ਦੁਨੀਆਂ ਨੂੰ ਸਿੱਖ ਪਹਿਚਾਣ ਤੋਂ ਵਾਕਿਫ਼ ਕਰਾਉਣ ਲਈ

0
216

ਦੁਨੀਆਂ ਨੂੰ ਸਿੱਖ ਪਹਿਚਾਣ ਤੋਂ ਵਾਕਿਫ਼ ਕਰਾਉਣ ਲਈ

ਗੁਰਸ਼ਰਨਜੀਤ ਸਿੰਘ

ਅੱਜ ਲੋੜ ਹੈ ਕਿ ਵਿਦੇਸ਼ਾਂ ਵਿੱਚ ਪੜ੍ਹੇ-ਲਿਖੇ ਪ੍ਰਚਾਰਕਾਂ ਤੋਂ ਇਲਾਵਾ ਯੂਨੀਵਰਸਿਟੀਆਂ ਦੇ ਸਿੱਖ ਵਿਦਵਾਨਾਂ ਪਾਸੋਂ ਉਚੇਚੇ ਰੂਪ ਵਿੱਚ ਗੁਰਦੁਆਰਿਆਂ ਤੋਂ ਬਾਹਰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਟੀ.ਵੀ., ਰੇਡੀਓ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਲੈਕਚਰ ਕਰਵਾਏ ਜਾਣ। ਇਹ ਵੀ ਠੀਕ ਹੋਵੇਗਾ ਕਿ ਸੇਵਾ ਦੇ ਕੁਝ ਕੇਂਦਰ ਸਿੱਖਾਂ ਵੱਲੋਂ ਚਲਾਏ ਜਾਣ ਤਾਂ ਜੋ ਵਿਦੇਸ਼ਾਂ ਦੇ ਮੂਲ ਵਾਸੀ ਸਿੱਖਾਂ ਨਾਲ ਪਿਆਰ ਤੇ ਹਮਦਰਦੀ ਰੱਖਣ।

ਸਿੱਖ ਪੰਥ ਨੂੰ ਪ੍ਰਗਟ ਹੋਇਆਂ 546 ਵਰ੍ਹੇ ਹੋ ਚੁੱਕੇ ਹਨ ਅਤੇ ਖਾਲਸਾ ਪੰਥ ਦੀ 300 ਵੀ ਵਰ੍ਹੇ ਗੰਢ ਵੀ ਧੁਮ-ਧੜੱਕੇ ਨਾਲ ਮਨਾਇਆਂ 16 ਸਾਲ ਗੁਜ਼ਰ ਗਏ ਹਨ। ਆਲੂ ਅਤੇ ਸਿੱਖ, ਸੰਸਾਰ ਦੇ ਹਰ ਕੋਨੇ ਵਿੱਚ ਮਿਲਦੇ ਹਨ- ਇਕ ਕਹਾਵਤ ਵਾਂਗ ਸਥਾਪਿਤ ਕਥਨ ਹੈ। ਸਿੱਖ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਸ ਦੇਸ਼, ਸ਼ਹਿਰ, ਪਿੰਡ ਕਲੋਨੀ ਜਾਂ ਮੁਹੱਲੇ ਅਤੇ ਇੱਥੋਂ ਤੀਕ ਕਿ ਗਲੀ ਵਿੱਚ ਵੀ-ਦੋ-ਚਾਰ ਸਿੱਖ ਰਹਿਣ ਲੱਗਣ, ਉਹ ਉੱਥੇ ਗੁਰਦੁਆਰਾ ਬਣਾੳੇਣ ਦੀ ਯੋਜਨਾ ਜ਼ਰੂਰ ਬਣਾਉਣ ਲੱਗਦੇ ਹਨ। ਇਹ ਵਿਸ਼ੇਸ਼ ਗੁਣ ਸਿੱਖ ਸਮਾਜ ਵਿੱਚ ਕਈ ਸਮੱਸਿਆਵਾਂ ਵੀ ਖੜ੍ਹਾ ਕਰ ਦਿੰਦਾ ਹੈ। ਗੁਰਦੁਆਰਿਆਂ ਤੋਂ ਬਿਨਾਂ ਸਿੱਖ ਜਥੇਬੰਦੀਆਂ (ਮਿਸ਼ਨਰੀ ਕਾਲਜ, ਸਟੱਡੀ ਸਰਕਲ, ਸੁਖਮਨੀ ਸੇਵਾ ਸੁਸਾਇਟੀਆਂ, ਕੀਰਤਨ ਅਤੇ ਸਤਿਸੰਗ ਸਭਾਵਾਂ, ਅਖੌਤੀ ਸਾਧਾਂ ਦੇ ਸੈਂਕੜੇ ਡੇਰੇ ਅਤੇ ਦਰਜਨਾਂ ਸੰਪ੍ਰਦਾਵਾਂ ਅਤੇ ਸੈਂਕੜੇ ਰਾਗੀ, ਪ੍ਰਚਾਰਕ ਅਤੇ ਕਥਾਵਾਚਕਾਂ ਦੇ ਸਮੂਹ) ਦਾ ਇਕ ਵੱਡਾ ਜਾਲ ਵਿਸ਼ਵ ਵਿੱਚ ਫੈਲਿਆ ਹੋਇਆ ਹੈ। ਗੁਰਦੁਆਰਿਆਂ ਵਿੱਚ ਅਤੇ ਹੋਰ ਸਥਾਨਾਂ ਉੱਪਰ ਕੰਨ-ਪਾੜਵੇਂ ਲਾਊਡ ਸਪੀਕਰਾਂ ਉੱਪਰ ਸੁਣਾਏ ਜਾਂਦੇ ਅਖੰਡ ਪਾਠਾਂ, ਕੀਰਤਨ ਅਤੇ ਧੂੰਆਂ ਧਾਰ ਭਾਸ਼ਣਾਂ ਨੂੰ ਸੁਣ ਕੇ ਅਤੇ ਲੰਗਰ-ਛਬੀਲਾਂ ਉੱਪਰ ਲੱਖਾਂ ਕ੍ਰੋੜਾਂ ਰੁਪਏ ਖਰਚ ਵੇਖ ਕੇ ਸਿੱਖੀ ਦੀ ਚੜ੍ਹਦੀ ਕਲਾ ਦਾ ਆਭਾਸ ਹੁੰਦਾ ਹੈ।

ਪਰ ਸਿੱਖ ਜਗਤ ਦੀ ਇਹ ਗਲਤ-ਫਹਿਮੀ, ਅਰਬ ਦੇ ਮੁਸਲਿਮ ਖਾੜਕੂ ਬਿਨ ਲਾਦੇਨ ਦੁਆਰਾ 11 ਸਤੰਬਰ 2001 ਨੂੰ ਨਿਊਯਾਰਕ ਅਤੇ ਵਾਸ਼ਿੰਗਟਨ ਉੱਪਰ ਕੀਤੇ ਹਮਲੇ ਬਾਅਦ, ਕੁਝ ਦੂਰ ਹੋ ਗਈ ਹੈ। ਬਿਨ ਲਾਦੇਨ ਦਾ ਚਿਹਰਾ ਮੋਹਰਾ ਸਿੱਖਾਂ ਨਾਲ ਮਿਲਦਾ-ਜੁਲਦਾ ਹੈ ਅਤੇ ਵਿਸ਼ਵ ਭਰ ਵਿੱਚ ਇਲੈਕਟਰਾਨਿਕ ਮੀਡੀਏ ਨੇ ਇਸ ਦੀਆਂ ਜੋ ਫੋਟੋਆਂ ਦਿਖਾਈਆਂ ਹਨ, ਉਸ ਦਾ ਖਮਿਆਜ਼ਾ ਸਿੱਖਾਂ ਨੂੰ ਭੁਗਤਣਾ ਪਿਆ। ਸਿੱਖਾਂ ਉਪਰ ਲਗਭਗ 200 ਹਮਲਿਆਂ ਦੀ ਖਬਰ ਹੈ। ਕਿਤੇ ਕਿਤੇ ਕੁਝ ਗੁਰੂ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਦੁੱਖ ਦੀ ਗੱਲ ਇਹ ਸੀ ਕਿ ਸਭ ਤੋਂ ਸੱਭਿਅਕ ਮੰਨੇ ਜਾਣ ਵਾਲੇ ਅਮਰੀਕਾ ਵਿੱਚ ਉਸ ਦੇ ਨਾਗਰਿਕ ਅਜਿਹੀਆਂ ਸ਼ਰਮਨਾਕ ਕਾਰਵਾਈਆਂ ਵਿੱਚ ਮਸ਼ਰੂਫ ਸਨ।

ਅਮਰੀਕਾ ਵਿੱਚ ਵੱਸਦੇ ਸਿੱਖਾਂ ਨੇ ਚੱਲ ਰਹੀ ਇਕਪਾਸੜ ਕਾਰਵਾਈ ਨੂੰ ਬੜੇ ਸ਼ਾਂਤੀ ਅਤੇ ਸਬਰ ਨਾਲ ਬਰਦਾਸ਼ਤ ਕਰਦਿਆਂ, ਇਕ ਸਿੱਖ ਦੀ ਮੌਤ ਅਤੇ ਦਰਜਨਾਂ ਮਾਸੂਮ ਸਕੂਲੀ ਬੱਚਿਆਂ ਨੂੰ ਦਿੱਤੇ ਮਾਨਸਿਕ ਤਸੀਹਿਆਂ ਨੂੰ ਬਰਦਾਸ਼ਤ ਕੀਤਾ।

ਜਦੋਂ ਟੀ.ਵੀ. ਅਤੇ ਅਖ਼ਬਾਰਾਂ ਵਿੱਚ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਤਾਂ ਸਮੁੱਚੇ ਸਿੱਖ ਪੰਥ ਵਿੱਚ ਚਿੰਤਾ ਦੀ ਲਹਿਰ ਦੌੜ ਗਈ। ਅਮਰੀਕੀ ਪ੍ਰਸ਼ਾਸਨ ਨੇ ਪੂਰੀ ਈਮਾਨਦਾਰੀ ਨਾਲ ਸਿੱਖ-ਵਿਰੋਧੀ (ਗਲਤੀ ਨਾਲ?) ਲਹਿਰ ਨੂੰ ਦਬਾ ਲਿਆ। ਅਮਰੀਕਾ ਵਿੱਚ ਵੱਸਦੇ ਸਿੱਖਾਂ ਨੇ ਇੰਨਟਰਨੈੱਟ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਮੁਸਲਮਾਨ ਅਤੇ ਸਿੱਖਾਂ ਵਿਚਲੇ ਅੰਤਰ ਸਪੱਸ਼ਟ ਕਰਨ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਸਾਨੂੰ ਵੀ ਸੰਪਰਕ ਕਰਕੇ ਕਿਹਾ ਕਿ ਸਿੱਖਾਂ ਦੀ ਨਿਆਰੀ ਹੋਂਦ ਬਾਰੇ ਇਕ ਦੋ ਸਫੇ ਲਿਖ ਕੇ ਤੁਰੰਤ ਭੇਜੋ, ਸਾਨੂੰ ਇਹ ਕਾਰਵਾਈ ‘ਵਿਹੜੇ ਆਈ ਜੰਞ, ਵਿੰਨੋ ਕੁੜੀ ਦੇ ਕੰਨ’ ਵਰਗੀ ਲੱਗੀ। ਸਿੱਖ, ਨਵੰਬਰ 1984 ਦੇ ਹਾਲਤਾਂ ਵਾਲੀ ਮਾਨਸਿਕਤਾ ਵਿੱਚੋਂ ਲੰਘੇ। ਬੇਸ਼ਕ ਨਿਊਯਾਰਕ ਅਤੇ ਹੋਰ ਦੇਸ਼ਾਂ ਵਿਚਲੀ ਇਸ ਸਿੱਖ ਵਿਰੋਧੀ ਲਹਿਰ ਦਾ ਬਹੁਤਾ ਡੂੰਘਾ ਅਸਰ ਨਹੀਂ, ਪਰ ਅਸੀਂ ਇਨ੍ਹਾਂ ਦੀ ਤੁਲਨਾ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਨਾਲ ਕਰਦੇ ਹਾਂ।

ਵਿਦੇਸ਼ਾਂ ਵਿੱਚ ਸਿੱਖ ਸਰੂਪ ਬਾਰੇ ਕੁਝ ਗਲਤ ਫਹਿਮੀਆਂ ਮੌਜੂਦ ਰਹੀਆਂ ਹਨ, ਪਰ ਸਾਡੇ ਕਿਸੇ ਆਗੂ ਜਾਂ ਸੰਸਥਾ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸ ਸੰਬੰਧ ਵਿੱਚ ਮੈਂ ਕੁਝ ਉਦਾਹਰਣਾਂ ਦੇਣੀਆਂ ਚਾਹਾਂਗਾ।

1 ਕਰਮ ਸਿੰਘ ਹਿਸਟੋਰੀਅਨ ਮੱਕੇ ਵਿਖੇ ਕਾਅਬੇ ਵਿੱਚ ਦਾਖਲ ਹੋਣ ਵਿੱਚ ਸਫਲ ਹੋ ਗਿਆ ਸੀ। ਉਸ ਨੇ ਸਿੱਖਾਂ ਅਤੇ ਮੁਸਲਮਾਨਾਂ ਦੇ ਮਿਲਦੇ-ਜੁਲਦੇ ਸਰੂਪ ਦਾ ਲਾਭ ਉੱਠਾ ਲਿਆ ਸੀ। ਪਰ ਆਦਤ ਤੋਂ ਮਜ਼ਬੂਰ ਹਿਸਟੋਰੀਅਨ ਜਦੋਂ ਅੰਮ੍ਰਿਤ ਵੇਲੇ ਜਪੁ ਜੀ ਦਾ ਪਾਠ ਕਰ ਰਹੇ ਸਨ, ਮੁਸਲਮਾਨਾਂ ਨੂੰ ਸ਼ੱਕ ਪੈ ਗਿਆ ਅਤੇ ਉਹ ਫੜਿਆ ਗਿਆ। ਇਸ ਘਟਨਾ ਨੂੰ ਪੜ੍ਹਨ ਤੋਂ ਬਾਅਦ ਮੈਂ ਇਸ ਸਿੱਟੇ ਉੱਪਰ ਪੁੱਜਾ ਸਾਂ ਕਿ ਸਿੱਖ ਦੀ ਪਹਿਚਾਣ ਕੇਵਲ ਕੇਸ ਜਾਂ ਬਾਣਾ ਨਹੀਂ, ਬਾਣੀ ਵੀ ਹੈ।

2. ਮੇਰੇ ਵੱਡੇ ਭਾਈ ਰਵੀ ਕਿਰਨ ਸਿੰਘ 1985 ਈ. ਨੂੰ ਆਸਟਰੀਆ ਗਏ। ਉਨ੍ਹਾਂ ਉੱਥੇ ਪਹੁੰਚਣ ਤੋਂ ਬਾਅਦ ਪਹਿਲੀ ਚਿੱਠੀ ਵਿੱਚ ਉੱਥੋਂ ਦੀ ਵਿਸਤਿ੍ਰਤ ਜਾਣਕਾਰੀ ਦਿੰਦਿਆਂ ਲਿਖਿਆ ਸੀ ਕਿ ਮੈ ਉੱਥੇ ਇੱਕੋ ਪਗੜੀਧਾਰੀ ਅਤੇ ਕੇਸਾਧਾਰੀ ਵਿਅਕਤੀ ਹਾਂ। ਮੈਂ ਜਦੋਂ ਬਾਹਰ ਜਾਂਦਾ ਹਾਂ ਤਾਂ ਲੋਕ ਮੈਨੂੰ ਹੈਰਾਨੀ ਨਾਲ ਦੇਖਦੇ ਹਨ ਅਤੇ ਖਾਸ ਕਰ ਬੱਚੇ ਮੈਨੂੰ ਅਜੂਬਾ ਸਮਝਦੇ ਹਨ। ਬਹੁਤ ਸਾਰੇ ਲੋਕ ਗਲਤੀ ਨਾਲ ਮੈਨੂੰ ਮੁਸਲਮਾਨ ਸਮਝਦੇ ਹਨ। ਉਸ ਵੇਲੇ ਇਹ ਇਕ ਸਾਧਾਰਨ ਜਾਣਕਾਰੀ ਲੱਗਦੀ ਸੀ, ਪਰ ਸਾਨੂੰ ਹੁਣ ਇਸ ਦੀ ਗੰਭੀਰਤਾ 30 ਸਾਲ ਬਾਅਦ ਪਤਾ ਲੱਗੀ ਹੈ। ਕੋਈ ਸ਼ੱਕ ਨਹੀਂ 1984 ਈ. ਦੀਆਂ ਘਟਨਾਵਾਂ ਨੇ ਸਿੱਖਾਂ ਵਿੱਚ ਇਕ ਜਾਗ੍ਰਤੀ ਲਿਆਂਦੀ ਸੀ। ਇਸ ਜਾਗ੍ਰਤੀ ਦੇ ਕਾਰਨ ਵਿਦੇਸ਼ਾਂ ਵਿੱਚ ਕੇਸਾਧਾਰੀ, ਸਾਬਤ ਸੂਰਤ ਅਤੇ ਅੰਮਿ੍ਰਤਧਾਰੀ ਸਿੱਖਾਂ ਦੀ ਗਿਣਤੀ ਜ਼ਰੂਰ ਵਧੀ ਹੈ। ਪਰ ਕੋਈ ਕੇਂਦਰੀ ਅਗਵਾਈ ਨਾ ਹੋਣ ਕਾਰਨ ਸਿੱਖਾਂ ਵਿੱਚ ਆਈ ਇਸ ਜਾਗ੍ਰਤੀ ਨੇ ਵਿਦੇਸ਼ਾਂ ਵਿੱਚ, ਗੁਰਦੁਆਰਿਆਂ ਦੇ ਝਗੜੇ ਵਧਾ ਦਿੱਤੇ। ਕੈਨੇਡਾ ਵਿੱਚ ਲੰਗਰ ਦੇ ਮੁੱਦੇ ਉੱਪਰ ਜੋ ਕੁਝ ਵਾਪਰਿਆ ਉਹ ਬਹੁਤ ਹੀ ਸ਼ਰਮਨਾਕ ਸੀ। ਵਿਦੇਸ਼ਾਂ ਵਿੱਚ ਜਾਂਦੇ ਅਖੌਤੀ ਪ੍ਰਚਾਰਕ, ਰਾਗੀ ਜਾਂ ਕਥਾਵਾਚਕ ਠੋਸ ਪ੍ਰਚਾਰ ਕਰਨ ਦੀ ਥਾਂ ਡਾਲਰ ਤੇ ਪੌਂਡ ਇਕੱਠੇ ਕਰਕੇ ਲੱਖਾਂ/ਕ੍ਰੋੜਾਂ ਦੇ ਮਾਲਕ ਤਾਂ ਜ਼ਰੂਰ ਬਣ ਗਏ ਹਨ, ਪਰ ਅੱਜ ਇਨ੍ਹਾਂ ਵਿੱਚੋਂ ਕੋਈ ਵੀ ਇਸ ਗੱਲ ਦਾ ਜੁਆਬ ਦੇਣ ਦੀ ਹਿੰਮਤ ਨਹੀਂ ਰੱਖਦਾ ਕਿ ਤੁਸੀਂ ਸਿੱਖੀ ਦਾ ਕਿਹੋ ਜਿਹਾ ਪ੍ਰਚਾਰ ਕੀਤਾ ਹੈ ਕਿ ਉੱਥੋਂ ਦੇ ਲੋਕ ਅੱਜ ਇਹ ਵੀ ਨਹੀਂ ਜਾਣਦੇ ਕਿ ਸਿੱਖ, ਮੁਸਲਮਾਨਾਂ ਤੋਂ ਪੂਰੀ ਤਰ੍ਹਾਂ ਵੱਖ ਹਨ? ਸਾਨੂੰ ਹੈਰਾਨੀ ਹੁੰਦੀ ਹੈ ਕਿ ਇਕ ਮਹਾਂ-ਪ੍ਰਚਾਰਕ, ਹਜ਼ਾਰਾਂ ਲੱਖਾਂ ਅਮਰੀਕੀਆਂ ਨੂੰ ਸਿੱਖ ਸਜਾਉਣ ਦਾ ਰੋਅਬ ਸਾਰੇ ਸਿੱਖ ਪੰਥ ਉੱਪਰ ਪਾਉਂਦਾ ਹੈ, ਪਰ ਉਹ ਵੀ ਖਾਮੋਸ਼ ਹੈ ਅਤੇ ਦੱਸਣ ਤੋਂ ਅਸਮਰੱਥ ਹੈ ਕਿ ਆਖਰ ਇਨ੍ਹਾਂ ਆਪੇ ਬਣੇ ਪੰਥ ਦੇ ਅਲੰਬਰਦਾਰਾਂ ਦੇ ਪ੍ਰਚਾਰ ਦੀ ਅਸਲੀਅਤ ਨਿਊਯਾਰਕ ਅਤੇ ਵਾਸ਼ਿੰਗਟਨ ਵਿੱਚ ਜੋ ਕੁਝ ਵਾਪਰਿਆ, ਨੇ ਪ੍ਰਗਟ ਕਰ ਦਿੱਤੀ ਹੈ।

3. ਤੀਜੀ ਉਦਾਹਰਣ 11 ਸਤੰਬਰ ਦੇ ਹਮਲਿਆਂ ਤੋਂ ਪੰਜ ਦਿਨ ਪਹਿਲਾਂ ਦੀ ਹੈ। ਮੈਂ ਤੇ ਮੇਰਾ ਦੋਸਤ 6 ਨਵੰਬਰ ਨੂੰ ਧਰਮਸ਼ਾਲਾ (ਹਿਮਾਚਲ) ਦੀ ਸੈਰ ਕਰਨ ਗਏ। ਉੱਥੇ ਇਕ ਵਿਦੇਸ਼ੀ ਲੜਕੀ ਸਾਨੂੰ ਬੜੀ ਹੈਰਾਨੀ ਨਾਲ ਦੇਖ ਰਹੀ ਸੀ। ਉਸ ਨੇ ਸ਼ਾਇਦ ਦਸਤਾਰਧਾਰੀ ਤੇ ਕੇਸਾਧਾਰੀ ਮਨੁੱਖ ਪਹਿਲੀ ਵੇਰ ਹੀ ਵੇਖੇ ਸਨ। ਪੁੱਛਣ ’ਤੇ ਪਤਾ ਚੱਲਿਆ ਕਿ ਉਹ ਇਸਰਾਈਲ ਵਾਸੀ ਹੈ ਅਤੇ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਸਿੱਖ ਨਾਂ ਤੋਂ ਵੀ ਜਾਣੂ ਨਹੀਂ ਸੀ। ਮੈਨੂੰ ਬਹੁਤ ਸ਼ਰਮ ਆਈ ਕਿ ਅਸੀਂ ਸਿੱਖੀ ਸਿਧਾਤਾਂ ਦਾ ਕੀ ਪ੍ਰਚਾਰ ਕਰਨਾ ਹੈ? ਅਜੇ ਤਾਂ ਅਸੀ ਆਪਣੀ ਪਹਿਚਾਣ ਵੀ ਸੰਸਾਰ ਵਿੱਚ ਪ੍ਰਸਾਰ ਨਹੀਂ ਸਕੇ। ਇਸ ਤੋਂ ਪੰਜਾਂ ਦਿਨਾਂ ਬਾਅਦ ਹੋਏ ਹਮਲਿਆਂ ਨੇ ਮੇਰੇ ਉਪ੍ਰੋਕਤ ਵਿਚਾਰ ਦੀ ਪੁਸ਼ਟੀ ਕਰ ਦਿੱਤੀ। ਜਦੋਂ ਸਿੱਖੀ ਉਪਰ ਹਮਲਿਆਂ ਦੀਆਂ ਖ਼ਬਰਾਂ ਆ ਰਹੀਆਂ ਸਨ ਤਾਂ ਮੈਂ ਦੁਖੀ ਤਾਂ ਜ਼ਰੂਰ ਸਾਂ, ਪਰ ਹੈਰਾਨ ਬਿਲਕੁੱਲ ਨਹੀਂ ਸਾਂ, ਕਿਉਂਕਿ ਅਸੀਂ ਵੀ ਤਾਂ ਅਜੇ ਤਕ ਜਲਸੇ ਅਤੇ ਜਲੂਸ ਕੱਢ ਕੇ ਹੀ ਪ੍ਰਚਾਰ ਹੋ ਗਿਆ, ਸਮਝਦੇ ਹਾਂ। ਆਧੁਨਿਕ ਯੁੱਗ ਵਿੱਚ ਪ੍ਰਚਾਰ ਨਵੇਂ ਢੰਗਾਂ ਨਾਲ ਕਰਨ ਦਾ ਸਾਨੂੰ ਕੋਈ ਚਾਅ ਨਹੀਂ। ਇਸ ਲਈ ਸਾਨੂੰ ਖੁਦ ਲਈ ਦੋਸ਼ੀ ਮੰਨਦਿਆਂ, ਪੂਰੀ ਦਿਆਨਤਦਾਰੀ ਅਤੇ ਲਗਨ ਨਾਲ ਸਿੱਖ ਪਹਿਚਾਣ ਦੀ ਸਥਾਪਤੀ ਲਈ ਕੁਝ ਠੋਸ ਅਤੇ ਗੰਭੀਰ ਜਤਨਾਂ ਦੀ ਲੜੀ ਵਿਸ਼ਵ ਭਰ ਵਿੱਚ ਤੋਰਨੀ ਪਵੇਗੀ।

ਅਸੀਂ 1995 ਈ. ਵਿੱਚ ਅੰਮ੍ਰਿਤਸਰ ਵਿਖੇ ਹੋਈ ਵਿਸ਼ਵ ਕਾਨਫਰੰਸ ਦੇ ਮੌਕੇ ਸਿੱਖ ਚੇਤਨਾ ਕੇਂਦਰ ਵੱਲੋਂ ‘ਦਾ ਸਿਖਸ ਨਾਂ’ ਦਾ ਇਕ ਟ੍ਰੈਕਟ ਇੱਕੋ ਸਮੇਂ 16 ਭਾਸ਼ਾਵਾਂ ਵਿੱਚੋਂ ਇਸੇ ਭਾਵਨਾ ਨਾਲ ਛਪਵਾਇਆ ਸੀ। ਇਸ ਟ੍ਰੈਕਟ ਨੂੰ ਉਸ ਸਮੇਂ ਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਉਸ ਵੇਲੇ ਦੇ ਪ੍ਰਧਾਨ ਸ਼ਰੋਮਣੀ ਕਮੇਟੀ ਪਾਸੋਂ ਰੀਲੀਜ਼ ਕਰਵਾਇਆ ਸੀ। ਅਸੀਂ ਸੋਚਦੇ ਹਾਂ ਕਿ ਇਸ ਪ੍ਰਾਜੈਕਟ ਨੂੰ ਸ਼੍ਰੋਮਣੀ ਕਮੇਟੀ ਪੱਕੇ ਤੌਰ ਉਪਰ ਅਪਣਾ ਕੇ ਸਾਰੇ ਗੁਰਦੁਆਰਿਆਂ ਵਿੱਚ ਇਸ ਸਾਹਿਤ ਨੂੰ ਮੁਫਤ ਵੰਡਾਉਣ ਦੇ ਪ੍ਰਬੰਧ ਕਰੇ।

ਵਿਦੇਸ਼ਾਂ ਤੋਂ ਭਾਰਤ ਆਉਂਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਮੈਂ ਅਕਸਰ ਇਹ ਸੁਝਾਅ ਦਿੰਦਾ ਰਿਹਾ ਹਾਂ ਕਿ ਵਿਦੇਸ਼ਾਂ ਵਿੱਚ ਪੜ੍ਹੇ-ਲਿਖੇ ਪ੍ਰਚਾਰਕਾਂ ਤੋਂ ਇਲਾਵਾ ਯੁਨੀਵਰਸਿਟੀਆਂ ਦੇ ਸਿੱਖ ਵਿਦਵਾਨਾਂ ਪਾਸੋਂ ਉਚੇਚੇ ਰੂਪ ਵਿੱਚ ਗੁਰਦੁਆਰਿਆਂ ਤੋਂ ਬਾਹਰ ਸਕੂਲਾਂ ਕਾਲਜਾਂ, ਯੂਨੀਵਰਸਿਟੀਆਂ, ਟੀ.ਵੀ., ਰੇਡੀਓ ਅਤੇ ਹੋਰ ਸੰਚਾਰ ਸਾਧਨਾਂ ਰਾਹੀਂ ਲੈਕਚਰ ਕਰਵਾਏ ਜਾਣ। ਇਹ ਵੀ ਠੀਕ ਹੋਵੇਗਾ ਕਿ ਸੇਵਾ ਦੇ ਕੁਝ ਕੇਂਦਰ ਸਿੱਖਾਂ ਵੱਲੋਂ ਚਲਾਏ ਜਾਣ ਤਾਂ ਜੋ ਵਿਦੇਸ਼ਾਂ ਦੇ ਮੂਲ ਵਾਸੀ ਸਿੱਖਾਂ ਨਾਲ ਪਿਆਰ ਤੇ ਹਮਦਰਦੀ ਰੱਖਣ।

ਸਿੱਖਾਂ ਦੀ ਤ੍ਰਾਸਦੀ ਇਹ ਹੈ ਕਿ ਇਕ ਪਾਸੇ ਭਾਰਤ ਵਿੱਚ ਉਨ੍ਹਾਂ ਨੂੰ ਕੇਸਾਧਾਰੀ ਹਿੰਦੂ ਸਮਝਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਵਿਦੇਸ਼ਾਂ ਵਿੱਚ ਉਨਾਂ ਨੂੰ ਅਰਬੀ ਮੁਸਲਮਾਨ ਸਮਝਿਆ ਜਾ ਰਿਹਾ ਹੈ। ਸਿੱਖਾਂ ਨੇ ਭਾਰਤ ਦੇ ਨਾਲ ਵਿਦੇਸ਼ਾਂ ਵਿੱਚ ਵੀ ਆਪਣੇ ਮਿਹਨਤੀ ਸੁਭਾਅ ਕਾਰਨ, ਵਿਸ਼ਵ ਦੀ ਤਰੱਕੀ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ। ਸਿੱਖ ਭਾਰਤ ਵਿੱਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਰਗੇ ਉੱਚੇ ਅਹੁਦਿਆਂ ਉੱਪਰ ਪਹੁੰਚੇ ਹਨ ਤਾਂ ਵਿਦੇਸ਼ਾਂ ਵਿੱਚ ਸਿੱਖਾਂ ਦੇ ਘਰਾਂ ਵਿੱਚ ਜੰਮੇ ਗੱਭਰੂ ਕਈ ਦੇਸ਼ਾਂ ਵਿੱਚ ਮੁੱਖ ਮੰਤਰੀ, ਮੰਤਰੀ, ਐਮ.ਪੀ., ਜੱਜ, ਬੈਂਕਾਂ ਦੇ ਉੱਚ ਅਫਸਰ ਆਦਿ ਵਰਗੇ ਉੱਚੇ ਅਹੁਦਿਆਂ ਉਪਰ ਪਹੁੰਚੇ ਹਨ। ਪਰ ਵਿਦੇਸ਼ਾਂ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ। ਮੈ ਦਰਜਨਾਂ ਅੰਗ੍ਰੇਜ਼ੀ ਫਿਲਮਾਂ ਦੇਖੀਆਂ ਹਨ, ਪਰ ਕਦੇ ਕਿਸੇ ਫਿਲਮ ਵਿੱਚ ਸਿੱਖ ਦੀ ਸੂਰਤ ਤੱਕ ਦੇਖਣੀ ਨਸੀਬ ਨਹੀਂ ਹੋਈ। ਸ਼ਾਇਦ ਸਭਿਆਚਾਰਕ ਵਖਰੇਵਾਂ ਇਨ੍ਹਾਂ ਦੋਹਾਂ ਸਮੁਦਾਇਆਂ ਵਿੱਚ ਬੜਾ ਵੱਡਾ ਰੋਣਾ ਬਣਿਆ ਹੋਇਆ ਹੈ। ਇਸ ਵਖਰੇਵੇਂ ਨੂੰ ਦੂਰ ਕਰਨ ਲਈ, ਆਪਸੀ ਸਮਾਜਕ ਸਾਂਝ ਵਧਾਉਣ ਦੀ ਲੋੜ ਹੈ। ਇਹ ਸਾਂਝ ਇਸ ਤਰ੍ਹਾਂ ਦੀ ਹੋਵੇ ਕਿ ਆਪਣਾ ਨਿਆਰਾਪਣ ਵੀ ਕਾਇਮ ਰਹੇ, ਪਰ ਦੂਜਾ ਸਾਨੂੰ ਓਪਰਾ ਵੀ ਨਾ ਸਮਝੇ। ਗੁਰੂ ਨਾਨਕ ਸਾਹਿਬ ਨੇ ਸਾਨੂੰ ਦੂਜਿਆਂ ਨਾਲ ਰਹਿਣ ਦਾ ਸੂਤਰ ਸਮਝਾਇਆ ਸੀ ਕਿ ਜਿਵੇਂ ਦੁੱਧ ਦੇ ਕਟੋਰੇ ਵਿੱਚ ਚਮੇਲੀ ਦਾ ਫੁੱਲ ਟਿੱਕ ਜਾਂਦਾ ਹੈ, ਸਿੱਖ ਨੇ ਵੀ ਦੂਜਿਆਂ ਵਿੱਚ ਆਪਣੀ ਥਾਂ ਸੁਭਾਵਕ ਰੂਪ ਵਿੱਚ ਬਣਾਉਣੀ ਹੈ ਮੇਰਾ ਖ਼ਦਸ਼ਾ ਹੈ ਕਿ ਨਿਊਯਾਰਕ ਆਦਿ ਥਾਵਾਂ ਉਪਰ ਜਿਹੜੀਆਂ ਇਹ ਵਾਰਦਾਤਾਂ ਵਾਪਰੀਆਂ ਹਨ, ਇਸ ਵਿੱਚ ਉਥੋਂ ਦੇ ਮੂਲ ਵਾਸੀਆਂ ਦੇ ਮਨਾਂ ਵਿੱਚ ਬਾਹਰੋਂ ਆਏ ਲੋਕਾਂ ਪ੍ਰਤੀ ਈਰਖਾ ਅਤੇ ਨਫ਼ਰਤ ਦਾ ਵੀ ਪ੍ਰਗਟਾਵਾ ਹੋਇਆ ਹੈ। ਇਸ ਈਰਖਾ ਅਤੇ ਨਫ਼ਰਤ ਦਾ ਮੁਕਾਬਲਾ ਅਸੀਂ ਪ੍ਰੇਮ ਅਤੇ ਸੇਵਾ ਦੇ ਗੁਰੂ-ਦਰਸਾਏ ਮਾਰਗ ਉੱਪਰ ਚੱਲ ਕੇ ਕਰ ਸਕਦੇ ਹਾਂ।

ਭਾਵੇਂ ਇਹ ਬਹੁਤ ਦੇਰੀ ਨਾਲ ਚੁੱਕਿਆ ਕਦਮ ਹੀ ਹੋਵੇਗਾ, ਸਾਨੂੰ ਮਿਲ-ਜੁਲ ਕੇ ਸਿੱਖ ਪਹਿਚਾਣ ਨੂੰ ਦੁਨੀਆਂ ਭਰ ਵਿੱਚ ਸਥਾਪਿਤ ਕਰਾਉਣ ਲਈ ਠੋਸ ਉਪਰਾਲੇ ਕਰਨ ਲਈ ਵੱਡੇ ਜਤਨ ਆਰੰਭ ਦੇਣੇ ਚਾਹੀਦੇ ਹਨ।