ਤੇਜ਼ ਬੁਖ਼ਾਰ ਕਾਰਨ ਬੱਚੇ ਨੂੰ ਦੌਰਾ ਪੈਣਾ

0
457

ਤੇਜ਼ ਬੁਖ਼ਾਰ ਕਾਰਨ ਬੱਚੇ ਨੂੰ ਦੌਰਾ ਪੈਣਾ

ਡਾ: ਹਰਸ਼ਿੰਦਰ ਕੌਰ, ਐਮ ਡੀ, ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਛੇ ਮਹੀਨੇ ਤੋਂ ਪੰਜ ਸਾਲ ਦੀ ਉਮਰ ਤੱਕ ਦੇ ਬੱਚੇ ਕਈ ਵਾਰ ਗਲਾ ਖ਼ਰਾਬ ਜਾਂ ਵਾਇਰਲ ਬੁਖ਼ਾਰ ਦੀ ਤਾਬ ਝੱਲ ਨਹੀਂ ਸਕਦੇ। ਭਾਵੇਂ ਦਿਮਾਗ਼ ਵਿੱਚ ਕੀਟਾਣੂਆਂ ਦਾ ਹਮਲਾ ਨਹੀਂ ਹੋਇਆ ਹੁੰਦਾ, ਫੇਰ ਵੀ ਬੁਖ਼ਾਰ ਕਾਰਨ ਉਨ੍ਹਾਂ ਨੂੰ ਦੌਰਾ ਪੈ ਜਾਂਦਾ ਹੈ। ਇਹ ਦਿਮਾਗ਼ੀ ਬੁਖ਼ਾਰ ਨਹੀਂ ਹੁੰਦਾ। ਇਸ ਨੂੰ ‘ਬੁਖ਼ਾਰੀ ਦੌਰਾ’ (ਫੀਬਰਾਈਲ ਸੀਜ਼ਰ) ਕਿਹਾ ਜਾਂਦਾ ਹੈ।

ਅਮਰੀਕਾ ਵਿੱਚ ਲਗਭਗ ਪੰਜ ਪ੍ਰਤੀਸ਼ਤ ਬੱਚਿਆਂ ਵਿੱਚ ਇਹ ਬੀਮਾਰੀ ਵੇਖੀ ਜਾਂਦੀ ਹੈ ਜਦਕਿ ਹਿੰਦੁਸਤਾਨ ਵਿਚ 10 ਪ੍ਰਤੀਸ਼ਤ ਤਕ ਬੱਚੇ ਬੁਖ਼ਾਰੀ ਦੌਰੇ ਦੇ ਸ਼ਿਕਾਰ ਹੋ ਜਾਂਦੇ ਹਨ।

ਇਹ ਬੀਮਾਰੀ ਜ਼ਿਆਦਾਤਰ ਉਨ੍ਹਾਂ ਬੱਚਿਆਂ ਨੂੰ ਹੁੰਦੀ ਹੈ :-

(1). ਜਿਸ ਟੱਬਰ ਵਿਚ ਪਹਿਲਾਂ ਵੀ ਕਿਸੇ ਨੂੰ ਇਹ ਬੀਮਾਰੀ ਹੋਵੇ।

(2). ਜੇ ਜੱਚਾ ਨੂੰ ਬਲੱਡ ਪ੍ਰੈਸ਼ਰ ਦੀ ਬੀਮਾਰੀ ਹੋਵੇ, ਉਸ ਦੇ ਪਿਸ਼ਾਬ ਵਿੱਚ ਪ੍ਰੋਟੀਨ ਆ ਰਹੀ ਹੋਵੇ, ਫੇਫੜਿਆਂ ਵਿੱਚ ਕੀਟਾਣੂਆਂ ਦਾ ਹਮਲਾ ਹੋਇਆ ਹੋਵੇ, ਜੱਚਾ ਸਿਗਰਟ ਪੀਂਦੀ ਹੋਵੇ ਜਾਂ ਛੋਟੀ ਉਮਰ ਦੀ ਹੋਵੇ ਤਾਂ ਉਸ ਦੇ ਬੱਚੇ ਨੂੰ ਇਸ ਬੀਮਾਰੀ ਦਾ ਖ਼ਤਰਾ ਵਧ ਹੁੰਦਾ ਹੈ।

(3). ਬੱਚਾ ਪੂਰੇ ਵਕਤ ਤੋਂ ਪਹਿਲਾ ਜੰਮ ਪਿਆ ਹੋਵੇ, ਜਨਮ ਸਮੇਂ ਬਹੁਤ ਜ਼ਿਆਦਾ ਵਧਿਆ ਹੋਇਆ ਪੀਲੀਆ ਹੋਵੇ, ਬੱਚਾ ਘੱਟ ਭਾਰ ਦਾ ਜੰਮਿਆ ਹੋਵੇ, ਬੱਚਾ ਜੰਮਣ ਤੋਂ ਇਕਦਮ ਬਾਅਦ ਨਾ ਰੋਇਆ ਹੋਵੇ, ਜਨਮ ਵੇਲੇ ਸਿਰ ’ਤੇ ਸੱਟ ਵਜ ਜਾਵੇ, ਜਨਮ ਤੋਂ ਬਾਅਦ 28 ਦਿਨ ਤੱਕ ਹਸਪਤਾਲ ਦਾਖਲ ਰਹਿਣਾ ਪਿਆ ਹੋਵੇ, ਆਦਿ ਕਾਰਨ ਵੀ ਬੁਖ਼ਾਰੀ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।

(4). ਜੇ ਬੱਚਾ ਇਕ ਸਾਲ ਵਿਚ ਸੱਤ ਜਾਂ ਅੱਠ ਵਾਰ ਬੀਮਾਰ ਹੁੰਦਾ ਹੋਵੇ।

(5). ਜੇ ਬੱਚੇ ’ਤੇ ਹਰਪੀਜ਼ ਵਾਇਰਸ – ਕਿਸਮ 6 ਦਾ ਹਮਲਾ ਹੋਇਆ ਹੋਵੇ।

(6). ਲਹੂ ਦੀ ਬਹੁਤੀ ਕਮੀ ਹੋਵੇ, ਤਾਂ ਵੀ ਇਸ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।

(7). ਕਈ ਵਾਰ ਡੀ. ਪੀ. ਟੀ ਜਾਂ ਐਮ. ਐਮ. ਆਰ. ਦੇ ਟੀਕੇ ਲੱਗਣ ਤੋਂ ਬਾਅਦ ਵੀ ਇਹ ਬੀਮਾਰੀ ਵੇਖੀ ਗਈ ਹੈ।

ਜਦੋਂ ਬੱਚੇ ਨੂੰ ਬੁਖ਼ਾਰ ਤੇਜ਼ੀ ਨਾਲ ਚੜ੍ਹਦਾ ਜਾਂ ਉਤਰਦਾ ਹੈ ਤਾਂ ਦਿਮਾਗ਼ ਵਿਚ ਗਲੂਟਾਮੇਟ ਦੀ ਮਾਤਰਾ ਵਧ ਜਾਂਦੀ ਹੈ ਜਿਸ ਕਾਰਨ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ। ਕੁੱਝ ਵਿਗਿਆਨੀ ਜ਼ਿੰਕ ਦੀ ਕਮੀ ਨੂੰ ਵੀ ਇਸ ਦਾ ਕਾਰਨ ਮੰਨਦੇ ਹਨ।

ਇੱਕ ਗੱਲ ਤਾਂ ਪੱਕੀ ਹੈ ਕਿ ਬੁਖ਼ਾਰੀ ਦੌਰੇ ਵਾਲੇ ਚਾਲੀ ਪ੍ਰਤੀਸ਼ਤ ਬੱਚਿਆਂ ਦੇ ਟੱਬਰ ਵਿੱਚ ਕਿਸੇ ਨਾ ਕਿਸੇ ਨੂੰ ਇਹ ਬੀਮਾਰੀ ਜ਼ਰੂਰ ਹੁੰਦੀ ਹੈ। ਇਸੇ ਕਰਕੇ ਇਸ ਨੂੰ ‘ਜੀਨ’ ਰਾਹੀਂ ਪੁਸ਼ਤ ਦਰ ਪੁਸ਼ਤ ਚੱਲਣ ਵਾਲਾ ਰੋਗ ਵੀ ਮੰਨ ਲਿਆ ਗਿਆ ਹੈ।

ਇਕ ਵਾਰ ਦੌਰਾ ਪੈਣ ਤੋਂ ਬਾਅਦ 37% ਬੱਚਿਆਂ ਨੂੰ ਦੁਬਾਰਾ ਇਕ ਦੌਰਾ ਪੈ ਜਾਂਦਾ ਹੈ। 30 ਕੁ ਪ੍ਰਤੀਸ਼ਤ ਬੱਚਿਆਂ ਨੂੰ ਦੁਬਾਰਾ ਦੋ ਵਾਰ ਦੌਰੇ ਪੈ ਸਕਦੇ ਹਨ ਤੇ 17% ਬੱਚਿਆਂ ਨੂੰ ਬਾਅਦ ਦੀ ਉਮਰ ਵਿਚ ਬੁਖ਼ਾਰੀ ਦੌਰਾ ਤਿੰਨ ਜਾਂ ਵੱਧ ਵਾਰ ਵੀ ਪੈ ਸਕਦਾ ਹੈ।

ਆਮ ਤੌਰ ’ਤੇ ਪਹਿਲਾ ਬੁਖ਼ਾਰੀ ਦੌਰਾ ਪੈਣ ਤੋਂ 6 ਮਹੀਨੇ ਦੇ ਵਿੱਚ ਵਿੱਚ ਇਹ ਦੌਰਾ ਦੁਬਾਰਾ ਪੈਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਤੇ ਦੋ ਸਾਲ ਤੱਕ ਖ਼ਤਰਾ ਕਾਇਮ ਵੀ ਰਹਿੰਦਾ ਹੈ। ਜਿਨ੍ਹਾਂ ਬੱਚਿਆਂ ਦੇ ਟੱਬਰ ਵਿੱਚ ਅੱਗੇ ਬੁਖ਼ਾਰੀ ਦੌਰੇ ਦਾ ਕੋਈ ਮਰੀਜ਼ ਹੋਵੇ, ਉਨ੍ਹਾਂ ਵਿੱਚ ਬਾਰ ਬਾਰ ਬੁਖ਼ਾਰੀ ਦੌਰੇ ਪੈਣ ਦਾ ਖ਼ਤਰਾ ਵਧ ਜਾਂਦਾ ਹੈ।

ਜੇ ਬੱਚੇ ਨੂੰ ਪਹਿਲਾ ਦੌਰਾ ਡੇਢ ਸਾਲ ਦੀ ਉਮਰ ਤੋਂ ਪਹਿਲਾਂ ਪਿਆ ਹੋਵੇ ਜਾਂ ਢਾਈ ਸਾਲ ਦੀ ਉਮਰ ਤੋਂ ਬਾਅਦ ਪਿਆ ਹੋਵੇ, ਤਾਂ ਵੀ ਦੁਬਾਰਾ ਬੁਖ਼ਾਰੀ ਦੌਰਾ ਪੈਣ ਦੇ ਆਸਾਰ ਵਧ ਜਾਂਦੇ ਹਨ। ਜੇ ਬਹੁਤ ਘੱਟ ਬੁਖ਼ਾਰ ’ਤੇ ਵੀ ਬੱਚੇ ਨੂੰ ਦੌਰਾ ਪੈ ਜਾਵੇ ਤਾਂ ਦੁਬਾਰਾ ਦੌਰਾ ਪੈਣ ਦਾ ਖ਼ਤਰਾ ਵਧ ਜਾਂਦਾ ਹੈ।

ਬੁਖ਼ਾਰੀ ਦੌਰਾ ਤਿੰਨ ਕਿਸਮਾਂ ਦਾ ਹੁੰਦਾ ਹੈ। ਪਹਿਲੀ ਕਿਸਮ ਵਿੱਚ ਇਕ ਦੌਰਾ ਪੰਦਰਾਂ ਮਿੰਟ ਤੋਂ ਘਟ ਰਹਿੰਦਾ ਹੈ ਤੇ ਇਸ ਵਿੱਚ ਹੱਥਾਂ ਪੈਰਾਂ ਦੇ ਝਟਕੇ ਵਜਦੇ ਹਨ। ਮੂੰਹ ਵਿੱਚੋਂ ਝੱਗ ਆਉਂਦੀ ਹੈ। ਟੱਟੀ ਪਿਸ਼ਾਬ ਪਜਾਮੀ ਵਿੱਚ ਨਿਕਲ ਜਾਂਦਾ ਹੈ ਤੇ ਦੌਰਾ ਰੁਕਣ ਤੋਂ ਬਾਅਦ ਬੱਚਾ ਕੁੱਝ ਦੇਰ ਲਈ ਸੁਸਤ ਪੈ ਜਾਂਦਾ ਹੈ। ਇਹ ਦੌਰਾ ਬੁਖ਼ਾਰ ਦੇ ਦੌਰਾਨ ਵੀ ਚੌਵੀ ਘੰਟਿਆਂ ਵਿੱਚ ਇਕ ਵਾਰ ਤੋਂ ਵਧ ਨਹੀਂ ਪੈਂਦਾ।

ਦੂਜੀ ਕਿਸਮ ਦੇ ਦੌਰੇ ਵਿਚ ਸਰੀਰ ਦੇ ਇਕ ਪਾਸੇ ਦਾ ਦੌਰਾ ਪੈ ਜਾਂਦਾ ਹੈ ਤੇ ਇਕ ਦੌਰਾ ਪੰਦਰਾਂ ਮਿੰਟ ਤੋਂ ਵਧ ਰਹਿ ਸਕਦਾ ਹੈ। ਕਈ ਵਾਰ ਤਾਂ ਅਜਿਹਾ ਦੌਰਾ ਚੌਵੀ ਘੰਟਿਆਂ ਵਿੱਚ ਦੁਬਾਰਾ ਵੀ ਪੈ ਜਾਂਦਾ ਹੈ। ਇਸ ਦੌਰੇ ਵਿੱਚ ਸਰੀਰ ਦੇ ਇਕ ਪਾਸੇ ਦੀ ਥੋੜੀ ਦੇਰ ਲਈ ਕਮਜ਼ੋਰੀ ਵੀ ਹੋ ਜਾਂਦੀ ਹੈ।

ਤੀਜੀ ਕਿਸਮ ਦਾ ਦੌਰਾ ਲਗਾਤਾਰ ਅੱਧਾ ਘੰਟਾ ਪੈਂਦਾ ਰਹਿੰਦਾ ਹੈ।

ਜੇ ਬੱਚੇ ਨੂੰ ਦੌਰਾ ਦੂਜੀ ਤਾਂ ਤੀਜੀ ਕਿਸਮ ਦਾ ਪਿਆ ਹੋਵੇ ਤਾਂ ਦੁਬਾਰਾ ਦੌਰਾ ਪੈਣ ਦਾ ਖ਼ਤਰਾ ਕਾਫ਼ੀ ਵਧ ਹੁੰਦਾ ਹੈ।

ਜਿਸ ਬੱਚੇ ਦੀ ਗਰਦਨ ਵਿਚ ਅਕੜਾਓ ਹੋ ਰਿਹਾ ਹੋਵੇ, ਦੌਰਾ ਪੈਣ ਤੋਂ ਪਹਿਲਾਂ ਹੀ ਬੇਸੁਰਤ ਹੋ ਰਿਹਾ ਹੋਵੇ ਜਾਂ ਚਿੜਚਿੜਾ ਹੋਵੇ, ਉਲਟੀਆਂ ਲੱਗੀਆਂ ਹੋਣ, ਸਰੀਰ ’ਤੇ ਦਾਣੇ ਨਿਕਲੇ ਹੋਣ ਜਾਂ ਦੌਰੇ ਤੋਂ ਕਾਫੀ ਬਾਅਦ ਤੱਕ ਵੀ ਹੋਸ਼ ਵਿੱਚ ਨਾ ਆਵੇ ਤਾਂ ਬੱਚੇ ਦੀ ਰੀੜ ਦੀ ਹੱਡੀ ਵਿੱਚੋਂ ਪਾਣੀ ਕੱਢ ਕੇ ਟੈਸਟ ਕਰਨਾ ਜ਼ਰੂਰੀ ਹੁੰਦਾ ਹੈ ਕਿ ਕਿਤੇ ਉਸ ਨੂੰ ਦਿਮਾਗ਼ੀ ਬੁਖ਼ਾਰ ਜਾਂ ਉਸ ਦੇ ਦਿਮਾਗ਼ ਵਿੱਚ ਕੀਟਾਣੂਆਂ ਦਾ ਹਮਲਾ ਤਾਂ ਨਹੀਂ ਹੋ ਗਿਆ ?

ਦੌਰਾ ਪੈਣ ’ਤੇ ਬੱਚੇ ਨੂੰ ਪਾਸਾ ਦੁਆ ਦੇਣਾ ਚਾਹੀਦਾ ਹੈ ਅਤੇ ਠੰਡੇ ਪਾਣੀ ਦੀਆਂ ਪੱਟੀਆਂ ਕਰਨੀਆਂ ਚਾਹੀਦੀਆਂ ਹਨ। ਬੱਚੇ ਦਾ ਮੂੰਹ ਇੱਕ ਪਾਸੇ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਮੂੰਹ ਅੰਦਰਲੀ ਥੁੱਕ ਸਾਹ ਦੀ ਨਾਲੀ ਵੱਲ ਨਾ ਲੰਘ ਜਾਏ ਤੇ ਬੱਚੇ ਨੂੰ ਸਾਹ ਲੈਣ ਵਿਚ ਔਖਿਆਈ ਨਾ ਆਵੇ ਜੋ ਜਾਨਲੇਵਾ ਸਾਬਤ ਹੋ ਸਕਦੀ ਹੈ।

ਦੌਰਾ ਰੁਕ ਜਾਣ ’ਤੇ ਬੱਚੇ ਨੂੰ ਇਕਦਮ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ ਤਾਂ ਜੋ ਬੁਖ਼ਾਰ ਦਾ ਇਲਾਜ ਕੀਤਾ ਜਾ ਸਕੇ। ਆਮ ਤੌਰ ’ਤੇ ਦੌਰਾ ਰੋਕਣ ਦੀਆਂ ਦਵਾਈਆਂ ਜ਼ਿਆਦਾ ਦੇਰ ਤੱਕ ਦੇਣ ਦੀ ਲੋੜ ਨਹੀਂ ਪੈਂਦੀ। ਪਰ, ਜੇ ਚਾਰ ਵਾਰ ਬੁਖ਼ਾਰੀ ਦੌਰਾ ਪੈ ਜਾਏ ਤਾਂ ਅਗਲੇਰੀ ਜ਼ਿੰਦਗੀ ਵਿੱਚ ਮਿਰਗ਼ੀ ਦਾ ਦੌਰਾ ਪੈਣ ਦਾ ਆਸਾਰ ਵਧ ਹੁੰਦਾ ਹੈ ਤੇ ਦੌਰੇ ਰੋਕਣ ਦੀ ਦਵਾਈ ਵੀ ਤਿੰਨ ਸਾਲ ਖੁਆਉਣੀ ਪੈਂਦੀ ਹੈ।

ਬੁਖ਼ਾਰੀ ਦੌਰੇ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਬੁਖ਼ਾਰ ਲਾਹੁਣ ਵਾਲੀ ਦਵਾਈ ਹਮੇਸ਼ਾਂ ਕੋਲ ਰੱਖਣੀ ਚਾਹੀਦੀ ਹੈ ਤਾਂ ਜੋ ਬੱਚੇ ਨੂੰ ਤੇਜ਼ ਬੁਖ਼ਾਰ ਚੜ੍ਹਨ ਹੀ ਨਾ ਦਿੱਤਾ ਜਾਵੇ ਤੇ ਠੰਡੀਆਂ ਪੱਟੀਆਂ ਕਰ ਕੇ ਬੁਖ਼ਾਰ ਉਤਾਰਨਾ ਚਾਹੀਦਾ ਹੈ।

ਕੁੱਝ ਅਜਿਹੇ ਵਹਿਮ ਹਨ ਜੋ ਦੌਰੇ ਵਾਲੇ ਬੱਚਿਆਂ ਵਾਸਤੇ ਜਾਨਲੇਵਾ ਸਾਬਤ ਹੋ ਸਕਦੇ ਹਨ; ਜਿਵੇਂ ਕਿ :

(1). ਦੌਰੇ ਦੇ ਦੌਰਾਨ ਬੱਚੇ ਦੇ ਮੂੰਹ ਵਿਚ ਪਾਣੀ ਪਾਉਣਾ।

(2). ਦੌਰੇ ਦੇ ਦੌਰਾਨ ਬੱਚੇ ਦਾ ਨੱਕ ਬੰਦ ਕਰ ਦੇਣਾ।

(3). ਦੰਦਲ ਪੈਣ ’ਤੇ ਚਮਚਾ ਦੰਦਾਂ ਵਿੱਚ ਫਸਾ ਕੇ ਮੂੰਹ ਖੋਲ੍ਹਣਾ।

(4). ਬੁਖ਼ਾਰ ਦੌਰਾਨ ਪੱਖਾ ਬੰਦ ਕਰ ਕੇ ਕੰਬਲ ਜਾਂ ਰਜਾਈ ਵਿੱਚ ਲਪੇਟ ਦੇਣਾ।

(5). ਦਵਾਈ ਦੇਣ ਦੀ ਥਾਂ ਝਾੜਾ ਕਰਵਾਉਣਾ।

(6). ਹਸਪਤਾਲ ਲਿਜਾਉਣ ਦੀ ਬਜਾਏ ਜੁੱਤੀ ਸੁੰਘਾਉਂਦੇ ਰਹਿਣਾ, ਆਦਿ।

ਇੱਕ ਬੁਖ਼ਾਰੀ ਦੌਰੇ ਤੋਂ ਪੀੜ੍ਹਤ ਦੋ ਸਾਲ ਦੇ ਬੱਚੇ ਦੀ ਲਾਸ਼ ਲੈ ਕੇ ਜਦੋਂ ਮਾਪੇ ਹਸਪਤਾਲ ਆਏ ਤਾਂ ਪੁੱਛਣ ’ਤੇ ਪਤਾ ਲੱਗਾ ਕਿ ਉਨ੍ਹਾਂ ਦੇ ਗੁਆਂਢੀ ਨੇ ਬੱਚੇ ਨੂੰ ਦੌਰਾ ਪੈਣ ’ਤੇ ਮੂਧੇ ਮੂੰਹ ਮੰਜੇ ’ਤੇ ਪਾਉਣ ਲਈ ਕਹਿ ਦਿੱਤਾ ਸੀ। ਬੱਚੇ ਦੇ ਸਿਰ ਵਾਲੇ ਪਾਸੇ ਲਾਲ ਮਿਰਚਾਂ, ਹਲਦੀ, ਪਿਆਜ਼ ਤੇ ਨਿੰਬੂ ਰੱਖ ਦਿੱਤਾ ਗਿਆ। ਤੀਲਾਂ ਵਾਲੇ ਝਾੜੂ ਨਾਲ ਬੱਚੇ ਦੇ ਪੈਰਾਂ ਨੂੰ ਕੁੱਟਿਆ ਗਿਆ।

ਨਤੀਜੇ ਵਜੋਂ ਮੂੰਹ ਵਿੱਚ ਆਈ ਝੱਗ ਤੇ ਨੱਕ ਦੱਬੇ ਹੋਣ ਨਾਲ ਬੰਦ ਹੋਣ ਕਾਰਨ ਬੱਚੇ ਤੋਂ ਸਾਹ ਹੀ ਨਹੀਂ ਲਿਆ ਗਿਆ ਤੇ ਉਸ ਦੀ ਮੌਤ ਹੋ ਗਈ।

ਜੇ ਡਾਕਟਰ ਦੀ ਅਣਗਹਿਲੀ ਕਾਰਨ ਉਸ ਨੂੰ ਜੱਜ ਸਾਹਿਬਾਨ ਸਜ਼ਾ ਸੁਣਾ ਸਕਦੇ ਹਨ ਤਾਂ ਇਸ ਤਰ੍ਹਾਂ ਦੇ ਗਵਾਂਢੀਆਂ ਲਈ ਸਜ਼ਾ ਤਜਵੀਜ਼ ਕਿਉਂ ਨਹੀਂ ਹੋ ਸਕਦੀ ?