ਸਿੱਖਾਂ ਦੀ ਘਟਦੀ ਆਬਾਦੀ ਤੇ ਵੀਚਾਰਨਯੋਗ ਵਿਸ਼ੇਸ਼ ਨੁਕਤੇ

0
320

ਸਿੱਖਾਂ ਦੀ ਘਟਦੀ ਆਬਾਦੀ ਤੇ ਵੀਚਾਰਨਯੋਗ ਵਿਸ਼ੇਸ਼ ਨੁਕਤੇ

ਪ੍ਰਭਦਿਆਲ ਸਿੰਘ (ਸੁਨਾਮ) 9463865060

26 ਅਗਸਤ ਦੇ ਅਖ਼ਬਾਰਾਂ ਦੀ ਮੁੱਖ ਖ਼ਬਰ ਸੀ ਕਿ ‘ਦੇਸ਼ ਵਿੱਚ ਸਿੱਖਾਂ ਦੀ ਆਬਾਦੀ ਘਟੀ’। ਸਰਕਾਰ ਵੱਲੋਂ 2011 ਵਿੱਚ ਕੀਤੀ ਗਈ ਮਰਦਮਸ਼ੁਮਾਰੀ ਦੇ ਧਰਮਾਂ ਬਾਰੇ ਅੰਕੜੇ ਜਾਰੀ ਕੀਤੇ ਗਏ ਜਿਸ ਵਿੱਚ ਦੱਸਿਆ ਗਿਆ ਕਿ ਸਾਲ 2001 ਵਿੱਚ ਹੋਈ ਮਰਦਮਸ਼ੁਮਾਰੀ ਵਿੱਚ ਦੇਸ਼ ਵਿੱਚ ਸਿੱਖਾਂ ਦੀ ਸੰਖਿਆ (ਭਾਰਤ ਦੀ ਕੁਲ ਆਬਾਦੀ ਦਾ) 1. 9% ਸੀ ਪਰ 2011 ਵਿੱਚ ਸਿੱਖ (ਕੁਲ ਆਬਾਦੀ ਦਾ) 1.7% ਹੀ ਰਹਿ ਗਏ ਹਨ। ਪੂਰੇ ਭਾਰਤ ਦੀ 121.09 ਕਰੋੜ ਦੀ ਆਬਾਦੀ ਵਿੱਚ ਸਿੱਖਾਂ ਦੀ ਆਬਾਦੀ ਸਿਰਫ 2.08 ਕਰੋੜ ਹੈ। ਸਿੱਖ ਆਬਾਦੀ ਦੀ ਵਿਕਾਸ ਦਰ ਲਗਾਤਾਰ ਘਟਦੀ ਜਾ ਰਹੀ ਹੈ। ਹੁਣ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਕੀ ਇਹ 2.08 ਕਰੋੜ ਸਿੱਖ ਵੀ ਸਿੱਖ ਹਨ। ਇਹਨਾਂ ਵਿੱਚੋਂ ਬਹੁਤ ਸੰਖਿਆ ਵਿੱਚ ਉਹ ਲੋਕ ਹਨ ਜੋ ਕੇਵਲ ਸਰਕਾਰੀ ਦਸਤਾਵੇਜਾਂ ਵਿੱਚ ਹੀ ਆਪਣਾ ਧਰਮ ਸਿੱਖ ਲਿਖਵਾਉਂਦੇ ਹਨ। ਬਹੁਤ ਸਾਰੇ ਉਹ ਹਨ ਜੋ ਵੱਖ ਵੱਖ ਡੇਰਿਆਂ ਦੇ ਸ਼ਰਧਾਲੂ ਹਨ ਪਰ ਕਾਗਜ਼ੀ ਤੌਰ ’ਤੇ ਸਿੱਖ ਹਨ। ਜੇਕਰ ਇਹ ਵੀ ਖੋਜ ਕੀਤੀ ਜਾਵੇ ਕਿ ਇਹਨਾਂ 2.08 ਕਰੋੜ ਵਿੱਚੋਂ ਕਿੰਨੇ ਅੰਮ੍ਰਿਤਧਾਰੀ ਸਿੱਖ ਹਨ ਜਾਂ ਕਿੰਨੇ ਕੇਸਾਧਾਰੀ ਸਿੱਖ ਹਨ ਤਾਂ ਗਿਣਤੀ ਬਹੁਤ ਹੀ ਘੱਟ ਹੋਵੇਗੀ ਅਤੇ ਇਹ ਗਿਣਤੀ ਲਗਾਤਾਰ ਘਟਦੀ ਹੀ ਜਾ ਰਹੀ ਹੈ। ਇੱਕ ਹੋਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਦੇਸ਼ ਵਿੱਚ ਈਸਾਈ ਧਰਮ ਦੀ ਆਬਾਦੀ 2.78 ਕਰੋੜ ਹੈ ਜੋ ਕਿ ਸਿੱਖਾਂ ਨਾਲੋਂ ਜ਼ਿਆਦਾ ਹੈ। ਵਿਚਾਰ ਕਰੀਏ ਕਿ ਭਾਰਤ ਦੇਸ਼ ਵਿੱਚ ਈਸਾਈ ਧਰਮ ਦਾ ਪ੍ਰਵੇਸ਼ ਅੰਗਰੇਜਾਂ ਦੇ ਨਾਲ ਹੀ ਹੁੰਦਾ ਹੈ ਜੋ ਕਿ ਤਕਰੀਬਨ 250 ਸਾਲ ਪੁਰਾਣਾ ਹੈ। ਪਰ ਸਿੱਖ ਧਰਮ ਦਾ ਆਰੰਭ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੁੰਦਾ ਹੈ ਜੋ ਕਿ ਤਕਰੀਬਨ 500 ਸਾਲ ਪੁਰਾਣਾ ਹੈ। ਈਸਾਈ ਧਰਮ ਦੇ ਪੈਰੋਕਾਰਾਂ ਨੇ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਇਸ ਢੰਗ ਨਾਲ ਕੀਤਾ ਹੈ ਕਿ ਅੱਜ ਉਹਨਾਂ ਦੀ ਆਬਾਦੀ ਦੇਸ਼ ਵਿੱਚ ਸਿੱਖਾਂ ਨਾਲੋ ਜ਼ਿਆਦਾ ਹੋ ਗਈ ਹੈ। ਕੀ ਇਹ ਸਿੱਖੀ ਤੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸ਼ਨ ਚਿੰਨ੍ਹ ਨਹੀਂ ਹੈ? ਜੇਕਰ ਸਿੱਖ ਧਰਮ ਦੇ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਜਿੰਨੀ ਮਿਹਨਤ, ਧਨ ਤੇ ਸਮਾਂ ਸਿੱਖਾਂ ਨੂੰ ਸਿੱਖ ਬਣਾਉਣ ਲਈ ਖ਼ਰਚ ਕੀਤਾ ਜਾ ਰਿਹਾ ਹੈ ਸ਼ਾਇਦ ਇੰਨਾ ਹੋਰ ਕੋਈ ਧਰਮ ਆਪਣੇ ਲਈ ਨਹੀਂ ਕਰ ਰਿਹਾ। ਸਾਲ ਵਿੱਚ ਅਨੇਕਾਂ ਹੀ ਧਾਰਮਿਕ ਸਮਾਗਮ, ਗੁਰਪੁਰਬ, ਨਗਰ ਕੀਰਤਨ, ਕੀਰਤਨ ਦਰਬਾਰ, ਗੁਰਮਤਿ ਕੈਂਪ, ਦਸਤਾਰ ਕੈਂਪ ਅਤੇ ਹੋਰ ਅਨੇਕਾਂ ਪ੍ਰੋਗਰਾਮ ਕੀਤੇ ਜਾਂਦੇ ਹਨ ਅਤੇ ਅਣਗਿਣਤ ਧਨ ਤੇ ਸਮਾਂ ਇਨ੍ਹਾਂ ’ਤੇ ਖ਼ਰਚ ਕੀਤਾ ਜਾਂਦਾ ਹੈ ਕੇਵਲ ਸਿੱਖਾਂ ਨੂੰ ਸਿੱਖ ਬਣਾਉਣ ਲਈ। ਪਰ ਕੀ ਨਤੀਜੇ ਉਸ ਤਰ੍ਹਾਂ ਦੇ ਮਿਲ ਰਹੇ ਹਨ ਜਿਸ ਤਰ੍ਹਾਂ ਦੇ ਹੋਣੇ ਚਾਹੀਦੇ ਹਨ ?

   ਕਿੰਨਾ ਹੀ ਕੁਝ ਕੀਤਾ ਜਾ ਰਿਹਾ ਹੈ ਸਿੱਖ ਧਰਮ ਦੇ ਪ੍ਰਚਾਰ ਲਈ ਪਰ ਫਿਰ ਵੀ ਸਿੱਖ ਨੌਜਵਾਨ ਨਾਈ ਦੀ ਦੁਕਾਨ ਦੀ ਰੌਣਕ ਨੂੰ ਵਧਾ ਰਹੇ ਹਨ। ਸਿੱਖ ਮਾਪੇ ਆਪ ਹੀ ਇੱਕ ਦੋ ਸਾਲ ਦੇ ਛੋਟੇ ਬੱਚੇ ਨੂੰ ਵੀ ਨਾਈ ਦੀ ਦੁਕਾਨ ਜਾਂ ਬਿਊਟੀ ਪਾਰਲਰ ਦੀ ਕੁਰਸੀ ’ਤੇ ਬਿਠਾਉਣ ਲਈ ਪ੍ਰੇਰਨਾ ਦੇਂਦੇ ਰਹਿੰਦੇ ਹਨ। ਬਹੁਤ ਸਾਰੇ ਸਿੱਖ ਗੁਰੂ ਘਰਾਂ ਨੂੰ ਛੱਡ ਕੇ ਡੇਰਿਆਂ ਦੇ ਮੁਰੀਦ ਬਣ ਗਏ ਹਨ। ਬਹੁਤ ਸਾਰੇ ਸਿੱਖ ਮੜ੍ਹੀਆਂ ਦੀ ਪੂਜਾ ਵਿੱਚ ਲੱਗੇ ਹੋਏ ਹਨ। ਸਿੱਖ ਬੀਬੀਆਂ ਕਰਵਾ ਚੌਥ ਵਰਗੇ ਬਰਤਾਂ ’ਤੇ ਟੇਕ ਲਗਾਈ ਰੱਖਦੀਆਂ ਹਨ। ਤਾਂ ਪ੍ਰਸ਼ਨ ਇਹ ਹੈ ਕਿ ਕੀ ਕੀਤਾ ਜਾਵੇ ਤਾਂ ਜੋ ਇਹਨਾਂ ਨੂੰ ਸੋਝੀ ਹੋ ਸਕੇ, ਅਸਲ ਸਿੱਖੀ ਕਿਰਦਾਰ ਦੀ ਸਮਝ ਆ ਸਕੇ ਅਤੇ ਸਿੱਖੀ ਕਿਰਦਾਰ ਨੂੰ ਅਪਣਾਉਣ ਲਈ ਤਿਆਰ ਹੋ ਜਾਣ।

ਇੱਕ ਨਜ਼ਰ ਇਤਿਹਾਸ ’ਤੇ ਮਾਰੀਏ। ਜਦ ਕਲਗੀਆਂ ਵਾਲੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ, ਇਤਿਹਾਸਕਾਰਾਂ ਮੁਤਾਬਕ ਸ਼੍ਰੀ ਆਨੰਦਪੁਰ ਸਾਹਿਬ ਵਿਖੇ 80 ਹਜ਼ਾਰ ਦਾ ਇਕੱਠ ਸੀ। ਜੇਕਰ 80 ਹਜ਼ਾਰ ਵਿਅਕਤੀ ਆਨੰਦਪੁਰ ਸਾਹਿਬ ਪਹੁੰਚੇ ਸਨ ਤਾਂ ਉਹਨਾਂ ਦੇ ਪਰਿਵਾਰ ਪਿੱਛੇ ਘਰਾਂ ਵਿੱਚ ਵੀ ਮੌਜੂਦ ਹੋਣਗੇ। ਇਸ ਤਰ੍ਹਾਂ ਇਹ ਅੰਦਾਜ਼ਾ ਸਹਿਜੇ ਹੀ ਲੱਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਭਾਰਤ ਦੇਸ਼ ਵਿੱਚ ਸਿੱਖਾਂ ਦੀ ਸੰਖਿਆ ਅੱਜ ਨਾਲੋਂ ਜ਼ਿਆਦਾ ਸੀ। ਜੇਕਰ ਪੰਜਾਂ ਪਿਆਰਿਆਂ ਦਾ ਪਿਛੋਕੜ ਦੇਖੀਏ ਤਾਂ ਉਹਨਾਂ ਦਾ ਸੰਬੰਧ ਲਾਹੌਰ, ਉੜੀਸਾ, ਕਰਨਾਟਕ, ਦਿੱਲੀ ਆਦਿ ਤੱਕ ਦੂਰ-ਦੁਰਾਡੇ ਸਥਾਨਾਂ ਤੱਕ ਸੀ। ਆਵਾਜਾਈ ਦੇ ਸਾਧਨਾ ਦੀ ਅਣਹੋਂਦ ਵਿੱਚ, ਮੁਗਲੀਆ ਸਰਕਾਰ ਦੇ ਜਾਬਰ ਰਾਜ ਦੇ ਹੁੰਦੇ ਹੋਏ ਵੀ ਭਾਰਤ ਦੇ ਕੋਨੇ ਕੋਨੇ ਵਿੱਚੋਂ ਸਿੱਖਾਂ ਦਾ ਆਨੰਦਪੁਰ ਸਾਹਿਬ ਪਹੁੰਚਣਾ ਵੀ ਇਹ ਸਿੱਧ ਕਰਦਾ ਹੈ ਕਿ ਉਸ ਸਮੇਂ ਸਿੱਖੀ ਦਾ ਪ੍ਰਚਾਰ ਦੂਰ ਦੂਰ ਤੱਕ ਫੈਲਿਆ ਹੋਇਆ ਸੀ ਅਤੇ ਸਿੱਖ ਵੀ ਸਿੱਖੀ ਵਿੱਚ ਪ੍ਰਪੱਕ ਵੀ ਸਨ।

    ਉਸ ਸਮੇਂ ਸਿੱਖ ਧਰਮ ਆਪਣੀ ਚੜ੍ਹਦੀਕਲਾ ਵਿੱਚ ਸੀ ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਸਿੱਖ ਧਰਮ ਨੇ ਸਮਾਜ ਦੇ ਦੱਬੇ ਕੁਚਲੇ ਵਰਗਾਂ ਦੀ ਸਾਰ ਲਈ ਅਤੇ ਉਹਨਾਂ ਨੂੰ ਸਮਾਜ ਵਿੱਚ ਹੁੰਦੇ ਵਿਤਕਰੇ ਤੋਂ ਬਚਾਇਆ। ਇਹਨਾਂ ਵਰਗਾਂ ਵਿੱਚ ਜ਼ਿਆਦਾਤਰ ਉਹ ਲੋਕ ਸ਼ਾਮਲ ਸਨ ਜਿਹਨਾਂ ਨੂੰ ਸਮਾਜ ਵਿੱਚ ਨੀਵੀਂ ਜਾਤੀ ਦੇ ਲੋਕ ਸਮਝਿਆ ਜਾਂਦਾ ਸੀ। ਇਹ ਲੋਕ ਸਮਾਜ ਵਿੱਚ ਤ੍ਰਿਸ਼ਕਾਰ ਦੇ ਪਾਤਰ ਬਣੇ ਹੋਏ ਸਨ ਪਰ ਗੁਰੂ ਸਾਹਿਬਾਂ ਦੀ ਮਹਾਨ ਵਿਚਾਰਧਾਰਾ ਨੇ ਇਹਨਾਂ ਨੂੰ ਬਰਾਬਰੀ ਦੇ ਹੱਕ ਦਿੱਤੇ, ਇਹਨਾਂ ਵਿੱਚ ਸਵੈ-ਮਾਨ ਦੀ ਭਾਵਨਾ ਪੈਦਾ ਕੀਤੀ ਗਈ। ਜਿਸ ਦੇ ਨਤੀਜੇ ਵਜੋਂ ਇਹ ਬਹੁ ਗਿਣਤੀ ਵਿੱਚ ਸਿੱਖ ਧਰਮ ਦਾ ਹਿੱਸਾ ਹੀ ਨਹੀਂ ਬਣੇ ਸਗੋਂ ਇਹਨਾਂ ਨੇ ਆਪਣੀਆਂ ਮਹਾਨ ਕੁਰਬਾਨੀਆਂ ਸਦਕਾ ਸਿੱਖੀ ਦੀ ਚੜ੍ਹਦੀਕਲਾ ਲਈ ਸ਼ਹਾਦਤਾਂ ਵੀ ਦਿੱਤੀਆਂ। ਬਾਬਾ ਜੀਵਨ ਸਿੰਘ, ਭਾਈ ਸੰਗਤ ਸਿੰਘ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਵਰਗੇ ਅਨੇਕਾਂ ਹੀ ਸ਼ਹੀਦ ਯੋਧਿਆਂ ਦੇ ਨਾਂ ਲਏ ਜਾ ਸਕਦੇ ਹਨ ਜਿਹਨਾਂ ਦਾ ਸੰਬੰਧ ਇਹਨਾਂ ਨੀਵੇਂ ਸਮਝੇ ਜਾਂਦੇ ਵਰਗਾਂ ਨਾਲ ਸੀ। ਪਰ ਅਜੋਕੇ ਸਮੇਂ ਵਿੱਚ ਅਸੀਂ ਕੀ ਕੀਤਾ ? ਗੁਰਦੁਆਰਿਆਂ ਵਿੱਚ ਵੀ ਇਹਨਾਂ ਦਾ ਨਿਰਾਦਰ ਹੋਣ ਲੱਗ ਗਿਆ। ਉੱਚੀਆਂ ਜਾਤੀਆਂ ਦੇ ਲੋਕਾਂ ਨੇ ਵੱਖਰੇ ਗੁਰਦੁਆਰੇ ਬਣਾ ਲਏ। ਫਿਰ ਜਾਤਾਂ ਦੇ ਅਧਾਰਤ ਵੱਖ ਵੱਖ ਗੁਰਦੁਆਰੇ ਬਣਾਉਣ ਦੀ ਰੀਤ ਹੀ ਚੱਲ ਪਈ। ਜੱਟਾਂ ਦਾ ਗੁਰਦੁਆਰ, ਕੰਬੋਜ ਬਰਾਦਰੀ ਦਾ ਗੁਰਦੁਆਰਾ, ਰਾਮਗੜੀਆਂ ਦਾ ਗੁਰਦੁਆਰਾ, ਰਵਿਦਾਸੀਆਂ ਦਾ ਗੁਰਦੁਆਰਾ, ਬਾਬਾ ਨਾਮਦੇਵ ਦੇ ਨਾਂ ਦੇ ਛੀਂਬਿਆਂ ਦੇ ਗੁਰਦੁਆਰੇ ਆਦਿ। ਗੁਰਦੁਆਰੇ ਵਧਦੇ ਗਏ ਪਰ ਸਿੱਖੀ ਤੇ ਸਿੱਖ ਘਟਦੇ ਗਏ।

     ਇਸ ਤੋਂ ਬਾਅਦ ਵੱਖ ਵੱਖ ਡੇਰਿਆਂ ਦੇ ਪ੍ਰਬੰਧਕਾਂ ਨੇ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਦੇ ਲੋਕਾਂ ਨੂੰ ਲੁਭਾਉਣਾ ਸ਼ੁਰੂ ਕੀਤਾ। ਉਹਨਾਂ ਲਈ ਰੁਜ਼ਗਾਰ ਦੇ ਮੌਕੇ, ਘਰਾਂ ਵਿੱਚ ਰਾਸ਼ਨ ਪਹੁੰਚਾਉਣਾ, ਵਿਧਵਾਵਾਂ ਲਈ ਸਿਲਾਈ ਮਸ਼ੀਨਾਂ, ਲੜਕੀਆਂ ਦੀਆਂ ਸ਼ਾਦੀਆਂ, ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ, ਹਸਪਤਾਲਾਂ ਵਿੱਚ ਮੁਫ਼ਤ ਇਲਾਜ, ਬੇਘਰਿਆਂ ਨੂੰ ਘਰ ਬਣਾ ਕੇ ਦੇਣ ਆਦਿ ਕੰਮ ਕੀਤੇ ਜਾਣ ਲੱਗੇ। ਨਤੀਜੇ ਵਜੋਂ ਕਰੋੜਾਂ ਦੀ ਸੰਖਿਆ ਵਿੱਚ ਲੋਕ ਡੇਰਿਆਂ ਦੇ ਸ਼ਰਧਾਲੂ ਬਣ ਗਏ ਅਤੇ ਬਣ ਰਹੇ ਹਨ। ਹੁਣ ਡੇਰੇ ਦੇ ਸ਼ਰਧਾਲੂ ਪਿੰਡਾਂ ਵਿੱਚ ਜਨਤਕ ਥਾਵਾਂ ਦੀ ਸਫਾਈ ਕਰ ਰਹੇ ਹਨ, ਰੁੱਖ ਲਗਾ ਰਹੇ ਹਨ, ਰੁੱਖਾਂ ਦੀ ਸੰਭਾਲ ਕਰ ਰਹੇ ਹਨ ਅਤੇ ਹੋਰ ਅਨੇਕਾਂ ਸੇਵਾ ਦੇ ਕਾਰਜ ਕਰ ਰਹੇ ਹਨ ਜਿਸ ਕਾਰਨ ਉਹਨਾਂ ਦੀ ਲੋਕਪ੍ਰਿਅਤਾ ਵੱਧਦੀ ਜਾ ਰਹੀ ਹੈ।

ਦੂਜੇ ਪਾਸੇ ਸਿੱਖ ਕੀ ਕਰ ਰਹੇ ਹਨ? ਇੱਕ ਦੂਜੇ ’ਤੇ ਦੂਸ਼ਣਬਾਜ਼ੀ ਕਰਕੇ ਸਿੱਖ ਹੀ ਸਿੱਖ ਨੂੰ ਬਦਨਾਮ ਕਰਦੇ ਦਿਸਦੇ ਹਨ। ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੀਆਂ ਪ੍ਰਧਾਨਗੀਆਂ ਲਈ ਝਗੜੇ; ਥਾਣੇ, ਕਚਹਿਰੀਆਂ ਤੱਕ ਪਹੁੰਚ ਗਏ ਹਨ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਇੱਕ ਦੂਜੇ ਦੀਆਂ ਪੱਗਾਂ ਉਤਾਰਨ ਤੱਕ ਵੀ ਗੁਰੇਜ਼ ਨਹੀਂ ਕੀਤਾ ਜਾਂਦਾ। ਗੁਰਦੁਆਰਿਆਂ ਦੇ ਪ੍ਰਬੰਧਕਾਂ ’ਤੇ ਭਿ੍ਰਸ਼ਟ ਹੋਣ ਦੇ ਇਲਜ਼ਾਮ ਲੱਗਦੇ ਰਹਿੰਦੇ ਹਨ। ਗ੍ਰੰਥੀ ਸਿੰਘ ਤੇ ਪਾਠੀ ਸਿੰਘਾਂ ’ਤੇ ਚੋਰੀਆਂ ਦੇ ਇਲਜ਼ਾਮ ਲੱਗਦੇ ਹਨ ਅਤੇ ਹੋਰ ਅਨੇਕਾਂ ਗੱਲਾਂ ਜਿਨ੍ਹਾਂ ਦਾ ਵਰਨਣ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਦੇ ਮਾਹੌਲ ਵਿੱਚ ਕੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਸੰਭਵ ਹੈ?

ਜੇਕਰ ਅਸੀਂ ਸੱਚ ਮੁੱਚ ਹੀ ਸਿੱਖੀ ਦਾ ਪ੍ਰਸਾਰ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲੇ ਆਪਣੇ ਆਪ ਨੂੰ ਇੱਕ ਪ੍ਰਪੱਕ ਸਿੱਖ ਬਣਾਉਣਾ ਪਵੇਗਾ। ਅੰਮ੍ਰਿਤਧਾਰੀ ਬਣਨਾ ਪਵੇਗਾ, ਨਿਤਨੇਮੀ ਬਣਨਾ ਪਵੇਗਾ ਅਤੇ ਗੁਰਬਾਣੀ ’ਤੇ ਵੱਧ ਤੋਂ ਵੱਧ ਵੀਚਾਰ ਕਰਨੀ ਪਵੇਗੀ। ਆਪਣੀ ਨੇਕ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢਣਾ ਪਵੇਗਾ ਅਤੇ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸਮਝ ਕੇ ਆਪਣਾ ਦਸਵੰਧ ਕਿਸੇ ਗਰੀਬ ਦੀ ਮਦਦ ਵਿੱਚ ਸਿੱਧਾ ਆਪ ਪ੍ਰਯੋਗ ਕਰਨਾ ਪਵੇਗਾ ਅਤੇ ਉਹਨਾਂ ਨੂੰ ਸਿੱਖੀ ਵਿੱਚ ਪ੍ਰਪੱਕ ਹੋਣ ਲਈ ਪ੍ਰੇਰਿਤ ਕਰਨਾ ਪਵੇਗਾ। ਸਿੱਖਾਂ ਨਾਲ ਸੰਬੰਧਿਤ ਸਾਰੇ ਮਸਲਿਆਂ ਨੂੰ ਕੇਵਲ ਸਿੱਖਾਂ ਵਿੱਚ ਹੀ ਵਿਚਾਰਨਾ ਪਵੇਗਾ ਤੇ ਦੂਜਿਆਂ ਸਾਹਮਣੇ ਕੇਵਲ ਸਿੱਖੀ ਤੇ ਸਿੱਖਾਂ ਦੀ ਚੜ੍ਹਦੀਕਲਾ ਹੀ ਬਿਆਨ ਕਰਨੀ ਪਵੇਗੀ। ਸੋਸ਼ਲ ਮੀਡੀਆ ਵੱਟਸ ਐਪ, ਫੇਸ-ਬੁੱਕ ਆਦਿ ਤੋਂ ਮਿਲੀ ਹਰ ਉਹ ਤਸਵੀਰ, ਵੀਡਿਓ ਜਾਂ ਮੈਸੇਜ਼ ਨੂੰ ਤੁਰੰਤ ਡੀਲੀਟ ਕਰਨਾ ਪਵੇਗਾ ਜੋ ਕਿਸੇ ਵੀ ਸਿੱਖ ਦੇ ਕਿਰਦਾਰ ਨੂੰ ਬੁਰਾ ਦਿਖਾਉਂਦੀ ਹੋਵੇਗੀ। ਹਰ ਸਿੱਖ ਦੀ ਬੇਇੱਜ਼ਤੀ ਨੂੰ ਆਪਣੀ ਬੇਇੱਜ਼ਤੀ ਸਮਝਣਾ ਪਵੇਗਾ। ਸਿੱਖੀ ਦੀ ਚੜ੍ਹਦੀਕਲਾ ਵਾਲੇ ਵੀਡਿਓ ਜਾਂ ਮੈਸੇਜ਼ ਨੂੰ ਵੱਧ ਤੋਂ ਵੱਧ ਫੈਲਾਉਣਾ ਪਵੇਗਾ।

   ਅਜਿਹੇ ਪ੍ਰੋਗਰਾਮ ਵੱਧ ਤੋਂ ਵੱਧ ਆਯੋਜਿਤ ਕੀਤੇ ਜਾਣ ਦੀ ਜ਼ਰੂਰਤ ਹੈ ਜਿੱਥੇ ਕੇਵਲ ਗੁਰਬਾਣੀ ਦੀ ਵੱਧ ਤੋਂ ਵੱਧ ਵਿਚਾਰ ਕੀਤੀ ਜਾਵੇ ਅਤੇ ਸੰਗਤ ਨੂੰ ਗੁਰਬਾਣੀ ਦੇ ਅਰਥ ਸਮਝ ਕੇ ਗੁਰਬਾਣੀ ਪੜ੍ਹਨ ਲਈ ਪ੍ਰੇਰਿਆ ਜਾਵੇ। ਇਸ ਕੰਮ ਵਿੱਚ ਕੌਮ ਦੇ ਪ੍ਰਚਾਰਕ ਸਿੰਘ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਬਸ ਇੱਕ ਦੂਜੇ ਤੇ ਕੀਤੀ ਜਾਂਦੀ ਦੂਸ਼ਣਬਾਜੀ ਤੋਂ ਗੁਰੇਜ਼ ਕਰਨ ਅਤੇ ਜਿਨ੍ਹਾਂ ਮਸਲਿਆਂ ’ਤੇ ਮਤਭੇਦ ਹਨ ਉਨ੍ਹਾਂ ਨੂੰ ਸੰਗਤ ਵਿੱਚ ਬਿਆਨ ਨਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਪਵੇਗੀ। ਨੌਜਵਾਨਾਂ ਵੱਲੋਂ ਚਲਾਏ ਜਾ ਰਹੇ ਦਸਤਾਰ ਕੈਂਪ ਤੇ ਦਸਤਾਰ ਮੁਕਾਬਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ। ਸਿੱਖੀ ਸਕੂਲ ਵਿੱਚ ਦਾਖ਼ਲੇ ਦੀ ਮੁੱਢਲੀ ਯੋਗਤਾ ਕੇਸ ਰੱਖਣੀ ਚਾਹੀਦੀ ਹੈ। ਕੇਸਾਂ ਦੀ ਸੰਭਾਲ ਅਤੇ ਮਹੱਤਤਾ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਨੂੰ ਹਰ ਸਿੱਖ ਆਪਣਾ ਫਰਜ਼ ਸਮਝੇ। ਜੋ ਨੌਜਵਾਨ ਪਤਿਤ ਹੋ ਚੁੱਕੇ ਹਨ ਉਨ੍ਹਾਂ ਨੂੰ ਬੜੇ ਹੀ ਪਿਆਰ ਨਾਲ ਸਮਝਾ ਕੇ ਸਿੱਖੀ ਵੱਲ ਮੋੜਨ ਦਾ ਹਰ ਸੰਭਵ ਯਤਨ ਕੀਤਾ ਜਾਵੇ।

ਇਹ ਠੀਕ ਹੈ ਕਿ ਰਾਜਨੀਤਿਕ ਅਤੇ ਸਮਾਜਿਕ ਮਾਹੌਲ ਵੀ ਸਿੱਖੀ ਦੇ ਅਨੁਕੂਲ ਨਹੀਂ ਹੈ ਅਤੇ ਕੁਝ ਸਾਡੇ ਆਪਣੇ ਵੀ ਸਿੱਖੀ ਦੀਆਂ ਜੜ੍ਹਾਂ ਵੱਢਣ ਵਿੱਚ ਲੱਗੇ ਹੋਏ ਹਨ ਪਰ ਫਿਰ ਵੀ ਹਰ ਸਿੱਖ, ਹਰ ਸਿੱਖ ਜਥੇਬੰਦੀ ਆਪਣੇ ਆਪਣੇ ਪੱਧਰ ’ਤੇ ਸਿੱਖੀ ਦੀ ਚੜ੍ਹਦੀਕਲਾ ਲਈ ਆਸ਼ਾਵਾਦੀ ਹੋ ਕੇ ਯਤਨ ਜਾਰੀ ਰੱਖੇ। ਅਕਾਲ ਪੁਰਖ ਵਾਹਿਗੁਰੂ ਕਿਸੇ ਦੀ ਕੀਤੀ ਮਿਹਨਤ ਨੂੰ ਅਜਾਈਂ ਨਹੀਂ ਜਾਣ ਦਿੰਦੇ। ਵਾਹਿਗੁਰੂ ਦੇ ਭਰੋਸੇ ’ਤੇ ਹਰ ਸਿੱਖ ਚੜ੍ਹਦੀਕਲਾ ਵਿੱਚ ਜੀਵਨ ਬਸਰ ਕਰੇ।