ਹਾਏ ਗਰਮੀ, ਹਾਏ ਸਰਦੀ

0
731

ਹਾਏ ਗਰਮੀ, ਹਾਏ ਸਰਦੀ

-ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ, ਬਰਨਾਲਾ-98146-99446

ਜਦੋਂ ਵੀ ਕਿਸੇ ਨੂੰ ਮਿਲਦੇ ਹਾਂ ਤਾਂ ਸਭ ਤੋਂ ਪਹਿਲਾਂ ਇਹੀ ਸੁਣਨ ਨੂੰ ਮਿਲਦਾ ਯਾਰ ਬੜੀ ਠੰਢ ਪੈ ਰਹੀ ਆ, ਜਾਂ ਬੜੀ ਠੰਢ ਪਵਾਈ ਜਾਨੈਂ, ਜਿਵੇਂ ਕਿ ਕਿਸੇ ਨੇ ਠੰਢ ਨੂੰ ਹੱਥ ’ਚ ਫੜਿਆ ਹੋਵੇ। ਕਈ ਵਾਰ ਤਾਂ ਅਜਿਹਾ ਸੁਣਨ ਨੂੰ ਮਿਲ ਜਾਦੈਂ ਏਸ ਵਾਰ ਬੜੀ ਠੰਢ ਪਈ ਆ, ਪਹਿਲਾਂ ਤਾਂ ਪਈ ਨੀ ਕਦੇ। ਇਸੇ ਤਰ੍ਹਾਂ ਗਰਮੀਆਂ ਵਿਚ ਯਾਰ ਬੜੀ ਗਰਮੀ ਆ, ਕੀ ਕਰੀਏ, ਪੱਤਾ ਨੀ ਹਿੱਲਦਾ, ਮੀਂਹ ਮੂੰਹ ਹੀ ਪਵਾਦੇ, ਫਿਰ ਉਹੀ ਗੱਲ ਯਾਨੀ ਮੀਂਹ ਪਵਾਉਣਾ ਵੀ ਜਿਵੇਂ ਕਿਸੇ ਦੇ ਹੱਥ ਵਿਚ ਸਵਿਚ ਫੜੀ ਹੋਵੇ, ਬਟਨ ਦੱਬੀਏ ਤੇ ਮੀਂਹ ਪੈਣਾ ਸ਼ੁਰੂ ਹੋ ਜਾਵੇ। ਕਹਿਣ ਤੋਂ ਭਾਵ ਸਾਡੀ ਮਾਨਸਿਕਤਾ ਕਿਸ ਤਰ੍ਹਾਂ ਦੀ ਬਣ ਗਈ, ਗੱਲਬਾਤ ਸ਼ੁਰੂ ਕਰਨ ਦਾ ਲਹਿਜ਼ਾ ਅਸੀਂ ਮੌਸਮ ਦੀ ਬੇਰੁਖੀ ਤੋਂ ਕਰਦੇ ਹਾਂ, ਨਾ ਕਿ ਕਿਸੇ ਦੇ ਦੁੱਖ ਸੁੱਖ ਪੁੱਛਣ ਤੋਂ। ਅੱਜ ਕੱਲ੍ਹ ਦੀ ਭੱਜ ਨੱਠ ਵਾਲੀ ਜ਼ਿੰਦਗੀ ਵਿਚ ਕਿਸੇ ਕੋਲ ਗੱਲਾਂ ਕਰਨ ਦਾ ਸਮਾਂ ਕਿੱਥੇ ਅਤੇ ਜੇਕਰ ਗੱਲਾਂ ਕਰਨ ਦਾ ਸਮਾਂ ਮਿਲ ਵੀ ਜਾਵੇ ਤਾਂ ਗੱਲ ਠੰਢ ਜਾਂ ਗਰਮੀ ਤੋਂ ਸ਼ੁਰੂ ਹੁੰਦੀ ਹੈ ਫਿਰ ਉਹੀ ਰੱਟ, ਵਾਤਾਵਰਣ ਬਦਲ ਰਿਹਾ ਹੈ ਵਗੈਰਾ-ਵਗੈਰਾ ਜਿਸ ਬਾਰੇ ਜਾਣਦੇ ਸਾਰੇ ਹਾਂ ਪਰ ਸਮਝਣ ਨੂੰ ਤਿਆਰ ਨਹੀਂ। ਬੱਸ ਗੱਲਾਂ-ਗੱਲਾਂ ਵਿਚ ਸਾਰ ਦਿੰਦੇ ਹਾਂ। ਅਸੀਂ ਦੋਸ਼ ਤਾਂ ਮੌਸਮਾਂ ਜਾਂ ਰੁੱਤਾਂ ਨੂੰ ਦਿੰਦੇ ਹਾਂ ਪਰ ਆਪਣੇ ਆਪ ਨੂੰ ਬੇਦੋਸ਼ੇ ਸਿੱਧ ਕਰ ਰਹੇ ਹਾਂ।

ਕੁਦਰਤ ਦੀਆਂ ਰੁੱਤਾਂ ਜਾਂ ਮੌਸਮ ਦੀਆਂ ਤਬਦੀਲੀਆਂ ਇਹ ਤਾਂ ਕੁਦਰਤ ਦੇ ਵੱਸ ਹਨ, ਮਨੁੱਖ ਉਨ੍ਹਾਂ ਨਾਲ ਬੇਲੋੜੀ ਛੇੜਛਾੜ ਕਰਕੇ ਇਨ੍ਹਾਂ ਰੁੱਤਾਂ ਦੀ ਰੰਗੀਨਗੀ ਤੋਂ ਮੁਨਕਰ ਹੁੰਦਾ ਜਾ ਰਿਹਾ ਹੈ। ਬਜ਼ੁਰਗ ਦੱਸਦੇ ਹਨ ਕਿ ਠੰਢ ਤਾਂ ਪਹਿਲਾਂ ਵੀ ਬਹੁਤ ਪੈਂਦੀ ਸੀ ਅਤੇ ਗਰਮੀਆਂ ਵਿਚ ਜੇਠ ਹਾੜ ਦੀ ਧੁੱਪ ਪਿੰਡਾ ਲੂਹ ਦਿੰਦੀ ਸੀ ਉਦੋਂ ਤਾਂ ਕੂਲਰ, ਪੱਖੇ, ਏ. ਸੀ. ਵੀ ਨਹੀਂ ਸਨ, ਹੁਣ ਸਭ ਕੁੱਝ ਹੁੰਦਿਆਂ ਸੁੰਦਿਆਂ ਵੀ ਲੋਕ ਚੀਕਾਂ ਮਾਰਦੇ ਨੇ, ਅਖੇ ਹਾਏ ਸਰਦੀ ਹਾਏ ਗਰਮੀ। ਨਾਲੇ ਕਹਿੰਦੇ ਨੇ ਭਾਦੋਂ ਦੀ ਧੁੱਪ ਜੱਟ ਨੂੰ ਸਾਧ ਬਣਾ ਦਿੰਦੀ ਸੀ ਅਤੇ ਹੁਣ….।

ਮੇਰੀ ਦਾਦੀ ਦੱਸਦੀ ਹੁੰਦੀ ਆ ਕਿ ਜਦੋਂ ਪੋਹ ਮਾਘ ਦੀ ਰੁੱਤੇ ਧੁੰਦ ਅਤੇ ਕੋਰ੍ਹਾ ਪੈਂਦਾ ਤਾਂ ਲੋਕ ਧੂਣੀਆਂ ਬਾਲਕੇ ਸੇਕਦੇ, ਬੁੜੀਆਂ ਚੁੱਲ੍ਹੇ ਦੀ ਮੱਠੀ ਮੱਠੀ ਅੱਗ ਤੇ, ਨਾਲੇ ਦੁੱਧ ਕਾੜ੍ਹਦੀਆਂ ਨਾਲੇ ਪਾਲੇ ਤੋਂ ਬਚੀਆਂ ਰਹਿੰਦੀਆਂ, ਹੁਣ ਤਾਂ ‘ਗੈਸੀ ਚੁਲ੍ਹਿਆਂ ਨੇ ਇਹ ਸਭ ਖ਼ਤਮ ਕਰ ਤਾਂ ਭਾਈ, ਸਾਡੇ ਸਮਿਆਂ ’ਚ ਤਾਂ ਗਰਮੀ ਦੀ ਰੁੱਤੇ ਝਾਲਰ ਵਾਲੀਆਂ ਪੱਖੀਆਂ ਨਾਲ ਝੱਲ ਮਾਰ-ਮਾਰ ਕੇ ਡੰਗ ਲਾਹ ਲਈਦਾ ਸੀ। ਹੁਣ ਤਾਂ ਲੋਕ ਆਹ ਏਸੀਆਂ ’ਚ ਬਹਿ ਕੇ ਵੀ ਤੜਪਦੇ ਨੇ, ਕਿਸੇ ’ਚ ਸਹਿਣਸ਼ੀਲਤਾ ਨਹੀਂ ਰਹੀ। ਅੱਜ ਕੱਲ੍ਹ ਤਾਂ ਲੋਕੀਂ ਸੋਹਲ ਹੋ ਗਏ। ਦਾਦੀ ਦੀ ਆਖੀ ਗੱਲ ਮੈਨੂੰ ਬੜਾ ਕੁੱਝ ਸੋਚਣ ਨੂੰ ਮਜ਼ਬੂਰ ਕਰ ਦਿੰਦੀ ਹੈ। ਅਸੀਂ ਸੱਚ-ਮੁੱਚ ਸੋਹਲ ਹੋ ਗਏ ਹਾਂ, ਕਦੇ ਸਰਦੀਆਂ ਦੀ ਰੁੱਤੇ ਪੋਹ-ਮਾਘ ਵਿਚ ਚਾਰ ਵਜੇ ਅੰਮ੍ਰਿਤ ਵੇਲੇ ਉੱਠ ਕੇ ਬਾਹਰ ਨਿਕਲ ਕੇ ਵੇਖੋ ਜੋ ਨਜ਼ਾਰਾ ਲੈਣ ਲਈ ਲੋਕ ਮਸੂਰੀ ਜਾਂ ਸ਼ਿਮਲੇ ਵੱਲ ਜਾਂਦੇ ਹਨ ਉਹ ਨਜ਼ਾਰਾ ਸਾਡੇ ਪਿੰਡਾਂ ਵਿਚ ਵੀ ਲੱਭਦਾ ਹੈ ਪਰ ਲੱਭਣ ਵਾਲੀ ਸੋਚ ਚਾਹੀਦੀ ਹੈ। ਅੱਜ ਕੱਲ੍ਹ ਦੀ ਪੀੜ੍ਹੀ ਤਾਂ ਉਠਦੀ ਹੀ ਅੱਠ ਵਜੇ ਹੈ, ਉੱਠਣ ਸਾਰ ਮੂੰਹ ਨੂੰ ਚਾਹ ਦਾ ਕੱਪ (ਬੈੱਡ ਟੀ) ਲੈ ਕੇ ਫਿਰ ਰਜਾਈ ਵਿਚ ਜਾਂ ਫਟਾਫਟ ਉੱਠ ਕੇ ਨਹਾ ਧੋ ਕੇ ਕੰਮ ’ਤੇ ਜਾਣ ਦੀ ਕਾਹਲ, ਫਿਰ ਜ਼ਿੰਦਗੀ ਵਿਚੋਂ ਅਨੰਦ ਕਿਵੇਂ ਲੱਭੇ। ਇਸ ਤਰ੍ਹਾਂ ਗਰਮੀਆਂ ਦੀ ਰੁੱਤੇ ਕਾਹਲੇ ਪਏ ਲੋਕ ਇਕਦਮ ਗਰਮੀ ’ਚੋਂ ਆ ਕੇ ਫਰਿੱਜ਼ ਦਾ ਠੰਢਾ ਪਾਣੀ ਪੀ ਕੇ ਜਾਂ ਯਕਦਮ ਏ. ਸੀ. ਥੱਲੇ ਬਹਿ ਕੇ ਬਿਮਾਰੀਆਂ ਸਹੇੜ ਲੈਂਦੇ ਹਨ, ਗੱਲ ਫਿਰ ਉਥੇ ਆ ਕੇ ਮੁੱਕਦੀ ਹੈ ਰੁੱਤਾਂ ਨਹੀਂ ਬਦਲੀਆਂ। ਕੁਦਰਤ ਆਪਣੇ ਅਨੁਸ਼ਾਸਨ ਵਿਚ ਚੱਲ ਰਹੀ ਹੈ, ਬਦਲਿਆ ਹੈ ਤਾਂ ਸਿਰਫ਼ ਮਨੁੱਖ। ਲਾਲਚ ਵਿਚ ਆ ਕੇ ਮਨੁੱਖ ਨੇ ਕੁਦਰਤ ਨਾਲ ਖਿਲਵਾੜ ਕੀਤਾ ਹੈ, ਉਸ ਦਾ ਖਮਿਆਜ਼ਾ ਤਾਂ ਭੁਗਤਣਾ ਪੈਣਾ ਹੀ ਹੈ। ਇਹ ਵੀ ਸੱਚ ਹੈ ਕਿ ਵੱਧ ਰਿਹਾ ਤਾਪਮਾਨ ਜਿੱਥੇ ਖਤਰੇ ਦੀ ਘੰਟੀ ਵਜਾ ਰਿਹਾ ਹੈ ਉਥੇ ਮਨੁੱਖ ਸੁਧਰਨ ਦੀ ਬਜਾਏ ਚਲੋ ਦੇਖੀ ਜਾਊ ਦਾ ਰਾਗ ਅਲਾਪ ਰਿਹਾ ਹੈ। ਇਸੇ ਕਰਕੇ ਮਨੁੱਖ ਰੁੱਤਾਂ ਨੂੰ ਪਿਆਰ ਕਰਨ ਦੀ ਬਜਾਏ ਹਾਏ ਗਰਮੀ ! ਹਾਏ ਸਰਦੀ ! ਕਰਦਾ ਕੁਦਰਤ ਤੋਂ ਦੂਰ ਹੁੰਦਾ ਜਾ ਰਿਹਾ ਹੈ। ਕੁਦਰਤ ਤੋਂ ਦੂਰੀ ਦਾ ਭਾਵ ਮਨੁੱਖ ਨੂੰ ਸਮਝ ਲੈਣਾ ਚਾਹੀਦਾ ਹੈ।

ਅਸੀਂ ਕਿਉਂ ਭੁੱਲ ਗਏ ਹਾਂ ਆਪਣਾ ਮਹਾਨ ਵਿਰਸਾ ਕਿ ਜੇਠ ਹਾੜ ਦੀ ਤਪਦੀ ਦੁਪਹਿਰੇ, ਲਾਹੌਰ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ’ਤੇ ਬਿਠਾਇਆ ਸੀ ਅਤੇ ਪੋਹ ਦੀ ਬਰਫ਼ੀਲੀ ਰਾਤ ਵਿਚ ਬੁੱਢੀ ਦਾਦੀ ਮਾਤਾ ਗੁਜਰੀ ਜੀ ਨੇ ਆਪਣੇ ਪੋਤਿਆਂ ਨੂੰ ਲੈ ਕੇ ਕਿਵੇਂ ਠੰਢੇ ਬੁਰਜ ਵਿਚ ਰਾਤ ਬਤੀਤ ਕੀਤੀ ਸੀ। ਜਰਾ ਯਾਦ ਕਰੋ, ਅਸੀਂ ਮਹਾਨ ਵਿਰਸੇ ਤੋਂ ਕੁੱਝ ਸਿੱਖਿਆ ਹੀ ਨਹੀਂ ਸਾਡੀ ਸਹਿਣਸ਼ੀਲਤਾ ਖ਼ਤਮ ਹੋ ਚੁੱਕੀ ਹੈ। ਨਾਲੇ ਗੁਰਬਾਣੀ ਦਾ ਫੁਰਮਾਨ ਹੈ : ‘‘ਅਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ ਨ ਜਿੰਨਾ ਪਾਸਿ॥’’ ਅਤੇ ਪੋਹ ਦੇ ਮਹੀਨੇ ਠੰਢ ਉਹਨਾਂ ਨੂੰ ਪੋਹ ਨਹੀਂ ਸਕਦੀ ਜਿਹੜੇ ਹਰੀ ਦਾ ਨਾਮ ਜਪਦੇ ਹਨ: ‘‘ਪੋਖਿ ਤੁਖਾਰੁ ਨ ਵਿਆਪਈ; ਕੰਠਿ ਮਿਲਿਆ ਹਰਿ ਨਾਹੁ॥’’

          ਸੋ, ਕੁਦਰਤ ਦੀਆਂ ਰੁੱਤਾਂ ਨੂੰ ਦੋਸ਼ ਦੇਣ ਦੀ ਬਜਾਏ ਉਸ ਦੀ ਬਚਿੱਤਰ ਲੀਲ੍ਹਾ ਦਾ ਅਨੰਦ ਮਾਣਨਾ ਹੀ ਸ਼ਾਂਤੀ ਦਾ ਸਰੋਤ ਹੈ।