ਟੂਣੇ ਦਾ ਅਸਰ

1
336

ਟੂਣੇ ਦਾ ਅਸਰ

ਜਸਵਿੰਦਰ ਕੌਰ ਮਾਨਸਾ-ਮੋਬਾਈਲ: 98766-80517

ਮੈਂ ਤੇ ਮੇਰੀ ਇੱਕ ਸਾਥਣ ਸਵੇਰੇ ਲੰਬੀ ਸੈਰ ਕਰਨ ਜਾਂਦੀਆ ਹਾਂ। ਖੇਤਾਂ ਦੀ ਕੱਚੀ ਪਹੀ ’ਤੇ, ਠੰਢੀ ਰੁਮਕਦੀ ਪੌਣ, ਸ਼ੁੱਧ ਆਕਸੀਜ਼ਨ, ਪੰਛੀਆ ਦੀ ਸੁਰ ਮਈ ਮਿੱਠੀ ਆਵਾਜ਼ ਨਾਲ ਮਨ ਨੂੰ ਅੰਤਾਂ ਦਾ ਸਕੂਨ ਮਿਲਦਾ ਹੈ। ਖੇਤਾਂ ਦੀ ਹਰਿਆਵਲ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ। ਹੁਣ ਸਾਨੂੰ ਹਰ ਰੋਜ਼ ਸੈਰ ਕਰਨ ਦਾ ਨਸ਼ਾ ਜਿਹਾ ਹੀ ਹੋ ਗਿਆ ਹੈ। ਜਿਸ ਦਿਨ ਅਸੀਂ ਕਿਸੇ ਕਾਰਨ ਸੈਰ ਕਰਨ ਨਹੀਂ ਜਾ ਸਕਦੀਆਂ ਉਸ ਦਿਨ ਮਨ ਅਤੇ ਸਰੀਰ ਥੱਕੇ ਥੱਕੇ ਰਹਿੰਦੇ। ਸੈਰ ਸਮੇਂ ਬਹੁਤ ਸਾਰੇ ਦਰੱਖਤ ਵੇਖ ਕੇ ਸਾਡਾ ਵੀ ਮਨ ਕੀਤਾ ਵਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਹਿੱਸਾ ਪਾਇਆ ਜਾਵੇ। ਅਸੀਂ ਸੋਚਿਆ ਕਿ ਬਰਸਾਤ ਦੇ ਦਿਨਾਂ ਵਿੱਚ ਇੱਕ ਇੱਕ ਪੌਦਾ ਲਗਾ ਦੇਈਏ ਅਤੇ ਹਰ ਰੋਜ਼ ਪਾਣੀ ਪਾ ਦਿਆ ਕਰਾਂਗੇ। ਅਸੀਂ ਆਪਣੇ ਸਕੂਲ ਵਿੱਚੋਂ ਇੱਕ ਪਿੱਪਲ ਦੇ ਪੌਦੇ ਦਾ ਚਾਕਲ ਕੱਢ ਲਿਆ ਅਤੇ ਦੂਰ ਰਾਹ ’ਤੇ ਟੋਭੇ ਦੇ ਕਿਨਾਰੇ ਲਗਾ ਦਿੱਤਾ। ਅਸੀਂ ਆਪਣੇ ਸਕੂਲ ਵਿੱਚ ਬਹੁਤ ਸਾਰੇ ਪੌਦੇ ਲਗਾ ਕੇ ਰੱਖਦੇ ਹਾਂ ਤਾਂ ਕਿ ਕੋਈ ਵੀ ਲੋੜਵੰਦ ਵਿਅਕਤੀ ਪੌਦਾ ਲਿਜਾ ਸਕੇ। ਸਾਡੇ ਸਕੂਲ ਵਿੱਚ ਵੀ ਬਹੁਤ ਸਾਰੇ ਦਰੱਖਤ ਲੱਗੇ ਹਨ ਜਿਵੇ ਬੋਹੜ, ਪਿੱਪਲ, ਬਹੁਤ ਸਾਰੇ ਨਿੰਮ, ਬੇਰੀ, ਅੰਬ, ਤੂਤ, ਕਨੇਰ ਅਤੇ ਹੋਰ ਕਈ ਨਿੱਕੇ ਵੱਡੇ ਫੁੱਲਾਂ ਵਾਲੇ ਬਹੁਤ ਸਾਰੇ ਪੌਦੇ। ਅਸੀਂ ਗਮਲਿਆਂ ਵਿੱਚ ਕੰਧਾ ਵਿੱਚ ਉੱਗੇ ਪਿੱਪਲ ਅਤੇ ਬੋਹੜ ਸਾਂਭ ਲੈਂਦੇ ਹਾਂ।

ਸਾਡੇ ਦੁਆਰਾ ਪੌਦਾ ਲਗਾਉਣ ਤੋਂ ਬਾਅਦ ਕੁਝ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ, ਇਸ ਲਈ ਸਾਨੂੰ ਆਪਣੇ ਲਾਏ ਪੌਦੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਹੀ ਨਾ ਪਈ। ਕੁਝ ਦਿਨ ਬੀਤਣ ਤੋਂ ਬਾਅਦ ਅਸੀਂ ਵੇਖਿਆ ਕਿ ਸਾਡੇ ਲਾਏ ਪੌਦੇ ਨੂੰ ਪਾਣੀ ਦੀ ਜ਼ਰੂਰਤ ਸੀ ਪਰ ਸਾਡੇ ਕੋਲ ਪਾਣੀ ਪਾਉਣ ਲਈ ਕੋਈ ਬਰਤਨ ਨਹੀਂ ਸੀ। ਸਾਡੀਆਂ ਅੱਖਾਂ ਕੁਝ ਲੱਭਣ ਲੱਗ ਗਈਆਂ, ਸਾਡੀ ਨਜ਼ਰ ਬੀਜ਼ਾ ਵਾਲੇ ਲਿਫ਼ਾਫ਼ਿਆ ਉੱਪਰ ਪਈ ਜੋ ਬਹੁਤ ਮੋਟੇ ਸਨ। ਅਸੀਂ ਤਿੰਨ ਲਿਫ਼ਾਫ਼ੇ ਚੁੱਕੇ ਅਤੇ ਨਲਕੇ ਤੋਂ ਪਾਣੀ ਦੇ ਭਰ ਕੇ ਪੌਦੇ ਵਿੱਚ ਪਾ ਦਿੱਤੇ। ਕੁਝ ਦਿਨ ਅਸੀਂ ਇਸ ਤਰ੍ਹਾਂ ਕੀਤਾ ਫਿਰ ਇੱਕ ਦਿਨ ਸਾਡੇ ਨਾਲ ਇੱਕ ਕੁੜੀ ਸੈਰ ਕਰਨ ਚਲੀ ਗਈ। ਉਸ ਨੇ ਸਾਨੂੰ ਲਿਫ਼ਾਫ਼ਿਆਂ ਨਾਲ ਪਾਣੀ ਪਾਉਂਦੇ ਵੇਖ ਕਿਹਾ ਕਿ ਸਾਡੇ ਘਰ ਬੀਜ਼ਾ ਵਾਲਾ ਝੋਲਾ ਪਿਆ ਹੈ, ਮੈਂ ਕੱਲ੍ਹ ਨੂੰ ਲੈ ਕੇ ਆਵਾਂਗੀ। ਦੂਜੇ ਦਿਨ ਕੁੜੀ ਤਾਂ ਨਹੀਂ ਆਈ ਪਰ ਉਸ ਨੇ ਝੋਲਾ ਭੇਜ ਦਿੱਤਾ, ਸਾਨੂੰ ਬਹੁਤ ਖ਼ੁਸ਼ੀ ਹੋਈ, ਅਸੀਂ ਆਪਣੇ ਬੂਟੇ ਵਿੱਚ ਪਾਣੀ ਪਾ ਝੋਲਾ ਅਤੇ ਲਿਫ਼ਾਫ਼ੇ ‘ਤੇ ਇੱਟ ਰੱਖ ਦੱਬ ਦਿੱਤੇ ਤਾਂ ਕਿ ਕਿਤੇ ਹਵਾ ਉਡਾ ਕੇ ਨਾ ਲੈ ਜਾਵੇ। ਪਰ ਦੂਜੇ ਦਿਨ ਨਾ ਸਾਡਾ ਪੌਦਾ ਸੀ ਤੇ ਨਾ ਲਿਫ਼ਾਫ਼ੇ ਸਨ। ਸ਼ਾਇਦ ਕੋਈ ਬਾਲਣ ਲੈਣ ਆਇਆ ਸਾਡਾ ਸਭ ਕੁਝ ਲੈ ਗਿਆ। ਸਾਡਾ ਮਨ ਬਹੁਤ ਉਦਾਸ ਹੋਇਆ ਪਰ ਅਸੀਂ ਹਿੰਮਤ ਨਾ ਹਾਰੀ, ਅਸੀਂ ਦੁਆਰਾ ਪੌਦਾ ਲਾਉਣ ਬਾਰੇ ਮਨ ਬਣਾ ਲਿਆ ਕਿਉਂਕਿ ਬੂਟੇ ਲਗਾਉਣ ਦਾ ਵਕਤ ਅਜੇ ਲੰਘਿਆ ਨਹੀਂ ਸੀ। ਹੁਣ ਅਸੀਂ ਤ੍ਰਵੈਣੀ ਲਗਾਈ। ਮੈਂ ਤੇ ਮੇਰੀ ਸਾਥਣ ਨੇ ਯੋਜਨਾ ਬਣਾਈ ਕੇ ਅਸੀਂ ਇਹ ਪੌਦੇ ਜ਼ਰੂਰ ਬਚਾਉਣੇ ਹਨ। ਅਸੀਂ ਦੂਜੇ ਦਿਨ ਖ਼ੰਮਣੀ ਅਤੇ ਸੰਧੂਰ ਲੈ ਗਈਆਂ ਅਤੇ ਅਸੀਂ ਆਪਣੇ ਪੌਦਿਆ ’ਤੇ ਝੂਠਾ-ਮੂਠਾ ਟੂਣਾ ਕਰ ਦਿੱਤਾ ਤਾਂ ਕਿ ਸਾਡੇ ਲਾਏ ਪੌਦਿਆਂ ਨੂੰ ਕੋਈ ਪੁੱਟਣ ਦੀ ਕੋਸ਼ਿਸ਼ ਨਾ ਕਰੇ। ਹੁਣ ਸਮੱਸਿਆ ਸੀ ਪਾਣੀ ਪਾਉਣ ਦੀ ਕਿਉਂਕਿ ਸਾਡੇ ਕੋਲ ਕੋਈ ਬਰਤਨ ਨਹੀਂ ਸੀ। ਅਸੀਂ ਵੇਖਿਆ ਕਿ ਦੂਰ ਖੇਤਾ ਵਿੱਚ ਇੱਕ ਚਮਕਦੀ ਬੋਤਲ ਪਈ ਸੀ। ਕੋਲ ਜਾ ਕੇ ਪਤਾ ਲੱਗਿਆ ਕਿ ਰਾਤ ਨੂੰ ਕਿਸੇ ਨੇ ਸ਼ਰਾਬ ਪੀਤੀ ਅਤੇ ਖਾਲੀ ਬੋਤਲ ਉੱਥੇ ਹੀ ਛੱਡ ਗਿਆ। ਪਹਿਲੀ ਵਾਰ ਸ਼ਰਾਬੀ ਚੰਗੇ ਲੱਗੇ ਕਿਉਂਕਿ ਸਾਡੇ ਪੌਦੇ ਲਈ ਪਾਣੀ ਦਾ ਪ੍ਰਬੰਧ ਹੋ ਗਿਆ ਸੀ। ਸਾਡੀ ਤ੍ਰਵੈਣੀ ਲੱਗ ਗਈ ਸੀ। ਅਸੀਂ ਹਰ ਰੋਜ਼ ਆਪਣੇ ਲਾਏ ਪੌਦਿਆਂ ਨੂੰ ਵੇਖਦੀਆਂ, ਇੱਕ ਇੱਕ ਪੱਤਾ ਕੱਢ ਕੇ ਪੌਦੇ ਵਧਣ ਲੱਗੇ ਸਨ। ਸਾਡੇ ਜੁਗਤੀ ਟੂਣੇ ਦਾ ਅਸਰ ਸੀ ਕਿ ਮੁੜ ਕੇ ਕਿਸੇ ਨਾ ਬੂਟਾ ਚੁਰਾਇਆ ਅਤੇ ਨਾ ਹੀ ਉਸ ਨੂੰ ਕੋਈ ਨੁਕਸਾਨ ਪਹੁੰਚਾਇਆ।

1 COMMENT

Comments are closed.