ਪੰਜਾਬੀਓ ਜਾਗਦੇ ਕਿ ਸੁੱਤੇ !

0
196

ਪੰਜਾਬੀਓ ਜਾਗਦੇ ਕਿ ਸੁੱਤੇ  !

ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਂਕ (ਬਰਨਾਲਾ)- 98146-99446

ਪੰਜਾਬ ਨੂੰ ਮਾਣ ਹੈ ਕਿ ਇਸ ਧਰਤੀ ਨੇ ਗੁਰੂਆਂ, ਪੀਰਾਂ, ਫਕੀਰਾਂ, ਯੋਧਿਆਂ ਨੂੰ ਜਨਮ ਦਿੱਤਾ ਹੈ। ਪੰਜਾਬ ਦੀ ਧਰਤੀ ’ਤੇ ਦੁਨੀਆਂ ਦੇ ਮਹਾਨ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਰਿਗਵੇਦ ਦੀ ਰਚਨਾ ਹੋਈ ਹੈ। ਇਸ ਧਰਤੀ ਦਾ ਜ਼ਰਰਾ ਜ਼ਰਰਾ ਸੂਰਮਿਆਂ ਦੀ ਸੂਰਮਗਤੀ ਦੇ ਸੋਹਲੇ ਗਾਉਂਦਾ ਹੈ ਜਿਸ ਦੀ ਮਿਸਾਲ ਇਸ ਧਰਤੀ ’ਤੇ ਲੱਗਦੇ ਮੇਲਿਆਂ ਤੋਂ ਮਿਲਦੀ ਹੈ। ਪੰਜਾਬ ਨੂੰ ਮਾਣ ਹੈ ਕਿ ਭਾਰਤ ਦੇਸ਼ ਦੀ ਰਾਖੀ ਲਈ ਇਸ ਦੇ ਮਹਾਨ ਸਪੂਤਾਂ ਨੇ ਹਿੱਕਾਂ ਤਾਣ ਕੇ ਵੈਰੀ ਦਾ ਮੁਕਾਬਲਾ ਕੀਤਾ ਹੈ। ਸਮੇਂ-ਸਮੇਂ ਸਿਰ ਦੇਸ਼ ਉੱਤੇ ਕਦੇ ਤੁਰਕਾਂ, ਕਦੇ ਅਫਗਾਨੀਆਂ ਅਤੇ ਕਦੇ ਅੰਗਰੇਜ਼ਾਂ ਨੇ ਹਮਲੇ ਕੀਤੇ ਪਰ ਪੰਜਾਬੀਆਂ ਦੇ ਜੋਸ਼ ਅੱਗੇ ਕੋਈ ਟਿਕ ਨਹੀਂ ਸੀ ਸਕਿਆ। ਪੰਜਾਬੀਆਂ ਬਾਰੇ ਇਹ ਕਹਾਵਤ ਮਸ਼ਹੂਰ ਹੈ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ। ਪਰ ਹੁਣ ਦੇ ਹਾਲਾਤ ਬਿਲਕੁਲ ਵੱਖਰੇ ਹਨ। ਹੁਣ ਪੰਜਾਬੀਆਂ ਨੂੰ ਨਾ ਤੁਰਕਾਂ ਤੋਂ ਖਤਰਾ ਹੈ, ਨਾ ਅਫਗਾਨੀਆਂ ਤੋਂ ਅਤੇ ਨਾ ਹੀ ਅੰਗਰੇਜ਼ਾਂ ਤੋਂ, ਹੁਣ ਤਾਂ ਇਸ ਨੂੰ ਆਪਣੇ ਹੀ ਖਤਮ ਕਰਨ ’ਤੇ ਤੁਲੇ ਹੋਏ ਹਨ। 1947 ਤੋਂ ਪਿੱਛੋਂ 1984, ਅਤੇ ਬਾਅਦ ਵਿੱਚ ਦਸ-ਪੰਦਰਾਂ ਸਾਲ ਦਾ ਭਿਆਨਕ ਦੌਰ ਪੰਜਾਬੀਆਂ ਦੇ ਜ਼ਿਹਨ ਵਿੱਚੋਂ ਕਦੇ ਵੀ ਨਹੀਂ ਨਿਕਲ ਸਕੇਗਾ। ਕਿਵੇਂ ਨੌਜਵਾਨ ਮੁੰਡਿਆਂ ਹੱਥ ਏ. ਕੇ. ਸੰਤਾਲੀ ਫੜਾ ਕੇ ਭਾਈਆਂ ਹੱਥੋਂ ਭਾਈਆਂ ਦਾ ਕਤਲ ਕਰਵਾਇਆ ਗਿਆ ਸੀ। ਇਹ ਜਖ਼ਮ ਹਾਲੇ ਵੀ ਰਿਸ ਰਹੇ ਹਨ। ਹੁਣ ਇਨ੍ਹਾਂ ਜਖ਼ਮਾਂ ’ਤੇ ਲੂਣ ਪਾਉਣ ਲਈ ਬੜੀਆਂ ਹੀ ਸੋਚੀਆਂ ਸਮਝੀਆਂ ਚਾਲਾਂ ਤਹਿਤ ਪੰਜਾਬ ਦੇ ਗੱਭਰੂਆਂ ਨੂੰ ਨਸ਼ਿਆਂ ਦੀ ਐਸੀ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ ਜਿਸ ਵਿੱਚੋਂ ਨਿਕਲਣਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਲੱਗ ਰਿਹਾ ਹੈ।

ਨੌਜਵਾਨ ਮੁੰਡੇ-ਕੁੜੀਆਂ ਨੂੰ ਨਸ਼ੇ ਸਪਲਾਈ ਕਰਨ ਦਾ ਧੰਦਾ ਹਰ ਪਿੰਡ, ਹਰ ਸ਼ਹਿਰ ’ਚ ਬਿਨਾਂ ਕਿਸੇ ਰੋਕ ਟੋਕ ਤੋਂ ਨਿਰੰਤਰ ਚੱਲ ਰਿਹਾ ਹੈ। ਕਿਸੇ ਨਾ ਕਿਸੇ ਰਾਜਸੀ ਨੇਤਾ ਦੀ ਸ਼ਰਨ ਲੈ ਕੇ ਨਸ਼ੇ ਦੇ ਸੌਦਾਗਰ ਪੰਜਾਬ ਦਾ ਸਰਮਾਇਆ ਲੁੱਟ ਰਹੇ ਹਨ। ਉਹ ਪੰਜਾਬੀ ਜਿਨ੍ਹਾਂ ਦੇ ਸਾਹਮਣੇ ਅਟਕ ਜਿਹੇ ਦਰਿਆ ਰੁਕ ਜਾਂਦੇ ਸਨ, ਕਾਬਲ ਕੰਧਾਰ ਦੇ ਸਾਹ ਸੁੱਕ ਜਾਂਦੇ ਸਨ ਜਿਹੜੇ ਪੰਜਾਬੀ ਕਿਸੇ ਦੀ ਧੀ-ਭੈਣ ਦੀ ਇੱਜ਼ਤ ਨੂੰ ਬਚਾਉਣ ਲਈ ਆਪਣਾ ਸਭ ਕੁੱਝ ਦਾਅ ’ਤੇ ਲਾ ਦਿੰਦੇ ਸਨ ਅੱਜ ਨਿਗੁਰੇ ਅਤੇ ਬੁਜ਼ਦਿਲ ਬਣ ਕੇ ਸਿਰਫ਼ ਆਪਣੇ ਨਸ਼ੇ ਦੀ ਪੂਰਤੀ ਲਈ ਤਤਪਰ ਹਨ।

ਪੰਜਾਬ ਵਿੱਚ ਪਨਪ ਰਿਹਾ ਡੇਰਾਵਾਦ, ਪੰਜਾਬੀਆਂ ਵਿੱਚ ਭਰਾ ਮਾਰੂ ਜੰਗ ਕਰਵਾਉਣ ’ਤੇ ਉਤਾਵਲਾ ਹੋਇਆ ਪਿਆ ਹੈ। ਪਿੰਡਾਂ ਵਿੱਚ ਬਣੇ ਵੱਖ-ਵੱਖ ਧੜੇ, ਇੱਕ-ਦੂਜੇ ਵੱਲ ਕੈਰੀ ਅੱਖ ਨਾਲ ਵੇਖਦੇ ਹਨ ‘ਜਦੋਂ ਸਾਡਾ ਰਾਜ ਆਊ ਥੋਨੂੰ ਵੇਖਾਂਗੇ’ ਵਰਗੇ ਸ਼ਬਦਾਂ ਨਾਲ ਸੰਬੋਧਿਤ ਹੋ ਕੇ ਆਪਣੇ ਸਕਿਆਂ ਦੇ ਟੋਟੇ-ਟੋਟੇ ਕਰਨ ’ਤੇ ਉਤਰੇ ਹੋਏ ਹਨ। ਹਾਕਮ ਲੋਕ ਵੀ ਇਹ ਚਾਹੁੰਦੇ ਹਨ ਕਿ ਕਿਵੇਂ ਨਾ ਕਿਵੇਂ ਲੋਕਾਂ ਨੂੰ ਲੜਾ ਕੇ ਰੱਖਿਆ ਜਾਵੇ। ਜੇਕਰ ਇਹ ਇੱਕ ਹੋ ਗਏ ਤਾਂ ਹਾਕਮ ਜਮਾਤ ਨੂੰ ਕੌਣ ਪੁੱਛੇਗਾ। ਪਰ ਭੋਲੇ ਲੋਕ ਇਸ ਗੱਲ ਤੋਂ ਅਣਜਾਣ, ਆਪਣਿਆਂ ਨੂੰ ਹੀ ਮਾਰ ਮੁਕਾਉਣ ’ਤੇ ਤੁਲੇ ਹੋਏ ਹਨ।

ਪੰਜਾਬੀ ਲੋਕ ਜਿਨ੍ਹਾਂ ਦੇ ਜੁੱਸੇ (ਤਕੜੇ ਸਰੀਰ) ਦੀ ਚਰਚਾ ਦੇਸ਼ਾਂ-ਵਿਦੇਸ਼ਾਂ ਵਿੱਚ ਹੁੰਦੀ ਸੀ। ਪੰਜਾਬਣ ਮੁਟਿਆਰ ਜਿਸ ਦੇ ਸਾਹਮਣੇ ਪੁੰਨਿਆਂ ਦਾ ਚੰਨ ਵੀ ਫਿੱਕਾ ਲੱਗਦਾ ਸੀ। ਸਰੂ (ਲੰਬੇ-ਚੌੜੇ) ਵਰਗੇ ਕੱਦ, ਮੂੰਗਲਿਆਂ ਵਰਗੇ ਡੌਲੇ ਅੱਜ ਭਾਲਿਆਂ ਨਹੀਂ ਲੱਭਦੇ। ਫੌਜ ਦੀ ਭਰਤੀ ਵੇਲੇ ਕਈ ਜਵਾਨਾਂ ਦੀ ਛਾਤੀ ਘੱਟ ਜਾਂਦੀ ਹੈ, ਕਈਆਂ ਦੇ ਕੱਦ। ਇਸ ਦਾ ਸਿੱਧਾ ਕਾਰਨ, ਪੰਜਾਬੀਆਂ ਦੀ ਖੁਰਾਕ ਵਿੱਚ ਵੱਧ ਰਿਹਾ ਬਨਾਉਟੀਪਣ ਹੈ। ਖਾਲਸ ਘਿਓ, ਖਾਲਸ ਦੁੱਧ ਹੁਣ ਕਿਸ ਘਰ ਵਿੱਚੋਂ ਮਿਲਦਾ ਹੈ ? ਹਰੀਆਂ ਸਬਜ਼ੀਆਂ, ਸਿਰਫ਼ ਨਾਂ ਦੀਆਂ ਹੀ ਹਰੀਆਂ ਰਹਿ ਗਈਆਂ ਹਨ। ਟੀਕੇ ਲਾ ਕੇ ਤਿਆਰ ਕੀਤਾ ਗਿਆ ਦੁੱਧ ਜਾਂ ਜ਼ਹਿਰਾਂ-ਸਪਰੇਆਂ ਛਿੜਕ ਕੇ ਤਿਆਰ ਕੀਤੀਆਂ ਸਬਜ਼ੀਆਂ ਜਾਂ ਹੋਰ ਵਸਤਾਂ ਖਾ-ਪੀ ਕੇ ਕਿਸ ਤਰ੍ਹਾਂ ਦੇ ਬਹਾਦਰ ਬਣ ਸਕਦੇ ਹਾਂ ? ਇਹ ਇੱਕ ਕੁਦਰਤੀ ਸੱਚ ਹੈ ਕਿ ਜਿਸ ਫਸਲ ਵਿੱਚ ਬੀਜ ਪੈਦਾ ਕਰਨ ਦੀ ਸਮਰੱਥਾਂ ਹੀ ਨਹੀਂ, ਉਹ ਖਾ ਕੇ ਜਾਂ ਪੀ ਕੇ ਅਸੀਂ ਬੀਜ ਰਹਿਤ ਹੋ ਜਾਵਾਂਗੇ ਭਾਵ ਸਾਨੂੰ ਨਿਪੁੰਸਕ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਬੀ. ਟੀ. ਫਸਲਾਂ ਦੀ ਖੇਤੀ ਜਿੱਥੇ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਸੱਦਾ ਦਿੰਦੀ ਹੈ ਉੱਥੇ ਸਾਡਾ ਬੀਜ ਨਾਸ਼ ਵੀ ਕਰਦੀ ਹੈ।

ਸੋ, ਪਿਆਰੇ ਪੰਜਾਬੀਓ ! ਖੇਤਾਂ ਵਿੱਚ ਫਸਲਾਂ ਉਗਾਉਣ ਲੱਗੇ ਇਸ ਗੱਲ ਦਾ ਧਿਆਨ ਜ਼ਰੂਰ ਕਰ ਲਓ ਕਿ ਜਿਹੜੀ ਫਸਲ ਉਗਾਉਣ ਲੱਗੇ ਹੋ, ਉਸ ਨੂੰ ਵਰਤ ਕੇ ਤੁਹਾਡੀ ਆਉਣ ਵਾਲੀ ਪੀੜ੍ਹੀ ਜੀਵਤ ਰਹਿ ਸਕੇਗੀ ? ਇਹ ਵੀ ਸਭ ਸੋਚੀ ਸਮਝੀ ਚਾਲ ਤਹਿਤ ਹੋ ਰਿਹਾ ਹੈ। ਦੁੱਧ ਚੋਣ ਵੇਲੇ ਪਸ਼ੂਆਂ ਦੇ ਲੱਗਣ ਵਾਲੇ ਟੀਕੇ ’ਤੇ ਕਾਗਜ਼ਾਂ ਵਿੱਚ ਪਾਬੰਦੀ ਲੱਗੀ ਹੋਈ ਹੈ, ਜ਼ਹਿਰਾਂ ਸਪਰੇਆਂ ਕਰਕੇ ਬਾਜ਼ਾਰ ਵਿੱਚ ਵੇਚੀ ਜਾ ਰਹੀ ਸਬਜ਼ੀ ਅਤੇ ਫਲ ਵੀ ਵਰਜਿਤ ਹਨ। ਪਰ ਸਭ ਕੁੱਝ ਚੱਲ ਰਿਹਾ ਹੈ, ਅਸੀਂ ਹੀ ਅੱਖਾਂ ਬੰਦ ਕਰੀ ਬੈਠੇ ਹਾਂ। ਜ਼ਹਿਰਾਂ ਨਾਲ ਲਬਰੇਜ਼ ਵਸਤਾਂ ਖਾ-ਖਾ ਬੱਚੇ, ਨੌਜਵਾਨ, ਬੁੱਢੇ ਸਭ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਬੀਮਾਰ ਵਿਅਕਤੀ ਦੇਸ਼ ਦੀ ਆਨ-ਸ਼ਾਨ ਲਈ ਕਿੰਝ ਮਰ ਮਿਟ ਸਕੇਗਾ। ਅੰਦਾਜ਼ਾ ਲਾਓ, ਸਾਨੂੰ ਹਰ ਪੱਖ ਤੋਂ ਨਿਕੰਮੇ ਅਤੇ ਬੁਜ਼ਦਿਲ ਬਣਾਇਆ ਜਾ ਰਿਹਾ ਹੈ। ਪੰਜਾਬੀ, ਜਿਸ ਨੂੰ ਮੀਰ-ਮੰਨੂ ਟੋਟੇ-ਟੋਟੇ ਕਰ ਕੇ ਥੱਕ ਗਿਆ, ਨਾਦਰਸ਼ਾਹ ਜਾਂ ਅਬਦਾਲੀ ਵਰਗੇ ਵੀ ਇਸ ਨੂੰ ਮਾਰਦੇ-ਮਾਰਦੇ ਮੁੱਕ ਗਏ, ਪਰ ਹੁਣ ਬਿਨਾਂ ਤਲਵਾਰ ਜਾਂ ਬੰਦੂਕ ਦੇ ਪੰਜਾਬੀਆਂ ਨੂੰ ਖ਼ਤਮ ਕਰਨ ਦੀਆਂ ਯੋਜਨਾਵਾਂ ਕਿਸੇ ਘੜੇ-ਘੜਾਏ ਮਨਸੂਬੇ ਨੂੰ ਸਫਲ ਕਰਨ ਲਈ ਕੀਤੀਆਂ ਜਾ ਰਹੀਆਂ ਹਨ। ਇਹ ਸਰਕਾਰਾਂ ਇੱਕ-ਦੂਜੇ ਸਿਰ ਭਾਂਡਾ ਭੰਨ ਕੇ ਆਪਣੇ ਆਪ ਨੂੰ ਸਹੀ ਦਰਸਾ ਦਿੰਦੀਆਂ ਹਨ। ਪਰ ਅਸਲ ਵਿੱਚ ਦੋਵੇਂ ਹੀ ਦੋਸ਼ੀ ਹਨ। ਇੱਥੇ ਹੀ ਬੱਸ ਨਹੀਂ ! ਪੰਜਾਬ ਦੀਆਂ ਸੜਕਾਂ ’ਤੇ ਨਿੱਤ ਦਿਨ ਹੋ ਰਹੇ ਹਾਦਸਿਆਂ ਵਿੱਚ ਪੰਜਾਬ ਦੀ ਜਵਾਨੀ ਖ਼ਤਮ ਹੋ ਰਹੀ ਹੈ, ਕਿਸੇ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਸੜਕਾਂ ’ਤੇ ਇੰਨੀਆਂ ਗੱਡੀਆਂ ਆ ਗਈਆਂ ਪਰ ਸੜਕਾਂ ਦੀ ਚੌੜਾਈ ਓਨੀ ਹੀ ਹੈ। ਬੇਸ਼ੱਕ ਕੁੱਝ ਕੁ ਸੜਕਾਂ ਚੌੜੀਆਂ ਹੋ ਰਹੀਆਂ ਹਨ, ਪਰ ਜਿਸ ਤੇਜ਼ ਰਫ਼ਤਾਰ ਨਾਲ ਵਾਹਨਾਂ ਦੀ ਗਿਣਤੀ ਵਧ ਰਹੀ ਹੈ, ਉਸ ਰਫ਼ਤਾਰ ਨਾਲ ਸੜਕਾਂ ਚੌੜੀਆਂ ਨਹੀਂ ਕੀਤੀਆਂ ਜਾ ਰਹੀਆਂ, ਹੋ ਸਕਦੈ ਇੱਥੇ ਵੀ ਇਹੀ ਨੀਤੀ ਕੰਮ ਕਰਦੀ ਹੋਵੇ ਕਿ ਬਿਨਾਂ ਬੰਦੂਕ, ਤਲਵਾਰ ਤੋਂ ਜਿੰਨੇ ਮਰਦੇ ਨੇ ਮਰ ਲੈਣ ਦਿਓ।

ਜਿੱਥੇ ਨਸ਼ੇ ਨੌਜਵਾਨਾਂ ਨੂੰ ਤਬਾਹ ਕਰ ਰਹੇ ਹਨ ਉੱਥੇ ਸਪਰੇਆਂ ਅਤੇ ਕੀਟਨਾਸ਼ਕਾਂ ਦੀ ਧੜਾਧੜ ਖੁੱਲ ਪੰਜਾਬ ਦੀ ਧਰਤੀ ਨੂੰ ਬਰਬਾਦ ਕਰ ਰਹੀ ਹੈ। ਪੰਜਾਬ ਦਾ ਪਾਣੀ ਦਿਨ-ਬ-ਦਿਨ ਨੀਵਾਂ ਹੋ ਰਿਹਾ ਹੈ। ਝੋਨੇ ਦੀ ਫਸਲ ਬੀਜਣ ਲਈ ਕਿਸਾਨਾਂ ਨੂੰ ਉਕਸਾਇਆ ਜਾ ਰਿਹਾ ਹੈ। ਹੋਰ ਫਸਲਾਂ ਮੱਕੀ, ਗੰਨਾ ਜਾਂ ਦਾਲਾਂ ਦਾ ਵਾਜਬ ਮੁੱਲ ਨਹੀਂ ਦਿੱਤਾ ਜਾ ਰਿਹਾ। ਇਸ ਦਾ ਸਪੱਸ਼ਟ ਕਾਰਨ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕੀਤਾ ਜਾਵੇ। ਫਿਰ ਇਹ ਜ਼ਮੀਨਾਂ ਤੁਹਾਡੇ ਤੋਂ ਖੋਹ ਕੇ ਇੱਥੇ ਕਾਰਖਾਨੇ ਲਾਏ ਜਾਣਗੇ ਅਤੇ ਤੁਸੀਂ ਆਪਣੀ ਜ਼ਮੀਨ ਵਿੱਚ ਉਸਰੇ ਕਾਰਖਾਨਿਆਂ ਵਿੱਚ ਨੌਕਰ ਬਣ ਕੇ ਨੌਕਰੀ ਕਰੋਗੇ ਜਾਂ ਤੁਹਾਡੇ ਬੱਚੇ ਬਾਹਰਲੇ ਮੁਲਕਾਂ ਵਿਚ ਗੁਲਾਮ ਹੋ ਕੇ ਗੋਰਿਆਂ ਦਾ ਪਾਣੀ ਭਰਨਗੇ। ਸਿੱਖਿਆ ਪੱਖੋਂ ਤਾਂ ਪੰਜਾਬੀਆਂ ਨਾਲ ਮਾੜੀ ਹੋ ਰਹੀ ਹੈ। ਸਿੱਖਿਆ ਦਿਨ-ਬ-ਦਿਨ ਮਹਿੰਗੀ ਹੋ ਰਹੀ ਹੈ। ਆਮ ਆਦਮੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਦਾ ਸੁਪਨਾ ਵੀ ਨਹੀਂ ਲੈ ਸਕਦਾ। ਵਿਦਿਆ ਦਾ ਵਪਾਰੀਕਰਨ ਕਰਕੇ, ਸਿੱਖਿਆ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋ ਗਈ ਹੈ। ਇੱਥੇ ਵੀ ਇੱਕ ਗੱਲ ਬੜੀ ਧਿਆਨ ਭਾਲਦੀ ਹੈ। ਸਰਕਾਰਾਂ ਕਦੋਂ ਚਾਹੁੰਦੀਆਂ ਹਨ ਕਿ ਸਾਰੇ ਲੋਕ ਪੜ੍ਹ ਲਿਖ ਜਾਣ, ਜੇਕਰ ਸਾਰੇ ਪੜ੍ਹ ਲਿਖ ਜਾਣਗੇ ਤਾਂ ਸਰਕਾਰ ਕੋਲੋਂ ਨੌਕਰੀਆਂ ਦੀ ਮੰਗ ਕਰਨਗੇ, ਸਰਕਾਰਾਂ ਨੂੰ ਫਿਰ ਖ਼ਤਰਾ ਭਾਂਪਦਾ ਹੈ। ਇਸੇ ਕਰਕੇ ਸਿੱਖਿਆ ਦਿਨੋ ਦਿਨ ਮਹਿੰਗੀ ਕੀਤੀ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਮਸਲਿਆਂ ਵਿੱਚ ਉਲਝਾ ਕੇ ਰੱਖਿਆ ਜਾਵੇ।

ਸਿਹਤ ਸਹੂਲਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ। ਜ਼ਹਿਰਾਂ, ਸਪਰੇਆਂ ਨਾਲ ਲਬਰੇਜ਼ ਵਸਤਾਂ ਦਾ ਸੇਵਨ ਬੀਮਾਰੀਆਂ ਵਿੱਚ ਵਾਧਾ ਕਰ ਰਿਹਾ ਹੈ। ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਵਾਉਣ ਲਈ ਵੱਡੇ-ਵੱਡੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਜਿੱਥੇ ਸਿਵਾਏ ਲੁੱਟ ਤੋਂ ਹੋਰ ਕੁੱਝ ਪੱਲੇ ਨਹੀਂ ਪੈਂਦਾ। ਥਾਣੇ, ਕਚਹਿਰੀਆਂ ਵਿੱਚ ਤਾਂ ਹੋਰ ਰੋਜ਼ ਖੱਜਲ ਖੁਆਰੀ ਹੁੰਦੀ ਹੈ। ਕੇਸਾਂ ਨੂੰ ਲੰਮਾ-ਲੰਮਾ ਸਮਾਂ ਉਲਝਾਇਆ ਜਾਂਦਾ ਹੈ। ਇੰਨੇ ਲੰਮੇ ਸਮੇਂ ਵਿੱਚ ਸਬੂਤਾਂ ਨੂੰ ਝੁਠਲਾਇਆ ਜਾਂਦਾ ਹੈ। ਅਸਲ ਦੋਸ਼ੀ ਬਚ ਜਾਂਦੇ ਹਨ, ਜਿੰਨਾਂ ਦਾ ਕੋਈ ਦੋਸ਼ ਨਹੀਂ ਉਨ੍ਹਾਂ ਸਿਰ ਦੋਸ਼ ਮੜ੍ਹੇ ਜਾਂਦੇ ਹਨ, ਇਹ ਹੈ: ‘ਸਾਡਾ ਹਾਲ’।

ਪੰਜਾਬ ਨੂੰ ਖਤਮ ਕਰਨ ਲਈ ਇਸ ਦੀ ਮਾਂ ਬੋਲੀ ਲੋਕਾਂ ਕੋਲੋਂ ਖੋਹੀ ਜਾ ਰਹੀ ਹੈ। ਪੰਜਾਬੀ ਲਹਿੰਦੇ ਪੰਜਾਬ ਅਤੇ ਚੜ੍ਹਦੇ ਪੰਜਾਬ ਦੀ ਮਾਣਮੱਤੀ ਬੋਲੀ ਹੈ, ਪਰ ਉਧਰਲਿਆਂ ਨੇ ਉਰਦੂ ਅਤੇ ਇਧਰਲਿਆਂ ਨੇ ਹਿੰਦੀ ਨੂੰ ਅਪਣਾ ਕੇ ਪੰਜਾਬੀ ਜ਼ੁਬਾਨ ਨਾਲ ਜੋ ਦਗਾ ਕਮਾਇਆ ਹੈ ਇਹ ਵੀ ਕਿਸੇ ਸਾਜਿਸ਼ ਦਾ ਹੀ ਨਤੀਜਾ ਹੈ।

16330cookie-checkਪੰਜਾਬੀਓ ਜਾਗਦੇ ਕਿ ਸੁੱਤੇ !