ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸਨ ਜੀ

0
248

ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸਨ ਜੀ

ਸ. ਬਚਿੱਤਰ ਸਿੰਘ, ਬਠਿੰਡਾ-4641-25868

ਸ਼੍ਰੀ ਗੁਰੂ ਹਰਕ੍ਰਿਸਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏ ਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ। ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦਿ੍ਰੜ੍ਹਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਉਹ ਆਪਣੀ ਮਿਸਾਲ ਆਪ ਸੀ ਤੇ ਉਨ੍ਹਾਂ ਨੇ ਦਰਸਾਅ ਦਿੱਤਾ ਕਿ ਛੋਟੀ ਜਾਂ ਵੱਡੀ ਉਮਰ, ਬੁਧੀਮਾਨਤਾ ਤੇ ਆਤਮ ਗਿਆਨ ਵਿੱਚ ਕੋਈ ਬਾਧਾ ਨਹੀਂ ਬਣਦੀ ਹੈ।

ਸੋ, ਆਓ ! ‘ਬਾਲਾ ਪ੍ਰੀਤਮ’ ਜੀ ਦੇ ਜੀਵਨ ਤੇ ਸੰਖੇਪ ਜਿਹੀ ਝਾਤ ਮਾਰੀਏ।

ਆਪ ਜੀ ਦਾ ਪ੍ਰਕਾਸ 8 ਸਾਵਣ ਸੰਮਤ 1723 ਮੁਤਾਬਿਕ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਸ਼੍ਰੀ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖੋਂ ਹੋਇਆ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਕੱਲ੍ਹ 8 ਸਾਵਣ ਹਰ ਸਾਲ 23 ਜੁਲਾਈ ਨੂੰ ਆਉਂਦਾ ਹੈ। ਰਾਮਰਾਏ ਜੀ ਆਪ ਜੀ ਦੇ ਵੱਡੇ ਭਰਾ ਸਨ।

ਗੁਰੂ ਹਰਿਰਾਏ ਜੀ ਨੇ ਅਕਤੂਬਰ 1661 ਈਸਵੀ ਵਿੱਚ ਆਪ ਜੀ ਨੂੰ ਯੋਗਤਾ ਦੇ ਅਧਾਰ ’ਤੇ ਗੁਰਗੱਦੀ ਬਖਸ਼ ਕਰ ਦਿੱਤੀ ਭਾਵੇਂ ਕਿ ਆਪ ਜੀ ਦੇ ਵੱਡੇ ਭਰਾ ਰਾਮਰਾਏ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ। ਜਦ ਔਰੰਗਜੇਬ ਨੇ ਗੁਰੂ ਹਰਿਰਾਏ ਜੀ ਨੂੰ ਦਿੱਲੀ ਬੁਲਾਇਆ ਸੀ ਤਾਂ ਗੁਰੂ ਜੀ ਨੇ ਆਪਣੀ ਥਾਂ ਰਾਮ ਰਾਏ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਭੇਜਿਆ ਸੀ। ਰਾਮ ਰਾਏ ਨੇ ਪਹਿਲਾਂ ਤਾਂ ਬਾਦਸਾਹ ਔਰੰਗਜੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਤੇ ਬਾਅਦ ਵਿੱਚ ਕਰਾਮਾਤਾਂ ਦਿਖਾਈਆਂ। ਮੁਲਾਣਿਆਂ ਦੇ ਕਹਿਣ ’ਤੇ ਔਰੰਗਜੇਬ ਨੇ ਰਾਮਰਾਏ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀ ਗਈ ਹੈ। ਬਾਦਸ਼ਾਹ ’ਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਅਤੇ ਉਸ ਦੀ ਖੁਸ਼ਨੂਦੀ (ਪ੍ਰਸੰਨਤਾ) ਪ੍ਰਾਪਤ ਕਰਨ ਲਈ ਰਾਮਰਾਏ ਨੇ ਕਿਹਾ ਕਿ ਅਸਲ ਸਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ। ਇਸ ਘੋਰ ਅਵੱਗਿਆ ਕਾਰਨ ਗੁਰੂ ਹਰਿਰਾਏ ਜੀ ਨੇ ਉਸ ਨੂੰ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ। ਜਿਸ ਕਾਰਨ ਰਾਮਰਾਏ ਨੇ ਆਪ ਜੀ ਦੀ ਵਿਰੋਧਤਾ ਜਾਰੀ ਰੱਖੀ।

ਗੁਰਗੱਦੀ ’ਤੇ ਬੈਠਣ ਤੋਂ ਬਾਅਦ ਆਪ ਜੀ ਕੀਰਤਪੁਰ ਸਾਹਿਬ ਵਿਖੇ ਪਹਿਲੇ ਗੁਰੂਆਂ ਦੀ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ ਦਿੰਦੇ। ਆਪ ਜੀ ਨੇ ਰੋਪੜ ਦੇ ਇੱਕ ਧਨੀ ਆਦਮੀ ਰਾਜਾ ਰਾਮ ਨੂੰ ਆਪਣੇ ਦਰਬਾਰ ਵਿੱਚ ਆਉਣ ਤੋਂ ਰੋਕ ਦਿੱਤਾ ਕਿਉਂਕਿ ਉਹ ਆਪਣੇ ਘਰ ਪੈਦਾ ਹੁੰਦੀਆਂ ਕੁੜੀਆਂ ਨੂੰ ਜਨਮ ਸਮੇਂ ਹੀ ਮਾਰ ਦਿੰਦਾ ਸੀ। ਜਦ ਉਸ ਆਦਮੀ ਨੇ ਪਛੁਤਾਵਾ ਕੀਤਾ ਤੇ ਅੱਗੇ ਤੋਂ ਚੰਗਾ ਇਨਸਾਨ ਬਣਨ ਦੀ ਪ੍ਰਤਿਗਿਆ ਕੀਤੀ ਤਾਂ ਆਪ ਜੀ ਨੇ ਭਰੇ ਦਰਬਾਰ ਵਿੱਚ ਇਸ ਕੁੜੀਮਾਰ ਨੂੰ ਤਾੜਨਾ ਕਰਕੇ ਬਖ਼ਸ਼ ਦਿੱਤਾ। ਇਸ ਤਰ੍ਹਾਂ ਆਪ ਜੀ ਨੇ ਅਨੇਕਾਂ ਪਰਉਪਕਾਰ ਕੀਤੇ।

ਗੁਰੂ ਸਾਹਿਬ ਦੇ ਵੱਡੇ ਭਰਾ ਰਾਮਰਾਏ ਨੇ ਬਾਦਸ਼ਾਹ ਔਰੰਗਜੇਬ ਕੋਲ ਫ਼ਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰਗੁਰਗੱਦੀ ਦੇ ਦਿੱਤੀ ਹੈ। ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ। ਇਸ ਪਰ ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰਦਿੱਲੀ ਬੁਲਾਏ। ਰਾਜਾ ਜੈ ਸਿਘ ਨੇ ਆਪਣੇ ਦੀਵਾਨ ਪਰਸਰਾਮ ਨੂੰਗੁਰੂ ਸਾਹਿਬ ਨੂੰਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਕੀਰਤਪੁਰ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਦੀਵਾਨ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜੇਬ ਵਰਗੇ ਬਾਦਸਾਹ ਦਾ ਮੂੰਹ ਨਹੀਂ ਵੇਖਣਗੇ। ਅੰਤ ਵਿੱਚ ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫੈਂਸਲਾ ਕੀਤਾ।

ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਦੀ ਭਾਰੀ ਭੀੜ ਕੀਰਤਪੁਰ ਆ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਦਿਲਾਸਾ ਦਿੱਤਾ ਫਿਰ ਵੀ ਸੈਂਕੜੇ ਸਿੱਖ ਆਪ ਜੀ ਦੇ ਨਾਲ ਚੱਲ ਪਏ। ਅੰਬਾਲੇ ਜਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉਘੇ ਸਿੱਖਾਂ ਤੋਂ ਬਿਨਾ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਗੁਰੂ ਜੀ ਨੇ ਪਹਿਲੀ ਰਾਤ ਪੰਜੋਖਰੇ ਕੱਟੀ। ਉੱਥੋਂ ਦਾ ਇੱਕ ਹੰਕਾਰੀ ਪੰਡਿਤ ਲਾਲ ਚੰਦ ਗੁਰੂ ਜੀ ਨੂੰ ਮਿਲਿਆ ਤੇ ਕਿਹਾ ਕਿ ਸਿੱਖ ਤੁਹਾਨੂੰ ਗੁਰੂ ਹਰਕ੍ਰਿਸਨ ਕਹਿੰਦੇ ਹਨ। ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਨੇ ਗੀਤਾ ਰਚੀ ਸੀ। ਤੁਸੀਂ ਉਸ ਦੇ ਅਰਥ ਹੀ ਕਰਕੇ ਵਿਖਾਓ। ਗੁਰੂ ਨਾਨਕ ਦੇ ਘਰ ਵਿੱਚੋਂ ਧੁਰੋਂ ਪ੍ਰਾਪਤ ਹੋਈ ਨਿਮਰਤਾ ਦੇ ਧਾਰਨੀ ਸਤਿਗੁਰੂ ਜੀ ਬੋਲੇ, ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ। ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ। ਜੇਕਰ ਤੂੰ ਕਲਾ ਦੇਖਣੀ ਹੈ ਤਾਂ ਆਪਣੇ ਨਗਰ ਵਿੱਚੋਂ ਕੋਈ ਬੰਦਾ ਲੈ ਆ। ਗੁਰੂ ਨਾਨਕ ਪਾਤਸ਼ਾਹ ਆਪਣੀ ਮਿਹਰ ਸਦਕਾ ਗੀਤਾ ਦੇ ਅਰਥ ਕਰਕੇ ਤੇਰੀ ਨਿਸ਼ਾ ਕਰਵਾ ਦੇਣਗੇ। ਪੰਡਿਤ ਗਿਆ ਤੇ ਇੱਕ ਛੱਜੂ ਨਾਮੀ ਅਨਪੜ੍ਹ ਝਿਉਰ ਨੂੰ ਨਾਲ ਲੈ ਆਇਆ। ਸਤਿਗੁਰਾਂ ਨੇ ਉਸ ਨੂੰ ਨਦਰੀਂ ਨਦਰ ਨਿਹਾਲ ਕੀਤਾ ਤੇ ਕਿਹਾ ਕਿ ਉਹ ਪੰਡਿਤ ਜੀ ਦੀ ਨਿਸ਼ਾ ਕਰਵਾਏ। ਗੁਰੂ ਜੀ ਨੇ ਉਸ ਦੇ ਸਿਰ ’ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿੱਚ ਨੇਤਰ ਪਾਏ। ਪੰਡਿਤ ਨੇ ਗੀਤਾ ਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਪੁੱਛੇ, ਜਿਨ੍ਹਾਂ ਦੇ ਉਸ ਨੇ ਤੁਰੰਤ ਅਰਥ ਕਰ ਦਿੱਤੇ। ਪੰਡਿਤ ਇਹ ਅਸਚਰਜਤਾ (ਅਚੰਭਾ) ਵੇਖ ਕੇ ਸਤਿਗੁਰੂ ਜੀ ਦੇ ਚਰਨੀ ਪੈ ਗਿਆ, ਮੁਆਫ਼ੀ ਮੰਗੀ ਤੇ ਸਿੱਖ ਬਣ ਗਿਆ ਅਤੇ ਉਸ ਨੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ।

ਦਿੱਲੀ ਪਹੁੰਚ ਕੇ ਗੁਰੂ ਸਾਹਿਬ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ, ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ। ਔਰੰਗਜੇਬ ਨੇ ਦਰਸਨਾ ਲਈ ਇੱਛਾ ਪ੍ਰਗਟ ਕੀਤੀ। ਆਪ ਜੀ ਨੇ ਆਪਣੇ ਪਿਤਾ ਵੱਲੋਂ ਦਿੱਤੇ ਆਦੇਸ ਅਨੁਸਾਰ ‘ਨਹਿ ਮਲੇਛ ਕੋ ਦਰਸਨ ਦੇਹੈਂ’ ਕਹਿ ਕੇ ਦਰਸਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਕ ਸ਼ਬਦ ਲਿੱਖ ਕੇ ਭੇਜ ਦਿੱਤਾ ‘ਕਿਆ ਖਾਧੇ ਕਿਆ ਪੈਧੇ ਹੋਇ, ਜਾ ਮਨਿ ਨਾਹੀ ਸਚਾ ਸੋਇ।।’’ ਔਰੰਗਜੇਬ ਨੇ ਆਪਣੇ ਪੁੱਤਰ ਸਹਿਜਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ ਦੇ ਕੇ ਨਿਹਾਲ ਕੀਤਾ। ਜਦ ਰਾਮਰਾਏ ਨੂੰ ਗੱਦੀ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪਸ਼ਟ ਕੀਤਾ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ। ਰਾਮਰਾਏ ਨੇ ਗੁਰਬਾਣੀ ਦੀ ਤੁਕ ਬਦਲੀ, ਜਿਸ ਕਾਰਨ ਪਿਤਾ ਗੁਰੂ ਸਾਹਿਬ ਜੀ ਨੇ ਉਸ ਨੂੰ ਤਿਆਗ ਦਿੱਤਾ। ਇਸ ਲਈ ਉਸ ਦਾ ਗੁਰਗੱਦੀ ਬਾਰੇ ਦਾਅਵਾ ਝੂਠਾ ਹੈ। ਸਹਿਜਾਦਾ ਮੁਅੱਜ਼ਮ ਤੋਂ ਇਹ ਸਪਸ਼ਟੀਕਰਨ ਸੁਣ ਕੇ ਔਰੰਗਜੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ। ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਕਰਾਮਾਤੀ ਸਕਤੀ ਪਰਖਣ ਲਈ ਕਿਹਾ। ਰਾਜਾ ਜੈ ਸਿੰਘ ਗੁਰੂ ਜੀ ਨੂੰ ਆਪਣੀਆਂ ਰਾਣੀਆਂ ਦੇ ਮਹਿਲਾਂ ਵਿੱਚ ਲਿਆਇਆ ਤੇ ਪਟਰਾਣੀ ਦੀ ਪਰਖ ਕਰਨ ਲਈ ਕਿਹਾ। ਗੁਰੂ ਸਾਹਿਬ ਨੇ ਆਪਣੀ ਸੋਟੀ ਪਟਰਾਣੀ ਦੇ ਸਿਰ ਤੇ ਰੱਖ ਕੇ ਕਿਹਾ ਕਿ ‘ਇਹ ਹੈ ਪਟਰਾਣੀ’ ਅਤੇ ਉਸ ਦੀ ਪੁੱਤਰ ਦੀ ਕਾਮਨਾ ਪੂਰੀ ਹੋਣ ਦਾ ਵਰ ਦਿੱਤਾ।

ਉਨ੍ਹੀਂ ਦਿਨੀਂ ਦਿੱਲੀ ਵਿੱਚ ਬੁਖਾਰ ਤੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਨੂੰ ਇਸ ਬਿਮਾਰੀ ਦੇ ਇਲਾਜ ਬਾਬਤ ਵਰਤਿਆ। ਗੁਰੂ ਜੀ ਦੇ ਪਾਵਨ ਦਰਸਨਾ ਨਾਲ ਤਨ ਤੇ ਮਨ ਦੇ ਰੋਗ ਦੂਰ ਹੋ ਜਾਂਦੇ ਸਨ। ਇਸੇ ਲਈ ਤਾਂ ਅਰਦਾਸ ਵਿੱਚ ਬੋਲਿਆ ਜਾਂਦਾ ਹੈ ‘ਸ੍ਰੀ ਹਰਿਕ੍ਰਿਸਨ ਧਿਆਇਐ, ਜਿਸ ਡਿਠੈ ਸਭ ਦੁਖ ਜਾਇ।’

ਇਸ ਤਰ੍ਹਾਂ ਰੋਗੀਆਂ ਦੀ ਸੇਵਾ ਕਰਦਿਆਂ ਇੱਕ ਦਿਨ ਗੁਰੂ ਜੀ ਨੂੰ ਵੀ ਤੇਜ ਬੁਖਾਰ ਹੋ ਗਿਆ। ਉਨ੍ਹਾਂ ਦੇ ਸਰੀਰ ’ਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ। ਆਪਣਾ ਅੰਤ ਸਮਾ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ। ਆਪ ਜੀ 3 ਵੈਸਾਖ ਸੰਮਤ 1721 ਮੁਤਾਬਿਕ 30 ਮਾਰਚ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਕੱਲ੍ਹ 3 ਵੈਸਾਖ ਹਰ ਸਾਲ 16 ਅਪ੍ਰੈਲ ਨੂੰ ਆਉਂਦਾ ਹੈ। ਆਪ ਜੀ ਨੇ ਆਪਣੀ ਸੰਸਾਰਿਕ ਯਾਤਰਾ 7 ਸਾਲ 8 ਮਹੀਨੇ 19 ਦਿਨਾਂ ਤੱਕ ਸੰਪੂਰਨ ਕੀਤੀ। ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ’ਤੇ ਕੀਤਾ ਗਿਆ, ਜਿਸ ਥਾਂ ’ਤੇ ਹੁਣ ‘ਬਾਲਾ ਸਾਹਿਬ ਗੁਰਦੁਆਰਾ’ ਸੁਸ਼ੋਭਿਤ ਹੈ।

36960cookie-checkਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸਨ ਜੀ