ਸਰਬੱਤ ਖ਼ਾਲਸਾ: ਅਤੀਤ ਅਤੇ ਵਰਤਮਾਨ

0
305

ਸਰਬੱਤ ਖ਼ਾਲਸਾ: ਅਤੀਤ ਅਤੇ ਵਰਤਮਾਨ

ਕਰਮਜੀਤ ਸਿੰਘ-99150-91063

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦੇਣ ਪਿੱਛੋਂ ਸਿੱਖਾਂ ਦੇ ਵੱਡੇ ਹਿੱਸੇ ਵਿੱਚ ਫੈਲੇ ਰੋਸ ਨੂੰ ਵੇਖਦਿਆਂ ਸਰਬੱਤ ਖ਼ਾਲਸਾ ਸੱਦਣ ਦਾ ਵਿਚਾਰ ਜ਼ੋਰ ਫੜ ਗਿਆ ਹੈ। ਸਿੱਖ ਪੰਥ ਦੇ ਵਿਚਾਰਧਾਰਕ-ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ, ਜਦੋਂ ਸਰਬੱਤ ਖ਼ਾਲਸਾ ਦੀ ਮਹੱਤਤਾ, ਮਹਾਨਤਾ ਅਤੇ ਜਥੇਦਾਰ ਦੀ ਸੰਸਥਾ ਦੇ ਅਧਿਕਾਰ ਖੇਤਰ ਤੈਅ ਕਰਨ ਦੀ ਲੋੜ ਦਾ ਅਹਿਸਾਸ ਵਿਦਵਾਨਾਂ ਦੇ ਸੀਮਤ ਘੇਰੇ ਵਿੱਚੋਂ ਨਿਕਲ ਕੇ ਸੰਤਾਂ, ਮਹਾਪੁਰਸ਼ਾਂ, ਸਤਿਕਾਰੇ ਹੋਏ ਪ੍ਰਚਾਰਕਾਂ, ਪੜ੍ਹੇ ਲਿਖੇ ਨੌਜਵਾਨਾਂ ਅਤੇ ਇੱਥੋਂ ਤਕ ਇਹ ਹਾਕਮ ਜਮਾਤ ਦੀਆਂ ਸਫ਼ਾਂ ਵਿੱਚ ਵੀ ਫੈਲ ਗਿਆ ਹੈ। ਖ਼ਾਮੋਸ਼ ਤੇ ਰੂਪੋਸ਼ ਬਹੁਗਿਣਤੀ ਹੁਣ ਇਹ ਕਹਿਣ ਲੱਗੀ ਹੈ ਕਿ ਅਕਾਲ ਤਖ਼ਤ ਸਾਹਿਬ ’ਤੇ ਜੋ ਕੁਝ ਹੋਇਆ ਅਤੇ ਹੁੰਦਾ ਰਿਹਾ ਹੈ, ਉਹ ਕਿਸੇ ਵੀ ਤਰ੍ਹਾਂ ਠੀਕ ਨਹੀਂ। ਪਰ ਹੁਣ ‘ਕੀ ਹੋਵੇ ਅਤੇ ਕਿਵੇਂ ਹੋਵੇ’ ਦੇ ਵੱਡੇ ਸਵਾਲ ਦਾ ਜਥੇਬੰਦਕ ਅਤੇ ਠੋਸ ਹੱਲ ਨਾ ਤਾਂ ਵਿਦਵਾਨਾਂ ਨੇ ਦਿੱਤਾ ਹੈ ਅਤੇ ਨਾ ਹੀ ਸਿੱਖ ਸੰਗਤ ਦੇ ਜਾਗਦੇ ਹਿੱਸਿਆਂ ਨੇ ਇਸ ਮਹੱਤਵਪੂਰਨ ਮੁੱਦੇ ’ਤੇ ਆਪਣੀ ਵਿਸ਼ੇਸ਼ ਦਿਲਚਸਪੀ ਜ਼ਾਹਿਰ ਕੀਤੀ ਹੈ।
‘ਸਰਬੱਤ ਖ਼ਾਲਸਾ’ ਆਪਣੇ-ਆਪ ਵਿੱਚ ਸੰਕਲਪ ਵੀ ਹੈ ਅਤੇ ਸੰਸਥਾ ਵੀ। ਜਦੋਂ ਅਸੀਂ ਇਸ ਨੂੰ ਸੰਕਲਪ ਦੇ ਅਰਥਾਂ ਵਿੱਚ ਵਰਤਦੇ ਹਾਂ ਤਾਂ ਇਸ ਦਾ ਰਹੱਸਵਾਦੀ ਅਰਥ ਹੈ- ਅਕਾਲ ਪੁਰਖ਼ ਦੇ ਰੰਗ ਵਿੱਚ ਰੰਗੀ ਖ਼ਾਲਸਾ ਪੰਥ ਦੀ ਰੂਹ। ਪਰ ਜਦੋਂ ਅਸੀਂ ਸੰਸਥਾ ਦੇ ਅਰਥਾਂ ਵਿੱਚ ਵਰਤਦੇ ਹਾਂ ਤਾਂ ਇਸ ਦੇ ਅਰਥ ਹਨ- ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਖ਼ਾਲਸਾ ਕਾਮਨਵੈਲਥ ਦੀ ਸਰਵਉੱਚ ਸੰਸਥਾ ਜਾਂ ਖ਼ਾਲਸਾ ਪੰਥ ਦੀ ਰਾਜਨੀਤਕ ਅਗਵਾਈ ਦਾ ਧੁਰਾ, ਕੇਂਦਰ ਬਿੰਦੂ ਜਾਂ ਖ਼ਾਲਸਾ ਪੰਥ ਦੀ ਇਕਮੁੱਠ ਹੋਈ ਸੋਚ ਜਾਂ ਮਰਜ਼ੀ ਜਾਂ ਇੱਛਾ ਦਾ ਖ਼ਾਲਸ ਪ੍ਰਤੀਕ। ‘ਖ਼ਾਲਸਾ ਕਾਮਨਵੈਲਥ’ ਦਾ ਮਤਲਬ ਹੈ- ਖ਼ਾਲਸਾ ਪੰਥ ਦੇ ਸਾਂਝੇ ਹਿੱਤਾਂ ਦਾ ਮੁਜੱਸਮਾ ਜਾਂ ਸਿੱਖ ਕੌਮ ਦੀ ਸਾਂਝੀ ਸੋਚ ਦੀ ਇਕਾਗਰ ਹੋਈ ਇਕੱਤਰਤਾ ਜਾਂ ਨੁਮਾਇੰਦਾ ਇਕੱਠ ਜਾਂ ਪ੍ਰਤੀਨਿਧ ਪਾਰਲੀਮੈਂਟ।

ਸਰਬੱਤ ਖ਼ਾਲਸਾ ਦੀ ਸੰਸਥਾ ਦਾ ਪ੍ਰਕਾਸ਼ 18ਵੀਂ ਸਦੀ ਵਿੱਚ ਸਿੱਖ ਪੰਥ ਦੀਆਂ ਲੋੜਾਂ ਅਤੇ ਮਜਬੂਰੀਆਂ ਵਿੱਚੋਂ ਹੋਇਆ। ਮੁਗ਼ਲਾਂ ਤੇ ਅਫ਼ਗਾਨਾਂ ਦੇ ਜ਼ੁਲਮ ਤੇ ਵਧੀਕੀਆਂ ਇਸ ਹੱਦ ਤਕ ਵਧ ਗਈਆਂ ਸਨ ਕਿ ਸਿੱਖਾਂ ਨੇ ਛੋਟੇ-ਛੋਟੇ ਸਮੂਹਾਂ ਦੇ ਰੂਪ ਵਿੱਚ ਦੂਰ-ਦੁਰਾਡੇ ਜੰਗਲਾਂ ਤੇ ਪਹਾੜਾਂ ਵਿੱਚ ਜਾ ਸ਼ਰਨ ਲਈ। ਹਥਿਆਰਬੰਦ ਅੰਮ੍ਰਿਤਧਾਰੀ ਸਿੰਘ ਸਾਲ ਵਿੱਚ ਦੋ ਵਾਰ ਅਰਥਾਤ ਵਿਸਾਖੀ ਤੇ ਦੀਵਾਲੀ ਮੌਕੇ ’ਤੇ ਕਿਵੇਂ ਨਾ ਕਿਵੇਂ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਂਦੇ, ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਅਤੇ ਅਕਾਲ ਤਖ਼ਤ ’ਤੇ ਇਕੱਠੇ ਹੋ ਕੇ ਖ਼ਾਲਸੇ ’ਤੇ ਝੁੱਲੀ ਹਨੇਰੀ ਦਾ ਮੁਕਾਬਲਾ ਕਰਨ ਲਈ ਗੰਭੀਰ ਵਿਚਾਰਾਂ ਕਰਦੇ। ਉਨ੍ਹਾਂ ਹਾਲਤਾਂ ਵਿੱਚ ਇਹ ਇਕੱਠ ਸਿੱਖ ਕੌਮ ਦੀ ਰੂਹ ਦੇ ਹਾਣੀ ਜਾਂ ਸਿੱਖ ਕੌਮ ਦੀ ਖ਼ਾਮੋਸ਼ ਬਹੁਗਿਣਤੀ ਦੇ ਅਸਲ ਤਰਜਮਾਨ ਸਮਝੇ ਜਾਣ ਲੱਗੇ। ਬਸ, ਇਹੋ ਇਕੱਠ ਹੀ ਖ਼ਾਲਸਾ ਪੰਥ ਦੇ ਦਿਲਾਂ ਤੇ ਦਿਮਾਗਾਂ ਵਿੱਚ ‘ਸਰਬੱਤ ਖ਼ਾਲਸਾ’ ਬਣ ਗਏ। ਇਹ ਇਕੱਠ ਦੋਸਤ ਤਾਕਤਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨਾਲ ਲੋੜੀਂਦੇ ਰਿਸ਼ਤੇ ਤੈਅ ਕਰਦੇ ਅਤੇ ਦੁਸ਼ਮਣਾਂ ਨਾਲ ਦੋ ਹੱਥ ਕਰਨ ਲਈ ਰਣਨੀਤੀਆਂ ਘੜਦੇ। ਸਭ ਤੋਂ ਪਹਿਲਾ ਸਰਬੱਤ ਖ਼ਾਲਸਾ 1723 ਦੀ ਦੀਵਾਲੀ ਨੂੰ ਹੋਇਆ, ਜਦੋਂ ਤੱਤ ਖ਼ਾਲਸਾ ਅਤੇ ਬੰਦਈ ਖ਼ਾਲਸਾ ਵਿੱਚ ਹੋਣ ਵਾਲੀ ਸੰਭਾਵੀਂ ਝੜਪ ਨੂੰ ਟਾਲਣ ਲਈ ਦੋਵਾਂ ਧਿਰਾਂ ਨੇ ਭਾਈ ਮਨੀ ਸਿੰਘ ਨੂੰ ਸਾਲਸ ਮੰਨ ਲਿਆ। ਭਾਈ ਸਾਹਿਬ ਨੇ ਆਪਣੇ ਅਨੁਭਵ, ਦਿਬ-ਦ੍ਰਿਸ਼ਟੀ, ਤਜਰਬੇ ਅਤੇ ਨਿਰਪੱਖਤਾ ਨਾਲ ਦੋਵਾਂ ਧਿਰਾਂ ਵਿੱਚ ਸੁਲ੍ਹਾ ਸਫ਼ਾਈ ਕਰਵਾ ਦਿੱਤੀ, ਪਰ ਇਸ ਘਟਨਾ ਪਿੱਛੋਂ ਤੱਤ ਖ਼ਾਲਸਾ ਦਾ ਹੀ ਬੋਲਬਾਲਾ ਹੋਣ ਲੱਗਾ।

ਦੂਜਾ ਸਰਬੱਤ ਖ਼ਾਲਸਾ 13 ਅਕਤੂਬਰ 1726 ਨੂੰ ਭਾਈ ਤਾਰਾ ਸਿੰਘ ਡੱਲਵਾਂ ਦੀ ਸ਼ਹੀਦੀ ਤੋਂ ਚਾਰ ਮਹੀਨੇ ਪਿੱਛੋਂ ਹੋਇਆ। ਇਸ ਵਿੱਚ ਗੁਰਮਤਾ ਸੋਧ ਕੇ ਤਿੰਨ ਅਹਿਮ ਫ਼ੈਸਲੇ ਹੋਏ। ਇੱਕ ਸ਼ਾਹੀ ਖ਼ਜ਼ਾਨੇ ਲੁੱਟੇ ਜਾਣ। ਦੂਜਾ ਸਰਕਾਰੀ ਮੁਖ਼ਬਰਾਂ, ਖ਼ੁਸ਼ਾਮਦੀਆਂ, ਜੁੱਤੀ ਚੱਟਾਂ ਅਤੇ ਲਾਈਲੱਗਾਂ ਨੂੰ ਸੋਧਿਆ ਜਾਵੇਗਾ ਅਤੇ ਤੀਜਾ ਅਸਲਾਖ਼ਾਨੇ ਲੁੱਟ ਕੇ ਹਥਿਆਰ ਵੱਧ ਤੋਂ ਵੱਧ ਗਿਣਤੀ ਵਿੱਚ ਜਮ੍ਹਾਂ ਕੀਤੇ ਜਾਣ। ਇਨ੍ਹਾਂ 80-82 ਸਾਲਾਂ ਦੇ ਵਕਫ਼ੇ ਵਿੱਚ ਅਰਥਾਤ 1805 ਤਕ ਤਿੰਨ ਦਰਜਨ ਦੇ ਕਰੀਬ ਸਰਬੱਤ ਖ਼ਾਲਸਾ ਦੇ ਸਮਾਗਮ ਹੋਏ। ਆਖ਼ਰੀ ਸਰਬੱਤ ਖ਼ਾਲਸਾ 1805 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੱਦਿਆ, ਜਿਸ ਵਿੱਚ ਇਹ ਫ਼ੈਸਲਾ ਕਰਨਾ ਸੀ ਕਿ ਅੰਗਰੇਜ਼ ਹਕੂਮਤ ਹੱਥੋਂ ਹਾਰ ਖਾ ਕੇ ਸਿੱਖ ਰਾਜ ਦੀ ਸ਼ਰਨ ਵਿੱਚ ਆਏ ਮਰਾਠਿਆਂ ਦੇ ਸਰਦਾਰ ਜਸਵੰਤ ਸਿੰਘ ਰਾਓ ਹੁਲਕਰ ਪ੍ਰਤੀ ਕੀ ਰਵੱਈਆ ਅਖ਼ਤਿਆਰ ਕੀਤਾ ਜਾਵੇ। ਫ਼ੈਸਲਾ ਹੋਇਆ ਕਿ ਬਰਤਾਨਵੀ ਜਰਨੈਲ ਲਾਰਡ ਲੇਕ ਤੇ ਹੁਲਕਰ ਦੀ ਲੜਾਈ ਵਿੱਚ ਖ਼ਾਲਸਾ ਪੰਥ ਨਿਰਪੱਖ ਰਹੇਗਾ। 19ਵੀਂ ਸਦੀ ਵਿੱਚ 18 ਮਾਰਚ 1887 ਨੂੰ ਅੰਗਰੇਜ਼ ਹਕੂਮਤ ਦੌਰਾਨ ਅਕਾਲ ਤਖ਼ਤ ਸਾਹਿਬ ਦਾ ਇੰਤਜ਼ਾਮ ਕਰਨ ਵਾਲੇ ਪੁਜਾਰੀਆਂ ਨੇ ਸਿੰਘ ਸਭਾ ਦੇ ਮਹਾਨ ਆਗੂ ਪ੍ਰੋ. ਗੁਰਮੁਖ ਸਿੰਘ ਨੂੰ ਪੰਥ ਵਿੱਚੋਂ ਖ਼ਾਰਜ ਕਰਨ ਦਾ ਕਥਿਤ ਹੁਕਮਨਾਮਾ ਜਾਰੀ ਕੀਤਾ, ਪਰ ਖ਼ਾਲਸਾ ਪੰਥ ਨੇ ਇਸ ਨੂੰ ਪ੍ਰਵਾਨ ਨਾ ਕੀਤਾ। ਵੀਹਵੀਂ ਸਦੀ ਦੇ ਆਖ਼ਰੀ ਦਹਾਕੇ ਵਿੱਚ ਸਿੰਘ ਸਾਹਿਬਾਨ ਨੇ ਇਹ ਹੁਕਮਨਾਮਾ ਰੱਦ ਕਰ ਦਿੱਤਾ। 1920 ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੇ ਸਰਬੱਤ ਖ਼ਾਲਸਾ ਦੀ ਰਵਾਇਤ ਨੂੰ ਮੁੜ ਤੋਰਿਆ ਅਤੇ 15 ਨਵੰਬਰ 1920 ਨੂੰ ਅਕਾਲ ਤਖ਼ਤ ਸਾਹਿਬ ਦੇ ਸੇਵਕ ਗੁਰਬਖਸ਼ ਸਿੰਘ ਵੱਲੋਂ ਸਰਬੱਤ ਖ਼ਾਲਸਾ ਸੱਦਿਆ ਗਿਆ। ਇਸ ਵਿੱਚ ਵੱਖ ਵੱਖ ਸੰਸਥਾਵਾਂ ਤੇ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਸਰਬੱਤ ਖ਼ਾਲਸਾ ਦੀ ਇੱਕ ਕੋਸ਼ਿਸ਼ 1926 ਵਿੱਚ ਵੀ ਹੋਈ। ਇਹ ਇਕੱਠ ਗੜਗੱਜ ਅਕਾਲੀ ਦੀਵਾਨ ਵੱਲੋਂ ਗੁਰਦੁਆਰਾ ਐਕਟ ਬਾਰੇ ਗੁਰਮਤਾ ਕਰਨ ਵਾਸਤੇ ਬੁਲਾਇਆ ਗਿਆ ਸੀ। ਇੱਕ ਇਤਿਹਾਸਕ ਹਵਾਲੇ ਮੁਤਾਬਕ ਇੱਕ ਸਰਬੱਤ ਖ਼ਾਲਸਾ ਅਕਾਲ ਤਖ਼ਤ ਤੋਂ ਬਾਹਰ ਸਰਹਿੰਦ ਵਿੱਚ ਵੀ ਹੋਇਆ। ਇਸ ਪਿੱਛੋਂ ਸਰਬੱਤ ਖ਼ਾਲਸਾ ਦੇ ਇਕੱਠ ਬੰਦ ਹੋ ਗਏ।

ਜੂਨ 1984 ਵਿੱਚ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਪਿੱਛੋਂ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਦੇ ਪਾਵਨ ਅਸਥਾਨ ’ਤੇ ਸਰਬੱਤ ਖ਼ਾਲਸਾ ਦਾ ਸਮਾਗਮ ਹੋਇਆ। ਇਸ ਸਰਬੱਤ ਖ਼ਾਲਸਾ ਦੇ ਸਮਾਗਮ ਤੋਂ ਪਹਿਲਾਂ ਸੁਹਿਰਦ ਸਿੱਖਾਂ ਵੱਲੋਂ ਕਈ ਦਿਨ ਗੰਭੀਰ ਵਿਚਾਰ ਵਟਾਂਦਰਾ ਹੁੰਦਾ ਰਿਹਾ। ਇਹ ਸਮਾਗਮ ਜ਼ਖ਼ਮੀ ਸਿੱਖ ਕੌਮ ਨੂੰ ਨਵੀਂ ਰਾਜਨੀਤਕ ਸੇਧ ਦੇਣ ਦਾ ਇਤਿਹਾਸਕ ਉਪਰਾਲਾ ਸੀ। ਇਸ ਵਿੱਚ ਕਈ ਗੁਰਮਤੇ ਸੋਧੇ ਗਏ। ਇਨ੍ਹਾਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨਾ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸੇਵਾਮੁਕਤ ਕਰਨਾ, ਪੰਜ ਮੈਂਬਰੀ ਕਮੇਟੀ ਕਾਇਮ ਕਰਕੇ ਉਸ ਨੂੰ ਸਿੱਖ ਸੰਘਰਸ਼ ਦੀ ਅਗਵਾਈ ਸੌਂਪਣੀ ਅਤੇ ਅਕਾਲ ਤਖ਼ਤ ਦੀ ਉਸਾਰੀ ਲਈ ਕਾਰ ਸੇਵਾ ਦਮਦਮੀ ਟਕਸਾਲ ਨੂੰ ਸੌਂਪਣੀ ਸ਼ਾਮਲ ਸੀ। ਇਸ ਸਰਬੱਤ ਖ਼ਾਲਸੇ ਵੱਲੋਂ ਸ਼੍ਰੋਮਣੀ ਕਮੇਟੀ ਭੰਗ ਕਰਨ ਦਾ ਫ਼ੈਸਲਾ ਕਿੰਨਾ ਕੁ ਠੀਕ ਸੀ ਜਾਂ ਨਹੀਂ, ਇਸ ਬਾਰੇ ਵਿਦਵਾਨਾਂ ਦੀਆਂ ਵੱਖ ਵੱਖ ਰਾਵਾਂ ਹਨ। ਅਕਾਲ ਤਖ਼ਤ ਤੋਂ ਬਾਹਰ ਸ੍ਰੀ ਆਨੰਦਪੁਰ ਸਾਹਿਬ ਵਿਖੇ 16 ਫਰਵਰੀ 1986 ਨੂੰ ਸਰਬੱਤ ਖ਼ਾਲਸੇ ਦਾ ਸਮਾਗਮ ਹੋਇਆ। ਇਸ ਸਮਾਗਮ ਦਾ ਉਦੇਸ਼ ਸਮਾਗਮ ਦੇ ਪ੍ਰਬੰਧਕਾਂ ਮੁਤਾਬਕ ‘ਭਰਾ ਮਾਰੂ ਜੰਗ ਰੋਕਣਾ ਅਤੇ ਪੰਥਕ ਹਿੱਤਾਂ ਨੂੰ ਪਰਪੱਕ ਕਰਨਾ’ ਸੀ। ਕੁਝ ਹਲਕਿਆਂ ਮੁਤਾਬਿਕ ਇਹ ਸਰਬੱਤ ਖ਼ਾਲਸਾ ਗੁਰਮਤਿ ਜੁਗਤ ਤੋਂ ਸੱਖਣਾ ਸੀ। 26 ਜਨਵਰੀ 1987 ਨੂੰ ਫਿਰ ਸਰਬੱਤ ਖ਼ਾਲਸਾ ਕੀਤਾ ਗਿਆ, ਇਸ ਸਰਬੱਤ ਖ਼ਾਲਸੇ ਵਿੱਚ ਪਾਸ ਕੀਤੇ ਗੁਰਮਤਿਆਂ ਵਿੱਚ ਪ੍ਰੋ. ਦਰਸ਼ਨ ਸਿੰਘ ਨੂੰ ਅਕਾਲ ਤਖ਼ਤ ਦਾ ਐਕਟਿੰਗ ਜਥੇਦਾਰ ਥਾਪਿਆ ਗਿਆ ਅਤੇ ਭਾਈ ਜਸਬੀਰ ਸਿੰਘ ਦੀ ਨਿਯੁਕਤੀ ਦੀ ਮੁੜ ਪ੍ਰੋੜਤਾ ਕੀਤੀ ਗਈ।

ਮੇਜਰ ਗੁਰਮੁਖ ਸਿੰਘ ਨੇ ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਵਿੱਚ ਕਿਹਾ ਹੈ ਕਿ ਖ਼ਾਲਸਾ ਪੰਥ ਨੂੰ ਦਰਪੇਸ਼ ਅਹਿਮ ਰਾਜਸੀ ਮੁੱਦਿਆ ’ਤੇ ਵਿਚਾਰ ਕਰਨ ਲਈ ਸਰਬੱਤ ਖ਼ਾਲਸਾ ਨੂੰ ਮੁੜ ਸੁਰਜੀਤ ਕਰਨ ਦੇ ਯਤਨ ਹੋਏ ਹਨ, ਪਰ ਇਸ ਮਹਾਨ ਸੰਸਥਾ ਦੀ ਬਣਤਰ ਅਤੇ ਸੰਵਿਧਾਨ ਬਾਰੇ ਅਜੇ ਤਕ ਕੋਈ ਸਾਂਝੀ ਰਾਏ ਨਹੀਂ ਬਣ ਸਕੀ। ਹੁਣ ਸਿਧਾਂਤ ਰੂਪ ਵਿੱਚ ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਬਦਲੀਆਂ ਅਤੇ ਬਦਲ ਰਹੀਆਂ ਹਾਲਤਾਂ ਵਿੱਚ ਸਰਬੱਤ ਖ਼ਾਲਸੇ ਦੀ ਬਣਤਰ, ਇਸ ਦੇ ਅਧਿਕਾਰ ਖੇਤਰ ਦੀਆਂ ਤਾਕਤਾਂ ਅਤੇ ਇਸ ਦੀ ਚੋਣ ਪ੍ਰਣਾਲੀ ਕਿਵੇਂ ਤੈਅ ਕੀਤੀ ਜਾਵੇ ਕਿ ਸਮੂਹ ਖ਼ਾਲਸਾ ਪੰਥ ਨੂੰ ਇਸ ਨਵੀਂ ਵਿਵਸਥਾ, ਨਵੇਂ ਪ੍ਰਬੰਧ ਅਤੇ ਨਵੇਂ ਸਿਲਸਿਲੇ ਦੀ ਪ੍ਰਵਾਨਗੀ ਹਾਸਲ ਹੋ ਜਾਵੇ। ਇਸ ਤੋਂ ਇਲਾਵਾ ਇਸ ਸਵਾਲ ਦਾ ਵੀ ਜਵਾਬ ਦਿੱਤੇ ਜਾਣ ਦੀ ਲੋੜ ਹੈ ਕਿ ਕੀ ਸਰਬੱਤ ਖ਼ਾਲਸੇ ਦੇ ਸਮਾਗਮ ਸਿਰਫ਼ ਅਕਾਲ ਤਖ਼ਤ ਸਾਹਿਬ ’ਤੇ ਹੀ ਪ੍ਰਵਾਨ ਸਮਝੇ ਜਾਣਗੇ ਜਾਂ ਕਿਸੇ ਹੰਗਾਮੀ ਹਾਲਤ ਵਿੱਚ ਅਕਾਲ ਤਖ਼ਤ ਸਾਹਿਬ ਤੋਂ ਬਾਹਰ ਵੀ ਇਹ ਇਤਿਹਾਸਕ ਸਮਾਗਮ ਹੋ ਸਕਦੇ ਹਨ।

ਅੱਜ ਸਿੱਖ ਪੰਥ ਵੱਡੀ ਗਿਣਤੀ ਵਿੱਚ ਸਾਰੀ ਦੁਨੀਆਂ ਵਿੱਚ ਫੈਲ ਗਿਆ ਹੈ। ਯੂਰਪ, ਅਮਰੀਕਾ ਅਤੇ ਏਸ਼ੀਆ ਦੇ ਕਈ ਮੁਲਕਾਂ ਵਿੱਚ ਸਿੱਖ ਸੰਸਥਾਵਾਂ ਤੇ ਜਥੇਬੰਦੀਆਂ ਸਿੱਖਾਂ ਦੇ ਭਖ਼ਦੇ ਮਾਮਲਿਆਂ ਵਿੱਚ ਵਿਸ਼ੇਸ਼ ਦਿਲਚਸਪੀ ਲੈਂਦੀਆਂ ਹਨ ਅਤੇ ਅਕਾਲ ਤਖ਼ਤ ਸਾਹਿਬ ਤੋਂ ਦਿਸ਼ਾ ਨਿਰਦੇਸ਼ ਦੀ ਮੰਗ ਵੀ ਕਰਦੀਆਂ ਹਨ। ਗੁਰੂ ਘਰ ਵੀ ਇਨ੍ਹਾਂ ਸਰਗਰਮੀਆਂ ਦੇ ਮਹੱਤਵਪੂਰਨ ਕੇਂਦਰ ਬਣੇ ਹੋਏ ਹਨ। ਇਨ੍ਹਾਂ ਮੁਲਕਾਂ ਵਿੱਚ ਪੰਜਾਬੀ ਦੇ ਅਖ਼ਬਾਰ ਵੀ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ। ਪੰਜਾਬ ਤੋਂ ਬਾਹਰ ਭਾਰਤ ਦੇ ਕਈ ਰਾਜਾਂ ਵਿੱਚ ਸਿੰਘ ਸਭਾਵਾਂ ਵੀ ਕਾਰਜਸ਼ੀਲ ਹਨ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਇਨ੍ਹਾਂ ਸਰਗਰਮੀਆਂ ਵਿੱਚ ਯੋਗਦਾਨ ਹੈ। ਸਿੱਖ ਵਿਦਿਆਰਥੀ ਇਤਿਹਾਸ, ਸਾਹਿਤ, ਫ਼ਿਲਾਸਫ਼ੀ, ਕਾਨੂੰਨ, ਅੰਤਰਰਾਸ਼ਟਰੀ ਸਬੰਧ ਅਤੇ ਡਿਪਲੋਮੇਸੀ ਦੇ ਖੇਤਰਾਂ ਵਿੱਚ ਉੱਚੀਆਂ ਪੜ੍ਹਾਈਆਂ ਕਰ ਰਹੇ ਹਨ। ਸਿੱਖ ਨੌਜਵਾਨ ਖੇਡਾਂ ਵਿੱਚ ਵੀ ਵਿਸ਼ੇਸ਼ ਦਿਲਚਸਪੀ ਲੈ ਰਹੇ ਹਨ ਅਤੇ ਵਧੀਆ ਖਿਡਾਰੀ ਬਣ ਕੇ ਅੰਤਰਰਾਸ਼ਟਰੀ ਮਹੱਤਤਾ ਹਾਸਲ ਕਰ ਰਹੇ ਹਨ। ਵਿਦੇਸ਼ਾਂ ਵਿੱਚ ਵਸੇ 30 ਲੱਖ ਤੋਂ ਵੀ ਉੱਪਰ ਸਿੱਖਾਂ ਨੂੰ ਜੇ ਕਿਸੇ ਵਿਸ਼ੇਸ਼ ਕੇਂਦਰ ਨਾਲ ਅਸੀਂ ਲਗਾਤਾਰ ਜੋੜੀ ਰੱਖਣਾ ਹੈ ਤਾਂ ਇਹ ਕੇਂਦਰ ਅਕਾਲ ਤਖ਼ਤ ਅਤੇ ਸਰਬੱਤ ਖ਼ਾਲਸਾ ਹੀ ਹੋ ਸਕਦਾ ਹੈ।