ਸਾਡਾ ਵਿਰਸਾ, ਸੱਭਿਆਚਾਰ ਅਤੇ ਸਿਹਤ

0
910

ਸਾਡਾ ਵਿਰਸਾ, ਸੱਭਿਆਚਾਰ ਅਤੇ ਸਿਹਤ

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਕਿਸੇ ਵੀ ਕੌਮ ਜਾਂ ਦੇਸ਼ ਦੀ ਤਰੱਕੀ ਉਦੋਂ ਤੱਕ ਸੰਭਵ ਨਹੀਂ, ਜਦੋਂ ਤੱਕ ਉਸ ਦੇ ਬਾਸ਼ਿੰਦੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਨਾ ਹੋਣ। ਬੇਸ਼ਕ ਅਸੀਂ ਬਹੁਤ ਤਰੱਕੀ ਕਰ ਲਈ। ਸੁੱਖ, ਸਹੂਲਤਾਂ ਐਸ਼ੋ-ਆਰਾਮ ਦੇ ਸਾਰੇ ਸਾਧਨ ਪੈਦਾ ਕਰ ਲਏ ਪਰ ਜੇਕਰ ਇਹਨਾਂ ਨੂੰ ਮਾਨਣ ਤੋਂ ਪਹਿਲਾਂ ਹੀ ਅਸੀਂ ਆਪਣੇ ਸਰੀਰਾਂ ਨੂੰ ਨਕਾਰਾ ਕਰ ਲਿਆ ਤਾਂ ਲੱਖ ਲਾਹਨਤ ਹੈ, ਸਾਡੀ ਅਜਿਹੀ ਤਰੱਕੀ ਦੇ।

ਅਸੀਂ ਮਿਜ਼ਾਇਲਾਂ ਅਤੇ ਤੋਪਾਂ ਵਾਲੇ ਹੋ ਗਏ ਪਰ ਜੇਕਰ ਇਨ੍ਹਾਂ ਨੂੰ ਚਲਾਉਣ ਵਾਲਿਆਂ ਦੇ ਹੱਥ ਥਰ-ਥਰ ਕੰਬਦੇ ਹੋਣ ਅਤੇ ਜੁੱਸੇ (ਸਰੀਰ) ਕਮਜ਼ੋਰ ਹੋਣ ਤਾਂ ਕੀ ਭਾਅ ਹੈ ਇਨ੍ਹਾਂ ਤੋਪਾਂ ਦਾ। ਕੁੱਝ ਵੀ ਹੋਵੇ ਸਭ ਤੋਂ ਪਹਿਲਾਂ ਤੰਦਰੁਸਤੀ ਅਤੇ ਬਾਕੀ ਗੱਲਾਂ ਬਾਅਦ ਵਿਚ।

ਸਾਡਾ ਵਿਰਸਾ ਬਹੁਤ ਮਹਾਨ ਹੈ। ਸਾਡੇ ਗੁਰੂ ਸਾਹਿਬਾਨ ਨੇ ਜਿੱਥੇ ਸਾਨੂੰ ਗੁਰਬਾਣੀ ਦੇ ਲੜ ਲਾਇਆ, ਜਿਸ ਨਾਲ ਅਸੀਂ ਮਾਨਸਿਕ ਤੌਰ ’ਤੇ ਸੁਚੇਤ ਹੋਏ ਹਾਂ ਅਤੇ ਜੀਵਨ ਵਿਚ ਥਾਂ-ਥਾਂ ਸਾਡੀ ਰਹਿਨੁਮਾਈ ਕੀਤੀ ਹੈ, ਉੱਥੇ ਸਾਨੂੰ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਲਈ ਵੀ ਪ੍ਰੇਰਨਾ ਦਿੱਤੀ ਹੈ। ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥ ’ ਦੇ ਮਹਾਂਵਾਕ ਅਨੁਸਾਰ ਤੰਦਰੁਸਤੀ ਜ਼ਰੂਰੀ ਹੈ। ਬਾਬੇ ਨਾਨਕ ਦੀ ਮੀਲਾਂ ਲੰਬੀ ਪੈਦਲ ਯਾਤਰਾ ਇਸੇ ਗੱਲ ਦੀ ਹਾਮੀ ਭਰਦੀ ਹੈ ਕਿ ਉਹੀ ਮਨੁੱਖ ਐਨੀ ਲੰਬੀ ਦੂਰੀ ਪੈਦਲ ਤਹਿ ਕਰ ਸਕਦਾ ਹੈ, ਜੋ ਸਰੀਰਕ ਤੌਰ ’ਤੇ ਤੰਦਰੁਸਤ ਹੈ। ਨਹੀਂ ਤਾਂ ਪੈਰ ਨਹੀਂ ਪੁੱਟਿਆ ਜਾਂਦਾ।

ਇਸੇ ਤਰ੍ਹਾਂ ਦੂਸਰੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਿਆਂ ਦੀ ਸਥਾਪਨਾ ਇਸੇ ਮਕਸਦ ਲਈ ਕੀਤੀ ਸੀ ਕਿ ਇਨ੍ਹਾਂ ਅਖਾੜਿਆਂ ਵਿਚ ਆ ਕੇ ਲੋਕ ਸਰੀਰਕ ਤੌਰ ’ਤੇ ਰਿਸ਼ਟ-ਪੁਸ਼ਟ ਰਹਿ ਸਕਣ। ਸਿੱਖੀ ਦਾ ਮੂਲ ਸਿਧਾਂਤ ‘ਕਿਰਤ ਕਰਨਾ’ ਵੀ ਇਸੇ ਗੱਲ ਦੀ ਹਾਮੀ ਭਰਦਾ ਹੈ ਕਿ ਕਿਰਤੀ ਮਨੁੱਖ ਦਸਾਂ ਨਹੁੰਆਂ ਦੀ ਕਿਰਤ ਕਰਦਾ, ਜਿੱਥੇ ਆਪਣੇ ਪਰਿਵਾਰ ਨੂੰ ਪਾਲਦਾ ਹੈ, ਉੱਥੇ ਉਹ ਕਿਰਤ ਵਿੱਚ ਖੁਭਿਆ ਹੋਰ ਵਿਸ਼ੇ-ਵਿਕਾਰਾਂ ਤੋਂ ਦੂਰ ਰਹਿੰਦਾ ਹੈ। ਉਸ ਦਾ ਮਨ ਕੰਮ ਵਿਚ ਜੁੜਿਆ ਰਹਿੰਦਾ ਹੈ ਅਤੇ ਆਪਣੇ ਸਰੀਰ ਦੀ ਸਮਰੱਥਾ ਮੁਤਾਬਿਕ ਕੰਮ-ਕਾਰ ਕਰਕੇ ਹੱਡ ਪੈਰ ਚਲਦੇ ਰਹਿੰਦੇ ਹਨ।

ਗੁਰਬਾਣੀ ਵਿਚ ਆਚਰਣ ਨੂੰ ਉੱਚਾ ਕਰਨ ਦੀਆਂ ਥਾਂ-ਥਾਂ ਨਸੀਹਤਾਂ ਦਿੱਤੀਆਂ ਗਈਆਂ ਹਨ। ਜਿਸ ਮਨੁੱਖ ਦਾ ਆਚਰਣ ਉੱਚਾ ਹੈ, ਉਹ ਏਡਜ਼, ਹੈਪੇਟਾਇਟਸ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਬਚ ਸਕਦਾ ਹੈ। ਗੁਰੂ ਸਾਹਿਬਾਨ ਵੱਲੋਂ ਹਰ ਕਿਸਮ ਦੇ ਨਸ਼ੇ ਖ਼ਾਸ ਕਰਕੇ ਤੰਬਾਕੂ ਤੋਂ ਵਰਜਿਆ ਗਿਆ ਹੈ ਜੋ ਕਿ ਅੱਜ ਦੀ ਦੁਨੀਆਂ ਵਿਚ ਕੈਂਸਰ ਦਾ ਸਭ ਤੋਂ ਵੱਡਾ ਕਾਰਨ ਹੈ। ਮਨੁੱਖੀ ਮਨ ਨੂੰ ਸਮਝਾਉਣ ਲਈ ਵਿਕਾਰਾਂ ਉੱਪਰ ਕਾਬੂ ਪਾਉਣ ਲਈ ਈਰਖਾ ਅਤੇ ਸਾੜੇ ਤੋਂ ਬਚਣ ਲਈ ਗੁਰਬਾਣੀ ਵਿੱਚੋਂ ਬਹੁਤ ਸਾਰੀਆਂ ਉਦਾਹਰਣਾਂ ਲਈਆਂ ਜਾ ਸਕਦੀਆਂ ਹਨ ਜਿਵੇਂ ਕਿ : ‘‘ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥’’, ‘‘ਸਭੁ ਕੋ ਨਿਵੈ ਆਪ ਕਉ, ਪਰ ਕਉ ਨਿਵੈ ਨ ਕੋਇ॥ ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ॥’’, ‘‘ਮਨਿ ਜੀਤੈ ਜਗੁ ਜੀਤੁ॥’’, ‘‘ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ’’ ਆਦਿ।

ਇਸੇ ਤਰ੍ਹਾਂ ਖਾਣ-ਪੀਣ ਪ੍ਰਤੀ ਵੀ ਗੁਰਬਾਣੀ ਵਿਚ ਹਦਾਇਤਾਂ ਮਿਲਦੀਆਂ ਹਨ- ‘‘ਬਾਬਾ ਹੋਰ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ॥’’

ਸਿੱਖ ਨੂੰ ਬਖ਼ਸ਼ੀ ਗਈ ਫ਼ਤਿਹ ਪਿੱਛੇ ਵੀ ਮਨੋਵਿਗਿਆਨਕ ਕਾਰਨ ਹਨ। ਹੁਣ ਹੱਥ ਮਿਲਾਉਣ ਦਾ ਰਿਵਾਜ਼ ਜ਼ਿਆਦਾ ਪ੍ਰਚੱਲਤ ਹੋ ਗਿਆ ਹੈ। ਕਈ ਲਾਗ ਦੀਆਂ ਬਿਮਾਰੀਆਂ ਇਕ-ਦੂਜੇ ਨੂੰ ਹੱਥ ਮਿਲਾਉਣ ਨਾਲ ਹੀ ਹੋ ਜਾਂਦੀਆਂ ਹਨ। ਪਰ ਸਾਨੂੰ ਬਖ਼ਸ਼ੀ ਫ਼ਤਿਹ ਦੀ ਅਸੀਂ ਕਦਰ ਨਹੀਂ ਕਰਦੇ। ਦੋਵੇਂ ਹੱਥ ਜੋੜ ਕੇ ਬੁਲਾਈ ਗਈ ਫ਼ਤਿਹ ਵਿਚ ਅਦਬ, ਸਤਿਕਾਰ ਤਾਂ ਹੁੰਦਾ ਹੀ ਹੈ, ਨਾਲ ਦੀ ਨਾਲ ਉਸ ਵਾਹਿਗੁਰੂ ਦਾ ਨਾਮ ਵੀ ਦੋ ਵਾਰ ਲਿਆ ਜਾ ਸਕਦਾ ਹੈ। ਇਸ ਤੋਂ ਵੀ ਵੱਡੀ ਗੱਲ ਫ਼ਤਿਹ ਬੁਲਾਉਣ ਨਾਲ ਸਰੀਰ ਵਿਚ ਜੋਸ਼ ਭਰਦਾ ਹੈ ਅਤੇ ਮਨ ਖਿੜ ਉੱਠਦਾ ਹੈ। ਅੰਮਿ੍ਰਤ ਵੇਲੇ ਜਾਗਣ ਦਾ ਉਦੇਸ਼ ਸਾਨੂੰ ਸਾਰਿਆਂ ਨੂੰ ਇਹੀ ਸਿਖਾਉਂਦਾ ਹੈ ਕਿ ਜਲਦੀ ਉੱਠਣ ਨਾਲ ਮਨ ਚੁਸਤ-ਫੁਰਤ ਰਹਿੰਦਾ ਹੈ। ਨਾਲੇ ਕੋਈ ਨਾ ਕੋਈ ਕਸਰਤ ਕਰਨ ਨੂੰ ਆਪ ਮੁਹਾਰੇ ਜੀਅ ਕਰ ਆਉਂਦਾ ਹੈ। ਭਾਵੇਂ ਉਹ ਸਵੇਰ ਦੀ ਸੈਰ ਹੀ ਕਿਉਂ ਨਾ ਹੋਵੇ, ਰੱਬ ਦੀ ਬੰਦਗੀ ਕਰਨ ਵਾਲੇ ਇਸ ਦਾ ਲਾਹਾ ਲੈ ਲੈਂਦੇ ਹਨ। ਜਿਹੜੇ ਰਾਤ ਨੂੰ ਹੀ ਲੇਟ ਸੌਣਗੇ, ਉਹ ਅੰਮਿ੍ਰਤ ਵੇਲੇ ਕਿਵੇਂ ਜਾਗਣਗੇ? ਇਹ ਹੈ ਸਾਡਾ ‘ਅਮੀਰ ਵਿਰਸਾ’।

ਵਿਰਸੇ ਤੋਂ ਇਲਾਵਾ ਸਾਡੇ ਸੱਭਿਆਚਾਰ ਵਿਚ ਸਾਨੂੰ ਤੰਦਰੁਸਤ ਰਹਿਣ ਲਈ ਸਾਡੀ ਰਸੋਈ ਨੂੰ ਅਜਿਹੇ ਸਾਮਾਨ ਨਾਲ ਲੈਸ ਕੀਤਾ ਗਿਆ ਸੀ ਕਿ ਉਸ ਵਿੱਚੋਂ ਹੀ ਸਾਡੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਹੱਲ ਲੱਭ ਸਕਣ। ਜਦੋਂ ਕੋਈ ਸੁਆਣੀ ਸਵੇਰੇ ਉੱਠ ਕੇ ਚਾਟੀ ਵਿਚ ਮਧਾਣੀ ਚਲਾਉਂਦੀ ਹੈ ਤਾਂ ਜਿੱਥੇ ਮਿੱਟੀ ਦੇ ਤੌਲੇ ਵਿਚ ਤਿਆਰ ਕੀਤੀ ਲੱਸੀ ਬਹੁਤ ਸੁਆਦ ਅਤੇ ਗੁਣ ਭਰਪੂਰ ਹੁੰਦੀ ਹੈ, ਉੱਥੇ ਅੰਮਿ੍ਰਤ ਵੇਲੇ ਮੋਢਿਆਂ ਦੇ ਜੋੜਾਂ ਦੀ ਕਸਰਤ ਵੀ ਆਪਣੇ ਆਪ ਹੋ ਜਾਂਦੀ ਹੈ। ਇਸ ਤੋਂ ਬਾਅਦ ਮਿੱਟੀ ਦੇ ਕੂੰਡੇ ਵਿਚ ਮਸਾਲਾ ਰਗੜਨਾ ਜਾਂ ਚਟਨੀ ਰਗੜਨੀ, ਉਹ ਵੀ ਨਿੰਮ ਦੇ ਘੋਟਣੇ ਨਾਲ। ਨਿੰਮ ਵੀ ਗੁਣ ਭਰਪੂਰ ਹੈ ਅਤੇ ਮਿੱਟੀ ਦੇ ਕੂੰਡੇ ਦੇ ਨਾਲੋਂ ਥੋੜ੍ਹੀ-ਥੋੜ੍ਹੀ ਮਿੱਟੀ ਭੁਰ ਕੇ ਮਸਾਲੇ ਵਿਚ ਜਾਂ ਚਟਨੀ ਵਿਚ ਰਲਣ ਨਾਲ ਸਰੀਰ ਵਿਚਲੇ ਕੈਲਸ਼ੀਅਮ ਦੀ ਘਾਟ ਆਪਣੇ ਆਪ ਪੂਰੀ ਹੋ ਜਾਂਦੀ ਹੈ।

ਘੜਿਆਂ ਵਿਚ ਪਾਣੀ ਭਰਨਾ, ਜਿੱਥੇ ਪਾਣੀ ਨੂੰ ਸ਼ੁੱਧ ਰੱਖਦਾ ਸੀ, ਉੱਥੇ ਮਿੱਟੀ ਦਾ ਘੜਾ ਵੀ ਕੈਲਸ਼ੀਅਮ ਦਾ ਭਰਪੂਰ ਸਰੋਤ ਹੋ ਨਿਬੜਦਾ ਸੀ। ਲੋਹੇ ਦੀ ਕੜਾਹੀ ਵਿਚ ਸਬਜ਼ੀ ਬਣਾਉਣੀ, ਤਾਂਬੇ ਦੇ ਜੱਗ ਜਾਂ ਗੜਵੀ ਵਿੱਚ ਪਾਣੀ ਰੱਖਣਾ, ਇਹ ਸਾਡੇ ਸਰੀਰ ਵਿੱਚ ਘਟੇ ਹੋਏ ਤੱਤਾਂ ਨੂੰ ਪੂਰਾ ਕਰਨ ਵਿਚ ਅਹਿਮ ਯੋਗਦਾਨ ਪਾਉਂਦਾ ਸੀ। ਹੁਣ ਚਾਟੀਆਂ ਦੀ ਜਗ੍ਹਾ ਮਿਕਸੀ, ਘੜਿਆਂ ਦੀ ਥਾਂ ਫਿਲਟਰ, ਫਰਿੱਜ, ਵਾਟਰ ਕੂਲਰ, ਕੜਾਹੀਆਂ ਜਾਂ ਕੁੱਜਿਆਂ ਦੀ ਥਾਂ ਪ੍ਰੈਸ਼ਰ ਕੂਕਰ, ਉਹ ਵੀ ਸਿਲਵਰ ਦੇ। ਸਿਲਵਰ ਅਤੇ ਸਟੀਲ ਦੀ ਚਮਕ-ਦਮਕ ਨੇ ਸਾਡੀਆਂ ਰਸੋਈਆਂ ਤਾਂ ਚਮਕਾ ਦਿੱਤੀਆਂ ਪਰ ਜਿਹੜੀ ਤੰਦਰੁਸਤੀ ਸਾਡੇ ਕੋਲੋਂ ਇਹ ‘ਚਮਕ-ਦਮਕ’ ਵਾਲੇ ਸਟੀਲ ਅਤੇ ਸਿਲਵਰ ਨੇ ਖੋਹ ਲਈ, ਉਹਦੀ ਘਾਟ ਕਿਵੇਂ ਪੂਰੀ ਹੋਵੇਗੀ?

ਸਾਇੰਸ ਇਹ ਤੱਥ ਜੱਗ ਜ਼ਾਹਿਰ ਕਰ ਚੁੱਕੀ ਹੈ ਕਿ ਸਿਲਵਰ ਅਤੇ ਸਟੀਲ ਦੀ ਜ਼ਹਿਰ ਸਾਡੇ ਮਿਹਦੇ ਅਤੇ ਅੰਤੜੀਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਤਾਂ ਫਿਰ ਸਾਨੂੰ ਕਿਉਂ ਲੋਹੇ ਦੀਆਂ ਕੜਾਹੀਆਂ ਬੁਰੀਆਂ ਲੱਗਦੀਆਂ ਹਨ? ਇਹੀ ਕਾਰਨ ਹੈ ਕਿ ਸਾਡੀਆਂ ਸੁਆਣੀਆਂ ਦੇ ਡੌਲਿਆਂ ’ਚ ਕੜਾਹੀਆਂ ਮਾਂਜਣ ਲਈ ਜ਼ੋਰ ਨਹੀਂ ਰਿਹਾ ਤੇ ਇਹ ਵੀ ਸੱਚ ਹੈ ਕਿ ਲੋਹੇ ਦੀ ਕੜਾਹੀ ਵਿੰਮ ਨਾਲ ਨਹੀਂ, ਕੱਕੇ ਰੇਤੇ ਨਾਲ ਹੀ ਮਾਂਜੀ ਜਾਂਦੀ ਹੈ।

ਸੋ ਸੁਆਣੀਓ! ਪਰਿਵਾਰ ਦੀ ਤੰਦਰੁਸਤੀ ਤੁਹਾਡੇ ’ਤੇ ਨਿਰਭਰ ਹੈ। ਧੰਨ ਸਨ ਉਹ ਦਾਦੀਆਂ-ਨਾਨੀਆਂ, ਜਿਹੜੀਆਂ ਐਡੇ-ਐਡੇ ਟੱਬਰ ਪਾਲ ਗਈਆਂ। ਉਹ ਵੀ ਨਰਮਾ-ਕਪਾਹ ਦੀਆਂ ਛਟੀਆਂ ਜਾਂ ਪਾਥੀਆਂ ਦੀ ਅੱਗ ’ਤੇ। ਜਿੰਨਾ ਚਿਰ ਸਾਰਾ ਪਰਿਵਾਰ ਰੋਟੀ ਨਹੀਂ ਸੀ ਖਾ ਲੈਂਦਾ, ਸੌਂਦੀਆਂ ਨਹੀਂ ਸਨ, ਪਰ ਅੱਜ ਦੀਆਂ ਨੌਜਵਾਨ ਬੀਬੀਆਂ ਇੱਕ ਜਾਂ ਦੋ ਬੱਚਿਆਂ ਦੀ ਰੋਟੀ, ਉਹ ਵੀ ਗੈਸੀ ਚੁੱਲੇ ’ਤੇ ਪਕਾਉਣ ਤੋਂ ਆਨਾ-ਕਾਨੀ ਕਰਦੀਆਂ ਹਨ ਜਾਂ ਕਹਿ ਦੇਣਗੀਆਂ ਪਕਾ ਕੇ ਰੱਖਤੀਆਂ, ਹੌਟ ਓਵਨ ’ਚ ਤੱਤੀਆਂ ਕਰਕੇ ਖਾ ਲੈਣਾ। ਓਵਨ ’ਚ ਬਣਿਆ ਅਤੇ ਤੱਤਾ ਕਰਕੇ ਖਾਧਾ ਖਾਣਾ ਪੇਟ ਦੀਆਂ ਬਿਮਾਰੀਆਂ ਨੂੰ ਵਧਾਉਂਦਾ ਹੈ ਅਤੇ ਭੋਜਨ ਦੇ ਤੱਤਾਂ ਨੂੰ ਵੀ ਨਸ਼ਟ ਕਰਦਾ ਹੈ। ਸਾਡੀਆਂ ਰਸੋਈਆਂ ਵਿੱਚੋਂ ਕਾਲੀ ਮਿਰਚ, ਅਜਵੈਣ, ਹਰੜ, ਸੌਂਫ, ਸੁੰਢ, ਇਲੈਚੀ, ਲੌਂਗ ਗੁੰਮ ਹੋ ਰਹੇ ਹਨ ਜੋ ਕਿ ਦਵਾਈਆਂ ਦਾ ਹੀ ਰੂਪ ਸਨ। ਹੁਣ ਸਾਡੀਆਂ ਰਸੋਈਆਂ ਅਤੇ ਫਰਿੱਜਾਂ ਦਵਾਈਆਂ ਨਾਲ ਭਰੀਆਂ ਪਈਆਂ ਹਨ। ਇਹ ਫਲਾਣਾ ਕਫ਼ ਸਿਰਪ, ਇਹ ਅੱਖਾਂ ਦੀ ਦਵਾੲਂੀ, ਇਹ ਕਰੋਸੀਨ ਸਿਰਪ, ਇਹ ਫਲਾਣਾ-ਢਿਮਕਾਣਾ।

ਹੋਸ਼ ਕਰੋ, ਜਾਗੋ! ਸਾਡਾ ਮਹਾਨ ਵਿਰਸਾ, ਸਾਡਾ ਅਮੀਰ ਸੱਭਿਆਚਾਰ, ਪੱਛਮ ਵਾਲੇ ਸਾਥੋਂ ਖੋਹ ਕੇ ਲਿਜਾ ਰਹੇ ਹਨ। ਅਸੀਂ ਉਹਨਾਂ ਦਾ ਘਸਿਆ-ਪਿਟਿਆ ਸੱਭਿਆਚਾਰ ਅਪਣਾ ਰਹੇ ਹਾਂ। ਅਸੀਂ ਕਿਰਤ ਕਰਨੀ ਛੱਡ ਰਹੇ ਹਾਂ। ਜਿਸ ਦੇ ਸਿੱਟੇ ਵਜੋਂ ਸਾਨੂੰ ਜ਼ਹਿਰਾਂ ਨਾਲ ਲਬਰੇਜ਼ ਸਬਜ਼ੀਆਂ ਅਤੇ ਫਲ ਖਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸਾਡਾ ਦੁੱਧ ਜ਼ਹਿਰੀਲਾ ਹੋ ਰਿਹਾ ਹੈ। ਫਲਾਂ, ਸਬਜ਼ੀਆਂ ਅਤੇ ਦੁੱਧ ਦਾ ਉਤਪਾਦਨ ਘਟ ਰਿਹਾ ਹੈ, ਮੰਗ ਵਧ ਰਹੀ ਹੈ। ਇੰਨੀ ਵੱਡੀ ਸਬਜ਼ੀਆਂ ਅਤੇ ਦੁੱਧ ਦੀ ਲੋੜ ਨੂੰ ਪੂਰਾ ਕਰਨ ਲਈ ਜ਼ਹਿਰਾਂ ਦਾ ਸਹਾਰਾ ਹੀ ਰਹਿ ਜਾਵੇਗਾ।

ਆਓ, ਆਪਣੇ ਜੋਗੀਆਂ ਸਬਜ਼ੀਆਂ ਆਪਣੇ ਘਰਾਂ ਵਿਚ ਉਗਾਈਏ। ਜੋ ਪਸ਼ੂਆਂ ਨੂੰ ਘਰੋਂ ਇਸ ਕਰਕੇ ਕੱਢ ਰਹੇ ਹਨ ਇਨ੍ਹਾਂ ਦਾ ਖਰਚਾ ਵੱਧ ਹੈ, ਆਮਦਨ ਘੱਟ, ਉਹ ਇਸ ਗੱਲ ਨੂੰ ਭੁੱਲ ਜਾਣ। ਸਿਹਤ ਦੇ ਉਪਰ ਦੀ ਕੋਈ ਚੀਜ਼ ਵੱਡੀ ਨਹੀਂ। ਹਰ ਵੇਲੇ ਨਫ਼ੇ ਹੀ ਨਹੀਂ ਵੇਖਣੇ ਚਾਹੀਦੇ। ਜ਼ਿੰਦਗੀ ਵਿਚ ਤੰਦਰੁਸਤ ਰਹਿਣ ਲਈ ਨੁਕਸਾਨ ਵੀ ਝੱਲਣੇ ਪੈਂਦੇ ਹਨ। ਫਿਰ ਜਦੋਂ ਹਸਪਤਾਲਾਂ ਵਿਚ ਪਏ ਪੀੜ ਝੱਲ ਰਹੇ ਹੁੰਦੇ ਹਾਂ, ਉਦੋਂ ਵੀ ਤਾਂ ਖ਼ਰਚੇ ਵਧਦੇ ਹੀ ਹਨ। ਫਿਰ ਕਿਉਂ ਨਾ ਆਪਣੀਆਂ ਮੱਝੀਆਂ-ਗਾਈਆਂ ਉੱਪਰ ਉਹੀ ਪੈਸਾ ਖ਼ਰਚ ਕਰਕੇ ਚੰਗਾ ਦੁੱਧ, ਦਹੀਂ, ਲੱਸੀ ਖਾਧਾ-ਪੀਤਾ ਜਾਵੇ ਤਾਂ ਕਿ ਅਸੀਂ ਤੰਦਰੁਸਤ ਰਹਿ ਕੇ ਸਿੱਖੀ ਸਿਧਾਂਤ ਨੂੰ ਕਮਾ ਸਕੀਏ।