ਸਿੱਖ ਬੱਚਿਆਂ ਅਤੇ ਨੌਜੁਆਨਾਂ ਦੇ ਨਾਂ ਇਕ ਅਪੀਲ

0
636

ਸਿੱਖ ਬੱਚਿਆਂ ਅਤੇ ਨੌਜੁਆਨਾਂ ਦੇ ਨਾਂ ਇਕ ਅਪੀਲ

ਬੀਬੀ ਬਲਜੀਤ ਕੌਰ

ਸਿੱਖ ਗੁਰੂਆਂ ਦੁਆਰਾ ਸਿੱਖਾਂ ਲਈ ਕੇਸਾਂ ਦਾ ਰੱਖਣਾ ਅਤੇ ਇਨ੍ਹਾਂ ਦੀ ਪਾਲਣਾ ਕਰਨ ਦੀ ਹਿਦਾਇਤ ਕਿਸੇ ਵਰਦਾਨ ਤੋਂ ਘੱਟ ਨਹੀਂ ਸੀ। ਦਸਮ-ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਾਂ ਨੂੰ ਰਹਿਤ ਦਾ ਇਕ ਜ਼ਰੂਰੀ ਹਿੱਸਾ ਕਰਾਰ ਦਿੰਦਿਆਂ ਇਨ੍ਹਾਂ ਦਾ ਕੱਟਣਾ ਇਕ ਬੱਜਰ ਪਾਪ ਕਰਾਰ ਦਿੱਤਾ ਸੀ। ਸਿੱਖ ਗੁਰੂਆਂ ਦੀ ਉਕਤ ਹਿਦਾਇਤ ਦੇ ਕਈ ਕਾਰਨ ਸਨ, ਜਿੰਨ੍ਹਾਂ ਵਿਚੋਂ ਕੁਝ ਕੁ ਹੇਠ ਲਿਖੇ ਹਨ :

(1). ਕੇਸ ਊਰਜਾ ਸ਼ਕਤੀ ਨੂੰ ਬਿਜਲੀ ਸ਼ਕਤੀ ਵਿਚ ਬਦਲਣ ਦਾ ਸਰੋਤ ਹਨ। ਸਰੀਰ ਵਿਚ ਕਮਜ਼ੋਰ ਬਿਜਲੀ ਹਰਕਤ ਆਲਸ ਭਰਪੂਰ ਜ਼ਿੰਦਗੀ ਨੂੰ ਜਨਮ ਦੇ ਸਕਦੀ ਹੈ। ਨਤੀਜੇ ਸਭ ਦੇ ਸਾਹਮਣੇ ਹਨ। ਕੁਝ ਕੁ ਕੇਸਾਧਾਰੀ ਸਿੱਖ ਬੱਚਿਆਂ ਨੌਜੁਆਨਾਂ ਨੂੰ ਛੱਡ ਕੇ ਬਾਕੀ ਘੁੱਗੂਆਂ ਵਰਗੇ ਆਲਸੀ ਤੇ ਨਿਕੰਮੇ ਹੋ ਚੁੱਕੇ ਹਨ। ਇਹੀ ਹਾਲਤ ਰਹੀ ਤਾਂ ਛੇਤੀ ਹੀ ਬਹੁਸੰਖਿਆ ਰੋਟੀ ਤੋਂ ਆਤਰ (ਵਿਆਕੁਲ) ਹੋ ਜਾਵੇਗੀ।

(2). ਅੱਜ ਦੁਨੀਆਂ ਨੂੰ ਵਿਟਾਮਿਨ ਡੀ ਦੀ ਘਾਟ ਕਾਰਨ ਘਟ ਰਹੀ ਇਨਸਾਨੀ ਉਮਰ ਦਾ ਫ਼ਿਕਰ ਪਿਆ ਹੋਇਆ ਹੈ। ਪਿੱਛੇ ਜਿਹੇ ਅਖ਼ਬਾਰਾਂ ਵਿਚ ਕਈਆਂ ਨੇ ਪੜ੍ਹਿਆ ਹੋਵੇਗਾ ਕਿ ਕੇਸਾਂ ਨੂੰ ਆਈ ਗਰਮੀ ਇਨਸਾਨੀ ਖੋਪਰੀ ਥੱਲੇ ਜਮ੍ਹਾਂ ਇਕ ਖਾਸ ਚਰਬੀ (ਜੋ ਦਿਮਾਗੀ ਹਿੱਸੇ ਵਿਚ ਹੁੰਦੀ ਹੈ) ਨੂੰ ਵਿਟਾਮਿਨ ਡੀ ਵਿਚ ਬਦਲਦੀ ਹੈ। ਵਿਟਾਮਿਨ ਡੀ ਇਕ ਅਜਿਹਾ ਵਿਟਾਮਿਨ ਹੈ, ਜਿਸ ਦੀ ਪੈਦਾਇਸ਼ ਸਭ ਤੋਂ ਜ਼ਿਆਦਾ ਕੇਸਾਂ ਦੀ ਗਰਮੀ ਨਾਲ ਹੁੰਦੀ ਹੈ। ਵਿਟਾਮਿਨ ਡੀ ਨੂੰ ਨਕਲੀ ਤਰੀਕਿਆਂ ਨਾਲ ਖਾਣ/ਪੈਦਾ ਕਰਨ ਦੇ ਤਰੀਕੇ ਕਾਮਯਾਬ ਨਹੀਂ ਹਨ। ਇਹ ਸਭ ਸਿਹਤ ਨਾਲ ਸੰਬੰਧਿਤ ਸੰਸਥਾਵਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ। ਪੁਰਾਤਨ ਇਨਸਾਨਾਂ ਦੀ ਉਮਰ ਕੇਸਾਂ ਕਾਰਨ ਹੀ ਸੌ ਜਾਂ ਇਸ ਤੋਂ ਵੱਧ ਸਾਲ ਹੋਇਆ ਕਰਦੀ ਸੀ।

(3). ਇਹ ਕੇਸਾਂ ਦੀ ਹੀ ਸ਼ਕਤੀ ਸੀ ਕਿ ਕੇਸਾਧਾਰੀ ਇਨਸਾਨਾਂ ਨੇ ਸ਼ੇਰ ਵਰਗੇ ਖੂੰਖਾਰ ਜਾਨਵਰਾਂ ਤੋਂ ਸਮਾਜ ਦੀ ਰਖਿਆ ਕੀਤੀ। ਅੱਸੀ ਸਾਲਾਂ ਦੀ ਬਿਰਧ ਉਮਰ ਵਿਚ ਵੀ ਬਾਬਾ ਦੀਪ ਸਿੰਘ ਵਰਗੇ ਸਿੱਖ ਸਰਦਾਰਾਂ ਨੇ ਅਠਾਰਾਂ ਸੇਰ ਦਾ ਦੋ ਧਾਰੀ ਖੰਡਾ ਵਾਹ ਕੇ ਅਬਦਾਲੀ ਅਤੇ ਹੋਰ ਦੁਰਾਨੀਆਂ ਨੂੰ ਭਾਰਤ ਵਿਚੋਂ ਅਜਿਹਾ ਭਜਾਇਆ ਕਿ ਉਨ੍ਹਾਂ ਮੁੜ ਭਾਰਤ ’ਤੇ ਹਮਲਾ ਕਰਨ ਦਾ ਖ਼ਿਆਲ ਵੀ ਤਿਆਗ ਦਿੱਤਾ। ਇਸ ਤਰ੍ਹਾਂ ਕੇਸਧਾਰੀ ਲੋਕਾਂ ਨੇ ਹੀ ਭਾਰਤ ਨੂੰ ਕਈ ਹਜ਼ਾਰ ਸਾਲਾਂ ਦੀ ਅਸਹਿ ਗੁਲਾਮੀ ਦੀ ਜ਼ਿੰਦਗੀ ਤੋਂ ਨਿਜ਼ਾਤ ਦਿਵਾਈ।

(4). ਕੇਸਾਂ ਦਾ ਕੱਟਣਾ ਕੁਝ ਸ਼ਰਾਰਤੀ ਲੋਕਾਂ ਵਲੋਂ ਮਾਇਆ ਇਕੱਠੀ ਕਰਨ ਦੇ ਲਾਲਚ ਨਾਲ ਸ਼ੁਰੂ ਹੋਇਆ ਸੀ। ਉਨ੍ਹਾਂ ਨੇ ਜਦੋਂ ਆਪਣੇ ਕੇਸ (ਮ੍ਰਿਤੂ ਦੰਡ) ਦੇਣ ਦੀਬਜਾਏ ਕੱਟ ਦਿੱਤੇ ਗਏ ਤਾਂ ਉਨ੍ਹਾਂ ਨੇ ਮਾਇਆ ਖਾਤਰ ਅਤੇ ਆਪਣੀ ਸਮਾਜਿਕ ਪ੍ਰਤਿਭਾ ਖਤਮ ਹੁੰਦੀ ਵੇਖ ਕੇ ਮੁੰਡਨ ਸ਼ਾਸਤਰ ਲਿਖ ਲਏ। ਪੁਰਾਤਨ ਮਹਾਂਬਲੀ ਰਾਜੇ ਸਭ ਕੇਸ ਰੱਖਦੇ ਸਨ ਅਤੇ ਕੱਛ ਪਹਿਣਦੇ ਸਨ। ਸਭ ਸਿੱਖ ਗੁਰੂ ਭੀ ਕੇਸਾਧਾਰੀ ਸਨ, ਜੋ ਹੇਠ ਲਿਖੀਆਂ ਗੁਰਬਾਣੀ ਤੁਕਾਂ ਰਾਹੀਂ ਸਪੱਸ਼ਟ ਹੈ :

(ੳ)       ਕੇਸ ਸੰਗਿ ਦਾਸ ਪਗ ਝਾਰਉ, ਇਹੋ ਮਨੋਰਥ ਸਾਰ॥ (ਗੁਜਰੀ ਮਹਲਾ ੫, ਪੰਨਾ ੫੦੦)

(ਅ)       ਕੇਸਾ ਕਾ ਕਰ ਬੀਜਨਾ ਸੰਤ ਚਉਰੁ ਢੁਲਾਵਉ॥ (ਸੂਹੀ ਮਹਲਾ ੫, ਪੰਨਾ ੧੪੫)

(ੲ)       ਹਰਿ ਹਰਿ ਨਾਮੁ ਦ੍ਰਿੜਾਇਓ ਗੁਰਿ ਮੀਠਾ, ਗੁਰ ਪਗ ਝਾਰਹ ਹਮ ਬਾਲ॥ (ਪੰਨਾ ੧੩੩੫)

ਹੇਠ ਲਿਖੇ ਵੇਦਾਂ ਸ਼ਾਸਤਰਾਂ ਤੇ ਧਾਰਮਿਕ ਪੁਸਤਕਾਂ ’ਚ ਕੇਸਾਂ ਦਾ ਕੱਟਣਾ ਇਕ ਵੱਡਾ ਅਪਰਾਧ ਮੰਨਿਆ ਜਾਂਦਾ ਸੀ।

(1) ਅਥਰਬਣ ਵੇਦ ਮੰਤ੍ਰ 30 ਅਤੇ 136।

(2) ਯਜ਼ੁਰ ਵੇਦ ਮੰਤ੍ਰ 92

(3) ਬਾਈਬਲ ਵਿਚ ਕੇਸਾਂ ਦੀ ਮਹਾਨਤਾ ਬਾਰੇ ਪ੍ਰਸੰਗ ਹੈ।

ਪੁਰਾਤਨ ਸਮੇਂ ਵਿਚ ਕਿਸੇ ਵਿਅਕਤੀ ਨੂੰ ਜਾਨੋਂ ਮਾਰਨ ਦੀ ਬਜਾਏ ਉਸ ਦੇ ਕੇਸ ਕੱਟ ਦੇਣ ਦਾ ਦੰਡ ਦਿੱਤਾ ਜਾਂਦਾ ਸੀ। ਹਿੰਦੁਸਤਾਨ ਦਾ ਪੁਰਾਤਨ ਇਤਿਹਾਸ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। ਕੱਟੇ ਹੋਏ ਕੇਸ ਨਾ ਢੱਕਣ ਕਰਕੇ ਹਜ਼ਾਰਾਂ ਕਿਸਮ ਦੇ ਕੀਟਾਣੂ ਨੰਗੇ ਕੇਸਾਂ ਰਾਹੀਂ ਘੱਟੇ ਸਮੇਤ ਸਰੀਰ ਦੇ ਕਈ ਅੰਗਾਂ ਜਿਵੇਂ ਕੰਨ, ਅੱਖਾਂ, ਨੱਕ ਅਤੇ ਮੂੰਹ ਰਾਹੀਂ ਸਰੀਰ ਵਿਚ ਦਾਖ਼ਲ ਹੋ ਕੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਸਿੱਖਾਂ ਨੂੰ ਕਮਜ਼ੋਰ ਬਣਾਉਣਾ ਕੁਝ ਖੁਦਗ਼ਰਜ਼ ਅਤੇ ਵੋਟਾਂ ਦੇ ਲਾਲਚੀ ਲੋਕਾਂ ਦੀ ਕੋਝੀ ਚਾਲ ਹੈ। ਇਨ੍ਹਾਂ ਦੀਆਂ ਲੂੰਬੜ ਚਾਲਾਂ ਤੋਂ ਬਚੋ ਅਤੇ ਸਦਾ ਲਈ ਨਾਈ ਅਤੇ ਡਾਕਟਰ ਦੇ ਰਹਿਮੋ ਕਰਮ ਤੇ ਰਹਿਣ ਵਾਲੀ ਬੋਝਲ ਤੇ ਬੇਕਾਰ ਜ਼ਿੰਦਗੀ ਨੂੰ ਠੋਕਰ ਮਾਰ ਕੇ ਮੁੜ ਤੋਂ ਆਪਣੇ ਅਸਲੇ ਵਿਚ ਸ਼ਾਮਿਲ ਹੋ ਜਾਉ। ਕੇਸ ਹੀ ਸਿੱਖ ਦੀ ਪਹਿਚਾਣ ਹਨ। ਕੇਸ ਧਾਰਨ ਕਰਨ ਤੋਂ ਬਿਨਾਂ ਆਪਣੇ ਆਪ ਨੂੰ ਸਿੱਖ ਸਮਝਣਾ ਅਤੇ ਆਪਣੇ ਨਾਮ ਦੇ ਨਾਲ ‘ਸਿੰਘ’ ਸ਼ਬਦ ਲਾਉਣਾ ਖੋਤੇ ਉਤੇ ਸ਼ੇਰ ਦਾ ਮੁਖੌਟਾ ਪਾਉਣਾ ਹੈ। ਮੀਡੀਆ, ਟੀ. ਵੀ. ਅਤੇ ਫਿਰਕੂ ਸ਼ਕਤੀਆਂ ਦੇ ਮਾਰੂ ਪ੍ਰਚਾਰ ਤੋਂ ਬਚੋ। ਇਹ ਸਭ ਘਟੀਆ ਮਾਨਸਿਕਤਾ ਵੱਲ ਲੈ ਜਾਣ ਵਾਲੇ ਸਾਧਨ ਹਨ।