ਬਧਾ ਚਟੀ ਜੋ ਭਰੇ…

0
716

ਬਧਾ ਚਟੀ ਜੋ ਭਰੇ…

_ਜਸਵੰਤ ਕੌਰ (ਡਾ:), ਰੋਪੜ 94178-02835

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਪੁਰਾਤਨ ਰੂੜ੍ਹੀਆਂ ਦੇ ਖੰਡਨ ਲਈ ਪੈਦਾ ਕੀਤਾ ਸੀ। ਪੁਰਾਤਨ ਰੀਤਾਂ ਜਿਹੜੀਆਂ ਸਮਾਜ ਨੂੰ ਗੂੰਦ ਵਾਂਗ ਚੰਬੜੀਆਂ ਹੋਈਆਂ ਸਨ, ਜਿਹੜੀਆਂ ਲੋਕਾਂ ਦੇ ਦਿਲੋ-ਦਿਮਾਗ ਨੂੰ ਗ੍ਰਸ ਚੁੱਕੀਆਂ ਸਨ, ਜਿਨ੍ਹਾਂ ਨੇ ਮਨੁੱਖੀ ਜੀਵਨ ਨੂੰ ਹੱਥਲ ਬਣਾ ਲਿਆ ਸੀ। ਜਿਵੇਂ 68 ਤੀਰਥਾਂ ਦੀ ਯਾਤਰਾ, ਧਾਰਮਿਕ ਕਰਮਕਾਂਡ, ਸਰਾਧ, ਪਿੰਡ, ਪੱਤਲ, ਗੱਤ ਕਰਾਉਣੀ, ਛਿਲਾ, ਸੂਤਕ-ਪਾਤਕ ਆਦਿ। ‘ਸ੍ਰੀ ਆਸਾ ਕੀ ਵਾਰ’ ਇਨ੍ਹਾਂ ਸਭਨਾਂ ਦਾ ਖੰਡਨ ਕਰਦੀ ਹੈ। ‘ਸ੍ਰੀ ਸੁਖਮਨੀ ਸਾਹਿਬ’ ਵਿਚ ਪ੍ਰਸ਼ਨ-ਉੱਤਰਾਂ ਦੇ ਰੂਪ ਵਿਚ ਬਹੁਤ ਹੀ ਸਪੱਸ਼ਟ ਹੈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਜਿਵੇਂ :

_ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ॥

_ਆਪਸ ਕਉ ਜੋ ਜਾਣੈ ਨੀਚਾ॥ ਸੋਊ ਗਨੀਐ ਸਭ ਤੇ ਊਚਾ॥

_ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ॥ ਤਿਸਹਿ ਜਾਨੁ ਮਨ! ਸਦਾ ਹਜੂਰੇ॥

_ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸ ਸੇਵਕ ਕੇ ਕਾਰਜ ਰਾਸਿ॥

_ਸੰਗਿ ਨ ਚਾਲਸਿ ਤੇਰੈ ਧਨਾ॥ ਤੂੰ ਕਿਆ ਲਪਟਾਵਹਿ ਮੂਰਖ ਮਨਾ॥

ਸਾਫ਼ ਸਪੱਸ਼ਟ ਹੈ ਕਿ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਵੀਨਤਮ ਅਤੇ ਸੰਪੂਰਨ ਗਿਆਨ ਦੇ ਸ੍ਰੋਤ ਅਤੇ ਖਜ਼ਾਨਾ ਹਨ। ਇਸ ਸਭ ਕੁਝ ਲਿਖਣ ਤੋਂ ਭਾਵ ਹੈ ਗੁਰਬਾਣੀ ਰਚਨਹਾਰਿਆਂ ਨੇ ਮਨੁੱਖ ਨੂੰ ਜਿਸ ਗਰਕਣ ਵਿਚੋਂ ਕੱਢਿਆ ਸੀ, ਅੱਜ ਦੇ ਸਮੇਂ ਵਿਚ ਧਰਮ ਪ੍ਰਚਾਰਕ (ਕਈ ਥਾਵਾਂ ਤੇ) ਮੁੜ ਕੇ ਸ਼ਰਧਾਲੂਆਂ ਨੂੰ ਉਸੇ ਵਿਚ ਧਕੇਲ ਰਹੇ ਹਨ। ਧਾਰਮਿਕ ਯਾਤਰਾਵਾਂ, ਤੀਰਥ ਰਟਨ, ਮਿੱਥੇ ਕੁਝ ਦਿਨਾਂ ਲਈ ਹੀ ਧਰਮ ਸਥਾਨਾਂ ਦੇ ਇਸ਼ਨਾਨ, ਦਰਸ਼ਨ ਅਤੇ ਪੈਦਲ ਯਾਤਰਾ ਕਰਨੀਆਂ। ਸੁਖਣਾ ਸੁਖਣੀਆਂ, ਫਿਰ ਉਨ੍ਹਾਂ ਨੂੰ ਪੂਰੀਆਂ ਹੋਣ ਤੇ ਉਨ੍ਹਾਂ ਥਾਵਾਂ ਤੇ ਜਾਣਾ। ਸੁੱਖਣਾ ਉਤਾਰਨ ਲਈ ਪਾਠ ਆਦਿ ਕਰਾਉਣੇ, ਇਹ ਸਭ ਕੁਝ ਕੀ ਹੈ? ਕੀ ਸੁਲਝੇ ਹੋਏ ਗੁਰੂ ਕੇ ਸਿੱਖਾਂ ਦੇ ਹਾਲਾਤ ਹਨ?

ਪਿੱਛੇ ਜਿਹੇ ਸਾਨੂੰ ‘ਪਟਨਾ ਸਾਹਿਬ’ ਵਿਖੇ ਜਾਣ ਦਾ ਸਬੱਬ ਮਿਲਿਆ। ਚਿਰੋਕਣੀ ਤਮੰਨਾ ਸੀ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਸਥਾਨ ਨੂੰ ਅੱਖੀਂ ਤੱਕਾਂ, ਨਤਮਸਤਕ ਹੋਵਾਂ। ਉਥੋਂ ਦੇ ਜਨਮ ਸਥਾਨ ਗੁਰਦੁਆਰਾ ਸਾਹਿਬ ਵਿਚ ਤਾਂ ਸਚਮੁਚ ਹੀ ਦਰਸ਼ਨ-ਯੋਗ ਸੁੰਦਰ ਸਥਾਨ ਬਣਾਇਆ ਹੋਇਆ ਹੈ ਪਰ ਉੱਥੇ ਵੀ ਇਧਰੋਂ ਜੋ ਵੀ ਸੰਗਤ ਜਾਂਦੀ ਹੈ ਤੀਰਥ ਸਥਾਨਾਂ ਵਾਲੇ ਵਿਸ਼ਵਾਸ ਨਾਲ ਹੀ ਜਾਂਦੀ ਹੈ। ਉਥੋਂ ਦੇ ਪ੍ਰਚਾਰਕ ਸਾਹਿਬ ਵੀ ‘ਕਰਾਮਾਤੀ’ ਢੰਗ ਨਾਲ ਪ੍ਰਚਾਰ ਕਰਦੇ ਹਨ। ਉਨ੍ਹਾਂ ਦੇ ਮਨ ਵਿਚ ਵੀ ਇਹੀ ਹੈ ‘‘ਜੇ ਅਰਦਾਸ ਕਰਾਉਣੀ ਹੈ ਤਾਂ ਇੱਧਰ ਆ ਜਾਓ। ਭਾਵ ਅਰਦਾਸ ਭੇਟਾ ਭਾਈ ਜੀ ਦੇ ਹੱਥ ਫੜਾਓ ਨਹੀਂ ਤਾਂ ਮਾਇਆ ਗੋਲਕ ਵਿਚ ਪਾ ਦਿਓ। ਗੁਰੂ ਸਾਹਿਬ ਜੀ ਦਾ ਪ੍ਰਚਾਰ ਸਿੱਖੀ ਫੈਲਾਓ ਸੀ, ਪਟਨਾ ਦੀ ਸਿੱਖੀ ਸੇਵਕੀ ਦੁਆਰਾ ਗੁਰੂ ਤੇਰੀ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਭਾਵ-ਭਿੰਨੀ, ਸਿੱਖੀ ਦੀ ਗੱਲ ਘੱਟ ਕਰਦੇ ਹਨ, ਉਨ੍ਹਾਂ ਨਾਲ ਕਰਾਮਾਤਾਂ ਜੋੜ ਕੇ ਵਧੇਰੇ ਦੱਸਦੇ ਹਨ। ਜਿਵੇਂ ਗੁਰਦੁਆਰਾ ਗਊ ਘਾਟ ਸਾਹਿਬ ਵਿਚ ਥੰਮਾਂ ਨੂੰ ਘੁੱਟਣਾ, ਉੱਥੇ ਅਰਦਾਸ ਕਰਾਉਣੀ, ਉੱਥੋਂ ਦੇ ਸੇਵਾਦਾਰਾਂ ਵਲੋਂ ਸੰਗਤ ਅੱਗੇ ਹੱਥ ਜੋੜ ਕੇ ਦਇਆ ਭਾਵਨਾ ਇੰਝ ਪ੍ਰਗਟ ਕਰਨੀ ਕਿ ਸੰਗਤ ਉਨ੍ਹਾਂ ਦੇ ਹੱਥ ਵਿਚ ਵੀ ਕੁਝ ਨਾ ਕੁਝ ਫੜਾ ਕੇ ਜਾਵੇ।

ਇਹ ਸਾਰੇ ਦ੍ਰਿਸ਼ ਤੱਕ ਕੇ ਜਾਪਦਾ ਹੈ ਇਨ੍ਹਾਂ ਵਿਚਾਰਿਆਂ ਦਾ ਕਸੂਰ ਨਹੀਂ। ਇਹ ਗਰੀਬੀ ਵਿਚੋਂ ਉੱਠ ਕੇ ਸਥਾਨਕ ਧਰਮਾਂ ਸਥਾਨਾਂ ਉੱਤੇ ਪ੍ਰਬੰਧਕਾਂ ਦੀ ਦਇਆ ਦ੍ਰਿਸ਼ਟੀ ਨਾਲ ਰੁਜ਼ਗਾਰ ਸਿਰ ਤਾਂ ਹੋ ਗਏ ਹਨ ਪਰ ਸ਼ਰਧਾ…..। ਇਹ ਵਿਚਾਰੇ ਤਾਂ ਬੱਧੇ ਚੱਟੀ ਭਰਦੇ ਪਏ ਹਨ। ‘‘ਗੁਰੂ ਕਾ ਬਾਗ’’ ਵਿਚ ਵੀ ਇਸੇ ਤਰ੍ਹਾਂ ਹੀ ਹੋਇਆ। ਗੁਰਦੁਆਰਾ ਸਾਹਿਬ ਦਾ ਇਤਿਹਾਸ ਕੁਝ ਹੋਰ ਲਿਖਿਆ ਹੋਇਆ ਹੈ ਪ੍ਰਚਾਰਕ ਕਰਾਮਾਤਾਂ ਜੋੜ ਕੇ ਕੁਝ ਹੋਰ ਹੀ ਦੱਸ ਰਿਹਾ ਸੀ। ‘ਕੰਗਨ ਘਾਟ’ ਗੁਰਦੁਆਰਾ ਸਾਹਿਬ ਤਾਂ ਮਸਾਂ ਮੰਜੇ ਕੁ ਜਿੰਨੀ ਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸਨ। ਉਨ੍ਹਾਂ ਨੂੰ ਲੋਏ ਲੋਏ ਸੁਖ ਆਸਨ ਕਰਕੇ ਨਿੱਜ ਸਥਾਨ ਪਹੁੰਚਾ ਦਿੱਤਾ ਗਿਆ ਸੀ ਪਰ ਉਹ ਥਾਂ ਇੰਨੀ ਜ਼ਿਆਦਾ ਗੰਦੀ ਸੀ ਕਿ ਦੇਖ ਕੇ ਘਿ੍ਰਣਾ ਪੈਦਾ ਹੋ ਰਹੀ ਸੀ। ਜਨਮ ਸਥਾਨ ਗੁਰਦੁਆਰਾ ਸਾਹਿਬ ਨੂੰ ਬੇਥਾਹ ਆਮਦਨ ਹੁੰਦੀ ਹੈ ਕੀ ਉਨ੍ਹਾਂ ਦੇ ਬਜਟ ਵਿਚ ‘ਕੰਗਨਘਾਟ’ ਸੁਧਾਰ ਦੀ ਅਜੇ ਵਾਰੀ ਨਹੀਂ ਆਈ?

ਬੱਧਾ ਚੱਟੀ……ਵਾਲੀ ਗੱਲ ਨਾਲ ਹੀ ਸਰਾਂ ਵਿਚ ਕਮਰੇ ਦੇਣ, ਗੁਰਦੁਆਰਾ ਸਾਹਿਬ ਦੀਆਂ ਬੱਸਾਂ ਯਾਤਰੂਆਂ ਨੂੰ ਉਪਲੱਭਦ ਕਰਾਉਣ ਲਈ ਬਹੁਤ ਹੀ ਰੁੱਖਾ ਵਰਤਾਓ ਦੇਖਣ ਨੂੰ ਮਿਲਿਆ। ਇਸ ਬਾਰੇ ਜਦੋਂ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸੰਗਤ ਦਾ ਗੁੱਸਾ ਅਤੇ ਪਰੇਸ਼ਾਨੀ ਦੇਖ ਕੇ ਪ੍ਰਬੰਧ ਕਰਨ ਵਿਚ ਕੁਝ ਤੇਜ਼ੀ ਤਾਂ ਲਿਆਂਦੀ ਪਰ ਵਰਤਾਓ ਉਨ੍ਹਾਂ ਦਾ ਵੀ ਬਹੁਤ ਹੀ ਰੁੱਖਾ ਅਤੇ ਘਟੀਆ ਸੀ। ਕੁਝ ਧਾਰਮਿਕ ਸਥਾਨਾਂ ਉੱਤੇ ਪ੍ਰਬੰਧਕ ਅਤੇ ਪ੍ਰਚਾਰਕ ਠੀਕ ਵਰਤਾਓ ਵਾਲੇ ਵੀ ਮਿਲੇ।

ਇਹ ਹਾਲ ਬਿਹਾਰ, ਪਟਨਾ ਸਾਹਿਬ ਦੇ ਗੁਰਦੁਆਰਿਆਂ ਵਿਚ ਹੀ ਦੇਖਣ ਨੂੰ ਨਹੀਂ ਮਿਲਦਾ। ਹੋਰ ਧਾਰਮਿਕ ਸਥਾਨਾਂ ’ਤੇ ਵੀ ਮਿਲਦਾ ਹੈ। ਪੰਜਾਬ ਵਿਚ ਵੀ ਛੇਹਰਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਗੇਟ ਉੱਤੇ ਜੋ ਸ਼ਬਦਾਵਲੀ ਲਿਖੀ ਮਿਲਦੀ ਹੈ ਉੱਥੇ ਵੀ ‘ਵਾਹਿਗੁਰੂ’ ਦੇ ਭਾਣੇ ਅਤੇ ਹੁਕਮ ਨੂੰ ਮੰਨਣ ਦੀ ਬਜਾਏ ਸੁਖਣਾ ਸੁੱਖਣ ਦੀ ਗੱਲ ਕੀਤੀ ਗਈ ਹੈ। ਗੁਰੂ ਕੋਲ ‘ਅਰਦਾਸ’ ‘ਬੇਨਤੀ’, ਜੋੜਦੀ ਕਰਨੀ ਹੈ ਕਿ ਅਸੀਂ ਸ਼ਰਤਾਂ ਲਾਉਣੀਆਂ ਹਨ ਜੇ ਤੁਸੀਂ ਮੈਨੂੰ ਇਹ ਦਿਓਗੇ ਤਾਂ ਮੈਂ ਪਾਠ ਕਰਾਵਾਂਗਾ। ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਉਪਦੇਸ਼ ਉਨ੍ਹਾਂ ਦੀ ਬਾਣੀ ਦੇ ਆਧਾਰ ਤੇ ਪਰਗਟਾ ਕੇ ਹੀ ਅਗਿਆਨੀ ਸਿੱਖ ਸੰਗਤ ਨੂੰ ਗਿਆਨਵਾਨ ਅਤੇ ਗੁਰਮਤਿ ਦੇ ਰਾਹੀ ਬਣਾਇਆ ਜਾ ਸਕਦਾ ਹੈ। ਜੇਕਰ ਪ੍ਰਚਾਰਕ ਕਰਾਮਾਤਾਂ ਨੂੰ ਵਿਸ਼ੇਸ਼ ਤੌਰ ਤੇ ਪ੍ਰਗਟਾਅ ਕੇ ਦੱਸਣਗੇ ਤਾਂ ਧਾਰਮਿਕਤਾ ਵਿਚ ਅੰਧ-ਵਿਸ਼ਵਾਸ ਅਤੇ ਸਿਰਫ ਮੱਥਾ ਟੇਕਣ ਅਤੇ ਮੰਨਤ ਮੰਨਣ ਦੀ ਹੀ ਗੱਲ ਘਰ ਕਰ ਜਾਵੇਗੀ। ਗੁਰਸਿੱਖੀ ਨੂੰ ਅਪਨਾਉਣ ਦੀ ਗੱਲ ਕਰਨੀ ਲਾਂਭੇ ਚਲੀ ਜਾਵੇਗੀ ਇਸੇ ਕਰਕੇ ਹੀ ਧਾਰਮਿਕ ਯਾਤਰਾਵਾਂ ਵਾਲੇ ਮਿੱਟੀ ਘੱਟਾ ਉਡਾਉਂਦੇ ਟਰੱਕਾਂ, ਟਰਾਲੀਆਂ, ਮੋਟਰਸਾਈਕਲਾਂ ਦੀਆਂ ਧੂੜਾਂ ਉਡਾਉਂਦੇ ਘੁੰਮ ਰਹੇ ਹਨ। ਸਿਰਾਂ ਉੱਤੇ ਰੁਮਾਲ ਬੱਧੇ ਹਨ। ਜੂੜੇ ਅਤੇ ਪਗੜੀਆਂ ਗਾਇਬ ਹਨ। ‘ਬੋਲੇ ਸੋ ਨਿਹਾਲ’ ਦੇ ਨਾਅਰੇ ਹੀ ਸੁਣਦੇ ਹਨ। ਆਚਰਣਕ ਪੱਖੋਂ ਅਸੀਂ ਗਿਰਦੇ ਜਾ ਰਹੇ ਹਾਂ। ਥਾਂ-ਥਾਂ ’ਤੇ ਮਹਾਨ, ਮਹਾਨਤਮ, ਪਵਿੱਤਰ, ਪਰਮ-ਪਵਿੱਤਰ ਕੀਰਤਨ ਦਰਬਾਰ ਹੋ ਰਹੇ ਹਨ, ਸੱਚ, ਸੁੱਚ ਧਰਮ ਅਖਾਉਤੀ ਬਣ ਕੇ ਰਹਿ ਗਿਆ ਹੈ। ਅਸੀਂ ਕਦੋਂ ਤੱਕ ਬੱਧਾ ਚੱਟੀ…..ਵਾਲਾ ਵਰਤਾਓ ਅਖ਼ਤਿਆਰ ਕਰੀ ਰੱਖਾਂਗੇ। ਵਾਹਿਗੁਰੂ ਜੀ! ਸਾਨੂੰ ਸੁਮੱਤ ਬਖਸ਼ੋ। ਸਾਡੀ ਕਰਨੀ ਅਤੇ ਕਥਨੀ ਦੇ ਇਕ ਹੋਣ ਵਿਚ ਸਹਾਈ ਹੋਣਾ ਜੀ।