ਬੱਚੇ ਦਾ ਪਹਿਲਾ ਸਾਹ

0
221

ਬੱਚੇ ਦਾ ਪਹਿਲਾ ਸਾਹ

ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਬੱਚੇ ਦੇ ਜੰਮਦੇ ਸਾਰ ਉਸ ਦੇ ਰੋਣ ਦੀ ਆਵਾਜ਼ ਸੁਣ ਕੇ ਸਾਰਾ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ। ਜੇ ਇਹ ਰੋਣ ਦੀ ਆਵਾਜ਼ ਨਾ ਸੁਣੋ ਤਾਂ ਸਾਰਾ ਟੱਬਰ ਰੋਣਹਾਕਾ ਹੋ ਜਾਂਦਾ ਹੈ। ਇੱਕ ਇਹੀ ਰੋਣਾ ਹੈ ਜਿਸ ਦੀ ਆਵਾਜ਼ ਕੰਨੀਂ ਪੈਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਜਾਂਦਾ ਹੈ ਪਰ ਇਹ ਜ਼ਿੰਦਗੀ ਦਾ ਪਹਿਲਾ ਸਾਹ ਉਸ ਨਿੱਕੀ ਜਿਹੀ ਜਾਨ ਲਈ ਕਿੰਨਾ ਕੀਮਤੀ ਹੈ ਇਸ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ।

ਕੁੱਝ ਕਵੀਆਂ ਨੇ ਤਾਂ ਮਜ਼ਾਕ ਉਡਾਉਂਦਿਆਂ ਇਹ ਵੀ ਕਹਿ ਦਿੱਤਾ ਹੈ ਕਿ ਨਵ-ਜੰਮਿਆ ਬੱਚਾ ਇਸ ਲਈ ਰੌਂਦਾ ਹੈ ਕਿ ਉਹ ਇਸ ਦੁਨੀਆ ਵਿਚ ਆ ਕੇ ਪਛਤਾ ਰਿਹਾ ਹੈ ਤੇ ਆਪਣੀ ਕਿਸਮਤ ’ਤੇ ਰੋ ਰਿਹਾ ਹੈ ਕਿ ਸਵਰਗ ਲੋਕ ਛੱਡ ਕੇ ਮੈਂ ਭੈੜੇ ਲੋਕਾਂ ਵਿਚ ਆ ਕੇ ਫਸ ਗਿਆ ਹਾਂ।

ਪਰ ਡਾਕਟਰੀ ਨਜ਼ਰੀਆ ਕੁੱਝ ਹੋਰ ਹੈ। ਮਾਂ ਦੇ ਢਿੱਡ ਵਿਚ ਪਾਣੀ ਵਿਚ ਪੁੱਠਾ ਲਟਕਿਆ ਬੱਚਾ ਸਾਹ ਨਹੀਂ ਲੈਦਾ ਕਿਉਂਕਿ ਫੇਫੜੇ ਪਾਣੀ ਦੇ ਭਰੇ ਹੁੰਦੇ ਹਨ। ਜੰਮਣ ਲੱਗਿਆਂ ਉਸ ਦੀ ਛਾਤੀ ’ਤੇ ਦਬਾਅ ਪੈਣ ਨਾਲ ਫੇਫੜਿਆਂ ਵਿੱਚੋਂ ਪਾਣੀ ਬਾਹਰ ਨਿੱਕਲ ਆਉਂਦਾ ਹੈ ਤੇ ਜ਼ਿੰਦਗੀ ਦਾ ਪਹਿਲਾ ਸਾਹ ਖਿੱਚ ਕੇ ਨਵ-ਜੰਮਿਆ ਬੱਚਾ ਆਪਣਾ ਪੂਰਾ ਜ਼ੋਰ ਲਾ ਕੇ ਰੋਂਦਾ ਹੈ ਤਾਂ ਕਿ ਬਚਿਆ ਹੋਇਆ ਪਾਣੀ ਵੀ ਫੇਫੜਿਆਂ ਵਿੱਚੋਂ ਬਾਹਰ ਨਿੱਕਲ ਜਾਵੇ ਤੇ ਸਾਫ਼ ਸੁਥਰੀ ਆਕਸੀਜਨ ਵਾਲੀ ਹਵਾ ਆਪਣੇ ਸਰੀਰ ਅੰਦਰ ਖਿੱਚ ਸਕੇ ਜੋ ਉਸ ਦੇ ਦਿਲ ਅਤੇ ਦਿਮਾਗ਼ ਦੇ ਕੰਮ-ਕਾਰ ਲਈ ਬਹੁਤ ਜ਼ਰੂਰੀ ਹੁੰਦੀ ਹੈ।

ਦੁਨੀਆਂ ਭਰ ਵਿਚ ਚਾਲੀ ਲੱਖ ਨਵ-ਜੰਮੇਂ ਬੱਚੇ ਇਕ ਮਹੀਨੇ ਦੀ ਉਮਰ ਪੂਰੀ ਕਰਨ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਜਾਂਦੇ ਹਨ। ਇਨ੍ਹਾਂ ਵਿੱਚੋਂ 29 ਪ੍ਰਤੀਸ਼ਤ ਬੱਚੇ ਪਹਿਲਾ ਸਾਹ ਲੇਟ ਲੈਣ ਕਰਕੇ ਮਰ ਜਾਂਦੇ ਹਨ। ਜੇ ਨਵਜੰਮੇ ਬੱਚੇ ਦੇ ਫੇਫੜਿਆਂ ਵਿੱਚੋਂ ਪਾਣੀ ਪੂਰੀ ਤਰ੍ਹਾਂ ਨਾਲ ਨਾ ਨਿਕਲ ਸਕੇ ਜਾਂ ਕੋਈ ਜਮਾਂਦਰੂ ਨੁਕਸ ਸਾਹ ਦੀਆਂ ਨਾਲੀਆਂ, ਫੇਫੜਿਆਂ, ਗਲੇ, ਖਾਣ ਵਾਲੀ ਨਾਲੀ ਜਾਂ ਅੰਤੜੀਆਂ ਵਿਚ ਹੋਵੇ ਤਾਂ ਇਹ ਪਹਿਲਾ ਸਾਹ ਹੁਣ ਸਾਹ ਦੀ ਤਕਲੀਫ਼ ਵਿਚ ਤਬਦੀਲ ਹੋ ਜਾਂਦਾ ਹੈ। ਜ਼ਿੰਦਗੀ ਦਾ ਪਹਿਲਾ ਸਾਹ ਜੇ ਅੱਧਾ ਮਿੰਟ ਵੀ ਲੇਟ ਹੋ ਜਾਵੇ ਤਾਂ ਬੱਚੇ ਦੇ ਦਿਮਾਗ਼ ਵੱਲ ਆਕਸੀਜਨ ਨਾ ਪਹੁੰਚਣ ਕਾਰਣ ਹਮੇਸ਼ਾਂ ਲਈ ਦਿਮਾਗ਼ ਵਿਚ ਨੁਕਸ ਪੈਦਾ ਹੋ ਸਕਦੇ ਹਨ, ਜਿਵੇਂ ਮਾਨਸਿਕ ਨਿਤਾਣਾਪਣ, ਨਜ਼ਰ ਦੀ ਕਮਜ਼ੋਰੀ, ਬਾਂਹ ਜਾਂ ਲੱਤ ਦਾ ਲਕਵਾ/ਅਧਰੰਗ, ਥੋੜ੍ਹਾ ਜਾਂ ਬਹੁਤਾ ਬੋਲਾਪਣ, ਦੌਰੇ ਪੈਣੇ ਆਦਿ। ਮੈਂ ਇਹ ਸਾਰੇ ਖਤਰਨਾਕ ਰੋਗ ਬੱਚਿਆਂ ਦੇ ਮਾਪਿਆਂ ਨੂੰ ਡਰਾਉਣ ਲਈ ਨਹੀਂ ਲਿਖ ਰਹੀ, ਸਗੋਂ ਉਨ੍ਹਾਂ ਦੀ ਸੂਚਨਾ ਲਈ ਜੋ ਕੁੱਝ ਡਾਕਟਰੀ ਦੀਆਂ ਸਭ ਤੋਂ ਪ੍ਰਮਾਣਿਕ ਕਿਤਾਬਾਂ ਵਿਚ ਅਨੇਕ ਤਜਰਬਿਆਂ ਦੇ ਬਾਅਦ ਦਰਜ ਕੀਤਾ ਮਿਲਦਾ ਹੈ, ਉਸ ਦਾ ਹੀ ਸਾਰ ਦੇ ਰਹੀ ਹਾਂ।

ਜੇ ਨਵ-ਜੰਮਿਆ ਬੱਚਾ ਇਕ ਮਿੰਟ ਵਿਚ 60 ਵਾਰ ਤੋਂ ਵੱਧ ਸਾਹ ਲੈ ਰਿਹਾ ਹੋਵੇ ਤੇ ਛਾਤੀ ਬੜੀ ਤੇਜ਼ੀ ਨਾਲ ਉੱਪਰ-ਹੇਠਾਂ ਹੋ ਰਹੀ ਹੋਵੇ, ਬੱਚਾ ਨੀਲਾ ਪੈ ਰਿਹਾ ਹੋਵੇ, ਮੂੰਹ ਵਿੱਚੋਂ ਝੱਗ ਨਿੱਕਲ ਰਹੀ ਹੋਵੇ, ਸਾਹ ਲੈਣ ਲੱਗਿਆਂ ਘਰੜ-ਘਰੜ ਦੀ ਆਵਾਜ਼ ਆ ਰਹੀ ਹੋਵੇ ਤੇ ਢਿੱਡ ਫੁੱਲਣਾ ਸ਼ੁਰੂ ਹੋ ਗਿਆ ਹੋਵੇ ਤਾਂ ਇਕ ਮਿੰਟ ਦੀ ਵੀ ਦੇਰ ਕੀਤੇ ਬਗ਼ੈਰ ਫਟਾਫਟ ਬੱਚਿਆਂ ਦੇ ਡਾਕਟਰ ਕੋਲ ਬੱਚਾ ਲੈ ਕੇ ਪਹੁੰਚ ਜਾਣਾ ਚਾਹੀਦਾ ਹੈ।

ਅੱਜ ਕੱਲ੍ਹ ਬਹੁਤੇ ਬੱਚੇ ਤਾਂ ਹਸਪਤਾਲਾਂ ਵਿਚ ਹੀ ਪੈਦਾ ਹੁੰਦੇ ਹਨ ਪਰ ਜਿਹੜੇ ਬੱਚੇ ਘਰਾਂ ਵਿਚ ਜਨਮ ਲੈਂਦੇ ਹਨ, ਉਨ੍ਹਾਂ ਵਾਸਤੇ ਘੱਟੋ ਘੱਟ ਜਨਮ ਦੇ ਕਮਰੇ ਵਿਚ ਚੰਗਾ ਨਿੱਘ ਚਾਹੀਦਾ ਹੈ, ਸਾਫ ਸੁਥਰੇ ਗਰਮ ਕੱਪੜੇ ਨਾਲ ਸਰੀਰ ਪੂੰਝ ਕੇ ਨਿੱਘੇ ਕੱਪੜਿਆਂ ਵਿਚ ਇਕਦਮ ਲਪੇਟ ਲੈਣਾ ਚਾਹੀਦਾ ਹੈ, ਇਕਦਮ ਨਵ੍ਹਾਉਣਾ ਨਹੀਂ ਚਾਹੀਦਾ ਤੇ ਨਾ ਹੀ ਪੁੱਠਾ ਲਟਕਾ ਕੇ ਪਿੱਠ ਥਾਪੜਨੀ ਚਾਹੀਦੀ ਹੈ, ਇਸ ਨਾਲ ਸਿਰ ਅੰਦਰ ਖੂਨ ਦੀ ਨਸ ਫਟਣ ਦਾ ਖ਼ਤਰਾ ਵਧ ਜਾਂਦਾ ਹੈ।

ਇਹ ਪਹਿਲਾ ਸਾਹ ਜੇ ਲੇਟ ਹੋ ਜਾਏ ਤਾਂ ਦਿਮਾਗ਼ੀ ਨੁਕਸਾਂ ਤੋਂ ਛੁੱਟ ਸਰੀਰ ਦੇ ਬਾਕੀ ਅੰਗਾਂ ਉੱਤੇ ਵੀ ਮਾੜੇ ਅਸਰ ਪੈ ਸਕਦੇ ਹਨ ਜਿਵੇਂ, ਗੁਰਦੇ ਹਮੇਸ਼ਾ ਲਈ ਫੇਲ੍ਹ ਹੋ ਜਾਣੇ, ਦਿਲ ਫੇਲ੍ਹ ਹੋ ਜਾਣਾ, ਜਿਗਰ ਖ਼ਰਾਬ ਹੋ ਜਾਣਾ, ਅੰਤੜੀਆਂ ਗਲ ਜਾਣੀਆਂ ਜਾਂ ਸਰੀਰ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਣਾ। ਏਨੇ ਨੁਕਸ ਜੇ ਇਸ ਪਹਿਲੇ ਸਾਹ ਨਾਲ ਹੀ ਜੁੜੇ ਪਏ ਹਨ ਤਾਂ ਭਲਾ ਇਹ ਸਭ ਤੋਂ ਕੀਮਤੀ ਸਾਹ ਨਾ ਹੋਇਆ ਜ਼ਿੰਦਗੀ ਦਾ ?

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮਾਪਿਆਂ ਨੂੰ ਕਿਵੇਂ ਪਤਾ ਲੱਗੇ ਕਿ ਬੱਚੇ ਦੀ ਜ਼ਿੰਦਗੀ ਦਾ ਪਹਿਲਾ ਸਾਹ ਲੇਟ ਹੋਇਆ ਹੈ ਕਿ ਨਹੀਂ ? ਨਵ ਜੰਮਿਆਂ ਬੱਚਾ ਸਰੀਰ ਢਿੱਲਾ ਛੱਡ ਦਿੰਦਾ ਹੈ ਤੇ ਮਾਂ ਦਾ ਦੁੱਧ ਨਹੀਂ ਫੜਦਾ ਤੇ ਰੋਂਦਾ ਚੀਂਕਦਾ ਰਹਿੰਦਾ ਹੈ। ਜੇ ਸਾਹ ਕੁੱਝ ਹੋਰ ਲੇਟ ਸ਼ੁਰੂ ਹੋਇਆ ਹੋਵੇ ਤਾਂ ਬੱਚਾ ਬਿਲਕੁਲ ਸੁਸਤ ਪੈ ਜਾਂਦਾ ਹੈ ਦੌਰੇ ਪੈਣੇ ਸ਼ੁਰੂ ਹੋ ਜਾਂਦੇ ਹਨ। ਜੇ ਦਿਮਾਗ਼ ਦੇ ਸੈੱਲਾਂ ਵਿਚ ਨੁਕਸ ਕੁੱਝ ਜ਼ਿਆਦਾ ਪੈ ਜਾਏ ਤਾਂ ਬੱਚਾ ਬੇਹੋਸ਼ ਹੋ ਜਾਂਦਾ ਹੈ ਤੇ ਦੌਰੇ ਕਾਫੀ ਵਧ ਜਾਂਦੇ ਹਨ ਤੇ ਸਾਹ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਇਹੋ ਜਿਹੀ ਹਾਲਤ ਵਿਚ ਘਰੇਲੂ ਇਲਾਜ ਬਿਲਕੁਲ ਹੀ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਬੱਚੇ ਦੇ ਮੂੰਹ ਵਿਚ ਪਾਣੀ ਜਾਂ ਸ਼ਹਿਦ ਪਾਉਣਾ ਚਾਹੀਦਾ ਹੈ, ਬਲਕਿ ਨਿੱਘ ਵਿਚ ਰੱਖ ਕੇ ਬੱਚੇ ਨੂੰ ਝਟਪਟ ਹਸਪਤਾਲ ਵਿਚ ਭਰਤੀ ਕਰਵਾ ਦੇਣਾ ਚਾਹੀਦਾ ਹੈ।

ਏਨੀ ਭੈੜੀ ਹਾਲਤ ਵਿੱਚੋਂ ਹਰ ਬੱਚਾ ਵਧੀਆ ਤੋਂ ਵਧੀਆ ਡਾਕਟਰੀ ਇਲਾਜ ਤੋਂ ਬਾਅਦ ਨਾਰਮਲ ਨਹੀਂ ਨਿਕਲ ਸਕਦਾ। ਕੁੱਝ ਨਾ ਕੁੱਝ ਨੁਕਸ ਸਾਰੀ ਉਮਰ ਲਈ ਰਹਿ ਹੀ ਜਾਂਦੇ ਹਨ। ਜੇ ਸਾਰੇ ਅੱਜ ਕੱਲ੍ਹ ਇਕ ਜਾਂ ਦੋ ਬੱਚੇ ਹੀ ਕਰਨ ਦੇ ਹੱਕ ਵਿਚ ਹਨ ਤਾਂ ਕੀ ਮਾਪੇ ਇਹ ਨਹੀਂ ਚਾਹੁਣਗੇ ਕਿ ਉਨ੍ਹਾਂ ਦੀ ਔਲਾਦ ਨੌਂ-ਬਰ-ਨੌਂ ਹੋਵੇ ? ਇਸ ਲਈ ਬੱਚੇ ਦਾ ਜਨਮ ਹਮੇਸ਼ਾ ਚੰਗੇ ਹਸਪਤਾਲ ਵਿਚ ਕਾਬਿਲ ਡਾਕਟਰਾਂ ਹੱਥੋਂ ਹੀ ਹੋਣਾ ਚਾਹੀਦਾ ਹੈ ਤਾਂ ਕਿ ਉਹ ਪਹਿਲਾ ਜ਼ਿੰਦਗੀ ਦਾ ਕੀਮਤੀ ਸਾਹ ਯਾਦਗਾਰੀ ਬਣ ਜਾਵੇ।