ਮਸਲਾ, ਜਨਮ ਦਿਨ ਦਾ

0
388

ਮਸਲਾ, ਜਨਮ ਦਿਨ ਦਾ

ਸੰਤ ਸਿੰਘ ਪਦਮ

ਪੰਜਾਬ ਦੇ ਗੌਰਵ, ਕ੍ਰਾਂਤੀਕਾਰੀ ਬਾਬਾ ਨਾਨਕ ਜੀ ਦੇ ਜਨਮ ਦਿਨ ਦਾ ਵਿਵਾਦ-ਗ੍ਰਸਤ ਹੋਣਾ ਸ਼ਰਮਨਾਕ ਗੱਲ ਹੈ। ‘ਸਾਖੀ ਮਹਲੁ ਪਹਿਲੇ ਕੀ’, ਜੋ ਬਾਬੇ ਦੇ ਇਸ ਸੰਸਾਰ ਨੂੰ ਛੱਡਣ ਤੋਂ ਤਿੰਨ ਕੁ ਦਹਾਕਿਆਂ ਦੇ ਵਕਫ਼ੇ ਨਾਲ, ਉਨ੍ਹਾਂ ਦੇ ਹੀ ਇਤਬਾਰੀ ਸਿੱਖ ਸੀਹਾਂ ਉਪਲ ਦੀ ਸਿਰਜੀ ਭਰੋਸੇਯੋਗ ਸਾਖੀ ਹੈ, ਸਪੱਸ਼ਟ ਰੂਪ ਵਿੱਚ ਜਨਮ ਦਿਵਸ ਵਿਸਾਖ ਸੁਦੀ 3 ਦੱਸਦੀ ਹੈ। ਸਮਕਾਲੀਨ ਯਾਦਾਂ, ਜਾਣਕਾਰੀ ਅਤੇ ਨਿਜੀ ਅਨੁਭਵ ’ਤੇ ਆਧਾਰਤ ਹੋਣ ਕਾਰਨ ਇਸ ਦੀ ਪਰਮਾਣਕਤਾ ’ਤੇ ਕਿਸੇ ਤਰ੍ਹਾਂ ਦੇ ਸ਼ੰਕੇ ਦੀ ਗੁੰਜਾਇਸ਼ ਹੀ ਨਹੀਂ। ਇਸੇ ’ਤੇ ਆਧਾਰਤ ਹੋਣ ਕਾਰਨ ਸਾਰੀ ਪੁਰਾਣੀ ਸਾਖੀ ਪਰੰਪਰਾ ਵੀ ਬਾਬੇ ਦਾ ਜਨਮ ਦਿਵਸ ਵਿਸਾਖ ਸੁਦੀ 3 ਹੀ ਦੱਸਦੀ ਹੈ। ਕੇਵਲ ਹੰਦਾਲੀ ਲੇਖਕ ਗੋਰਖ ਦਾਸ ਦੀ ਰਚਨਾ ‘ਜਨਮ ਪਤ੍ਰੀ ਨਾਨਕ ਵੇਦੀ ਕੀ’ (ਜਿਸ ਨੂੰ ਇਸ ਦੇ ਪ੍ਰਚੱਲਤ ਨਾਂ ‘ਜਨਮ ਸਾਖੀ ਬਾਲਾ’ ਨਾਲ ਚਿਤਾਰਿਆ ਗਿਆ ਹੈ।), ਜੋ ਬਾਬੇ ਨਾਨਕ ਜੀ ਤੋਂ 120 ਸਾਲ ਬਾਅਦ 1658-59 ਵਿੱਚ ਲਿਖੀ ਮੰਤਵੀ ਘੜਤ ਹੈ, ਵਿੱਚ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਦਿੱਤਾ ਹੈ। ‘ਮੈਕਲੋਡ’ ਇਸ ਨੂੰ ਗ਼ਲਤ, ਵਿਸਾਖ ਸੁਦੀ 3 ਨੂੰ ਸੰਭਾਵੀ ਮੰਨਦਾ ਹੈ। ਇਸ ਤੱਥ ਦੇ ਚੰਗੀ ਤਰ੍ਹਾਂ ਜਾਣੇ ਜਾਣ ਦੇ ਬਾਵਜੂਦ ਕਿ ਇਹ (ਬਾਲਾ ਸਾਖੀ) ਹੰਦੀਲੀਆਂ ਦੀ, ਮੰਦਭਾਵਨਾ ਨਾਲ ਗੁਰੂ-ਇਤਿਹਾਸ ਨੂੰ ਵਿਗਾੜਨ ਅਤੇ ਭੰਬਲਭੂਸਾ ਪੈਦਾ ਕਰਨ ਲਈ ਲਿਖਾਈ ਗਈ ਸਾਖੀ ਹੈ, ਸਿੱਖ ਸਮਾਜ, ਇਸ ਵਿੱਚ ਦੱਸੀ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਬਾਬੇ ਦਾ ਜਨਮ ਦਿਵਸ ਮੰਨਦਾ ਅਤੇ ਮਨਾਉਂਦਾ ਹੈ। ਇਹ ਵਿਕਾਰ ਕਿਉਂ ਅਤੇ ਕਿਵੇਂ ਪੈਦਾ ਹੋਇਆ? ਇਸ ਦਾ ਸੋਮਾ ਕਿਹੜਾ ਹੈ? ਇਨ੍ਹਾਂ ਮੁੱਦਿਆਂ ਨੂੰ ਵਿੰਨ੍ਹਵੇਂ ਪਰੀਖਣ ਦੀ ਲੋੜ ਹੈ।

ਗੁਰ ਪੁਰਬ ਪਰੰਪਰਾ

ਆਮ ਧਾਰਨਾ ਹੈ ਕਿ ਗੁਰਪੁਰਬ ਆਦਿ-ਕਾਲ ਤੋਂ ਮਨਾਏ ਜਾਂਦੇ ਰਹੇ ਹਨ, ਪਰ ਇਹ ਹਕੀਕਤ ਨਹੀਂ। ਸਾਡੇ ਸਭਿਆਚਾਰ ਵਿੱਚ ਜਨਮ ਦਿਨ ਮਨਾਉਣ ਦੀ ਕੋਈ ਪਰੰਪਰਾ ਨਹੀਂ। ਇਹ ਰੀਤ ਅੰਗ੍ਰੇਜ਼ੀ ਰਾਜ ਦੀ ਸਥਾਪਨਾ ਤੋਂ ਬਾਅਦ ਸ਼ੁਰੂ ਹੋਈ ਹੈ। ਗਤੀਸ਼ੀਲ ਸਭਿਆਚਾਰਾਂ ਵਿੱਚ ਪਦਾਰਥ, ਸਮਾਜਕ ਤੇ ਇਤਿਹਾਸਕ ਤਬਦੀਲੀਆਂ ਕਾਰਨ, ਸਮੇਂ ਸਮੇਂ ਨਵੀਆਂ ਰੀਤਾਂ ਅਤੇ ਰਸਮਾਂ ਦਾ ਚਾਲੂ ਹੋਣਾ ਕੁਦਰਤੀ ਅਮਲ ਹੈ। ਗੁਰਪੁਰਬ ਤੇ ਸ਼ਤਾਬਦੀਆਂ ਮਨਾਉਣ ਦੀ ਨਵੀਂ ਸੁਆਗਤ ਯੋਗ ਪਰੰਪਰਾ ਮਹੱਤਵਪੂਰਨ ਇਤਿਹਾਸਕ ਘਟਨਾ ਹੈ। ਲੋੜ ਕੇਵਲ ਇਸ ਦੇ ਇਤਿਹਾਸਕ ਪ੍ਰਸੰਗ ਨੂੰ ਧਿਆਨ ਵਿੱਚ ਰੱਖ ਕੇ ਵਿਚਾਰੇ ਜਾਣ ਦੀ ਹੈ। ਨਾਲ ਹੀ ‘ਸਾਖੀ ਮਹਲੁ ਪਹਿਲੇ ਕੀ’ ਦੇ ਨਵੇਂ ਪ੍ਰਗਟਾਵੇ ਅਨੁਸਾਰ ਜਨਮ ਦਿਵਸ ਨਾਲ ਸਬੰਧਤ ਮੁੱਦਿਆਂ ਵੱਲ ਮੁੜ ਕੇ ਫੇਰਾ ਪਾਉਣਾ ਵੀ ਜ਼ਰੂਰੀ ਹੋ ਗਿਆ ਹੈ।
ਗੁਰਦੁਆਰਿਆਂ ’ਚ ਗੁਰਪੁਰਬ ਮਨਾਉਣ ਦੀ ਪਿਰਤ 20 ਵੀਂ ਸਦੀ ਦੀ ‘ਸਿੰਘ ਸਭਾ ਲਹਿਰ’ ਦੀ ਦੇਣ ਹੈ। ਆਦਿ-ਕਾਲ ਤੋਂ ਮਨਾਏ ਜਾਣ ਦੀ ਧਾਰਨਾ ਧਾਰਮਿਕ-ਸਭਿਚਾਰਕ ਭਰਮ ਕਾਰਨ ਉਪਜਦੀ ਹੈ। ਇਸ ਭਰਮ ਵਿੱਚ ਫਸਿਆ ਹਰ ਵਰਗ, ਖ਼ਾਸ ਕਰ ਪੁਜਾਰੀ, ਆਪਣੇ ਧਰਮ, ਵੇਦ, ਸਿਮਰਤੀ, ਯੋਗ, ਦਰਸ਼ਨ, ਹਰ ਚੀਜ਼ ਨੂੰ ਕਰੋੜਾਂ ਵਰ੍ਹੇ ਪੁਰਾਣੀ, ਬਲਕਿ ਆਦਿ-ਅਨਾਦੀ ਮੰਨਣ ਦਾ ਆਦੀ ਹੋ ਜਾਂਦਾ ਹੈ। ਸਿੱਖ ਇਤਿਹਾਸਕ ਗ੍ਰੰਥਾਂ ਵਿੱਚ ਗੁਰੂਆਂ ਦੇ ਜਨਮ ਦਿਨ ਮਨਾਏ ਜਾਣ ਦੀ ਕਿਸੇ ਪ੍ਰੰਪਰਾ ਦਾ ਕੋਈ ਜ਼ਿਕਰ ਨਹੀਂ ਮਿਲਦਾ। ਮੈਕਾਲਿਫ ਤੇ ਕਰਮ ਸਿੰਘ ਦੀ ਦੱਸ ਅਨੁਸਾਰ ਸੰਮਤ 1925 (1868 ਈ:) ਨੂੰ ਨਨਕਾਣੇ ਵਿੱਚ ਗੁਰਪੁਰਬ ਮਨਾਉਣਾ ਆਰੰਭ ਹੋਇਆ। ਹੁਣ ਹਾਲਤ ਇਹ ਹੈ ਕਿ ਇਹ ਰੀਤ ਭਰੋਸੇਵਾਨਾਂ ਨੂੰ ਆਦਿ-ਕਾਲ ਤੋਂ ਚਲੀ ਆ ਰਹੀ ਲੱਗ ਰਹੀ ਹੈ, ਜਿਸ ਦਾ ਆਧਾਰ ਕੋਈ ਤੱਥ ਨਹੀਂ, ਕੇਵਲ ਬੇਬੁਨਿਆਦਾ ਵਿਸ਼ਵਾਸ ਹੈ। ਬੇਸ਼ੱਕ ਸ਼ਤਾਵਦੀਆਂ ਮਨਾਉਣ ਦਾ ਸਿਲਸਿਲਾ 1969 ਈ. ਤੋਂ ਸ਼ੁਰੂ ਹੋਇਆ, ਪਰ ਉਕਤ ਮਨੋਦਸ਼ਾ ਅਧੀਨ, ਹੋਰ ਦਸ-ਵੀਹ ਸਾਲ ਬਾਅਦ, ਕਿਹਾ ਜਾਣ ਲੱਗ ਪਏਗਾ ਕਿ ਇਹ ਤਾਂ ਸਦੀਆਂ ਤੋਂ ਮਨਾਉਂਦੇ ਆ ਰਹੇ ਹਾਂ।
ਜਦੋਂ ਨਨਕਾਣਾ ਵਿੱਚ ਗੁਰਪੁਰਬ ਮਨਾਉਣਾ ਆਰੰਭ ਹੋਇਆ ਉਦੋਂ ‘ਜਨਮ ਸਾਖੀ ਬਾਲਾ’ ਦਾ, ਹੱਥ ਲਿਖਤਾਂ ਅਤੇ ਛਾਪੇ ਦੇ ਰੂਪ ਵਿੱਚ, ਹਰ ਪਾਸੇ ਭਰਮਾਰ ਸੀ। ਪੁਰਾਣੀ ਸਾਖੀ ਪਰੰਪਰਾ, ਸ਼ਾਤਰ ਹੰਦਾਲੀ ਕਾਰਜਨੀਤੀ ਘੜਨਹਾਰਿਆਂ ਦੀਆਂ ਗਤੀਵਿਧੀਆਂ ਸਦਕਾ, ਪੰਜਾਬ ਵਿੱਚੋਂ ਲਗਭਗ ਅਲੋਪ ਹੋ ਚੁੱਕੀ ਸੀ। ਲੋਕਾਂ ਸਾਹਮਣੇ ਕੇਵਲ ‘ਜਨਮ ਪਤ੍ਰੀ ਬਾਬਾ’ ਵਾਲੀ ਕੱਤਕ ਦੀ ਪੂਰਨਮਾਸ਼ੀ ਵਾਲੀ ਮਿਤੀ ਹੀ ਸੀ, ਜਿਸ ਦਾ ਸਮਰਥਨ, ਮੰਦੇ ਭਾਗਾਂ ਨੂੰ, ਬਾਲਾ ਪ੍ਰਸਤ ਲਾਬੀ ਅਤੇ ਜਨਮ ਸਾਖੀ ਬਾਲਾ ਦੇ ਆਧਾਰ ’ਤੇ ਲਿਖੀਆਂ, ਪਿਛਲੀ ਸਦੀ ਦੀਆਂ ਤਮਾਮ ਸਿੱਖ ਲਿਖਤਾਂ ਕਰਦੀਆਂ ਹਨ। ਗੁਰਪੁਰਬ ਮਨਾਉਣ ਲਈ ਇਹੋ ਮਿਤੀ ਪੱਕੀ ਹੋ ਗਈ। ਗੁਰਚਰਨ ਸਿੰਘ ਔਲਖ ਵਰਗੇ ਇਸ ਦੇ ਪੱਖੀ, ਹੁਣ ਦਾਅਵਾ ਕਰਦੇ ਹਨ ਕਿ ਇਹੋ ਪੁਰਾਣੀ ਪਰੰਪਰਾ ਜਾਂ ਰਵਾਇਤ ਹੈ ਜਿਸ ਨੂੰ ‘ਫੂਕ ਮਾਰ ਕੇ ਨਹੀਂ ਉਡਾਇਆ ਜਾ ਸਕਦਾ’। ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਕਿ ਇਤਿਹਾਸਕ ਤੱਥਾਂ ਨੂੰ ਵੀ ਕੇਵਲ ਅਣਹੋਈਆਂ ਰਵਾਇਤਾਂ ਦੇ ਫੁੰਕਾਰਿਆਂ ਨਾਲ ਮਿਟਾਇਆ ਨਹੀਂ ਜਾ ਸਕਦਾ।
ਗੁਰਪੁਰਬ ਮੁੱਢ ਤੋਂ ਹੀ ਮਨਾਏ ਜਾਣ ਵਾਲੇ ਭਰਮ ਦਾ ਸ਼ਿਕਾਰ ਹੋਈ ਸਿੱਖ ਚੇਤਨਾ ਲਈ ਤਰਕ ਅਤੇ ਨੈਤਿਕ ਜ਼ਰੂਰੀ-ਫ਼ਰਜ਼ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਇਹ ਧਾਰਨਾ ਤੱਥਾਂ ਦੀ ਥਾਂ, ਸਿਰੇ ਦੇ ਗ਼ਲਤ ਅਨੁਮਾਨ ’ਤੇ ਆਧਾਰਤ ਹੋਣ ਦੇ ਬਾਵਜੂਦ, ਇਸ ਦਾ ਸ਼ਿਕਾਰ, ਵਿਸਾਖ ਪੱਖੀ ਅਤੇ ਕੱਤਕ ਦੀ ਪੂਰਨਮਾਸ਼ੀ ਦੇ ਸਮਰਥਕ, ਦੋਵੇਂ ਹਨ। ਜਦੋਂ ਮੈਕਾਲਿਫ਼ ‘ਸਿੱਖ ਰਿਲਿਜਨ’ ਲਿਖ ਰਿਹਾ ਸੀ, ਉਸ ਸਮੇਂ ‘ਕੱਤਕ ਦੀ ਪੂਰਨਮਾਸ਼ੀ’ ਵਾਲਾ ਜਨਮ ਦਿਵਸ ਪ੍ਰਚੱਲਤ ਸੀ, ਪਰ ਪੁਰਾਣੀ ਸਾਖੀ ਪਰੰਪਰਾ ਵੀ ਪ੍ਰਕਾਸ਼ ਵਿੱਚ ਆ ਗਈ ਸੀ ਅਤੇ ਜਨਮ ਦਿਵਸ ਵਿਸਾਖ ਸੁਦੀ 3 ਦਾ ਸਹੀ ਹੋਣ ਵਾਲੇ ਅਨੇਕਾਂ ਹੋਰ ਅਕੱਟ ਪ੍ਰਮਾਣ ਵੀ ਸਾਹਮਣੇ ਆ ਗਏ ਸਨ। ਚੱਲ ਚੁੱਕੀ ਰੀਤ ਨੂੰ ਨਕਾਰਨ ਲਈ ‘ਮੈਕਾਲਿਫ਼’ ਅਤੇ ਉਸ ਦੇ ਸਹਾਇਕ ਸਿੱਖ ਵਿਦਿਵਾਨਾਂ ਨੇ ਇਤਿਹਾਸਕ ਦਿ੍ਰਸ਼ਟੀ ਅਤੇ ਤੱਥਾਂ ’ਤੇ ਨਿਰਭਰ ਹੋਣ ਦੀ ਥਾਂ, ਮਹਾਰਾਜਾ ਰਣਜੀਤ ਸਿੰਘ ਕਾਲ ਵਿੱਚ ਭਾਈ ਸੰਤ ਸਿੰਘ ਰਾਹੀਂ ਵਿਸਾਖ ਸੁਦੀ 3 ਵਾਲੀ ਪੁਰਾਣੀ ਰੀਤ ਬਦਲੀ ਕੀਤੇ ਜਾਣ ਵਾਲੀ ਕਲਪਣਾ ਕਰ ਲਈ ਸੀ; ਕਾਰਨ ਜੋ ਵੀ ਸੁਝਾਏ ਗਏ, ਅਸਲੋਂ ਤਰਕਹੀਣ ਅਤੇ ਮਨਘੜਤ ਸਨ।
ਕੱਤਕ ਦੀ ਪੂਰਨਮਾਸ਼ੀ ਵਾਲੀ ਧਿਰ ਨੇ, ਇਸ ਮਿਤੀ ਨੂੰ ਆਦਿ-ਕਾਲੀ ਪਰੰਪਰਾ ਸਿੱਧ ਕਰਨ ਲਈ, ਇਸ ਦੇ ਸਰੋਤ ‘ਜਨਮ ਸਾਖੀ ਬਾਬਾ’ ਨੂੰ ਗੁਰੂ ਅੰਗਦ ਸਾਹਿਬ ਜੀ ਵੱਲੋਂ ਲਿਖਵਾਈ, ਸਭ ਤੋਂ ਪੁਰਾਣੀ ਸਾਖੀ ਦੱਸਣ ਅਤੇ ਮੰਨਣ ਦਾ ਅੜੀਅਲ ਪੈਂਤੜਾ ਅਖ਼ਤਿਆਰ ਕੀਤਾ; ਇਸੇ ਲਈ ‘ਬਾਲੇ ਵਾਲੀ ਸਭ ਤੋਂ ਪੁਰਾਣੀ’ ਦਾ ਬੇਸਿਰਾ-ਪੈਰ ਤੇ ਬੇਸੁਰਾ ਅਲਾਪ, ਉਹ ਲਗਾਤਾਰ ਅਮਲੀਆਂ ਵਾਂਗ, ਅਲਾਪੀ ਜਾ ਰਹੇ ਹਨ। ਇਹੋ ਜਿਹੇ ਸੁਝਾਵਾਂ ਨਾਲ ਕੋਈ ਸਹਿਮਤ ਹੋਵੇ ਭਾਵੇਂ ਨਾ, ਪਰ ਹੈ ਇਹ ਖ਼ਤਰੇ ਵਾਲੀ ਬੇਹੁਦਾ ਖੇਡ।

ਕੱਤਕ ਮਿਤੀ ਦੇ ਪ੍ਰਚਲਨ ਹੋਣ ਦੇ ਕਾਰਨ

ਜਦ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਵਸ ਮਨਾਉਣ ਵਾਲੀ ਰੀਤ ਆਰੰਭ ਹੋਈ ਉਸ ਸਮੇਂ ਚਾਰੋਂ-ਤਰਫ਼ ‘ਜਨਮ ਸਾਖੀ ਬਾਲਾ’ ਦੀ ਬੋਲਬਾਲਾ ਸੀ, 19 ਵੀਂ ਸਦੀ ਦੇ ਮੁੱਢਲੇ ਦਹਾਕਿਆਂ ਤੱਕ ਪੁੱਜਦਿਆਂ, ਇਹ ਮਿਲਣ ਵਾਲੀ ਇਕੋਂ ਇਕ ਜਨਮ ਸਾਖੀ ਦੀ ਸ਼ੁਹਰਤ ਹਾਸਲ ਕਰ ਚੁੱਕੀ ਸੀ। ਤਦ ਪੰਜਾਬ ਵਿੱਚ 1870 ਈ. ਵਿੱਚ ਛਾਪਾਖ਼ਾਨਾ ਖੁਲਿਆ ਅਤੇ ਪਹਿਲੀ ਵਾਰ ਪੱਥਰ ਦੇ ਛਾਪੇ ’ਤੇ ਅਤੇ ਉਰਦੂ ਅੱਖਰਾਂ ’ਚ ਛਪ ਕੇ ਪਹਿਲੀ ਵਾਰ ਇਹੀ ਸਾਖੀ ਸਿੱਖ ਸਮਾਜ ਦੇ ਹੱਥਾਂ ’ਚ ਆਈ, ਜਿਸ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਵਸ ‘ਕੱਤਕ ਦੀ ਪੁਰਨਮਾਸ਼ੀ’ ਦੱਸਿਆ ਗਿਆ।
ਲੰਬੇ ਦੇਸ਼ ਨਿਕਾਲੇ ਤੋਂ ਬਾਅਦ ਜਦ 1883 ਈ. ’ਚ ‘ਪੁਰਾਤਨ ਜਨਮ ਸਾਖੀ’, ਜੋ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਵਸ ਵਿਸਾਖ ਥਿਤੀ ਦਿੰਦੀ ਸੀ, ਕੋਲਬਰੁੱਕ ਵਾਲੀ ਦੇ ਰੂਪ ’ਚ ਪ੍ਰਗਟ ਹੋਈ ਤਾਂ ਇਸ ਦੇ ਜ਼ਿੰਕੋਗ੍ਰਫ਼ਿਕ ਉਤਾਰੇ ਕੇਵਲ ‘ਚੋਣਵੇਂ ਥਾਈਂ’ ਹੀ ਘੱਲੇ ਗਏ, ਓਦੋਂ ਤੱਕ ‘ਕੱਤਕ ਦਾ ਗੁਰਪੁਰਬ’ ਪੱਕਾ ਹੋ ਚੁੱਕਾ ਸੀ।

ਕੱਤਕ ਦੀ ਪੂਰਨਾਮਸ਼ੀ ਦਾ ਰਹੱਸ

ਬਾਲਾ ਸੰਮੋਹਨ-ਮਾਇਆ ਦੇ ਪ੍ਰਭਾਵ ਹੇਠ ਵਿਚਰ ਰਹੇ ਕਈ ਸਿਆਣਿਆਂ ਨੇ ਇਹ ਭਰਮ ਪਾਲਣਾ ਆਰੰਭ ਕਰ ਦਿੱਤਾ ‘ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਿਨਾ ਕਿਸੇ ਹੋਰ ਗੁਰੂ ਵਿਅਕਤੀ ਦਾ ਜਨਮ, ਪੂਰਨਮਾਸ਼ੀ ਦੀ ਰਾਤ ਨੂੰ ਨਹੀਂ ਹੋਇਆ।’ ਸ਼ਾਇਦ ਉਨ੍ਹਾਂ ਨੂੰ ਇਹ ਜਾਣ ਕਿ ਸਦਮਾ ਪਹੁੰਚੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਹੀ ਘਰ ਵਿੱਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ’ਚ ਬਾਬਾ ਸ੍ਰੀ ਚੰਦ ਜੀ ਦਾ ਜਨਮ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਵੀ ਅੱਸੂ ਦੀ ਪੂਰਨਮਾਸ਼ੀ ਦਾ ਸੀ, ਦੱਸਿਆ ਤਾਂ ਇਹ ਭੀ ਜਾਂਦਾ ਹੈ ਕਿ ਜਨਮ ਦਿਨ ਦੀ ਸਾਂਝ ਕਾਰਨ ਹੀ ਬਾਬਾ ਸ੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਉਤਰਾਧਿਕਾਰੀ ਚੁਣਿਆ ਸੀ। ਤਾਂ ਤੇ ਜਨਮ ਦਿਨ ਪੂਰਨਮਾਸ਼ੀ ਵਾਲੀ ਮਿਤੀ ਨੂੰ ਕਿਸੇ ਇੱਕ, ਪਿਉ ਜਾਂ ਪੁੱਤਰ ਭਾਵ ਗੁਰੂ ਨਾਨਕ ਸਾਹਿਬ ਜੀ ਜਾਂ ਬਾਬਾ ਸ੍ਰੀ ਚੰਦ ਜੀ ਵਿੱਚੋਂ ਕਿਸੇ ਇੱਕ ਦਾ ਜਨਮ ਹੀ ਪੂਰਨਮਾਸ਼ੀ ਨੂੰ ਹੋ ਸਕਦਾ ਹੈ ਨਾ ਕਿ ਦੋਵਾਂ ਦਾ।
ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਪੀੜ੍ਹੀ ਦੇ ਬੰਸਜ ‘ਬਾਬਾ ਸੁਖਬਾਸੀ’ ਜੀ ਨੇ ਆਪਣੇ ਖ਼ਾਨਦਾਨ ਸਬੰਧੀ ਇੱਕ ਗ੍ਰੰਥ ‘ਨਾਨਕ ਬੰਸ’ ਪ੍ਰਕਾਸ ਦੀ ਸੰਮਤ 1872 (1815 ਈ.) ਵਿੱਚ ਰਚਨਾ ਕੀਤੀ, ਜਿਸ ਵਿੱਚ ਸਪੱਸ਼ਟ ਲਿਖਿਆ ਹੈ ‘ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ॥’
ਇਸੇ ਗ੍ਰੰਥ ’ਚ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਬਾਰੇ ਇਉਂ ਦਰਜ ਕੀਤਾ ਹੋਇਆ ਮਿਲਦਾ ਹੈ ‘ਸੰਬਤ ਬਿਕ੍ਰਮ ਨਿ੍ਰਪਤਿ ਕੇ ਪੰਦ੍ਰਹ ਸਤਿ ਖਟਿ (6) ਬੀਸ॥ ਅਖਯ (ਸੁਦੀ) ਤੀਜ ਤਿਥਿ ਮਾਸ ਬਰ ਮਾਧਵਿ (ਵੈਸਾਖ) ਪ੍ਰਗਟੇ ਈਸ॥’
ਪਿਛਲੇਰੇ ਸਰੋਤੋਂ ਆਈ ਹੋਣ ਦੇ ਬਾਵਜੂਦ ਇਹ ਮਹੱਤਵਪੂਰਨ ਗਵਾਹੀ ਹੈ, ਕਿਉਂਕਿ ਇਹ ਇੱਕ ਜ਼ਿੰਮੇਵਾਰ ਬੇਦੀ ਸਾਹਿਬਜ਼ਾਦੇ ਦੀ ਆਪਣੀ ਕਲਮ ਤੋਂ ਹੈ, ਦੋਵੇਂ ਗੁਰੂ-ਬੰਸ ਦੀਆਂ ਮਿਤੀਆਂ ਨੂੰ ਵੱਖ-ਵੱਖ ਹਸਤੀਆਂ ਨਾਲ ਸਬੰਧਤ ਦੱਸਦੀ ਹੈ। ਬਾਬੇ ਸੁਖਬਾਸੀ ਕੋਲ ਹੰਦਾਲੀਆਂ ਦੀ ਪਲਾਂਟ ਕਰਵਾਈ ‘ਬਾਲਾ ਜਨਮ ਸਾਖੀ’ ਵੀ ਮੌਜੂਦ ਸੀ, ਜੋ ਹੁਣ ਪਿਆਰੇ ਲਾਲ ਬੇਦੀ ਕੋਲ ਹੈ ਫਿਰ ਵੀ ‘ਬਾਬਾ ਸੁਖਬਾਸੀ’ ਜੀ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਮਿਤੀ ‘ਵਿਸਾਖ ਸੁਦੀ ਤੀਜ’ ਦੱਸ ਰਹੇ ਹਨ ਨਾ ਕਿ ਬਾਲਾ ਸਾਖੀ ਵਾਲੀ ‘ਕੱਤਕ ਦੀ ਪੂਰਨਮਾਸ਼ੀ’।
ਕਰਮ ਸਿੰਘ ਦੀ ਰਚਨਾ ‘ਕੱਤਕ ਕਿ ਵਿਸਾਖ’ ਦੀ ਵਿਕਰੀ, ਜਿਸ ਵਿੱਚ ਗੁਰੂ ਨਾਨਕ ਸਾਹਿਬ ਦੀ ਜਨਮ ਮਿਤੀ ਵਿਸਾਖ ਸੁਦੀ 3 ਦਰਜ ਹੈ, ਨੂੰ ਨਾਟਕੀ ਢੰਗ ਨਾਲ ਛਾਪਣ ਤੋਂ ਬੰਦ ਕੀਤੇ ਜਾਣ ਦੀ ਇਤਫ਼ਾਕੀਆ ਗਵਾਹੀ ‘ਚੀਫ਼ ਖ਼ਾਲਸਾ ਜੀਵਾਨ’ ਵੱਲ ਸੰਕੇਤ ਕਰਦੀ ਹੈ। ਇਸ ਵਿੱਚ ਬਾਲਾ ਪ੍ਰਸਤ ਲਾਬੀ ਦਾ ਵੀ ਤਕੜਾ ਰੋਲ ਹੈ।