ਵਿਸ਼ਵ ਤੰਬਾਕੂ ਵਿਰੋਧੀ ਦਿਵਸ ’ਤੇ ਵਿਸ਼ੇਸ਼

0
599

ਵਿਸ਼ਵ ਤੰਬਾਕੂ ਵਿਰੋਧੀ ਦਿਵਸ ’ਤੇ ਵਿਸ਼ੇਸ਼

ਅਵਤਾਰ ਸਿੰਘ (ਤੁੰਗਵਾਲੀ)- 98557-58064

ਭਾਵੇਂ ਅੱਜ ਦੁਨੀਆਂ ਭਰ ਵਿੱਚ ਤੰਬਾਕੂ ਨੂੰ ਲੈ ਕੇ ਕਈ ਪ੍ਰਕਾਰ ਦੀਆਂ ਖੋਜਾਂ ਚੱਲ ਰਹੀਆਂ ਹਨ ਤੇ ਸਭ ਤੋਂ ਭਿਆਨਕ ਬਿਮਾਰੀ ਕੈਂਸਰ ਦੀ ਜੜ੍ਹ ਨੂੰ ਵੀ ਤੰਬਾਕੂ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਹੈ ਪਰ ਧੰਨ ਹਨ ਸਾਡੇ ਗੁਰੂ ਸਾਹਿਬਾਨ, ਜਿਨ੍ਹਾਂ ਨੇ ਸਿੱਖਾਂ ਨੂੰ ਅੱਜ ਤੋਂ 500 ਸਾਲ ਪਹਿਲਾਂ ਹੀ ਇਸ ਤੰਬਾਕੂ ਨੂੰ‘ਜਗਤ ਜੂਠ’ ਕਹਿ ਕੇ ਦੂਰ ਰਹਿਣ ਲਈ ਇੱਥੋਂ ਤੱਕ ਚੌਕਸ ਕੀਤਾ ਸੀ ਕਿ ਜਿਸ ਸਿੱਖ ਨੇ ਤੰਬਾਕੂ ਦਾ ਸੇਵਨ ਕਰ ਲਿਆ ਉਹ ਸਿੱਖ ਹੀ ਨਹੀਂ ਰਹੇਗਾ। ਜਦ ਤਿਆਰ ਬਰ ਤਿਆਰ ਪੰਜ ਪਿਆਰੇ ਸਾਹਿਬਾਨ ਸਿੱਖ ਨੂੰ ਅੰਮਿ੍ਰਤ ਦੀ ਦਾਤ ਬਖ਼ਸ਼ਦੇ ਹਨ ਤਾਂ ਦੱਸੀਆਂ ਜਾਣ ਵਾਲੀਆਂ ਚਾਰ ਕੁਰਹਿਤਾਂ ਵਿੱਚੋਂ ਇੱਕ ਮੁੱਖ ਕੁਰਹਿਤ ਹੀ ਤੰਬਾਕੂ ਦਾ ਸੇਵਨ ਕਰਨ ਦੀ ਹੈ। ਭਾਵ ਤੰਬਾਕੂ ਦਾ ਖ਼ਤਰਾ ਗੁਰੂ ਗੋਬਿੰਦ ਸਿੰਘ ਜੀ ਨੂੰ ਇਤਨਾ ਭਿਆਨਕ ਲੱਗਿਆ ਕਿ ਉਨ੍ਹਾਂ ਨੇ ਇਸ ਨੂੰ ਬੱਜਰ ਕੁਰਹਿਤ ਨਾਲ ਹੀ ਜੋੜ ਦਿੱਤਾ। ਪਰ ਅਫਸੋਸ ਅੱਜ ਗੁਰੂਆਂ ਪੀਰਾਂ ਦੀ ਧਰਤੀ ਅਖਵਾਉਣ ਵਾਲੀ ਪੰਜਾਬ ਦੀ ਮਿੱਟੀ ਤੰਬਾਕੂ ਦੇ ਥੁੱਕ ਨਾਲ ਅਤੇ ਹਵਾ, ਤੰਬਾਕੂ ਦੇ ਧੂੰਏ ਨਾਲ ਮੈਲੀ ਕਰ ਦਿੱਤੀ ਹੈ। ਸਿਆਸਤਦਾਨਾਂ ਦੁਆਰਾ ਪੰਜਾਬ ਨੂੰ ਬਰਬਾਦ ਕਰਨ ਦੇ ਮਨਸ਼ੇ ਨਾਲ ਬਿਹਾਰੀਆਂ ਨੂੰ ਪੰਜਾਬ ਵੱਲ ਧੱਕਿਆ ਤੇ ਉਨ੍ਹਾਂ ਦੀ ਆਮਦ ਨੇ ਪੰਜਾਬ ਵਿੱਚ ਇਹ ਬਿਮਾਰੀ ਐਸੀ ਸਹੇੜੀ ਕਿ ਅੱਜ ਬਹੁਤ ਸਾਰੇ ਸਿੱਖ ਹੀ ਇਸ ਦੀ ਲਪੇਟ ਵਿੱਚ ਆ ਗਏ ਹਨ। 1980 ਵੀਆਂ ਵਿੱਚ ਪੰਜਾਬ ਦੇ ਇੱਕ ਮਸ਼ਹੂਰ ਕਲਾਕਾਰ ਮੁਹੰਮਦ ਸਦੀਕ ਜੋ ਅੱਜ ਕਲ੍ਹ ਪੰਜਾਬ ਵਿਧਾਨ ਸਭਾ ਦਾ ਚਰਚਿਤ ਵਿਧਾਇਕ ਵੀ ਹੈ ਤੇ ਸਾਡਾ ਰਾਹ ਦਸੇਰਾ ਵੀ, ਦੇ ਇੱਕ ਗੀਤ ਨੇ ਹੀ ਹਜਾਰਾਂ ਟਰੱਕ ਡਰਾਈਵਰਾਂ ਨੂੰ ਇੱਕੋ ਰਾਤ ਵਿੱਚ ਤਲੀਆਂ ਤੇ ਪਟਾਕੇ ਪਾਉਣ ਲਾ ਦਿੱਤਾ। ਉਸ ਦਾ ਗੀਤ ਸੀ :-

‘ਜਰਦੇ ਬਿਨ ਮਰਦਾ, ਤਲੀ ਤੇ ਪਟਾਕਾ ਜਿਹਾ ਪਾਉਂਦਾ, ਵੇ ਢੋਲੇ ਦੀਆਂ ਲਾਉਂਦਾ।’

ਉਸ ਸਮੇਂ ਜੇਕਰ ਕੋਈ ਕੰਪਨੀ ਸਦੀਕ ਦਾ ਕਿਸੇ ਅਵਾਰਡ ਨਾਲ ਸਨਮਾਨ ਕਰਦੀ ਤਾਂ ਉਸ ਐਵਾਰਡ ਦਾ ਨਾਮ ਹੁੰਦਾ ‘ਤੰਬਾਕੂ ਰਤਨ’। ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਹੀ ਪਿਆਰੇ ਸਿੱਖ, ਜੋ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਸਨ ਤੇ ਹਰ ਕੁਰਬਾਨੀ ਉਨ੍ਹਾਂ ਗੁਰੂ ਸਾਹਿਬਾਨਾਂ ਦੇ ਨਾਲ ਰਹਿ ਕੇ ਕੀਤੀ, ਉਹ ਅੱਜ ਪੂਰੀ ਤਰ੍ਹਾਂ ਨਾਲ ਸਿੱਖੀ ਤੋਂ ਮੁਨਕਰ ਹੋ ਕੇ ਤੰਬਾਕੂ ਅਤੇ ਵੱਖ ਵੱਖ ਹੋਰ ਨਸ਼ਿਆਂ ਵਿੱਚ ਗ਼ਲਤਾਨ ਹੋ ਗਏ ਹਨ। ਸਾਡੇ ਸਿੱਖੀ ਦੇ ਠੇਕੇਦਾਰ ਅਤੇ ਸਿਆਸਤਦਾਨ ਵੀ ਇਹੀ ਤਾਂ ਚਾਹੁੰਦੇ ਸਨ। ਸਰਬੰਸ ਦਾਨੀ, ਖਾਲਸਾ ਪੰਥ ਦੇ ਸਿਰਜਨਹਾਰ ਅਤੇ ਸਵਾ ਸਵਾ ਲੱਖ ਵੈਰੀ ਨਾਲ ਇੱਕ ਇੱਕ ਨੂੰ ਲੜਾਉਣ ਵਾਲੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਤੰਬਾਕੂ ਦੀ ਇਸ ਭੈੜੀ ਬਿਮਾਰੀ ਤੋਂ ਬਚਾਉਣ ਲਈ ਰਹਿਤਨਾਮਿਆਂ ਅਨੁਸਾਰ ਪਹਿਲਾਂ ਹੀ ਹੁਕਮ ਕਰ ਕੇ ਗਏ ਹਨ :-‘ਕੁੱਠਾ ਹੁੱਕਾ ਚਰਸ ਤਮਾਕੂ॥ ਗਾਂਜਾ ਟੋਪੀ ਤਾੜੀ ਖਾਕੂ॥ ਇਨ ਕੀ ਓਰ ਨ ਕਬਹੂ ਦੇਖੈ॥ ਰਹਿਤਵੰਤ ਸੋ ਸਿੰਘ ਵਿਸੇਖੈ॥’ (ਅੰਮ੍ਰਿਤ ਕੀਰਤਨ ਪੰਨਾ 1014)

ਤੰਬਾਕੂ ਕਈ ਤਰ੍ਹਾਂ ਨਾਲ ਮਨੁੱਖਾਂ ਦੁਆਰਾ ਸੇਵਨ ਕੀਤਾ ਜਾ ਰਿਹਾ ਹੈ, ਬੀੜੀ-ਸਿਗਰਟ, ਗੁੱਟਕਾ, ਜਰਦਾ, ਖੈਣੀ, ਆਦਿ। ਪਰ ਕਈ ਵਾਰ ਮਨੁੱਖ ਸੋਚਦਾ ਹੈ ਕਿ ਇਨ੍ਹਾਂ ਵਿੱਚੋਂ ਕੋਈ ਇੱਕ ਤਰੀਕਾ ਘੱਟ ਨੁਕਸਾਨ ਕਰਦਾ ਹੋਵੇਗਾ ਪਰ ਇਹ ਫੋਕਾ ਵਹਿਮ ਹੈ। ਤੰਬਾਕੂ ਕਿਸੇ ਵੀ ਰੂਪ ਵਿੱਚ ਲਿਆ ਹੈ ਉਸ ਨੇ ਆਪਣਾ ਅਸਰ ਦਿਖਾਉਣਾ ਹੀ ਦਿਖਾਉਣਾ ਹੈ। ਭਾਰਤ ਵਿੱਚ ਤੰਬਾਕੂ ਦੀ ਸ਼ੁਰੂਆਤ 1600 ਈਸਵੀ ਦੇ ਕਰੀਬ ਪੁਰਤਗਾਲੀਆਂ ਦੁਆਰਾ ਕੀਤੀ ਗਈ ਸੀ ਜਿਸ ਕਾਰਨ ਅੱਜ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਬਣ ਗਿਆ ਹੈ ਅਤੇ ਖ਼ਪਤ ਵਿੱਚ ਵਿਸ਼ਵ ਵਿੱਚ ਇਸ ਦਾ ਤੀਸਰਾ ਸਥਾਨ ਹੈ। ਇੱਕ ਸਰਵੇਖਣ ਅਨੁਸਾਰ ਅੱਜ ਭਾਰਤ ਦੀ 40 ਫੀਸਦੀ ਆਬਾਦੀ ਇਸ ਦਾ ਸ਼ਿਕਾਰ ਹੋ ਗਈ ਹੈ ਅਤੇ ਪੰਜਾਬ ਦੀ ਤਕਰੀਬਨ 12 ਫੀਸਦੀ ਨੌਜਵਾਨੀ ਤੰਬਾਕੂਨੋਸ਼ੀ ਦਾ ਸ਼ਿਕਾਰ ਹੈ। ਸਭ ਤੋਂ ਖ਼ਤਰਨਾਕ ਬਿਮਾਰੀ ਕੈਂਸਰ, ਦੀ ਜੜ੍ਹ ਤੰਬਾਕੂ ਹੈ ਫਿਰ ਵੀ ਪਤਾ ਹੋਣ ਦੇ ਬਾਵਜੂਦ ਡਾਕਟਰ ਲੋਕ ਵੀ ਇਸ ਦੀ ਵਰਤੋਂ ਬੜੀ ਟੌਹਰ ਨਾਲ ਕਰਦੇ ਹਨ। ਹੁਣ ਤਾਂ ਔਰਤਾਂ ਵੀ ਤੰਬਾਕੂ ਨੋਸ਼ੀ ਬੇਝਿਜਕ ਕਰਨ ਲੱਗ ਪਈਆਂ ਹਨ ਜਿਸ ਕਾਰਨ ਉਨ੍ਹਾਂ ਦੀ ਪ੍ਰਜਨਨ ਕਿਰਿਆ ਕਮਜ਼ੋਰ ਹੋਣ ਲੱਗੀ ਹੈ। ਅਜਿਹੀਆਂ ਔਰਤਾਂ ਦੁਆਰਾ ਪੈਦਾ ਕੀਤਾ ਬੱਚਾ ਅਪਾਹਿਜ ਜਾਂ ਮਾਨਸਿਕ ਤੌਰ ’ਤੇ ਕਮਜ਼ੋਰ ਹੋਵੇਗਾ ਤੇ ਇਹ ਬੱਚਾ 10 ਤੋਂ 12 ਸਾਲ ਦੀ ਉਮਰ ਵਿੱਚ ਤੰਬਾਕੂ ਦੀ ਭਲ਼ ਵਿੱਚ ਆ ਜਾਵੇਗਾ। ਤੰਬਾਕੂ ਦੀ ਭਿਆਨਕਤਾ ਨੂੰ ਦੇਖਦੇ ਹੋਏ ਭਾਰਤ ਭਰ ਵਿੱਚ ਇਸ ਤੋਂ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਗਏ ਹਨ, ਜਿਸ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਅਲਾਮਤ ਤੋਂ ਬਚਾਉਣ ਲਈ ਵੱਡੇ ਵੱਡੇ ਬੋਰਡ ਜਨਤਕ ਥਾਵਾਂ ਉੱਪਰ ਲਗਾਏ ਜਾਂਦੇ ਹਨ, ਸਿਗਰਟਨੋਸ਼ੀ ਕਰਨ ਵਾਲਿਆਂ ਦੇ ਚਲਾਣ ਵੀ ਕੱਟੇ ਜਾਂਦੇ ਹਨ ਪਰ ਇਹ ਮਹਿਜ ਖ਼ਾਨਾਪੂਰਤੀ ਲਈ ਸਰਕਾਰੀ ਕਾਗ਼ਜ਼ ਕਾਲੇ ਕਰਨ ਲਈ ਹੀ, ਆਪਣੀਆਂ ਤਨਖ਼ਾਹਾਂ ਖਰੀਆਂ ਕਰਨ ਲਈ ਅਤੇ ਆਂਕੜੇ ਪੂਰੇ ਕਰਨ ਲਈ ਮਹੀਨੇ ਵਿੱਚ ਇੱਕ ਅੱਧਾ ਦਿਨ ਹੀ ਕੀਤੇ ਜਾਂਦੇ ਹਨ ਤੇ ਲੱਖਾਂ ਰੁਪਏ ਦੇ ਬਜਟ ਪਾਣੀ ਵਾਂਗ ਰੋੜ੍ਹ ਦਿੱਤੇ ਜਾਂਦੇ ਹਨ। ਅਖਬਾਰਾਂ ਅਤੇ ਟੀਵੀ ਚੈਨਲਾਂ ਉੱਪਰ ਕਰੋੜਾਂ ਰੁਪਏ ਇਸਤਿਹਾਰਾਂ ਉੱਪਰ ਖ਼ਰਚ ਕਰ ਦਿੱਤੇ ਜਾਂਦੇ ਹਨ ਪਰ ਇਹ ਸਭ ਅੱਖਾਂ ਪੂੰਝਣ ਲਈ ਹੀ ਕੀਤਾ ਜਾਂਦਾ ਹੈ। ਕਿਉਂਕਿ ਸਿਆਣੇ ਕਹਿੰਦੇ ਹਨ ਕਿ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ ਤਾਂ ਕਿ ਮੁੜ ਚੋਰ ਪੈਦਾ ਹੀ ਨਾ ਹੋਵੇ। ਭਾਵ ਬੀੜੀਆਂ ਸਿਗਰਟਾਂ ਪੀਣ ਵਾਲਿਆਂ ਦਾ ਕੀ ਕਸੂਰ, ਬੀੜੀਆਂ ਸਿਗਰਟਾਂ ਬਣਾਉਣ ਵਾਲੀਆਂ ਫੈਕਟਰੀਆਂ ਬੰਦ ਕਰਨੀਆਂ ਚਾਹੀਦੀਆਂ ਹਨ। ਪਰ ਇਹ ਫੈਕਟਰੀਆਂ ਬੰਦ ਕਰਨ ਵੱਲ ਕਿਸੇ ਮਾਈ ਦੇ ਲਾਲ ਦੀ ਝਾਕਣ ਦੀ ਹਿੰਮਤ ਨਹੀਂ ਪੈਂਦੀ। ਹੈਰਾਨ ਨਾ ਹੋਇਓ ਕਿਉਂਕਿ ਇਹ ਫੈਕਟਰੀਆਂ ਸਾਡੇ ਰਾਜਨੀਤਕਾਂ ਦੀਆਂ ਹਨ ਜਿਨ੍ਹਾਂ ਦੇ ਸਹਾਰੇ ਸਰਕਾਰਾਂ ਚੱਲਦੀਆਂ ਹਨ। ਇਨ੍ਹਾਂ ਹੀ ਚਲਾਕ ਲੋਕਾਂ ਨੇ ਧਰਮ ਦੇ ਠੇਕੇਦਾਰਾਂ ਨਾਲ ਗੰਢਤੁੱਪ ਕਰਕੇ ਮਨੁੱਖਤਾ ਦੇ ਦੁਸ਼ਮਣ ਇਨ੍ਹਾਂ ਨਸ਼ਿਆਂ ਨੂੰ ਕਈ ਦੇਵੀ ਦੇਵਤਿਆਂ ਨਾਲ ਜੋੜ ਦਿੱਤਾ ਹੈ, ਜਿਸ ਤਰ੍ਹਾਂ ਭਾਰਤੀ ਸੰਸਕਿ੍ਰਤੀ ਨਾਲ ਸਬੰਧਤ ਮੰਨੇ ਜਾਂਦੇ ਸ਼ਿਵ ਜੀ ਮਹਾਰਾਜ ਨਾਲ ਭੰਗ ਨੂੰ ਜੋੜ ਦਿੱਤਾ ਤੇ ਲੋਕ ਸ਼ਿਵਰਾਤਰੀ ਵਾਲੇ ਦਿਨ ਭੰਗ ਪੀਂਦੇ ਹਨ। ਪਿੱਛੇ ਜਿਹੇ ਤੰਬਾਕੂ ਨਾਲ ਸਬੰਧਤ ਮੰਤਰਾਲੇ ਦੁਆਰਾ ਫੈਸਲਾ ਕੀਤਾ ਗਿਆ ਕਿ ਬੀੜੀ ਅਤੇ ਸਿਗਰਟ ਦੇ ਬੰਡਲ ਦੇ 80 ਫੀਸਦੀ ਭਾਗ ਉੱਪਰ ਦੋਵੇਂ ਪਾਸੇ ਤੰਬਾਕੂ ਦੇ ਖ਼ਤਰੇ ਤੋਂ ਚਿਤਾਵਨੀ ਲਿਖੀ ਜਾਵੇ ਤਾਂ ਕਿ ਇਸ ਦਾ ਸੇਵਨ ਕਰਨ ਵਾਲੇ ਚਿਤਾਵਨੀ ਪੜ੍ਹ ਲੈਣ ਤੇ ਸ਼ਾਇਦ ਉਹ ਚਿਤਾਵਨੀ ਪੜ੍ਹ ਕੇ ਹੀ ਹਟ ਜਾਣ, ਯਾਦ ਰਹੇ ਕਿ ਵਰਤਮਾਨ ਵਿੱਚ ਬੰਡਲ ਦੇ ਕੇਵਲ ਇੱਕ ਪਾਸੇ ਹੀ 40% ਤੱਕ ਲਿਖਣ ਵਾਲਾ ਕਾਨੂੰਨੀ ਆਦੇਸ ਹੈ, ਪਰ ਤੰਬਾਕੂ ਦੀਆਂ ਫੈਕਟਰੀਆਂ ਦੇ ਮਾਲਕ (ਭਾਜਪਾ ਦੇ ਲੀਡਰ) ਇੱਕ ਹੋਰ ਰਾਜਨੀਤਿਕ ਨੂੰ ਇਤਨੀ ਤਕਲੀਫ ਹੋਈ ਕਿ ਉਸ ਨੇ ਇਹ ਬਿਆਨ ਦਾਗ਼ ਦਿੱਤਾ ਕਿ ਭਾਰਤ ਵਿੱਚ ਤੰਬਾਕੂ ਉੱਪਰ ਅੱਜ ਤੱਕ ਕੋਈ ਖੋਜ ਨਹੀਂ ਹੋਈ ਇਸ ਲਈ ਵਿਸ਼ਵ ਭਰ ਦੇ ਹੋਰ ਭਾਗਾਂ ਵਿੱਚ ਹੋਈਆਂ ਖੋਜਾਂ ਨਾਲ ਭਾਰਤ ਦਾ ਕੋਈ ਸਬੰਧ ਨਹੀਂ, ਜਿਸ ਤੋਂ ਇਹ ਸਿੱਧ ਹੁੰਦਾ ਹੋਵੇ ਕਿ ਭਾਰਤ ਵਿੱਚ ਕੈਂਸਰ ਤੰਬਾਕੂ ਨਾਲ ਹੀ ਹੁੰਦਾ ਹੈ, ਇਸ ਲਈ ਭਾਰਤ ਸਰਕਾਰ ਨੂੰ ਤੰਬਾਕੂ ਦੀ ਵਿਕਰੀ ਅਤੇ ਉਸ ਉੱਪਰ ਵਧਾ ਕੇ ਛਾਪਣ ਵਾਲੀ ਲਿਖਤੀ ਚਿਤਾਵਨੀ ਦੇ ਚੱਕਰ ਵਿੱਚ ਨਹੀਂ ਪੈਣਾ ਚਾਹੀਦਾ। ਹੁਣ ਅਸੀਂ ਆਪ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡੀਆਂ ਸਰਕਾਰਾਂ ਜਾਂ ਸਾਡੇ ਰਾਜਨੀਤਿਕ ਲੋਕ ਆਮ ਲੋਕਾਂ ਉੱਪਰ ਬਿਮਾਰੀਆਂ ਥੋਪਣਾ ਚਾਹੁੰਦੇ ਹਨ ਜਾਂ ਨਿਜਾਤ ਦਿਵਾਉਣਾ ਚਾਹੁੰਦੇ ਹਨ। ਪੰਜ ਦਰਿਆਵਾਂ ਵਾਲੇ ਪੰਜਾਬ ਦੀ ਧਰਤੀ, ਗੁਰੂਆਂ ਪੀਰਾਂ ਦੀ ਧਰਤੀ ਅਖਵਾਉਂਦੀ ਹੈ ਤੇ ਅਜਿਹੀ ਪਵਿੱਤਰ ਧਰਤੀ ਉੱਪਰ ਤਾਂ ਕਿਸੇ ਮਨੁੱਖ ਦੁਆਰਾ ਅਜਿਹੇ ਕਿਸੇ ਵੀ ਪਦਾਰਥ ਦਾ ਸੇਵਨ ਨਹੀਂ ਕਰਨਾ ਚਾਹੀਦਾ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਨਸਲ ਹੀ ਵਿਗਾੜਦਾ ਹੋਵੇ। ਇਸ ਲਈ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਅਤੇ ਆਪਣੀਆਂ ਆਉਣ ਵਾਲੀਆਂ ਕੁਲ਼ਾਂ ਨੂੰ ਬਚਾਉਣ ਲਈ ਜਿਤਨੀ ਜਲਦੀ ਹੋ ਸਕੇ, ਇਸ ਤੋਂ ਛੁਟਕਾਰਾ ਪਾਉਣਾ ਹੀ ਵਾਜਬ ਹੋਵੇਗਾ, ਪਰ ਸਾਡੀ ਆਪਣੀ ਚੁਣੀ ਹੋਈ ਪੰਥਕ (ਪੰਜਾਬ) ਸਰਕਾਰ ਨੇ ਤੰਮਾਕੂ ਉੱਪਰ ਟੈਕਸ ਦਰ 50% ਤੋਂ ਘਟਾ ਕੇ 20% ਕਰ ਦਿੱਤੀ ਤਾਂ ਜੋ ਇਸ ਦਾ ਸੇਵਨ ਕਰਨ ਵਾਲਿਆਂ ਨੂੰ ਸਸਤੀਆਂ ਦਰਾਂ ’ਤੇ ਉਪਲੱਭਦ ਹੋ ਸਕੇ ਜਦਕਿ ਸਾਡੇ ਗੁਆਢੀ ਸੂਬੇ, ਜਿਵੇਂ ਕਿ ਹਿਮਾਚਲ ਪ੍ਰਦੇਸ, ਰਾਜਸਥਾਨ ਅਤੇ ਜੰਮੂ ਕਸ਼ਮੀਰ ਨੇ ਤੰਮਾਕੂ ’ਤੇ ਟੈਕਸ ਵਧਾਏ ਹਨ, ਤਾਂ ਜੋ ਮਹਿਗੀਆਂ ਦਰ ’ਤੇ ਮਿਲਣ ਕਾਰਨ ਇਸ ਦਾ ਸੇਵਨ ਕਰਨ ਵਾਲਿਆਂ ਦੀ ਤਾਦਾਦ ਘਟ ਜਾਵੇ। ਬਿਹਾਰ ਸੂਬੇ ਦੀ ਸਰਕਾਰ ਨੇ ਤਾਂ ਇਸ ਸਾਲ ਤੰਮਾਕੂ ਉੱਪਰ ਟੈਕਸ ਦਰ 57% ਕਰ ਦਿੱਤੀ, ਜੋ ਕਿ ਸਲਾਹੁਣ ਯੋਗ ਕਰਮ ਹੈ।

ਤੰਬਾਕੂ ਛੱਡਣਾ ਕੋਈ ਇਤਨਾ ਔਖਾ ਕੰਮ ਨਹੀਂ ਜਿਤਨਾ ਲੋਕ ਸਮਝੀ ਬੈਠੇ ਹਨ, ਬੱਸ ਇੱਕ ਤਮੰਨਾ ਅਤੇ ਤਕੜੇ ਆਤਮ ਵਿਸ਼ਵਾਸ਼ ਦੀ ਲੋੜ ਹੁੰਦੀ ਹੈ। ਅੱਜ ਹੀ ਮਨੁੱਖ ਨਿਸਚਾ ਧਾਰ ਲਵੇ ਤਾਂ ਤੁਰੰਤ ਹੀ ਇਸ ਤੋਂ ਤੋਬਾ ਕਰ ਸਕਦਾ ਹੈ ਤੇ ਸਦਾ ਲਈ ਇਸ ਤੋਂ ਛੁਟਕਾਰਾ ਪਾ ਕੇ ਆਪਣੀ ਅਮੋਲਕ ਦੇਹੀ ਨੂੰ ਕੰਚਨ ਦੇਹੀ ਬਣਾ ਸਕਦਾ ਹੈ। ਇਸ ਤਰ੍ਹਾਂ ਜਿੱਥੇ ਅਮੋਲਕ ਦੇਹੀ ਦਾ ਬਚਾਅ ਹੋ ਸਕੇਗਾ ਉੱਥੇ ਅਗਲੀਆਂ ਨਸਲਾਂ ਦਾ ਵਿਗਾੜ ਵੀ ਬਚੇਗਾ ਤੇ ਬਿਮਾਰੀਆਂ ਰਾਹੀਂ ਨਿੱਤ ਦਿਹਾੜੇ ਹੋ ਰਿਹਾ ਆਰਥਿਕ ਨੁਕਸਾਨ ਵੀ ਬਚ ਜਾਵੇਗਾ।