ਵੀਹਵੀਂ ਸਦੀ ਦੇ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ

0
281

ਵੀਹਵੀਂ ਸਦੀ ਦੇ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ

30 ਅਗਸਤ ਨੂੰ ਜਨਮ ਦਿਵਸ ਮੌਕੇ ਉਤੇ

ਡਾ. ਰਵਿੰਦਰ ਕੌਰ ਰਵੀ* (ਫੋਨ: 84378-22296)

ਪੰਜਾਬੀ ਸਾਹਿਤ ਦੇ ਪਰਿਵਰਤਨ ਕਾਲ (ਸੰਨ 1900 ਤੋਂ 1930) ਵਿੱਚ ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਦਾ ਸਥਾਨ ਬਹੁਤ ਹੀ ਮਹੱਤਵਪੂਰਨ ਹੈ। ਭਾਈ ਸਾਹਿਬ ਆਪਣੇ ਸਮੇਂ ਦੀਆਂ ਸ਼੍ਰੋਮਣੀ ਸ਼ਖਸੀਅਤਾਂ ਵਿੱਚੋਂ ਪ੍ਰਮੁੱਖ ਅਤੇ ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ਜੋ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਉਹਨਾਂ ਦੀ ਸਾਹਿਤਕ ਦਿਲਚਸਪੀ ਦਾ ਘੇਰਾ ਬਹੁਤ ਵਿਸ਼ਾਲ ਸੀ, ਜਿਸ ਵਿੱਚ ਧਰਮ, ਖੰਡਨ-ਮੰਡਨ, ਇਤਿਹਾਸ, ਟੀਕਾਕਾਰੀ, ਕੋਸ਼ਕਾਰੀ ਤੇ ਰਾਜਨੀਤੀ ਖੇਤਰ ਜਿਹੇ ਅਨੇਕ ਵਿਸ਼ੇ ਸ਼ਾਮਿਲ ਹਨ। ਇਹ ਸਾਰੇ ਤੱਥ ਇਸ ਯੁੱਗ ਪੁਰਖ ਦੀ ਵਿਦਵਤਾ ਦੇ ਸੂਚਕ ਹੀ ਨਹੀਂ, ਸਗੋਂ ਪੰਜਾਬੀਅਤ ਦੇ ਨਾਲ ਉਨ੍ਹਾਂ ਦੇ ਵਿਸ਼ੇਸ਼ ਲਗਾਉ ਨੂੰ ਵੀ ਦਰਸਾਉਂਦੇ ਹਨ।

ਆਪ ਦਾ ਜਨਮ ਰਿਆਸਤ ਪਟਿਆਲਾ ਦੇ ਪਿੰਡ ਬਨੇਰਾ ਖੁਰਦ ਉਨ੍ਹਾਂ ਦੇ ਨਾਨਕੇ ਘਰ ਮਾਤਾ ਹਰਿ ਕੌਰ ਜੀ ਦੀ ਕੁੱਖੋਂ 30 ਅਗਸਤ 1861 ਈਸਵੀ ਨੂੰ ਹੋਇਆ। ਉਨ੍ਹਾਂ ਦਾ ਅਸਲ ਪਿੰਡ ਪਿੱਥੋ ਜ਼ਿਲਾ ਬਠਿੰਡਾ ਵਿੱਚ, ਜਾਤ ਦੇ ਢਿਲੋਂ ਜੱਟ ਤੇ ਉਨ੍ਹਾਂ ਦੀ ਖ਼ਾਨਦਾਨੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੌਧ ਸਿੰਘ ਜੀ ਨਾਲ ਜਾ ਮਿਲਦੀ ਹੈ। ਬੇਸ਼ੱਕ ਭਾਈ ਸਾਹਿਬ ਨੇ ਵਿਦਿਆ ਕਿਸੇ ਖਾਸ ਵਿਦਿਆਲੇ ਤੋਂ ਪ੍ਰਾਪਤ ਨਹੀਂ ਕੀਤੀ, ਪਰੰਤੂ ਨਾਭੇ ਦੇ ਜਿਸ ਇਤਿਹਾਸਕ ਗੁਰਦੁਆਰੇ ਵਿੱਚ ਉਨ੍ਹਾਂ ਨੂੰ ਬਚਪਨ ਤੋਂ ਵਿਦਿਆ ਪ੍ਰਾਪਤੀ ਦਾ ਮੌਕਾ ਮਿਲਿਆ ਉਹ ਅਸਥਾਨ ਉਸ ਮੌਕੇ ਬਹੁ-ਪੱਖੀ ਗਿਆਨ ਦਾ ਪ੍ਰਮੁੱਖ ਕੇਂਦਰ ਬਣ ਚੁੱਕਾ ਸੀ। ਨਾਮ ਦੇ ਰਸੀਏ ਮਹਾਂਪੁਰਸ਼ ਬਾਬਾ ਅਜਾਪਾਲ ਸਿੰਘ ਜੀ ਨਾਲ ਸਬੰਧਿਤ ਉਸ ਇਤਿਹਾਸਕ ਗੁਰਦੁਆਰੇ ਦੇ ਪ੍ਰਮੁੱਖ ਸੇਵਾਦਾਰ ਉਸ ਸਮੇਂ, ਉਨ੍ਹਾਂ ਦੇ ਪਿਤਾ ਬਾਬਾ ਨਾਰਾਇਣ ਸਿੰਘ ਜੀ ਸਨ, ਜਿਸ ਕਰਕੇ ਬਚਪਨ ਤੋਂ ਹੀ ਬਹੁ-ਪੱਖੀ ਵਿਦਿਆ ਦੁਆਰਾ ਭਾਈ ਸਾਹਿਬ ਦਾ ਦਿਮਾਗ਼ ਰੋਸ਼ਨ ਹੁੰਦਾ ਗਿਆ ਅਤੇ ਭਲਾਈ ਤੇ ਬੁਰਾਈ ਨੂੰ ਪਰਖਣ ਦੀ ਸੋਝੀ ਪ੍ਰਾਪਤ ਹੋ ਗਈ।

ਜਵਾਨੀ ਦੀ ਉਮਰੇ ਪਹੁੰਚਣ ਤੱਕ ਭਾਈ ਸਾਹਿਬ ਅੰਦਰ ਆਪਣੇ ਸਮਾਜ, ਦੇਸ਼ ਅਤੇ ਕੌਮ ਬਾਰੇ ਸੋਚਣ ਦੀ ਅਥਾਹ ਸ਼ਕਤੀ ਪੈਦਾ ਹੋ ਚੁੱਕੀ ਸੀ। ਆਪ ਦਾ ਵਿਆਹ ਪਿੰਡ ਰਾਮਗੜ੍ਹ ਰਿਆਸਤ ਪਟਿਆਲਾ ਦੇ ਸ. ਹਰਦਮ ਸਿੰਘ ਦੀ ਸਪੁਤਿਰੀ ਬਸੰਤ ਕੌਰ ਨਾਲ ਹੋਇਆ, ਜਿਸ ਦੀ ਕੁੱਖੋਂ ਭਾਈ ਸਾਹਿਬ ਦੇ ਇਕਲੋਤੇ ਬੇਟੇ ਭਗਵੰਤ ਸਿੰਘ ਹਰੀ ਦਾ ਜਨਮ ਸੰਨ 1892 ਵਿੱਚ ਹੋਇਆ। ਭਾਈ ਸਾਹਿਬ ਦੀ ਵਿਦਿਆ ਅਤੇ ਸੂਝ-ਸਿਆਣਪ ਤੋਂ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ, ਮਹਾਰਾਜਾ ਹੀਰਾ ਸਿੰਘ (ਰਿਆਸਤ ਨਾਭਾ) ਤੇ ਉਸ ਮੌਕੇ ਦੀਆਂ ਧਾਰਮਿਕ ਤੇ ਸਮਾਜ ਸੁਧਾਰਕ ਲਹਿਰਾਂ ਦੇ ਮੋਹਰੀ ਬੇਹੱਦ ਪ੍ਰਭਾਵਿਤ ਹੋਏ ਅਤੇ ਪ੍ਰਸਿੱਧ ਅੰਗਰੇਜ਼ ਵਿਦਵਾਨ ਮਿਸਟਰ ਐਮ ਏ ਮੈਕਾਲਫ, ਮਹਾਰਾਜਾ ਰਿਪੁਦਮਨ ਸਿੰਘ (ਰਿਆਸਤ ਨਾਭਾ) ਤੇ ਉਨ੍ਹਾਂ ਦੀ ਮਹਾਰਾਣੀ ਸਰੋਜਨੀ ਦੇਵੀ ਭਾਈ ਸਾਹਿਬ ਦੇ ਪ੍ਰਮੁੱਖ ਸ਼ਿਸ਼ ਬਣ ਗਏ ਤੇ ਆਪਣੀ ਵਿਦਵਤਾ ਦੇ ਜਾਦੂ ਨਾਲ ਹੀ ਭਾਈ ਸਾਹਿਬ ਨੇ ਨਾਭਾ ਅਤੇ ਪਟਿਆਲਾ ਰਿਆਸਤਾਂ ਵਿਚ, ਕਈ ਉੱਚ ਅਹੁਦਿਆਂ ’ਤੇ ਸੇਵਾ ਕੀਤੀ।

ਇਕ ਲੇਖਕ ਦੇ ਤੌਰ ਤੇ ਉਨ੍ਹਾਂ ਦਾ ਆਗਮਨ 19 ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਹੋਇਆ ਅਤੇ ਸਮੁੱਚੀਆਂ ਰਚਨਾਵਾਂ ਦੀ ਗਿਣਤੀ ਤਿੰਨ ਦਰਜਨ ਤੋਂ ਉੱਪਰ ਬਣਦੀ ਹੈ। ਪੰਜਾਬੀ ਸਾਹਿਤ ਉਸ ਸਮੇਂ ਅਜਿਹੇ ਪੜਾਅ ’ਤੇ ਖੜ੍ਹਾ ਸੀ, ਉੱਥੋਂ ਉਸ ਨੇ ਆਪਣੇ ਆਪ ਨੂੰ ਆਧੁਨਿਕਤਾ ਵੱਲ ਛਲਾਂਗ ਲਗਾਉਣ ਲਈ ਤਿਆਰ ਹੋਣਾ ਸੀ। ਨਾਭਾ ਦਰਬਾਰ ਵਿੱਚ ਰਹਿੰਦਿਆਂ ਮੁੱਢਲੇ ਦੌਰ ਦੀਆਂ ਰਚਨਾਵਾਂ ‘ਰਾਜਧਰਮ’ (ਸੰਨ 1884), ‘ਟੀਕਾ ਜੈਮਨੀ ਅਸਵਮੇਧ’ (ਸੰਨ 1890) ਤੇ ‘ਨਾਟਕ ਭਾਵਾਰਥ ਦੀਪਿਕਾ’ (ਸੰਨ 1897), ਗ੍ਰੰਥਾਂ ਵਿੱਚ ਭਾਈ ਸਾਹਿਬ ਨੇ ਮਹਾਰਾਜਾ ਹੀਰਾ ਸਿੰਘ ਦੇ ਖ਼ਿਆਲਾਂ ਨੂੰ ਪ੍ਰਮੁੱਖ ਰੱਖਿਆ। ਅਗਲੇ ਪੜਾਅ ਦੀਆਂ ਰਚਨਾਵਾਂ ‘ਹਮ ਹਿੰਦੂ ਨਹੀਂ’ (ਸੰਨ 1897), ‘ਗੁਰਮਤ ਪ੍ਰਭਾਕਰ’ (ਸੰਨ 1898), ‘ਗੁਰਮਤ ਸੁਧਾਕਰ’ (ਸੰਨ 1899), ‘ਗੁਰਗਿਰਾ ਕਸੌਟੀ’ (ਸੰਨ 1899) ਅਤੇ ‘ਸੱਦ ਕਾ ਪਰਮਾਰਥ’ (ਸੰਨ 1901) ਸਿੱਖੀ ਪ੍ਰਚਾਰ ਲਈ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਰਚਨਾਵਾਂ ਹਨ, ਤਾਂ ਜੋ ਗੁਰਮਤਿ ਨੂੰ ਉਸ ਮੌਕੇ ਦੇ ਪ੍ਰਚੱਲਿਤ ਵਹਿਮਾਂ-ਭਰਮਾਂ ਤੇ ਫਜੂਲ ਕਰਮ-ਕਾਂਡਾ ਤੋਂ ਵਖਰਿਆ ਕੇ ਸਪਸ਼ਟ ਰੂਪ ਵਿੱਚ ਸਾਹਮਣੇ ਲਿਆਂਦਾ ਜਾਵੇ; ਬੇਸ਼ੱਕ ਉਨ੍ਹਾਂ ਦੀ ਸਖ਼ਸੀਅਤ ਵਿੱਚੋਂ ਕਈ ਰੂਪਾਂ ਦੇ ਦਰਸ਼ਨ ਹੁੰਦੇ ਹਨ, ਪਰ ਦੂਜੇ ਦੌਰ ਦੀਆਂ ਰਚਨਾਵਾਂ ਨਾਲ ਉਹ ਸਿੱਖ ਧਰਮ ਦੇ ਮਹਾਨ ਵਿਆਖਿਆਕਾਰ, ਧਰਮ ਸ਼ਾਸਤਰੀ ਦੇ ਤੌਰ ’ਤੇ ਸਾਹਮਣੇ ਆਏ। ਇਹ ਰਚਨਾਵਾਂ ਉਨ੍ਹਾਂ ਨੂੰ ਭਾਈ ਗੁਰਦਾਸ ਦੇ ਪਿੱਛੋਂ, ਗੁਰਮਤ ਦਾ ਅਦੁਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ ਸਿੱਧ ਕਰਦੀਆਂ ਹਨ। ਭਾਈ ਸਾਹਿਬ ਦੇ ਇਸ ਯਤਨ ਸਦਕਾ 19 ਵੀਂ ਸਦੀ ਦੇ ਅਖੀਰਲੇ ਦਹਾਕੇ ਵਿੱਚ ਸਿੱਖ ਰਾਜਨੀਤੀ ਨੂੰ ਇਕ ਸਪਸ਼ਟ ਮਨੋਰਥ ਤੇ ਦਿਸ਼ਾ ਹਾਸਲ ਹੋਈ।

ਸਮਾਜ ਸੁਧਾਰ ਦੀ ਅਭਿਲਾਸ਼ਾ ਨਾਲ ਨਸ਼ਾ ਮੁਕਤ ਸਮਾਜ ਲਈ ‘ਸ਼ਰਾਬ ਨਿਸੇਧ’ (ਸੰਨ 1907) ਵਰਗੀਆਂ ਵਡਮੁੱਲੀਆਂ ਪੁਸਤਕਾਂ ਦੀ ਵੀ ਰਚਨਾ ਕੀਤੀ। ‘ਗੁਰੁਛੰਦ ਦਿਵਾਕਰ’ (ਸੰਨ 1924) ਅਤੇ ‘ਗੁਰੁਸ਼ਬਦਾਲੰਕਾਰ’ (ਸੰਨ 1925) ਪੁਸਤਕਾਂ ਦੀ ਰਚਨਾ ਕਰਕੇ ਜਿੱਥੇ ਭਾਰਤ ਦੇ ਪ੍ਰਸਿੱਧ ਛੰਦ ਸ਼ਾਸਤਰੀ ਅਤੇ ਅਲੰਕਾਰ ਸ਼ਾਸਤਰੀ ਹੋਣ ਦਾ ਗੌਰਵਮਈ ਸਬੂਤ ਦਿੱਤਾ, ਉੱਥੇ ਹਿੰਦੀ ਦੇ ਪ੍ਰਸਿੱਧ ਕੋਸ਼ਾਂ, ‘ਅਨੇਕਾਰਥ ਕੋਸ਼’, ਅਤੇ ‘ਨਾਮਮਾਲਾ ਕੋਸ਼’, ਵਿੱਚ ਲੋੜ ਅਨੁਸਾਰ ਸੋਧ-ਸੁਧਾਈ ਤੇ ਟਿੱਪਣੀਆਂ ਕਰਕੇ ਸੰਪਾਦਨ ਕਲਾ ’ਚ ਵੀ ਜੌਹਰ ਵਿਖਾਏ। ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਭਾਈ ਸਾਹਿਬ ਨੇ 14-15 ਸਾਲ ਦੀ ਕਠਿੱਨ ਤਪੱਸਿਆ ਨਾਲ ਮਹਾਨ ਸਾਹਿਤਕ ਗ੍ਰੰਥ ‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਤਿਆਰ ਕੀਤਾ ਜੋ ਭਾਈ ਸਾਹਿਬ ਦੀ ਜੀਵਨ ਭਰ ਦੀ ਤਪੱਸਿਆ ਦਾ ਫਲ ਹੈ। ਪੰਜਾਬੀ ਭਾਸ਼ਾ ’ਚ ਆਪ ਵੱਲੋਂ ਰਚਿਆ ‘ਮਹਾਨ ਕੋਸ਼’ ਇੱਕ ਅਜਿਹਾ ਅਨੁਪਮ ਗ੍ਰੰਥ ਹੈ ਜਿਸ ਦੇ ਘੇਰੇ ’ਚ ਧਰਮ, ਭੁਗੋਲ, ਇਤਿਹਾਸ, ਚਕਿਤਸਾ ਦੇ ਨਾਲ ਨਾਲ ਭਾਰਤੀ ਸ਼ਾਸਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਆਦਿ ਵਿਸ਼ੇ ਵੀ ਆਉਂਦੇ ਹਨ। ਆਪ ਦਾ ਮੁੱਖ ਮੰਤਵ ਵਿਦਿਆ ਦੇ ਪ੍ਰਚਾਰ ਦੁਆਰਾ ਭਾਰਤੀ ਲੋਕਾਂ ਦਾ ਉਥਾਨ ਸੁਧਾਰ ਤੇ ਕਲਿਆਣ ਕਰਨਾ ਸੀ। ਖਾਲਸਾ ਕਾਲਜ ਅੰਮ੍ਰਿਤਸਰ ’ਚ 4 ਅਪ੍ਰੈਲ 1931 ਈ: ਦੌਰਾਨ ਇੱਕ ਵਿਦਿਅਕ ਕਾਨਫਰੰਸ ਦੇ ਪ੍ਰਧਾਨਗੀ ਭਾਸ਼ਣ ਰਾਹੀਂ ਭਾਈ ਸਾਹਿਬ ਨੇ ਦੱਸਿਆ ਸੀ ਕਿ ‘ਭਾਰਤ ਦੇਸ਼ ਜਦ ਤੱਕ ਵਿਦਿਆ ਦਾ ਕੇਂਦਰ ਰਿਹਾ ਤਾਂ ਵਿਦੇਸ਼ੀ ਲੋਕ ਇਸ ਨੂੰ ਆਪਣਾ ਗੁਰੂ ਮੰਨ ਕੇ, ਵਿਦਿਆ ਪਾਉਣ ਲਈ ਵਿਦਿਆਰਥੀ ਹੋ ਕੇ ਇੱਥੇ ਆਉਂਦੇ ਰਹੇ, ਅਰੁ ਜਦ ਵਿਦਿਆ ਤੋਂ ਖਾਲੀ ਹੋ ਗਿਆ ਤਾਂ ਸਾਰੀ ਮਹਿਮਾ ਖੋ ਬੈਠਾ।’

ਅਨੇਕ ਅਖਬਾਰਾਂ ਮੈਗਜੀਨਾਂ ਲਈ ਨਿਬੰਧ ਲਿਖ ਕੇ ਭਾਈ ਸਾਹਿਬ ਨੇ ਪੰਜਾਬੀ ਨਿਬੰਧਕਾਰੀ ਦੇ ਨਿਖਾਰ ਲਈ ਵੀ ਅਹਿਮ ਯੋਗਦਾਨ ਪਾਇਆ ਜੋ ਹੁਣ ‘ਬਿਖਰੇ ਮੋਤੀ’ ਪੁਸਤਕ ਰੂਪ ਵਿੱਚ ਉਪਲਬਧ ਹਨ। ‘ਚੰਡੀ ਦੀ ਵਾਰ’ ਦਾ ਟੀਕਾ ‘ਗੁਰਮਤ ਮਾਰਤੰਡ’ ਅਤੇ ‘ਇਤਿਹਾਸ ਬਾਗੜੀਆਂ ਆਦਿ ਭਾਈ ਸਾਹਿਬ ਦੀਆਂ ਕੁਝ ਹੋਰ ਬਹੁਚਰਚਿਤ ਰਚਨਾਵਾਂ ਹਨ। ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਨੇ 23 ਨਵੰਬਰ 1938 ਨੂੰ ਨਾਭੇ ਵਿਖੇ ਜੋਗੀ ਜਨਾਂ ਦੀ ਤਰ੍ਹਾਂ ਪ੍ਰਾਣ ਤਿਆਗੇ। ਭਾਈ ਸਾਹਿਬ ਦੀਆਂ ਲਿਖਤਾਂ ਦੇ ਅੰਗਰੇਜੀ, ਪੰਜਾਬੀ, ਹਿੰਦੀ ਅਨੁਵਾਦ ਲਈ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਉਦਮ ਸਲਾਹੁਣਯੋਗ ਹੈ। ਸਾਹਿਤ ਅਤੇ ਵਿਦਿਆ ਦੇ ਖੇਤਰ ’ਚ ਭਾਈ ਕਾਨ੍ਹ ਸਿੰਘ ਨਾਭਾ ਦੀ ਵਡਮੁੱਲੀ ਘਾਲਣਾ ਭਾਰਤ ਦੀ ਸਮੁੱਚੀ ਦਾਰਸ਼ਨਿਕ ਵਿਰਾਸਤ ਨਾਲ ਗਿਆਨ ਦਾ ਰਿਸ਼ਤਾ ਜੋੜਨ ਵਿੱਚ ਉਜਾਗਰ ਹੁੰਦੀ ਹੈ। ਉਹ ਉੱਘੇ ਵਿਅਕਤੀ ਵੀ ਸਨ ਅਤੇ ਆਪੇ ਸਥਾਪਿਤ ਹੋਈ ਸੰਸਥਾ ਵੀ।

ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਆਰੰਭੇ ਕਾਰਜ ਨੂੰ ਹੋਰ ਅੱਗੇ ਵਧਾਉਣ ਲਈ ਭਾਸ਼ਾ ਵਿਭਾਗ, ਪੰਜਾਬ ਅਤੇ ਪੰਜਾਬ ਦੀਆਂ ਸਭ ਯੂਨੀਵਰਸਿਟੀਆਂ ਨੂੰ ਹਾਲੀ ਹੋਰ ਬਹੁਤ ਉਦਮ ਕਰਨ ਦੀ ਜ਼ਰੂਰਤ ਹੈ। ਇਸ ਵਿੱਚ ਕੋਈ ਸੰਦੇਹ ਨਹੀਂ ਕਿ ਉਹ ਆਪਣੇ ਬਹੁਤ ਸਾਰੇ ਸਮਕਾਲੀ ਵਿਦਵਾਨਾਂ ਵਾਂਗ ਗੁਰਮਤ ਨੂੰ ਆਪਣੇ ਵਿਚਾਰਾਂ ਦਾ ਮੂਲ ਆਧਾਰ ਮੰਨਦੇ ਹਨ, ਪਰ ਉਨ੍ਹਾਂ ਦਾ ਸਮੁੱਚਾ ਦ੍ਰਿਸ਼ਟੀਕੋਣ ਆਧੁਨਿਕ, ਤਰਕਸ਼ੀਲ ਤੇ ਵਿਗਿਆਨਕ ਹੈ। ਉਨ੍ਹਾਂ ਆਪਣੇ ਜੀਵਨ ਕਾਲ ਦੌਰਾਨ, ਪੰਜਾਬ ਦੇ ਲੋਕਾਂ ਨੂੰ ਇਹ ਅਹਿਸਾਸ ਕਮਾਇਆ ਕਿ ਮਾਂ ਬੋਲੀ ਪੰਜਾਬੀ ਵਿੱਚ ਵੱਡੇ ਤੋਂ ਵੱਡਾ ਕੰਮ ਸੋਚਿਆ ਜਾ ਸਕਦੈ ਅਤੇ ਕੀਤਾ ਜਾ ਸਕਦੈ।

(* ਲੇਖਿਕਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੰਗੀਤ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ)