ਧਰਮ-ਦੁਸ਼ਮਣੀ ਨਹੀਂ ਸਿਖਾਉਂਦਾ

0
239

ਧਰਮ-ਦੁਸ਼ਮਣੀ ਨਹੀਂ ਸਿਖਾਉਂਦਾ

ਸੁਖਜੀਤ ਸਿੰਘ ਕਪੂਰਥਲਾ, ਗੁਰਮਤਿ ਪ੍ਰਚਾਰਕ/ ਕਥਾਵਾਚਕ, 201, ਗਲੀ ਨਬੰਰ 6, ਸੰਤਪੁਰਾ (ਕਪੂਰਥਲਾ)-(98720-76876)

ਸੁਖਜੀਤ ਸਿੰਘ

ਸੰਸਾਰ ਵਿਚ ਵੱਖ-ਵੱਖ ਅਨੇਕਾਂ ਧਰਮ ਹਨ। ਸਾਰੇ ਧਰਮ ਆਪਣੀ-ਆਪਣੀ ਜਗ੍ਹਾ ਸਤਿਕਾਰਯੋਗ ਹਨ। ਧਰਮ ਇਕ ਜੀਵਨ ਜਾਚ ਹੈ, ਧਰਮ ਮਨੁੱਖ ਅੰਦਰ ਇਨਸਾਨੀਅਤ ਦੇ ਗੁਣ ਪੈਦਾ ਕਰਕੇ ਸਹੀ ਅਰਥਾਂ ਵਿਚ ਇਨਸਾਨ ਬਣਾਉਂਦਾ ਹੈ। ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਸਭ ਤੋਂ ਚੰਗੇ ਧਰਮ ਦੀ ਪ੍ਰੀਭਾਸ਼ਾ ਦਸਦੇ ਹਨ ਕਿ ਪ੍ਰਮੇਸ਼ਰ ਦਾ ਨਾਮ ਜਪਣਾ ਅਤੇ ਚੰਗੇ ਕਰਮ ਕਰਨੇ ਹੀ ਅਸਲ ਧਰਮੀ ਮਨੁੱਖ ਦੀ ਪਛਾਣ ਹੈ-‘‘ਸਰਬ ਧਰਮ ਮਹਿ ਸ੍ਰੇਸਟ ਧਰਮ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ॥ (ਗਉੜੀ ਸੁਖਮਨੀ ਮਹਲਾ ੫-੨੬੬)

ਜਿਹੜਾ ਵੀ ਮਨੁੱਖ ਸਹੀ ਅਰਥਾਂ ਵਿਚ ਧਰਮ ਨੂੰ ਜੀਵਨ ਵਿਚ ਧਾਰਨ ਕਰ ਲਵੇਗਾ ਉਸ ਦੇ ਅੰਦਰ ਕਿਸੇ ਦੂਸਰੇ ਪ੍ਰਤੀ ਈਰਖਾ, ਵੈਰ ਵਿਰੋਧ ਹੋ ਹੀ ਨਹੀਂ ਸਕਦਾ। ਕਿਉਂਕਿ ਈਰਖਾ, ਵੈਰ ਵਿਰੋਧ ਕੀਤਾ ਹੀ ਉਸ ਨਾਲ ਜਾ ਸਕਦਾ ਹੈ ਜੇ ਕੋਈ ਬੇਗਾਨਾ ਹੋਵੇ। ਧਰਮ ਜੀਵਨ ਵਿਚੋਂ ਬੇਗਾਨੇਪਣ ਦੀ ਭਾਵਨਾ ਨੂੰ ਪੂਰੀ ਤਰਾਂ ਖਤਮ ਕਰਕੇ ਆਪਸੀ ਭਾਈਚਾਰਾ ਕਾਇਮ ਕਰਨ ਦੀ ਸਿਖਿਆ ਦਿੰਦਾ ਹੈ। ਜਿਵੇਂ ਸਰ ਮੁਹੰਮਦ ਅਲਾਮਾ ਇਕਬਾਲ ਦਾ ਸ਼ਿਅਰ ਹੈ– ‘ਮਜ਼ਹਬ ਨਹੀ ਸਿਖਾਤਾ ਆਪਸ ਮੇਂ ਬੈਰ ਰਖਨਾ।’

ਧਰਮ ਨੂੰ ਧਾਰਨ ਕਰਨ ਵਾਲੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਸੀਂ ਸਾਰੇ ਇਕ ਪ੍ਰਮਾਤਮਾ ਦੀ ਸੰਤਾਨ ਹੋਣ ਕਾਰਨ ਆਪਸ ਵਿਚ ਭਾਈ-ਭਾਈ ਹਾਂ। ਜਿਸ ਨਾਲ ਸਾਡੇ ਜੀਵਨ ਵਿਚ ਤਬਦੀਲੀ ਆ ਜਾਂਦੀ ਹੈ ਅਤੇ ਅਸੀਂ ਦੁਸ਼ਮਣੀ ਪਾਲਣ ਦੀ ਬਜਾਏ ਇਹ ਆਖਣ ਲੱਗ ਪੈਂਦੇ ਹਾਂ- ‘‘ਬਿਸਰਿ ਗਈ, ਸਭ ਤਾਤਿ ਪਰਾਈ॥ ਜਬ ਤੇ, ਸਾਧ ਸੰਗਤਿ ਮੋਹਿ ਪਾਈ॥ ੧॥ ਰਹਾਉ॥, ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ॥ (ਕਾਨੜਾ ਮਹਲਾ ੫-੧੨੯੯), ਨਾ ਕੋ ਮੇਰਾ ਦੁਸਮਨੁ ਰਹਿਆ, ਨ ਹਮ ਕਿਸ ਕੇ ਬੈਰਾਈ॥ ਬ੍ਰਹਮ ਪਸਾਰੁ ਪਸਾਰਿਓ ਭੀਤਰਿ, ਸਤਿਗੁਰ ਤੇ ਸੋਝੀ ਪਾਈ॥੨॥ ਸਭੁ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ, ਤਾ ਮੇਲੁ ਕੀਓ ਮੇਰੈ ਰਾਜਨ॥੩॥’’ (ਧਨਾਸਰੀ ਮਹਲਾ ੫-੬੭੧)

ਜਿਹੜੇ ਮਨੁੱਖਾਂ ਨੇ ਗੁਰਬਾਣੀ ਦੇ ਆਧਾਰ ਉਪਰ ਧਰਮ ਨੂੰ ਸਮਝ ਕੇ ਜੀਵਨ ਵਿਚ ਧਾਰਨ ਕਰ ਲਿਆ, ਉਹ ਫਿਰ ਭਾਈ ਘਨਈਆ ਜੀ ਬਣ ਕੇ ਜੰਗ ਦੇ ਮੈਦਾਨ ਵਿਚ ਵੀ ਬਿਨਾਂ ਕਿਸੇ ਵਿਤਕਰੇ ਤੋਂ ਸਭ ਨੂੰ ਪਾਣੀ ਪਿਲਾਉਣ, ਮਲ੍ਹਮ ਪੱਟੀ ਆਦਿ ਕਰਨ ਦੀ ਸੇਵਾ ਕਰਨ ਦੇ ਯੋਗ ਹੋ ਜਾਂਦੇ ਹਨ ਅਤੇ ਗੁਰੂ ਪਾਤਸ਼ਾਹ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣ ਕੇ ਇਤਿਹਾਸ ਦੇ ਪੰਨਿਆਂ ਉਪਰ ਸ਼ਾਨਦਾਰ ਵਿਰਸਾ ਸਿਰਜਣ ਦੇ ਕਾਬਲ ਬਣ ਜਾਂਦੇ ਹਨ। ਸਿੱਖ ਇਤਿਹਾਸ ਦੇ ਪੰਨਿਆਂ ਉਪਰ ਇਸ ਸਬੰਧੀ ਬਹੁਤ ਸੁੰਦਰ ਘਟਨਾ ਦਾ ਜ਼ਿਕਰ ਹੈ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੁਝ ਸਿੱਖ ਸਿਪਾਹੀਆਂ ਦੀ ਸ਼ਿਕਾਇਤ ਉਪਰ ਭਾਈ ਘਨਈਆ ਜੀ ਨੂੰ ਦਰਬਾਰ ਵਿਚ ਪੇਸ਼ ਹੋਣ ਦਾ ਆਦੇਸ਼ ਦਿਤਾ ਗਿਆ। ਭਾਈ ਜੀ ਨੇ ਹਾਜ਼ਰ ਹੋ ਕੇ ਸ਼ਿਕਾਇਤ ਦਾ ਵੇਰਵਾ ਪੁਛਿਆ ਤਾਂ ਪਤਾ ਲਗਾ ਕਿ ਸਿੱਖ ਸਿਪਾਹੀ ਆਖਦੇ ਹਨ ਕਿ ਅਸੀਂ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨੂੰ ਜ਼ਖਮੀ ਕਰਕੇ ਸੁਟਦੇ ਹਾਂ, ਭਾਈ ਘਨਈਆ ਉਹਨਾਂ ਨੂੰ ਪਾਣੀ ਪਿਲਾ ਕੇ ਫਿਰ ਸਾਡੇ ਖਿਲਾਫ ਲੜ੍ਹਣ ਦੇ ਯੋਗ ਬਣਾ ਦਿੰਦੇ ਹਨ। ਭਾਈ ਜੀ ਨੇ ਸਤਿਗੁਰਾਂ ਨੂੰ ਸੰਬੋਧਨ ਹੋ ਕੇ ਅਦਬ ਨਾਲ ਬੇਨਤੀ ਕਰਦੇ ਹੋਏ ਸਪਸ਼ਟੀਕਰਨ ਦਿੱਤਾ ਕਿ ਸਤਿਗੁਰੂ ਜੀਓ ! ਸ਼ਿਕਾਇਤ ਕਰਨ ਵਾਲੇ ਵੀ ਆਪਣੀ ਜਗ੍ਹਾ ਠੀਕ ਹਨ, ਮੈਂ ਵੀ ਆਪਣੀ ਜਗ੍ਹਾ ਠੀਕ ਹਾਂ। ਕਲਗੀਧਰ ਪਾਤਸ਼ਾਹ ਆਪ ਤਾਂ ਸਭ ਕੁਝ ਜਾਣਦੇ ਹੀ ਹਨ, ਪਰ ‘‘ਪ੍ਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਝੀ ਸਗਲ ਜਹਾਨੈ॥’’ (੬੪੭) ਅਨੁਸਾਰ ਸਮੁੱਚੀ ਮਾਨਵਤਾ ਨੂੰ ਸਿਖਿਆ ਦੇਣ ਲਈ ਭਾਈ ਘਨਈਆ ਜੀ ਨੂੰ ਸਵਾਲ ਕਰਦੇ ਹਨ- ‘ਭਾਈ ਜੀ ! ਇਹ ਕਿਵੇਂ ਹੋ ਸਕਦਾ ਹੈ ਕਿ ਸ਼ਿਕਾਇਤ ਕਰਤਾ ਵੀ ਠੀਕ ਅਤੇ ਜਿਸ ਦੀ ਸ਼ਿਕਾਇਤ ਕੀਤੀ ਜਾ ਰਹੀ ਹੋਵੇ ਉਹ ਵੀ ਠੀਕ, ਦੋਵਾਂ ਵਿਚੋਂ ਇਕ ਹੀ ਠੀਕ ਹੋ ਸਕਦਾ ਹੈ।’ ਜਵਾਬ ਮਿਲਿਆ- ‘ਸਤਿਗੁਰੂ ਜੀਓ! ਸਿੱਖ ਸਿਪਾਹੀ ਤੁਹਾਡੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜੰਗ ਦੇ ਮੈਦਾਨ ਵਿਚ ਚੜ੍ਹ ਕੇ ਆਏ ਹੋਏ ਦੁਸ਼ਮਣਾਂ ਨੂੰ ਮਾਰਦੇ ਹਨ, ਪਰ ਮੈਂ ਵੀ ਤੁਹਾਡੇ ਹੁਕਮਾਂ ਦੀ ਪਾਲਣਾ ਹਿਤ ਜੰਗ ਦੇ ਮੈਦਾਨ ਵਿਚ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਉਹਨਾਂ ਦੇ ਅੰਦਰ ਦੀ ਦੁਸ਼ਮਣੀ ਨੂੰ ਮਾਰਦਾ ਹਾਂ, ਨਾਲੇ ਪਾਣੀ ਪਿਲਾਉਣ ਸਮੇਂ ਜੋ ਵੀ ਪਾਣੀ ਦੀ ਮੰਗ ਕਰ ਰਿਹਾ ਹੁੰਦਾ ਹੈ, ਉਹਨਾਂ ਸਾਰਿਆਂ ਵਿਚ ਮੈਨੂੰ ਕੋਈ ਦੁਸ਼ਮਣ ਦਿਖਾਈ ਹੀ ਨਹੀਂ ਦਿੰਦਾ, ਸਾਰੇ ਤੁਹਾਡਾ ਹੀ ਰੂਪ ਦਿਖਾਈ ਦਿੰਦੇ ਹਨ।’ ਕਲਗੀਧਰ ਪਾਤਸ਼ਾਹ ਨੇ ਪ੍ਰਸੰਨਤਾ ਦੇ ਘਰ ਵਿਚ ਆ ਕੇ ਭਾਈ ਜੀ ਨੂੰ ਪਿਆਰ ਭਰੀ ਗਲਵਕੜੀ ਵਿਚ ਲੈਂਦੇ ਹੋਏ ਅੱਗੇ ਤੋਂ ਜ਼ਖਮੀਆਂ ਲਈ ਮਲਮ-ਪੱਟੀ ਦੀ ਬਖ਼ਸ਼ਿਸ਼ ਵੀ ਕਰ ਦਿੱਤੀ। ਇਤਿਹਾਸ ਗਵਾਹ ਹੈ ਕਿ ਸਿੱਖ ਸਿਪਾਹੀਆਂ ਵਲੋਂ ਜ਼ਖਮੀ ਦੁਸ਼ਮਣ ਤਾਂ ਭਾਵੇਂ ਦੁਬਾਰਾ ਲੜ੍ਹਣ ਲਈ ਆ ਗਿਆ ਹੋਵੇ, ਪਰ ਜਿਸ ਦੇ ਅੰਦਰ ਦੀ ਦੁਸ਼ਮਣੀ ਭਾਈ ਘਨਈਆ ਜੀ ਨੇ ਖਤਮ ਕਰ ਦਿੱਤੀ, ਉਹ ਦੁਬਾਰਾ ਦੁਸ਼ਮਣ ਬਣ ਕੇ ਲੜਣ ਲਈ ਨਹੀਂ ਆਇਆ।

ਇਤਿਹਾਸ ਦੀਆਂ ਐਸੀਆਂ ਸਾਖੀਆਂ ਨੂੰ ਪੜ੍ਹ ਸੁਣ ਕੇ ਲੋੜ ਹੈ ਕਿ ਅਸੀਂ ਵੀ ਭਾਈ ਘਨਈਆ ਜੀ ਵਾਂਗ ਬਿਨਾ ਕਿਸੇ ਵਿਤਕਰੇ ਤੋਂ ਸਹੀ ਅਰਥਾਂ ਵਿਚ ਧਰਮੀ ਪੁਰਸ਼ ਬਣ ਸਕੀਏ।

ਐਸੀ ਭਾਵਨਾ ਨਾਲ ਹੀ ਫਿਰ ਕੋਈ ਰਾਮਜੀ ਦਾਸ ਤੋਂ ਭਗਤ ਪੂਰਨ ਸਿੰਘ ਬਣ ਕੇ ਪਿੰਗਲਵਾੜੇ ਦਾ ਸੰਸਥਾਪਕ ਬਣ ਕੇ ਸਾਹਮਣੇ ਆਉਂਦਾ ਹੈ, ਜੋ ਕੇਵਲ ਰੋਗੀ ਦਾ ਰੋਗ, ਦੁਖੀਏ ਦਾ ਦੁਖ ਵੇਖਦਾ ਹੈ, ਧਰਮ ਨਹੀਂ। ਇਤਿਹਾਸ ਦੇ ਪੰਨਿਆਂ ਵਿਚੋਂ ਐਸੀਆਂ ਹੋਰ ਕਈ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ।

ਸਾਨੂੰ ਸਿੱਖ ਅਖਵਾਉਣ ਵਾਲਿਆਂ ਨੂੰ ਤਾਂ ਰੋਜ਼ਾਨਾ ਅਰਦਾਸ ਕਰਨ ਸਮੇਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।’ ਦੀ ਜਾਚਨਾ ਕਰਨੀ ਹੀ ਸਿਖਾਈ ਗਈ ਹੈ। ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਧਰਮੀ ਮਨੁੱਖ ਦੇ ਜੀਵਨ ਅੰਦਰ ਕਿਸੇ ਪ੍ਰਤੀ ਵੀ ਵੈਰ-ਵਿਰੋਧ ਦੀ ਭਾਵਨਾ ਹੋ ਹੀ ਨਹੀਂ ਸਕਦੀ।

ਇਤਿਹਾਸ ਗਵਾਹ ਹੈ ਕਿ ਆਪਣੇ ਰਾਜ ਭਾਗ ਨੂੰ ਖਤਰਾ ਸਮਝਣ ਵਾਲਿਆਂ ਨੇ ਆਪਣੇ ਵਿਰੋਧੀਆਂ ਨੂੰ ਪਾਸੇ ਕਰਨ ਵਾਸਤੇ ਬਦਲਾ ਲੈਣ ਲਈ ਅੰਦਰਲੀ ਦੁਸ਼ਮਣੀ ਨੂੰ ਅਮਲੀ ਜਾਮਾ ਪਹਿਨਾਉਣ ਹਿਤ ਧਰਮ ਦੇ ਨਾਮ ਹੇਠ ਅਧਰਮ ਦੇ ਫਤਵੇ ਜਾਰੀ ਕਰਨ ਆਦਿ ਨੂੰ ਵਰਤਣ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਕੀਤਾ। ਪਰ ਇਤਿਹਾਸ ਗਵਾਹ ਹੈ ਕਿ ਜ਼ਾਲਮਾਂ (ਜਹਾਂਗੀਰ-ਔਰੰਗਜੇਬ-ਵਜ਼ੀਰ ਖਾਨ ਆਦਿ) ਦੀਆਂ ਕਬਰਾਂ ਤੇ ਕੋਈ ਦੀਵਾ ਜਗਾਉਣ ਲਈ ਵੀ ਮੌਜੂਦ ਨਹੀਂ, ਪਰ ਇਸ ਦੇ ਉਲਟ ਇਹਨਾਂ ਸਮੇਂ ਦੇ ਹਾਕਮਾਂ ਦੇ ਹੁਕਮਾਂ ਤਹਿਤ ਜ਼ੁਲਮ ਸਹਿ ਕੇ ਸ਼ਹੀਦ ਹੋਣ ਵਾਲਿਆਂ (ਗੁਰੂ ਅਰਜਨ- ਗੁਰੂ ਤੇਗ ਬਹਾਦਰ-ਛੋਟੇ ਸਾਹਿਬਜ਼ਾਦਿਆਂ ਆਦਿ) ਦੇ ਸ਼ਹੀਦੀ ਅਸਥਾਨਾਂ ਉਪਰ ਨਤਮਸਤਕ ਹੋਣ ਵਾਲਿਆਂ ਦੀਆਂ ਹਰ ਸਮੇਂ ਲਾਈਨਾਂ ਲਗੀਆਂ ਸਨ / ਹਨ ਅਤੇ ਰਹਿਣਗੀਆਂ ।

ਲੋੜ ਹੈ ਕਿ ਅਸੀਂ ਧਰਮ ਦੀ ਸਹੀ ਪ੍ਰੀਭਾਸ਼ਾ ਨੂੰ ਸਮਝੀਏ, ਜੇਕਰ ਅਸੀਂ ਐਸਾ ਸਮਝਣ ਵਿਚ ਕਾਮਯਾਬ ਹੋ ਗਏ ਤਾਂ ਸਾਨੂੰ ਕੋਈ ਵੀ ਵੱਖ-ਵੱਖ ਧਰਮਾਂ ਦੇ ਨਾਮ ਉਪਰ ਆਪਸ ਵਿਚ ਲੜਾ ਕੇ ਆਪਣੇ ਸਵਾਰਥਾਂ ਦੀਆਂ ਰੋਟੀਆਂ ਸੇਕਣ ਵਿਚ ਕਾਮਯਾਬ ਨਹੀਂ ਹੋ ਸਕੇਗਾ ਪਰ ਅਫਸੋਸ ਕਿ ਅਸੀਂ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਵੱਖ-ਵੱਖ ਧਰਮਾਂ ਦੀਆਂ ਵੰਡੀਆਂ ਵਿਚ ਵੰਡੇ ਜਾ ਕੇ ਆਪਸ ਵਿਚ ਦੁਸ਼ਮਣੀ ਪਾਲਦੇ ਹੋਏ ਸਵਾਰਥੀ ਲੋਕਾਂ ਨੂੰ ਅਜਿਹੇ ਮੌਕੇ ਮੁਹਈਆ ਕਰਾਉਂਦੇ ਹਾਂ। ਜਿਵੇਂ ਅੱਜ ਈਸਾਈ ਧਰਮ ਦੇ ਅੰਦਰ ‘ਕੈਥੋਲਿਕ- ਪ੍ਰੋਸਟੈਂਟ’ ਇਸਲਾਮ ਧਰਮ ਅੰਦਰ ‘ਸ਼ੀਆ-ਸੁੰਨੀ’ ਆਦਿ ਦੇ ਅੰਦਰੂਨੀ ਝਗੜੇ ਕਾਰਨ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਦਿਖਾਈ ਦਿੰਦੇ ਹਨ, ਪਰ ਅਸੀਂ ਸਿੱਖ ਵੀ ਇਸੇ ਮਾਰਗ ਦੇ ਪਾਂਧੀ ਬਣ ਕੇ ਕਿਸੇ ਤੋਂ ਘੱਟ ਨਹੀਂ ਹਾਂ।

ਧਰਮ ਦੀ ਗਲਤ ਵਿਆਖਿਆ ਕਰਨ ਵਾਲਿਆਂ ਨੇ ਰੱਬ ਨੂੰ ਵੱਖ-ਵੱਖ ਨਾਵਾਂ ਹੇਠ ਵੱਖ-ਵੱਖ ਸਥਾਨਾਂ ਵਿਚ ਵੰਡ ਦਿੱਤਾ ਹੈ। ਵੱਖ-ਵੱਖ ਧਰਮਾਂ ਵਾਲਿਆਂ ਨੂੰ ਪੁੱਛਿਆ ਜਾਵੇ -ਰੱਬ (ਅੱਲਾ) ਦਾ ਟਿਕਾਣਾ ਕਿੱਥੇ ਹੈ ? ਮੁਸਲਮਾਨ ਲਈ- ਮਸਜਿਦ, ਈਸਾਈ ਲਈ- ਗਿਰਜਾ ਘਰ, ਹਿੰਦੂ ਲਈ-ਮੰਦਿਰ ਆਦਿ, ਸਿੱਖ ਵੀ ਪਿੱਛੇ ਨਹੀਂ- ਗੁਰਦੁਆਰੇ ਨੂੰ ਰੱਬ ਦਾ ਘਰ ਆਖਦਾ ਹੈ। ਜਦੋਂ ਕਿ ਗੁਰਦੁਆਰਾ ਸ਼ਬਦ ਦਾ ਅਰਥ ਹੀ ਸਮਝ ਲਈਏ ਤਾਂ ਗੱਲ ਕੁਝ ਹੋਰ ਹੀ ਸਾਹਮਣੇ ਆ ਜਾਂਦੀ ਹੈ- ਗੁਰੂ ਦਾ ਦੁਆਰਾ ਭਾਵ ਗੁਰੂ ਦਾ ਘਰ। ਗੁਰਬਾਣੀ ਅਨੁਸਾਰ ਰੱਬ ਦਾ ਘਰ ਸਾਰਾ ਸੰਸਾਰ ਹੈ। ਧਰਮ ਦੇ ਸਹੀ ਗਿਆਨ ਨੂੰ ਸਮਝ ਲਈਏ ਤਾਂ ਰੱਬ ਜੋਤਿ ਰੂਪ ਹੋ ਕੇ ਹਰ ਹਿਰਦੇ ਅੰਦਰ ਅਤੇ ਸਮੁੱਚੀ ਸਿ੍ਰਸ਼ਟੀ ਦੇ ਜ਼ਰੇ- ਜ਼ਰੇ ਵਿਚ ਵਸ ਰਿਹਾ ਹੈ। ਸਿੱਖ, ਈਸਾਈ, ਮੁਸਲਮਾਨ, ਹਿੰਦੂ ਆਦਿ ਦੇ ਰੱਬ ਵੱਖ-ਵੱਖ ਨਹੀਂ ਹਨ। ਧਰਮ ਅਸਥਾਨ ਅਤੇ ਧਰਮ ਗ੍ਰੰਥ ਰੱਬ ਦੇ ਘਰ ਦੀ ਜਾਣਕਾਰੀ ਦੇ ਸੋਮੇ, ਸਥਾਨ ਹਨ, ਇਸ ਲਈ ਆਪਣੀ-ਆਪਣੀ ਜਗ੍ਹਾ ਸਾਰੇ ਸਤਿਕਾਰਯੋਗ ਹਨ।

ਇਸ ਪ੍ਰਥਾਇ ਬਾਬਾ ਬੁੱਲੇ ਸ਼ਾਹ ਦੇ ਬਚਨ ਬਹੁਤ ਹੀ ਭਾਵਪੂਰਤ ਹਨ-‘ਮੰਦਿਰ ਢਾਹਦੇ, ਮਸਜਿਦ ਢਾਹਦੇ, ਢਾਹਦੇ ਜੋ ਕੁਝ ਢਹਿੰਦਾ ਈ। ਐਪਰ ਕਿਸੇ ਦਾ ਦਿਲ ਨਾ ਢਾਹਵੀਂ, ਇਸ ਦਿਲ ਦੇ ਵਿਚ ਰੱਬ ਰਹਿੰਦਾ ਈ।’

ਜਦੋਂ ਸਾਨੂੰ ਆਪਣੇ-ਆਪਣੇ ਸਵਾਰਥਾਂ ਦੀਆਂ ਰੋਟੀਆਂ ਸੇਕਣ ਵਾਲੇ ਆਗੂਆਂ ਦੇ ਅੰਦਰੂਨੀ ਮਨੋਰਥਾਂ ਦੀ ਸਮਝ ਆ ਗਈ ਫਿਰ ਅਸੀਂ ਇਹਨਾਂ ਦੇ ਭਰਮ ਜਾਲ ਵਿਚ ਨਹੀਂ ਫਸਾਂਗੇ ਅਤੇ ਨਾ ਹੀ ਇਹਨਾਂ ਦੇ ਪਿੱਛੇ ਲਗ ਕੇ ਆਪਸੀ ਭਾਈਚਾਰੇ ਵਿਚ ਕਿਸੇ ਕਿਸਮ ਦੀ ਕੁੜੱਤਣ ਪੈਦਾ ਹੋਣ ਦਿਆਂਗੇ। ਸਗੋਂ ਅਸੀਂ ਫਿਰ ਕੇਵਲ ਆਪਣੇ ਨਿੱਜੀ ਹਿੱਤਾਂ ਤਕ ਸੀਮਤ ਨਾ ਹੋ ਕੇ ਪ੍ਰਮੇਸ਼ਰ ਦੇ ਚਰਣਾਂ ਵਿਚ ਕੀਤੀ ਜਾਣ ਵਾਲੀ ਅਰਦਾਸ ਸਮੁੱਚੇ ਸੰਸਾਰ ਦੇ ਭਲੇ ਵਾਸਤੇ ਕਰਨ ਜੋਗੇ ਹੋ ਜਾਵਾਂਗੇ-‘‘ਜਗਤੁ ਜਲੰਦਾ ਰਖਿ ਲੈ, ਆਪਣੀ ਕ੍ਰਿਪਾ ਧਾਰਿ॥ ਜਿਤੁ ਦੁਆਰੈ ਉਬਰੈ, ਤਿਤੈ ਲੈਹੁ ਉਬਾਰਿ॥’’ (ਵਾਰ ਬਿਲਾਵਲ- ਮਹਲਾ ੩-੮੫੩)

ਇਸ ਕਾਰਜ ਦਾ ਆਰੰਭ ਅਸੀਂ ਦੂਜਿਆਂ ਤੋਂ ਕਰਨ ਦੀ ਬਜਾਏ ਆਪਣੇ ਆਪ ਤੋਂ ਕਰੀਏ, ਜਦੋਂ ਐਸਾ ਕਰਦੇ ਹੋਏ ਅਸੀਂ ਆਪਣਾ ਜੀਵਨ ਸਵਾਰ ਲਿਆ ਤਾਂ ਸਾਰਾ ਸੰਸਾਰ ਸਾਡਾ ਆਪਣਾ ਬਣ ਜਾਵੇਗਾ ਜਿਵੇ ਬਾਬਾ ਫਰੀਦ ਜੀ ਦੇ ਬਚਨ ਹਨ- ‘‘ਆਪੁ ਸਵਾਰਹਿ, ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ॥’’ (ਸਲੋਕ ਸੇਖ ਫਰੀਦ ਜੀ-੧੩੮੨)