ਮਾਤਾ-ਪਿਤਾ ਇਕ ਰੋਲ ਮਾਡਲ

0
647

ਮਾਤਾ-ਪਿਤਾ ਇਕ ਰੋਲ ਮਾਡਲ

ਸ.ਪਰਮਜੀਤ ਸਿੰਘ-9915197110¸

ਬਹੁਤ ਵਾਰ ਇਹ ਦੇਖਣ ‘ਚ ਆਇਆ ਹੈ ਕਿ ਮਾਤਾ-ਪਿਤਾ ਬੱਚਿਆਂ ਨੂੰ ਸਮਝਾਉਂਦੇ-ਸਮਝਾਉਂਦੇ ਥੱਕ ਜਾਂਦੇ ਹਨ, ਪਰ ਬੱਚੇ ਸਮਝਦੇ ਨਹੀਂ। ਮਾਤਾ-ਪਿਤਾ ਕੁਝ ਹੋਰ ਕਰਨ ਲਈ ਕਹਿੰਦੇ ਹਨ, ਬੱਚੇ ਕੁਝ ਹੋਰ ਹੀ ਕਰਕੇ ਆ ਜਾਂਦੇ ਹਨ। ਕਈ ਵਾਰ ਤਾਂ ਬੱਚੇ ਉਸ ਤੋਂ ਬਿਲਕੁਲ ਉਲਟ ਕਰਕੇ ਆਉਂਦੇ ਹਨ ਜੋ ਮਾਤਾ-ਪਿਤਾ ਨੇ ਸਮਝਾਇਆ ਹੁੰਦਾ ਹੈ। ਇਸ ਦਾ ਮੁੱਖ ਕਾਰਨ ਹੁੰਦਾ ਹੈ, ਮਾਤਾ-ਪਿਤਾ ਦੀ ਕਥਨੀ ਤੇ ਕਰਨੀ ‘ਚ ਵੱਡਾ ਫਰਕ। ਇਹ ਫਰਕ ਜਿੰਨਾ ਛੋਟਾ ਹੋਵੇਗਾ, ਉੱਨਾ ਹੀ ਮਾਤਾ-ਪਿਤਾ ਦੀ ਗੱਲ ਦਾ ਅਸਰ ਜ਼ਿਆਦਾ ਹੋਵੇਗਾ, ਜਿੰਨਾ ਇਹ ਫਰਕ ਵਧਦਾ ਜਾਵੇਗਾ, ਮਾਤਾ-ਪਿਤਾ ਦੀ ਗੱਲ ਦਾ ਪ੍ਰਭਾਵ ਬੱਚਿਆਂ ‘ਤੇ ਉੱਨਾ ਹੀ ਘੱਟ ਹੁੰਦਾ ਜਾਵੇਗਾ।
ਹੁਣ ਜੇ ਮਾਤਾ-ਪਿਤਾ ਆਪ ਪਾਠ ਨਹੀਂ ਕਰਦੇ ਤੇ ਉਹ ਬੱਚਿਆਂ ਨੂੰ ਸਵੇਰੇ ਸ਼ਾਮ ਪਾਠ ਕਰਨ ਲਈ ਕਹੀ ਜਾਣਗੇ ਤਾਂ ਬੱਚਿਆਂ ‘ਤੇ ਇਸ ਦਾ ਪ੍ਰਭਾਵ ਨਾ ਮਾਤਰ ਹੀ ਹੋਵੇਗਾ, ਇਸੇ ਤਰਾਂ ਹੀ ਜੇ ਮਾਤਾ-ਪਿਤਾ ਆਪ ਤਾਂ ਸਾਰਾ ਸਾਰਾ ਦਿਨ ਟੀ. ਵੀ. ਦੇਖਦੇ ਰਹਿਣ ਤੇ ਬੱਚਿਆਂ ਨੂੰ ਕਹਿਣ ਟੀ. ਵੀ. ਨਾ ਦੇਖੋ ਤਾਂ ਬੱਚੇ ਨਹੀਂ ਮੰਨਣਗੇ। ਬੱਚਿਆਂ ਲਈ ਮਾਤਾ-ਪਿਤਾ ਹੀ ਸਭ ਤੋਂ ਵੱਡੇ ਰੋਲ ਮਾਡਲ ਹੁੰਦੇ ਹਨ। ਜੇ ਮਾਤਾ-ਪਿਤਾ ਚਾਹੁੰਦੇ ਹਨ ਕਿ ਸਾਡੇ ਬੱਚੇ ਸਾਰਿਆਂ ਦਾ ਸਤਿਕਾਰ ਕਰਨ, ਇਮਾਨਦਾਰ ਬਣਨ, ਕਿਸੇ ਨਾਲ ਧੋਖਾ ਨਾ ਕਰਨ, ਝੂਠ ਨਾ ਬੋਲਣ, ਨਸ਼ੇ ਨਾ ਕਰਨ, ਪਤਿਤ ਨਾ ਹੋਣ, ਨੈਤਿਕ ਕਦਰਾਂ ਕੀਮਤਾਂ ਦੇ ਧਾਰਨੀ ਹੋਣ, ਕਿਸੇ ਦਾ ਦਿਲ ਨਾ ਦੁਖਾਉਣ, ਕਿਸੇ ਨਾਲ ਵਾਅਦਾ ਖਿਲਾਫੀ ਨਾ ਕਰਨ, ਗਰੀਬਾਂ ਦੀ ਭਲਾਈ ਲਈ ਤਤਪਰ ਰਹਿਣ, ਅਨੁਸ਼ਾਸਨ ਵਿਚ ਰਹਿਣ, ਸਵੇਰੇ ਜਲਦੀ ਉੱਠਣ, ਸੱਭਿਅਕ ਭਾਸ਼ਾ ਦੀ ਵਰਤੋਂ ਕਰਨ, ਜ਼ਿੰਮੇਵਾਰ ਬਣਨ ਤਾਂ ਪਹਿਲਾਂ ਉਹਨਾਂ ਨੂੰ ਆਪ ਇਕ ਰੋਲ ਮਾਡਲ ਵਜੋਂ ਮਿਸਾਲ ਸਥਾਪਿਤ ਕਰਨੀ ਪਵੇਗੀ। ਇਸ ਲਈ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਜਿਹੜੀ ਆਸ ਆਪਣੇ ਬੱਚਿਆਂ ਕੋਲੋਂ ਰੱਖਦੇ ਹਨ, ਪਹਿਲਾਂ ਆਪ ਉਹੋ ਜਿਹਾ ਬਣ ਕੇ ਦਿਖਾਉਣ, ਤਦੇ ਹੀ ਇਸ ਦੇ ਹਾਂ-ਪੱਖੀ ਸਿੱਟੇ ਨਿਕਲਣਗੇ।

ਸ.ਪਰਮਜੀਤ ਸਿੰਘ-9915197110¸ ਸਾਗਰ ਫੀਚਰ ਸਰਵਿਸ,8, ਸੋਨਾ ਮਾਰਕੀਟ, ਕਰੀਮਪੁਰਾ ਬਜ਼ਾਰ, ਲੁਧਿਆਣਾ