‘ਮਾਨਵਤਾ ਦੇ ਹਿਤੈਸ਼ੀ ਬਨਾਮ ਮਾਨਵਤਾ ਦੇ ਦੁਸ਼ਮਣ’

0
302

‘ਮਾਨਵਤਾ ਦੇ ਹਿਤੈਸ਼ੀ ਬਨਾਮ ਮਾਨਵਤਾ ਦੇ ਦੁਸ਼ਮਣ’

ਗਿਆਨੀ ਅਵਤਾਰ ਸਿੰਘ

ਮਨੁੱਖ ਜਾਤੀ ਅਜੋਕੇ ਯੁੱਗ ਨੂੰ ਵਿਗਿਆਨਿਕ ਯੁੱਗ ਮੰਨ ਕੇ ਚੱਲ ਰਹੀ ਹੈ ਕਿਉਂਕਿ ਇਨ੍ਹਾਂ ਅਨੁਸਾਰ ਇਸ ਯੁੱਗ ਨੇ ਸਮਾਜ ਨੂੰ ਉਹ ਸਭ ਕੁਝ ਦਿੱਤਾ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਆਦਿ ਕਾਲ ਤੋਂ ਯੁੱਗ ਦੇ ਬਦਲਣ ਦਾ ਮਹੱਤਵ ਕਿਸੇ ਇੱਕ ਵਿਅਕਤੀ ਨੂੰ ਦਿੱਤਾ ਜਾਂਦਾ ਰਿਹਾ ਸੀ, ਜਿਸ ਨੂੰ ਇਨਕਲਾਬੀ ਪੁਰਸ਼ ਮੰਨੀਦਾ ਸੀ ਪਰ ਵਿਗਿਆਨਿਕ ਯੁੱਗ ਦੇ ਆਉਣ ਪਿੱਛੇ ਕਿਸੇ ਇੱਕ ਵਿਅਕਤੀ ਦਾ ਹੱਥ ਨਹੀਂ ਕਿਹਾ ਜਾ ਸਕਦਾ ਬਲਕਿ ਇਹ ਕਹਿਣਾ ਉਚਿਤ ਹੋਵੇਗਾ ਕਿ ਇਸ ਯੁੱਗ ਨੂੰ ਨਿਖਾਰਨ ਲਈ ਅਣਗਿਣਤ ਵਰਗ ਦੇ ਮਨੁੱਖਾਂ ਨੇ ਆਪਣੀ ਯੋਗਤਾ ਰਾਹੀਂ ਹਿੱਸਾ ਪਾਇਆ ਹੈ, ਪਾ ਰਹੇ ਹਨ ਤੇ ਪਾਉਣ ਦਾ ਯਤਨ ਕਰ ਰਹੇ ਹਨ।

ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਇਸ ਵਿਗਿਆਨਕ ਯੁੱਗ ਨੇ ਜ਼ਿਆਦਾਤਰ ਲਾਭ ਮਨੁੱਖ ਜਾਤੀ ਨੂੰ ਹੀ ਪਹੁੰਚਾਇਆ ਹੈ। ਆਵਾਜਾਈ ਦੇ ਸਾਧਨ (ਸਾਇਕਲ, ਕਾਰ, ਬੱਸ, ਜਹਾਜ਼, ਰਾਕਟ ਆਦਿ) ਪਸ਼ੂ-ਪੰਛੀਆਂ ਲਈ ਕੀ ਮਾਇਨਾ ਰੱਖਦੇ ਹਨ ?, ਹਸਪਤਾਲਾਂ ਦੀ ਗਿਣਤੀ ਕੇਵਲ ਮਨੁੱਖ ਜਾਤੀ ਲਈ ਹੀ ਵਧੇਰੇ ਲਾਭਕਾਰੀ ਬਣੀ ਹੋਈ ਹੈ।, ਵਾਤਾ ਅਨੁਕੂਲ ਜੰਤ੍ਰਾਂ ਨੂੰ ਇਸਤੇਮਾਲ ਜ਼ਿਆਦਾਤਰ ਮਨੁੱਖ ਹੀ ਕਰ ਰਿਹਾ ਹੈ, ਖਾਣ-ਪਹਿਨਣ ਵਿੱਚ ਤਬਦੀਲੀ ਕੇਵਲ ਮਨੁੱਖ ਦੇ ਹੀ ਹਿੱਸੇ ਆਈ ਹੈ, ਨਾ ਕਿ ਪਸ਼ੂ-ਪੰਛੀਆਂ ਦੇ; ਕਿਉਂਕਿ ਪੰਛੀ ਹਜ਼ਾਰਾਂ ਸਾਲ ਪਹਿਲਾਂ ਵੀ ਆਕਾਸ਼ ਰਾਹੀਂ ਉੱਡ ਕੇ ਆਉਂਦੇ ਤੇ ਜਾਂਦੇ ਸਨ ਅੱਜ ਵੀ ਇਹੀ ਤਕਨੀਕ ਜਾਰੀ ਹੈ। ਪਸ਼ੂ, ਪਹਿਲਾਂ ਵੀ ਛੱਪੜਾਂ ਦੇ ਪਾਣੀ ਨੂੰ ਇਸਤੇਮਾਲ ਕਰਦੇ ਸੀ ਤੇ ਅੱਜ ਵੀ ਕਰਦੇ ਹਨ, ਆਦਿ।

ਜ਼ਿਆਦਾਤਰ ਮਾਨਵਤਾ ਦੀ ਭਲਾਈ ਲਈ ਆਇਆ ਇਹ ਵਿਗਿਆਨਿਕ ਯੁੱਗ, ਕੀ ਸੱਚ ਮੁੱਚ ਹੀ ਇਸ ਨੇ ਮਾਨਵਤਾ ਨੂੰ ਅਰਾਮਦਾਇਕ ਜ਼ਿੰਦਗੀ ਬਖ਼ਸ਼ਸ਼ ਕੀਤੀ ਹੈ ਕਿਉਂਕਿ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਭ ਹੀ ਇਸ ਦੇ ਗੁਣ ਗਾਈ ਜਾ ਰਹੇ ਹਨ ?

ਮੇਰੀ ਸੋਚ ਅਨੁਸਾਰ ਇਸ ਯੁੱਗ ਨੇ ਪਰਾਈ ਬੇਟੀ ਨੂੰ ਆਪਣੀ ਬੇਟੀ ਮੰਨਣ ਵਾਲੀ ਮਾਨਸਿਕਤਾ ਸਮਾਜ ਨੂੰ ਬਖ਼ਸ਼ਸ਼ ਨਹੀਂ ਕੀਤੀ ਹੈ। ਆਪਣਾ ਵਿਗਾੜ (ਨੁਕਸਾਨ ਕਰ) ਕੇ ਦੂਸਰੇ ਦੀ ਮਦਦ ਕਰਨ ਵਾਲੀ ਮਾਨਸਿਕਤਾ ਵੀ ਇਸ ਯੁੱਗ ਨੇ ਮਾਨਵਤਾ ਨੂੰ ਨਹੀਂ ਦਿੱਤੀ ਹੈ ਕਿਉਂਕਿ ਇਸ ਯੁੱਗ (ਤਕਨੀਕ) ਰਾਹੀਂ ਵੀ ‘‘ਮਨੁ ਮੂੰਡਿਆ ਨਹੀ॥’’ ਗਿਆ ਕੇਵਲ ਬਾਹਰੋਂ ਪਹਿਰਾਵਾ ਹੀ ਸਾਫ਼ ਕੀਤਾ ਜਾ ਰਿਹਾ ਹੈ। ਮਨੁੱਖ ਮਨ ਦੀ ਸ਼ਾਂਤੀ ਲਈ ਜੋ ਵੀ ਕਦਮ ਪੁੱਟ ਰਿਹਾ ਹੈ, ਉਹ ਸਭ ਮਨ ਨੂੰ ਸਗੋਂ ਹੋਰ ਤੀਬਰਤਾ ਲਈ ਉਕਸਾ (ਉਤੇਜਿਤ ਕਰ) ਰਿਹਾ ਹੈ। ਮਨ ਦੀ ਵਧੇਰੇ ਭੱਜ-ਦੌੜ ਹੀ ਸਰੀਰਕ ਭੁੱਖ ਦੇ ਵਿਆਪਕ ਪਸਾਰ (ਵਿਸਥਾਰ) ਨੂੰ ਜਨਮ ਦੇਈ ਜਾ ਰਹੀ ਹੈ। ਇਸ ਲਈ ‘‘ਭੁਖਿਆ ਭੁਖ ਨ ਉਤਰੀ ॥’’ ਕਾਰਨ ਪਰਾਏ ਦੁੱਖ-ਤਕਲੀਫ਼ (ਬਿਪਤਾ) ਵਿੱਚ ਸ਼ਰੀਕ (ਸ਼ਾਮਲ) ਹੋਣ ਦਾ ਸਮਾਂ ਨਹੀਂ ਮਿਲ ਰਿਹਾ ਹੈ, ਨਹੀਂ ਕੱਢਿਆ ਜਾ ਸਕਦਾ ਹੈ। ਪਰਾਇਆ ਹਾਲ-ਚਾਲ ਨਾ ਪੁੱਛ ਸਕਣ ਕਾਰਨ ਕਿਸੇ ਪ੍ਰਤੀ ਪ੍ਰੇਮ ਤੇ ਹਮਦਰਦੀ ਵੀ ਪੈਦਾ ਨਹੀਂ ਹੋ ਸਕਦੀ। ਇਸ ਮਨੋਬਿ੍ਰਤੀ ਦਾ ਮੂਲ ਕਾਰਨ ‘‘ਬਾਝਹੁ ਗੁਰੂ ਗੁਬਾਰ ਹੈ॥’’ ਕਿਉਂਕਿ ਜਦ ‘‘ਗੁਰ ਬਿਨੁ ਘੋਰ ਅੰਧਾਰ ॥’’ ਹੋਵੇ ਤਾਂ ਫਿਰ ਬੇਸ਼ੱਕ ਆਕਾਸ਼ ਵਿੱਚ ਸੈਂਕੜੇ ਚੰਦ ਜਾਂ ਹਜ਼ਾਰਾਂ ਸੂਰਜ ਵਿਖਾਈ ਦੇਣ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥’’ ਤਾਂ ਵੀ ਮਨ ਵਿੱਚ ਅਸਾਂਤੀ ਹੀ ਬਣੀ ਰਹੇਗੀ ਭਾਵ ਚਾਰੋਂ ਤਰਫ਼ ‘‘ਹੈ, ਹੈ, ਕਰਦੀ ਸੁਣੀ ਲੁਕਾਈ।’’ ਹੀ ਨਜ਼ਰੀਂ ਆਵੇਗੀ।

ਜਦ ਤੱਕ ਮਨੁੱਖ ‘‘ਦੁਖੁ ਸਬਾਇਐ ਜਗਿ ॥’’ ਨੂੰ ਵੇਖਣ ਵਾਲੀ ਦ੍ਰਿਸ਼ਟੀ ਪ੍ਰਾਪਤ ਨਹੀਂ ਕਰਦਾ ਤਦ ਤੱਕ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥’’ ਵਾਲੀ ਮਾਨਸਿਕਤਾ ਗ੍ਰਹਿਣ (ਪ੍ਰਾਪਤ) ਨਹੀਂ ਹੋ ਸਕਦੀ। ਉਕਤ ਰੋਗ ਦੇ ਚਿੰਨ੍ਹ ਵੀ ਇਹੀ ਹਨ ਕਿ ਮਨੁੱਖ ਨੇ ‘‘ਮੈ ਜਾਨਿਆ ਦੁਖੁ ਮੁਝ ਕੂ..॥’’ ਨੂੰ ਹੀ ਸਭ ਕੁਝ ਮੰਨਿਆ ਹੋਇਆ ਹੈ। ਜਿਸ ਕਾਰਨ ‘ਤਕਨੀਕ ਅਧਾਰਿਤ’ ਯੁੱਗ ਰਾਹੀਂ ਵੀ ਇਲਾਜ ਅਸੰਭਵ ਬਣਿਆ ਹੋਇਆ ਹੈ।

ਜੋ ਯੁੱਗ ‘‘ਪਰ ਕਉ ਨਿਵੈ ਨ ਕੋਇ॥’’ ਵਾਲੀ ਮਾਨਸਿਕਤਾ ਨੂੰ ਉਤੇਜਿਤ ਨਹੀਂ ਕਰ ਸਕਦਾ ਉਸ ਨੂੰ ਵਾਪਾਰਕ ਯੁੱਗ ਕਹਿਣਾ ਹੀ ਉਚਿਤ ਹੋਵੇਗਾ ਫ਼ਰਕ ਸਿਰਫ਼ ਇਹੀ ਹੁੰਦਾ ਹੈ ਕਿ ਇਸ ਵਿੱਚ ਤਰਕ ਨੂੰ ਵਧੇਰੇ ਮਾਨਤਾ ਮਿਲੀ ਹੁੰਦੀ ਹੈ ਭਾਵ ਤਰਕ ਪ੍ਰਧਾਨ (ਯੁੱਗ) ਹੁੰਦਾ ਹੈ। ਜਿੱਥੇ ਤਰਕ ਹੈ, ਉੱਥੇ ਹਮਦਰਦੀ ਪੈਦਾ ਨਹੀਂ ਹੋ ਸਕਦੀ। ਜਿੱਥੇ ਹਮਦਰਦੀ ਨਹੀਂ, ਉੱਥੇ ‘‘ਹੈ, ਹੈ, ਕਰਦੀ ਸੁਣੀ ਲੁਕਾਈ।’’ ਦੀ ਆਵਾਜ਼ ਮੱਧਮ (ਸੁਸਤ) ਰਹਿ ਜਾਂਦੀ ਹੈ ਭਾਵ ਨਜ਼ਰ ਹੀ ਨਹੀਂ ਆਉਂਦੀ।

ਪਰਾਈ ਮਦਦ ਕਰਨ ਵਾਲੀ ਦ ਦ੍ਰਿਸ਼ਟੀ (ਨੈਤਿਕਤਾ, ਹਮਦਰਦੀ) ਗੁਰੂ ਨਾਨਕ ਸਾਹਿਬ ਜੀ ਤੋਂ ਹੀ ਸਿੱਖਣੀ ਪਵੇਗੀ ਜਿਸ ਦੇ ਮੁੱਢਲੇ ਅਸੂਲ ਹਨ: ‘ਕਿਰਤ ਕਰਨੀ, ਵੰਡ ਛੱਕਣਾ ਤੇ ਨਾਮ ਜਪਣਾ’। ਕਿਉਂਕਿ ਇਹ ਅਟੱਲ ਸਚਾਈ ਹੈ ਕਿ ‘‘ਬਾਝਹੁ ਗੁਰੂ, ਗੁਬਾਰ ਹੈ॥’’ ਭਾਵ ਅਧਿਆਤਮਿਕ ਅੱਖਾਂ (ਸੂਝ) ਨਾ ਹੋਣ ਕਾਰਨ ਸਮਾਜ ਨੂੰ ਕੁਝ ਵੀ ਵਿਖਾਈ ਨਹੀਂ ਦੇ ਰਿਹਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਪਹਾੜਾਂ ਵਿੱਚ, ਜੰਗਲਾਂ ਵਿੱਚ, ਮਸਜਿਦਾਂ ਵਿੱਚ, ਮੰਦਿਰਾਂ ਆਦਿ ਵਿੱਚ ਜਾ ਕੇ ਇਹੀ ਪਾਠ (ਨੈਤਿਕਤਾ, ਇਨਸਾਨੀਅਤ) ਸਿਖਾਇਆ ਸੀ। ਮਾਨਵਤਾ ਦੀ ਭਲਾਈ ਵਾਸਤੇ ਇਹ ਯੁਕਤੀ ਸਰਲ ਤੇ ਸਪਸ਼ਟ ਹੋਣ ਦੇ ਬਾਵਜੂਦ ਵੀ ਯੁਕਤੀ ਦੱਸਣ ਵਾਲਿਆਂ ਨੂੰ ਸਮਾਜ ਨੇ ਤਸੀਹੇ ਦਿੱਤੇ ਹਨ। ਆਖ਼ਿਰ ਕਿਉਂ? ਇਸ ਦਾ ਕੀ ਕਾਰਨ ਸੀ? ਸ਼ਾਇਦ ਸਮਾਜ ਨਹੀਂ ਚਾਹੁੰਦਾ ਕਿ ਮਾਨਵਤਾ ਨੂੰ ਵਿਖਾਈ ਦੇਣ ਲੱਗੇ, ਰੋਗ ਮੁਕਤ ਹੋਵੇ, ਆਪਸੀ ਪਿਆਰ ਭਾਵਨਾ ਪੈਦਾ ਹੋਵੇ। ਇਹ ਵੀ ਸੱਚ ਹੈ ਕਿ ਇਸ ਰੋਗ ਨੂੰ ਨਿਰੰਤਰ ਜੀਵਤ ਰੱਖਣ ਵਾਲੇ ਕੁਝ ਕੁ ਲੋਕ ਹੀ ਹੁੰਦੇ ਹਨ, ਜੋ ਆਪਣੇ ਸੁਆਰਥ (ਵਾਪਾਰ) ਲਈ ਸਮਾਜ ਨੂੰ ਹਮੇਸ਼ਾਂ ਰੋਗੀ ਵੇਖਣਾ ਚਾਹੁੰਦੇ ਹਨ।

ਦਰਅਸਲ, ਸਮਾਜ ਦਾ ਇਤਿਹਾਸ ਗਵਾਹ ਹੈ ਕਿ ਮਾਨਵਤਾ ਨੂੰ ਰੋਗ ਗ੍ਰਹਿਸਤ ਰੱਖਣ ਵਾਲੇ ਲੋਕ ਵੀ ਉਹੀ ਹੁੰਦੇ ਹਨ, ਜੋ ‘‘ਮੈ ਜਾਨਿਆ ਦੁਖੁ ਮੁਝ ਕੂ..॥’’ ਵਾਲੇ ਰੋਗ ਤੋਂ ਆਪ ਪੀੜਤ ਹੁੰਦੇ ਹਨ।

ਮਾਨਵਤਾ ਦੀ ਭਲਾਈ ਲਈ ਤਿਆਰ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜਦ ਮੁਕੰਮਲ ਹੋਂਦ ’ਚ ਆ ਗਿਆ ਤਾਂ ‘‘ਮੈ ਜਾਨਿਆ ਦੁਖੁ ਮੁਝ ਕੂ..॥’’ ਸੋਚ ਨੂੰ ਮੁਸੀਬਤਾਂ ਖੜ੍ਹੀਆਂ ਹੋਣ ਲੱਗ ਗਈਆਂ, ਉਨ੍ਹਾਂ ਮਿਲ ਕੇ ਇਸ ਦੇ ਰਚੇਤਾ ਨੂੰ ਹੀ ਤੱਤੀ ਤਵੀ ’ਤੇ ਬੈਠਾਉਣ ਦੀਆਂ ਵਿਓਂਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੁਝ ਸਮੇਂ ਲਈ ਸਫਲਤਾ ਵੀ ਮਿਲਦੀ ਵਿਖਾਈ ਦਿੱਤੀ, ਪਰ ਜਿਸ ਨੇ ‘‘ਹੈ, ਹੈ, ਕਰਦੀ ਸੁਣੀ ਲੁਕਾਈ।’’ ਵੇਖੀ ਹੋਵੇ ਉਸ ਲਈ ਤੱਤੀ ਤਵੀ ’ਤੇ ਬੈਠਣ ਦੇ ਬਾਵਜੂਦ ਵੀ ‘‘ਤੇਰਾ ਕੀਆ, ਮੀਠਾ ਲਾਗੈ ॥’’ ਆਰਾਮ ਦਾਇਕ ਲੱਗਿਆ।

‘‘ਹੈ, ਹੈ, ਕਰਦੀ।’’ ਲੁਕਾਈ ਜਦ ਗੁਰੂ ਤੇਗ ਬਹਾਦਰ ਜੀ ਕੋਲ ਆਈ ਤਾਂ ਇਹ ਸੁਣ ਕੇ ਕਿ ਸਾਡਾ ਧਰਮ ਹੀ ਖ਼ਤਰੇ ਵਿੱਚ ਹੈ, ਜਿਸ (ਧਰਮ) ਨੇ ਮਾਨਵਤਾ ਦੀ ਰੱਖਿਆ ਕਰਨੀ ਸੀ, ਤਾਂ ਗੁਰੂ ਜੀ ਨੇ ਆਪਣੇ ਸਰੀਰ ਦਾ ਬਲੀਦਾਨ ਦੇਣਾ ਉਚਿਤ ਸਮਝਿਆ ਕਿਉਂਕਿ ‘ਧਰਮ’ ਖ਼ਤਰੇ ਵਿੱਚ ਨਹੀਂ ਹੁੰਦਾ ਬਲਕਿ ਧਰਮ ਦੀ ਪਾਲਣਾ ਕਰਨ ਵਾਲੇ ਹੀ ‘‘ਮੈ ਜਾਨਿਆ ਦੁਖੁ ਮੁਝ ਕੂ..॥’’ ਸੋਚ ਅਧੀਨ ਜੀਵਨ ਬਸਰ ਕਰ ਰਹੇ ਹੁੰਦੇ ਹਨ।

ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਆਦਿ ਸਿੰਘਾਂ ਦੀਆਂ ਦਿਲ ਕੰਬਾਊ ਸ਼ਹੀਦੀਆਂ ਕਿਨ੍ਹਾਂ ਲਈ ਸਨ? ਕੀ ਕੋਈ ‘‘ਮੈ ਜਾਨਿਆ ਦੁਖੁ ਮੁਝ ਕੂ..॥’’ ਸੋਚ ਦਾ ਧਾਰਨੀ ਮਨੁੱਖ ਆਪਣੇ ਆਪ ਨੂੰ ਰੂੰ ਵਿੱਚ ਲਪੇਟਣ ਉਪਰੰਤ ਅੱਗ ਲਗਵਾ ਸਕਦਾ ਹੈ?, ਗ਼ਰਮ ਪਾਣੀ ਨਾਲ ਉਬਲ ਰਹੀ ਦੇਗ਼ ਵਿੱਚ ਬੈਠ ਕੇ ‘‘ਤੇਰਾ ਕੀਆ, ਮੀਠਾ ਲਾਗੈ ॥’’ ਕਹਿ ਸਕਦਾ ਹੈ? ਜਾਂ ਆਰੇ ਨਾਲ ਆਪਣੇ ਆਪ ਨੂੰ ਚਿਰਵਾ ਸਕਦਾ ਹੈ ? ਪਰ ਇਨ੍ਹਾਂ ਅਸਹਿ ਸ਼ਹੀਦੀਆਂ ਦੌਰਾਨ ਚਿਹਰੇ ਦੀ ਇੱਕ ਝਲਕ ਇਸ ਗੱਲ ਤੋਂ ਸਪਸ਼ਟ ਵਿਖਾਈ ਦੇਂਦੀ ਹੈ ਕਿ ਜਦ ਆਖ਼ਰੀ ਵਾਰ ਪੁੱਛਿਆ ਗਿਆ ਕਿ ਤੁਹਾਡੀ ਕੋਈ ਮੰਗ ਹੈ? ਤਾਂ ਜਵਾਬ ਸੀ ਕਿ ਆਪਣੇ (ਸਾਡੇ) ਗੁਰੂ ਵੱਲ ਮੂੰਹ ਰੱਖਣਾ ਤਾਂ ਜੋ ਉਸ ਬੀਜ ਨੂੰ ਲੱਗਦੇ ਫਲ, ਗੁਰੂ ਜੀ ਆਪ ਵੇਖ ਸਕਣ ਜਿਸ ਦਾ ਬੀਜ ਗੁਰੂ ਨਾਨਕ ਸਾਹਿਬ ਜੀ ਨੇ ਬੀਜਿਆ ਸੀ।

ਆਤਮ ਹੱਤਿਆ ਕਰਨ ਵਾਲੇ ਵੀ ਬਾਅਦ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਮਿੰਨਤਾ ਕਰਦੇ ਵੇਖੇ ਜਾਂਦੇ ਹਨ ਪਰ ‘‘ਹੈ, ਹੈ, ਕਰਦੀ ਸੁਣੀ ਲੁਕਾਈ।’’ ਲਈ ਦਿੱਤੀ ਜਾ ਰਹੀ ਸ਼ਹੀਦੀ ਉਹ ਵੀ ਹੱਸ ਹੱਸ ਕੇ ? ਵਾਹ ! ਅਜਿਹਾ ਜੀਵਨ ਅਜੋਕਾ ਵਿਗਿਆਨ ਵੀ ਉਪਲਬਧ ਨਹੀਂ ਕਰਵਾ ਸਕਦਾ ਤਾਂ ਫਿਰ ਕਹਿਣਾ ਬਣਦਾ ਹੈ ਕਿ ਇਹ ਵਿਗਿਆਨਿਕ ਯੁੱਗ ਵੀ ਇੱਕ ਵਾਪਾਰਕ ਯੁੱਗ ਹੀ ਹੈ, ਜਿਸ ਦੀ ਉਤਪਤੀ ‘‘ਮੈ ਜਾਨਿਆ ਦੁਖੁ ਮੁਝ ਕੂ..॥’’ ਮਾਨਸਿਕਤਾ ਵਿੱਚੋਂ ਹੋਈ ਹੈ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣਾ ਸਾਰਾ ਹੀ ਪਰਿਵਾਰ ਉਸ ਭੱਠੀ ਵਿੱਚ ਝੋਕ ਦਿੱਤਾ ਜਿਹੜੀ ‘‘ਹੈ, ਹੈ’’ ਕਰ ਰਹੀ ਸੀ। 5 ਤੇ 7 ਸਾਲ ਦੇ ਦੋ ਸਾਹਿਬਜ਼ਾਦਿਆਂ ਤੋਂ ਜਦ ਪੁੱਛਿਆ ਗਿਆ ਕਿ ਅਗਰ ਤੁਸੀਂ ‘‘ਹੈ, ਹੈ’’ ਦੀ ਮਦਦ ਕਰਨੀ ਬੰਦ ਕਰ ਦੇਵੋ ਤਾਂ ਹਰ ਸੁਵਿਧਾ ਮਿਲੇਗੀ, ਜਿਹੜੀ ‘‘ਮੈ ਜਾਨਿਆ ਦੁਖੁ ਮੁਝ ਕੂ..॥’’ ਮਾਨਸਿਕਤਾ ਨੂੰ ਮਿਲਦੀ ਹੈ, ਪਰ ਨਾ-ਬਾਲਗ਼ ਬੱਚਿਆਂ ਦਾ ਜਵਾਬ ਸੁਣ ਕੇ ‘‘ਮੈ ਜਾਨਿਆ ਦੁਖੁ ਮੁਝ ਕੂ..॥’’ ਸੋਚ ਨੂੰ ਮਹਿਸੂਸ ਹੋ ਗਿਆ ਕਿ ਇਨ੍ਹਾਂ ਨੂੰ ਪ੍ਰਤੱਖ ‘‘ਜਲਤੀ ਸਭਿ ਪ੍ਰਿਥਵੀ ਦਿਸਿ ਆਈ।’’ ਵਿਖਾਈ ਦੇ ਰਹੀ ਹੈ ਜੋ ਇਤਨੇ ਸਾਲ ਕੁਰਾਨ ਪੜ੍ਹਨ ਤੋਂ ਉਪਰੰਤ ਸਾਨੂੰ ਵੀ ਵਿਖਾਈ ਨਹੀਂ ਦਿੱਤੀ। ਮਲੇਰ ਕੋਟਲਾ ਨਵਾਬ ਨੇ ਸਮਝਾਇਆ ਕਿ ਕਹਿੰਦੀ ਤਾਂ ਕੁਰਾਨ ਵੀ ਇਹੀ ਹੈ ਪਰ ਸਾਡੀ ਅਕਲ ’ਤੇ ਪਰਦਾ ਪਿਆ ਹੋਇਆ ਹੈ, ਇਸ ਦੇ ਬਾਵਜੂਦ ਵੀ ਉਹੀ ਕੀਤਾ ਗਿਆ ਜਿਸ ਨੂੰ ਕੁਰਾਨ ਸਮੇਤ ਕੋਈ ਵੀ ਧਾਰਮਿਕ ਮੰਨੀ ਜਾਂਦੀ ਪੁਸਤਕ ਬਿਆਨ ਨਹੀਂ ਕਰਦੀ।

ਭਾਈ ਮਨੀ ਸਿੰਘ ਜੀ ਸਾਮ੍ਹਣੇ ਸ਼ਰਤ ਰੱਖੀ ਹੋਈ ਸੀ ਕਿ ਹਰਜਾਨਾ (ਟੈਕਸ) ਦੇ ਦੇਵੋ ਤੇ ਜਾਨ ਬਚਾ ਲਵੋ ਪਰ ‘‘ਹੈ, ਹੈ’’ ਦੀ ਭਲਾਈ ਲਈ ਇਕੱਤਰ ਹੋਈ ਮਾਇਆ ‘‘ਮੈ ਜਾਨਿਆ ਦੁਖੁ ਮੁਝ ਕੂ..॥’’ ਨੂੰ ਕਿਵੇਂ ਦਿੱਤੀ ਜਾ ਸਕਦੀ ਹੈ? ਬੰਦ-ਬੰਦ ਕਟਵਾ ਲਿਆ ਪਰ ‘ਗੁਰੂ ਦੀ ਗੋਲਕ’ ਨੂੰ ‘ਗ਼ਰੀਬ ਦੇ ਮੂੰਹ’ ਵਿੱਚ ਪਾਉਣ ਤੋਂ ਆਖ਼ਰੀ ਦਮ ਤੱਕ ਪਿੱਛੇ ਨਹੀਂ ਹਟੇ।

ਭਾਈ ਤਾਰੂ ਸਿੰਘ ਜੀ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥’’ ਵਾਲੀ ਸੇਵਾ ਕਰ ਰਹੇ ਸੀ, ਜਿਸ ਉੱਪਰ ਇਲਜਾਮ ਇਹ ਲੱਗਿਆ ਕਿ ਤੁਸੀਂ ‘‘ਹੈ, ਹੈ’’ ਦੀ ਮਦਦ ਕਰਨ ਵਾਲੇ ਕੇਸਾਧਾਰੀਆਂ ਲਈ ‘‘ਕਿਛੁ ਹਥਹੁ ਦੇਇ ॥’’ ਰਹੇ ਹੋ। ਇਸ ਲਈ ਇਹ ਕਰਨਾ ਬੰਦ ਕਰ ਦਿਓ ਤੇ ਆਪਣੀ ਜਾਨ ਬਚਾ ਲਵੋ ਪਰ ਇੱਥੇ ਵੀ ‘ਮਾਨਵਤਾ ਦੇ ਦੁਸ਼ਮਣਾਂ’ ਦੀ ਹਾਰ ਹੋਈ ਤੇ ਭਾਈ ਸਾਹਿਬ ਜੀ ਦੀ ਖੋਪਰੀ ਇਸ ਸੋਚ ਅਧੀਨ ਉਤਾਰ ਦਿੱਤੀ ਗਈ ਕਿ ਇਹ ਮਦਦ ਕੇਸਾਧਾਰੀਆਂ ਦੀ ਕਰਦੇ ਹਨ ਇਸ ਲਈ ਮੈਂ ਇਸ (ਖ਼ੁਦ) ਦੇ ਹੀ ਕੇਸ ਨਹੀਂ ਰਹਿਣ ਦੇਣੇ।

ਸੋ, ਉਪਰੋਕਤ ਉਨ੍ਹਾਂ ਪੱਕੇ ਹੋਏ ਫਲਾਂ ਵਿੱਚੋਂ ਕੁਝ ਕੁ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਪੌਦੇ (ਬੀਜ) ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬੋਇਆ ਸੀ। ਇਹ ਪੱਕੇ ਹੋਏ ਫਲ ਹਮੇਸ਼ਾਂ ਆਪਣਾ ਸਰੀਰ ਨਸ਼ਟ ਕਰਕੇ ਹੀ ਦੂਸਰੇ ਨੂੰ ਆਨੰਦਤ ਕਰ ਸਕਦੇ ਹਨ/ ਕਿਸੇ ਦੇ ਜੀਵਨ ਵਿੱਚ ਵਿਕਾਸ ਲਿਆ ਸਕਦੇ ਹਨ।

ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਦਾ 5 ਸਾਲ ਦਾ ਬੱਚਾ, ਬਾਬਾ ਦੀਪ ਸਿੰਘ, ਬਾਬਾ ਗਰਜਾ ਸਿੰਘ, ਬਾਬਾ ਬੋਤਾ ਸਿੰਘ, ਭਾਈ ਲਛਮਣ ਸਿੰਘ, ਭਾਈ ਫੇਰੂਮਾਣ, ਭਾਈ ਦਿਲਾਵਰ ਸਿੰਘ ਆਦਿ ਵਰਗੇ ਅਣਗਿਣਤ ਹੀ ਮਰਜੀਵੜੇ (ਸਿੰਘ ਤੇ ਸਿੰਘਣੀਆਂ) ਮਾਨਵਤਾ ਦੀ ਮਦਦ ਲਈ ਆਪਣੀ ਜ਼ਿੰਦਗੀ ਦੀ ਆਹੂਤੀ ਦੇ ਗਏ ਪਰ ਸਿਦਕ ਨਹੀਂ ਹਾਰੇ / ਗੁਰੂ ਨੂੰ ਬੇਦਾਵਾ ਨਹੀਂ ਦਿੱਤਾ।

ਅੱਜ ਪੰਜਾਬ ਵਿੱਚੋਂ ਬਹੁਤ ਵੱਡਾ ਨੌਜਵਾਨ ਵਰਗ ਅਮਰੀਕਾ ਜਾਣ ਲਈ ਉਤਾਵਲਾ ਹੈ ਬੇਸ਼ੱਕ ਅਜਿਹਾ ਕਰਨ ਵਿੱਚ ਉਸ ਦਾ ਸਭ ਕੁਝ ਹੀ ਕਿਉਂ ਨਾ ਵਿੱਕ ਜਾਵੇ ਪਰ ਬਾਪੂ ਸੂਰਤ ਸਿੰਘ ਜੀ, ਜੋ ਅਮਰੀਕਾ ਤੋਂ ਇਹ ਸੋਚ ਕੇ ਆਪਣਾ ਸਰੀਰ ਪੰਜਾਬ ਦੀ ਧਰਤੀ ’ਤੇ ਤਿਆਗਣ ਲਈ ਆਏ ਅਤੇ 6 ਮਹੀਨਿਆਂ ਤੋਂ ਭੁੱਖ ਹੜਤਾਲ ’ਤੇ ਬੈਠੇ ਹੋਏ ਹਨ ਕਿਉਂਕਿ ‘‘ਹੈ, ਹੈ’’ ਕਰਦੀ ਲੁਕਾਈ ਦੀ ਮਦਦ ਕਰਨ ਵਾਲਿਆਂ ਨੂੰ ਭਾਰਤ ਦੇ ਕਾਨੂੰਨ ਅਨੁਸਾਰ ਜੋ ਸਜਾ ਮਿਲੀ ਸੀ, ਉਸ ਨੂੰ ਉਨ੍ਹਾਂ ਜੇਲ੍ਹ ਵਿੱਚ ਕੱਟਣ ਤੋਂ ਉਪਰੰਤ ਵੀ ਆਪਣੇ ਪਰਿਵਾਰ ਨਾਲ ਗ੍ਰਹਿਸਤੀ ਜੀਵਨ ਦਾ ਆਨੰਦ ਮਾਨਣ ਲਈ ‘ਮਾਨਵਤਾ ਦੀ ਦੁਸ਼ਮਣ’ ਸੋਚ ਜੇਲ੍ਹਾਂ ਵਿੱਚੋਂ ਬਾਹਰ ਆਜ਼ਾਦ ਨਹੀਂ ਕਰ ਰਹੀ ਹੈ। ਕਿਸੇ ਵੀ ਦੇਸ਼ ਦਾ ਕਾਨੂੰਨ ਹੋਵੇ ਉਹ ਤਮਾਮ ਮਨੁੱਖਾਂ ਦੇ ਅਧਿਕਾਰਾਂ ਦੀ ਬਰਾਬਰ ਵਕਾਲਤ ਕਰਦਾ ਹੈ ਪਰ ਮਾਨਵਤਾ ਦੀਆਂ ਵੋਟਾਂ ਦੀ ਮਦਦ ਨਾਲ ਬਣੀਆਂ ਸਰਕਾਰਾਂ ਹੀ ਮਾਨਵਤਾ ਦਾ ਘਾਣ ਕਰ ਰਹੀਆਂ ਹੁੰਦੀਆਂ ਹਨ। ਪਿਛਲੇ 30 ਸਾਲਾਂ ਵਿੱਚ ਪੰਜਾਬ ਦੀ ਧਰਤੀ ਉੱਪਰ ਹੋਏ ਮਾਨਵਤਾ ਦੇ ਅਧਿਕਾਰਾਂ ਦੇ ਖੁੱਲ੍ਹੇ ਹਨਨ, ਦੁਨੀਆਂ ਦੇ ਤਮਾਮ ਇਤਿਹਾਸ ਨੂੰ ਮਾਤ ਦੇ ਸਕਦੇ ਹਨ, ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਜ਼ੁਲਮ ਕਰਨ ਵਾਲੇ ਪੁਲਿਸ ਅਫਸਰਾਂ (ਜੋ ‘‘ਪਰ ਕਉ ਨਿਵੈ ਨ ਕੋਇ॥’’ ਵਾਲੀ ਸੋਚ ਦੇ ਧਾਰਨੀ ਹਨ) ਨੂੰ ਤਾਂ ਜੇਲ੍ਹਾਂ ਵਿੱਚੋਂ ਛੁਡਵਾ ਕੇ ਉਨ੍ਹਾਂ ਨੂੰ ਆਪਣੀ ਨੌਕਰੀ ’ਤੇ ਬਹਾਲ ਕਰ ਦਿੱਤਾ ਹੈ ਪਰ ਮਾਨਵਤਾ ’ਤੇ ਕੀਤੇ ਜਾ ਰਹੇ ਜ਼ੁਲਮਾਂ (‘‘ਹੈ, ਹੈ, ਕਰਦੀ ਸੁਣੀ ਲੁਕਾਈ।’’) ਨੂੰ ਆਪਣੇ ਸਰੀਰ ’ਤੇ ਹੰਢਾਉਣ ਵਾਲੇ (ਪਰਉਪਕਾਰੀਆਂ) ਉੱਪਰ ਜ਼ੁਲਮ ਦੀ ਹਨ੍ਹੇਰੀ ਰਾਹੀਂ ਅੱਜ ਵੀ ਅਸਹਿ ਤਸ਼ੱਦਦ (ਜ਼ੁਲਮ) ਢਾਹਿਆ ਜਾ ਰਿਹਾ ਹੈ ਅਤੇ ਸੁਆਰਥੀ ਰਾਜਨੀਤਿਕ ਲੋਕ, ਮਾਨਵ ਭਲਾਈ ਦੇ ਕਾਰਜ ਕਰਨ ਦੀ ਬਜਾਏ ਆਪਣੇ ਸੁਆਰਥਾਂ (‘‘ਭੁਖਿਆ ਭੁਖ ਨ ਉਤਰੀ ॥’’) ਤੱਕ ਹੀ ਸੀਮਤ ਹੋਏ ਪਏ ਹਨ ਅਤੇ ‘ਧਰਮ’ ਨੂੰ ਆਪਣੇ ਨਿਜੀ ਹਿੱਤਾਂ ਲਈ ਹੀ ਵਰਤਦੇ ਹਨ। ਅਜਿਹੀ ਸੋਚ ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘‘ਰਾਜੇ ਸੀਹ, ਮੁਕਦਮ ਕੁਤੇ ॥ ਜਾਇ ਜਗਾਇਨਿ੍ , ਬੈਠੇ ਸੁਤੇ ॥’’ (ਮ: ੧/੧੨੮੮) ਆਦਿ ਸ਼ਬਦਾਂ ਦੀ ਰਾਹੀਂ ਸੰਬੋਧਨ ਕੀਤਾ ਸੀ।