ਪੰਜਾਬ ’ਚ ਵਰਤਮਾਨ ਦੇ ਜ਼ਮੀਨੀ ਹਾਲਾਤ ’ਤੇ ਇੱਕ ਵਿਸ਼ਲੇਸ਼ਣ ਤੇ ਢੁੱਕਵਾਂ ਸੁਝਾਅ

0
258

ਪੰਜਾਬ ’ਚ ਵਰਤਮਾਨ ਦੇ ਜ਼ਮੀਨੀ ਹਾਲਾਤ ’ਤੇ ਇੱਕ ਵਿਸ਼ਲੇਸ਼ਣ ਤੇ ਢੁੱਕਵਾਂ ਸੁਝਾਅ

ਗਿਆਨੀ ਅਵਤਾਰ ਸਿੰਘ

ਸਿੱਖੀ ਜਜ਼ਬਾਤਾਂ ’ਚ ਆਏ ਉਛਾਲ ਨੂੰ ਅਗਵਾਈ ਦੇਣ ਵਾਲੇ ਦੋ ਕੇਂਦਰ ਨੁਕਸਾਨਦੇਹ

 ਡੇਢ-ਦੋ ਦਹਾਕੇ ਪੂਰਬ (ਸੰਨ 1999 ਦੀ ਵਿਸਾਖੀ) ਤੋਂ ‘ਗੁਰਮਤਿ ਵਿਚਾਰਧਾਰਾ’ ਦੀ ਵਿਆਖਿਆ, ਪੂਰਨ ਤੌਰ ’ਤੇ ਬਾਦਲ ਪਰਿਵਾਰ ਨੇ ਆਪਣੇ ਹੀ ਦ੍ਰਿਸ਼ਟੀਕੋਣ ਨੂੰ ਮੁੱਖ ਰੱਖ ਕੇ ਕਰਵਾਉਣੀ ਆਰੰਭ ਕਰਵਾ ਦਿੱਤੀ ਸੀ ਜਿਸ ਉਪਰੰਤ ਸਿੱਖ ਚਿੰਤਕਾਂ (ਵਿਦਵਾਨਾਂ) ਦੇ ਵਿਚਾਰਾਂ ’ਚ ਆਪਣੀ ਆਤਮਾ ਦੀ ਖ਼ੁਰਾਕ (ਵਿਰਾਸਤ) ਨੂੰ ਲੈ ਕੇ ਆਪਣੇ ਅੰਦਰ ਹੀ ਅੰਦਰ ਜਵਾਲਾਮੁਖੀ ਦੀ ਤਪਸ਼ ਭਖਣੀ ਆਰੰਭ ਹੋਣੀ ਸੁਭਾਵਕ ਸੀ। ਮਿਤੀ 12-10-2015 ਨੂੰ ਪਿੰਡ ਬਰਗਾੜੀ (ਕੋਟਕਪੂਰਾ) ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਘੋਰ ਨਿਰਾਦਰ ਅਤੇ ਮਿਤੀ 24-10-2015 ਨੂੰ ਸਿਰਸੇ ਵਾਲੇ ਢੌਂਗੀ ਅਸਾਧ ਨੂੰ ਦਿਲਵਾਈ ਗਈ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਨੇ ਇਸ ਜਵਾਲਾਮੁਖੀ ਦੀ ਤਪਸ਼ ’ਤੇ ਘੀ ਪਾਉਣ ਦਾ ਕੰਮ ਕੀਤਾ, ਇਸ ਸਿਧਾਂਤਕ ਤੇ ਸਚਾਈ ਭਰਪੂਰ ਜਜ਼ਬਾਤਾਂ ਦੀ ਮਦਦ ਲਈ ਸਮੂਹ ਸਿੱਖ ਸਮਾਜ ਦੇ ਨਾਲ-ਨਾਲ ਗ਼ੈਰ ਸਿੱਖ ਭਾਈਚਾਰੇ ’ਚ ਵੀ ਰੋਸ ਦੀ ਲਹਿਰ ਦੌੜ ਗਈ, ਜੋ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੀ ਕਿਉਂਕਿ ਇਨ੍ਹਾਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਤੋਂ ਉਪਰੰਤ ਵੀ ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਪੁੱਟੇ, ਜਿਸ ਕਾਰਨ ਗੁਰੂ ਗ੍ਰੰਥ ਸਾਹਿਬ / ਗੁਰਬਾਣੀ ਦੀਆਂ ਪੋਥੀਆਂ / ਗੁਟਕਿਆਂ ਦੇ ਨਿਰਾਦਰ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਗਈਆਂ। ਇਸ ਜਾਇਜ਼ ਮੰਗ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਰੱਖਣ ਵਾਲਿਆਂ ਦੇ ਜਜ਼ਬਾਤਾਂ ’ਚ ਆਇਆ ਉਛਾਲ ਠੰਡਾ ਹੋਣ ਦੀ ਬਜਾਏ ਵਧਦਾ ਗਿਆ, ਜਿਸ ਦੀ ਅਗਵਾਈ ਲਈ ਦੋ ਪ੍ਰਮੁੱਖ ਪੰਥਕ ਧਿਰਾਂ ਸਾਹਮਣੇ ਆਗਈਆਂ; ਇਹ ਦੋ ਧਿਰਾਂ ਹਨ:

(1). ਗੁਰਮਤਿ ਮਿਸ਼ਨਰੀ ਪ੍ਰਚਾਰਕ ਵਰਗ, ਜਿਨ੍ਹਾਂ ਵਿੱਚ ‘ਭਾਈ ਪੰਥਪ੍ਰੀਤ ਸਿੰਘ ਜੀ, ਬਾਬਾ ਰਣਜੀਤ ਸਿੰਘ ਜੀ (ਢੱਡਰੀਆਂ), ਭਾਈ ਅਮਰੀਕ ਸਿੰਘ ਜੀ (ਚੰਡੀਗੜ੍ਹ), ਗਿਆਨੀ ਕੇਵਲ ਸਿੰਘ ਜੀ (ਸਾਬਕਾ ਜਥੇਦਾਰ ਤਖ਼ਤ ਦਮਦਮਾ ਸਾਹਿਬ, ਤਲਵੰਡੀ ਸਾਬੋ), ਭਾਈ ਹਰਜਿੰਦਰ ਸਿੰਘ ਜੀ (ਮਾਝੀ), ਭਾਈ ਸਤਨਾਮ ਸਿੰਘ (ਚੰਦੜ), ਭਾਈ ਨਿਰਮਲ ਸਿੰਘ (ਧੂਰਕੋਟ), ਭਾਈ ਹਰਜੀਤ ਸਿੰਘ ਜੀ (ਢਪਾਲੀ), ਪ੍ਰੋ. ਸਰਬਜੀਤ ਸਿੰਘ ਜੀ (ਧੁੰਦਾ)’ ਆਦਿ ਸ਼ਾਮਲ ਹਨ।

(2). ਦਮਦਮੀ ਟਕਸਾਲ ਦੀ ਅਜੋਕੀ ਵਿਚਾਰਧਾਰਾ ਨਾਲ ਸਬੰਧਤ ਸ਼ਖ਼ਸੀਅਤਾਂ ਤੇ ਕੁਝ ਰਾਜਨੀਤਿਕ ਪਾਰਟੀਆਂ, ਜਿਨ੍ਹਾਂ ਵਿੱਚ ‘ਸ. ਸਿਮਰਨਜੀਤ ਸਿੰਘ ਜੀ (ਮਾਨ), ਭਾਈ ਮੋਹਕਮ ਸਿੰਘ ਜੀ ਤੇ ਭਾਈ ਗੁਰਦੀਪ ਸਿੰਘ ਜੀ (ਯੂਨਾਈਟੇਡ ਅਕਾਲੀ ਦਲ), ਭਾਈ ਰਾਮ ਸਿੰਘ ਜੀ ਸੰਗਰਾਵਾਂ (ਦਮਦਮੀ ਟਕਸਾਲ), ਭਾਈ ਬਲਜੀਤ ਸਿੰਘ ਜੀ (ਦਾਦੂਵਾਲ)’ ਆਦਿ ਸ਼ਾਮਲ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨ ਨਾਲ ਸਬੰਧਤ ਘਟਨਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕੇਮਟੀ ’ਚ ਆ ਰਹੇ ਦਿਨ ਪ੍ਰਤਿ ਦਿਨ ਨਿਘਾਰ ਨੂੰ ਵੇਖਦਿਆਂ ਜਜ਼ਬਾਤੀ ਹੋਏ ਸਿੱਖਾਂ ਦੇ ਰੋਸ ਦੀ ਅਗਵਾਈ ‘ਗੁਰਮਤਿ ਮਿਸ਼ਨਰੀ ਪ੍ਰਚਾਰਕ’ ਵਰਗ ਸ਼ਾਂਤਮਈ ਤਰੀਕੇ ਨਾਲ ਸਰਕਾਰ ’ਤੇ ਦਬਾਅ ਬਣਾਉਣ ਦੇ ਨਾਲ-ਨਾਲ ਆਪਣੀ ਮੰਜ਼ਿਲ (2017 ’ਚ ਆਉਣ ਵਾਲੇ ਵਿਧਾਨ ਸਭਾ ਦੇ ਚੁਣਾਵ) ਵੱਲ ਵਧਣਾ ਚਾਹੁੰਦਾ ਹੈ ਤਾਂ ਜੋ ਪੰਥਕ ਜਜ਼ਬਾਤਾਂ ਨੂੰ ਸਮਝਣ ਵਾਲੀ ਕਿਸੇ ਗ਼ੈਰ ਸਿੱਖ ਰਾਜਨੀਤਿਕ ਪਾਰਟੀ ਦੀ ਮਦਦ ਨਾਲ ਪੰਜਾਬ ਦੀ ਸੱਤਾ ਪ੍ਰਾਪਤ ਕੀਤੀ ਜਾ ਸਕੇ ਤੇ 1978 ਤੋਂ ਲੈ ਕੇ ਸਿੱਖ ਕੌਮ ਦੀ ਕੀਤੀ ਗਈ ਨਸਲਕੁਸ਼ੀ ਦੀਆਂ ਤਮਾਮ ਘਟਨਾਵਾਂ ’ਤੇ ਕੋਈ ਠੋਸ ਜਾਂਚ ਟੀਮ ਗਠਤ ਕਰਕੇ ਦੋਸ਼ੀਆਂ ਨੂੰ ਸਜਾਵਾਂ ਦਿਲਵਾਈਆਂ ਜਾ ਸਕਣ ਅਤੇ ਸੰਨ 2017-2018 ’ਚ (ਜਦ ਪੰਜਾਬ ਦੀ ਸੱਤਾ ’ਤੇ ਹਮਖ਼ਿਆਲੀ ਪਾਰਟੀ ਕਾਬਜ਼ ਹੋਵੇ) ਸਰਬੱਤ ਖ਼ਾਲਸਾ (ਕੇਵਲ ਗੁਰੂ ਦੀ ਭੈ-ਭਾਵਨੀ ਵਾਲੇ ਬੁਧੀਜੀਵੀ) ਬੁਲਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੁਣਾਵ ਇਲੈਕਸ਼ਨ (election) ਦੀ ਬਜਾਏ ਸਿਲੈਕਸ਼ਨ (selection) ਲਈ ਜ਼ਮੀਨ ਤਿਆਰ ਕੀਤੀ ਜਾਏ, ਜਿਸ ਵਿੱਚ ਜਥੇਦਾਰ ਦੀ ਨਿਯੁਕਤੀ ਵੀ ਕੇਵਲ ਆਰਜੀ ਹੀ ਰੱਖੀ ਜਾਵੇ, ਸ਼ਾਮਲ ਹੈ ਜਦਕਿ ਰਾਜਨੀਤਿਕ ਪਾਰਟੀਆਂ ਪੰਥਕ ਜਜ਼ਬਾਤਾਂ ਨੂੰ ‘‘ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫), ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ, ਪੈਰੁ ਧਰੀਜੈ ॥ ਸਿਰੁਦੀਜੈ, ਕਾਣਿ ਨ ਕੀਜੈ ॥’’ (ਮ: ੧/੧੪੧੨) ਆਦਿ ਵਾਕਾਂ ਰਾਹੀਂ ਨੌਜਵਾਨਾਂ ਦੇ ਵਿਚਾਰਾਂ ’ਚ ਹੋਰ ਉਛਾਲ ਭਰ ਕੇ ਪੰਜਾਬ (ਬਾਦਲ) ਸਰਕਾਰ ਉੱਤੇ ਰਾਜਨੀਤਿਕਦਬਾਅ ਬਣਾਉਣਾ ਚਾਹੁੰਦੀਆਂ ਹਨ, ਇਸੇ ਰਾਜਨੀਤਿਕ ਸੋਚ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਹੋਣਾ ਵੀ ਸ਼ਾਮਲ ਹੈ। ਇਸੇ ਮੁਹਿੰਮ ਨੂੰ ਅਗਾਂਹ ਵਧਾਉਂਦਿਆਂ ਮਿਤੀ 10-11-2015 ਨੂੰ ਪਿੰਡ ਚੱਬਾ (ਅੰਮ੍ਰਿਤਸਰ) ਵਿਖੇ ‘ਸਰਬੱਤ ਖ਼ਾਲਸਾ’ ਦੇ ਨਾਮ ਹੇਠ ਬੁਲਾਏ ਗਏ ਇਕੱਠ ’ਚ ਹੇਠਾਂ ਲਿਖੇ 13 ਮਤੇ ਪਾਸ ਕੀਤੇ ਗਏ:

(1). ਮੌਜੂਦਾ ਚਾਰੇ ਤਖ਼ਤਾਂ (ਪੰਜਾਬ ਦੇ 3 ਤਖ਼ਤ ਤੇ ਇੱਕ ਪਟਨਾ ਸਾਹਿਬ ਤਖ਼ਤ ਸਮੇਤ) ਦੇ ਚਾਰੇ ਜਥੇਦਾਰਾਂ ਨੂੰ ਉਨ੍ਹਾਂ ਦੇ ਪਦਾਂ ਤੋਂ ਲਾਂਭੇ ਕੀਤਾ ਜਾਂਦਾ ਹੈ।

(ਨੋਟ: ਧਿਆਨ ਰਹੇ ਕਿ ਪੰਜਵੇਂ ਤਖ਼ਤ ਹਜੂਰ ਸਾਹਿਬ ਦੇ ਜਥੇਦਾਰ ਦੀ ਬਜਾਏ ਕੇਵਲ ਧੂਫ਼ੀਆ ਹੀ ਉਨ੍ਹਾਂ ਪੰਜ ਪਿਆਰਿਆਂ ’ਚ ਸ਼ਾਮਲ ਸੀ, ਜਿਨ੍ਹਾਂ ਨੇ ਸਿਰਸੇ ਵਾਲੇ ਅਸਾਧ ਨੂੰ ਮੁਆਫ਼ੀਨਾਮਾ ਦਿੱਤਾ ਸੀ।)

(2). ਸ੍ਰੀ ਅਕਾਲ ਤਖ਼ਤ (ਅੰਮ੍ਰਿਤਸਰ) ਦੇ ਨਵੇਂ ਜਥੇਦਾਰ ‘ਭਾਈ ਜਗਤਾਰ ਸਿੰਘ ਹਵਾਰਾ’ ਹੋਣਗੇ ਅਤੇ ਕਾਰਜਕਾਰੀ ਜਥੇਦਾਰ ‘ਸ. ਧਿਆਨ ਸਿੰਘ’ ਮੰਡ (ਅਕਾਲੀ ਦਲ ‘ਮਾਨ’ ਦੇ ਆਗੂ) ਨੂੰ ਲਾਇਆ ਜਾਂਦਾ ਹੈ।

ਭਾਈ ਅਮਰੀਕ ਸਿੰਘ ‘ਅਜਨਾਲਾ’ (ਟਕਸਾਲੀ) ਤਖ਼ਤ ਕੇਸਗੜ੍ਹ ਸਾਹਿਬ ਅਤੇ ਭਾਈ ਬਲਜੀਤ ਸਿੰਘ ‘ਦਾਦੂਵਾਲ’ (ਟਕਸਾਲੀ) ਨੂੰ ਦਮਦਮਾ ਸਾਹਿਬ ਦਾ ਜਥੇਦਾਰ ਲਾਇਆ ਜਾਂਦਾ ਹੈ।

(3). ਕੇ ਪੀ ਐਸ ‘ਗਿੱਲ’ ਅਤੇ ਜਨਰਲ ਕੁਲਦੀਪ ਸਿੰਘ ‘ਬਰਾੜ’ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ 20 ਨਵੰਬਰ 2015 ਤੱਕ ਸ੍ਰੀ ਅਕਾਲ ਤਖਤ ’ਤੇ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਜਾਂਦਾ ਹੈ।

(4). ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਅਤੇ ਪ੍ਰਭੂਸਤਾ ਨੂੰ ਬਣਾਇ ਰੱਖਣ ਲਈ ਦੇਸ਼-ਵਿਦੇਸ਼ ਦੇ ਸਿੱਖਾਂ ਦੀ ਰਾਇ ਨਾਲ ਗੰਭੀਰ ਯਤਨ ਕੀਤੇ ਜਾਣਗੇ।

(5). ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ‘ਫਖਰ ਏ ਕੌਮ’ ਤੇ ‘ਪੰਥ ਰਤਨ’ ਦਾ ਖ਼ਿਤਾਬ ਅਤੇ ਅਵਤਾਰ ਸਿੰਘ ਮੱਕੜ ਤੋਂ ‘ਸ਼੍ਰੋਮਣੀ ਸੇਵਕ’ ਦਾ ਖ਼ਿਤਾਬ ਵਾਪਸਲਿਆ ਜਾਂਦਾ ਹੈ।

(6). ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਇਸ ਲਈ 30 ਨਵੰਬਰ ਤੱਕ ਖਰੜੇ ਸਬੰਧੀ ਸਾਂਝੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ।

(7). ਸਮੂਹ ਸੰਗਤਾਂ, ਗ੍ਰੰਥੀ ਸਿੰਘਾਂ ਅਤੇ ਕਮੇਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹੁੰਦੀ ਬੇਅਦਬੀ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ ਜਾਂਦਾ ਹੈ ਅਤੇ ਬੇਅਦਬੀ ਕਰਨ ਵਾਲਿਆਂ ਨੂੰ ਸਿਖੀ ਰਵਾਇਤਾਂ ਮੁਤਾਬਿਕ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਜਾਂਦਾ ਹੈ।

(8). ਸਰਕਾਰ ਨੂੰ ਤਾਕੀਦ ਕੀਤੀ ਜਾਂਦੀ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਕੈਦੀ ਜੇਲ੍ਹਾਂ ਵਿੱਚੋਂ ਰਿਹਾਅ ਕੀਤੇ ਜਾਣ, ਬਾਪੂ ਸੂਰਤ ਸਿੰਘ ਖਾਲਸਾ ਦਾ ਜੇਕਰ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰ ਬਾਦਲ ਸਰਕਾਰ ਦੀ ਹੋਵੇਗੀ।

(9). ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਕਰਵਾ ਕੇ ਜਮਹੂਰੀਅਤ ਬਹਾਲ ਕਰਵਾਉਣ ਦਾ ਸੱਦਾ ਦਿੱਤਾ ਜਾਂਦਾ ਹੈ।

(10). ਸਿੱਖਾਂ ਨੂੰ ਵੱਖਰੇ ਸਰਵ ਪ੍ਰਵਾਣਿਤ ਕੈਲੰਡਰ ਦੀ ਲੋੜ ਹੈ।

(11). ਹਰਿਮੰਦਰ ਸਾਹਿਬ ਨੂੰ ਵੈਟੀਕਨ ਸਿਟੀ ਦਾ ਦਰਜਾ ਮਿਲੇ ਅਤੇ ਦਰਬਾਰ ਸਾਹਿਬ ਸਮੂਹ ਵਿੱਚ ਕਿਸੇ ਵੀ ਮੁਲਕ ਦਾ ਕਾਨੂੰਨ ਲਾਗੂ ਨਾ ਹੋਵੇ।

(12). ਇਕੱਠ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸਾ ਦੇ ਮਤਿਆਂ ਨੂੰ ਸਹਿਮਤੀ ਦਿੰਦਾ ਹੈ।

(13). ਜਾਤਾਂ ’ਤੇ ਅਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨਘਾਟ ਖ਼ਤਮ ਕਰਨ ਦੇ ਯਤਨ ਕੀਤੇ ਜਾਣ।

ਉਪਰੋਕਤ ਲਏ ਗਏ 13 ਮਤਿਆਂ ਬਾਰੇ ਜਦ ਪੱਤਰਕਾਰਾਂ ਨੇ ਸਵਾਲ ਪੁੱਛੇ ਕਿ (1). ਇਹ ‘ਮਤੇ’ ਲਾਗੂ ਕਿਵੇਂ ਹੋਣਗੇ ?, (2). ਕੀ ਤੁਸੀਂ 2017 ਦੇ ਪੰਜਾਬ ਵਿਧਾਨ ਸਭਾ ਦੇ ਚੁਣਾਵ ਲੜੋਗੇ ?, (3). ਕੀ ਇਨ੍ਹਾਂ ਮਤਿਆਂ ਨੂੰ ਵੀਚਾਰਨ ਲਈ ਇੱਕ ਹੋਰ ਸਰਬੱਤ ਖ਼ਾਲਸਾ ਬੁਲਾਇਆ ਜਾਵੇਗਾ ? ਆਦਿ ਸਵਾਲਾਂ ਬਾਰੇ ਸ. ਸਿਮਰਨਜੀਤ ਸਿੰਘ ‘ਮਾਨ’, ਸ. ਮੋਹਕਮ ਸਿੰਘ, ਭਾਈ ਵੱਸਣ ਸਿੰਘ ‘ਜੱਫਰਵਾਲ’ ਆਦਿ ਨੇ ਅਲੱਗ-ਅਲੱਗ ਪੱਤਰਕਾਰਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ (1). ਸਾਡੀ ਚੁਣਾਵ ਲੜਨ ਦੀ ਪੂਰੀ ਤਿਆਰੀ ਹੈ। (2). ਇੱਕ ਸਰਬੱਤ ਖ਼ਾਲਸਾ ਵਿਸਾਖੀ 2016 ਨੂੰ ਬੁਲਾਇਆ ਜਾਵੇਗਾ। (3). ਇਹ ਮਤੇ ਪਾਸ ਕਰਵਾਉਣ ਲਈਸਰਬੱਤ ਖਾਲਸਾ ਪੂਰੀ ਤਰ੍ਹਾਂ ਸਮਰੱਥ ਹੈ ਆਦਿ।

ਇਨ੍ਹਾਂ ‘ਮਤਿਆਂ’ ਬਾਰੇ ‘ਸਰਬੱਤ ਖ਼ਾਲਸਾ’ ਦੀ ਸਟੇਜ ਤੋਂ ਕਹੇ ਗਏ ਕੁਝ ਕੁ ਸੱਜਣਾਂ ਦੇ ਵੀਚਾਰ ਇਸ ਪ੍ਰਕਾਰ ਹਨ:

(1). ਖਾਲਿਸਤਾਨ ਲੈਣ ਲਈ ਮੈਦਾਨ ’ਚ ਆਉਣਾ ਹੀ ਪਵੇਗਾ: (ਜੋਗਾ ਸਿੰਘ)

(2). ਸਰਬੱਤ ਖਾਲਸਾ ’ਚ ਵਿਕੇ ਹੋਏ ਲੋਕ ਵੀ ਪਹਿਲੀ ਕਤਾਰ ਚ ਬੈਠੇ ਨੇ: (ਬਾਬਾ ਗੁਲਜਾਰ ਸਿੰਘ, ਨਾਨਕਸਰ ਸੰਪਰਦਾ)

(3). ਥਾਲੀ ’ਚ ਪਰੋਸ ਕੇ ਨਹੀਂ ਦੇਣਾ ਰਾਜ ਕਿਸੇ ਨੇ, ਰਾਜ ਸ਼ਸਤਰਾਂ ਨਾਲ ਹੀ ਮਿਲਦੈ: (ਬਾਬਾ ਪਰਮਜੀਤ ਸਿੰਘ ਜੀ, ਅਨੰਦਪੁਰ ਸਾਹਿਬ ਵਾਲੇ)

(4). ਬਾਦਲ ਪੰਥ ਦਾ ਗੱਦਾਰ, ਮਾਨ ਪੰਥ ਦਾ ਆਗੂ, ਇਨ੍ਹਾਂ ਦੇ ਹੱਥ ਮਜ਼ਬੂਤ ਕਰੋ: (ਭਾਈ ਰੇਸ਼ਮ ਸਿੰਘ) ਆਦਿ।

ਉਪਰੋਕਤ ਬੁਲਾਰਿਆਂ ਦੇ ਵੀਚਾਰਾਂ ’ਚ ਖ਼ਾਲਿਸਤਾਨ ਦਾ ਜ਼ਿਕਰ ਵਾਰ-ਵਾਰ ਆ ਰਿਹਾ ਸੀ, ਜਿਸ ਬਾਰੇ ਇਹ ਵੀਚਾਰ ਅਤਿ ਜ਼ਰੂਰੀ ਹਨ:

(1). ਕੀ ਖ਼ਾਲਿਸਤਾਨ ਵਿੱਚ ਲੋਕਤੰਤਰ ਹੋਵੇਗਾ ?

(2). ਕੀ ਵਰਤਮਾਨ ਦੇ ਪੰਜਾਬ ਦੀ ਸਮੂਹਿਕ ਜਨਤਾ ਖ਼ਾਲਿਸਤਾਨ ’ਚ ਹੋਵੇਗੀ ?

(3). ਅਗਰ ਉਪਰੋਕਤ ਦੋਵੇਂ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ ਤਾਂ ਇਸ ਸਵਾਲ ਦਾ ਜਵਾਬ ਵੀ ਅਤਿ ਜ਼ਰੂਰੀ ਹੈ ਕਿ ਅਗਰ ਵਰਤਮਾਨ ਦੇ ਪੰਜਾਬ ਵਿੱਚ ਹੀ ਸਾਨੂੰ ਸਮਾਜ ਵੱਲੋਂ ਪੂਰਨ ਸਹਿਯੋਗ ਨਹੀਂ ਮਿਲ ਰਿਹਾ ਹੈ ਤਾਂ ਇਹੀ ਜਨਤਾ ਖ਼ਾਲਿਸਤਾਨ ’ਚ ਵੀ ਸਾਡਾ ਸਹਿਯੋਗ ਕਿਵੇਂ ਕਰੇਗੀ? ਕੀ ਉਸ ਖ਼ਾਲਿਸਤਾਨ ਦਾ ਪ੍ਰਧਾਨ ਮੰਤ੍ਰੀ ਵੀ ਬਾਦਲ (ਸੋਚ) ਹੀ ਹੋਵੇਗਾ ?

(4). ਅੱਜ ਵਿਗਿਆਨਿਕ ਯੁੱਗ ਦੇ ਨਾਲ-ਨਾਲ ਵਪਾਰਿਕ ਯੁੱਗ ਵੀ ਹੈ ਜਿਸ ਕਾਰਨ ਹਰ ਦੇਸ਼ ਆਪਣਾ ਨਫ਼ਾ-ਨੁਕਸਾਨ ਵੇਖ ਕੇ ਹੀ ਕਿਸੇ ਦੀ ਮਦਦ ਕਰਦਾ ਹੈ।ਪੰਜਾਬ ਦੇ ਪਾਸ ਅਜਿਹੀ ਕਿਹੜੀ ਵਸਤੂ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਕੋਈ ਦੇਸ਼ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਸਾਡੀ ਮਦਦ ਕਰੇਗਾ ?

ਬਿਨਾ ਕਿਸੇ ਬਾਹਰੀ ਮਦਦ ਦੇ ਅਸੀਂ ਆਪਣੀ ‘ਜ਼ਰ’ (ਕੌਮੀ ਤੇ ਨਿਜੀ ਦੌਲਤ), ‘ਜੋਰੂ’ (ਇੱਜ਼ਤ), ‘ਜ਼ਮੀਨ’ ਬਚਾਉਣ ਵਿੱਚ ਪਹਿਲਾਂ ਵੀ ਅਸਫਲ ਰਹੇ ਹਾਂ ਅਤੇ ਉਸ ਦੇ ਇਨਸਾਫ਼ ਦੀ ਬਜਾਏ ਹੋਰ ਵੀ ਨੁਕਸਾਨ ਕਰਵਾ ਲਵਾਂਗੇ। ਇਸ ਸੋਚ ਨੂੰ ਬੁਜ਼ਦਿਲੀ ਨਹੀਂ ਬਲਕਿ ਸਿਆਣਪ ਮੰਨਣਾ ਚਾਹੀਦਾ ਹੈ ਕਿਉਂਕਿ ਭੂਮੀ ਦੇ ਕਿਸੇ ਵੀ ਵੱਖਰੇ ਟੁਕੜੇ ਦੀ ਮੰਗ ਉਹ ਕੌਮਾਂ ਕਰਦੀਆਂ ਹਨ ਜਿਨ੍ਹਾਂ ਦੇ ਕੌਮੀ ਸਿਧਾਂਤ ’ਚ ਅਸਪਸ਼ਟਤਾ ਤੇ ਅਸਰਲਤਾ ਹੋਵੇ। ਸਵਾ ਲੱਖ ਨਾਲ ਇੱਕ ਲੜਨ ਦਾ ਮਾਦਾ ਰੱਖਣ ਵਾਲੀ ਅਕਾਲ ਪੁਰਖ ਦੀ ਫੌਜ (ਸਿੰਘ) ਅਗਰ ਭਾਰਤ ਦੀ ਕੁਲ ਆਬਾਦੀ ਦੇ 2% ਹੋਣ ਦੇ ਬਾਵਜੂਦ ਆਪਣਾ ਹੱਕ ਲੈਣ ’ਚ ਅਸਫਲ ਰਹਿੰਦੇ ਹਨ ਤਾਂ ਪੰਜਾਬ ਨੂੰ ਖ਼ਾਲਿਸਤਾਨ ਬਣਾ ਕੇ ਬਾਕੀ ਭਾਰਤ ’ਚ ਬਚੇ ਅੱਧਾ ਪ੍ਰਤਿਸ਼ਤ ਸਿੱਖਾਂ ਨੂੰ ‘ਸਿੰਘ’ ਨਹੀਂ ਬਲਕਿ ‘ਬ੍ਰਾਹਮਣ’ ਸਮਝਣਾ ਪਵੇਗਾ।

ਭਾਰਤ ਦੇ ਜੰਮੂ ਕਸ਼ਮੀਰ ਦਾ ਮਸਲਾ ਸਾਰੀ ਦੁਨੀਆਂ ਤੇ ਭਾਰਤ ਦੀਆਂ ਨਜ਼ਰਾਂ ਵਿੱਚ ਖਾਲਿਸਤਾਨ ਨਾਲੋਂ ਕਿਤੇ ਵੱਧ ਸੰਵੇਦਨਸ਼ੀਲ ਹੈ, ਜਿੱਥੇ ਭਾਰਤ ਦੇ ਕਾਨੂੰਨ ਅਨੁਸਾਰ ਵੀ ਧਾਰਾ 370 (ਜਿੱਥੇ ਕੋਈ ਬਾਹਰੀ ਆਦਮੀ ਆਪਣੀ ਸੰਪਤੀ ਖ਼ਰੀਦ ਨਹੀਂ ਸਕਦਾ) ਲਾਗੂ ਹੈ, ਜਿਸ ਉੱਤੇ ਸੰਯੁਕਤ ਰਾਸਟ੍ਰ ਵਿੱਚ ਵੀ ਚਰਚਾ ਹੋ ਚੁੱਕੀ ਹੈ ਤੇ ਕਈ ਦੇਸ਼ ਅੱਜ ਵੀ ਕਸ਼ਮੀਰ ਨੂੰ ਭਾਰਤ ਨਾਲੋਂ ਅਲੱਗ ਕਰਵਾਉਣ ਲਈ ਪਾਕਿਸਤਾਨ ਦੀ ਮਦਦ ਕਰ ਰਹੇ ਹਨ ਇਸ ਦੇ ਬਾਵਜੂਦ ਵੀ ਕੋਈ ਦੇਸ਼ ਭਾਰਤ ਦੇ ਵਿਰੁਧ ਖੁੱਲ ਕੇ ਬੋਲਣ ਤੋਂ ਡਰਦਾ ਹੈ ਕਿਉਂਕਿ ਭਾਰਤ ਉਭਰ ਰਹੀ ਇੱਕ ਆਰਥਿਕ ਸ਼ਕਤੀ ਹੈ, ਜਿਸ ਦਾ ਲਾਭ ਹਰ ਕੋਈ ਦੇਸ਼ ਲੈਣਾ ਚਾਹੁੰਦਾ ਹੈ। ਖਾਲਿਸਤਾਨ ਦੇ ਸੁਫ਼ਨੇ ਵਿਖਾਉਣ ਵਾਲਿਆਂ ਤੋਂ ਇਨ੍ਹਾਂ ਬਾਰੇ ਸਵਾਲ ਪੁੱਛਣੇ ਚਾਹੀਦੇ ਹਨ; ਜਿਵੇਂ ਪੱਤਰਕਾਰਾਂ ਨੇ ਉਪਰੋਕਤ ਸਵਾਲ ਪੁੱਛੇ ਸੀ ਕਿ ਇਹ ਤਮਾਮ ਮਤੇ ਲਾਗੂ ਕਿਵੇਂ ਕਰਵਾਉਂਗੇ ?

ਉਪਰੋਕਤ ਲਏ ਗਏ ਫ਼ੈਸਲਿਆਂ ਅਨੁਸਾਰ ਮਿਤੀ 11-11-2015 ਤੋਂ ਤਿੰਨੇ ਜਥੇਦਾਰਾਂ ਨੇ ਆਪਣਾ ਕਾਰਜ ਸੰਭਾਲਣਾ ਸੀ ਪਰ ਕੀ ਅਜਿਹਾ ਕੁਝ ਹੋਇਆ ? ਅਗਰ ਨਹੀਂ, ਤਾਂ ਬੇਸ਼ੱਕ ਜ਼ੋਰ-ਸ਼ੋਰ ਨਾਲ ਆਖੀਏ ਕਿ ਭਾਰਤ ਦਾ ਕਾਨੂੰਨ ਸਾਡੀ ਮਦਦ ਨਹੀਂ ਕਰਦਾ ਤੇ ਆਪਣੀ ਬਿਬੇਕਤਾ ਨੂੰ ਕਦੇ ਵੀ ਇਸਤੇਮਾਲ ਨਾ ਕਰਨਾ।ਪਿਛਲੇ ਦਿਨੀ ਹੋਏ ਬਿਹਾਰ ਚੁਣਾਵ ਨੇ ਸਾਬਤ ਕਰ ਦਿੱਤਾ ਕਿ ਭਾਰਤ ਜੀ ਜਨਤਾ ਅਮਨ-ਪਸੰਦ ਹੈ, ਜਿਸ ਵਿੱਚ ਅਹੰਕਾਰ ਨੂੰ ਕੋਈ ਜਗ੍ਹਾ ਨਹੀਂ।

ਆਮ ਪੜ੍ਹਨ ਸੁਣਨ ’ਚ ਆ ਰਿਹਾ ਕਿ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਉਪਰੰਤ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਬਦਲਾ ਲੈਣ ਲਈ ਤਲਵਾਰ ਚੁੱਕੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਾਹਿਬ ਜੀ ਨੇ ਤਲਵਾਰ ਚੁੱਕੀ ਪਰ ਇਹ ਸੋਚ ਗੁਰਮਤਿ ਅਨੁਸਾਰੀ ਨਹੀਂ ਹੈ ਕਿਉਂਕਿ ਗੁਰੂ ਹਰਿ ਗੋਬਿੰਦ ਸਾਹਿਬ ਜੀ ਤੇ ਗੁਰੂ ਗੋਬਿਦ ਸਾਹਿਬ ਜੀ ਨੇ ਤਲਵਾਰ ਕੇਵਲ ਆਪਣੀ ਸੁਰੱਖਿਆ ਲਈ ਚੁੱਕੀ ਸੀ ਜਦ ਦੁਸ਼ਮਣ ਘਰ ਵਿੱਚ ਹਮਲਾ ਕਰਨ ਲਈ ਵਾਰ ਵਾਰ ਆ ਰਿਹਾ ਸੀ, ਅਗਰ ਦੁਸ਼ਮਣ ਨਾ ਆਉਂਦਾ ਤਾਂ ਇਹ ਗੁਰੂ ਸਾਹਿਬਾਨ ਵੀ ਤਲਵਾਰ ਨਾ ਚੁੱਕਦੇ। ਇੱਥੇ ਇਹ ਵੀ ਵੀਚਾਰ ਦਾ ਵਿਸ਼ਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਵੀ ਘਰ ਆ ਕੇ ਹਮਲਾ ਕਰਨ ਵਾਲੇ ਦੁਸ਼ਮਣ ਲਈ ਤਲਵਾਰ ਚੁੱਕਣ ਦੀ ਗੱਲ ਕਰ ਰਹੇ ਹਨ; ਜਿਵੇਂ: ‘‘ਤ੍ਰਿਤੀਏ ਮਤਾ, ਕਿਛੁ ਕਰਉ ਉਪਾਇਆ ॥’’ (ਮ: ੫/੩੭੧) ਪਰ ਵਰਤਮਾਨ ਦਾ ਸਿੱਖ ਆਤਮ ਸੁਰੱਖਿਆ ਲਈ ਨਹੀਂ ਬਲਕਿ ਹਮਲਾਵਰ ਮੁਦਰਾ ’ਚ ਵਿਚਰ ਰਿਹਾ ਹੈ।

ਸਿੱਖਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ‘‘ਸੂਰਾ ਸੋ ਪਹਿਚਾਨੀਐ, ਜੁ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੈ, ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫) ਤੇ ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ, ਗਲੀ ਮੇਰੀ ਆਉ ॥ ਇਤੁ ਮਾਰਗਿ, ਪੈਰੁ ਧਰੀਜੈ ॥ ਸਿਰੁ ਦੀਜੈ, ਕਾਣਿ ਨ ਕੀਜੈ ॥’’ (ਮ: ੧/੧੪੧੨) ਵਾਕ ਉਚਾਰਨ ਕਰਨ ਵਾਲੇ ਭਗਤ ਕਬੀਰ ਜੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਵੀ ਤਲਵਾਰ ਨਹੀਂ ਚੁੱਕੀ। ਕੀ ਇਨ੍ਹਾਂ ਵਾਕਾਂ ਦਾ ਮਤਲਬ ਉਹੀ ਹੈ ਜੋ ਅਜੋਕਾ ਸਿੱਖ ਲੈ ਰਿਹਾ ਹੈ ?, ਕੀ ਸਮਾਜਿਕ ਏਕਤਾ ਬਣਾ ਕੇ ਦੁਸਮਣ ਨੂੰ ਕਮਜ਼ੋਰ ਕਰਨਾ ਯੁੱਧ ਨਹੀਂ ?

ਉਪਰੋਕਤ ਸਥਿਤੀ ਦੇ ਪੂਰਨ ਸੱਚ ਨੂੰ ਜਾਣਨ ਲਈ ਥੋੜਾ ਪਿੱਛੇ ਜਾਣ ਦੀ ਜ਼ਰੂਰਤ ਹੈ। ਪਿੰਡ ਬਰਗਾੜੀ ਵਿਖੇ ਸ਼ਾਂਤਮਈ ਬੈਠ ਕੇ ਸਿਮਰਨ ਕਰ ਰਹੀਆਂ ਸੰਗਤਾਂ ਉੱਪਰ ਪੰਜਾਬ ਪੁਲਿਸ ਵੱਲੋਂ ਗੋਲੀ ਚਲਾਉਣ ਕਾਰਨ ਸ਼ਹੀਦ ਹੋਏ ਭਾਈ ਕਿਸ਼ਨ ਸਿੰਘ (ਨਿਆਮੀ ਵਾਲਾ) ਤੇ ਭਾਈ ਗੁਰਜੀਤ ਸਿੰਘ (ਸਰਾਵਾਂ) ਦੇ ਭੋਗ ’ਤੇ ਮਿਤੀ 25-10-2015 ਨੂੰ ਪਾਸ ਕੀਤੇ ਗਏ 9 ਮਤਿਆਂ ’ਚ ਇੱਕ ਮਤਾ ਇਹ ਵੀ ਸੀ ਕਿ 30-10-2105 ਨੂੰ ਬਾਦਲ ਦੀ ਕੋਠੀ ਦਾ ਘਿਰਾਉ ਕਰਕੇ ਉਸ ਨੂੰ ਖ਼ੂਨ ਦਾ ਪਿਆਲਾ ਦਿੱਤਾ ਜਾਵੇਗਾ।

ਦਰਅਸਲ, ‘ਮਤਿਆਂ’ ’ਚ ਸ਼ਾਮਲ ਕੀਤਾ ਗਿਆ ਇਹ (ਉਕਤ) ਸੁਝਾਅ ਗੁਰਮਤਿ ਪ੍ਰਚਾਰਕਾਂ ਦਾ ਨਹੀਂ ਬਲਕਿ ਸ. ਸਿਮਰਨਜੀਤ ਸਿੰਘ ‘ਮਾਨ’ ਦਾ ਸੀ, ਜੋ ਉਨ੍ਹਾਂ ਨੇ ਸ਼ਹੀਦ ਹੋਏ ਸਿੱਖਾਂ ਦੇ ਭੋਗ ਤੋਂ 7 ਦਿਨ ਪਹਿਲਾਂ ਹੀ (ਮਿਤੀ 19-10-2015 ਨੂੰ) ਬਿਆਨ ਦਿੱਤਾ ਸੀ ਜਿਸ ਬਾਰੇ ਪਹਿਰੇਦਾਰ ਪੇਪਰ ’ਚ 20-10-2015 (ਪੇਜ 10) ’ਤੇ ‘ਸਿੱਖਾਂ ਦਾ ਖ਼ੂਨ ਬਾਦਲ ਨੂੰ ਭੇਜਿਆ ਜਾਵੇਗਾ: ‘ਸਿਮਰਨਜੀਤ ਸਿੰਘ ਮਾਨ’ ਖ਼ਬਰ ਲੱਗੀ ਹੋਈ ਹੈ ਪਰ ਅਚੰਭਾ ਵੇਖੀਏ ਕਿ ਮਿਸ਼ਨਰੀ ਪ੍ਰਚਾਰਕਾਂ ਦੇ ਹੱਥ ਫੜਾਈ ਗਈ ਆਪਣੀ ਮੰਗ ਵਾਲੇ ਦਿਨ (30-10-2015 ਨੂੰ) ਹੀ ਆਪ ਪ੍ਰੀਤ ਨਗਰ (ਜਲੰਧਰ) ’ਚ ਸਰਬੱਤ ਖ਼ਾਲਸੇ ਦੀਆਂ ਤਿਆਰੀਆਂ ਲਈ ਮੀਟਿੰਗ ਰੱਖ ਲਈ ਭਾਵ ਆਪਣੀ ਮੰਗ ਅਨੁਸਾਰ ਖ਼ੂਨ ਦੇਣ ਵਾਲਿਆਂ ’ਚ ਸ਼ਾਮਲ ਹੀ ਨਹੀਂ ਹੋਏ।ਜਲੰਧਰ ਮੀਟਿੰਗ ਵਿੱਚ ਬੋਲਦਿਆਂ ਬੀਬੀ ਪ੍ਰੀਤਮ ਕੌਰ ਸੁਪਤਨੀ ਸ. ਰਛਪਾਲ ਸਿੰਘ (ਪੀ. ਏ. ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ) ਨੇ ਕਿਹਾ ਕਿ ਜੋ ਲੋਕ ‘ਸਰਬੱਤ ਖ਼ਾਲਸਾ’ (10-11-2015) ਦਾਵਿਰੋਧ ਕਰਦੇ ਹਨ ਉਹ ਔਰਤਾਂ ਨਾਲੋਂ ਵੀ ਮਾੜੇ ਹਨ। ਬੀਬੀ ਜਜ਼ਬਾਤੀ ਹੋ ਕੇ ਬੋਲਦਿਆਂ ਇਹ ਵੀ ਭੁੱਲ ਗਈ ਕਿ ਉਹ ਆਪ ਵੀ ਇੱਕ ਔਰਤ ਹੈ ਤੇ ਸਿੱਖ ਸਮਾਜ ਵਿੱਚ ਔਰਤ ਨੂੰ ਨੀਵਾਂ ਨਹੀਂ ਮੰਨਿਆ ਜਾਂਦਾ। ਬੀਬੀ ਦਾ ਸੰਕੇਤ ਉਨ੍ਹਾਂ ਪ੍ਰਚਾਰਕਾਂ ਵੱਲ ਵੀ ਸੀ ਜੋ ਉਨ੍ਹਾਂ ਦੀ ਹੀ ਇੱਕ ਮੰਗ ’ਤੇ ਪਹਿਰਾ ਦੇਂਦਿਆਂ ਉਸੇ ਦਿਨ ਆਪਣਾ ਖ਼ੂਨ ਕਢਵਾ ਰਹੇ ਸੀ।

ਉਪਰੋਕਤ ਕੀਤੀ ਗਈ ਤਮਾਮ ਵੀਚਾਰ ਅਨੁਸਾਰ ‘ਗੁਰਮਤਿ ਮਿਸ਼ਨਰੀ ਪ੍ਰਚਾਰਕਾਂ’ ਤੇ ‘ਅਜੋਕੀ ਦਮਦਮੀ ਟਕਸਾਲ ਸੋਚ’ (ਰਾਜਨੀਤਿਕ ਬੰਦਿਆਂ) ’ਚ ਭਿੰਨਤਾ ਸਿਧਾਂਤਕ ਹੈ, ਜਿਸ ਅਨੁਸਾਰ ਰਾਜਨੀਤਿਕ ਬੰਦੇ ਵਕਤੀ ਹਾਲਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣਾ ਚਾਹੁੰਦੇ ਹਨ ਬੇਸ਼ੱਕ ਇਸ ਲਈ ਕਿੰਨੀਆਂ ਵੀ ਕੁਰਬਾਨੀਆਂ (ਸ਼ਹੀਦੀਆਂ) ਦੇਣੀਆਂ ਪੈਣ ਤੇ ਪ੍ਰਾਪਤੀ ਬੇਸ਼ੱਕ ਕੁਝ ਵੀ ਨਾ ਹੋਵੇ ਜਦਕਿ ਪ੍ਰਚਾਰਕ ਵਰਗ ਨਿਸ਼ਕਾਮ ਭਾਵਨਾ ਨਾਲ ਕੌਮ ਲਈ ਕੁਝ ਪ੍ਰਾਪਤੀ ਕਰਨੀ ਚਾਹੁੰਦਾ ਹੈ, ਜਿਸ ਵਿੱਚ ਕੌਮੀ ਤੇ ਨਿਜੀ ਨੁਕਸਾਨ ਘੱਟ ਹੋਵੇ ਤੇ ਪ੍ਰਾਪਤੀ ਵੱਧ ਹੋਵੇ। ਇਸ ਕਾਰਨ ਕਰਕੇ ‘ਗੁਰਮਤਿ ਮਿਸ਼ਨਰੀ ਪ੍ਰਚਾਰਕਾਂ’ ਦੀ ਸਰਬੱਤ ਖਾਲਸਾ ਦੇ ਨਾਂ ’ਤੇ ਸੱਦੇ ਗਏ ਇਕੱਠ ’ਚ ਸਮੂਲੀਅਤ ਨਹੀਂ ਹੋ ਸਕੀ।

ਮੇਰੀ ਨਿਜੀ ਰਾਇ ਅਨੁਸਾਰ ਅਗਰ ਸਿੱਖ ਬੁਧੀਜੀਵੀ ਵਰਗ ਆਪਣਾ ਪੂਰਾ ਧਿਆਨ 2017 ਦੇ ਚੁਣਾਵ ਵੱਲ ਲਗਾਵੇ, ਜਿਸ ਲਈ ਜ਼ਮੀਨੀ ਹਾਲਾਤਾਂ ਨੂੰ ਨਿਰੰਤਰ ਸ਼ਾਂਤਮਈ ਢੰਗ ਨਾਲ ਸਿਰਜਣ ਲਈ ਛੋਟੇ-ਛੋਟੇ ਪ੍ਰੋਗਰਾਮ ਤੇ ਪ੍ਰਚਾਰ ਦੁਆਰਾ ਇਸ ਵਿਸ਼ੇ ਦੀ ਜਾਣਕਾਰੀ ਤਮਾਮ ਸਿੱਖਾਂ ਨੂੰ ਨਿਰੰਤਰ ਉਪਲਬਧ ਕਰਵਾਈ ਜਾਵੇ ਤੇ ਇਹ ਵੀ ਧਿਆਨ ਰੱਖੇ ਕਿ ਇਸ ਦਾ ਲਾਭ ਅਯੋਗ (ਰਾਜਨੀਤਿਕ) ਵਿਅਕਤੀ ਨਾ ਲੈ ਸਕਣ। ਅਗਰ ਇੱਕ ਵਾਰ ਚੁਣਾਵ ਉਪਰੰਤ ਪੰਥਕ ਭਾਵਨਾਵਾਂ ਨੂੰ ਸਮਝਣਵਾਲੀ ਪੰਜਾਬ ’ਚ ਸਰਕਾਰ ਬਣਾਉਣ ’ਚ ਸਿੱਖ ਕੌਮ ਸਫਲ ਹੋ ਜਾਂਦੀ ਹੈ ਤਾਂ ਪਹਿਲਾ ਕੰਮ ਐਸ. ਆਈ. ਟੀ. ਬਣਾਉਣਾ ਹੋਵੇ, ਜੋ ਸਿੱਖਾਂ ਨੂੰ ਇਨਸਾਫ਼ ਦਿਲਵਾ ਸਕੇ। ਇੱਕ ਤਰਫ਼ ਇਹ ਜਾਂਚ ਟੀਮ ਇਨ੍ਹਾਂ (ਪਾਪੀਆਂ) ਉੱਪਰ ਸ਼ਕੰਜਾ ਕਸੇ ਤੇ ਦੂਸਰੇ ਪਾਸੇ ਦੇਸ਼-ਵਿਦੇਸ਼ ਦੀਆਂ ਤਮਾਮ ਪੰਥਕ ਜਥੇਬੰਦੀਆਂ ਵਿੱਚੋਂ ਖ਼ਾਸ-ਖ਼ਾਸ ਬੁਧੀਜੀਵੀਆਂ ਨੂੰ ਇਕੱਤਰ ਕਰਨ ਦਾ ਨਾਮ ਸਰਬੱਤ ਖ਼ਾਲਸਾ ਰੱਖ ਕੇ ਬੁਲਾਇਆ ਜਾਵੇ, ਜੋ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੀ ਚੋਣ ਪ੍ਰਣਾਲੀ ਤੇ ‘ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ’ ਬਾਰੇ ਹਰ ਇੱਕ ਦੇ ਵੀਚਾਰ ਸੁਣੇ ਬੇਸ਼ੱਕ ਇਸ ਲਈ ਕਿੰਨਾ ਵੀ ਸਮਾ ਲੱਗ ਜਾਵੇ। ਜ਼ਰੂਰਤ ਪਏ ਤਾਂ ਉਨ੍ਹਾਂ ਜਥੇਬੰਦੀਆਂ ਦੀ ਵੀ ਇੱਕ ਵਾਰ ਦੁਬਾਰਾ ਰਾਇ ਲੈਣ ਲਈ ਇਨ੍ਹਾਂ ਮੁਦਿਆਂ ਨੂੰ ਲਿਖਤੀ ਰੂਪ ’ਚ ਭੇਜਿਆ ਜਾਵੇ ਜੋ ਕਿਸੀ ਕਾਰਨ ਇਕੱਤਰਤਾ ’ਚ ਸ਼ਾਮਲ ਨਾ ਹੋ ਸਕਣ। ਇੱਕ ਵਾਰ ਆਮ ਸਹਿਮਤੀ ਬਣਨ ਉਪਰੰਤ ਸਰਕਾਰ ਨੂੰ ਇਸ ਬਾਰੇ ਕਾਨੂੰਨ ਬਣਾਉਣ ਲਈ ਭੇਜਿਆ ਜਾਵੇ।

ਬੁਧੀਜੀਵੀਆਂ ਦੇ ਰੂਪ ’ਚ ਹੋਂਦ ’ਚ ਆਈ ਨਵੀਂ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਨੂੰ ਹੇਠ ਲਿਖੇ ਕੁਝ ਕੁ ਨੁਕਤਿਆਂ ’ਤੇ ਧਿਆਨ ਦੇਣਾ ਅਤਿ ਜ਼ਰੂਰੀ ਹੋਵੇ:

(1). ਤਮਾਮ ਰਾਜਨੀਤਿਕ ਪਾਰਟੀਆਂ ਨੂੰ ਹਦਾਇਤ ਕਰੇ ਕਿ ਕੋਈ ਵੀ ਰਾਜਨੀਤਿਕ ਪਾਰਟੀ ਆਪਣੀ ਪਾਰਟੀ ਦੇ ਨਾਮ ਨਾਲ ‘ਅਕਾਲੀ’ ਜਾਂ ‘ਸ਼੍ਰੋਮਣੀ’ ਸ਼ਬਦ ਦਾ ਇਸਤੇਮਾਲ ਨਹੀਂ ਕਰੇਗੀ ਤੇ ਸਿੱਖਾਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਆਪਣਾ ਚੋਣ ਵਾਅਦਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਦੇ ਸਨਮੁਖ ਰੱਖੇਗੀ ਤੇ ਪਾਰਟੀ ਦੇ ਨੇਤਾਵਾਂ ਨੂੰ 10 ਤੋਂ ਵੱਧ ਸਮਰਥਕਾਂ ਨਾਲ ਦਰਬਾਰ ਸਾਹਿਬ ’ਚ ਜਾਣ ਦੀ ਅਨੁਮਤੀ ਨਹੀਂ ਹੋਵੇਗੀ।

(2). ਸ਼੍ਰੋਮਣੀ ਕਮੇਟੀ ਨੂੰ ਆਪਣੀ ਰਾਜਨੀਤਿਕ ਵੋਟ ਸ਼ਕਤੀ ਵਧਾਉਣ ਲਈ ਜ਼ਮੀਨੀ ਤੌਰ ’ਤੇ ਯੋਗ ਪੰਥ ਦਰਦੀ ਪ੍ਰਚਾਰਕਾਂ ਦੀ ਨਵੀਂ ਭਰਤੀ ਕਰਨੀ ਜ਼ਰੂਰੀ ਹੋਵੇ, ਜਿਸ ਵਿੱਚ ਆਪਣੇ ਬਜਟ ਨਾਲ ਚੱਲਣ ਵਾਲੇ ਤਮਾਮ ਗੁਰਦੁਆਰੇ, ਸਕੂਲ, ਕਾਲਜ, ਯੂਨੀਵਰਸਿਟੀ ਦੇ ਅਯੋਗ ਮੁਲਾਜ਼ਮਾਂ ਦੀ ਛਾਂਟੀ ਕਰਨੀ ਵੀ ਸ਼ਾਮਲ ਹੋਵੇ ਤਾਂ ਜੋ ਸਮੇਂ ਅਨੁਸਾਰ ਢੁੱਕਵੀਂ ਪਾਰਟੀ ਨੂੰ ਸਤਾ ਪ੍ਰਾਪਤ ਕਰਵਾ ਕੇ ਉਸ ਤੋਂ ਕੌਮੀ ਤੇ ਸਮਾਜਿਕ ਕੰਮ ਕਰਵਾਏ ਜਾ ਸਕਣ।

(3). ਕੁਝ ਗੁਰੀਲਾ ਗੁਰਮਤਿ ਪ੍ਰਚਾਰਕਾਂ ਦੀਆਂ ਸੇਵਾਵਾਂ ਲਈਆਂ ਜਾਣ, ਜੋ ਬਚਾਅ ਮੁਦਰਾ ’ਚ ਨਹੀਂ ਬਲਕਿ ਸਿਧਾਂਤਕ ਹਮਲਾਵਰ ਦੀ ਯੋਗਤਾ ਰੱਖਦੇ ਹੋਣ।

(4). ਸਿੱਖ ਇਤਿਹਾਸ ਦੀ ਪੜਚੋਲ, ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨਾ, ਜ਼ਰੂਰਤ ਹੋਵੇ ਤਾਂ ਸਿੱਖ ਰਹਿਤ ਮਰਿਆਦਾ ’ਚ ਵੀ ਕੁਝ ਸੁਧਾਰ, ਅਖੰਡਪਾਠ, ਸੰਪਟਪਾਠ, ਦੁੱਖ ਭੰਜਨੀ ਆਦਿ ’ਤੇ ਮੁਕੰਬਲ ਰੋਕ ਆਦਿ, ਅਤਿ ਜ਼ਰੂਰੀ ਵਿਸ਼ੇ ਹਨ।

(5). ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਅਗਨੀ ਤੇ ਪਾਣੀ ਦੇ ਪ੍ਰਭਾਵ ਤੋਂ ਮੁਕਤ ਕੀਤੀ ਜਾਵੇ ਤੇ ਹਰ ਇੱਕ ਗੁਰੂ ਘਰ ਲਈ ਕੇਵਲ 2 ਹੀ ਸਰੂਪ ਦਿੱਤੇ ਜਾਣ। ਕਿਸੇਵਿਸ਼ੇਸ਼ ਕਾਰਨਾ ਕਰਕੇ ਹੀ ਵੱਧ ਸਰੂਪ ਉਪਲਬਧ ਕਰਵਾਉਣ ਦੀ ਅਨੁਮਤੀ ਹੋਵੇ।

(6). ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’; ਦੇਸ਼-ਵਿਦੇਸ਼ ਦੇ ਤਮਾਮ ਉਨ੍ਹਾਂ (ਕਈ-ਕਈ) ਗੁਰਦੁਆਰਿਆਂ ਦੇ ਸਹਿਯੋਗ ਨਾਲ ਸਬ ਕਮੇਟੀਆਂ ਬਣਾਉਣ ਦੀ ਇਜਾਜ਼ਤ ਦੇਵੇ ਜਿੱਥੇ ਸਿੱਖਾਂ ਦੀ ਵਸੋਂ 10, 000 ਤੋਂ ਉੱਪਰ ਹੋਵੇ ਤੇ ਇਨ੍ਹਾਂ ਰਾਹੀਂ ਹੀ ਸਾਲ ’ਚ 2 ਵਾਰ ਸੁਝਾਅ ਲਏ ਜਾਣ ਤੇ ‘ਸਰਬੱਤ ਖਾਲਸੇ’ ਦੇ ਇਕੱਠ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਇਨ੍ਹਾਂ ਵਿੱਚੋਂ ਹੀ ਚੁਣੀਦੇ ਮੈਬਰ ਵੀ ਬੁਲਾਏ ਜਾਣ।

(7). ‘ਸਿਖ ਰਹਿਤ ਮਰਿਆਦਾ’ ਦੀ ਪਾਲਣਾ ਨਾ ਕਰਨ ਵਾਲੇ ਗੁਰਦੁਆਰਿਆਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਵਾਪਸ ਲੈ ਲਿਆ ਜਾਵੇ।

(8). ਪੰਜਾਬ ’ਚ ਫੈਲੇ ਤਮਾਮ ਭ੍ਰਿਸ਼ਟਾਚਾਰ ਨੂੰ ਕਾਬੂ ਕਰਨ ਲਈ ਸਰਕਾਰ ’ਤੇ ਦਬਾਅ ਬਣਾ ਕੇ ਰੱਖਿਆ ਜਾਵੇ ਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਨਵੀਆਂ – ਨਵੀਆਂ ਸਕੀਮਾ ਸੁਝਾਈਆਂ ਜਾਣ।

(9). ਤਮਾਮ ਬੰਦੀ ਸਿੰਘਾਂ ਨੂੰ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਬਦੀਲ ਕਰਕੇ ਕਾਨੂੰਨ ਅਨੁਸਾਰ ਸਥਾਈ ਰਿਹਾਈ ਮਿਲਣ ਤੱਕ ਪੈਰੋਲ (ਅਸਥਾਈ ਮੁਕਤੀ) ਦੀ ਸੁਵਿਧਾ ਵੱਧ ਤੋਂ ਵੱਧ ਦਿਲਵਾਈ ਜਾਵੇ।

(10). ਪੰਜਾਬ ਦੇ ਹਰ ਸਕੂਲ ਦੀ ਪਹਿਲੀ ਕਲਾਸ ਤੋਂ ਲੈ ਕੇ ਯੂਨੀਵਰਸਿਟੀ ਤੱਕ ਦੇ ਸਿਲੇਬਸ ’ਚ ਪੰਜਾਬੀ ਭਾਸ਼ਾ ਲਾਜ਼ਮੀ ਕੀਤੀ ਜਾਵੇ।

(11). ਪੰਜਾਬੀ ਭਾਸ਼ਾ ਨੂੰ ਤਮਾਮ ਆਧੁਨਿਕ ਤਕਨੀਕਾਂ ’ਚ ਸਮੇਂ ਦਾ ਹਾਣੀ ਬਣਾਇਆ ਜਾਵੇ। ਆਦਿ।

ਉਪਰੋਕਤ ਦਿੱਤੇ ਗਏ ਤੁਛ ਬੁੱਧੀ ਅਨੁਸਾਰ ਕੁਝ ਕੁ ਸੁਝਾਵਾਂ ’ਚ ਹੋਰ ਵਿਸਥਾਰ ਅਤਿ ਜ਼ਰੂਰੀ ਹੈ ਪਰ ਰਾਜਨੀਤਿਕ ਬੰਦਿਆਂ ਦੁਆਰਾ ਬੰਦ ਕਮਰੇ ’ਚ ਤਿਆਰ ਕੀਤੇ ਗਏ ਤੇ ਇੱਕ ਇਕੱਠ ਬੁਲਾ ਕੇ ਪਾਸ ਕਰਵਾਏ ਗਏ ਰਾਜਨੀਤਿਕ ਸੋਚ ਅਧੀਨ ਉਕਤ ਫ਼ੈਸਲੇ ਕੇਵਲ ਸਿੱਖ ਜਜ਼ਬਾਤਾਂ ’ਚ ਆਏ ਉਛਾਲ ਨੂੰ ਮੁੱਖ ਰੱਖ ਕੇ ਹੀ ਕੀਤੇ ਗਏ ਹਨ, ਜਿਨ੍ਹਾਂ ਨਾਲ ਸਿੱਖ ਕੌਮ ਨੂੰ ਲਾਭ ਘੱਟ ਤੇ ਨੁਕਸਾਨ ਵੱਧ ਹੋਵੇਗਾ ਕਿਉਂਕਿ ਇਨ੍ਹਾਂ ਵਿੱਚ ਬਹੁਤੇ ਉਹ ਲੋਕ ਹਨ ਜੋ ਸਿੱਖ ਰਹਿਤ ਮਰਿਆਦਾ ਨੂੰ ਹੀ ਨਹੀਂ ਮੰਨਦੇ। ਅਜਿਹੇ ਫ਼ੈਸਲੇ ਅਕਾਲੀ ਦਲ (ਬਾਦਲ) ਨਾਲੋਂ ਦੂਰੀ ਬਣਾਉਣ ਵਾਲਿਆਂ ਨੂੰ ਵੀ ਇੱਕ ਵਾਰ ਫਿਰ ਸੋਚਣ ਲਈ ਮਜ਼ਬੂਰ ਕਰਨਗੇ ਤੇ ਸਿੱਖ ਕੌਮ ਇਸ ਬੁੱਢੀ ਮਾਨਸਿਕਤਾ (ਪ੍ਰਕਾਸ ਸਿੰਘ ਬਾਦਲ 85 ਸਾਲ ਤੇ ਸਿਮਰਨਜੀਤ ਸਿੰਘ ਮਾਨ 70 ਸਾਲ) ਤੋਂ ਛੁਟਕਾਰਾ ਪਾਉਣ ’ਚ ਇੱਕ ਵਾਰ ਫਿਰ ਅਸਫਲ ਰਹਿ ਜਾਏਗੀ ਇਸ ਲਈ ਹਰ ਇੱਕ ਗੁਰੂ ਪਿਆਰੇ ਨੂੰ ਸੋਚਣਾ ਚਾਹੀਦਾ ਹੈ ਕਿ ‘ਕੀ ‘ਏ’ ਦੀ ਬਜਾਏ ‘ਬੀ’ ਰਾਜਨੀਤਿਕ ਪਾਰਟੀ ਦੇ ਨੁਮਾਇੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਕਾਬਜ ਹੋਣ ਨਾਲ ਸਿੱਖ ਸਮੱਸਿਆਵਾਂ ਖ਼ਤਮ ਹੋ ਸਕਦੀਆਂ ਹਨ ?’