ਸਾਖੀਕਾਰ ‘ਸੀਹਾਂ ਉਪਲ’ ਨਿਵਾਸ ਸਥਾਨ ਅਤੇ ਸਾਖੀ ਇਤਿਹਾਸ

0
644

ਸਾਖੀਕਾਰ ‘ਸੀਹਾਂ ਉਪਲ’ ਨਿਵਾਸ ਸਥਾਨ ਅਤੇ ਸਾਖੀ ਇਤਿਹਾਸ

ਸੰਤ ਸਿੰਘ ਪਦਮ (ਮਲੇਰ ਕੋਟਲਾ)

ਪ੍ਰੋ. ਸਾਹਿਬ ਸਿੰਘ ਹੋਰਾਂ, ਜੋ ਗੁਰਬਾਣੀ ਵਿਆਕਰਨ ਦੇ ਮਾਹਿਰ ਮਾਹਰ ਹੋਣ ਦੇ ਨਾਲ-ਨਾਲ ਪਾਠ-ਵਿਗਿਆਨ ਨਾਲ ਸਬੰਧਤ ਤੁਲਨਾ-ਵਿਧੀ, ਵਿਸ਼ਲੇਸ਼ਨ ਅਤੇ ਇਸ ਦੀ ਕਾਰਜ-ਵਿਧੀ ਦੀ ਗਰਾਮਰ ਦੇ ਸੂਖਮ ਅਤੇ ਅਕੱਥ ਨੇਮਾਂ ਦੇ ਬੇਜੋੜ ਮਾਹਰ ਸਨ, ‘ਪੁਰਾਤਨ ਜਨਮ ਸਾਖੀ’ ਦਾ ਲੇਖਕ ਕੋਈ ਤਲੰਬੇ ਦਾ ਰਹਿਣ ਵਾਲਾ ਉਪਲ ਖੱਤਰੀ ਦੱਸਿਆ ਹੈ-ਜੋ ‘ਸਾਖੀ ਮਹਲੁ ਪਹਿਲੇ ਕੀ’ ਦਾ ਵੀ ਪਰੌਕਸੀ ਲੇਖਕ ਹੈ। ਇਸ ਧਾਰਨਾ ਦਾ ਆਧਾਰ, ‘ਮਰਦਾਨੇ ਦੀ ਪੂਜਾ ਕਰਾਈ’ ਵਾਲੀ ਸਾਖੀ ਵਿੱਚ ਉਪਲਾਂ ਨੂੰ ਮਿਲੀ ਬੇਮਿਸਾਲ ਪ੍ਰਸੰਸਾ ਹੈ, ਜਿਸ ਤੋਂ ਲੇਖਕ ਦੀ ਆਪਣੀ ਜਾਤ ਵੱਲ ਤਰਫ਼ਦਾਰੀ ਦਾ ਸੰਕੇਤ ਹੈ। ਪਰ ਉਸ ਦੇ ਤਲੰਮਾ ਦਾ ਨਿਵਾਸੀ ਹੋਣ ਨੂੰ ਪ੍ਰਮਾਣਿਤ ਕਰਨ ਵਾਲਾ ਕੋਈ ਸਬੂਤ ਜਾਂ ਸੰਕੇਤ ਨਾ ‘ਪੁਰਾਤਨ ਜਨਮ ਸਾਖੀ’ ਦੇ ਪਾਠ ਵਿਚ ਪ੍ਰਾਪਤ ਹੈ ਅਤੇ ਨਾ ਹੀ ‘ਸਾਖੀ ਮਹਲੁ ਪਹਿਲੇ ਕੀ’ ਵਿਚ। ਇਹ ਨਿਰੀ ਅਟਕਲਬਾਜ਼ੀ ਵਾਲਾ ਨਿਰਨਾ ਹੈ। ਸਾਖੀ ਪਰੰਪਰਾ ਦੀ ਛਾਣ-ਬੀਣ ਦੱਸਦੀ ਹੈ ਕਿ ਪੁਰਾਤਨ ਦਾ ਸੰਕਲਨਕਾਰ ਮੁਜੰਗਾਂ, ਲਾਹੌਰ ਦਾ ਨਿਵਾਸੀ ‘ਸੈਦੋ ਜੱਟ’ ਸੀ, ਉਸ ਨੂੰ ਤਲੰਮੇ ਨਾਲ ਜੋੜਨਾ ਭੁਲੇਖਾ ਪਾਉਂਦਾ ਹੈ। ਇਸ ਵਿਚ ਵਿਲੀਨ ਹੋਈ ‘ਸਾਖੀ ਮਹਲੁ ਪਹਿਲੇ ਕੀ’ ਦਾ ਮੂਲ ਲੇਖਕ ‘ਉਪਲ’ ਹੋਣ ਵਾਲੀ ਸੰਭਾਵਨਾ ਦੀ ਸਾਡੇ ਇਸ ਅਧਿਐਨ ਤੋਂ ਵੀ ਪੁਸ਼ਟੀ ਹੁੰਦੀ ਹੈ। ਤਾਂ ਫਿਰ, ਇਹ ‘ਸੀਹਾਂ ਉਪਲ’ ਕਿਥੋਂ ਦਾ ਨਿਵਾਸੀ ਸੀ? ਹਾਲ ਦੀ ਘੜੀ, ਸਿੱਖ ਲਿਖਤਾਂ, ਜੋ ਸਮੇਂ ਸਥਾਨ ਅਤੇ ਸੁਰਤ ਦੀ ਸੀਮਾ ਤੋਂ ਮੁਕਤ ਹੋ ਕੇ ਸਿਰਜੀਆਂ ਗਈਆਂ ਹਨ, ਵਿਚੋਂ ਕੋਈ ਠੋਸ ਸਬੂਤ ਅਜਿਹਾ ਨਹੀਂ ਮਿਲਦਾ ਜਿਸ ਦੇ ਸਹਾਰੇ ਇਨ੍ਹਾਂ ਦੇ ਨਿਵਾਸ ਸਬੰਧੀ ਤੁਰਤ ਦੋ ਟੁੱਕ ਫੈਂਸਲਾ ਕੀਤਾ ਜਾ ਸਕੇ। ਗੱਲ ਨੂੰ ਰਾਹੇ ਪਾਉਣ ਲਈ ਵਾਰ ਅਨੁਮਾਨਾਂ ਦੀ ਟੇਕ ਵੀ ਰੱਖਣੀ ਪੈ ਸਕਦੀ ਹੈ, ਬਸ਼ਰਤਿ ਇਹ ਤਰਕਸੰਗਤ ਹੋਣ।

ਅਜਿਹਾ ਇਕ ਅਨੁਮਾਨ ਇਹ ਲੱਗਦਾ ਹੈ ਕਿ ਭਾਈ ਗੁਰਦਾਸ ਜੀ ਦੁਆਰਾ ਲਿਖੀ ਗਈ 11 ਵੀਂ ਵਾਰ ਦੀ 13 ਵੀਂ ਅਤੇ 14 ਵੀਂ ਪਉੜੀ ਵਿੱਚ ਨਾਵਾਂ ਵਾਲੇ ਸਿੱਖਾਂ ਦਾ ਸਬੰਧ ਪਹਿਲੇ ਪੂਰ ਦੇ ਉਨ੍ਹਾਂ ਨਾਵਾਂ ਪ੍ਰਤੀਤਵਾਨਾਂ ਨਾਲ ਹੈ ਜੋ ਸੁਲਤਾਨਪੁਰ ਦੀ ਠਾਹਰ ਦੇ ਸਮੇਂ ਗੁਰੂ ਸਾਹਿਬ ਦੇ ਸੰਪਰਕ ਵਿੱਚ ਆਏ ਅਤੇ ਬਾਬੇ ਦੇ ਸਮਾਜਕ ਕ੍ਰਾਂਤੀ ਲਿਅਉਣ ਦੇ ਸਮਰੱਥ ਨਵੀਂ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦੇ ਸਿੱਖ ਬਣੇ; ਅਤੇ ਇਹ ਵੀ ਕਿ ਉਨ੍ਹਾਂ ਵਿਚੋਂ ਕਈਆਂ ਨੂੰ ਬਾਬੇ ਦੇ ਉਤਰਾਧਿਕਾਰੀਆਂ ਦੀ ਸੇਵਾ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਆਪਣੀ 11 ਵੀਂ ਵਾਰ ਦੀ ਪਉੜੀ ਨੰ. 14 ਵਿਚ ਇਉਂ ਕਰ ਰਹੇ ਹਨ :

‘‘ਭਗਤੁ ਜੋ ਭਗਤਾ ਓਹਰੀ; ਜਾਪੂਵੰਸੀ ਸੇਵ ਕਮਾਵੈ। ਸੀਹਾਂ ਉਪਲੁ ਜਾਣੀਐ, ਗਜਣੁ ਉਪਲੁ ਸਤਿਗੁਰ ਭਾਵੈ। ਮੈਲਸੀਹਾਂ ਵਿਚਿ ਆਖੀਐ, ਭਾਗੀਰਥੁ ਕਾਲੀ ਗੁਣ ਗਾਵੈ। ਜਿਤਾ ਰੰਧਾਵਾ ਭਲਾ ਹੈ, ਬੂੜਾ ਬੁਢਾ ਇਕ ਮਨਿ ਧਿਆਵੈ। ਫਿਰਣਾ ਖਹਿਰਾ ਜੋਧੁ ਸਿਖੁ, ਜੀਵਾਈ ਗੁਰੁ ਸੇਵ ਸਮਾਵੈ। ਗੁਜਰੁ ਜਾਤਿ ਲੁਹਾਰੁ ਹੈ, ਗੁਰ ਸਿਖੀ ਗੁਰਸਿਖ ਸੁਣਾਵੈ। ਨਾਈ ਧਿੰਙ ਵਖਾਣੀਐ, ਸਤਿਗੁਰ ਸੇਵਿ ਕੁਟੰਬੁ ਤਰਾਵੈ। ਗੁਰਮੁਖਿ ਸੁਖ ਫਲ, ਅਲਖ ਲਖਾਵੈ ॥੧੪॥’’ ਭਾਈ ਗੁਰਦਾਸ ਜੀ (ਵਾਰ ੧੧ ਪਉੜੀ ੧੪)

ਸੀਹਾਂ, ਅਜਿਤਾ ਰੰਧਾਵਾ, ਬਾਬਾ ਬੁੱਢਾ ਅਤੇ ਭਾਗੀਰਥ, ਕੁਝ ਅਜਿਹੇ ਨਾਂ ਹਨ, ਜਿਨ੍ਹਾਂ ਨੂੰ ਗੁਰੂ ਘਰ ’ਚ ਅਥਾਹ ਸਤਿਕਾਰ ਮਿਲਿਆ। ਉਨ੍ਹਾਂ ਦਿਨਾਂ ਵਿਚ ਸੁਲਤਾਨਪੁਰ ‘ਉਪਲਾਂ’ ਦਾ ਵੱਡਾ ਟਿਕਾਣਾਂ ਸੀ। ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ’, ਦੇ ਲਿਖਾਰੀ ‘ਮਨੋਹਰ ਦਾਸ ਮਿਹਰਵਾਨ’ ਨੇ ਬਾਬੇ ਦੇ ਭਣੋਈਏ ‘ਜੈ ਰਾਮ’ ਨੂੰ ਵੀ ‘ਉਪਲ ਖੱਤਰੀ’ ਦੱਸਿਆ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਉਪਲ ਭਰਾਵਾਂ ਦਾ ਵੀ ਇਹੋ ਨਿਵਾਸ ਸਥਾਨ ਸੀ, ਜਿੱਥੇ ਰਹਿੰਦਿਆਂ ਉਹ ਬਾਬੇ ਦੇ ਸੰਪਰਕ ’ਚ ਆਏ ਤੇ ਹਮੇਸ਼ਾ ਲਈ ਗੁਰੂ ਨਾਨਕ ਅਤੇ ਉਸ ਦੇ ਉਤਰਾਧਿਕਾਰੀਆਂ ਦੀ ਸੇਵਾ ਵਿਚ ਲੀਨ ਹੋ ਗਏ। ‘ਸਾਖੀ ਮਹਲੁ ਪਹਿਲੇ ਕੀ’ ਵਿਚ ਹੋਈ ਗੂੜ੍ਹ ਫ਼ਾਰਸੀ ਦੀ ਵਰਤੋਂ ਤੋ ਵੀ ਇਹੀ ਸੰਕੇਤ ਮਿਲਦਾ ਹੈ ਕਿ ਇਸ ਦਾ ਲੇਖਕ ਸ਼ਾਇਦ, ਜੈ ਰਾਮ ਵਾਂਗ ਲੋਧੀ ਤੰਤਰ ਵਿੱਚ ਬਾਬੇ ਦਾ ਕੋਈ ਜੂਨੀਅਰ ਮੁਲਾਜ਼ਮ, ਜਿਨ੍ਹਾਂ ਨੂੰ ਮਿਹਰਵਾਨ ‘ਸਾਗਿਰਦ ਪੇਸਾ’ ਕਹਿੰਦਾ ਹੈ, ਰਿਹਾ ਹੋਵੇ ਅਤੇ ਉਸ ਵਾਂਗ ਸੁਲਤਾਨਪੁਰ ਦਾ ਹੀ ਨਿਵਾਸੀ ਹੋਵੇ- ਫ਼ਾਰਸੀ ਪੜ੍ਹੇ ਖਤਰੀਆਂ ਲਈ ਸਰਕਾਰੀ ਸੇਵਾ, ਉਨ੍ਹਾਂ ਦਿਨਾਂ ਵਿਚ, ਪਹਿਲੀ ਪਸੰਦ ਸੀ।

‘ਜਨਮ ਸਾਖੀ ਬਾਲਾ’ ਦੀ ਉਥਾਨਕਾ ਵਾਲੇ ਪ੍ਰਸੰਗ ਸਾਖੀ ਦਾ ਲਿਖਾਰੀ ‘ਪੈੜਾ ਮੋਖਾ’ ਦੱਸਿਆ ਗਿਆ ਹੈ, ਜਿਸ ਨੂੰ ਸੁਲਤਾਨਪੁਰ ਤੋਂ ਲੱਭ ਕੇ ਲਿਆਂਦਾ ਗਿਆ। ਬੇਸ਼ੱਕ, ਅਧੁਨਿਕ ਖੋਜ ਇਸ ਨੂੰ ਨਿਰਾ ਉਸ਼ਟੰਡ ਸਿੱਧ ਕਰਦੀ ਹੈ, ਪਰ ਲਾਹੌਰ ਨਿਵਾਸੀ ‘ਗੋਰਖ ਦਾਸ’ ਵੱਲੋਂ ਰਚੀ ਗਈ ਜਨਮ ਪੱਤ੍ਰੀ ਵਿਚ ‘ਗੁਪਤ ਲੇਖਕ’ ਨੂੰ ਸੁਲਤਾਨਪੁਰ ਨਾਲ ਸਬੰਧਤ ਕਰਨਾ ਅਕਾਰਨ ਨਹੀਂ ਸੀ ਅਤੇ ਨਾ ਹੀ ਇਹ ਅਚੇਤ ਹੋਇਆ ਮੌਕਾ-ਮੇਲ ਹੈ। ਇਸ ਹੰਦਾਲੀ ਬਲੱਡ ਦਾ ਆਧਾਰ, ‘ਸਾਖੀ ਮਹਲੁ ਪਹਿਲੇ ਕੀ’ ਦੇ ਮੂਲ ਲੇਖਕ ਦਾ ਸੁਲਤਾਨਪੁਰ ਨਾਲ ਸਬੰਧਤ ਹੋਣ ਵਾਲਾ ਠੋਸ ਤੱਤ ਹੈ, ਜੋ ਓਦੋਂ ਤੱਕ ਸਮੂਹਕ ਚੇਤਨਾ ਅਤੇ ਸਾਖੀ ਪਰੰਪਰਾ ਵਿਚੋਂ ਗੁਆਚਿਆ ਨਹੀਂ ਸੀ।

ਸੋ, ‘ਜਨਮ ਸਾਖੀ ਬਾਬਾ’ ਦੇ ਅਸਲੀ ਲੇਖਕ ‘ਗੋਰਖ ਦਾਸ’ ਨੇ, ਇਸ ਤੱਥ ਨੂੰ, ਆਪਣੀ ਨਕਲੀ ਘਾੜਤ ਨੂੰ ਅਸਲੀਅਤ ਦਾ ਰੰਗ ਚਾੜ੍ਹਨ ’ਤੇ ਵੱਧ ਭਰੋਸੇਯੋਗ ਬਣਾਉਣ ਲਈ, ਜੁਗਤੀ ਵਜੋਂ ਵਰਤਿਆ ਅਤੇ ‘ਸਾਖੀ ਮਹਲੁ ਪਹਿਲੇ ਕੀ’ ਦੇ ਸੁਲਤਾਨਪੁਰ ਨਿਵਾਸੀ ਲਿਖਾਰੀ ਦੇ ਸਮਾਨੰਤਰ ਸੁਲਤਾਨਪੁਰੀ ‘ਪੈੜਾ ਮੋਖਾ’ ਪੈਦਾ ਕਰ ਲਿਆ। ਇਸ ਵਕਰੋਕਤੀ ਤੋਂ ਟੇਢੇ ਢੰਗ ਨਾਲ ਅਸਲੀਅਤ ਦੀ ਪੁਸ਼ਟੀ ਹੁੰਦੀ ਹੈ।

ਦੁਹਰਫ਼ੀ ਨਿਰਨਾ ਹੈ: ‘ਸੀਹਾਂ ਉਪਲ’ ਸੁਲਤਾਨਪੁਰ ਦਾ ਹੀ ਨਿਵਾਸੀ ਹੈ। ਭਾਈ ਵਾਰ ਸਿੰਘ ਜੀ ਨੇ ‘ਸੀਹੇਂ ਉਪਲ’ ਦੇ ਖਡੂਰ ਸਾਹਿਬ ਵਿਚ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨਾਂ ਲਈ ਆਉਣ ਜਾਣ ਦਾ ਜ਼ਿਕਰ ਵੀ ਕੀਤਾ ਹੈ। ਜਿਸ ਨੇ ਬਾਅਦ ਵਿਚ ਆਪਣੀ ਲੜਕੀ ‘ਮੱਥੋ’ ਦਾ ਵਿਆਹ, ਖਾਈ ਪਿੰਡ ਦੇ ਵਸਨੀਕ ‘ਪ੍ਰੇਮੇ’ ਨਾਲ ਕੀਤਾ, ਜੋ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਗੰਭੀਰ ਰੋਗ ਤੋਂ ਮੁਕਤ ਹੋ ਗਿਆ ਸੀ ਅਤੇ ਉਸ ਦਾ ਨਾਂ ‘ਮੁਰਾਰੀ’ ਰੱਖਿਆ ਗਿਆ। ‘ਮੱਥੋ-ਮੁਰਾਰੀ’ ਜੋੜੀ ਨੂੰ ਸਿੱਖੀ ਪ੍ਰਚਾਰ ਲਈ ਮੰਜੀ ਦੀ ਬਖਸ਼ਸ਼ ਵੀ ਹੋਈ ਦੱਸੀ ਜਾਂਦੀ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਨਾਲ ਸਬੰਧਤ ਪੁਰਾਤਨ ਜਨਮ ਸਾਖੀਆਂ ਵਿੱਚੋਂ ਕੁਝ ਕੁ ਨਾਂ ਹਨ:

(1). ‘ਸਾਖੀ ਮਹਲੁ ਪਹਿਲੇ ਕੀ’ (ਜਿਸ ਦੇ ਲਿਖਾਰੀ ਦਾ ਨਾਮ ਮੰਨਿਆ ਜਾਂਦਾ ਹੈ ‘ਸੀਹਾਂ ਉਪਲ’ ਅਤੇ ਰਚਨਾ-ਕਾਲ ਮੰਨਿਆ ਜਾਂਦਾ ਹੈ 1570-1574 ਈ.)

(2). ‘ਆਦਿ ਸਾਖੀਆਂ’ (ਜਿਸ ਦਾ ਇਕ ਹੋਰ ਨਾਂ ਹੈ ‘ਜਨਮ ਪਤ੍ਰੀ ਬਾਬੇ ਜੀ ਕੀ’, ਇਸ ਦੇ ਲਿਖਾਰੀ ਦਾ ਨਾਂ ਮੰਨਿਆ ਜਾਂਦਾ ਹੈ ‘ਭਾਈ ਬੂਲਾ ਪਾਧਾ’, ਜੋ ਗੁਰੂ ਅਮਰਦਾਸ ਜੀ ਦਾ ਸਿੱਖ, ਭਾਈ ਗੁਰਦਾਸ ਜੀ ਦਾ ਨਿਕਟਵਰਤੀ ਅਤੇ ਡੱਲੇ ਨਗਰ ਦਾ ਨਿਵਾਸੀ ਸੀ। ਇਸ ਸਾਖੀ ਦਾ ਰਚਨਾ-ਕਾਲ ‘ਗੁਰੂ ਅਰਜੁਨ ਦੇਵ’ ਕਾਲ ਵਿਚ ਮੰਨਿਆ ਜਾਂਦਾ ਹੈ 1598-1599 ਈ.)

(3). ‘ਜਨਮ ਸਾਖੀ ਮਿਹਰਵਾਨ’ (ਜਿਸ ਦਾ ਇਕ ਹੋਰ ਨਾਂ ਹੈ ‘ਪੋਥੀ ਸੱਚ ਖੰਡ’ ਅਤੇ ਇਸ ਦਾ ਲਿਖਾਰੀ ਹੈ ਬਾਬਾ ਪਿ੍ਰਥਵੀ ਚੰਦ ਦਾ ਪੁੱਤਰ ‘ਮਿਹਰਬਾਨ’ , ਇਸ ਸਾਖੀ ਦਾ ਰਚਨਾ-ਕਾਲ ਮੰਨਿਆ ਜਾਂਦਾ ਹੈ 1619 ਈ.)

(4). ‘ਪੁਰਾਤਨ ਜਨਮ ਸਾਖੀ’ (ਜਿਸ ਦੇ ਲਿਖਾਰੀ ਦਾ ਨਾਂ ਮੰਨਿਆ ਜਾਂਦਾ ਹੈ ਲਾਹੌਰ ਸਹਿਰ ਦਾ ਨਿਵਾਸੀ ‘ਸੈਦੋ ਜੱਟ’ ਅਤੇ ਇਸ ਦਾ ਰਚਨਾ-ਕਾਲ ਹੈ 1655-1659 ਈ.)

(5). ‘ਜਨਮ ਸਾਖੀ ਬਾਲਾ’ (ਜਿਸ ਦਾ ਲਿਖਾਰੀ ਹੈ ਲਾਹੌਰ ਸਹਿਰ ਦਾ ਨਿਵਾਸੀ ਅਤੇ ਹੰਦਾਲੀਆਂ ਦਾ ਭਾੜੇ ਦਾ ਲੇਖਕ ‘ਗੋਰਖਨਾਥ’। ਪੜਤਾਲ ਦੱਸਦੀ ਹੈ ਕਿ ‘ਪੈੜਾ ਮੋਖਾ’ ਨਾਂ ਵੀ ਹਮਸਫ਼ਰ ‘ਬਾਲੇ’ ਵਾਂਗ ਇਸ ‘ਗੋਰਖਨਾਥ’ ਦੇ ਦਿਮਾਗ਼ ਦੀ ਹੀ (ਨਕਲੀ) ਕਾਢ ਸੀ। ਇਸ ਸਾਖੀ ਦਾ ਰਚਨਾ-ਕਾਲ ਵੀ 1656-1657 ਈ. ਹੈ।) ਆਦਿ।

ਹਵਾਲੇ ਕਿਤਾਬ ‘ਸਾਖੀ ਮਹਲੁ ਮਹਿਲੇ ਕੀ’, ਸੰਪਾਦਕ ਸ. ਸ. ਪਦਮ