ਤਿਆਰ ਹੋ ਕੇ ਬਾਹਰ ਨਿਕਲੋ

0
232

ਬਾਲ ਸੰਸਾਰ

ਤਿਆਰ ਹੋ ਕੇ ਬਾਹਰ ਨਿਕਲੋ

ਦਲੀਪ ਸਿੰਘ ਵਾਸਨ, ਐਡਵੋਕੇਟ

ਆਦਮੀ ਅਤੇ ਜਾਨਵਰ ਵਿੱਚ ਇਹ ਫ਼ਰਕ ਹੈ ਕਿ ਆਦਮੀ ਸਾਫ਼ ਸੁਥਰਾ ਹੋ ਕੇ ਅਤੇ ਕਪੜੇ ਪਾ ਕੇ ਘਰੋਂ ਬਾਹਰ ਨਿਕਲਦਾ ਹੈ। ਜਾਨਵਰ ਨੂੰ ਇਹ ਸਹੂਲਤਾਂ ਪ੍ਰਾਪਤ ਨਹੀਂ ਹਨ। ਅਸੀਂ ਬਚੇ ਹਾਂ, ਪਰ ਸਾਡੇ ਮਾਤਾ ਪਿਤਾ ਸਾਨੂੰ ਇਸ਼ਨਾਨ ਕਰਾਉਂਦੇ ਹਨ, ਸਾਡੇ ਦੰਦ, ਕੰਨ, ਹੱਥ ਪੈਰ, ਬਾਹਾਂ ਸਾਫ਼ ਕਰਕੇ ਸਾਡੇ ਵਾਲ ਸਾਫ਼ ਕਰਕੇ, ਤੇਲ ਲਗਾ ਕੇ ਅਤੇ ਕੰਘੀ ਕਰਕੇ ਸਾਨੂੰ ਤਿਆਰ ਕਰਦੇ ਹਨ। ਸਾਡੇ ਮਾਪੇ ਕਦੀ ਵੀ ਸਾਨੂੰ ਘਰੋਂ ਬਾਹਰ ਨੰਗਾ ਨਹੀਂ ਸਨ ਭੇਜਦੇ। ਇਹ ਗੱਲਾਂ ਅਸੀਂ ਯਾਦ ਰੱਖਣੀਆਂ ਹਨ। ਜਦੋਂ ਅਸੀਂ ਵਡੇ ਹੋ ਜਾਂਦੇ ਹਾਂ ਤਾਂ ਵੀ ਇਹ ਗੱਲਾਂ ਯਾਦ ਰੱਖਣੀਆਂ ਹਨ। ਅਸੀਂ ਵਕਤ ਸਿਰ ਤਿਆਰ ਹੋ ਜਾਣਾ ਹੈ। ਪਤਾ ਨਹੀਂ ਘਰੋਂ ਬਾਹਰ ਕਦੋਂ ਨਿਕਲਣਾ ਪੈ ਜਾਵੇ। ਅਗਰ ਅਸੀਂ ਤਿਆਰ ਹੋ ਕੇ ਅਤੇ ਕਪੜੇ ਪਾ ਕੇ ਬਾਹਰ ਨਹੀਂ ਨਿਕਲਾਂਗੇ ਤਾਂ ਲੋਕੀਂ ਸਾਡਾ ਮਜ਼ਾਕ ਉਡਾਉਣਗੇ। ਇਹ ਗੱਲ ਅਸੀਂ ਯਾਦ ਰਖਣੀ ਹੈ।

ਅਸੀਂ ਅਗਰ ਮਰਦ ਹਾਂ ਤਾਂ ਸਾਡੇ ਕੱਪੜੇ ਮਰਦਾ ਵਾਲੇ ਹੋਣੇ ਚਾਹੀਦੇ ਹਨ ਅਤੇ ਅਗਰ ਅਸੀਂ ਔਰਤ ਹਾਂ ਤਾਂ ਸਾਡੇ ਕਪੜੇ ਔਰਤਾਂ ਵਾਲੇ ਹੋਣੇ ਚਾਹੀਦੇ ਹਨ। ਕੱਪੜਿਆਂ ਦਾ ਰੰਗ ਅਤੇ ਸਿਲਾਈ ਸਾਡੇ ਉੱਤੇ ਜਚਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਅਸੀਂ ਕਾਰਟੂਨ ਹੀ ਲਗੀ ਜਾਈਏ। ਸਾਡੇ ਕੱਪੜੇ ਸਾਫ਼ ਹੋਣੇ ਚਾਹੀਦੇ ਹਨ ਅਤੇ ਪ੍ਰੈਸ ਕੀਤੇ ਹੋਏ ਹੋਣੇ ਚਾਹੀਦੇ ਹਨ।

ਅਸੀਂ ਆਪਣੇ ਵਾਲਾਂ ਨੂੰ ਸਾਫ਼ ਰੱਖਣਾ ਹੈ ਅਤੇ ਕੰਘੀ ਫ਼ੇਰ ਕੇ ਹੀ ਬਾਹਰ ਨਿਕਲਣਾ ਹੈ। ਅਗਰ ਅਸੀਂ ਸਿਰ ਉੱਤੇ ਪਟਕਾ ਬੰਨਦੇ ਹਾਂ ਜਾਂ ਪਗੜੀ ਬੰਨ੍ਹਦੇ ਹਾਂ ਤਾਂ ਉਹ ਵੀ ਸਹੀ ਢੰਗ ਨਾਲ ਸਜਾਈ ਹੋਣੀ ਚਾਹੀਦੀ ਹੈ ਅਤੇ ਸਾਫ਼ ਵੀ ਹੋਣੀ ਚਾਹੀਦੀ ਹੈ। ਸਾਡੇ ਕੱਪੜਿਆ ਉੱਤੇ ਕਿਸੇ ਕਿਸਮ ਦਾ ਦਾਗ਼ ਲੱਗਿਆ ਨਹੀਂ ਹੋਣਾ ਚਾਹੀਦਾ। ਅਸੀਂ ਜਿਹੜੀ ਜੁੱਤੀ ਪਹਿਨੀ ਹੋਈ ਹੈ ਉਸ ਉੱਤੇ ਵੀ ਬਰੁਸ਼ ਮਾਰਿਆ ਹੋਣਾ ਚਾਹੀਦਾ ਹੈ ਜਾਂ ਕੱਪੜਾ ਫ਼ੇਰ ਕੇ ਜੁਤਾ ਸਾਫ਼ ਕੀਤਾ ਹੋਣਾ ਚਾਹੀਦਾ ਹੈ। ਸਾਡੀਆਂ ਜੁਰਾਬਾ ਵੀ ਸਾਫ਼ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਸਾਨੂੰ ਦੇਖਣ ਵਾਲੇ ਤਾਂ ਇਹ ਵੀ ਦੇਖ ਲੈਂਦੇ ਹਨ ਕਿ ਸਾਡੀ ਜੇਬ ਵਿੱਚ ਜਿਹੜਾ ਰੁਮਾਲ ਹੈ ਉਹ ਧੋਤਾ ਹੋਇਆ ਹੈ ਜਾਂ ਅਸੀਂ ਕਈ ਦਿੰਨਾਂ ਦਾ ਮੈਲਾ ਰੁਮਾਲ ਹੀ ਜੇਬ ਵਿੱਚ ਪਾਈ ਫਿਰਦੇ ਹਾਂ।

ਵੈਸੇ ਤਾਂ ਘਰ ਵਿੱਚ ਵੀ ਸਾਫ਼ ਰਹਿਣਾ ਚਾਹੀਦਾ ਹੈ। ਪਰ ਇਹ ਗੱਲ ਜ਼ਰੂਰ ਯਾਦ ਰੱਖੋ ਕਿ ਘਰੋਂ ਬਾਹਰ ਸਜ ਕੇ ਨਿਕਲਣਾ ਹੈ। ਆਦਮੀ ਦੀ ਪਹਿਲੀ ਪਛਾਣ ਉਸ ਦੇ ਕੱਪੜਿਆਂ ਤੋਂ ਹੁੰਦੀ ਹੈ। ਸਾਡੇ ਕੱਪੜੇ ਇਹ ਦੱਸ ਸਕਦੇ ਹਨ ਕਿ ਸਾਡਾ ਸਭਿਆਚਾਰ ਕੈਸਾ ਹੈ ਅਤੇ ਅਸੀਂ ਕੈਸੇ ਖਾਨਦਾਨ ਨਾਲ ਸਬੰਧ ਰਖਦੇ ਹਾਂ। ਸਾਡੇ ਕੱਪੜੇ ਦੇਖ ਕੇ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਾਡਾ ਖਾਨਦਾਨ ਪੜ੍ਹਿਆ ਲਿਖਿਆ ਹੈ ਜਾਂ ਅਨਪੜ੍ਹਾਂ ਦਾ ਘਰ ਹੈ। ਇਹ ਵੀ ਪਤਾ ਲਗ ਜਾਂਦਾ ਹੈ ਕਿ ਅਸੀਂ ਖਾਂਦੇ ਪੀਂਦੇ ਘਰ ਦੇ ਆਦਮੀ ਹਾਂ ਜਾਂ ਕਿਸੇ ਮਲੰਗ ਘਰ ਦੇ ਹਾਂ।

ਅਸੀਂ ਗ਼ਰੀਬ ਹਾਂ ਤਾਂ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਸਾਡਾ ਕੋਈ ਪਿਤਰ ਸੀ ਜਿਹੜਾ ਵਿਹਲਾ ਫ਼ਿਰਦਾ ਰਿਹਾ ਸੀ ਜਾਂ ਅਫੀਮ ਵਗ਼ੈਰਾ ਖਾ ਕੇ ਸਾਰੀ ਜਾਇਦਾਦ ਖਤਮ ਕਰ ਗਿਆ ਸੀ ਅਤੇ ਉਦੋਂ ਤੋਂ ਸਾਡਾ ਖਾਨਦਾਨ ਗ਼ਰੀਬ ਹੋ ਗਿਆ ਸੀ ਅਤੇ ਮੁੜ ਖੜ੍ਹਾ ਹੀ ਨਹੀਂ ਹੋ ਸਕਿਆ। ਇਹ ਗੁਰਬਤ ਜਿਸ ਘਰ ਵਿੱਚ ਆ ਵੜੇ ਫਿਰ ਸਦੀਆਂ ਤੱਕ ਜਾਣ ਦਾ ਨਾਮ ਹੀ ਨਹੀਂ ਲੈਂਦੀ। ਇਹ ਗੱਲ ਵੀ ਅਸੀਂ ਯਾਦ ਰੱਖਣੀ ਹੈ ਅਤੇ ਅਸੀਂ ਇਹ ਪ੍ਰਣ ਕਰਨਾ ਹੈ ਕਿ ਅਸੀਂ ਆਪਣੇ ਘਰ ਦੀ ਗੁਰਬਤ ਸਦਾ ਲਈ ਮੁਕਾ ਕੇ ਜਾਵਾਂਗੇ।

ਜਦ ਆਦਮੀ ਵਧੀਆ ਕੱਪੜੇ ਪਾ ਕੇ ਜੈਂਟਲਮੈਨ ਬਣ ਹੀ ਗਿਆ ਹੈ ਤਾਂ ਉਸ ਦੀ ਬੋਲ ਚਾਲ ਅਤੇ ਵਤੀਰਾ ਵੀ ਵਧੀਆਂ ਬਣ ਜਾਣਾ ਚਾਹੀਦਾ ਹੈ। ਇਹ ਗੱਲਾਂ ਮੁਸ਼ਕਿਲ ਨਹੀਂ ਹਨ, ਹਰ ਕੋਈ ਕਰ ਸਕਦਾ ਹੈ ਤੇ ਇਨਸਾਨਾਂ ਨੇ ਹੀ ਕੀਤੀਆਂ ਹਨ।

101-ਸੀ ਵਿਕਾਸ ਕਲੋਨੀ, ਪਟਿਆਲਾ-147003