ਸਰਾਧਾਂ ਨਾਲ ਮਨੁੱਖ ਤੇ ਪਿੱਤਰਾਂ ਦੀ ਮੁਕਤੀ ਨਹੀਂ।

0
933

ਸਰਾਧਾਂ ਨਾਲ ਮਨੁੱਖ ਤੇ ਪਿੱਤਰਾਂ ਦੀ ਮੁਕਤੀ ਨਹੀਂ।

ਪ੍ਰੋ. ਬਲਵਿੰਦਰਪਾਲ ਸਿੰਘ

ਬ੍ਰਾਹਮਣਵਾਦ ਨੇ ਮਨੁੱਖ ਦੀ ਮੁਕਤੀ ਮੌਤ ਤੋਂ ਬਾਅਦ ਮੰਨੀ ਹੈ, ਪਰ ਇਹ ਤਾਂ ਹੀ ਸੰਭਵ ਹੈ, ਜੇਕਰ ਮ੍ਰਿਤਕ ਵਿਅਕਤੀ ਦੇ ਸਾਰੇ ਕਰਮ-ਕਾਂਡ ਬ੍ਰਾਹਮਣ ਦੇ ਹੱਥੋਂ ਹੁੰਦੇ ਹਨ। ਅੱਸੂ ਮਹੀਨੇ ਦੌਰਾਨ 15 ਦਿਨਾਂ ਤੱਕ ਹਿੰਦੂ ਸਮਾਜ ਵਿੱਚ ਸ਼ਰਾਧ ਕੀਤੇ ਜਾਣ ਦੀ ਪਰੰਪਰਾ ਹੈ। ਸ਼ਰਾਧ ਦਾ ਅਰਥ ਹੈ, ਪਿਤਾ ਕਰਮ (ਪਿਤਰਾਂ ਦੀ ਖ਼ੁਸ਼ੀ ਦੇ ਲਈ ਸ਼ਰਧਾ ਦੇ ਨਾਲ ਦਿੱਤਾ ਜਾਣ ਵਾਲਾ ਅੰਨ ਵਸਤਰ ਆਦਿ) ਪਿੰਡ ਦਾਨ ਕਰਾ ਕੇ ਬ੍ਰਾਹਮਣਾਂ ਨੂੰ ਭੋਜਨ, ਅੰਨ, ਧਨ ਦੇ ਕੇ ਸੰਤੁਸ਼ਟ ਕਰਦੇ ਹਨ ਜੋ ਸ਼ਰਾਧ ਕਰਮ ਤੋਂ ਪ੍ਰਸੰਨ ਹੋ ਕੇ ਵਿਅਕਤੀ ਦੇ ਪੂਰਵਜਾਂ ਅਰਥਾਤ ਪਿਤਰਾਂ ਨੂੰ ਸੰਤੁਸ਼ਟੀ ਦਿੰਦੇ ਹਨ। ਬ੍ਰਾਹਮਣਾਂ ਨੇ ਇਹ ਸੋਚ ਕੇ ਕਿ ਬਰਸਾਤ ਖ਼ਤਮ ਹੋ ਜਾਣ ਅਤੇ ਝੋਨੇ ਦੀ ਫ਼ਸਲ ਕੱਟ ਜਾਣ ਤੋਂ ਬਾਅਦ ਪਿੰਡ ਵਿੱਚ ਦੁੱਧ, ਘਿਓ ਦੀ ਬਹੁਤਾਤ ਹੋਵੇਗੀ ਅਤੇ ਕਿਸਾਨਾਂ ਦੇ ਕੋਲ ਦਖਸ਼ਣਾ ਦੇਣ ਲਈ ਕਾਫ਼ੀ ਪੈਸਾ ਹੋਵੇਗਾ; ਅੱਸੂ ਮਹੀਨੇ ਦੇ 15 ਦਿਨਾਂ ਨੂੰ ਪਿਤਰਾਂ ਦੀ ਖ਼ੁਸ਼ੀ ਤੇ ਮੁਕਤੀ ਦੇ ਲਈ ਸ਼ਰਾਧ ਕਰਮ ਨਿਸ਼ਚਿਤ ਕਰ ਦਿੱਤੇ ਹਨ। ਇਸ ਮੌਕੇ ’ਤੇ ਬ੍ਰਾਹਮਣਾਂ ਨੂੰ ਜੋ ਭੋਜਨ ਕਰਾਇਆ ਜਾਂਦਾ ਹੈ, ਉਹ ਪੱਕੀ ਰਸੋਈ ਅਖਵਾਉਂਦਾ ਹੈ।

ਦੇਸੀ ਘਿਓ ’ਚ ਬਣੀਆਂ ਪੂੜੀਆਂ, ਸਬਜ਼ੀ, ਮਿਠਾਈ, ਖੀਰ, ਕੜਾਹ, ਦਹੀਂ ਵੜੇ ਆਦਿ ਅਨੇਕਾਂ ਤਰ੍ਹਾਂ ਦੇ ਪਕਵਾਨ ਇਸ ਵਿੱਚ ਸ਼ਾਮਲ ਹਨ। ਲੋਕਾਂ ਨੂੰ ਸਾਲ ਭਰ ਭਾਵੇਂ ਸੁੱਕੀ ਰੋਟੀ ਵੀ ਨਸੀਬ ਨਾ ਹੋਵੇ, ਪਰ ਪਿੱਤਰਾਂ ਦੀ ਮੁਕਤੀ ਲਈ ਬ੍ਰਾਹਮਣ ਦਾ ਢਿੱਡ ਭਰਨਾ ਜ਼ਰੂਰੀ ਹੈ ਅਤੇ ਬ੍ਰਾਹਮਣ ਦੀ ਵੀ ਮੁਕਤੀ ਦੇ ਨਾਂ ’ਤੇ ਇਨ੍ਹਾਂ ਦਿਨਾਂ ’ਚ ਮੌਜ ਲੱਗ ਜਾਂਦੀ ਹੈ। ਉਹ ਇਸ ਮੌਕੇ ਦੌਰਾਨ ਅੱਧਾ ਦਰਜਨ ਸੱਦੇ ਸਵੀਕਾਰ ਕਰ ਲੈਂਦੇ ਹਨ। ਇਸ ਦੇ ਲਈ ਬ੍ਰਾਹਮਣਾਂ ਦੁਆਰਾ ਤਰਕ ਇਹ ਦਿੱਤਾ ਜਾਂਦਾ ਹੈ ਕਿ ਮ੍ਰਿਤਕ ਵਿਅਕਤੀ ਦੀ ਆਤਮਾ ਤੱਕ ਸੁਆਦੀ ਭੋਜਨ ਅਤੇ ਸੁੱਖ ਸਹੂਲਤ ਦੇ ਸਾਧਨ ਪਹੁੰਚਾਉਣ ਦੇ ਨਾਂ ’ਤੇ ਸ਼ਰਾਧ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਗੱਲਾਂ ਨੂੰ ਸਾਬਤ ਕਰਨ ਦੇ ਲਈ ਉਨ੍ਹਾਂ ਨੇ ਅਜਿਹੇ ਸਲੋਕ, ਸੂਤਰ ਵਾਕ ਰਚੇ, ਜਿਨ੍ਹਾਂ ਨਾਲ ਉਨ੍ਹਾਂ ਦਾ ਅਤੁੱਟ ਸਿੱਕਾ ਚੱਲਦਾ ਰਹੇ। ਮ੍ਰਿਤਕਾਂ ਦੀ ਮੁਕਤੀ ਲਈ ਸ਼ਰਾਧ ਪ੍ਰਥਾ ਆਰੰਭ ਕਰਨ ਵਿੱਚ ਬ੍ਰਾਹਮਣਾਂ ਨੇ ਅਜਿਹੀ ਚਲਾਕੀ ਕੀਤੀ। ਸ਼ਰਾਧ ਦੀ ਆੜ ਵਿੱਚ ਆਪਣੀ ਪੇਟ-ਪੂਜਾ ਦਾ ਵਧੀਆ ਢੰਗ ਕੱਢਿਆ ਹੈ। ਮਨੂੰ ਸਿਮ੍ਰਿਤੀ (ਸਲੋਕ ੯੫, ੯੬, ੯੮-੯੯, ੧੦੦-੧੦੧ ਅਧਿ. ੧) ਅਨੁਸਾਰ ਬ੍ਰਾਹਮਣ ਦੇ ਮੂੰਹ ਰਾਹੀਂ ਦੇਵਤਾ ਲੋਕ ਆਪਣਾ ਹਿੱਸਾ ਅਤੇ ਪਿਤਰ ਲੋਕ ਆਪਣਾ ਹਿੱਸਾ ਖਾਂਦੇ ਹਨ। ਬ੍ਰਾਹਮਣ ਤੋਂ ਸ੍ਰੇਸ਼ਟ ਕੌਣ ਹੋ ਸਕਦਾ ਹੈ ?

ਮਨੂੰ ਸਿਮ੍ਰਤੀ (੩/੨੦੯) ਅਨੁਸਾਰ ਸ਼ਰਾਧਾਂ ਵਿੱਚ ਬ੍ਰਾਹਮਣ ਨੂੰ ਆਸਣ ’ਤੇ ਬਿਠਾ ਕੇ ਉਸ ਦੀ ਪੂਜਾ ਕਰੋ। (੩/੨੩੭) ਜੋ ਵਸਤੂ ਉਸ ਨੂੰ ਪਸੰਦ ਹੈ, ਉਸ ਨੂੰ ਖ਼ੁਸ਼ੀ ਨਾਲ ਪਰੋਸੋ। ਪਰਾਸ਼ਰ ਸਿਮਰਤੀ (੨/੧੭) ਅਨੁਸਾਰ ਬ੍ਰਾਹਮਣ ਤੋਂ ਜੋ ਜਪ ਤਪ ਕਰਵਾਉਂਦਾ ਹੈ ਤੇ ਦਾਨ ਦਖਸ਼ਣਾ ਦਿੰਦਾ ਹੈ, ਉਸ ਨੂੰ ਜਪ-ਤਪ ਦਾ ਪੂਰਾ ਫਲ ਮਿਲਦਾ ਹੈ।

ਅਤ੍ਰਿ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਪਿੱਤਰਪੁਰੀ ਖ਼ਾਲੀ ਹੋ ਜਾਂਦੀ ਹੈ ਕਿਉਂਕਿ ਸਾਰੇ ਪਿੱਤਰ ਸ਼ਰਾਧ ਦਾ ਅੰਨ ਖਾਣ ਲਈ ਮਾਤ ਲੋਕ ਵਿੱਚ ਭੱਜ ਕੇ ਆ ਜਾਂਦੇ ਹਨ ਇਸ ਲਈ ਅਗਰ ਉਨ੍ਹਾਂ ਨੂੰ ਨਾ ਖਵਾਇਆ ਜਾਵੇ, ਤਾਂ ਉਹ ਸਰਾਪ ਦੇ ਕੇ ਚਲੇ ਜਾਂਦੇ ਹਨ। ਸ਼ਰਾਧ ਕਰਾਉਣ ਜਿਹਾ ਹੋਰ ਕੋਈ ਪੁੰਨ ਨਹੀਂ। ਸੁਮੇਰ ਪਰਬਤ ਜਿੰਨੇ ਭਾਰੀ ਪਾਪ ਕੀਤੇ ਸ਼ਰਾਧ ਕਰ ਕੇ ਤੁਰੰਤ ਨਾਸ਼ ਹੋ ਜਾਂਦੇ ਹਨ। ਸ਼ਰਾਧ ਕਰਕੇ ਹੀ ਆਦਮੀ ਨੂੰ ਸਵਰਗ ਪ੍ਰਾਪਤ ਹੁੰਦਾ ਹੈ।

ਸਿਰਫ਼ ਇਹੀ ਨਹੀਂ, ਬਲਕਿ ਸ਼ਰਾਧ ਵਿੱਚ ਦਾਨ ਦਖਸ਼ਣਾ ਦਾ ਵੀ ਅਦਭੁੱਤ ਮਹੱਤਵ ਦੱਸਿਆ ਗਿਆ ਹੈ। ਸ਼ਾਸਤ੍ਰਾਂ ਵਿੱਚ ਕਿਹਾ ਗਿਆ ਹੈ ਕਿ ਬਿਨਾਂ ਦਖਸ਼ਣਾ ਦੇ ਸ਼ਰਾਧ, ਮਾਰੂਥਲ ਵਿੱਚ ਵਰਖਾ, ਹਨੇਰੇ ਵਿੱਚ ਨਾਚ, ਬੋਲੇ ਸਾਹਮਣੇ ਸੰਗੀਤ ਗਾਇਨ ਵਰਗਾ ਹੈ। ਜੋ ਆਪਣੇ ਪਿੱਤਰਾਂ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਬਿਨਾ ਦਾਨ ਦਖਸ਼ਣਾ ਦੇ ਸ਼ਰਾਧ ਨਹੀਂ ਕਰਨਾ ਚਾਹੀਦਾ।

ਵੀਚਾਰ: ਸੁਆਲ ਇਹ ਹੈ ਕਿ ਸ਼ਰਾਧ ਦੇ ਦਿਨਾਂ ਵਿੱਚ ਹੀ ਪਿਤਰਾਂ ਨੂੰ ਬ੍ਰਾਹਮਣ ਦੁਆਰਾ ਭੋਜਨ ਪਹੁੰਚਾਇਆ ਜਾਂਦਾ ਹੈ, ਪੂਰੇ ਸਾਲ ਕਿਉਂ ਨਹੀਂ ਪਹੁੰਚਾਇਆ ਜਾਂਦਾ ? ਬਾਕੀ ਦੇ ਦਿਨ ਪਿੱਤਰ ਭੁੱਖੇ ਨਹੀਂ ਮਰਦੇ ਹੋਣਗੇ ? ਬ੍ਰਾਹਮਣਾਂ ਨੇ ਇੱਕ ਦਿਨ ਅਰਥਾਤ ਜਿਸ ਦਿਨ ਪਿੱਤਰ ਮਰਿਆ ਹੁੰਦਾ ਹੈ, ਭੋਜਨ ਪਹੁੰਚਾਉਣ ਦੀ ਵਿਵਸਥਾ ਤਾਂ ਕਰ ਦਿੱਤੀ, ਸਾਲ ਦੇ ਬਾਕੀ ਦਿਨ ਦੀ ਚਿੰਤਾ ਕਿਉਂ ਨਹੀਂ ਕੀਤੀ?

ਕੀ ਇਨ੍ਹਾਂ ਸ਼ਰਾਧ ਛੱਕਣ ਵਾਲੇ ਬ੍ਰਾਹਮਣਾਂ ਨੂੰ ਪਤਾ ਹੋਵੇਗਾ ਕਿ ਮ੍ਰਿਤਕ ਪਿਤਰ ਦੀ ਆਤਮਾ ਇਸ ਸਮੇਂ ਕਿੱਥੇ ਹੈ, ਜਿਸ ਨਾਲ ਭੋਜਨ ਉਸ ਦੇ ਕੋਲ ਪਹੁੰਚ ਸਕੇ ? ਦੂਸਰਾ ਪੰਡਤ ਜੀ ਨੂੰ ਖੁਆਉਣ ਨਾਲ ਜੇਕਰ ਪਿੱਤਰ ਕੋਲ ਭੋਜਨ ਪਹੁੰਚਦਾ ਹੋਵੇ, ਤਾਂ ਪਰਦੇਸ ਜਾਣ ਵਾਲੇ ਵਿਅਕਤੀ ਨੂੰ ਭੋਜਨ ਬੰਨ੍ਹ ਕੇ ਲਿਜਾਣ ਦੀ ਕੀ ਲੋੜ ਹੈ ? ਫਿਰ ਬ੍ਰਾਹਮਣਾਂ ਰਾਹੀਂ ਪ੍ਰਦੇਸ ਗਏ ਵਿਅਕਤੀ ਨੂੰ ਭੋਜਨ ਪਹੁੰਚਾਉਣ ਦਾ ਵੀ ਕੰਮ ਕਰ ਲੈਣਾ ਚਾਹੀਦਾ ਹੈ।

ਇਹ ਸੋਚ ਹਾਸੋ-ਹੀਣੀ ਹੈ ਕਿ ਬ੍ਰਾਹਮਣਾਂ ਦੇ ਪੇਟ ਵਿੱਚ ਗਿਆ ਭੋਜਨ ਜਜਮਾਨ ਦੇ ਪਿੱਤਰਾਂ ਤੱਕ ਪਹੁੰਚ ਜਾਂਦਾ ਹੈ ਜਾਂ ਉਨ੍ਹਾਂ ਦੀ ਭੁੱਖ ਸ਼ਾਂਤ ਹੋ ਜਾਵੇਗੀ। ਪਿੱਤਰਾਂ ਦੇ ਸਰੀਰ ਜਲਾ ਦਿੱਤੇ ਜਾਂਦੇ ਹਨ। ਹਿੰਦੂ ਧਰਮ ਅਨੁਸਾਰ ਆਤਮਾ ਭੁੱਖ, ਪਿਆਸ ਆਦਿ ਬੰਧਨਾਂ ਤੋਂ ਮੁਕਤ ਹੈ। ਫਿਰ ਇਸ ਲੋਕ ਵਿੱਚ ਬ੍ਰਾਹਮਣਾਂ ਨੂੰ ਖੁਆਇਆ ਗਿਆ ਭੋਜਨ ਪਿਤਰਾਂ ਦੀ ਆਤਮਾ ਤੱਕ, ਜਿਸ ਦਾ ਪਤਾ ਨਹੀਂ ਕਿਸ ਲੋਕ, ਕਿਸ ਜੋਨੀ ਅਤੇ ਕਿਸ ਸਥਿਤੀ ਵਿੱਚ ਹੈ, ਕਿਵੇਂ ਪਹੁੰਚ ਗਿਆ ?

ਜੇਕਰ ਪਿੱਤਰਾਂ ਦੀ ਯਾਦ ਵਿੱਚ ਖੁਆਉਣਾ, ਪਿਆਉਣਾ, ਦਾਨ ਦੇਣਾ ਜ਼ਰੂਰੀ ਹੈ ਤਾਂ ਕੇਵਲ ਅੱਸੂ ਮਹੀਨੇ ਦੇ 15 ਦਿਨ ਹੀ ਉਸ ਦੇ ਲਈ ਨਿਸ਼ਚਿਤ ਕਿਉਂ ਕੀਤੇ ਗਏ ਹਨ ? ਇਹ ਵੀ ਕੇਵਲ ਬ੍ਰਾਹਮਣਾਂ ਨੂੰ ਕਿਉਂ ਦਿੱਤਾ ਜਾਂਦਾ ਹੈ ? ਭੁੱਖੇ, ਨੰਗੇ, ਗ਼ਰੀਬਾਂ, ਲੋੜਵੰਦਾਂ ਨੂੰ ਦਾਨ ਕਿਉਂ ਨਹੀਂ ਦਿੱਤਾ ਜਾਂਦਾ ?

ਕੀ ਪਿੱਤਰ ਨਾਮ ਸਰੀਰ ਦਾ ਹੈ ਜਾਂ ਆਤਮਾ ਦਾ ਜਾਂ ਸਰੀਰ ਸਹਿਤ ਆਤਮਾ ਦਾ ? ਜੇਕਰ ਪਿੱਤਰ ਸਰੀਰ ਦਾ ਨਾਮ ਹੈ, ਤਾਂ ਮਰਨ ਤੋਂ ਬਾਅਦ ਸਰੀਰ ਨੂੰ ਜਲਾ ਦਿੱਤਾ ਜਾਂਦਾ ਹੈ, ਤਾਂ ਫਿਰ ਪਿੱਤਰ ਤਾਂ ਜਲ ਗਏ, ਖ਼ਤਮ ਹੋ ਗਏ। ਜੇਕਰ ਆਤਮਾ ਦਾ ਨਾਮ ਪਿੱਤਰ ਹੈ, ਤਾਂ ਆਤਮਾ ਨਾ ਮਰਦੀ ਹੈ, ਨਾ ਜੰਮਦੀ ਹੈ, ਨਾ ਕਿਸੇ ਦਾ ਬਾਪ, ਪੁੱਤਰ ਆਦਿ ਬਣਦੀ ਹੈ: ‘‘ਨਾ ਇਹੁ ਮਾਨਸੁ, ਨਾ ਇਹੁ ਦੇਉ ॥ ਨਾ ਇਹੁ, ਜਤੀ ਕਹਾਵੈ ਸੇਉ ॥ ਨਾ ਇਹੁ ਜੋਗੀ, ਨਾ ਅਵਧੂਤਾ ॥ ਨਾ ਇਸੁ ਮਾਇ, ਨ ਕਾਹੂ ਪੂਤਾ ॥੧॥ ਇਆ ਮੰਦਰ ਮਹਿ, ਕੌਨ ਬਸਾਈ ? ॥ ਤਾ ਕਾ ਅੰਤੁ ਨ, ਕੋਊ ਪਾਈ ॥੧॥ ਰਹਾਉ ॥ … ਨਾ ਇਹੁ ਤਪਾ, ਕਹਾਵੈ ਸੇਖੁ ॥ ਨਾ ਇਹੁ ਜੀਵੈ, ਨ ਮਰਤਾ ਦੇਖੁ ॥ ਇਸੁ ਮਰਤੇ ਕਉ, ਜੇ ਕੋਊ ਰੋਵੈ ॥ ਜੋ ਰੋਵੈ, ਸੋਈ ਪਤਿ ਖੋਵੈ ॥’’… ਕਹੁ ਕਬੀਰ ! ਇਹੁ ਰਾਮ ਕੀ ਅੰਸੁ ॥ ਜਸ (ਜੈਸੇ) ਕਾਗਦ ਪਰ ਮਿਟੈ ਨ ਮੰਸੁ (ਸਿਆਹੀ)॥’’ (ਭਗਤ ਕਬੀਰ/੮੭੧) ਜੇਕਰ ਸਰੀਰ ਸਹਿਤ ਆਤਮਾ ਪਿੱਤਰ ਹੈ, ਤਾਂ ਅਸੀਂ ਜੀਉਂਦਿਆਂ ਜੀਅ ਉਨ੍ਹਾਂ ਦੀ ਸੇਵਾ ਕਿਉਂ ਨਹੀਂ ਕਰਦੇ ?

ਸੋ, ਪੰਡਤਾਂ ਦੀ ਬਣਾਈ ਸ਼ਰਾਧ ਪਰੰਪਰਾ ਸ਼ੈਤਾਨ ਮਨ ਦੀ ਉਪਜ ਹੈ। ਇਸ ਦਾ ਕੋਈ ਲਾਭ ਨਹੀਂ, ਨਾ ਹੀ ਇਸ ਦਾ ਕਿਸੇ ਮੁਕਤੀ ਨਾਲ ਸੰਬੰਧ ਹੈ। ਗੁਰਬਾਣੀ ਵਿੱਚ ਸੰਤ ਕਬੀਰ ਮਹਾਰਾਜ ਸ਼ਰਾਧ ਕਰਾਉਣ ਵਾਲਿਆਂ ਨੂੰ ਤਾੜਨਾ ਕਰਦੇ ਹਨ ਕਿ ਹੇ ਦੁਨੀਆਂ ਦੇ ਲੋਕੋ! ਜੀਉਂਦੇ ਜੀਅ ਤੁਸੀਂ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੇ। ਉਨ੍ਹਾਂ ਦੇ ਮਰਨ ਤੋਂ ਬਾਅਦ ਤੁਸੀਂ ਸ਼ਰਾਧ ਇਸ ਲਈ ਕਰਦੇ ਹੋ, ਤਾਂ ਜੋ ਘਰ ਵਿੱਚ ਕੋਈ ਮਾੜੀ ਘਟਨਾ ਨਾ ਵਾਪਰੇ, ਪਰਿਵਾਰ ਵਿੱਚ ਖੁਸ਼ੀ ਬਣੀ ਰਹੇ। ਤਾਂ ਤੇ ਇਹ ਸ਼ਰਾਧ ਕਰਨ ਵਾਲਿਓ ! ਮੈਨੂੰ ਕੋਈ ਅਜਿਹਾ ਪਰਿਵਾਰ ਦੱਸ ਦਿਓ, ਜਿੱਥੇ ਕਦੇ ਕਿਸੇ ਦੀ ਮੌਤ ਨਹੀਂ ਹੋਈ। ਅਜਿਹੇ ਲੋਕ ਇਸ ਫਰਜ਼ੀ ਆਨੰਦ ਦੀ ਦੌੜ ਵਿੱਚ ਸ਼ਰਾਧ ਕਰਦੇ ਰਹਿੰਦੇ ਹਨ ਤੇ ਪਰਿਵਾਰਾਂ ਦੀ ਮੌਤ ਦਾ ਸਿਲਸਲਾ ਚੱਲਦਾ ਰਹਿੰਦਾ ਹੈ। ਤਾਂ ਫਿਰ ਸ਼ਰਾਧ ਕਰਾਉਣ ਵਾਲਿਓ ! ਤੁਸੀਂ ਇਹ ਤਾਂ ਦੱਸੋ, ਤੁਹਾਡੀ ਥਿਊਰੀ ਵਿੱਚ ਆਨੰਦ ਦਾ ਅਰਥ ਕੀ ਹੈ ?

‘‘ਜੀਵਤ ਪਿਤਰ ਨ ਮਾਨੈ ਕੋਊ, ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ, ਕਊਆ ਕੂਕਰ ਖਾਹੀ ॥੧॥

ਮੋ ਕਉ ਕੁਸਲੁ ਬਤਾਵਹੁ ਕੋਈ ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ, ਕੁਸਲੁ ਭੀ ਕੈਸੇ ਹੋਈ ? ॥੧॥ ਰਹਾਉ ॥’’ (ਪੰਨਾ ੩੩੨)

ਸ਼ਰਾਧਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਜੋ ਮਨੁੱਖ ਸੰਸਾਰ ’ਚ ਆਉਂਦਾ ਹੈ ਉਹ ਚਲਾ ਜਾਂਦਾ ਹੈ। ਪਿੱਛੋਂ ਕਰਵਾਏ ਗਏ ਪਿੰਡ ਪੱਤਲ ਕਾਵਾਂ ਕੁੱਤਿਆਂ ਵਾਸਤੇ ਹੀ ਹੁੰਦੇ ਹਨ। ਜਿਹੜੇ ਲੋਕ ਪੰਡਤਾਂ ਪਿੱਛੇ ਲੱਗ ਕੇ ਭਰਮ ਕਰਦੇ ਹਨ ਕਿ ਸ਼ਰਾਧ ਕਰਵਾਉਣ ਨਾਲ ਪਿੱਤਰਾਂ ਦਾ ਉਧਾਰ ਹੋ ਜਾਵੇਗਾ, ਉਹ ਮਨਮੁਖ ਹਨ ਤੇ ਮਨ ਦੀ ਦੌੜ ਪਿੱਛੇ ਚੱਲ ਕੇ ਅਗਿਆਨਤਾ ਦੇ ਹਨੇਰੇ ’ਚ ਠੋਕਰਾਂ ਖਾ ਰਹੇ ਹਨ। ਅਸਲ ’ਚ ਅਜਿਹੇ ਲੋਕ ਰੱਬੀ ਗਿਆਨ ਨਾਲ ਨਾ ਜੁੜੇ ਹੋਣ ਕਰਕੇ ਪੁਜਾਰੀਵਾਦ ਦੇ ਜਨਮ ਮਰਨ ਦੇ ਗੇੜ ’ਚ ਫਸੇ ਰਹਿ ਜਾਂਦੇ ਹਨ: ‘‘ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥ ਨਾਨਕ ! ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ ਡੁਬਾ ਸੰਸਾਰੁ ॥’’ (ਪੰਨਾ ੧੩੮)

ਦੁੱਖ ਇਸ ਗੱਲ ਦਾ ਹੈ ਕਿ ਗੁਰਬਾਣੀ ਨੂੰ ਮੰਨਣ ਵਾਲੇ ਵੀ ਪੁਜਾਰੀਵਾਦ ਦੇ ਮਗਰ ਲੱਗ ਕੇ ਇਨ੍ਹਾਂ ਸ਼ਰਾਧਾਂ ਦੇ ਚੱਕਰ ’ਚ ਫਸ ਕੇ ਜਨਮ ਮਰਨ ਤੇ ਚੌਰਾਸੀ ਲੱਖ ਜੂਨਾਂ ’ਚ ਪੈ ਜਾਂਦੇ ਹਨ। ਸ਼ਰਾਧ ਵਰ੍ਹੀਣੇ ਜਾਂ ਬਰਸੀਆਂ ਦੀ ਗੁਰਮਤਿ ’ਚ ਕੋਈ ਬੁੱਕਤ ਨਹੀਂ, ਇਹ ਤਾਂ ਪਿੱਤਰ ਪੂਜਾ ਦਾ ਫੋਕਾ ਵਹਿਮ ਹੈ। ਜੇਕਰ ਪੰਡਤਾਂ ਦੀ ਥਾਂ ’ਤੇ ਗ੍ਰੰਥੀਆਂ, ਭਾਈਆਂ ਨੂੰ ਭੋਜਨ ਛਕਾ ਦਿੱਤਾ ਤਾਂ ਇਸ ਨਾਲ ਕੀ ਫਾਇਦਾ ? ਵਹਿਮ ਤਾਂ ਉਹੀ ਰਿਹਾ। ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਨ ਲਈ ਕਿਸੇ ਗਰੀਬ ਨੂੰ ਪੜ੍ਹਾ ਕਿਉਂ ਨਹੀਂ ਦਿੰਦੇ, ਬਿਮਾਰ ਗਰੀਬ ਦਾ ਇਲਾਜ ਕਿਉਂ ਨਹੀਂ ਕਰਵਾ ਦਿੰਦੇ ?

ਕੀ ਅਜਿਹਾ ਕਰਨਾ ਚੰਗੀ ਗੱਲ ਹੈ ਜਾਂ ਫਿਰ ਵਿਹਲੜ ਪੁਜਾਰੀ ਦਾ ਢਿੱਡ ਭਰਨਾ ? ਕੀ ਅਕਾਲ ਪੁਰਖ ਗਰੀਬਾਂ ਦੀ ਸੇਵਾ ਨਾਲ ਖੁਸ਼ ਹੋਵੇਗਾ ਜਾਂ ਵਿਹਲੜ ਵਿਅਕਤੀ ਦੀ ਸੇਵਾ ਨਾਲ ? ਸਿੱਖ ਧਰਮ ਦੇ ਪ੍ਰਚਾਰਕਾਂ, ਗ੍ਰੰਥੀਆਂ, ਕਥਾਵਾਚਕਾਂ ਨੂੰ ਗੁਰਬਾਣੀ ਤੋਂ ਸੇਧ ਲੈ ਕੇ ਕਰਮਕਾਂਡਾਂ ਬਾਰੇ ਸੰਗਤ ਨੂੰ ਜਾਗ੍ਰਿਤ ਕਰਣਾ ਚਾਹੀਦਾ ਹੈ। ਸਾਰੀ ਗੁਰਬਾਣੀ ਮਨੁੱਖ ਨੂੰ ਇਸ ਕਰਮਕਾਂਡਾਂ ’ਚੋਂ ਬਾਹਰ ਕੱਢਦੀ ਹੈ ਤੇ ਇਸ ਦੀ ਨਿਖੇਧੀ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਤਾਂ ਮਨੁੱਖ ਨੂੰ ਇਨ੍ਹਾਂ ਚੱਕਰਾਂ ’ਚੋਂ ਕੱਢਦੇ ਹਨ। ਫਿਰ ਅਸੀਂ ਗੁਰੂ ਦਾ ਕਹਿਣਾ ਕਿਉਂ ਨਾ ਮੰਨੀਏ ? ਲੋੜ ਤਾਂ ਗੁਰਮਤਿ ਦੇ ਚਾਨਣੇ ’ਚ ਤੁਰਨ ਦੀ ਹੈ।