ਯਾਦਾਸ਼ਤ ਕਮਜ਼ੋਰ ਕਿਉ ਹੋ ਜਾਂਦੀ ਹੈ ?

0
366

ਯਾਦਾਸ਼ਤ ਕਮਜ਼ੋਰ ਕਿਉ ਹੋ ਜਾਂਦੀ ਹੈ ?

–ਡਾ. ਅਮਨਦੀਪ ਸਿੰਘ ਟੱਲੇਵਾਲੀਆ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਯਾਦਾਸ਼ਤ ਦਾ ਸੰਬੰਧ ਦਿਮਾਗ ਨਾਲ ਹੈ। ਜਿਸ ਤਰ੍ਹਾਂ ਕੰਪਿਊਟਰ ਦੀ ਮੈਮੋਰੀ ਹੁੰਦੀ ਹੈ, ਉਸੇ ਤਰ੍ਹਾਂ ਦਿਮਾਗ ਦੀ ਵੀ ਯਾਦਾਸ਼ਤ (ਮੈਮੋਰੀ) ਹੁੰਦੀ ਹੈ। ਕੁਦਰਤ ਨੇ ਹਰਮਨੁੱਖ ਨੂੰ ਦਿਮਾਗ ਦਿੱਤਾ ਹੈ। ਬੇਸ਼ੱਕ ਕੰਪਿਊਟਰ ਦੀ ਮੈਮੋਰੀ ਤਾਂ ਅਸੀਂ ਵੱਧ-ਘੱਟ ਖਰੀਦ ਸਕਦੇ ਹਾਂ ਪਰ ਕੁਦਰਤ ਨੇ ਹਰ ਅਮੀਰ-ਗਰੀਬ, ਵੱਡੇ-ਛੋਟੇ, ਸ਼ਹਿਰੀ-ਪੇਂਡੂ ਨੂੰ ਇਕੋ ਜਿੰਨਾ ਦਿਮਾਗ ਦਿੱਤਾ ਹੈ। ਸ਼ਰਤ ਹੈ ਕਿ ਅਸੀਂ ਉਸ ਨੂੰ ਕਿੰਨਾ ਕੁ ਵਰਤਦੇ ਹਾਂ। ਮਹਾਨ ਮਨੁੱਖ ਇਸ ਕਰਕੇ ਮਹਾਨ ਬਣੇ ਹਨ ਕਿ ਉਨ੍ਹਾਂ ਨੇ ਆਪਣੇ ਦਿਮਾਗ ਤੋਂ ਵੱਧ ਤੋਂ ਵੱਧ ਕੰਮ ਲਿਆ, ਨਹੀਂ ਤਾਂ ਸਾਡੇ ਵਰਗੇ ਖਾ ਕੇ ਸਾਗ ਨਾਲ ਮੱਕੀ ਦੀਆਂ ਰੋਟੀਆਂ ਡੱਕ ਕੇ ਸੌਂ ਜਾਂਦੇ ਹਨ।

ਯਾਦਾਸ਼ਤ ਦਿਮਾਗ ਦਾ ਇਕ ਭਾਗ ਹੈ। ਜੋ ਘਟਨਾਵਾਂ ਸਾਡੀ ਜ਼ਿੰਦਗੀ ਵਿਚ ਵਾਪਰਦੀਆਂ ਹਨ, ਉਸ ਨੂੰ ਦਿਮਾਗ ਦਾ ਜੋ ਹਿੱਸਾ ਸੰਭਾਲ ਕੇ ਰੱਖਦਾ ਹੈ, ਉਸ ਨੂੰ ਯਾਦਾਸ਼ਤ ਆਖਦੇ ਹਨ। ਉਹ ਉਮਰ ਦੇ ਹਿਸਾਬ ਨਾਲ ਵਧਦੀ ਜਾਂਦੀ ਹੈ। ਜਿਵੇਂ-ਜਿਵੇਂ ਸਾਡੀ ਸੋਚ ਦਾ ਘੇਰਾ ਵਿਸ਼ਾਲ ਹੁੰਦਾ ਜਾਂਦਾ ਹੈ, ਉਵੇਂ-ਉਵੇਂ ਯਾਦਾਸ਼ਤ ਦਾਘੇਰਾ ਵੀ ਵਧਦਾ ਜਾਂਦਾ ਹੈ। ਸਾਨੂੰ ਸਾਡੀ ਜ਼ਿੰਦਗੀ ਵਿਚ ਵਾਪਰਦੀਆਂ ਘਟਨਾਵਾਂ ਲਗਭਗ ਯਾਦ ਰਹਿੰਦੀਆਂ ਹਨ। ਅਸੀਂ ਬਚਪਨ ਤੋਂ ਬੁਢਾਪੇ ਤੱਕ ਕਿੰਨੇ ਪੜਾਵਾਂ ਵਿਚ ਦੀ ਗੁਜ਼ਰਦੇ ਹਾਂ, ਇਸ ਨੂੰ ਯਾਦਾਸ਼ਤ ਸੰਭਾਲ ਕੇ ਰੱਖਦੀ ਹੈ। ਜਿਸ ਤਰ੍ਹਾਂ ਕੰਪਿਊਟਰ ਦੀ ਮੈਮੋਰੀ ਭਰ ਜਾਂਦੀ ਹੈ ਤਾਂ ਉਸ ਵਿਚ ਹੋਰ ਮੈਟਰ ਪਾਉਣ ਲਈ ਕਿਸੇ ਚੀਜ਼ ਨੂੰ ‘ਡਿਲੀਟ’ ਕਰਨਾ ਪੈਂਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਡੀ ਯਾਦਾਸ਼ਤ ਜਦੋਂ ਭਰ ਜਾਂਦੀ ਹੈ ਤਾਂ ਇਸ ਵਿਚੋਂ ਵਾਧੂ ਵਿਚਾਰ ਹਟਾਉਣੇ ਪੈਂਦੇ ਹਨ। ਇਹ ਵੱਡਾ ਕਾਰਨ ਹੈ ਕਿ ਅਸੀਂ ਭੁੱਲਣ ਲੱਗ ਜਾਂਦੇ ਹਾਂ।

ਯਾਦਾਸ਼ਤ ਕਮਜ਼ੋਰ ਕਿਉ ਹੋ ਜਾਂਦੀ ਹੈ : ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਰੱਬ ਨੇ ਦਿਮਾਗ ਸਭ ਨੂੰ ਦਿੱਤਾ ਹੈ ਪਰ ਸੋਚਣ ਦੀ ਸਮਰੱਥਾ ਸਭ ਦੀ ਵੱਖਰੀ ਹੁੰਦੀ ਹੈ। ਇਸੇ ਤਰ੍ਹਾਂ ਯਾਦਾਸ਼ਤ ਵੀ ਸਭ ਦੀ ਵੱਖੋ-ਵੱਖਰੀ ਹੁੰਦੀ ਹੈ। ਕਿਸੇ ਚੀਜ਼ ਨੂੰ ਸਮਝ ਲੈਣਾ ਅਤੇ ਰੱਟਾ ਲਾਉਣਾ, ਇਸ ਵਿਚ ਬਹੁਤ ਫ਼ਰਕ ਹੈ। ਸਮਝ ਕੇ ਪੜ੍ਹੀ ਹੋਈ ਜਾਂ ਸਿੱਖੀ ਹੋਈ ਗੱਲ ਜ਼ਿਆਦਾ ਦੇਰ ਯਾਦ ਰਹਿੰਦੀ ਹੈ।

ਬੇਧਿਆਨੀ : ਬੇਧਿਆਨੀ ਅਤੇ ਕਮਜ਼ੋਰ ਯਾਦਾਸ਼ਤ ਇਕ-ਦੂਸਰੇ ਦੀਆਂ ਪੂਰਕ ਹਨ। ਮੰਨ ਲਓ, ਅਸੀਂ ਕੋਈ ਕਿਤਾਬ ਪੜ੍ਹ ਰਹੇ ਹਾਂ ਪਰ ਪੜ੍ਹਦੇ ਸਮੇਂ ਸਾਡਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ, ਉਹ ਗੱਲ ਜਿਹੜੀ ਦਿਮਾਗ ਨੇ ਪਕੜ ’ਚ ਲਿਆਉਣੀ ਸੀ, ਉਹ ਸਾਥੋਂ ਪਾਸੇ ਹੋ ਗਈ, ਇਸ ਤਰ੍ਹਾਂ ਅਸੀਂ ਆਪਣੀ ਯਾਦਾਸ਼ਤ ਨੂੰ ਜ਼ਿਆਦਾ ਦੋਸ਼ ਦਿੰਦੇ ਹਾਂ ਪਰ ਹੁੰਦਾ ਸਾਡੀ ਬੇਧਿਆਨੀ ਕਰਕੇ ਹੈ। ਖ਼ਾਸ ਕਰਕੇ ਅੱਲੜ੍ਹ ਉਮਰ ਦੇ ਮੁੰਡੇ-ਕੁੜੀਆਂ ਅਕਸਰ ਇਹੀ ਸ਼ਿਕਾਇਤ ਕਰਦੇ ਹਨ ਕਿ ਜਦੋਂ ਮੈਂ ਪੜ੍ਹਦਾ/ਪੜ੍ਹਦੀ ਹਾਂ, ਮੇਰੇ ਕੁਝ ਪੱਲੇ ਨਹੀਂ ਪੈਂਦਾ ਜਾਂ ਮੁੰਡੇ-ਕੁੜੀ ਦੇ ਮਾਪਿਆਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਇਹਦੀ ਤਾਂ ਯਾਦ ਸ਼ਕਤੀ ਬੜੀ ਘੱਟ ਹੈ, ਕਿਸੇ ਡਾਕਟਰ ਤੋਂ ਦਵਾਈ ਦਿਵਾਈਏ। ਇਸ ਤਰ੍ਹਾਂ ਦੇ ਕੇਸਾਂ ਵਿਚ ਕਿਸੇ ਦਵਾਈ ਦੀ ਨਹੀਂ, ਸਗੋਂ ਧਿਆਨ ਲਾਉਣ ਦੀ ਲੋੜ ਹੁੰਦੀ ਹੈ। ਛੋਟੇ ਬੱਚਿਆਂ ਵਿਚ ਵੀ ਇਹ ਸ਼ਿਕਾਇਤ ਪਾਈ ਜਾਂਦੀ ਹੈ ਪਰ ਛੋਟੇ ਬੱਚੇ ਖੇਡਣ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਜਾਂ ਜਦੋਂ ਮਾਪਿਆਂ ਤੋਂ ਪੁੱਛਿਆ ਜਾਂਦਾ ਹੈ ਕਿ ਕੀ ਉਹ ਟੈਲੀਵਿਜ਼ਨ ’ਤੇ ਚਲਦੇ ਨਾਟਕ ਜਾਂ ਫ਼ਿਲਮਾਂ ਵੀ ਭੁੱਲ ਜਾਂਦੇ ਹਨ ਜਾਂ ਇਕੱਲੀ ਪੜ੍ਹਾਈ ਹੀ ਭੁਲਦੇ ਹਨ ਤਾਂ ਜਵਾਬ ਮਿਲਦਾ ਹੈ ਕਿ ਫ਼ਿਲਮਾਂ ਜਾਂ ਕਾਰਟੂਨ ਤਾਂ ਨਹੀਂ ਭੁਲਦੇ, ਸਿਰਫ਼ ਪੜ੍ਹਨਾ-ਲਿਖਣਾ ਹੀ ਭੁਲਦੇ ਹਨ। ਇਸ ਨੂੰ ਹਰਗਿਜ਼ ਯਾਦ ਸ਼ਕਤੀ ਕਮਜ਼ੋਰ ਨਹੀਂ ਕਿਹਾ ਜਾ ਸਕਦਾ, ਸਗੋਂ ਬੇਧਿਆਨੀ ਜਾਂ ਮਚਲਾਪਣ ਕਿਹਾ ਜਾਂਦਾ ਹੈ।

ਸਿਰ ਦੀ ਸੱਟ : ਸਿਰ ਦੀ ਸੱਟ ਲੱਗਣ ਨਾਲ ਵੀ ਯਾਦ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਕਈ ਅਜਿਹੇ ਕੇਸ ਦੇਖਣ ਨੂੰ ਮਿਲਦੇ ਹਨ, ਜਿੱਥੇ ਸੱਟ ਲੱਗਣ ਤੋਂ ਪਹਿਲਾਂ ਦੀ ਯਾਦਸ਼ਕਤੀ ਬਿਲਕੁਲ ਖ਼ਤਮ ਹੋ ਜਾਂਦੀ ਹੈ। ਇਹ ਇਕ ਭਿਆਨਕ ਬਿਮਾਰੀ ਦਾ ਰੂਪ ਲੈ ਲੈਂਦੀ ਹੈ।

ਕੰਮਾਂ-ਕਾਰਾਂ ਦਾ ਬੋਝ : ਅੱਜ ਕੱਲ੍ਹ ਦੀ ਭੱਜ-ਨੱਠ ਵਾਲੀ ਜ਼ਿੰਦਗੀ ਵਿਚ ਲੋਕਾਂ ਦੇ ਦਿਮਾਗ ’ਤੇ ਕੰਮਾਂ-ਕਾਰਾਂ ਦਾ ਬੋਝ ਐਨਾ ਕੁ ਵਧਦਾ ਜਾ ਰਿਹਾ ਹੈ ਕਿ ਲੋਕੀਂ ਆਪਣੇ ਅੱਧੇ ਕੰਮ ਭੁੱਲ ਜਾਂਦੇ ਹਨ। ਮੰਨ ਲਓ, ਕੋਈ ਆਦਮੀ ਬਾਜ਼ਾਰ ਵਿੱਚੋਂ ਸੌਦਾ ਲੈਣ ਚਲਾ ਗਿਆ, ਘਰੋਂ ਉਸ ਨੂੰ ਆਹ ਲਿਆ ਦਈਂ, ਔਹ ਲਿਆ ਦਈਂ ਆਖ ਕੇਤੋਰਿਆ। ਉਸ ਨੇ ਰਸਤੇ ਵਿਚ ਹੋਰ ਕੰਮ ਵੀ ਕਰਨੇ ਹਨ ਪਰ ਜਦ ਉਹ ਵਾਪਸ ਆਵੇਗਾ ਤਾਂ ਕੁਝ ਨਾ ਕੁਝ ਜ਼ਰੂਰ ਭੁੱਲ ਆਵੇਗਾ ਕਿਉਕਿ ਉਸ ਦੇ ਦਿਮਾਗ ’ਤੇਕੰਮਾਂ ਦਾ ਬੋਝ ਹੀ ਐਨਾ ਵਧ ਗਿਆ, ਜੋ ਯਾਦ ਸ਼ਕਤੀ ਨੇ ਸੰਭਾਲ ਕੇ ਨਾ ਰੱਖਿਆ ਅਤੇ ਥੋੜ੍ਹੀ ਮੋਟੀ ਬੇਧਿਆਨੀ ਵੀ ਹੋ ਜਾਂਦੀ ਹੈ।

ਮਾਨਸਿਕ ਟੈਨਸ਼ਨ : ਮਨੋਰੋਗੀਆਂ ਵਿਚ ਯਾਦ ਸ਼ਕਤੀ ਘਟਣਾ ਆਮ ਗੱਲ ਹੈ ਕਿਉਕਿ ਉਨ੍ਹਾਂ ਦੀ ਆਪਣੀ ਬਿਮਾਰੀ ਹੀ ਉਨ੍ਹਾਂ ਦੀ ਸੁਰਤ ਭੁਲਾਈ ਰੱਖਦੀ ਹੈ।

ਨਸ਼ੇ ਅਤੇ ਦਵਾਈਆਂ : ਉਹ ਲੋਕ, ਜੋ ਜ਼ਿਆਦਾ ਦਵਾਈਆਂ, ਖ਼ਾਸ ਕਰਕੇ ਨੀਂਦ ਲਿਆਉਣ ਵਾਲੀਆਂ ਜਾਂ ਮਾਨਸਿਕ ਰੋਗਾਂ ਨੂੰ ਠੀਕ ਕਰਨ ਵਾਲੀਆਂ ਦਵਾਈਆਂ ਖਾਂਦੇ ਹਨ ਜਾਂ ਜਿਹੜੇ ਲੋਕ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ, ਖ਼ਾਸ ਕਰਕੇ ਸ਼ਰਾਬ ਕਿਉਕਿ ਨਸ਼ੇ ਯਾਦਾਸ਼ਤ ਵਾਲੇ ਭਾਗ ਨੂੰ ਖੋਰਾ ਲਾਉਦੇ ਹਨ ਅਤੇ ਯਾਦਸ਼ਕਤੀ ਘਟ ਜਾਂਦੀ ਹੈ।

ਮੰਦਬੁੱਧੀ : ਇਹ ਤਾਂ ਇਕ ਅਜਿਹੀ ਬਿਮਾਰੀ ਹੈ ਜਾਂ ਇਹ ਕਹਿ ਲਵੋ ਕਿ ਸਜ਼ਾ ਹੈ, ਜੋ ਸਿਰਫ਼ ਯਾਦ ਸ਼ਕਤੀ ਹੀ ਨਹੀਂ, ਬਲਕਿ ਸਰੀਰ ਨੂੰ ਨਕਾਰਾ ਕਰ ਦਿੰਦੀ ਹੈ।

ਆਤਮ-ਵਿਸ਼ਵਾਸ ਦੀ ਘਾਟ : ਜਿਵੇਂ ਕਿ ਇਮਤਿਹਾਨਾਂ ਦੇ ਦਿਨਾਂ ਵਿਚ ਬਹੁਤੇ ਵਿਦਿਆਰਥੀਆਂ ਦੀ ਇਹ ਸ਼ਿਕਾਇਤ ਹੁੰਦੀ ਹੈ ਕਿ ਪੜ੍ਹ ਕੇ ਤਾਂ ਸਾਰਾ ਜਾਈਦਾ ਹੈ ਪਰ ਮੌਕੇ ’ਤੇ ਭੁੱਲ ਜਾਂਦੇ ਹਾਂ। ਇੱਥੇ ਯਾਦ ਸ਼ਕਤੀ ਕਮਜ਼ੋਰ ਨਹੀਂ ਹੁੰਦੀ, ਸਗੋਂ ਆਤਮ-ਵਿਸ਼ਵਾਸ ਦੀ ਘਾਟ ਹੁੰਦੀ ਹੈ।

ਜਾਣ-ਬੁੱਝ ਕੇ : ਇਹ ਉਨ੍ਹਾਂ ਲੋਕਾਂ ’ਤੇ ਢੁਕਦੀ ਹੈ, ਜਿਹੜੇ ਵਾਅਦੇ ਕਰਕੇ ਭੁੱਲ ਜਾਂਦੇ ਹਨ। ਜਿਵੇਂ ਕਿ ਲੀਡਰ ਲੋਕ, ਜਿਹੜੇ ਵੋਟਾਂ ਵੇਲੇ ਲੋਕਾਂ ਨਾਲ ਵਾਅਦੇ ਕਰਦੇ ਹਨ ਪਰ ਬਾਅਦ ਵਿਚ ਇਹ ਵਾਅਦੇ ਵਫ਼ਾ ਨਹੀਂ ਹੁੰਦੇ, ਸਗੋਂ ਭੁੱਲ ਚੁੱਕ ਦੀ ਮੁਆਫ਼ੀ ਮੰਗ ਕੇ ਫਿਰ ਵੋਟਾਂ ਮੰਗਣ ਆ ਜਾਂਦੇ ਹਨ ਅਤੇ ਇਹੋ ਜਿਹੇ ਸਾਡੇ ਲੋਕ ਹਨ, ਜਿਹੜੇ ਆਪਣੇ ਲੀਡਰਾਂ ਵੱਲੋਂ ਕੀਤੇ ਗਏ ਵਾਅਦੇ ਭੁੱਲ ਜਾਂਦੇ ਹਨ ਜਾਂ ਜਦੋਂ ਅਸੀਂ ਕਿਸੇ ਮਿੱਤਰ ਬੇਲੀ ਨੂੰ ਦਿਲੋਂ ਪਿਆਰ ਨਾ ਕਰਦੇ ਹੋਈਏ ਤਾਂ ਉਦੋਂ ਜਾਣ-ਬੁੱਝ ਕੇ ਅਣਜਾਣ ਬਣਦੇ ਹਾਂ ਅਤੇ ਯਾਦ ਸ਼ਕਤੀ ਕਮਜ਼ੋਰ ਹੋ ਗਈ, ਦਾ ਬਹਾਨਾ ਬਣਾਉਦੇ ਹਾਂ।

ਸੋ, ਕੁਝ ਵੀ ਹੋਵੇ। ਯਾਦ ਸ਼ਕਤੀ ਦਿਮਾਗ ਦਾ ਅਜਿਹਾ ਹਿੱਸਾ ਹੈ, ਜਿਸ ਬਿਨਾਂ ਜ਼ਿੰਦਗੀ ਦੀ ਗੱਡੀ ਨਹੀਂ ਚੱਲ ਸਕਦੀ। ਹਰ ਮਨੁੱਖ ਦੀ ਯਾਦ ਵਿਚ ਚੰਗੇ ਅਤੇ ਮਾੜੇਸਮੇਂ ਦੀ ਗੱਲ ਜਾਂ ਵਾਪਰੀ ਘਟਨਾ ਪਈ ਰਹਿੰਦੀ ਹੈ। ਜਿਸ ਨੂੰ ਯਾਦ ਕਰਕੇ ਮਨੁੱਖ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਪਰ ਫਿਰ ਵੀ ਸਾਨੂੰ ਜਾਣ-ਬੁੱਝ ਕੇ ਆਪਣੇ ਮਹਾਨ ਵਿਰਸੇ, ਸੱਭਿਆਚਾਰ ਆਦਿ ਨੂੰ ਨਹੀਂ ਭੁੱਲਣਾ ਚਾਹੀਦਾ। ਸਾਡੀ ਯਾਦਸ਼ਕਤੀ ਐਨੀ ਵੀ ਕਮਜ਼ੋਰ ਨਹੀਂ ਹੋਣੀ ਚਾਹੀਦੀ ਕਿ ਅਸੀਂ ਆਪਣੇ ਗੁਰੂਆਂ ਅਤੇਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਭੁੱਲ ਜਾਈਏ ਅਤੇ ਅਕ੍ਰਿਤਘਣ ਬਣ ਜਾਈਏ।