ਸਿੱਖ ਮੁੜ ਬ੍ਰਾਹਮਣੀ ਚਾਲਾਂ ਦੇ ਸ਼ਿਕੰਜੇ ’ਚ

0
180

ਸਿੱਖ ਮੁੜ ਬ੍ਰਾਹਮਣੀ ਚਾਲਾਂ ਦੇ ਸ਼ਿਕੰਜੇ ’ਚ

ਡਾ. ਗੁਰਬਖ਼ਸ਼ ਸਿੰਘ, ਯੂ. ਐਸ. ਏ

ਕਹਾ ਗਾਫ਼ਲ ਸੋਇਆ ?

ਹੇ ਸਿੱਖ ਸਰਦਾਰ ! ਤੂੰ ਗੂੜ੍ਹੀ ਨੀਂਦ ਕਿਉਂ ਸੌਂ ਗਿਆ ਹੈਂ? ਉਠ, ਜਾਗ ਤੇ ਵੇਖ !

ਸਿੱਖਾਂ ਨੂੰ ਮੁੜ ਹਿੰਦੂ ਬਣਾਇਆ ਜਾ ਰਿਹਾ ਹੈ। ਸਾਨੂੰ ਮੁੜ ਬ੍ਰਾਹਮਣਵਾਦ ਦੇ ਕਰਮ-ਕਾਂਡੀ ਜਾਲ ਵਿਚ ਫਸਾਉਣ ਲਈ ਕਿਤਨੀਆਂ ਹੀ ਚਾਲਾਂ ਚੱਲੀਆਂ ਜਾ ਰਹੀਆਂ ਹਨ।

(1) ਕੀ ਤੂੰ ਇਹ ਝੂਠਾ ਪ੍ਰਚਾਰ ਹੁੰਦਾ ਪੜ੍ਹਿਆ-ਸੁਣਿਆ ਨਹੀਂ ਕਿ ‘ਸਿੱਖ ਸਾਰੇ ਹਿੰਦੂ ਹਨ ਅਤੇ ਹਿੰਦੂ ਸਾਰੇ ਸਿੱਖ ਹਨ? ਕੁਝ ਪੱਕੇ ਜਨ-ਸੰਘੀਆਂ ਨੇ ਅੰਮਿ੍ਰਤ ਛਕਣ ਤੇ ਸਿੱਖ ਬਣ ਜਾਣ ਦਾ ਪੰਥ ਨੂੰ ਧੋਖਾ ਨਹੀਂ ਦਿੱਤਾ?’

ਕੀ ਉਨ੍ਹਾਂ ਨੇ ਹਿੰਦੂ ਮਤ ਤਿਆਗ ਦਿੱਤਾ ਹੈ? ਜੇ ਨਹੀਂ, ਤਾਂ ਇਹ ਸਿੱਖਾਂ ਨੂੰ ਦੁਬਾਰਾ ਹਿੰਦੂ ਬਣਾਉਣ ਦੀਆਂ, ਬ੍ਰਾਹਮਣ ਦੇ ਜੂਲੇ ਹੇਠਾਂ ਲਿਆਉਣ ਦੀਆਂ ਸਿੱਖ ਘਾਤਕ ਚਾਲਾਂ ਹਨ, ਜੋ ਲੁਕਵੇਂ ਢੰਗ ਨਾਲ ਨਹੀਂ, ਖੁਲ੍ਹੇ-ਆਮ ਬੇ-ਡਰ ਹੋ ਕੇ ਪ੍ਰਚਾਰੀਆਂ ਜਾ ਰਹੀਆਂ ਹਨ। ਉਹ ਸਮਝਦੇ ਹਨ ਕਿ ਉਨ੍ਹਾਂ ਤੈਨੂੰ ਕੁਰਸੀ ਅਤੇ ਲੋਭ ਦੀ ਸ਼ਰਾਬ ਪਿਲਾ ਕੇ ਬੇਹੋਸ਼ ਕਰ ਦਿੱਤਾ ਹੈ। ਠੀਕ ਹੈ ਕਿ ਕੁਝ ਸਿੱਖ ਤੇ ਲੀਡਰ ਇਸ ਜਾਲ ਵਿਚ ਫਸ ਗਏ ਹਨ, ਪਰ ਖਾਲਸਾ ਜੀ! ਉੱਠੋ ਤੇ ਬਾਣੀ ਦਾ ਉੱਚੀ ਗਾਇਨ ਕਰੋ ਤਾਂ ਕਿ ਸਭ ਨੂੰ ਸੁਣ ਪਵੇ ਤੇ ਸਭ ਜਾਣ ਲੈਣ : ‘‘ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡ ਪਰਾਨ॥ (ਪੰਨਾ ੧੧੩੬), ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥’’ (ਪੰਨਾ ੧੧੫੯)

ਇਹ ਬਾਣੀ ਸੁਣ ਕੇ ਸਾਨੂੰ ਕੋਈ ਹਿੰਦੂ ਕਹਿਣ ਦਾ ਹੌਂਸਲਾ ਕਿਵੇਂ ਕਰ ਸਕਦਾ ਹੈ? ਜੇ ਕੋਈ ਕਹਿ ਰਿਹਾ ਹੈ, ਸੱਚ ਮੰਨੋ, ਉਹ ਜਾਣ-ਬੁੱਝ ਕੇ ਸ਼ਰਾਰਤ ਕਰ ਰਿਹਾ ਹੈ। ਉਹ ਪ੍ਰੀਖਿਆ ਲੈਂਦਾ ਹੈ ਕਿ ਸਿੱਖ ਜਾਗਦਾ ਪਿਆ ਹੈ ਜਾਂ ਸੁੱਤਾ ਪਿਆ ਹੈ?

ਕੀ ਸੌ ਸਾਲ ਪਹਿਲਾਂ ਇਹ ਕਿਤਾਬ ਨਹੀਂ ਛਾਪੀ ਗਈ ਸੀ, ‘‘ਹਮ ਹਿੰਦੂ ਨਹੀਂ?’’ ਜੋ ਸਾਨੂੰ ਅੱਜ ਫੇਰ ਹਿੰਦੂ ਧਰਮ ਦਾ ਹੀ ਹਿੱਸਾ ਮੰਨਦੇ ਹਨ, ਉਹ ਜਾਣ-ਬੁੱਝ ਕੇ ਸਰਾਸਰ ਝੂਠ ਬੋਲਦੇ ਹਨ। ਸਮਝੋ ਕਿ ਉਹੀ ਠੱਗ ਹਨ ਜਿਨ੍ਹਾਂ ਇਕ ਸਾਧਾਰਨ ਮਨੁੱਖ ਦੇ ਲੇਲੇ ਨੂੰ ਬਾਰ-ਬਾਰ ਕੁੱਤਾ ਕਹਿ ਕੇ, ਉਹਨੂੰ ਧੋਖਾ ਦਿੰਦੇ ਹੋਏ ਉਹਦਾ ਲੇਲਾ ਠੱਗ ਲਿਆ ਸੀ। ਜਿਨ੍ਹਾਂ ਹਿੰਦੂਆਂ ਨੇ ਸਿੱਖਾਂ ਨੂੰ ਧੋਖਾ ਦੇਣ ਲਈ 300 ਸਾਲਾ ’ਤੇ ਅੰਮ੍ਰਿਤ ਛਕਣ ਦੀ ਰਸਮ ਕੀਤੀ, ਕੀ ਉਨ੍ਹਾਂ ਹਿੰਦੂ ਧਰਮ ਤਿਆਗ ਦਿੱਤਾ ਹੈ? ਜੇ ਨਹੀਂ ਤਾਂ ਉਹ ਬਹੁਰੂਪੀਏ ਪਾਖੰਡੀ ਹਨ। ਉਹ ਸਿੱਖ ਨਹੀਂ ਸਜੇ। ਉਹ ਤਾਂ ਸਿੱਖ ਧਰਮ ਨੂੰ ਅੰਦਰੋਂ-ਅੰਦਰ ਖੋਰਾ ਲਾਉਣ ਲਈ ਆਏ ਹਨ।

ਸਿੱਖ ਬਣਨ ਲਈ ਸ਼ਰਤ ਹੈ ਕਿ ਜਗਿਆਸੂ ਆਪਣੇ ਪਹਿਲੇ, ਭਾਵ ਜਨਮ ਤੋਂ ਪ੍ਰਾਪਤ ਭੇਦ ਛੱਡੇ-ਧਰਮ ਨਾਸ਼, ਕਰਮ ਨਾਸ਼, ਕੁਲ ਨਾਸ਼ ਤੇ ਵਰਨ ਨਾਸ਼ ਮੰਨ ਕੇ ਹੀ ਸਿੱਖ ਧਰਮ ਵਿਚ ਪ੍ਰਵੇਸ਼ ਕਰ ਸਕਦਾ ਹੈ। ਜਿਸ ਹਿੰਦੂ ਨੇ ਆਪਣਾ ਧਰਮ, ਕਰਮ, ਵਰਨ ਨਾਸ਼ ਕਰ ਦਿੱਤਾ ਹੈ, ਤਿਆਗ ਦਿੱਤਾ ਹੈ, ਉਹੀ ਸਿੱਖ ਧਰਮ ਵਿਚ ਪ੍ਰਵੇਸ਼ ਕਰ ਸਕਦਾ ਹੈ। ਜੇ ਕੋਈ ਹਿੰਦੂ ਧਰਮ ਨੂੰ ਮੰਨਦਾ ਹੋਇਆ ਆਪਣੇ ਆਪ ਨੂੰ ਸਿੱਖ ਕਹਿੰਦਾ ਹੈ, ਇਹ ਉਂਝ ਹੀ ਹੈ ਜਿਵੇਂ ਕੋਈ ਕਹੇ ਕਿ ਮੇਰੇ ਦੋ ਬਾਪ ਹਨ, ਜਾਂ ਮੈਂ ਦੋ ਬੇੜੀਆਂ ਵਿਚ ਸਵਾਰ ਹਾਂ। ਭਾਵ ਅਸੰਭਵ ਗੱਲ ਹੈ।

(2) ਹੇ ਗੁਰਸਿੱਖ! ਤੇਰੇ ਅੰਦਰੋਂ ਹਿੰਦੂ ਧਰਮ ਦੇ ਪੁੱਟੇ ਬੂਟੇ ਦਾ ਦੁਬਾਰਾ ਬੀਜ ਬੀਜਣ ਲਈ ਤੈਨੂੰ ਜਾਤ-ਗੋਤ ਤੇ ਵਰਨ ਵੰਡ ਵਿਚ ਨਹੀਂ ਫਸਾ ਦਿੱਤਾ? ਰਾਮਗੜ੍ਹੀਆ ਸਿੱਖ, ਰਵਿਦਾਸੀਆ ਸਿੱਖ, ਜੱਟ ਸਿੱਖ, ਭਾਪਾ ਸਿੱਖ ਇਸੇ ਬੀਜ ਦੇ ਫਲ ਹਨ।

ਇਕ ਬਾਟੇ ਵਿੱਚੋਂ ਅੰਮਿ੍ਰਤ ਛੱਕ ਕੇ ਕੇਵਲ ਸਿੱਖ ਸਜਦੇ ਹਾਂ : ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ…॥ (ਪੰਨਾ ੬੧੧), ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥’’

(ਪੰਨਾ ੯੭)

ਜੋ ਗੁਰੂ ਦੇ ਘਰ ਜਨਮ ਲੈਂਦਾ ਹੈ ਉਹ ਰਵਿਦਾਸੀ, ਜੱਟ, ਖੱਤਰੀ, ਛੀਂਬਾ ਨਹੀਂ ਰਹਿ ਜਾਂਦਾ। ਜੇ ਉਹ ਪਿੱਛਲੀ ਜਾਤ ਨਾਲ ਜੁੜਿਆ ਹੈ ਤਾਂ ਉਹ ਸਿੱਖ ਨਹੀਂ ਸਜਿਆ।

(3) ਇਕ ਪਿਤਾ ਦੇ ਬੱਚੇ ਹੋਣ ਕਰਕੇ ਤੁਹਾਨੂੰ ਸਭ ਨੂੰ ਸਿੱਖ ਜਾਂ ਕੌਰ ਦੀ ਪਦਵੀ ਦਿੱਤੀ ਸੀ। ਸਰਦਾਰ/ਸਰਦਾਰਨੀ ਅਤੇ ਸਿੰਘ/ਕੌਰ ਦੀ ਵਰਤੋਂ ਤਿਆਗ ਕੇ ਗਿੱਲ, ਗਰੇਵਾਲ, ਮਰਵਾਹਾ, ਚਾਵਲਾ, ਟਵਾਣਾ, ਸਿੱਧੂ, ਸੰਧੂ, ਧਾਲੀਵਾਲ ਆਦਿ ਦੀ ਵਰਤੋਂ ਸਾਨੂੰ ਮੁੜ ਅੰਧੇਰੇ ਵਿਚ ਸੁਟ ਰਹੀ ਹੈ; ਗੁਰੂ ਨਾਨਕ ਸਾਹਿਬ ਦੇ ਦਿੱਤੇ ਬਿਆਨ ਦਾ ਸੂਰਜ ਤੁਹਾਡੇ ਪਾਸੋਂ ਲੁਕਾ ਰਹੀ ਹੈ।

(4) ਖਾਲਸਾ ਜੀ! ਜਾਗੋ ਅਤੇ ਵੇਖੋ, ਤੁਹਾਡੇ ਗੁਰਦੁਆਰੇ ਭੀ ਇਨ੍ਹਾਂ ਵੰਡ ਲਏ ਹਨ ਤੇ ਗੁਰਦੁਆਰਾ ਰਵਿਦਾਸੀਆ, ਰਾਮਗੜ੍ਹੀਆ, ਭਾਟੜਿਆਂ ਆਦਿ ਬਣਾ ਲਏ ਹਨ। ਅਗਲਾ ਕਦਮ ਹੈ, ਉਨ੍ਹਾਂ ਨੂੰ ਮੰਦਰ ਕਹਿਣ ਦਾ। ਦਾਸ ਨੇ ਕੁਝ ਗੁਰਦੁਆਰਿਆਂ ’ਤੇ ਮੰਦਰ ਲਿਖਿਆ ਵੀ ਪੜ੍ਹਿਆ ਹੈ ਤੇ ਕਈ ਜਗ੍ਹਾਵਾਂ ’ਤੇ ਸੋਹੰ ਭੀ ਲਿੱਖ ਦਿੱਤਾ ਗਿਆ ਹੈ।

ਲਾਸਾਨੀ ਕੁਰਬਾਨੀਆਂ ਕਰਨ ਪਿੱਛੋਂ ਲੀਰੋ-ਲੀਰ ਕੀਤੀ ਮਨੁੱਖਤਾ ਨੂੰ ਜੋੜ ਕੇ ਸਿੱਖ ਧਰਮ ਦੇ ਗਾਡੀ-ਰਾਹ ਦੀ ਨੀਂਹ ਰੱਖੀ ਗਈ। ਅੱਜ ਅਸੀਂ ਉਸ ਨੂੰ ਛੱਡ ਕੇ ਮੁੜ ਹਿੰਦੂ ਮੱਤ ਦੇ ਜਾਲ ਵਿਚ ਕਿਉਂ ਫਸ ਰਹੇ ਹਾਂ? ਊਚ-ਨੀਚ ਅਤੇ ਵਰਨਾਂ ਵਿਚ ਵੰਡੇ ਜਾਣਾ, ਮੁੜ ਨਰਕ ਦੇ ਟੋਏ ਵਿਚ ਡਿੱਗਣਾ ਹੈ।

(5) ਸਿੱਖ ਦੀ ਨਿਸ਼ਾਨੀ ਕੇਸ ਸਾਡੇ ਪਾਸੋਂ ਧੋਖੇ ਨਾਲ ਖੋਹੀ ਜਾ ਰਹੀ ਹੈ। ਸਿੱਧੇ ਜਾਂ ਟੇਢੇ ਢੰਗ ਨਾਲ ਸਿੱਖਾਂ ਦੀ ਕੇਸਧਾਰੀ ਰਹਿਤ ਨੂੰ ਬੇਲੋੜੀ, ਘਰ ਦੀ ਖੇਤੀ, ਪੁਰਾਤਨ ਰਿਵਾਜ, ਸਮੇਂ ਦੀ ਲੋੜ ਕਹਿ ਕੇ ਛੁਟਿਆਇਆ ਜਾ ਰਿਹਾ ਹੈ, ਇਸ ਦੀ ਅਸਲੀ ਮਹੱਤਤਾ ਨੂੰ ਲੁਕਾ ਕੇ, ਇਨ੍ਹਾਂ ਦਲੀਲਾਂ ਨਾਲ ਕੇਸਾਂ ਦੀ ਰਹਿਤ ਤਿਆਗ ਦੇਣ ਲਈ ਪ੍ਰੇਰਿਆ ਜਾ ਰਿਹਾ ਹੈ। ਇਹ ਭੀ ਬ੍ਰਾਹਮਣ ਦੀ ਚਾਲ ਹੈ, ਸਿੱਖ ਧਰਮ ਦੀ ਵਿਲੱਖਣਤਾ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਹਿੰਦੂ ਦਰਸਾਉਣ ਲਈ। ਇਸ ਦਾ ਉੱਤਰ ਇਕ ਗੋਰੇ ਅਮਰੀਕਨ ਤੋਂ ਸਿੱਖ ਸਜੇ ਨੇ ਕੁਝ ਸਾਲ ਹੋਏ Detroit MI (USA) ਦੇ ਗੁਰਦੁਆਰਾ ਸਾਹਿਬ ਵਿਚ ਇਸ ਤਰ੍ਹਾਂ ਦਿੱਤਾ ਸੀ : ‘ਮੈਂ ਦਸਤਾਰ ਦੀ ਭਾਲ ਵਿਚ ਸਾਂ। ਕਿਸੇ ਸਿੱਖ ਦੀ ਆਪੇ ਹੀ ਲਾਹ ਕੇ ਸਿੱਟੀ ਹੋਈ ਦਸਤਾਰ ਮੈਨੂੰ ਮਿਲ ਗਈ। ਮੈਂ ਧੋ-ਸੰਵਾਰ ਕੇ ਉਸ ਨੂੰ ਸਿਰ ’ਤੇ ਬੰਨ੍ਹਦਾ ਹਾਂ ਤਾਂ ਮੇਰਾ ਮਨ ਕਹਿੰਦਾ ਹੈ, ‘ਇਹ ਪੰਜ ਮੀਟਰ ਦਾ ਕੱਪੜਾ ਨਹੀਂ, ਇਹ ਗੁਰੂ ਗੋਬਿੰਦ ਸਿੰਘ ਜੀ ਦਾ ਬਖ਼ਸ਼ਿਆ ਤਾਜ ਹੈ।’ ਇਸ ਤਾਜ ਦੀ ਕੀਮਤ ਗੁਰੂ ਜੀ ਨੇ ਆਪਣੇ ਪ੍ਰਵਾਰ ਦਾ ਖੂਨ ਦੇ ਕੇ ਤਾਰ ਦਿੱਤੀ ਹੈ। ਹੁਣ ਹਰ ਸਿੱਖ ਤਾਜ ਦਾ ਮਾਲਕ ਹੈ। ਮੇਰੇ ਪਾਸੋਂ ਇਕ ਸਿੱਖ ਦਾ ਤਾਜ ਕੋਈ ਭੀ ਖੋਹ ਨਹੀਂ ਸਕਦਾ। ਹਾਂ, ਜੇ ਮੈਂ ਹੀ ਲਾਹ ਕੇ ਸੁੱਟ ਦਿਆਂ ਤਾਂ ਮੇਰੀ ਅਕਿਰਤਘਣਤਾ ਕਹੋ ਜਾਂ ਫਿਰ ਮੂਰਖਤਾ।

ਸਿੱਖ ਪਰਵਾਰ ਵਿਚ ਜੰਮੇ ਸਿੱਖਾਂ ਨੂੰ ਇਹ ਦਸਤਾਰ ਵਿਰਸੇ ਵਿਚ ਜੁ ਮਿਲ ਗਈ ਜਿਸ ਕਰਕੇ ਕੁਝ ਸਿੱਖਾਂ ਨੂੰ ਇਸ ਦੀ ਦਿੱਤੀ ਕੀਮਤ ਦਾ ਪਤਾ ਨਹੀਂ। ਉਹ ਤਾਂ ਇਸ ਨੂੰ ਪੰਜ ਗਜ਼ ਕੱਪੜਾ ਸਮਝ ਕੇ ਤਿਆਗ ਦਿੰਦੇ ਹਨ!

ਇਸ ਦਸਤਾਰ ਦਾ ਮੁੱਲ ਮੈਨੂੰ ਤਾਰਨਾ ਪਿਆ ਹੈ, ਕਿਉਂਕਿ ਮੈਂ ਸਿੱਖ ਮਾਂ-ਬਾਪ ਦੇ ਘਰ ਪੈਦਾ ਨਹੀਂ ਹੋਇਆ ਸੀ। ਦਸਤਾਰ ਨੂੰ ਮੇਰੇ ਸਿਰ ਤੇ ਸਜਾਈ ਵੇਖ ਕੇ ਮੇਰੇ ਭੈਣ-ਭਾਈ, ਮਾਤਾ-ਪਿਤਾ ਅਤੇ ਸਭ ਸੰਬੰਧੀ ਮੈਨੂੰ ਛੱਡ ਗਏ। ਮੇਰੇ ਮਿੱਤਰ ਭੀ ਮੇਰੇ ਪਾਸੋਂ ਦੂਰ ਹੋ ਗਏ। ਮੈਨੂੰ ਪਤਾ ਹੈ ਕਿ ਇਸ ਦਸਤਾਰ ਦਾ ਮੁੱਲ ਇਸ ਸਭ ਕੁਝ ਤੋਂ ਬਹੁਤ ਜ਼ਿਆਦਾ ਹੈ ਅਤੇ ਉੱਚਾ-ਸੁੱਚਾ ਹੈ। ਇਹ ਮੇਰੀ ਆਨ ਤੇ ਸ਼ਾਨ ਹੈ। ਪਤਾ ਨਹੀਂ ਕਿਉਂ ਭੁਲੇਖੇ ਵਿਚ ਪੈ ਕੇ ਸਿੱਖ ਇਸ ਨੂੰ ਸ਼ਰਮ ਸਮਝਣ ਲੱਗ ਪਏ ਹਨ।

ਇਕ ਲੋਕ-ਕਥਾ ਤੁਸੀਂ ਸੁਣੀ ਹੋਵੇਗੀ। ਇਕ ਗਿੱਦੜ ਦੀ ਪੂੰਛ ਕੱਟੀ ਵੇਖ ਕੇ ਦੂਜੇ ਉਸ ਨੂੰ ਲੰਡੂ ਕਹਿਣ ਲੱਗ ਪਏ। ਆਪਣੀ ਇਸ ਬੇਸ਼ਰਮੀ ਨੂੰ ਢੱਕਣ ਲਈ ਉਸ ਨੇ ਹੋਰ ਗਿੱਦੜਾਂ ਨੂੰ ਭੀ ਪੂਛ ਕਟਾ ਕੇ ਉਸ ਦੇ ਸ਼ਬਦਾਂ ਵਿਚ ‘ਫਾਲਤੂ’ ਲਾਹ ਦੇਣ ਲਈ ‘ਪ੍ਰੇਰਨਾ’ ਦਿੱਤੀ। ਪਰ ਇਕ ਸਿਆਣੇ ਗਿੱਦੜ ਨੇ ਸਮਝਾਇਆ ਕਿ ਉਸ ਗਿੱਦੜ ਨੇ ਤਾਂ ਕਿਸਾਨ ਦੇ ਖਰਬੂਜੇ ਉਜਾੜ ਦਿੱਤੇ ਤੇ ਉਸ ਨੂੰ ਦੰਡ ਦੇਣ ਲਈ ਉਸ ਦੀ ਪੂੰਛ ਕੱਟੀ ਹੈ। ਤੁਸੀਂ ਕਿਹੜਾ ਕੁਕਰਮ ਕੀਤਾ ਹੈ ਜਿਸ ਕਰਕੇ ਤੁਸੀਂ ਆਪਣੇ ਆਪ ਨੂੰ ਆਪੇ ਹੀ ਦੰਡ ਦੇ ਲਵੋ? ਤੁਸੀਂ ਇਸ ਲੰਡੂ ਦੇ ਧੋਖੇ ਤੋਂ ਬਚੋ।

ਹਿੰਦੁਸਤਾਨ ਦੀ ਸੰਸਕ੍ਰਿਤੀ ਵਿਚ ਤਾਂ ਕੇਸ ਰੱਖਣ ਦਾ ਹੀ ਰਿਵਾਜ ਸੀ। ਇਹ ਗੁਲਾਮੀ ਜਾਂ ਦੰਡ ਵਜੋਂ ਕੇਸ ਕੱਟਣ ਦੀ ਕੁਰਹਿਤ, ਸਿੱਖ ਨੂੰ ਤਾਂ ਕਿਸੇ ਹਾਲਤ ਵਿਚ ਨਹੀਂ ਕਰਨੀ ਚਾਹੀਦੀ, ਜਦੋਂ ਕਿ ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਭਾਈ ਤਾਰੂ ਸਿੰਘ ਨੇ ਕੇਸ ਨਹੀਂ ਕਟਵਾਏ, ਪਰ ਖੋਪਰੀ ਲੁਹਾ ਲਈ ਸੀ : ‘‘ਜਾਗ ਲੇਹੁ ਰੇ ਮਨਾ! ਜਾਗ ਲੇਹੁ, ਕਹਾ ਗਾਫਲ ਸੋਇਆ॥’’ (ਪੰਨਾ ੭੨੬)