ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ (ਭਾਗ-2)

0
268

ਸਵਾਲ ਮਾਪਿਆਂ ਦੇ ਜਵਾਬ ਡਾਕਟਰ ਦੇ (ਭਾਗ-2)

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ,ਪਟਿਆਲਾ। ਫੋਨ ਨੰ: 0175-2216783

ਸਵਾਲ : ਮੇਰੇ ਅਤੇ ਮੇਰੇ ਬੱਚੇ ਦੇ ਪੇਟ ਵਿਚ ਗੈਸ ਬਹੁਤ ਬਣਦੀ ਹੈ। ਕਾਰਨ ਅਤੇ ਉਪਾਅ ਦੱਸੋ।

ਜਵਾਬ : ਢਿੱਡ ਅੰਦਰ ਹਵਾ ਬਣਨਾ ਅਤੇ ਨਿਕਲਣਾ ਨਾਰਮਲ ਗਿਣਿਆ ਜਾਂਦਾ ਹੈ। ਮੂੰਹ ਰਾਹੀਂ ਲੰਘੀ ਵਾਧੂ ਹਵਾ ਜਾਂ ਕਿਸੇ ਖਾਣ ਵਾਲੀ ਚੀਜ਼ ਤੋਂ ਬਣੀ ਵਾਧੂ ਹਵਾ ਢਿੱਡ ਨੂੰ ਫੁਲਾ ਦੇ ਪੀੜ ਮਹਿਸੂਸ ਕਰਵਾ ਦਿੰਦੀ ਹੈ। ਜੇ ਅਜਿਹੀ ਪੀੜ ਤੇ ਪੇਟ ਦਾ ਫੁੱਲਣਾ ਰੋਜ਼ ਹੁੰਦਾ ਜਾਪੇ ਤਾਂ ਬੀਮਾਰੀ ਗਿਣਨੀ ਚਾਹੀਦੀ ਹੈ। ਜੇ ਹਵਾ ਨਾ ਸਰੇ ਅਤੇ ਡਕਾਰ ਵੀ ਨਾ ਆਵੇ ਤਾਂ ਗੈਸ ਢਿੱਡ ਜਾਂ ਅੰਤੜੀਆਂ ਵਿਚ ਜਮ੍ਹਾਂ ਹੁੰਦੀ ਰਹਿੰਦੀ ਹੈ ਜੋ ਕਈ ਵਾਰ ਤਿੱਖੀ ਪੀੜ ਵੀ ਕਰ ਦਿੰਦੀ ਹੈ। ਅਜਿਹੇ ਮੌਕੇ ਜੇ ਟੱਟੀ ਕਰ ਲਈ ਜਾਵੇ ਤਾਂ ਤੁਰੰਤ ਆਰਾਮ ਮਿਲ ਜਾਂਦਾ ਹੈ ਕਿਉਂਕਿ ਅੰਤੜੀਆਂ ਵਿਚ ਫਸੀ ਵਾਧੂ ਹਵਾ ਬਾਹਰ ਸਰਕ ਜਾਂਦੀ ਹੈ।

          ਵਾਧੂ ਹਵਾ ਬਣਨ ਦੇ ਕਈ ਕਾਰਨ ਹਨ :-

 1. ਬਹੁਤੇ ਥਿੰਦੇ ਵਾਲਾ ਖਾਣਾ ਜੋ ਢਿੱਡ ਛੇਤੀ ਹਜ਼ਮ ਨਹੀਂ ਕਰ ਸਕਦਾ ਅਤੇ ਖਾਣਾ ਬਹੁਤੀ ਦੇਰ ਢਿੱਡ ਵਿਚ ਪਏ ਰਹਿਣ ਕਾਰਨ ਗੈਸ ਬਣਨ ਲੱਗ ਪੈਂਦੀ ਹੈ।
 2. ਗੈਸ ਭਰੇ ਠੰਡੇ ਜਾਂ ਸੋਡਾ ਪੀਣ ਨਾਲ।
 3. ਬਹੁਤ ਛੇਤੀ-ਛੇਤੀ ਬਿਨਾਂ ਪੂਰੀ ਤਰ੍ਹਾਂ ਚਿੱਥੇ ਖਾਣਾ ਅੰਦਰ ਲੰਘਾਉਣਾ, ਪਾਈਪ ਰਾਹੀਂ ਤੇਜ਼ੀ ਨਾਲ ਪੀਣ ਵਾਲੀ ਚੀਜ਼ ਅੰਦਰ ਲੰਘਾਉਣੀ, ਚਿੰਗਮ ਚੱਬਣ, ਟਾਫ਼ੀ ਚੂਸਣ ਆਦਿ ਨਾਲ ਵਾਧੂ ਹਵਾ ਢਿੱਡ ਅੰਦਰ ਲੰਘ ਜਾਂਦੀ ਹੈ।
 4. ਤਣਾਓ, ਘਬਰਾਹਟ
 5. ਸਿਗਰਟ ਪੀਣੀ
 6. ਅੰਤੜੀਆਂ ਦੀ ਸੋਜ਼ਿਸ਼
 7. ਅੰਤੜੀਆਂ ਵਿਚ ਰੋਕਾ
 8. ਇਰੀਟੇਬਲ ਬਾਵਲ ਸਿੰਡਰੋਮ
 9. ਕਣਕ ਤੋਂ ਐਲਰਜੀ, ਲੈਕਟੋਜ਼ ਤੋਂ ਐਲਰਜੀ ਜਾਂ ਕਿਸੇ ਹੋਰ ਖਾਣ ਵਾਲੀ ਚੀਜ਼ ਤੋਂ ਐਲਰਜੀ ਹੋਣਾ।
 10. ਕੁੱਝ ਤਰ੍ਹਾਂ ਦੀਆਂ ਸਬਜ਼ੀਆਂ ਜਾਂ ਫਲ ਵੀ ਵਾਧੂ ਗੈਸ ਬਣਾਉਂਦੇ ਹਨ, ਜਿਵੇਂ :- ਬਰੌਕਲੀ, ਫਲੀਆਂ, ਪੱਤ ਗੋਭੀ, ਫੁੱਲ ਗੋਭੀ, ਸੇਬ, ਨਾਸ਼ਪਾਤੀ, ਅਲੂਚਾ, ਟਾਫ਼ੀਆਂ, ਚਾਕਲੇਟ, ਪਾਲਕ, ਦੁੱਧ, ਲੱਸੀ, ਪਿਆਜ਼, ਸ਼ੂਗਰ ਫਰੀ ਖਾਣੇ, ਵਾਧੂ ਛਾਣਬੂਰਾ ਆਦਿ।

ਅਜਿਹੀਆਂ ਚੀਜ਼ਾਂ ਖਾਣ ਨਾਲ ਢਿੱਡ ਅਤੇ ਅੰਤੜੀਆਂ ਵਿਚ ਵਾਧੂ ਗੈਸ ਬਣ ਜਾਂਦੀ ਹੈ ਜੋ ਤਕਲੀਫ ਦਿੰਦੀ ਹੈ। ਇੱਥੋਂ ਤਕ ਕਿ ਖਾਣਾ ਖਾਣ ਸਮੇਂ ਜੇ ਲਗਾਤਾਰ ਗੱਲਬਾਤ ਦਾ ਸਿਲਸਿਲਾ ਜਾਰੀ ਰਹੇ, ਤਾਂ ਵੀ ਪੇਟ ਅੰਦਰ ਗੈਸ ਜਮਾਂ ਹੁੰਦੀ ਰਹਿੰਦੀ ਹੈ।

ਡਕਾਰ ਮਾਰਨ ਜਾਂ ਹਵਾ ਸਰਨ ਨਾਲ ਤੁਰੰਤ ਆਰਾਮ ਮਿਲ ਜਾਂਦਾ ਹੈ। ਜੇ ਖਾਣੇ ਦੀ ਪਾਈਪ ਰਾਹੀਂ ਢਿੱਡ ਅੰਦਰਲਾ ਏਸਿਡ ਬਾਹਰ ਨਿਕਲ ਰਿਹਾ ਹੋਵੇ, ਤਾਂ ਵੀ ਕਾਫ਼ੀ ਡਕਾਰ ਤੇ ਅਫਾਰਾ ਮਹਿਸੂਸ ਹੁੰਦਾ ਰਹਿੰਦਾ ਹੈ।

ਕੁੱਝ ਲੋਕ ਆਦਤਨ ਵਾਧੂ ਹਵਾ ਅੰਦਰ ਲੰਘਾ ਕੇ ਸਾਰਾ ਦਿਨ ਡਕਾਰ ਮਾਰਦੇ ਰਹਿੰਦੇ ਹਨ, ਜਿਸ ਨਾਲ ਗੈਸਟਰਾਈਟਿਸ ਹੋ ਸਕਦਾ ਹੈ ਅਤੇ ਕੀਟਾਣੂਆਂ ਦਾ ਹਮਲਾ ਵੀ।

ਇਸ ਤੋਂ ਬਚਾਓ ਲਈ :-

 1. ਹੌਲੀ-ਹੌਲੀ ਚਬਾ ਕੇ ਖਾਣਾ ਖਾਣਾ ਚਾਹੀਦਾ ਹੈ।
 2. ਬੀਅਰ, ਸੋਡਾ, ਠੰਡਿਆਂ ਤੋਂ ਪਰਹੇਜ਼ ਕਰੋ, ਜਿਨ੍ਹਾਂ ਵਿਚ ਕਾਰਬਨ ਡਾਇਓਕਸਾਈਡ ਗੈਸ ਭਰੀ ਗਈ ਹੈ।
 3. ਚਿੰਗਮ ਖਾਣੀ ਘਟਾਓ ਤੇ ਟਾਫ਼ੀਆਂ ਚਾਕਲੇਟਾਂ ਵੀ।
 4. ਸਿਗਰਟ ਨਾ ਪੀਓ।
 5. ਜੇ ਨਕਲੀ ਦੰਦ ਲੱਗੇ ਹਨ ਤਾਂ ਡੈਂਚਰ ਚੈੱਕ ਕਰਵਾਉਣ ਦੀ ਲੋੜ ਹੈ ਕਿਉਂਕਿ ਪੂਰੀ ਤਰ੍ਹਾਂ ਰੋਟੀ ਨਾ ਚੱਬ ਸਕਣ ਕਾਰਨ ਅੱਧੀ ਪਚੱਧੀ ਖਾਧੀ ਹੋਈ ਰੋਟੀ ਵੀ ਢਿੱਡ ਅੰਦਰ ਪਹੁੰਚ ਕੇ ਗੈਸ ਬਣਾ ਦਿੰਦੀ ਹੈ।
 6. ਜੇ ਢਿੱਡ ਅੰਦਰੋਂ ਏਸਿਡ ਬਾਹਰ ਨਿਕਲ ਰਿਹਾ ਹੈ ਤਾਂ ਤੁਰੰਤ ਡਾਕਟਰੀ ਇਲਾਜ ਕਰਵਾਉਣ ਦੀ ਲੋੜ ਹੈ।
 7. ਜਦੋਂ ਵੀ ਐਂਟੀਬਾਇਓਟਿਕ ਦਵਾਈਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਅੰਤੜੀਆਂ ਅੰਦਰਲੇ ਨਾਰਮਲ ਕੀਟਾਣੂ ਮਰ ਜਾਂਦੇ ਹਨ ਜਿਨ੍ਹਾਂ ਨਾਲ ਬਾਹਰਲੇ ਮਾੜੇ ਕੀਟਾਣੂ ਜਮ੍ਹਾਂ ਹੋ ਕੇ ਬੀਮਾਰੀ ਪੈਦਾ ਕਰ ਸਕਦੇ ਹਨ ਤੇ ਵਾਧੂ ਗੈਸ ਵੀ ਬਣਾ ਦਿੰਦੇ ਹਨ।
 8. ਕਬਜ਼ ਦਾ ਤੁਰੰਤ ਇਲਾਜ ਕਰਨ ਦੀ ਲੋੜ ਹੈ, ਕਿਉਂਕਿ ਅੰਤੜੀਆਂ ਦੀ ਘਟ ਹਿਲਜੁਲ ਨਾਲ ਹਵਾ ਜਮ੍ਹਾਂ ਹੋਣੀ ਸ਼ੁਰੂ ਹੋ ਜਾਂਦੀ ਹੈ।
 9. ਜਿਨ੍ਹਾਂ ਨੂੰ ਖੁੰਭਾਂ ਤੋਂ ਐਲਰਜੀ ਹੋਵੇ ਤਾਂ ਇਹ ਖਾਣ ਨਾਲ ਕਾਫ਼ੀ ਗੈਸ ਭਰ ਸਕਦੀ ਹੈ। ਜੇ ਦੁੱਧ ਤੋਂ ਐਲਰਜੀ ਹੋਵੇ ਤਾਂ ਲੈਕਟੋਜ਼ ਫਰੀ ਚੀਜ਼ਾਂ ਪੀਤੀਆਂ ਜਾ ਸਕਦੀਆਂ ਹਨ। ਜੇ ਕਣਕ ਤੋਂ ਐਲਰਜੀ ਹੋਵੇ ਤਾਂ ਕਣਕ ਅਤੇ ਮੈਦਾ ਖਾਣਾ ਬੰਦ ਕਰ ਦੇਣਾ ਚਾਹੀਦਾ ਹੈ।
 10. ਰਾਤ ਦੇ ਖਾਣੇ ਤੋਂ ਬਾਅਦ ਇਕਦਮ ਨਹੀਂ ਸੌਣਾ ਚਾਹੀਦਾ। ਕੁੱਝ ਚਿਰ ਸੈਰ ਕਰਨੀ ਜ਼ਰੂਰੀ ਹੈ।

ਕੁੱਝ ਕੇਸਾਂ ਵਿਚ ਤੁਰੰਤ ਡਾਕਟਰੀ ਸਲਾਹ ਲੈਣ ਦੀ ਲੋੜ ਹੁੰਦੀ ਹੈ :-

 1. ਜੇ ਗੈਸ ਦੇ ਨਾਲ ਟੱਟੀਆਂ ਲੱਗ ਗਈਆਂ ਹੋਣ।
 2. ਤਿੱਖੀ ਢਿੱਡ ਪੀੜ ਹੋਣ ਲੱਗ ਪਵੇ।
 3. ਪੇਟ ਗੈਸ ਨਾਲ ਟੱਟੀ ਵਿਚ ਲਹੂ ਆਉਣ ਲੱਗ ਪਵੇ।
 4. ਟੱਟੀ ਵਿਚ ਲੇਸ ਆਵੇ ਜਾਂ ਕਾਲੀ, ਚਿੱਟੀ ਰੰਗ ਦੀ ਟੱਟੀ ਹੋ ਜਾਵੇ।
 5. ਭਾਰ ਘਟਣ ਲੱਗ ਪਵੇ।
 6. ਛਾਤੀ ਵਿਚ ਪੀੜ ਮਹਿਸੂਸ ਹੋਣ ਲੱਗ ਪਵੇ।

ਸਵਾਲ 2 : ਮੇਰੇ ਬੱਚੇ ਦੀ ਜੀਭ ਦਾ ਰੰਗ ਕਦੇ ਚਿੱਟਾ ਹੋ ਜਾਂਦਾ ਹੈ ਕਦੇ ਲਾਲ। ਕੀ ਕਾਰਨ ਹੋ ਸਕਦੇ ਹਨ?

ਜਵਾਬ : ਜੀਭ ਦੇ ਵੱਖੋ-ਵੱਖ ਰੰਗ ਅਲੱਗ-ਅਲੱਗ ਬੀਮਾਰੀਆਂ ਬਾਰੇ ਦੱਸਦੇ ਹਨ।

 1. ਲਹੂ ਦੀ ਕਮੀ ਜਾਂ ਪੀਲੀਏ ਕਾਰਨ ਜੀਭ ਪੀਲੀ ਹੋ ਸਕਦੀ ਹੈ।
 2. ਜੀਭ ਉੱਤੇ ਉੱਲੀ ਲੱਗ ਜਾਣ ਕਾਰਨ ਚਿੱਟੇ ਦਾਗ਼ ਦਿਸ ਸਕਦੇ ਹਨ ਜੋ ਐਂਟੀਬਾਇਓਟਿਕ ਦਵਾਈਆਂ ਖਾਣ ਨਾਲ ਹੋ ਸਕਦੇ ਹਨ।
 3. ਯੈਲੋ ਬੁਖ਼ਾਰ ਕਾਰਨ ਜੀਭ ਲਾਲ ਰੰਗ ਦੀ ਹੋ ਸਕਦੀ ਹੈ।
 4. ਸਿਗਰਟ ਪੀਣ ਕਾਰਨ ਵੀ ਜੀਭ ਉੱਤੇ ਚਿੱਟੇ ਚਟਾਕ ਦਿਸ ਸਕਦੇ ਹਨ।
 5. ਲਾਈਕਨ ਪਲੈਨਸ ਤੇ ਦਿਲ ਦੇ ਰੋਗਾਂ ਕਾਰਨ ਜੀਭ ਨੀਲੀ ਪੈ ਸਕਦੀ ਹੈ।
 6. ਹੇਅਰੀ ਜੀਭ ਬੀਮਾਰੀ ਵਿਚ ਜੀਭ ਚਿੱਟੀ ਦਿਸ ਸਕਦੀ ਹੈ।
 7. ਵਿਟਾਮਿਨ-ਬੀ 12, ਨਾਇਆਸਿਨ ਤੇ ਫੋਲਿਕ ਏਸਿਡ ਦੀ ਕਮੀ ਸਦਕਾ ਜੀਭ ਲਾਲ ਹੋ ਸਕਦੀ ਹੈ।
 8. ਗਲੇ ਖ਼ਰਾਬ ਵਿਚ ਸਟਰੈਪਟੋਕੌਕਲ ਕੀਟਾਣੂਆਂ ਸਦਕਾ ਵੀ ਜੀਭ ਲਾਲ ਹੋ ਸਕਦੀ ਹੈ।
 9. ਜੌਗਰੈਫ਼ਿਕ ਜੀਭ ਵਿਚ ਜੀਭ ਉੱਤੇ ਨਕਸ਼ੇ ਦੀ ਸ਼ਕਲ ਵਾਂਗ ਟੇਢੀਆਂ ਮੇਢੀਆਂ ਲਾਈਨਾਂ ਦਿਸਣ ਲੱਗ ਪੈਂਦੀਆਂ ਹਨ ਜੋ ਖ਼ਤਰਨਾਕ ਨਹੀਂ ਹੁੰਦੀਆਂ ਤੇ ਆਪਣੇ ਆਪ ਠੀਕ ਵੀ ਹੋ ਜਾਂਦੀਆਂ ਹਨ।
 10. ਜਾਮਨੀ ਜੀਭ : ਵਿਟਾਮਿਨ ਬੀ-2 ਦੀ ਕਮੀ ਨਾਲ ਇਹ ਰੰਗ ਵੇਖਿਆ ਜਾ ਸਕਦਾ ਹੈ।
 11. ਨੀਲੀ ਜੀਭ : ਆਕਸੀਜਨ ਦੀ ਕਮੀ ਸਦਕਾ ਜੀਭ ਨੀਲੀ ਹੋ ਸਕਦੀ ਹੈ। ਇਸ ਦੇ ਕਾਰਨ ਹਨ:-

* ਸਾਹ ਤੋਂ ਤਕਲੀਫ

* ਸਾਹ ਦੀ ਨਾਲੀ ਦਾ ਰੋਕਾ

* ਦਮਾ

* ਜਮਾਂਦਰੂ ਦਿਲ ਦੇ ਰੋਗ

* ਨਿਮੂਨੀਆ

* ਜ਼ਹਿਰੀਲੀ ਚੀਜ਼ ਦਾ ਖਾਧਾ ਜਾਣਾ

 1. ਜੇ ਜੀਭ ਉੱਪਰਲੇ ਪੈਪਿਲੇ (ਉਭਰੇ ਦਾਣੇ) ਲੰਮੇ ਵਾਲਾਂ ਵਾਂਗ ਹੋ ਜਾਣ ਤਾਂ ਕਾਲੀ ਵਾਲਾਂ ਵਾਲੀ ਜੀਭ ਬਣ ਜਾਂਦੀ ਹੈ, ਜਿਸ ਵਿਚ ਖਾਣ ਵਾਲੀਆਂ ਚੀਜ਼ਾਂ ਅੜਨ ਲੱਗ ਪੈਂਦੀਆਂ ਹਨ ਤੇ ਕੀਟਾਣੂਆਂ ਦੇ ਹਮਲੇ ਕਾਰਨ ਜੀਭ ਪਹਿਲਾਂ ਭੂਰੀ ਤੇ ਫੇਰ ਕਾਲੀ ਹੋ ਜਾਂਦੀ ਹੈ।

          ਬਦਹਜ਼ਮੀ ਲਈ ਵਰਤੀਆਂ ਜਾਂਦੀਆਂ ਬਿਸਮਥ ਵਾਲੀਆਂ ਦਵਾਈਆਂ, ਕੁੱਝ ਐਂਟੀਬਾਇਓਟਿਕ ਦਵਾਈਆਂ, ਮਾਊਥਵਾਸ਼, ਤਮਾਕੂ, ਮੂੰਹ ਰਾਹੀਂ ਸਾਹ ਲੈਂਦੇ ਰਹਿਣ ਕਾਰਨ, ਦੰਦਾਂ ਵਿਚ ਕੀਟਾਣੂਆਂ ਦੇ ਹਮਲੇ ਆਦਿ ਕਾਰਨ ਵੀ ਜੀਭ ਕਾਲੀ ਹੋ ਸਕਦੀ ਹੈ।

          ਟਾਈਫਾਈਡ ਬੁਖ਼ਾਰ ਵਿਚ ਜੀਭ ਉੱਤੇ ਚਿੱਟਾ-ਚਿੱਟਾ ਕੁੱਝ ਜੰਮ ਜਾਂਦਾ ਹੈ ਅਤੇ ਬਦਹਜ਼ਮੀ ਵਿਚ ਵੀ ਇਹੋ ਕੁੱਝ ਹੋ ਸਕਦਾ ਹੈ।

ਮੁੱਕਦੀ ਗੱਲ ਇਹ ਕਿ ਜੀਭ ਦਾ ਰੰਗ ਬਦਲਦੇ ਸਾਰ ਤੁਰੰਤ ਸਿਆਣੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।