ਸੇਵਾ ਤਾਂ ਇਹ ਹੈ !

0
261

ਸੇਵਾ ਤਾਂ ਇਹ ਹੈ !

ਸ. ਭੁਪਿੰਦਰ ਸਿੰਘ ਕੋਹਲੀ ਮੁੰਬਈ-98214-21058

ਇੱਕ ਸਰਬ-ਪੱਖੀ ਜੀਵਨ ਜੀਉਣ ਲਈ ਮਨੁੱਖ ਨੂੰ ਸਿਰਫ਼ ਆਪਣੇ ਸਦਾਚਾਰ ਦੇ ਮੁੱਢਲੇ ਅੰਗਾਂ ਵੱਲ ਧਿਆਨ ਦੇਣਾ ਪੈਂਦਾ ਹੈ ਅਤੇ ਆਪਣੇ ਸਦਾਚਾਰਕ ਫਰਜ਼ ਨਿਭਾਉਣੇ ਪੈਂਦੇ ਹਨ, ਪਰ ਅੱਜ ਲੋਕ ਪਦਾਰਥਾਂ ਅਤੇ ਦੁਨਿਆਵੀਂ ਅਹੁਦਿਆਂ ਦੀ ਅੰਨੀ ਦੌੜ ਵਿੱਚ ਲੱਗੇ ਹੋਏ ਹਨ ਭਾਵੇਂ ਇਨਾਂ ਵਿੱਚੋਂ ਕੁੱਝ ਵੀ ਉਨਾਂ ਨੂੰ ਸਦੀਵੀ ਸੁੱਖ ਨਹੀਂ ਦੇ ਸਕਦਾ। ਇੱਕ ਵਿਦਵਾਨ ਨੇ ਸਹੀ ਕਿਹਾ ਹੈ, ‘ਕਿ ਜੀਵਨ ਦੇ ਪਹਿਲੇ 25 ਸਾਲ ਤੁਸੀਂ ਵਿੱਦਿਆ ਪ੍ਰਾਪਤ ਕਰੋ ਅਗਲੇ 25 ਸਾਲ ਤੁਸੀਂ ਕਮਾਈ ਕਰੋ ਅਤੇ ਬਾਕੀ ਰਹਿੰਦੀ ਜ਼ਿੰਦਗੀ ਸਮਾਜ ਪ੍ਰਤੀ ਸੇਵਾ ਕਰਕੇ ਆਪਣਾ ਕਰਜ਼ ਚੁਕਾਓ।’ ਇਸ ਵਿੱਚ ਕੋਈ ਸ਼ੱਕ ਨਹੀ ਕਿ ਪੈਸਾ ਜੀਵਨ ਲਈ ਅਤਿ ਜ਼ਰੂਰੀ ਹੈ, ਪਰ ਇਹ ਵੀ ਸੱਚ ਹੈ ਕਿ ਪੈਸਾ ਜੀਵਨ ਲਈ ਸਭ ਕੁੱਝ ਨਹੀਂ ਹੈ। ਬਿਰਧ ਘਰਾਂ ਵਿੱਚ ਬੈਠੇ ਬਜੁਰਗਾਂ ਨੇ ਜੀਵਨ ਭਰ ਪੈਸਾ ਹੀ ਕਮਾਇਆ ਸੀ, ਪਰ ਹੁਣ ਉਹ ਨਿਰਾਸ਼ਤਾ ਦਾ ਜੀਵਨ ਜੀਅ ਰਹੇ ਹਨ। ‘‘ਨਿਤ ਉਪਾਵ ਕਰੈ, ਮਾਇਆ ਧਨ ਕਾਰਣਿ॥ ਅਗਲਾ ਧਨੁ ਭੀ ਉਡਿ ਗਇਆ॥ ਕਿਆ ਓਹੁ ਖਟੇ, ਕਿਆ ਓਹੁ ਖਾਵੈ, ਜਿਸੁ ਅੰਦਰਿ ਸਹਸਾ ਦੁਖੁ ਪਇਆ॥ ੩੦੭॥’’ ਜੇ ਅਸੀਂ ਇਨਾਂ ਵੱਲ ਆਪਣਾ ਥੋੜਾ ਜਿਹਾ ਧਿਆਨ ਦੇਈਏ ਤਾਂ ਇਹ ਇਕ ਖ਼ੁਸ਼ੀ ਅਤੇ ਤਸੱਲੀ ਵਾਲਾ ਜੀਵਨ ਜੀ ਸਕਦੇ ਹਨ। ਇੱਕ ਇਕੱਲਾ ਵਿਅਕਤੀ ਇਨਾਂ ਦੇ ਜੀਵਨ ਵਿੱਚ ਇਕੱਲੇ ਹੀ ਖੁਸ਼ੀ ਨਹੀਂ ਭਰ ਸਕਦਾ, ਪਰ ਉਹ ਇੱਕ ਤਬਦੀਲੀ ਲਿਆ ਸਕਦਾ ਹੈ ਜੋ ਸਮਾਜ ਨੂੰ ਬਦਲਣ ਵਿੱਚ ਮਦਦਗਾਰ ਹੋ ਸਕਦੀ ਹੈ।
ਲੌਰੇਨ ਆੱਇਸਲੀ ਦੀ ਲਿਖੀ ਹੋਈ ਇੱਕ ਗਾਥਾ ਜਿਹੜੀ ਮੈਂ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਆੱਇਸਲੀ ਇੱਕ ਕਵੀ ਅਤੇ ਸਾਇੰਸਦਾਨ ਸੀ । ਉਸ ਦਾ ਨਜ਼ਰੀਆ ਇੱਕ ਕਵੀ ਵਾਲਾ ਸੀ ਅਤੇ ਸਾਇੰਸਦਾਨ ਵਾਲਾ ਵੀ, ਇਨਾਂ ਦੋਹਾਂ ਪੱਖਾਂ ਨੂੰ ਮਿਲਾ ਕੇ ਉਹ ਇਸ ਸੰਸਾਰ ਵਿੱਚ ਸਾਡੀ ਭੂਮਿਕਾ ਬਾਰੇ ਬੜੀ ਡੂੰਘੀ ਨਜ਼ਰ ਨਾਲ ਲਿਖ਼ਦਾ ਹੈ:-ਉਹ ਲਿਖਦਾ ਹੈ ਕਿ ਇੱਕ ਸਿਆਣਾ ਵਿਅਕਤੀ ਆਪਣੀਆਂ ਰਚਨਾਵਾਂ ਲਿਖਣ ਲਈ ਸਮੁੰਦਰ ਦੇ ਕੰਢੇ ਜਾ ਕੇ ਬੈਠਦਾ ਹੁੰਦਾ ਸੀ । ਉਸ ਦੀ ਆਦਤ ਸੀ ਕਿ ਉਹ ਲਿਖਣਾ ਸ਼ੁਰੂ ਕਰਨ ਤੋਂ ਪਹਿਲਾਂ ਸਮੁੰਦਰ ਦੇ ਕੰਡੇ ‘ਤੇ ਕੁਝ ਦੇਰ ਟਹਿਲਦਾ ਹੁੰਦਾ ਸੀ । ਇੱਕ ਦਿਨ ਟਹਿਲਦੇ ਹੋਏ ਉਸ ਨੂੰ ਦੂਰ ਇੱਕ ਵਿਅਕਤੀ ਇਸ ਤਰਾਂ ਹਿਲਦਾ ਦਿੱਸਿਆ ਜਿਵੇਂ ਉਹ ਕਿਸੇ ਕਿਸਮ ਦਾ ਨਾਚ ਨੱਚ ਰਿਹਾ ਹੋਵੇ। ਉਹ ਉਸ ਨੱਚਣ ਵਾਲੇ ਵੱਲ ਤੇਜ਼ੀ ਨਾਲ ਤੁਰਨ ਲੱਗਾ। ਨੇੜੇ ਪਹੁੰਚ ਕੇ ਉਸ ਨੇ ਦੇਖਿਆ ਕਿ ਇਹ ਇੱਕ ਨੌਜਵਾਨ ਸੀ ਜਿਹੜਾ ਨੱਚ ਰਿਹਾ ਪ੍ਰਤੀਤ ਹੋ ਰਿਹਾ ਸੀ ਪਰ ਅਸਲ ਵਿੱਚ ਉਹ ਕਿਸੇ ਚੁੱਕੀ ਹੋਈ ਚੀਜ਼ ਨੂੰ ਬੜੇ ਪਿਆਰ ਨਾਲ ਸਮੁੰਦਰ ਵਿੱਚ ਸੁੱਟ ਰਿਹਾ ਸੀ। ਨੇੜੇ ਪਹੁੰਚ ਕੇ ਉਸ ਨੇ ਨੌਜਵਾਨ ਨੂੰ ਪੁੱਛਿਆ ਕਿ ‘ਤੂੰ ਇਹ ਕੀ ਕਰ ਰਿਹਾ ਹੈਂ?’ ਨੌਜਵਾਨ ਨੇ ਪਲ ਭਰ ਲਈ ਆਪਣੇ ਕੰਮ ਨੂੰ ਰੋਕ ਕੇ ਉਸ ਵੱਲ ਦੇਖਿਆ ਤੇ ਕਿਹਾ ‘ਮੈ ਇਨਾ ਮੱਛੀਆਂ ਨੂੰ ਵਾਪਸ ਸਮੁੰਦਰ ਵਿੱਚ ਪਾ ਰਿਹਾ ਹਾਂ’। ਉਹ ਸਿਆਣਾ ਪੁਰਸ਼ ਕਹਿਣ ਲੱਗਾ ‘ਮਾਫ਼ ਕਰਨਾ, ਸ਼ਾਇਦ ਮੈਨੂੰ ਇਹ ਪੁੱਛਣਾ ਚਾਹੀਦਾ ਸੀ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ? ਨੌਜਵਾਨ ਨੇ ਕਿਹਾ ‘ਸੂਰਜ ਤੇਜ਼ ਹੋ ਰਿਹਾ ਹੈ, ਪਾਣੀ ਘੱਟਦਾ ਜਾ ਰਿਹਾ ਹੈ। ਜੇ ਮੈ ਇਨਾਂ ਨੂੰ ਵਾਪਸ ਨਾ ਸੁੱਟਿਆ ਤਾਂ ਇਹ ਮਰ ਜਾਣਗੀਆਂ।’ ਸਿਆਣੇ ਪੁਰਸ਼ ਨੇ ਪੁਛਿਆ, ਨੌਜਵਾਨ, ਤੈਨੂੰ ਪਤਾ ਹੀ ਹੈ ਕਿ ਇਹ ਸਮੁੰਦਰ ਦਾ ਤੱਟ ਮੀਲਾਂ ਤੱਕ ਫੈਲਿਆ ਹੋਇਆ ਹੈ, ਅਤੇ ਹਰ ਥਾਂ ‘ਤੇ ਅਜਿਹੀਆਂ ਲੱਖਾਂ ਮੱਛੀਆਂ ਖਿਲਰੀਆਂ ਪਈਆਂ ਹਨ। ਕੁਝ ਕੁ ਮੱਛੀਆਂ ਨੂੰ ਵਾਪਸ ਸਮੁੰਦਰ ਵਿੱਚ ਪਾ ਦੇਣ ਨਾਲ ਕੀ ਫ਼ਰਕ ਪੈ ਜਾਵੇਗਾ ? ਨੌਜਵਾਨ ਨੇ ਉਸ ਦੀ ਗੱਲ ਧਿਆਨ ਨਾਲ ਸੁਣੀ, ਫਿਰ ਝੁੱਕਿਆ ਅਤੇ ਇਕ ਹੋਰ ਮੱਛੀ ਚੁੱਕੀ ਅਤੇ ਉਸ ਨੂੰ ਦੁਬਾਰਾ ਸਮੁੰਦਰ ਵੱਲ ਸੁੱਟਿਆ ਅਤੇ ਕਿਹਾ ‘ਇਸ ਮੱਛੀ ਨੂੰ ਤਾਂ ਜ਼ਰੂਰ ਫ਼ਰਕ ਪਵੇਗਾ’। ਇਸ ਜੁਆਬ ਨੇ ਉਸ ਸਿਆਣੇ ਵਿਅਕਤੀ ਨੂੰ ਝੰਜੋੜ ਦਿੱਤਾ। ਉਹ ਨੌਜਵਾਨ ਦੀ ਇਸ ਗੱਲ ਦਾ ਕੋਈ ਜੁਆਬ ਨਾ ਦੇ ਸਕਿਆ। ਉਹ ਨਿਰੁੱਤਰ ਹੋ ਕੇ ਪਿੱਛੇ ਵੱਲ ਮੁੜਿਆ ਤੇ ਵਾਪਸ ਚਲਾ ਗਿਆ। ਸਾਰਾ ਦਿਨ ਉਹ ਆਪਣਾ ਲੇਖ ਲਿਖਦਾ ਰਿਹਾ ਪਰ ਉਸ ਨੌਜਵਾਨ ਦਾ ਚਿਹਰਾ ਉਸ ਦੀਆਂ ਅੱਖਾਂ ਅੱਗੇ ਰਿਹਾ। ਆਖੀਰ ‘ਤੇ ਦੁਪਹਿਰ ਬਾਅਦ ਜਾ ਕੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਉਸ ਨੌਜਵਾਨ ਦੇ ਕੰਮ ਨੂੰ ਸਮਝ ਨਹੀਂ ਸੀ ਸਕਿਆ। ਉਸ ਨੂੰ ਅਹਿਸਾਸ ਹੋਇਆ ਕਿ ਉਹ ਨੌਜਵਾਨ ਇਸ ਜਗਤ ਦਾ ਕੇਵਲ ਇੱਕ ਦਰਸ਼ਕ ਬਣਨ ਲਈ ਤਿਆਰ ਨਹੀਂ ਸੀ। ਉਹ ਕੁਝ ਐਸਾ ਕਰਨਾ ਚਾਹੁੰਦਾ ਸੀ ਜਿਸ ਨਾਲ ਕੁਝ ਤਬਦੀਲੀ ਆਏ। ਉਸ ਨੂੰ ਆਪਣੇ ਆਪ ‘ਤੇ ਸ਼ਰਮ ਆ ਰਹੀ ਸੀ। ਉਹ ਉਸ ਰਾਤ ਸੌਂ ਨਾ ਸਕਿਆ। ਸਵੇਰ ਹੋਣ ਤੱਕ ਉਸ ਨੂੰ ਸਮਝ ਆ ਚੁੱਕੀ ਸੀ ਕਿ ਉਸ ਨੇ ਕੀ ਕਰਨਾ ਹੈ। ਸਵੇਰ ਵੇਲੇ ਉਹ ਉੱਠਿਆ ਅਤੇ ਤਿਆਰ ਹੋ ਕੇ ਸਮੁੰਦਰ ਦੇ ਕੰਢੇ ‘ਤੇ ਗਿਆ ਅਤੇ ਉਸ ਨੌਜਵਾਨ ਨੂੰ ਲੱਭਿਆ। ਬਾਕੀ ਦੀ ਸਵੇਰ ਉਹ ਉਸ ਨੌਜਵਾਨ ਨਾਲ ਹੀ ਰਿਹਾ ਅਤੇ ਉਸ ਨੇ ਸਾਰਾ ਸਮਾ ਉਸ ਦੇ ਨਾਲ ਹੀ ਮੱਛੀਆਂ ਨੂੰ ਸਮੁੰਦਰ ਵਿੱਚ ਸੁੱਟਦਿਆਂ ਬਿਤਾਇਆ। ਉਹ ਨੌਜਵਾਨ ਅਸਲ ਵਿੱਚ ਆਪਣੀ ਉਸ ਤਾਕਤ ਦੀ ਵਰਤੋਂ ਕਰ ਰਿਹਾ ਸੀ ਜਿਹੜੀ ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਵੱਲੋਂ ਮਿਲੀ ਹੈ ਜਿਸ ਨਾਲ ਅਸੀਂ ਸੰਸਾਰ ਵਿੱਚ ਕੋਈ ਤਬਦੀਲੀ ਜਾਂ ਬਦਲਾਵ ਲਿਆ ਸਕਦੇ ਹਾਂ। ਲੋੜ ਸਾਨੂੰ ਸਿਰਫ਼ ਉਸ ਨੌਜਵਾਨ ਵਾਂਗ ਇਸ ਗੱਲ ਦਾ ਅਹਿਸਾਸ ਹੋ ਜਾਣ ਦੀ ਹੈ ਕਿ ਸਾਡੇ ਪਾਸ ਇੱਕ ਵਡਮੁੱਲੀ ਬਖਸ਼ਸ਼ ਹੈ। ਸਾਨੂੰ ਭਵਿੱਖ ਨੂੰ ਬਦਲਣ ਦੀ ਤਾਕਤ ਆਪਣੇ ਸੁਪਨਿਆਂ ਅਤੇ ਭਵਿੱਖ ਦੇ ਨਕਸ਼ੇ ‘ਤੋਂ ਮਿਲਦੀ ਹੈ। ਸਾਡੇ ਸਾਰਿਆਂ ਲਈ ਇਹ ਚੁਣੌਤੀ ਹੈ ਕਿ ਅਸੀਂ ਸਾਰਿਆਂ ਨੇ ਆਪਣੀ-ਆਪਣੀ ਮੱਛੀ ਦੀ ਭਾਲ ਕਰਨੀ ਹੈ, ਜੇ ਅਸੀਂ ਆਪਣੀ-ਆਪਣੀ ਮੱਛੀ ਲੱਭ ਕੇ ਉਸ ਨੂੰ ਸਮੁੰਦਰ ਵਿੱਚ ਲਿਜਾਣ ਦਾ ਕੰਮ ਕਰੀਏ ਤਾਂ ਨਿਸਚੇ ਹੀ ਇਕੀਵੀਂ ਸਦੀ ਬੜੀ ਸੁੰਦਰ ਅਤੇ ਸੁਹਾਵਣੀ ਬਣ ਜਾਵੇਗੀ।