ਸਿਧਾਂਤਕ ਮਿਸ਼ਨਰੀ, ਕੌਮੀ ਏਕਤਾ ਲਈ ਜ਼ਮੀਨੀ ਹਕੀਕਤ ਨੂੰ ਸਮਝਦੇ ਹੋਏ, ਗਿਆਨ ਤੇ ਦਿ੍ਰੜ੍ਹਤਾ ਦਾ ਪੱਲਾ ਨਾ ਛੱਡਣ

0
416

ਸਿਧਾਂਤਕ ਮਿਸ਼ਨਰੀ, ਕੌਮੀ ਏਕਤਾ ਲਈ ਜ਼ਮੀਨੀ ਹਕੀਕਤ ਨੂੰ ਸਮਝਦੇ ਹੋਏ, ਗਿਆਨ ਤੇ ਦਿ੍ਰੜ੍ਹਤਾ ਦਾ ਪੱਲਾ ਨਾ ਛੱਡਣ

ਗਿਆਨੀ ਅਵਤਾਰ ਸਿੰਘ (ਸੰਪਾਦਕ ਮਿਸ਼ਨਰੀ ਸੇਧਾਂ)

ਕਿਸੇ ਸਿਧਾਂਤ ਨੂੰ ਸਮਾਜ ’ਤੇ (ਸਮਾਜ ’ਚ) ਲਾਗੂ ਕਰਨ ਲਈ ਸਾਹਮਣੇ ਵਾਲੇ ਦੇ ਸਿਧਾਂਤ ਨੂੰ ਸਮਝਣਾ ਅਤਿ ਜ਼ਰੂਰੀ ਹੁੰਦਾ ਹੈ ਕਿਉਂਕਿ ਨਵਾਂ ਸਿਧਾਂਤ ਲਾਗੂ ਕਰਨ ਤੋਂ ਪਹਿਲਾਂ ਵੀ ਵਿਅਕਤੀ ਨੇ ਕੋਈ ਨਾ ਕੋਈ ਵਿਚਾਰਧਾਰਾ ਅਪਣਾਈ ਹੁੰਦੀ ਹੈ ਕਿਉਂਕਿ ਹਰ ਇੱਕ ਜੀਵ (ਮਨੁੱਖ) ਨੂੰ ਪ੍ਰਮਾਤਮਾ ਨੇ ਇਤਨੀ ਕੁ ਸਮਝ ਜ਼ਰੂਰ ਬਖ਼ਸ਼ੀ ਹੁੰਦੀ ਹੈ:-‘‘ਸੁਰਤਿ ਵਿਹੂਣਾ, ਕੋਇ ਨ ਕੀਅ॥’’ (ਮ:੧/ਪੰਨਾ ੨੪)

ਗਲਾਸ ਵਿੱਚ ਰੱਖਿਆ ਪਾਣੀ ਜੇ ਘੱਟ ਹੋਵੇ ਤਾਂ ਇਸ ਨੂੰ ਅੱਧਾ ਖ਼ਾਲੀ ਜਾਂ ਅੱਧਾ ਭਰਿਆ ਗਲਾਸ ਵੀ ਕਿਹਾ ਜਾ ਸਕਦਾ ਹੈ। ਦੋਵੇਂ ਜਵਾਬ ਠੀਕ ਹਨ ਪਰ ਇਹ ਕਹਿਣਾ ਕਿ ਗਲਾਸ ਬਿਲਕੁਲ ਖ਼ਾਲੀ ਜਾਂ ਬਿਲਕੁਲ ਭਰਿਆ ਹੈ, ਗਲਤ ਨਿਰਣਾ ਹੋਵੇਗਾ; ਇਸੇ ਤਰ੍ਹਾਂ ਸਾਹਮਣੇ ਵਾਲੇ ਦੇ ਸਿਧਾਂਤ ਨੂੰ ਸਮਝਿਆਂ ਹੀ ਅਨੁਭਵ ਹੋਵੇਗਾ ਕਿ ਉਸ ਦਾ ਹਿਰਦਾ ਕਿਹੜੇ ਗੁਣਾਂ ਨਾਲ ਕਿਤਨਾ ਕੁ ਭਰਿਆ ਹੋਇਆ ਹੈ ਤੇ ਕਿਤਨਾ ਕੁ ਖ਼ਾਲੀ ਹੈ। ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਦੀ ਭਲਾਈ ਲਈ ਆਪਣਾ ਨਵਾਂ ਸਿਧਾਂਤ ਸਮਾਜ ’ਚ ਲਾਗੂ ਕਰਨ ਲਈ ਸਾਹਮਣੇ ਵਾਲੇ ਦੇ ਸਿਧਾਂਤ ਨੂੰ ਬਾਖ਼ੂਬੀ ਸਮਝਿਆ ਜਿਵੇਂ ਕਿ ਭਾਈ ਲਾਲੋ ਜੀ ਗਿ੍ਰਹਸਤੀ, ਕਿਰਤੀ, ਪਰਉਪਕਾਰੀ ਆਦਿ ਗੁਣਾਂ ਨਾਲ ਭਰਪੂਰ ਸਨ ਪਰ ਲਾਲੋ ਜੀ ਦੇ ਪ੍ਰਭੂ ਸਿਫ਼ਤ ਵੱਲੋਂ ਖ਼ਾਲੀ ਪਏ ਗਲਾਸ ਨੂੰ ਸਮਝਦਿਆਂ ਗੁਰੂ ਜੀ ਨੇ ਕਿਹਾ ਕਿ ਹੇ ਭਾਈ ਲਾਲੋ! ਸਾਰੀ ਉਮਰ ਕੇਵਲ ਗੁੱਲੀਆਂ ਹੀ ਘੜ੍ਹਦਾ ਰਹੇਂਗਾ ਜਾਂ ਪ੍ਰਭੂ ਬੰਦਗੀ ਵੀ ਕਰੇਂਗਾ। ਇਸ ਵਿਧੀ ਅਨੁਸਾਰ ਲਾਗੂ ਕੀਤੇ ਸਿਧਾਂਤ ਦਾ ਨਤੀਜਾ ਹੀ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕੇਵਲ 70 ਕੁ ਸਾਲਾਂ ਵਿੱਚ ਹੀ ਸਿੱਖਾਂ ਦੀ ਆਬਾਦੀ ਤਿੰਨ ਕ੍ਰੋੜ ਹੋ ਗਈ ਸੀ ਜੋ ਕਿ ਉਸ ਸਮੇਂ ਦੀ ਕੁਲ ਆਬਾਦੀ ਦਾ ਲਗਭਗ 25% ਹਿੱਸਾ ਸੀ।

ਗਲਾਸ ਦਾ ਖ਼ਾਲੀਪਨ ਵੇਖਣ ਲਈ ਨੀਅਤ ਦਾ ਸਾਫ਼ ਹੋਣਾ ਅਤਿ ਜ਼ਰੂਰੀ ਹੁੰਦਾ ਹੈ। ਤਿ੍ਰਲੋਕੀ ਦੇ ਦਰਸ਼ਨ ਕਰਵਾਉਣ ਵਾਲੇ ਭੇਖੀ ਸਾਧੂ ਦਾ ਅਧੂਰਾ ਗਲਾਸ ਕੋਡੇ ਰਾਕਸ਼ਸ ਕੋਲ ਵੀਚਾਰਨਾ, ਕੋਡੇ ਰਾਕਸ਼ਸ ਦਾ ਅਧੂਰਾ ਗਲਾਸ ਭਾਈ ਲਾਲੋ ਕੋਲ ਵੀਚਾਰਨਾ, ਭਾਈ ਲਾਲੋ ਦਾ ਅਧੂਰਾ ਗਲਾਸ ਸੱਜਣ ਠੱਗ ਕੋਲ ਵੀਚਾਰਨਾ, ਨੀਯਤ ਸਾਫ਼ ਦੀ ਨਿਸ਼ਾਨੀ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਵੀਚਾਰ ਸਾਂਝੇ ਕਰਦਿਆਂ ਸਾਹਮਣੇ ਵਾਲੇ ਨੂੰ ਉਸ ਦੀ ਗ਼ਲਤੀ ਦਾ ਅਹਿਸਾਸ ਨਾ ਕਰਵਾ ਸਕਣ ਕਾਰਨ ਸਮਾਜ ਦੂਸਰੀ ਵੀਚਾਰਧਾਰਾ ਨੂੰ ਅਪਣਾ ਨਹੀਂ ਸਕਦਾ। ਗਿਆਨ ਪੱਖੋਂ ਅਧੂਰੇ ਵਿਅਕਤੀ ਦੀ ਕਮਜ਼ੋਰੀ ਉਸੇ ਦੇ ਸਾਹਮਣੇ ਦਲੀਲ ਨਾਲ ਪੇਸ਼ ਕਰਨ ਦੀ ਹਿੰਮਤ ਹੀ ਗੁਰੂ ਜੀ ਨੇ ਅਸਾਂ ਨੂੰ ਸਿਖਾਈ ਹੈ ਨਾ ਕਿ ਪਿੱਠ ਪਿੱਛੇ ਕਿਉਂਕਿ ਅਜਿਹਾ ਕਰਨਾ ਬੁਜ਼ਦਿਲੀ ਦੀ ਨਿਸ਼ਾਨੀ ਹੈ ਪਰ ਕਮਜ਼ੋਰ ਮਾਨਸਿਕਤਾ ਵਾਲੇ ਲੋਕਾਂ ਨੇ ਇਸ ਕ੍ਰਾਂਤੀਕਾਰੀ ਲਹਿਰ ਨੂੰ ਵੀ ਨਿੰਦਾ ਦਾ ਨਾਮ ਦੇ ਦਿੱਤਾ। ਕੁਝ ਸੰਪਰਦਾਵਾਂ; ਗੁਰੂ ਸਿਧਾਂਤ ਨੂੰ ਸਮਝਣ ਦੇ ਬਾਵਜੂਦ ਵੀ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੀਆਂ, ਇਸ ਲਈ ਉਹਨਾਂ ਨੂੰ ਦੁਨੀਆਵੀ ਪੱਖੋਂ ਉਦਾਰਵਾਦੀ ਕਿਹਾ ਜਾ ਸਕਦਾ ਹੈ। ਰਾਮ ਰਹੀਮ, ਰਾਧਾ ਸੁਆਮੀ, ਨੂਰ ਮਹਿਲੀਏ, ਆਸੂਤੋਸ਼ ਵਰਗੀਆਂ ਸੰਸਥਾਵਾਂ ਨੂੰ ਸਮਾਜ ਜ਼ਿਆਦਾ ਉਦਾਰਵਾਦੀ ਮੰਨਦਾ ਹੈ ਕਿਉਂਕਿ ਉਹਨਾਂ ਨੇ ਵਾਪਾਰੀਆਂ ਵਾਂਗ ਗ੍ਰਾਹਕਾਂ ਨੂੰ ਫਸਾਉਣ ਲਈ ਹਰ ਧਰਮ ਦੇ ਸਿਧਾਂਤ ਨੂੰ ਥੋੜਾ-2 ਅਪਣਾਇਆ ਹੁੰਦਾ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਉਕਤ ਸਿੱਖਾਂ (ਗੁਰੂ ਜੀ ਦੇ ਅਨੁਯਾਈਆਂ) ਦੀ ਨਫ਼ਰੀ ਨੂੰ ਆਪਾਂ ਤਿੰਨ ਭਾਗਾਂ ਵਿੱਚ ਵੰਡ ਕੇ ਵਿਚਾਰ ਸਕਦੇ ਹਾਂ।

  1. ਗੁਰੂ ਪ੍ਰਤਿ ਕੇਵਲ ਸ਼ਰਧਾ ਰੱਖਣ ਵਾਲੇ, ਜਿਨ੍ਹਾਂ ਨੂੰ ਅਨਪੜ੍ਹ ਹੋਣ ਕਾਰਨ ਸਿਧਾਂਤ ਦੀ ਬਹੁਤੀ ਜਾਣਕਾਰੀ ਨਹੀਂ ਸੀ।
  2. ਕੁਝ ਸਮਝ ਰੱਖਣ ਵਾਲੇ ਜੋ ਆਪਣੇ ਜੀਵਨ ਵਿੱਚ ਬਦਲਾਉ ਲਿਆਉਣ ਦੀ ਸਮਰੱਥਾ ਰੱਖਦੇ ਸਨ/ਹਨ।
  3. ਉਹ ਵੀਚਾਰਕ ਵਰਗ, ਜੋ ਸਮਾਜ ਨੂੰ ਦਲੀਲਾਂ ਦੁਆਰਾ ਸਿਧਾਂਤ ਸਮਝਾ ਸਕਦਾ ਸੀ/ਹੈ।

ਇਸ ਤੀਸਰੇ ਵਰਗ ਵਿਚੋਂ ਹੀ ਹੈ, ਅਜੋਕਾ ਇੱਕ ‘ਸਿੱਖ ਮਿਸ਼ਨਰੀ ਵਰਗ’।

ਬੇਸ਼ਕ, ਅਜੋਕੇ ਸਮੇਂ ’ਚ ਗੁਰੂ ਸਿਧਾਂਤ ਨੂੰ ਦੁਖੀ ਪ੍ਰਜਾ (ਸਮੂਹ ਮਾਨਵਤਾ) ਤੱਕ ਪਹੁੰਚਾਉਣ ਲਈ ਕਈ ਸਿੱਖ ਸੰਸਥਾਵਾਂ ਸੇਵਾ ਨਿਭਾ ਰਹੀਆਂ ਹਨ ਪਰ ਇਹਨਾਂ ਵਿੱਚ ਮਿਸ਼ਨਰੀ ਵਰਗ ਦੀ ਵਿਸ਼ੇਸ਼ਤਾ ਇਸ ਕਰਕੇ ਵਧੇਰੇ ਮੰਨੀ ਜਾਂਦੀ ਹੈ ਕਿ ਇਹ ਵਰਗ ਗੁਰਬਾਣੀ ਦੀ ਲਿਖਣਸ਼ੈਲੀ ਨੂੰ ਵਧੇਰੇ ਸਮਝਦਾ ਹੋਇਆ ਗੁਰੂ ਸਿਧਾਂਤ (ਉਪਦੇਸ਼) ਦੇਣ ਦੀ ਮੂਲ ਭਾਵਨਾ ਨੂੰ ਵੀ ਸਮਝਣ ਵਿੱਚ ਵਧੇਰੇ ਕਾਮਯਾਬ ਹੋਇਆ ਹੈ। ਜਿਵੇਂ ਕਿ ਮਿਸ਼ਨਰੀ ਵੀਰ ‘ਅਗਮ’ ਸ਼ਬਦ ਨੂੰ ਹਰ ਥਾਂ ਗੁਰਬਾਣੀ ਵਿੱਚ ‘ਅਗੰਮ’ ਪੜ੍ਹਦੇ ਹਨ ਕਿਉਂਕਿ ਗੁਰਬਾਣੀ ਵਿੱਚ ਸੇਧ ਦੇਣ ਵਾਲਾ ‘ਅਗੰਮ’ ਸ਼ਬਦ ਮੌਜੂਦ ਹੈ ਪਰ ‘ਮਰਮ’ ਸ਼ਬਦ ਲਈ ਗੁਰਬਾਣੀ ਵਿੱਚ ਦੂਸਰਾ ਸੇਧ ਦੇਣ ਵਾਲਾ ਸ਼ਬਦ ‘ਮਰੰਮ’ ਮੌਜੂਦ ਹੋਣ ਦੇ ਬਾਵਜੂਦ ਵੀ ਮਿਸ਼ਨਰੀ ਵਰਗ ਵਾਲੇ ‘ਮਰਮ’ ਹੀ ਪੜ੍ਹਦੇ ਹਨ।

ਐਸਾ ਕਿਉਂ? ਉੱਤਰ: ਗੁਰਬਾਣੀ ਵਿੱਚ ‘ਅਗੰਮ’ ਸ਼ਬਦ 12 ਵਾਰੀ ਹੈ ਜਦਕਿ ‘ਅਗਮ’ ਸ਼ਬਦ 241 ਵਾਰੀ ਆਇਆ ਹੈ। ‘ਗੰਮ’ ਸ਼ਬਦ ਸੰਸਕਿ੍ਰਤ ਦਾ ਹੈ ਜਿਸ ਦੇ ਅਰਥ ਹਨ ਪਹੁੰਚ, ਪਕੜ, ਜਾਣ ਲੈਣਾ, ਮਿਲਣਾ, ਨਕਲ ਕਰਨੀ ਆਦਿ। ਪਰ ‘ਗਮ’ ਸ਼ਬਦ ਅਰਬੀ ਦਾ ਹੈ ਜਿਸ ਦੇ ਅਰਥ ਹਨ ਚਿੰਤਾ, ਦੁੱਖ, ਰਾਸਤਾ ਆਦਿ। ਗੁਰਬਾਣੀ ਵਿੱਚ ਹਮੇਸ਼ਾਂ ‘ਗੰਮ’ ਸੰਸਕਿ੍ਰਤ ਸ਼ਬਦ ਨੂੰ ਅਗੇਤਰ ‘ਅ’ ਲੱਗਿਆਂ ਨਕਾਰਾਤਮਕ, ਨਿਖੇਧ ਅਰਥਾਂ ਵੱਜੋਂ ਵਰਤਿਆ ਹੋਇਆ ਮਿਲਦਾ ਹੈ ਜਿਸ ਦੇ ਅਰਥ ਹਨ: ਗਿਆਨ ਇੰਦਿ੍ਰਆਂ ਦੀ ਪਹੁੰਚ ਤੋਂ ਰਹਿਤ ਪ੍ਰਮਾਤਮਾ। ਜਿਥੇ ‘ਗ’ ਅੱਖਰ ਨੂੰ ਲੱਗੀ ਟਿੱਪੀ ਅਰਬੀ ਸ਼ਬਦ ਦੇ ਅਰਥਾਂ ਤੋਂ ਬਦਲ ਕੇ ਸੰਸਕਿ੍ਰਤ ਵਾਲੇ ਅਰਥ ਕਰਦੀ ਹੈ, ਉੱਥੇ ‘ਅ’ ਅਗੇਤਰ ਅੱਖਰ ਨੂੰ ਭੀ ‘ਅ+ਗੰਮ’ ਪੜ੍ਹਨ ਦਾ ਸੰਕੇਤ ਦੇਂਦੀ ਹੈ। ਜਿਵੇਂ ਅਟੱਲ-ਅ+ਟਲ, ਅਲੱਖ-ਅ+ਲਖ, ਆਦਿ। (ਨੋਟ-ਵਿਆਕਰਨ ਨਿਯਮਾਂ ਅਨੁਸਾਰ ਪ, ਫ, ਬ, ਭ, ਮ ਵਾਲੇ ਪਵਰਗ ਅੱਖਰਾਂ ਤੋਂ ਪਹਿਲੇ ਅੱਖਰ ਉੱਤੇ ਅੱਧਕ ਦੀ ਬਜਾਏ ਟਿੱਪੀ ਲਗਦੀ ਹੈ ਜੋ ਕਿ ਅੱਧਕ ਦੇ ਅਰਥਾਂ ਵਿੱਚ ਮੰਨੀ ਜਾਂਦੀ ਹੈ।)

ਦੂਸਰਾ ‘ਮਰਮੁ’ ਸ਼ਬਦ ਗੁਰਬਾਣੀ ਵਿੱਚ 18 ਵਾਰੀ ਆਇਆ ਹੈ ਅਤੇ ਇੱਕ ਵਾਰ ‘ਮਰਮ’ ਰੂਪ ’ਚ ‘‘ਦੇਵੀਆ ਨਹੀ ਜਾਨੈ ਮਰਮ॥ ਸਭ ਊਪਰਿ ਅਲਖ ਪਾਰਬ੍ਰਹਮ॥’’ (ਮ:੫/੮੯੪) ਵਰਤਿਆ ਹੋਇਆ ਮਿਲਦਾ ਹੈ।

ਜਿਸ ਦਾ ਸੰਸਕਿ੍ਰਤ ਵਿੱਚ ਅਰਥ ਹੈ ਭੇਤ, ਰਾਜ, ਰਮਜ਼, ਸਾਰ ਆਦਿ। ‘ਮਰਮ’ ਸ਼ਬਦ ‘ਮਰੰਮ’ ਦੇ ਰੂਪ ’ਚ ਗੁਰਬਾਣੀ ਵਿੱਚ ਦੋ ਵਾਰੀ ਕਿਉਂ ਆਇਆ ਹੈ? ਇਸ ਨੂੰ ਸਮਝਣ ਲਈ ਗੁਰਮੁਖੀ ਦਾ ਕਾਵਿ ਰੂਪ ਨਿਯਮ ਹੈ ਕਿ ਕਿਸੇ ਨਾਉ ਸ਼ਬਦ ਨਾਲ ਸਬੰਧਕੀ ਸ਼ਬਦ ਆਇਆਂ ਕਈ ਵਾਰ ਕਾਵਿ ਤੋਲ ਪੂਰਾ ਕਰਨ ਲਈ ਸਬੰਧਕੀ ਸ਼ਬਦ ਤੋਂ ਪਹਿਲੇ ਅੱਖਰ ਦਾ ਸਰੂਪ ਬਦਲ ਜਾਂਦਾ ਹੈ। ਜਿਵੇਂ ਕਿ

  1. ‘‘ਮੂਸਨ ! ਮਗਨ ਮਰੰਮ ਸਿਉ, ਖੰਡ ਖੰਡ ਕਰਿ ਹਾਰ॥’’ (ਮ:੫/੧੩੬੪) (ਜਾਂ)
  2. ‘‘ਲਾਗੀ ਚੋਟ ਮਰੰਮ ਕੀ, ਰਹਿਓ ਕਬੀਰਾ ਠਉਰ॥’’ (ਕਬੀਰ/੧੩੭੪)

ਇਹਨਾਂ ਦੋਵੇਂ ਪੰਕਤੀਆਂ ਵਿੱਚ ਸਬੰਧਕੀ ਸ਼ਬਦ ‘ਸਿਉ’ ਅਤੇ ‘ਕੀ’ ਆਉਣ ਕਾਰਨ ਉਸ ਤੋਂ ਪਹਿਲੇ ਸ਼ਬਦ ‘ਮਰੰਮ’ ਉੱਪਰ ਟਿੱਪੀ (ਕਾਵਿ ਤੋਲ ਨੂੰ ਪੂਰਾ ਕਰਨ ਲਈ) ਵਾਧੂ ਮਾਤ੍ਰਾ ਦੇ ਰੂਪ ’ਚ ਆਈ ਹੈ, ਨਾ ਕਿ ਇਹ ਇਸ ਦਾ ਮੂਲ ਸਰੂਪ ਸ਼ਬਦ ਹੈ। ਪੰਜਵੇਂ ਪਾਤਿਸ਼ਾਹ ਜੀ ਦੇ ਉਕਤ ਪੰਨਾ ੧੩੬੪ ’ਤੇ ਹੀ ਪੰਕਤੀ ‘‘ਮੂਸਨ! ਮਰਮੁ ਨ ਜਾਨਈ, ਮਰਤ ਹਿਰਤ ਸੰਸਾਰ॥’’ ਵਿੱਚ ‘ਮਰਮ’ ਸ਼ਬਦ ਨੂੰ ਟਿੱਪੀ ਨਹੀਂ ਆਈ ਕਿਉਂਕਿ ਇੱਥੇ ਕਾਵਿ ਤੋਲ ਲਈ ਮਾਤ੍ਰਾ ਵਧਾਉਣ ਦੀ ਕੋਈ ਲੋੜ ਨਹੀਂ ਸੀ। ਇਸ ਲਈ ਸੰਬੰਧਕੀ ਦੇ ਪ੍ਰਭਾਵ ਕਾਰਨ ਆਏ ‘ਮਰਮ’ ਤੋਂ ‘ਮਰੰਮ’ ਸ਼ਬਦ ਨੂੰ ਹਰ ਥਾਂ ‘ਮਰੰਮ’ ਨਹੀਂ ਪੜ੍ਹਿਆ ਜਾ ਸਕਦਾ।

ਉਕਤ ਨਿਯਮ ਗੁਰਬਾਣੀ ਵਿੱਚ ਇਸ ਤਰ੍ਹਾਂ ਵੀ ਮਿਲਦਾ ਹੈ। ਗੁਰਬਾਣੀ ਵਿੱਚ ‘ਗੁਰ’ ਸ਼ਬਦ 3362 ਵਾਰੀ, ‘ਗੁਰੁ’ ਸ਼ਬਦ 774 ਵਾਰੀ ਅਤੇ ‘ਗੁਰੂ’ ਸ਼ਬਦ 304 ਵਾਰੀ ਆਇਆ ਹੈ। ‘ਗੁਰੁ’ ਸ਼ਬਦ ਨੂੰ ਸਬੰਧਕੀ ਸ਼ਬਦ ਆਇਆਂ ਜਾਂ ਤਾਂ ‘ਰ’ ਅੱਖਰ ਨੂੰ ਲੱਗਾ ਔਕੁੜ ਹਟ ਜਾਂਦਾ ਹੈ ਜਾਂ ਦੁਲੈਕੜ ਵਿੱਚ ਬਦਲ ਜਾਂਦਾ ਹੈ ਜਿਵੇਂ ਕਿ ‘‘ਜੇ, ਇਕ; ਗੁਰ ਕੀ ਸਿਖ ਸੁਣੀ॥’’ ਜਪੁ॥ ਅਨੁਸਾਰ ‘ਗੁਰੁ’ ਸ਼ਬਦ ਵਿੱਚੋਂ ਸਬੰਧਕੀ ‘ਕੀ’ ਸ਼ਬਦ ਆਇਆਂ ‘ਰ’ ਅੱਖਰ ਦਾ ਔਕੁੜ ਹਟ ਗਿਆ ਅਤੇ ਅਗਲਾ ਨੀਯਮ ਸਬੰਧਕੀ ਆਇਆਂ ਦੁਲੈਕੜ ਵਿੱਚ ਬਦਲ ਜਾਂਦਾ ਹੈ ਜਿਵੇਂ ਕਿ

  1. ‘‘ਬਾਝੁ ਗੁਰੂ, ਕੋ ਸਹਜੁ ਨ ਪਾਏ॥’’ (ਮ:੧/੧੩੮)
  2. ‘‘ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ, ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ॥’’ (ਮ:੪/੧੭੨)
  3. ‘‘ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ, ਜੋ ਹਰਿ ਹਰਿ ਕਥਾ ਸੁਨਾਵੈ॥’’ (ਮ:੪/੧੭੨)
  4. ‘‘ਸਰਬ ਨਿਧਾਨ ਗੁਰੂ ਤੇ ਪਾਵੈ॥’’ (ਮ:੫/੧੮੩)
  5. ‘‘ਅੰਧੇ ਗੁਰੂ ਤੇ ਭਰਮੁ ਨ ਜਾਈ॥’’ (ਮ:੩/੨੩੨)
  6. ‘‘ਗੁਰੂ ਪਾਸਹੁ, ਫਿਰਿ ਚੇਲਾ ਖਾਇ॥’’ (ਮ:੧/੩੮੪) ਆਦਿ ਪੰਕਤੀਆਂ ਵਿੱਚ ਨੰ. 1 ਤੋਂ 6 ਤੱਕ ‘ਗੁਰ’ ਸ਼ਬਦ ਨਾਲ ਸਬੰਧਕੀ ਸ਼ਬਦ-ਬਾਝੁ, ਕਉ, ਕੇ, ਤੇ, ਤੇ, ਪਾਸਹੁ ਆਇਆਂ ‘ਗੁਰੁ’ ਸ਼ਬਦ ਰੂਪ ‘ਗੁਰੂ’ ਸ਼ਬਦ ’ਚ ਬਦਲ ਗਿਆ ਹੈ। ਇਸ ਲਈ ਸੰਬੰਧਕੀ ਸ਼ਬਦ ਆਇਆਂ ਬਦਲਿਆ ਰੂਪ ਕਿਸੇ ਸ਼ਬਦ ਦਾ ਮੂਲ ਸਰੂਪ ਨਹੀਂ ਹੁੰਦਾ ਤਾਂ ਜੋ ਹਰ ਜਗ੍ਹਾ ਪੜ੍ਹਿਆ ਜਾਵੇ।

ਹੁਣ ਅਗਰ ਕੋਈ ਗੈਰ ਮਿਸ਼ਨਰੀ ਸੰਸਥਾ ਦੇ ਵੀਰ ਮਿਸ਼ਨਰੀ ਵੀਰਾਂ ਅੱਗੇ ਉਕਤ ਵੀਚਾਰ ਉਠਾ ਕੇ ਇਹ ਤਰਕ ਦਿੰਦੇ ਹਨ ਕਿ ਗੁਰਬਾਣੀ ਵਿੱਚ ਕੋਈ ਵਿਆਕਰਨ ਨਿਯਮ ਲਾਗੂ ਨਹੀਂ ਹੁੰਦਾ ਤਾਂ ਕਈ ਮਿਸ਼ਨਰੀ ਵੀਰ ਦਲੀਲ ਭਰਪੂੂਰ ਜਵਾਬ ਦੇਣ ਦੀ ਬਜਾਏ ਆਪਣੀ ਪੜ੍ਹਾਈ ਵਿੱਚ ਊਣਤਾਈ ਕੱਢ ਕੇ ਜਿੱਥੇ ਆਪਣੇ ਅਧੂਰੇ ਪਏ ਗਲਾਸ ਦਾ ਸਬੂਤ ਦਿੰਦੇ ਹਨ, ਉੱਥੇ, ਉਹ ਮਿਸ਼ਨਰੀ ਲਹਿਰ ਨੂੰ ਵੀ ਕਮਜ਼ੋਰ ਕਰ ਦਿੰਦੇ ਹਨ। ਸਮਝਦਾਰ ਮਿਸ਼ਨਰੀ ਵੀਰਾਂ ਵੱਲੋਂ ਦਿੱਤੇ ਸੁਝਾਵਾਂ ’ਤੇ ਅਮਲ ਕਰਕੇ ਨਿਜੀ ਗਿਆਨ ਅਤੇ ਮਿਸ਼ਨਰੀ ਲਹਿਰ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

ਅਜੋਕੇ ਵਿਗਿਆਨਕ ਤੇ ਖੋਜ ਭਰਪੂਰ ਸਮੇਂ ਦੌਰਾਨ ਕੌਮੀ ਏਕਤਾ ਲਈ ਮਿਸ਼ਨਰੀ ਲਹਿਰ ਨੂੰ ਪ੍ਰਫੁੱਲਤ ਕਰਨ ਦੀ ਬਹੁਤ ਹੀ ਜ਼ਰੂਰਤ ਹੈ। ਜਿਸ ਲਈ ਸਮਾਜ ਦੇ ਪੜ੍ਹੇ ਲਿਖੇ ਵਰਗ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਪਿਛਲੇ ਕੁਝ ਸਮੇਂ ਤੋਂ ਗ੍ਰੈਜੂਏਟ ਵਿਦਿਆਰਥੀਆਂ ਦਾ ਮਿਸ਼ਨਰੀ ਕਾਲਜਾਂ ਵੱਲ ਲਗਾਵ ਇੱਕ ਸ਼ੁਭ ਸੰਕੇਤ ਹੈ। ਪੁਰਾਣੇ ਮਿਸ਼ਨਰੀ ਵੀਰਾਂ ਦੀ ਜਵਾਬਦੇਹੀ ਹੈ ਕਿ ਇਹਨਾਂ ਬੱਚਿਆਂ ਨੂੰ ਜਿੱਥੇ ਚੰਗੇ ਮਿਸ਼ਨਰੀ ਬਣਾਉਣ, ਉੱਥੇ ਕਾਲਜਾਂ ਤੋਂ ਬਾਹਰ ਜਾ ਕੇ ਵੀ ਮਿਸ਼ਨਰੀ ਸਿਧਾਂਤ ਨੂੰ ਅਪਣਾਈ ਰੱਖਣ ਦੀ ਜ਼ਰੂਰਤ ਹੈ। ਜਿਤਨੇ ਮਿਸ਼ਨਰੀ ਵੀਰਾਂ ਨੂੰ ਕਾਲਜ ਤਿਆਰ ਕਰਦੇ ਹਨ, ਉਹਨਾਂ ਤੋਂ ਕਿਤੇ ਵੱਧ ਕਿਤਾਬਾਂ ਪੜ੍ਹ ਕੇ ਘਰ ਬੈਠੇ ਵੀ ਮਿਸ਼ਨਰੀ ਤਿਆਰ ਹੋ ਰਹੇ ਹਨ, ਜੋ ਕਿ ਕਿਸੇ ਲਾਲਚ ਤੋਂ ਬਿਨਾ ਮਿਸ਼ਨਰੀ ਲਹਿਰ ਨੂੰ ਸਮਰਪਿਤ ਹਨ। ਦਾਸ ਖੁਦ ਮਿਸ਼ਨਰੀ ਲਹਿਰ ਨਾਲ ਦਿੱਲੀ ਵਿੱਚ 12 ਸਾਲ ਤੱਕ ਜੁੜ੍ਹਿਆ ਰਿਹਾ ਹੈ ਜਦਕਿ ਉਸ ਸੰਸਥਾ ਦੇ ਪ੍ਰਬੰਧਕਾਂ ਨੂੰ ਪਤਾ ਤੱਕ ਵੀ ਨਹੀਂ ਸੀ। ਅਜਿਹੇ ਬੇਅੰਤ ਹੋਰ ਵੀਰ ਕੌਮ ਲਈ ਸਮਰਪਿਤ ਹਨ, ਜ਼ਰੂਰਤ ਹੈ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਨ ਦੀ।

ਕੁਝ ਮਿਸ਼ਨਰੀ ਸੱਜਣ ਲੋਕਤੰਤਰੀ ਢਾਂਚੇ ਵਿੱਚ ਆਪਸੀ ਏਕਤਾ ਵਿਖਾਉਣ ਵੱਲ ਕੁਝ ਜ਼ਿਆਦਾ ਹੀ ਵਧਦੇ ਵਿਖਾਈ ਦੇ ਰਹੇ ਹਨ ਸ਼ਾਇਦ ਸੋਚ ਇਹ ਹੋਵੇਗੀ ਕਿ ਪ੍ਰਬੰਧ ਚਲਾਉਣਾ ਸੌਖਾ ਹੋ ਜਾਵੇਗਾ ਜਦਕਿ ਕੁਝ ਮਿਸ਼ਨਰੀ ਵੀਰ ਗੁਰੂ ਸਿਧਾਂਤ ਦੇ ਨੇੜੇ ਹੋਣ ਕਾਰਨ ਉਕਤ ਦਰਸਾਈ ਦੁਨੀਆਵੀ ਏਕਤਾ ਨਾਲੋਂ ਗੁਰੂ ਸਿਧਾਂਤ ਨੂੰ ਵੱਧ ਤਰਜੀਹ ਦੇਂਦੇ ਹਨ। ਉਹਨਾਂ ਅਨੁਸਾਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਸੰਸਥਾਵਾਂ ਹੀ ਮਿਲ ਕੇ ਚਲ ਸਕਦੀਆਂ ਹਨ। ਸਿਆਸੀ, ਡੇਰਾਵਾਦੀ ਤੇ ਕੇਵਲ ਆਪਣੀਆਂ ਸੰਸਥਾਵਾਂ ਨੂੰ ਸਿਰਮੌਰ ਮੰਨ ਕੇ ਬਣਾਈਆਂ ਮਰਯਾਦਾਵਾਂ ਨੂੰ ਹੀ ਤਰਜੀਹ ਦੇਣ ਵਾਲੀਆਂ ਸ਼ਖ਼ਸੀਅਤਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਐਸੀ ਦੁਬਿਧਾ (ਦੁਨਿਆਵੀ ਏਕਤਾ) ਗੁਰੂ ਨਾਨਕ ਮਿਸ਼ਨ (ਮਿਸ਼ਨਰੀਆਂ) ਲਈ ਨੁਕਸਾਨਦੇਹ ਹੋਵੇਗੀ। ਪ੍ਰਬੰਧਕਾਂ ਵੱਲੋਂ ਵੀ ਜ਼ਮੀਨੀ ਹਕੀਕਤ ਨੂੰ ਸਮਝ ਕੇ ਹੀ ਕੋਈ ਕਦਮ ਉਠਾਉਣ ਦੀ ਜ਼ਰੂਰਤ ਹੈ। ਕੋਈ ਰਾਜਨੀਤਿਕ ਪਾਰਟੀ ਜਾਂ ਵਾਪਾਰਕ ਕੰਪਨੀਆਂ ਵੀ ਅੱਗੇ ਵਧਣ ਤੋਂ ਪਹਿਲਾਂ ਜ਼ਮੀਨੀ ਹਕੀਕਤ ਨੂੰ ਸਮਝਣ ਲਈ ਲੱਖਾਂ ਰੁਪਏ ਇਸ਼ਤਿਹਾਰਾਂ ’ਤੇ ਖਰਚ ਕਰਦੀਆਂ ਹਨ। ਇਸ ਲਈ ਸਿਧਾਂਤਕ ਮਿਸ਼ਨਰੀਆਂ ਦੀਆਂ ਭਾਵਨਾਵਾਂ ਵਲ ਜ਼ਿਆਦਾ ਧਿਆਨ ਦੇਣ ਦੀ ਜਰੂਰਤ ਹੈ।