ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ (ਭਾਗ-3)

0
157

ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ (ਭਾਗ-3)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ, ਪਟਿਆਲਾ। ਫੋਨ ਨੰ: 0175-2216783

ਸਵਾਲ :- ਮੇਰਾ ਬੱਚਾ ਟਿਕ ਕੇ ਨਹੀਂ ਬਹਿੰਦਾ। ਮੈਂ ਸਾਰਾ ਦਿਨ ਉਸ ਨਾਲ ਖਪ ਖਿੱਝ ਕੇ ਥੱਕ ਜਾਂਦੀ ਹਾਂ, ਕੀ ਕਰਾਂ ?

ਜਵਾਬ :- ਟਿਕ ਕੇ ਨਾ ਬਹਿ ਸਕਣ ਵਾਲੇ ਬੱਚੇ ਨੂੰ ਸੰਭਾਲਣਾ ਬਹੁਤ ਜ਼ਿਆਦਾ ਔਖਾ ਹੈ ਪਰ ਨਾਮੁਮਕਿਨ ਨਹੀਂ। ਅਜਿਹਾ ਬੱਚਾ ਧਿਆਨ ਲਾ ਕੇ ਪੜ੍ਹ ਨਹੀਂ ਸਕਦਾ ਤੇ ਨਾ ਹੀ ਪੂਰੀ ਗੱਲ ਸੁਣਦਾ ਹੈ। ਆਪਣੇ ਆਪ ਨੂੰ ਕਾਬੂ ਰੱਖਣਾ ਵੀ ਬੱਚੇ ਲਈ ਨਾਮੁਮਕਿਨ ਹੁੰਦਾ ਹੈ, ਜਿਸ ਸਦਕਾ ਉਹ ਗੁੱਸੇ ਵਾਲਾ, ਜਿੱਦੀ ਤੇ ਅੜਬ ਤਾਂ ਬਣਦਾ ਹੀ ਹੈ ਪਰ ਲਗਾਤਾਰ ਝਿੜਕਾਂ ਵੀ ਖਾਂਦਾ ਰਹਿੰਦਾ ਹੈ।

ਬੱਚੇ ਦੇ ਵਿਹਾਰ ਵਿਚ ਤਬਦੀਲੀ ਲਿਆਉਣ ਲਈ ਕਾਫ਼ੀ ਕੁੱਝ ਕੀਤਾ ਜਾ ਸਕਦਾ ਹੈ ਪਰ, ਇਕ ਗੱਲ ਪੱਲੇ ਬੰਨ੍ਹ ਲਓ ਕਿ ਬੱਚੇ ਨੂੰ ਬਿਗੜੈਲ ਘੋੜੇ ਵਾਂਗ ਔਖਿਆਂ ਕਾਬੂ ਕਰਨਾ ਪੈਂਦਾ ਹੈ ਤੇ ਉਹ ਵੀ ਬਿਨਾਂ ਗੁੱਸੇ ਹੋਏ। ਕਈ ਕਈ ਦਿਨ ਮਿਹਨਤ ਕਰਨ ਬਾਅਦ ਕੁੱਝ ਕੁ ਕੰਮ, ਬੱਚੇ ਦੇ ਜਿੰਮੇ ਪੱਕੀ ਤੌਰ ਉੱਤੇ ਲਾਏ ਜਾ ਸਕਦੇ ਹਨ, ਜਿਨ੍ਹਾਂ ਨਾਲ ਬੱਚੇ ਨੂੰ ਟਾਈਮ ਟੇਬਲ ਵਾਂਗ ਕੰਮ ਕਰਨ ਦਾ ਵੱਲ ਆ ਜਾਂਦਾ ਹੈ।  ਮਸਲਨ:

  1. ਆਪਣਾ ਬਿਸਤਰਾ ਰੋਜ਼ ਸਾਫ਼ ਕਰ ਕੇ ਚਾਦਰ ਜਾਂ ਰਜਾਈ ਤੈਅ ਕਰੇ।
  2. ਧੋਤੇ ਹੋਏ ਭਾਂਡੇ ਚੰਗੀ ਤਰ੍ਹਾਂ ਫੱਟੇ ਉੱਤੇ ਟਿਕਾਏ।
  3. ਰੋਟੀ ਤੋਂ ਬਾਅਦ ਜੂਠੇ ਭਾਂਡੇ ਚੁੱਕੇ।
  4. ਖਾਣਾ ਖਾਣ ਲਈ ਪੂਰੇ ਸਮੇਂ ਉੱਤੇ ਖਾਣੇ ਦੀ ਮੇਜ਼ ਉੱਤੇ ਪਹੁੰਚੇ।

ਜਿਹੜੇ ਬੱਚੇ ਮਾਨਸਿਕ ਪੱਖੋਂ ਨਾਰਮਲ ਨਾ ਹੋਣ ਅਤੇ ਟਿਕ ਕੇ ਬਹਿ ਨਾ ਸਕਦੇ ਹੋਣ, ਉਨ੍ਹਾਂ ਲਈ ਇਹ ਕੰਮ ਬਹੁਤ ਔਖੇ ਹੁੰਦੇ ਹਨ ਕਿਉਂਕਿ ਉਹ ਕਿਸੇ ਹੋਰ ਨੂੰ ਬੋਲਦੇ ਹੋਏ ਨੂੰ ਟੋਕਦੇ ਰਹਿੰਦੇ ਹਨ, ਸਕੂਲ ਦਾ ਕੰਮ ਪੂਰਾ ਨਹੀਂ ਕਰ ਸਕਦੇ ਅਤੇ ਸਵੇਰ ਵੇਲੇ ਮੰਜੇ ਤੋਂ ਉੱਠਣ ਤੋਂ ਇਨਕਾਰੀ ਹੁੰਦੇ ਹਨ।

ਰੂਟੀਨ ਬੰਨਣ ਲਈ ਇਨਾਮ ਦੇਣਾ ਜ਼ਰੂਰੀ ਹੁੰਦਾ ਹੈ। ਬੱਚੇ ਦੇ ਕਿਸੇ ਵੀ ਕੀਤੇ ਚੰਗੇ ਕੰਮ ਜਾਂ ਰੂਟੀਨ ਦੇ ਬੰਨ੍ਹੇ ਹੋਏ ਕੰਮਾਂ ਨੂੰ ਨੇਪਰੇ ਚੜ੍ਹਾਉਂਦੇ ਰਹਿਣ ਲਈ ਇਨਾਮ ਦੇਣਾ ਲਾਜ਼ਮੀ ਹੈ। ਇਸ ਲਈ ਬਹੁਤੇ ਔਖੇ ਕੰਮ ਨਹੀਂ ਦੇਣੇ ਚਾਹੀਦੇ। ਇਨਾਮ ਵੀ ਹੱਦੋਂ ਵੱਧ ਮਹਿੰਗਾ ਨਹੀਂ, ਬਲਕਿ ਨਿੱਕੀ ਮੋਟੀ ਬੱਚੇ ਦੀ ਪਸੰਦੀਦਾ ਚੀਜ਼ ਹੋ ਸਕਦੀ ਹੈ।

ਮਸਲਨ ਸਭ ਤੋਂ ਪਹਿਲਾਂ, ਵਿਹਾਰ ਵਿਚ ਤਬਦੀਲੀ ਦੀ ਗੱਲ ਹੀ ਲਈਏ। ਇਕ ਤੋਂ 25 ਤੱਕ ਵੱਖੋ-ਵੱਖਰੇ ਕੰਮਾਂ ਦੇ ਨੰਬਰ ਦੇ ਦਿਓ। ਜਿਵੇਂ ਸਵਖ਼ਤੇ ਵੇਲੇ ਸਿਰ ਉੱਠਣਾ-10 ਨੰਬਰ, ਉੱਠ ਕੇ ਸਭ ਨੂੰ ਸਤਿ ਸ੍ਰੀ ਅਕਾਲ ਬੁਲਾਉਣਾ-4 ਨੰਬਰ, ਆਪਣਾ ਬਿਸਤਰਾ ਆਪ ਠੀਕ ਕਰਨਾ-8 ਨੰਬਰ, ਗੁੱਸਾ ਕਾਬੂ ਕਰਨਾ-10 ਨੰਬਰ, ਮੇਜ਼ ਉੱਤੇ ਪਲੇਟਾਂ ਲਾਉਣੀਆਂ-10 ਨੰਬਰ, ਚੀਜ਼ ਨਾ ਤੋੜਨੀ-20 ਨੰਬਰ, ਹੋਮਵਰਕ ਕਰਨਾ-20 ਨੰਬਰ! ਜਿਹੜੇ ਕੰਮ ਕਰ ਲਏ, ਉਸ ਦੇ ਨੰਬਰ ਜਮਾਂ ਕਰੀ ਜਾਣੇ ਤੇ ਜਿਹੜੇ ਨਾ ਕੀਤੇ, ਉਸ ਦੇ ਨੰਬਰ ਮਨਫ਼ੀ ਕਰੀ ਜਾਣੇ।

ਇੰਜ ਕਰਦਿਆਂ ਸ਼ਾਮ ਨੂੰ ਬੱਚੇ ਨੂੰ ਕੋਲ ਬਿਠਾ ਕੇ ਪੂਰੇ ਨੰਬਰ ਜਮਾਂ-ਮਨਫ਼ੀ ਕਰ ਲੈਣੇ। ਇਹ ਸਭ ਸੌਖੇ ਸ਼ਬਦਾਂ ਵਿਚ ਬੱਚੇ ਨੂੰ ਵਾਰ-ਵਾਰ ਦੁਹਰਾ ਕੇ ਸਮਝਾਉਣ ਦੀ ਲੋੜ ਹੁੰਦੀ ਹੈ।

ਮੈਂ ਦੁਬਾਰਾ ਚੇਤੇ ਕਰਵਾ ਦਿਆਂ ਕਿ ਇਹ ਬੱਚੇ ਮਾਨਸਿਕ ਪੱਖੋਂ ਬਾਕੀ ਬੱਚਿਆਂ ਤੋਂ ਕਾਫੀ ਪਛੜੇ ਹੁੰਦੇ ਹਨ। ਇਸ ਲਈ ਅਜਿਹੇ ਨਿੱਕੇ ਕੰਮ ਜੋ ਆਮ ਬੱਚੇ ਕੰਮ ਹੀ ਨਹੀਂ ਗਿਣਦੇ, ਇਨ੍ਹਾਂ ਬੱਚਿਆਂ ਲਈ ਬਹੁਤ ਵੱਡੇ ਕਾਰਜ ਸਾਬਤ ਹੁੰਦੇ ਹਨ। ਇਸ ਰੂਟੀਨ ਨੂੰ ਪੂਰੀ ਤਰ੍ਹਾਂ ਅਪਨਾਉਣ ਲਈ ਬੱਚੇ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਅਤੇ ਆਪਣੇ ਬੇਕਾਬੂ ਮਨ ਅਤੇ ਸਰੀਰ ਨੂੰ ਪੂਰੀ ਤਾਕਤ ਨਾਲ ਜੋੜ ਕੇ ਰੱਖਣਾ ਪੈਂਦਾ ਹੈ। ਇਸੇ ਲਈ 25 ਨੰਬਰ ਟੱਪ ਜਾਣ ਉੱਤੇ ਉਸ ਦੀ ਮਰਜ਼ੀ ਦੀ ਕਮੀਜ਼, ਜੁੱਤੀ, ਰੁਮਾਲ, ਖਿਡੌਣਾ, ਚਾਕਲੇਟ ਆਦਿ ਦਿੱਤੇ ਜਾ ਸਕਦੇ ਹਨ ਜਾਂ ਉਸ ਦੀ ਮਰਜ਼ੀ ਦੀ ਥਾਂ ਘੁਮਾਉਣ ਲਿਜਾਇਆ ਜਾ ਸਕਦਾ ਹੈ, ਜਿਨ੍ਹਾਂ ਵਿਚ ਖੇਡਣ ਵਾਲਾ ਪਾਰਕ ਵਗੈਰਾਹ ਵੀ ਹੋ ਸਕਦਾ ਹੈ।

ਜਦੋਂ ਅਜਿਹਾ ਨੰਬਰ ਸਿਸਟਮ ਲਾਗੂ ਕੀਤਾ ਜਾਂਦਾ ਹੈ ਤਾਂ ਸ਼ੁਰੂ ਵਿਚ ਇਹ ਬੱਚੇ ਉੱਕਾ ਹੀ ਮਨਾ ਕਰ ਦਿੰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਇਹ ਸੰਭਵ ਨਹੀਂ ਹੈ ਤੇ ਮਹਿਸੂਸ ਕਰਦੇ ਹਨ ਜਿਵੇਂ ਉਨ੍ਹਾਂ ਨੂੰ ਵਾੜੇ ਅੰਦਰ ਤਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਏਸੇ ਲਈ ਸ਼ੁਰੂ-ਸ਼ੁਰੂ ਵਿਚ ਮਨਫ਼ੀ ਵਾਲੇ ਟੋਕਨ ਨੰਬਰ ਕਦੇ ਕਦਾਈਂ ਰਹਿਣ ਦੇਣੇ ਚਾਹੀਦੇ ਹਨ। ਫਿਰ ਹੌਲੀ-ਹੌਲੀ ਇਕ ਮਨਫ਼ੀ ਵਾਲਾ ਟੋਕਨ ਟਿਕਾਈ ਰੱਖੋ। ਫੇਰ ਦੋ ਕਰੋ। ਜੇ ਬੱਚਾ ਆਪਣੀ ਮਨਪਸੰਦ ਵਾਲੀ ਚੀਜ਼ ਪਾਉਣ ਲਈ ਚਾਹਵਾਨ ਹੋਵੇ ਤਾਂ ਹੌਲੀ-ਹੌਲੀ ਮਨਫ਼ੀ ਵਾਲੇ ਟੋਕਨਾਂ ਤੋਂ ਬਚਣਾ ਸ਼ੁਰੂ ਕਰ ਦੇਵੇਗਾ।

ਏਨਾ ਧਿਆਨ ਰੱਖਣ ਦੀ ਲੋੜ ਹੈ ਕਿ ‘ਸ਼ੁਰੂ-ਸ਼ੁਰੂ’ ਦਾ ਮਤਲਬ ਹੈ ਸਿਰਫ਼ ਪਹਿਲੇ 2 ਜਾਂ 3 ਦਿਨ। ਜੇ ਇਸ ਤੋਂ ਵਧ ਦਿਨ ਮਨਫ਼ੀ ਵਾਲੇ ਟੋਕਨ ਵਰਤਣੇ ਨਾ ਸ਼ੁਰੂਕੀਤੇ ਗਏ ਤਾਂ ‘ਬਿਹੇਵੀਅਰ ਪਲੈਨ’ ਉੱਕਾ ਹੀ ਕਮਜ਼ੋਰ ਹੋ ਜਾਵੇਗਾ ਤੇ ਫੇਰ ਅਜਿਹੇ ਬੱਚੇ ਬਿਲਕੁਲ ਕਿਸੇ ਪਾਸਿਓਂ ਕਾਬੂ ਨਹੀਂ ਆਉਂਦੇ।

ਬੱਚੇ ਨੂੰ ਰੋਜ਼ ਉਸ ਦੇ ਨੰਬਰਾਂ ਵਾਲੀ ਸ਼ੀਟ ਵਿਖਾਉਣੀ ਚਾਹੀਦੀ ਹੈ। ਸਾਰੇ ਟੱਬਰ ਨੂੰ ਇਸ ਵਿਚ ਸ਼ਾਮਲ ਕਰਨ ਦੀ ਲੋੜ ਹੈ ਤਾਂ ਜੋ ਕੋਈ ਮੋਹ ਦਾ ਮਾਰਿਆ ਬੱਚੇ ਦੇ ਮਾਨਸਿਕ ਪਰਿਵਰਤਨ ਵਿਚ ਰੋਕਾ ਨਾ ਪਾ ਦੇਵੇ।

ਜੇ ਬੱਚਾ ਪਲੈਨ ਦੇ ਮੁਤਾਬਕ ਉੱਕਾ ਹੀ ਨਾ ਚਲ ਰਿਹਾ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਜਿੰਨਾ ਉਸ ਦਾ ਦਿਮਾਗ਼ ਸਮਝ ਸਕਦਾ ਹੈ, ਇਹ ਕੰਮ ਉਸ ਤੋਂ ਵਧ ਦੱਸੇ ਗਏ ਹਨ। ਸੋ ‘ਬਿਹੇਵੀਅਰ ਪਲੈਨ’ ਵਿਚਲੇ ਕੰਮ ਘਟਾਉਣ ਦੀ ਲੋੜ ਹੈ।

ਸਭ ਤੋਂ ਪਹਿਲਾਂ ਜਿਸ ਪੱਖੋਂ ਵੱਧ ਤੰਗ ਹੋਵੇ, ਉਸੇ ਕੰਮ ਨੂੰ ਫੜਨ ਦੀ ਲੋੜ ਹੈ। ਮਸਲਨ-ਸਵਖ਼ਤੇ ਉੱਠਣਾ ਜਾਂ ਮੇਜ਼ ਉੱਤੋਂ ਜੂਠੀਆਂ ਪਲੇਟਾਂ ਚੁੱਕਣੀਆਂ, ਆਦਿ।

ਜੇ ਅਜਿਹਾ ਇਕ ਅੱਧ ਕੰਮ ਵੀ ਠਰੰਮੇ ਨਾਲ ਕਰਵਾ ਲਿਆ ਤਾਂ ਅਗਲੇ ਹੋਰ ਕੰਮ ਜੋੜੇ ਜਾ ਸਕਦੇ ਹਨ। ਧਿਆਨ ਰਹੇ, ਜੇ ਕਿਸੇ ਵੇਲੇ ਵੀ ਮਾਪੇ ਖਿਝਣ ਲੱਗ ਪਏ ਤਾਂ ਸਾਰਾ ਕੀਤਾ ਕਰਾਇਆ ਖ਼ਤਮ ਸਮਝੋ।

ਬੱਚੇ ਨਾਲ ਲੰਮੀਆਂ-ਲੰਮੀਆਂ ਗੱਲਾਂ ਜਾਂ ਸਲਾਹਾਂ ਕਰਨ ਦੀ ਲੋੜ ਨਹੀਂ ਹੈ। ਜੇ ਸਲਾਹਾਂ ਕਰਨ ਲੱਗ ਪਏ ਜਾਂ ਬੱਚੇ ਦੇ ਕਹੇ ਅਨੁਸਾਰ ਚੱਲੇ ਤਾਂ ਉਹ ਉੱਕਾ ਹੀ ਬੇਕਾਬੂ ਹੋ ਜਾਏਗਾ। ਸੋ ਆਪਣੇ ਬਣਾਏ ਪਲੈਨ ਵਿਚ ਰਤਾ ਕੁ ਸਖ਼ਤੀ ਨਾਲ ਟਿਕੇ ਰਹਿਣ ਦੀ ਲੋੜ ਹੈ। ਢਿੱਲ ਦੇਣ ਦਾ ਮਤਲਬ ਹੈ ਬੱਚੇ ਦਾ ਉੱਕਾ ਹੀ ਹੱਥੋਂ ਨਿਕਲਜਾਣਾ। ਢਹਿ ਢੇਰੀ ਹੋ ਕੇ ਬਹਿਣ ਨਾਲੋਂ ‘ਬਿਹੇਵੀਅਰ ਪਲੈਨ’ ਬਣਾ ਕੇ ਜਿੱਥੇ ਬੱਚੇ ਨੂੰ ਸੇਧ ਮਿਲਦੀ ਹੈ ਉੱਥੇ ਉਸ ਦਾ ਦਿਮਾਗ਼ ਆਹਰੇ ਲੱਗ ਜਾਂਦਾ ਹੈ। ਸਕੂਲ ਵਿਚ ਵੀ ‘ਬਿਹੇਵੀਅਰ ਪਲੈਨ’ ਦੀ ਲੋੜ ਹੈ।

  1. ਬੱਚੇ ਦੀ ਸੀਟ ਅਧਿਆਪਕ ਦੇ ਨੇੜੇ ਪਰ ਖਿੜਕੀਆਂ ਦਰਵਾਜ਼ੇ ਤੋਂ ਪਰ੍ਹਾਂ ਹੋਣੀ ਚਾਹੀਦੀ ਹੈ।
  2. ਅਜਿਹੇ ਬੱਚੇ ਅਧਿਆਪਕ ਵੱਲੋਂ ਬੋਲੀ ਹੋਈ ਹਰ ਗੱਲ ਯਾਦ ਰੱਖਣ ਦੇ ਸਮਰਥ ਨਹੀਂ ਹੁੰਦੇ, ਸੋ ਹਰ ਕਲਾਸ ਵਿਚਲਾ ਸਬਕ ਟੇਪ ਕਰ ਕੇ ਦੇਣਾ ਚਾਹੀਦਾ ਹੈ।
  3. ਲਿਖਣ ਵਿਚ ਦਿੱਕਤ ਆਉਣ ਕਾਰਣ ਇਨ੍ਹਾਂ ਬੱਚਿਆਂ ਨੂੰ ਕਿਸੇ ਹੋਰ ਲੋੜਵੰਦ ਬੱਚੇ ਵੱਲੋਂ ਕਾਪੀ ਵਿਚ ਪੂਰਾ ਕਲਾਸ ਦਾ ਕੰਮ ਉਤਾਰਨ ਲਈ ਕਿਹਾ ਜਾ ਸਕਦਾ ਹੈ, ਜਿਸ ਦਾ ਥੋੜਾ ਬਹੁਤ ਮਿਹਨਤਾਨਾ ਦੇਣਾ ਚਾਹੀਦਾ ਹੈ।
  4. ਘਰ ਵਿਚ ਕਰਨ ਲਈ ਲਿਖਤੀ ਕੰਮ ਘੱਟ ਦੇਣਾ ਚਾਹੀਦਾ ਹੈ। ਸਿਰਫ਼ ਯਾਦ ਕਰਨ ਲਈ ਕੁੱਝ ਪਹਿਰੇ ਜਾਂ ਸਵਾਲ ਬਥੇਰੇ ਹਨ।
  5. ਇਮਤਿਹਾਨਾਂ ਵਿਚ ਬੱਚੇ ਨੂੰ ਬਾਕੀਆਂ ਨਾਲੋਂ ਵੱਧ ਵਕਤ ਦੇਣ ਦੀ ਲੋੜ ਹੈ।
  6. ਇਨ੍ਹਾਂ ਬੱਚਿਆਂ ਵਿਚ ਟਿਕ ਕੇ ਬਹਿਣ ਵਿਚ ਦਿੱਕਤ ਆਉਂਦੀ ਹੈ। ਸੋ ਕੁੱਝ ਅਜਿਹੇ ਕੰਮ, ਜਿਵੇਂ, ਸਾਰੇ ਬੱਚਿਆਂ ਦੀਆਂ ਕਾਪੀਆਂ ਇਕੱਠੀਆਂ ਕਰ ਕੇ ਟੀਚਰ ਨੂੰ ਫੜਾਓ, ਬਾਹਰੋਂ ਪਾਣੀ ਲੈ ਕੇ ਆਓ, ਬਲੈਕ ਬੋਰਡ ਸਾਫ਼ ਕਰੋ ਵਰਗੀਆਂ ਨਿੱਕੀਆਂ ਮੋਟੀਆਂ ਗੱਲਾਂ ਨਾਲ ਬੱਚਾ ਰਤਾ ਮਾਸਾ ਹਿਲ ਜੁਲ ਹੋਣ ਬਾਅਦ ਫਿਰ ਕੁੱਝ ਚਿਰ ਟਿਕ ਕੇ ਬਹਿ ਜਾਂਦਾ ਹੈ।

ਪੱਲੇ ਬੰਨਣ ਦੀ ਗੱਲ ਇਹ ਹੈ ਕਿ ਬੱਚਾ ਤਾਂ ਮਾਨਸਿਕ ਪੱਖੋਂ ਰੋਗੀ ਹੈ ਹੀ, ਉਸ ਨਾਲ ਢਹਿ ਢੇਰੀ ਹੋ ਕੇ ਬਹਿ ਜਾਣ ਜਾਂ ਕੋਸਣ ਨਾਲ ਕੁੱਝ ਹਾਸਲ ਨਹੀਂ ਹੋਣਾ। ਹਿੰਮਤ ਕਰਦੇ ਰਹਿਣ ਨਾਲ ਸਭ ਸੰਵਾਰਿਆ ਜਾ ਸਕਦਾ ਹੈ। ਸੋ ਡਟੇ ਰਹੋ ਤੇ ਸਫ਼ਲਤਾ ਹਾਸਲ ਕਰੋ ! ਨਾਲੇ ਲੰਮੀ ਉਮਰ ਭੋਗੇ। ਮਨੋਰਥ ਪੂਰ ਚਾੜ੍ਹਨ ਦਾ ਹੁਲਾਰਾ ਲੰਮੀ ਉਮਰ ਬਖ਼ਸ਼ ਦਿੰਦਾ ਹੈ !