰਦਾ ਤਾਂ ਫਿਰ ਭਗਤ ਕਬੀਰ ਜੀ ਦਾ ਪਹਿਰਾਵਾ ਸਾਡੇ ਪਹਿਰਾਵੇ ਨਾਲ ਮੇਲ ਹੀ ਨਹੀਂ ਸੀ ਖਾਂਦਾ। ਇਸ ਦਾ ਭਾਵ ਇਹ ਹੋਇਆ ਕਿ ਗੁਰੂ ਸਾਹਿਬਾਨ ਨੇ ਸਿਧਾਂਤ ਦੀ ਗੱਲ ਕਰਦਿਆਂ ਅੰਦਰੂਨੀ ਖਾਲਸਾ ਬਣਨ ਨੂੰ ਵਿਸ਼ੇਸ਼ ਮਹੱਤਵ ਦਿੱਤਾ। ਭਾਈ ਕਾਹਨ ਸਿੰਘ ਜੀ ਨਾਭਾ ਨੇ ‘ਖ਼ਾਲਿਸ’ ਦੇ ਅਰਥ ਸ਼ੁੱਧ, ਨਿਰਮਲ ਅਤੇ ਬਿਨਾਂ ਮਿਲਾਵਟ ਕੀਤੇ ਹਨ (ਹਵਾਲਾ ਗੁਰਮਤ ਮਾਰਤੰਡ, ਪੰਨਾ 322)
ਉਕਤ ਵਿਚਾਰ ਮੁਤਾਬਕ ਅੰਦਰੂਨੀ ਵਿਕਾਰਾਂ ਤੋਂ ਰਹਿਤ ਹੋਣਾ ਅਤੇ ਅੰਦਰ ਦੀ ਮੈਲ ਖਤਮ ਕਰਕੇ ਸੁਚੱਜਾ ਜੀਵਨ ਜਿਉਣਾ ਹੀ ਖਾਲਸੇ ਦਾ ਅਸਲੀ ਤੇ ਨਿਆਰਾਪਣ ਹੈ। ਤਨਖਾਹ ਨਾਮੇ ’ਚ ਵੀ ਦਰ ਹੈ:
ਖਾਲਸਾ ਸੋਇ, ਜੋ ਨਿੰਦਾ ਤਿਆਗੈ। ਖਾਲਸਾ ਸੋਇ, ਲੜੇ ਹੋਇ ਆਗੈ॥
(ਨੋਟ: ਇਹ ਲੜਾਈ ਵਿਕਾਰਾਂ ਨੂੰ ਕਾਬੂ ਕਰਨ ਦੀ ਹੈ।)
ਖਾਲਸਾ ਸੋਇ, ਪਰ ਦ੍ਰਿਸਟਿ ਤਿਆਗੈ। ਖਾਲਸਾ ਸੋਇ, ਨਾਮ ਰਤ ਲਾਗੈ।
ਖਾਲਸਾ ਸੋਇ, ਗੁਰੂ ਹਿਤ ਲਾਵੈ। ਖਾਲਸਾ ਸੋਇ, ਸਾਰ ਮੁਹਿ ਖਾਵੈ।
ਖਾਲਸਾ ਸੋ, ਨਿਰਧਨ ਕੋ ਪਾਲੈ। ਖਾਲਸਾ ਸੋਇ, ਦੁਸ਼ਟ ਕਉ ਗਾਲੈ।
(1). ਖਾਲਸਾ ਅੰਦਰੂਨੀ ਤੌਰ ’ਤੇ ਕਿਸੇ ਦਾ ਵੀ ਵਿਰੋਧੀ ਨਹੀਂ ਹੋਣਾ ਚਾਹੀਦਾ। ਉਸ ਦਾ ਹਰ ਕਿਸੇ ਨਾਲ ਪਿਆਰ ਹੋਣਾ ਚਾਹੀਦਾ ਹੈ। ਗੁਰਬਾਣੀ ਦੇ ਸਿਧਾਂਤ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ.. ॥’’ (ਮ: ੫/੬੧੧) ਦੇ ਸੰਕਲਪ ਦਾ ਧਾਰਨੀ ਹੋਣਾ ਚਾਹੀਦਾ ਹੈ।
(2). ਪੂਰਨ ਖਾਲਸਾ ਕਿਸੇ ਵੀ ਤਰ੍ਹਾਂ ਵਿਕਾਰੀ ਜਾਂ ਕੁਰਹਿਤ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਉਸ ਦੀ ਕਥਨੀ ਤੇ ਕਰਨੀ ਇਕਸਾਰ ਹੋਣੀ ਚਾਹੀਦੀ ਹੈ: ‘‘ਨਾਪਾਕ ਪਾਕੁ ਕਰਿ ਹਦੂਰਿ ਹਦੀਸਾ; ਸਾਬਤ ਸੂਰਤਿ ਦਸਤਾਰ ਸਿਰਾ ॥’’ (ਮ: ੫/੧੦੮੪)
(3). ਖਾਲਸੇ ਵਿੱਚ ਅੰਦਰੂਨੀ ਸ਼ਾਂਤੀ (ਸਥਿਰਤਾ) ਹੋਣੀ ਚਾਹੀਦੀ ਹੈ। ਕਿਸੇ ਵੀ ਪ੍ਰਕਾਰ ਦਾ ਕਰੋਧ ਉਸ ਲਈ ਹਾਨੀਕਾਰਕ ਸਿੱਧ ਹੁੰਦਾ ਹੈ: ‘‘ਕ੍ਰੋਧੁ ਨਿਵਾਰਿ ਜਲੇ ਹਉ ਮਮਤਾ; ਪ੍ਰੇਮੁ ਸਦਾ ਨਉ ਰੰਗੀ ॥’’ (ਮ: ੧/੧੨੩੨)
(4). ਖਾਲਸਾ ਹਰ ਕਿਸੇ ਦਾ ਮਦਦਗਾਰ ਹੁੰਦਾ ਹੈ। ਉਹ ਕਿਸੇ ਵੀ ਪ੍ਰਕਾਰ ਦਾ ਲੋਭ ਜਾਂ ਲਾਲਚ ਨਹੀਂ ਰੱਖਦਾ ਤੇ ਹਰ ਕਿਸੇ ਨਾਲ ਪਿਆਰ ਦੀ ਭਾਵਨਾ ਰੱਖਦਾ ਹੈ: ‘‘ਪਰਉਪਕਾਰੁ ਨਿਤ ਚਿਤਵਤੇ; ਨਾਹੀ ਕਛੁ ਪੋਚ ॥’’ (ਮ: ੫/੮੧੫)
(5). ਖਾਲਸੇ ਦਾ ਕਿਸੇ ਵਿਅਕਤੀ ਵਿਸ਼ੇਸ ਨਾਲ ਪਿਆਰ ਨਹੀਂ ਹੁੰਦਾ ਸਗੋਂ ਹਰ ਕਿਸੇ ਨਾਲ ਪਿਆਰ ਪਾਉਂਦਾ ਹੈ। ਖਾਲਸਾ ਇੱਕ ਅਕਾਲ ਪੁਰਖ ਵਾਹਿਗੁਰੂ ’ਤੇ ਟੇਕ ਰੱਖਦਾ ਹੈ। ਗੁਰੂ ਸਾਹਿਬ ਜੀ ਨੇ 33 ਸਵੱਈਆਂ ਵਿੱਚ ਖਾਲਸੇ ਨੂੰ ਇਉਂ ਰੂਪਮਾਨ ਕੀਤਾ:
ਜਾਗਤ ਜੋਤਿ ਜਪੈ ਨਿਸ ਬਾਸੁਰ; ਏਕੁ ਬਿਨਾ ਮਨਿ ਨੈਕ ਨ ਆਨੈ ॥
ਪੂਰਨ ਪ੍ਰੇਮ ਪ੍ਰਤੀਤ ਸਜੈ; ਬ੍ਰਤ ਗੋਰ ਮੜ੍ਹੀ ਮਠ, ਭੂਲ ਨ ਮਾਨੈ ॥
ਤੀਰਥ ਦਾਨ ਦਇਆ ਤਪ ਸੰਜਮ; ਏਕੁ ਬਿਨਾ, ਨਹਿ ਏਕ ਪਛਾਨੈ ॥
ਪੂਰਨ ਜੋਤਿ ਜਗੈ ਘਟ ਮੈ; ਤਬ ਖ਼ਾਲਸ ਤਾਹਿ ਨਿਖ਼ਾਲਸ ਜਾਨੈ ॥੧॥ (੩੩ ਸਵੈਯੇ)