ਦਸਤਾਰ ਦਾ ਮਹੱਤਵ

0
1181

ਦਸਤਾਰ ਦਾ ਮਹੱਤਵ

-ਮੇਜਰ ਸਿੰਘ ਨਾਭਾ- 94635-53962

ਦਸਤਾਰ ਦਾ ਮਹੱਤਵ ਸਿੱਖਾਂ ਲਈ ਅਹਿਮ ਹੈ ਜੋ ਕਿ ਸਿੱਖ ਪਹਿਚਾਣ ਦਾ ਮੁੱਖ ਪ੍ਰਤੀਕ ਹੈ। ਸਾਡੇ ਸਮਾਜ ਵਿਚ ਵੀ ਦਸਤਾਰ (ਪਗੜੀ) ਦੀ ਮਹੱਤਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਪੱਗ ਨੂੰ ਇੱਜ਼ਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਤਾਹੀਓਂ ਤਾਂ ‘ਪੱਗ ਰੱਖਣੀ’ ਭਾਵ ਲਾਜ ਰੱਖਣਾ ‘ਪੱਗ ਨੂੰ ਦਾਗ਼ ਲੱਗਣਾ’ ਭਾਵ ਇੱਜਤ ਨੂੰ ਆਂਚ ਆਉਣਾ ਆਦਿ ਮੁਹਾਵਰਿਆਂ ਦੇ ਰੂਪ ਵਿਚ ਸਾਡੇ ਸਮਾਜ ਵਿਚ ਆਮ ਪੱਗ ਲਈ ਵਰਤੇ ਜਾਂਦੇ ਹਨ। ਸਿੱਖ ਬੱਚਿਆਂ ਦੇ ਸਕੂਲਾਂ ਵਿਚ ਦਸਤਾਰ ਸਜਾ ਕੇ ਜਾਣ ’ਤੇ ਕਈ ਦੇਸ਼ਾਂ ’ਚ ਪਾਬੰਦੀ ਲਾਉਣ ਨਾਲ ਇਹ ਮਸਲਾ ਅੱਜ ਅੰਤਰਰਾਸ਼ਟਰੀ ਪੱਧਰ ’ਤੇ ਵਿਚਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੋ ਕਿ ਸਿੱਖਾਂ ਲਈ ਇਕ ਚੁਣੌਤੀ ਅਤੇ ਚਿੰਤਾ ਭਰਿਆ ਵਿਸ਼ਾ ਹੈ। ਇਸ ਮਸਲੇ ਦੇ ਸੰਬੰਧ ’ਚ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਦਾ ਆਪਣੀ ਸਰਕਾਰ ਅਤੇ ਵਿਦੇਸ਼ੀ ਸਰਕਾਰਾਂ ਨਾਲ ਰਾਬਤਾ ਬਣਾਇਆ ਹੋਇਆ ਹੈ।

ਸਰਦਾਰੀ ਦਾ ਖਿਤਾਬ ਸਿਰ ’ਤੇ ਦਸਤਾਰ ਸਜਾਉਣ ਵਾਲੇ ਨੂੰ ਹੀ ਮਿਲਦਾ ਹੈ। ਪਰ ਅੱਜ ਦੇ ਸਿੱਖ ਨੌਜਵਾਨ ਸਰਦਾਰੀ ਨੂੰ ਛੱਡ ਕੇ ਭਈਏ ਬਣਦੇ ਜਾ ਰਹੇ ਹਨ। ਉਹ ਸਿੰਘਾਂ ਦੀਆਂ ਕੇਸਾਂ ਲਈ ਦਿੱਤੀਆਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਨ। ਪੰਜਾਬ ਅੰਦਰ ਸ਼ਹਿਰੀ ਖੇਤਰ ਨਾਲੋਂ ਪੇਂਡੂ ਖੇਤਰ ਦੇ ਸਿੱਖ ਪਰਿਵਾਰਾਂ ਦੇ ਬੱਚਿਆਂ ਦੀ ਮਾਨਸਿਕਤਾ ਪੱਗ ਨਾਲੋਂ ਜਿਆਦਾ ਟੁੱਟਦੀ ਜਾ ਰਹੀ ਹੈ। ਮੈਨੂੰ ਯਾਦ ਹੈ, ਤਿੰਨ ਦਹਾਕੇ ਪਹਿਲਾਂ 1974 ’ਚ ਮੈਂ ਆਪਣੇ ਪਿੰਡ ਦੰਦਰਾਲਾ ਢੀਂਡਸਾ (ਪਟਿਆਲਾ) ਜਦੋਂ ਦਸਵੀਂ ਕਲਾਸ ਵਿਚ ਪੜ੍ਹਦਾ ਸੀ ਤਾਂ ਸਾਡੀ ਕਲਾਸ ਦੇ 43 ਮੁੰਡਿਆਂ ’ਚੋਂ 25-30 ਮੁੰਡਿਆਂ ’ਚ ਸਿਰਫ ਪੰਜ ਮੁੰਡਿਆਂ ਦੇ ਪੱਗ ਨਹੀਂ ਸਜਾਈ ਹੋਈ ਸੀ ਜੋ ਕਿ ਦੋ ਬਾਣੀਆਂ ਦੇ ਮੁੰਡੇ ਅਤੇ ਦੋ ਪੰਡਿਤਾਂ ਦੇ ਮੁੰਡੇ ਸਨ। ਬਾਕੀ ਮੁੰਡਿਆਂ ’ਚ ਦੋ ਪੰਡਿਤਾਂ ਦੇ ਮੁੰਡੇ ਵੀ ਪੱਗ ਬੰਨਦੇ ਸੀ ਜੋ ਅੱਜ ਵੀ ਬੰਨ੍ਹਦੇ ਹਨ।

ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੇ ਭਾਵੇਂ ਛੋਟੀ ਉਮਰੇ ਕੇਸਾਂ ਦੀ ਲਾਜ ਖ਼ਾਤਰ ਆਪਣੀਆਂ ਅਨਮੋਲ ਜਿੰਦਗੀਆ ਵਾਰ ਦਿੱਤੀਆਂ ਪਰ ਅੱਜ ਸਾਡੇ ਸਰਦਾਰਾਂ ਦੇ ਬੱਚੇ ਨਾਈਆਂ ਅੱਗੇ ਬੜੇ ਚਾਅ ਨਾਲ ਬੈਠ ਕੇ ਆਪਣੇ ਕੇਸ ਕਤਲ ਕਰਵਾ ਰਹੇ ਹਨ। ਅੱਜ ਭਾਵੇਂ ਸਿੱਖੀ ਦੇ ਪ੍ਰਚਾਰ ਕਰਨ ਦੇ ਕਈ ਤਰ੍ਹਾਂ ਨਾਲ ਉਪਰਾਲੇ ਕੀਤੇ ਜਾ ਰਹੇ ਹਨ। ਪਰ ਬੜੇ ਅਫਸੋਸ ਦੀ ਗੱਲ ਹੈ ਆਬਾਦੀ ਦੇ ਅਨੁਪਾਤ ਅਨੁਸਾਰ ਬੱਚਿਆਂ ਦੇ ਕੇਸ ਕਤਲ ਕਰਵਾਉਣ ਦਾ ਰੁਝਾਣ ਮਾਪਿਆਂ ਅੰਦਰ ਵਧਦਾ ਜਾ ਰਿਹਾ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਸਿੱਖੀ ਸਰੂਪ ਘਟਦਾ ਜਾ ਰਿਹਾ ਹੈ। ਭਾਵੇਂ ਕਿਸੇ ਹੱਦ ਤੱਕ ਬੱਚਾ ਖੁਦ ਵੀ ਕੇਸ ਕਟਵਾਉਣ ਲਈ ਅੱਜ ਦੇ ਸਭਿਆਚਾਰ ਅਨੁਸਾਰ ਜਿੱਦ ਕਰਦਾ ਹੈ ਪਰ ਬੱਚਿਆਂ ਦੇ ਕੇਸ ਕਟਵਾਉਣ ਲਈ ਮਾਵਾਂ ਦਾ ਵੀ ਅਹਿਮ ਰੋਲ ਹੈ।

ਬੱਚੇ ਜਨਮ ਲੈਣ ਤੋਂ ਬਾਅਦ ਮਾਂ ਦੇ ਦੁੱਧ ਨਾਲ ਹੀ ਸਿੱਖਿਆ ਗ੍ਰਹਿਣ ਕਰਨੀ ਸ਼ੁਰੂ ਕਰ ਦਿੰਦਾ ਹੈ। ਪਹਿਲਾਂ ਪਹਿਲਾਂ ਪਰਿਵਾਰਿਕ ਮੈਂਬਰਾਂ ਦੀ ਰੀਸੋ ਰੀਸ ਸਿੱਖਣਾ ਸ਼ੁਰੂ ਕਰਦਾ ਹੈ ਤੇ ਉਸ ਤੋਂ ਬਾਅਦ ਆਪਣੇ ਆਂਢ-ਗੁਆਂਢ ਤੇ ਫਿਰ ਸਮਾਜ ਪਾਸੋਂ ਜੀਵਨ ਜਾਚ ਸਿੱਖਦਾ ਹੈ। ਇਸ ਤਰ੍ਹਾਂ ਪਹਿਲੀ ਸਟੇਜ ’ਤੇ ਜੋ ਸਿੱਖਿਆ ਪ੍ਰਾਪਤ ਕਰੇਗਾ ਅਗਰ ਦੂਜੀ ਤੇ ਤੀਜੀ ਸਟੇਜ਼ ’ਤੇ ਵੀ ਉਹੋ ਜਿਹੀ ਸਿੱਖਿਆ ਬੱਚੇ ਨੂੰ ਮਿਲ ਜਾਵੇ ਤਾਂ ਉਹ ਕਿਸੇ ਹੱਦ ਤੱਕ ਉਸ ਵਿਚ ਪਰਪੱਕ ਹੋ ਜਾਵੇਗਾ। ਉਸ ਦੇ ਵਿਚਾਰ ਠੋਸ ਬਣ ਜਾਣਗੇ।

ਸਮੇਂ ਦੀ ਲੋੜ ਹੈ ਬੱਚਿਆਂ ਦੇ ਮਨਾਂ ਅੰਦਰ ਦਸਤਾਰ ਦਾ ਮਹੱਤਵ ਵਸਾਉਣ ਦੀ। ਇਸ ਵਿਚ ਸਭ ਤੋਂ ਵੱਡਾ ਰੋਲ ਮਾਂ ਦਾ ਜਾਪਦਾ ਹੈ ਜਦੋਂ ਬੱਚੇ ਦੇ ਕੇਸ ਸੰਵਾਰਨ ’ਤੇ ਬੱਚਾ ਰੋਂਦਾ ਹੈ ਤਾਂ ਮਾਂ ਨੂੰ ਸਬਰ, ਸਹਿਣਸ਼ੀਲਤਾ ਨਾਲ ਉਸ ਨੂੰ ਵਰਾਉਣਾ ਚਾਹੀਦਾ ਹੈ ਕਈ ਮਾਂਵਾਂ ਤਾਂ ਬੱਚੇ ਦੇ ਕੇਸ ਸੰਵਾਰਨ ਤੋਂ ਅੱਕ ਕੇ ਹੀ ਨਾਈ ਦੇ ਪਾਸ ਭੇਜ ਕੇ ਬੱਚੇ ਨੂੰ ਸੰਭਾਲਣ ਵਾਲੀ ਜਿੰਮੇਵਾਰੀ ਤੋਂ ਮਾਂਵਾਂ ਵੀ ਮੁਕਤੀ ਪ੍ਰਾਪਤ ਕਰਨਾ ਚਾਹੁੰਦੀਆਂ ਹਨ। ਜਦੋਂ ਮਾਂਵਾਂ ਹੀ ਬਿਊਟੀ ਪਾਰਲਰ ਵਿਚ ਜਾਂਦੀਆਂ ਹੋਣ ਤਾਂ ਕੀ ਉਹ ਬੱਚਿਆਂ ਲਈ ਸਿੱਖੀ ਸਰੂਪ ਚਾਹੁੰਦੀਆਂ ਹਨ। ਬੱਚਿਆਂ ਲਈ ਦਸਤਾਰਬੰਦੀ ਮੁਕਾਬਲੇ ਕਰਨ ਦਾ ਵਧੀਆ ਰੁਝਾਨ ਕਈ ਸੰਸਥਾਵਾਂ ਨੇ ਆਰੰਭਿਆ ਹੈ ਜਿਹਨਾਂ ਦੀ ਸਰਾਹੁਣਾ ਕਰਨੀ ਬਣਦੀ ਹੈ। ਇਸੇ ਤਰ੍ਹਾਂ ਹੀ ਅਕਾਲ ਤਖਤ ਸਾਹਿਬ ’ਤੇ ਦਸਤਾਰਬੰਦੀ ਕਰਨ ਦੇ ਕਈ ਸੰਸਥਾਵਾਂ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ। ਬਾਹਰਲੇ ਦੇਸ਼ਾਂ ’ਚ ਵੀ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ। ਸਾਡੇ ਬੱਚਿਆਂ ਸਾਹਮਣੇ ਸਿੱਖਾਂ ਦੇ ਮਾਡਲ ਪੇਸ਼ ਕਰਨੇ; ਸਾਡੇ ਸਿੱਖ ਪ੍ਰਚਾਰਕਾਂ, ਸੰਸਥਾਵਾਂ ਦਾ ਉਦੇਸ਼ ਹੋਣਾ ਚਾਹੀਦਾ ਹੈ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਵੀ ਬੱਚਿਆਂ ਨੂੰ ਸਿੱਖੀ ਸਰੂਪ ਵੱਲ ਪ੍ਰੇਰਨਾ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਦਸਤਾਰ ਸਜਾਉਣ ਲਈ ਕੇਂਦਰ ਸਥਾਪਿਤ ਕਰਨੇ, ਮੁਕਾਬਲੇ ਕਰਾਉਣੇ ਤਾਂ ਜੋ ਬੱਚੇ ਅੰਦਰ ਦਸਤਾਰ ਨੂੰ ਸਜਾਉਣ ਦਾ ਸ਼ੌਕ ਪੈਦਾ ਹੋ ਸਕੇ। ਉਚਿਤ ਇਨਾਮ ਸਨਮਾਨ ਦਿੱਤੇ ਜਾਣ।

ਸੋ, ਹਰ ਇਲਾਕੇ ਵਿੱਚ ਦਸਤਾਰਬੰਦੀ ਮੁਕਾਬਲੇ ਕਰਵਾ ਕੇ ਸੰਸਾਰ ਪੱਧਰ ’ਤੇ ਇਸ ਮੁੱਦੇ ਨੂੰ ਲਿਜਾਇਆ ਜਾਵੇ। ਸਿੱਖ ਧਰਮ ਦੇ ਪ੍ਰਚਾਰ ਲਈ ਬੱਚਿਆਂ ਨੂੰ ਮੋਹਰੀ ਬਣਾ ਕੇ ਪ੍ਰੋਗਰਾਮ ਉਲੀਕੇ ਜਾਣ ਜਿਵੇਂ ਧਾਰਮਿਕ, ਵਿਦਿਅਕ ਮੁਕਾਬਲੇ, ਪਟਕੇ, ਦਸਤਾਰ ਸਜਾਉਣ ਦੇ ਮੁਕਾਬਲੇ ਆਦਿ ਕਰਵਾਏ ਜਾਣ, ਸਮੇਂ ਦੀ ਲੋੜ ਹੈ ਕੇਬਲ, ਟੀ.ਵੀ. ਚੈਨਲਾਂ ’ਤੇ ਸਿੱਖੀ ਕਿਰਦਾਰ ਵਾਲੇ ਸੀਰੀਅਲ ਪੇਸ਼ ਕਰਨ ਦੀ। ਸਿੱਖ ਕੌਮ ਦਾ ਆਪਣਾ ਚੈਨਲ ਹੋਣਾ ਚਾਹੀਦਾ ਹੈ ਜਿਹੜਾ ਕਿ ਸਿੱਖ ਬੱਚਿਆਂ ਵੱਲੋਂ ਰੋਮਾਂਟਿਕ, ਧਾਰਮਿਕ, ਵਿਦਿਅਕ ਦੂਜੇ ਚੈਨਲਾਂ ਦੇ ਮੁਕਾਬਲੇ ਪ੍ਰੋਗਰਾਮ ਪੇਸ਼ ਕਰੇ ਤਾਂ ਕਿ ਸਿੱਖੀ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ। ਸਾਡੇ ਸਿੱਖ ਨੇਤਾਵਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸਲੀ ਗੁਰਸਿੱਖ ਕਿੰਨੇ ਕੁ ਹਨ। ਸਿਰਫ ਦਾੜ੍ਹੀ ਕੇਸ ਵਾਲਾ ਹੀ ਸਿੱਖ ਸਮਝ ਲਿਆ ਜਾਂਦਾ ਹੈ ਪਰ ਅੱਜ ਅਸੀਂ ਜਦੋਂ ਇਹੋ ਜਿਹੇ ਸਰੂਪ ਵਾਲੇ ਨੂੰ ਬੀੜੀ ਪੀਂਦੇ ਤੇ ਜਰਦਾ ਮਲਦੇ ਦੇਖਦੇ ਹਾਂ ਤਾਂ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿਉਂ ਨਾਂ ਇਹ ਲੋਕ ਵੀ ਵਾਲ ਕਟਵਾ ਲੈਂਦੇ, ਘੱਟੋ ਘੱਟ ਸਿੱਖੀ ਸਰੂਪ ਨੂੰ ਢਾਹ ਤਾਂ ਨਹੀਂ ਲੱਗਦੀ। ਬਹੁਤ ਸਾਰੇ ਦਾੜ੍ਹੀ ਕੇਸਾਂ ਵਾਲੇ ਸਿੱਖੀ ਨਾਲੋਂ ਟੁੱਟ ਕੇ ਡੇਰਿਆਂ ਆਦਿ ਨਾਲ ਜੁੜੇ ਹੋਏ ਹਨ। ਇਸ ਲਈ ਸਾਨੂੰ ਸਿੱਖੀ ਤੇ ਮਾਣ ਕਰਨ ਵੇਲੇ ਇਹਨਾਂ ਲੋਕਾਂ ਬਾਰੇ ਸੋਚਣ ਦੀ ਲੋੜ ਹੈ ਕਿ ਇਹ ਕਿਉਂ ਸਿੱਖੀ ਨਾਲੋਂ ਟੁੱਟਦੇ ਜਾ ਰਹੇ ਹਨ।