ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥

0
553

ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥

ਡਾ. ਕੁਲਵੰਤ ਸਿੰਘ (ਸੂਬਾ ਪ੍ਰਧਾਨ) ਪੀ. ਐੱਚ. ਡੀ. ਅਧਿਆਪਕ ਫ਼ਰੰਟ (ਪੰਜਾਬ)-94631-53862

ਅਜੋਕੇ ਸਮੇਂ ਵਿੱਚ ਨਸ਼ਿਆਂ ਦਾ ਪ੍ਰਕੋਪ ਬਹੁਤ ਹੀ ਭਿਅੰਕਰ ਰੂਪ ਧਾਰਨ ਕਰ ਰਿਹਾ ਹੈ। ਬਹੁਤ ਸਾਰੇ ਨਸ਼ੇ ਜਿਵੇਂ ਕਿ ਸ਼ਰਾਬ, ਭੁੱਕੀ, ਤੰਬਾਕੂ, ਹੈਰੋਇਨ ਤੇ ਸਮੈਕ ਦੀ ਵਰਤੋਂ ਦੇ ਨਾਲ-ਨਾਲ ਗੋਲੀਆਂ, ਟੀਕਿਆਂ, ਕੈਪਸੂਲ ਤੇ ਦਵਾਈਆਂ (drugs) ਦੀ ਵਰਤੋਂ ਵੀ ਧੜੱਲੇ ਨਾਲ ਹੋ ਰਹੀ ਹੈ। ਇਨ੍ਹਾਂ ਸਾਰੇ ਨਸ਼ਿਆਂ ਵਿਚੋਂ ਸ਼ਰਾਬ ਦੀ ਵਰਤੋਂ ਸਭ ਤੋਂ ਵਧੇਰੇ ਮਾਤਰਾ ਵਿੱਚ ਹੋ ਰਹੀ ਹੈ। ਅੰਕੜਿਆਂ ਅਨੁਸਾਰ ਵਿਸ਼ਵ ਦੇ ਤਕਰੀਬਨ ਸਾਢੇ ਛੇ ਕਰੋੜ ਲੋਕ ਸ਼ਰਾਬ ਦੇ ਨਸ਼ੇ ਦੀ ਲੱਤ ਦਾ ਸ਼ਿਕਾਰ ਹੋ ਚੁੱਕੇ ਹਨ। ਸ਼ਰਾਬ ਦੀ ਵਰਤੋਂ ਦੁਆਰਾ ਅੱਜ ਦਾ ਮਨੁੱਖ ਘੋਰ ਬਰਬਾਦੀ ਵੱਲ ਵਧ ਰਿਹਾ ਹੈ ਅਤੇ ਸਮੁੱਚੀ ਕਾਇਨਾਤ ਦੇ ਅੰਦਾਜਨ ਡੇਢ ਲੱਖ ਲੋਕ ਸ਼ਰਾਬ ਦੀ ਵਰਤੋਂ ਨਾਲ ਜੁੜੇ ਕਾਰਨਾਂ ਕਰਕੇ ਹਰ ਸਾਲ ਮੌਤ ਦੇ ਮੂੰਹ ਵਿੱਚ ਜਾ ਪੈਂਦੇ ਹਨ। ਸੜਕ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਵਿਚੋਂ ਤਕਰੀਬਨ ਅੱਧੀਆਂ ਦਾ ਕਰਾਨ ਸ਼ਰਾਬ ਦੀ ਵਰਤੋਂ ਹੀ ਹੈ ਕਿਉਂਕਿ ਸ਼ਰਾਬੀ ਡਰਾਈਵਰ ਆਪਣੀ ਨਿਰਣੈ ਸ਼ਕਤੀ ਪ੍ਰਭਾਵਿਤ ਹੋਣ ਕਾਰਨ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।

ਜੇਕਰ ਸ਼ਰਾਬ ਦੇ ਇਤਿਹਾਸ ਦੀ ਪੜਤਾਲ ਕੀਤੀ ਜਾਵੇ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪ੍ਰਾਚੀਨ ਕਾਲ ਤੋਂ ਹੀ ਮਨੁੱਖ ਇਸ ਦੀ ਗ੍ਰਿਫ਼ਤ ਵਿਚ ਫਸਿਆ ਹੋਇਆ ਹੈ। ਪ੍ਰਾਚੀਨ ਭਾਰਤ ਵਿਚ ਆਦਿ ਵਾਸੀ ਲੋਕ ਦੇਵੀ-ਦੇਵਤਿਆਂ ਨੂੰ ਸ਼ਰਾਬ ਭੇਟ ਕਰਦੇ ਅਤੇ ਇਸ ਦੀ ਵਰਤੋਂ ਪ੍ਰਸ਼ਾਦ ਦੇ ਰੂਪ ਵਿਚ ਖ਼ੁਦ ਵੀ ਕਰਦੇ ਸਨ।ਸਭ ਤੋਂ ਪੁਰਾਣੇ ਗ੍ਰੰਥ ਰਿਗਵੇਦ ਵਿਚ ਵੀ ਸੋਮ ਰਸ ਅਤੇ ਸੁਰਾ ਦੇ ਰੂਪ ਵਿਚ ਇਸ ਦੀ ਵਰਤੋਂ ਦੇ ਸੰਕੇਤ ਮਿਲਦੇ ਹਨ। ਇੱਕ ਧਾਰਨਾ ਅਨੁਸਾਰ ਇਸ ਦਾ ਜਨਮ ਅੰਗੂਰਾਂ ਦੇ ਰਸ ਵਿਚੋਂ ਹੋਇਆ, ਜਿਸ ਅਨੁਸਾਰ ਇੱਕ ਵਾਰ ਪਰਸ਼ੀਆ ਦੇ ਰਾਜ ਕੁਮਾਰ ਲਈ ਵਧੀਆ ਕਿਸਮ ਦੇ ਅੰਗੂਰ ਲਿਆਂਦੇ ਗਏ, ਜਿਨ੍ਹਾਂ ਵਿਚੋਂ ਕੁਝ ਅਗਲੇ ਦਿਨ ਖ਼ਰਾਬ ਹੋ ਜਾਣ ਕਾਰਨ ਜਦੋਂ ਨੌਕਰਾਨੀ ਸੁੱਟਣ ਗਈ ਤਾਂ ਉਸ ਨੇ ਇਸ ਦਾ ਰਸ ਪੀ ਲਿਆ ਤਾਂ ਉਸ ਨੂੰ ਕੁਝ ਮਸਤੀ ਦਾ ਅਨੁਭਵ ਹੋਇਆ। ਇਸ ਅਨੁਭਵ ਨੂੰ ਉਸ ਨੇ ਦਰਬਾਰ ਦੇ ਹੋਰ ਲੋਕਾਂ ਨਾਲ ਸਾਂਝਾ ਕੀਤਾ ਅਤੇ ਕਿਹਾ ਜਾਂਦਾ ਹੈ ਕਿ ਇੱਥੋਂ ਹੀ ਸ਼ਰਾਬ ਦਾ ਮੁੱਢ ਬੱਝਾ ਅਤੇ ਇਸ ਦੀ ਵਰਤੋਂ ਕੀਤੀ ਜਾਣ ਲੱਗੀ। ਅਜੋਕੇ ਸਮੇਂ ਇਹ ਅੰਤਰਰਾਸ਼ਟਰੀ ਸਮੱਸਿਆ ਬਣ ਚੁੱਕੀ ਹੈ ਅਤੇ ਦੁਨੀਆ ਦੇ ਲਗਭਗ ਹਰ ਖਿੱਤੇ ਵਿਚ ਇਸ ਦੀ ਵਰਤੋਂ ਕਰਦਿਆਂ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਉਦਾਹਰਨ ਦੇ ਤੌਰ ’ਤੇ ਰੂਸ ਵਿਚ ਇਸ ਨੂੰ ਵੋਦਕਾ, ਫਰਾਂਸ ਵਿਚ ਬਰਾਂਡੀ, ਹਾਲੈਂਡ ਵਿਚ ਜਿਨ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਵਿਸ਼ਵ ਦੇ ਕੁਝ ਕੁ ਖਿੱਤਿਆਂ ਖ਼ਾਸ ਕਰਕੇ ਇਸਲਾਮਿਕ ਮੁਲਕਾਂ ਵਿਚ ਇਸ ਦੀ ਵਰਤੋਂ ਦੀ ਕਾਨੂੰਨਨ ਤੌਰ ’ਤੇ ਮਨਾਹੀ ਵੀ ਹੈ। ਇਸ ਤੋਂ ਇਲਾਵਾ ਅਜੋਕੀ ਵਿਸ਼ਵ ਸ਼ਕਤੀ ਅਮਰੀਕਾ ਵਿਚ 1919 ਤੋਂ 1933 ਤੱਕ ਇਸ ’ਤੇ ਪਾਬੰਦੀ ਲਾਉਣ ਦਾ ਤਜਰਬਾ ਵੀ ਕੀਤਾ ਗਿਆ, ਜੋ ਸਫਲ ਨਾ ਹੋ ਸਕਿਆ ।

ਸ਼ਰਾਬ ਦੇ ਈਜਾਦ (ਲਾਗੂ) ਹੋਣ ਦਾ ਕਾਰਨ ਕੁਝ ਵੀ ਹੋਵੇ ਪਰੰਤੂ ਇੱਕ ਗੱਲ ਸਪਸ਼ਟ ਹੈ ਕਿ ਇਸ ਦੀ ਵਰਤੋਂ ਪ੍ਰਾਚੀਨ ਸਮਿਆਂ ਤੋਂ ਹੀ ਹੋ ਰਹੀ ਹੈ। ‘ਸ਼ਰਾਬ’ ਦੇ ਸ਼ਬਦਿਕ ਅਰਥਾਂ ਬਾਰੇ ਘੋਖ ਕਰਦਿਆਂ ਇਸ ਦੇ ਅਰਥ ਸ਼ਰਾਰਤ ਭਰਿਆ ਪਾਣੀ ਦੇ ਤੌਰ ’ਤੇ ਹੁੰਦੀ ਹੈ। ‘ਸ਼ਰਾਬ’ ਮੂਲ ਰੂਪ ਵਿਚ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ, ਜੋ ਸ਼ਰਾ ਅਤੇ ਆਬ ਦੇ ਸੁਮੇਲ ਤੋਂ ਬਣਿਆ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਭਾਈ ਕਾਨ੍ਹ ਸਿੰਘ ਨਾਭਾ ਆਪਣੀ ਸ਼ਾਹਕਾਰ ਰਚਨਾ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਵਿਚ ਲਿਖਦੇ ਹਨ: ਸ਼ਰਾਬ: ਸ਼ਰ-ਆਬ, ਸ਼ਰਾਰਤ ਭਰਿਆ ਪਾਣੀ।

ਸਪਸ਼ਟ ਹੈ ਕਿ ਸ਼ਰਾਬ ਇਕ ਅਜਿਹਾ ਪਾਣੀ ਹੈ ਜਿਸ ਦੇ ਸੇਵਨ ਨਾਲ ਮਨੁੱਖ ਨੂੰ ਸ਼ਰਾਰਤਾਂ ਸੁਝਦੀਆਂ ਹਨ। ਇਨ੍ਹਾਂ ਸ਼ਰਾਰਤਾਂ ਦਾ ਆਰੰਭ ਇਸ ਦੇ ਸੇਵਨ ਤੋਂ ਪੰਜ-ਸੱਤ ਮਿੰਟ ਤੱਕ ਪੁੱਜਦਿਆਂ ਹੀ ਕਾਰਜਸ਼ੀਲ ਹੋ ਜਾਂਦਾ ਹੈ।

ਭਾਰਤ ਦੇ ਸਭ ਤੋਂ ਪੁਰਾਣੇ ਗ੍ਰੰਥ ਰਿਗਵੇਦ ਵਿਚ ਸੁਰਾਪਾਨ ਦਾ ਜ਼ਿਕਰ ਸਿੱਧ ਕਰਦਾ ਹੈ ਕਿ ਭਾਰਤ ਵਿਚ ਇਸ ਦੀ ਵਰਤੋਂ ਸਦੀਆਂ ਪਹਿਲਾਂ ਹੋ ਚੁੱਕੀ ਸੀ ਪਰੰਤੂ ਇਹ ਨਸ਼ਾ ਸਮਾਜ ਤੇ ਨਿਜ਼ਾਮ ਵੱਲੋਂ ਪ੍ਰਮਾਣਿਤ ਨਾ ਹੋਣ ਕਾਰਨ ਇਸ ਦਾ ਸੇਵਨ ਰਾਜੇ-ਮਹਾਰਾਜਿਆਂ ਜਾਂ ਉਨ੍ਹਾਂ ਦੇ ਅਹਿਲਕਾਰਾਂ ਤੱਕ ਹੀ ਸੀਮਤ ਸੀ। ਇਸ ਤੋਂ ਇਲਾਵਾ ਦੂਰ-ਦੁਰਾਡੇ ਰਹਿੰਦੇ ਕੁੱਝ ਪੇਂਡੂ ਖੇਤਰਾਂ ਦੇ ਲੋਕ ਆਪਣੇ ਘਰ ਵਿਚ ਸ਼ਰਾਬ ਤਿਆਰ ਕਰਕੇ ਵੀ ਇਸ ਦਾ ਪ੍ਰਯੋਗ ਕਰ ਲੈਂਦੇ ਸਨ। ਭਾਰਤ ਵਿਚ ਮੁਗਲ ਸਾਮਰਾਜ ਨੂੰ ਪੱਕੇ ਪੈਰੀਂ ਕਰਨ ਵਾਲਾ ਬਾਬਰ ਵੀ ਇਸ ਦੀ ਲੱਤ ਦਾ ਸ਼ਿਕਾਰ ਸੀ। ਬਾਬਰ ਸਮੇਂ ਜਦੋਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਸਮੁੱਚੀ ਲੋਕਾਈ ਨੂੰ ਸਮਾਨਤਾ, ਨਿਰਭੈਤਾ, ਸੁਤੰਤਰਤਾ, ਸੱਚ ਅਤੇ ਕਿਰਤ ਕਰਨ ਦਾ ਉਪਦੇਸ਼ ਦਿੰਦੇ ਹੋਏ ਆਮ ਲੋਕਾਂ ਵਿਚ ਵਿਚਰੇ ਤਾਂ ਉਨ੍ਹਾਂ ਨੂੰ ਸ਼ਰਾਬ, ਘਰ ਵਿਚ ਬਣਾਉਣ ਅਤੇ ਇਸ ਦਾ ਇਸਤੇਮਾਲ ਕਰਨ ਵਾਲੇ ਮਨੁੱਖਾਂ ਨੂੰ ਵੇਖਦਿਆਂ ਬੜਾ ਦੁੱਖ ਹੋਇਆ। ਗੁੜ ਦੀ ਵਰਤੋਂ ਦੁਆਰਾ ਕਿੱਕਰ ਦਾ ਸੱਕ ਅਤੇ ਧਾਤਕੀ ਦੇ ਫੁੱਲ ਪਾ ਕੇ ਸ਼ਰਾਬ ਤਿਆਰ ਕਰਨ ਵਾਲੇ ਮਨੁੱਖਾਂ ਨੂੰ ਇਸ ਐਬ ਤੋਂ ਬਚਦਿਆਂ ਗਿਆਨਵਾਨ ਮਨੁੱਖ ਬਣ ਕੇ ਆਪਣਾ ਨੈਤਿਕ ਪੱਧਰ ਉੱਚਾ ਰੱਖਣ ਤੇ ਸਦਗੁਣ ਪੈਦਾ ਕਰਨ ਦੀ ਲੋੜ ’ਤੇ ਬਲ ਦਿੰਦਿਆਂ ਉਨ੍ਹਾਂ ਫ਼ੁਰਮਾਇਆ: ‘‘ਗੁੜੁ ਕਰਿ ਗਿਆਨੁ, ਧਿਆਨੁ ਕਰਿ ਧਾਵੈ; ਕਰਿ ਕਰਣੀ ਕਸੁ ਪਾਈਐ ॥ ਭਾਠੀ ਭਵਨੁ, ਪ੍ਰੇਮ ਕਾ ਪੋਚਾ; ਇਤੁ ਰਸਿ ਅਮਿਉ ਚੁਆਈਐ ॥’’ (ਮ: ੧/੩੬੦) ਭਾਵ ਸ਼ਰਾਬ ਪੀਣ ਵਾਲੇ ਨਾਦਾਨ ਮਨੁੱਖ  ! ਤੂੰ ਸ਼ਰਾਬ ਬਣਾਉਣ ਲਈ ਗੁੜ ਦੀ ਥਾਂ ਗਿਆਨ ਪ੍ਰਾਪਤੀ ਵੱਲ ਧਿਆਨ ਕਰ। ਮਨ ਨੂੰ ਧਾਤਕੀ ਦਾ ਫੁੱਲ (wood fordia floribunda) ਜੋ ਸ਼ਰਾਬ ਬਣਾਉਣ ਲਈ ਵਧੀਆ ਮਸਾਲਾ ਮੰਨਿਆ ਜਾਂਦਾ ਹੈ, ਬਣਾ ਅਤੇ ਨੇਕ ਕਿਰਤ ਨੂੰ ਕਿੱਕਰ ਦਾ ਸੱਕ ਸਮਝਦਿਆਂ ਸੱਚੀ-ਮੁੱਚੀ ਕਿਰਤ ਕਮਾਈ ਕਰਿਆ ਕਰ। ਈਮਾਨਦਾਰੀ ਨੂੰ ਭੱਠੀ ਬਣਾ ਕੇ ਪ੍ਰੇਮ ਦਾ ਲੇਪ ਕਰ ਭਾਵ ਆਪਣੇ ਅੰਦਰ ਖ਼ਲਕਤ ਪ੍ਰਤੀ ਪ੍ਰੇਮ ਭਾਵਨਾ ਪੈਦਾ ਕਰ। ਅਜਿਹਾ ਕਰਨ ਨਾਲ ਤੈਨੂੰ ਅਜਿਹੇ ਆਨੰਦ ਦੀ ਪ੍ਰਾਪਤੀ ਹੋਵੇਗੀ ਕਿ ਸ਼ਰਾਬ ਵਰਗੇ ਝੂਠੇ ਅਤੇ ਫੋਕੇ ਨਸ਼ੇ ਦੀ ਜ਼ਰੂਰਤ ਹੀ ਮਹਿਸੂਸ ਨਹੀਂਹੋਵੇਗੀ। ਇਸ ਤਰ੍ਹਾਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਮਨੋਵਿਗਿਆਨਕ ਢੰਗ ਨਾਲ ਮਾਨਵਤਾ ਨੂੰ ਸ਼ਰਾਬ ਤੋਂ ਬਚਾਣ ਦਾ ਭਾਵਨਾਤਮਕ ਉਪਦੇਸ਼ ਦਿੰਦਿਆਂਸ਼ਰਾਬ ਨੋਸ਼ੀ ਵਰਗੇ ਅਵਗੁਣਾਂ ਨੂੰ ਤਿਆਗ ਕੇ ਸਦਗੁਣ ਜੀਵਨ ਬਤੀਤ ਕਰਨ ਲਈ ਤਿਆਰ ਕਰਨ ਦਾ ਸਾਰਥਿਕ ਉਪਰਾਲਾ ਕੀਤਾ।

ਬਾਬਰ ਤੋਂ ਬਾਅਦ ਵਾਲੇ ਮੁਗਲ ਬਾਦਸ਼ਾਹ ਵੀ ਲਗਭਗ ਇਸ ਦੀ ਖ਼ੁਮਾਰੀ ਦਾ ਸ਼ਿਕਾਰ ਰਹੇ ਹਨ। ਇੱਥੋਂ ਤੱਕ ਕਿ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੀ ਪੁੱਤਰੀਜਹਾਨ ਆਰਾ ਵੀ ਅੰਗਰੇਜ਼ੀ ਸ਼ਰਾਬ ਦੀ ਮਤਵਾਲੀ ਸੀ, ਹਾਂ ਔਰੰਗਜ਼ੇਬ ਧਾਰਮਿਕ ਕੱਟੜਤਾ ਕਾਰਨ ਇਸ ਦੀ ਵਰਤੋਂ ਦੇ ਸਖ਼ਤ ਖ਼ਿਲਾਫ ਸੀ ਅਤੇ ਉਸ ਨੇ ਆਪਣੇ ਕਾਰਜਕਾਲ ਦੌਰਾਨ ਸ਼ਰਾਬ ਕੱਢਣ, ਵੇਚਣ ਅਤੇ ਪੀਣ ਦੀ ਸਖ਼ਤ ਮਨਾਹੀ ਕਰ ਦਿੱਤੀ ਸੀ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਮੁਗਲ ਹਕੂਮਤ ਦੀ ਅਧੋਗਤੀ ਕਾਰਨ ਅਤੇ ਬਿ੍ਰਟਿਸ਼ ਹਕੂਮਤ ਦੌਰਾਨ ਇਸ ਦੀ ਵਰਤੋਂ ਵਿਚ ਚੌਖਾ ਵਾਧਾ ਹੋਇਆ ਕਿਉਂਕਿ ਮੁਗਲ ਕਾਲ ਦੌਰਾਨ ਇਹ ਸਮਾਜਿਕ ਤੇ ਰਾਜਨੀਤਿਕ ਤੌਰ ’ਤੇ ਪ੍ਰਮਾਣਿਤ ਨਹੀਂ ਸੀ। ਦੂਸਰੇ ਸ਼ਬਦਾਂ ਵਿਚ ਇਸ ਦੀ ਵਰਤੋਂ ਗ਼ੈਰਕਾਨੂੰਨੀ ਹੀ ਹੁੰਦੀ ਸੀ। ਜੇਕਰ ਗੱਲ ਪੰਜਾਬ ਦੀ ਕੀਤੀ ਜਾਵੇ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 1849 ਵਿਚ ਅੰਗਰੇਜ਼ਾਂ ਨੇ ਪੰਜਾਬ ਨੂੰ ਆਪਣੇ ਕਬਜ਼ੇ ’ਚ ਕਰ ਲਿਆ। ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਆਪਣੇ ਅਧੀਨ ਕਰਨ ਤੋਂ ਬਾਅਦ ਪੰਜਾਬੀਆਂ ਦੀ ਖ਼ੁਸ਼ਹਾਲੀ, ਗ਼ੈਰਤ ਭਰਪੂਰ ਜ਼ਿੰਦਗੀ ਅਤੇ ਦੇਸ਼ ਤੇ ਕੌਮ ਪ੍ਰਤੀ ਕੁਰਬਾਨੀ ਜਾਂ ਜਜ਼ਬਾ ਉਨ੍ਹਾਂ ਦੀ ਅੱਖ ਵਿਚ ਰੜਕਨ ਲੱਗਾ। ਇਸ ਦੇ ਨਾਲ-ਨਾਲ ਪੰਜਾਬੀਆਂ ਦੀ ਆਰਥਿਕ ਖ਼ੁਸ਼ਹਾਲੀ ਤੋਂ ਟੈਕਸ ਦੇ ਰੂਪ ਵਿਚ ਆਮਦਨ ਪ੍ਰਾਪਤ ਕਰਨ ਦੀ ਸਾਜਿਸ਼ ਤਹਿਤ ਉਨ੍ਹਾਂ ਪਹਿਲੀ ਵਾਰ 1873 ਈ. ’ਚ ਪੰਜਾਬ ਵਿਚ ਆਬਕਾਰੀ ਵਿਭਾਗ(excise deptt.) ਦੀ ਸ਼ੁਰੂਆਤ ਕੀਤੀ। ਇਸ ਤਰ੍ਹਾਂ ਸ਼ਰਾਬ ਪੀਣ ਨੂੰ ਵੱਡਾ ਗੁਨਾਹ ਸਮਝਿਆ ਜਾਣ ਵਾਲਾ ਕਾਰਨਾਮਾ ਪਹਿਲੀ ਵਾਰ ਨਿਜ਼ਾਮ ਤੇ ਸਮਾਜ ਦੁਆਰਾ ਪ੍ਰਵਾਨਤ ਮੰਨਿਆ ਜਾਣ ਲੱਗਾ। ਆਬਕਾਰੀ ਵਿਭਾਗ ਦੇ ਸਥਾਪਿਤ ਹੋ ਜਾਣ ਦੇ ਬਾਵਜੂਦ ਵੀ ਉਸ ਸਮੇਂ ਸ਼ਰਾਬ ਦੀ ਵਰਤੋਂ ਅੰਗਰੇਜ਼ਾਂ, ਉਨ੍ਹਾਂ ਦੇ ਨੇੜਲੇ ਹੱਥਠੋਕਿਆਂ ਅਤੇ ਅਮੀਰਜਾਦਿਆਂ ਤੱਕ ਹੀ ਸੀਮਤ ਸੀ। ਆਮ ਵਰਗ ਦੇ ਇੱਜ਼ਤਦਾਰ ਲੋਕ ਇਸ ਨੂੰ ਬਹੁਤ ਮਾੜਾ ਸਮਝਦੇ, ਇਸ ਦੇ ਨੇੜੇ ਨਹੀਂ ਜਾਂਦੇ ਸਨ ਅਤੇ ਉਹ ਪਰੰਪਰਾਗਤ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਦਿਆਂ ਸਦਾਚਾਰਕ ਤੌਰ ’ਤੇ ਉਚੇਰਾ ਜੀਵਨ ਬਤੀਤ ਕਰਦੇ ਸਨ।

ਪੰਜਾਬ ਦੀ ਅਣਖ਼ ਭਰਪੂਰ ਸਾਦਗੀ ਤੇ ਖ਼ੁਸ਼ਹਾਲੀ ਭਰੀ ਜ਼ਿੰਦਗੀ ਨੂੰ ਬਰਬਾਦ ਕਰਨ ਹਿਤ ਅੰਗਰੇਜ਼ਾਂ ਦੁਆਰਾ ਬੀਜਿਆ ਇਹ ਬੀਜ ਅੱਜ ਇੱਕ ਵਿਸ਼ਾਲ ਤੇ ਖ਼ਤਰਨਾਕ ਜੰਗਲ ਵਾਲਾ ਭਿਅੰਕਰ ਰੂਪ ਧਾਰਨ ਕਰ ਗਿਆ ਹੈ। ਅੱਜ ਪੰਜਾਬ ਦੇ 80 ਫ਼ੀਸਦੀ ਤੋਂ ਵੀ ਜ਼ਿਆਦਾ ਲੋਕ ਸ਼ਰਾਬ ਦੀ ਵਰਤੋਂ ਕਰਦੇ ਹੋਏ ਮਾਣ ਮਹਿਸੂਸ ਕਰ ਰਹੇ ਹਨ। ਪੰਜਾਬ ਵਰਗੇ ਛੋਟੇ ਜਿਹੇ ਖਿੱਤੇ ਵਿਚ ਸਵਾ ਪੰਜ ਲੱਖ ਤੋਂ ਵੀ ਵਧੇਰੇ ਬੋਤਲਾਂ ਦੇ ਢੱਕਣ ਹਰ ਰੋਜ਼ ਖੁਲ੍ਹਣੇ, ਸਾਡੀ ਬਰਬਾਦੀ ਦਾ ਸੂਚਕ ਹੈ। ਹੈਰਾਨੀਜਨਕ ਅੰਕੜਾ ਦਸਦਾ ਹੈ ਕਿ ਪੰਜਾਬ ਵਿਚ ਲੋਕ 15 ਕਰੋੜ ਰੁਪਈਆ ਹਰ ਰੋਜ਼ ਸ਼ਰਾਬ ’ਤੇ ਬਰਬਾਦ ਕਰ ਰਹੇ ਹਨ। ਸ਼ਰਾਬ ਦੀ ਇਸ ਖਪਤ ਨਾਲ ਜਿੱਥੇ ਪਰਿਵਾਰਾਂ ਦੇ ਪਰਿਵਾਰ ਉਜੜ ਰਹੇ ਹਨ ਉੱਥੇ ਜ਼ੁਲਮਾਂ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਵਿਦਵਾਨਾਂ ਅਨੁਸਾਰ 50 ਫ਼ੀਸਦੀ ਸੜਕੀ ਦੁਰਘਟਨਾਵਾਂ, 60 ਫ਼ੀਸਦੀ ਬਲਾਤਕਾਰ ਅਤੇ 70 ਫ਼ੀਸਦੀ ਡਕੈਤੀ ਦੀਆਂ ਘਟਨਾਵਾਂ ਸ਼ਰਾਬ ਦੀ ਵਰਤੋਂ ਕਾਰਨ ਹੋ ਰਹੀਆਂ ਹਨ। ਸ਼ੋਸ਼ਲ ਡਰਿੰਕਿੰਗ (social drinking) ਦੀ ਆੜ ਹੇਠ ਸ਼ੁਰੂ ਹੋਈ ਇਹ ਬੀਮਾਰੀ ਅੱਜ ਮਹਾਂਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ ਅਤੇ ਸ਼ਰਾਬ ਨੋਸ਼ੀ ਦੇ ਫੈਸ਼ਨ ਨੇ ਸਾਡੇ ਅਮੀਰ ਤੇ ਗੌਰਵਮਈ ਸੱਭਿਆਚਾਰ ਨੂੰ ਮਲੀਨ ਕਰ ਦਿੱਤਾ ਹੈ।

ਮਾਨਵਤਾ ਦੀ ਤਬਾਹੀ ਨੂੰ ਰੋਕਣ ਅਤੇ ਅਮੀਰ ਸੱਭਿਆਚਾਰ ਦੀ ਪਾਕੀਜ਼ਗੀ ਲਈ ਇਸ ਦੁਰਾਚਾਰ ਤੋਂ ਛੁਟਕਾਰਾ ਬੜਾ ਜ਼ਰੂਰੀ ਹੈ। ਅਜਿਹੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਸਾਡੇ ਲਈ ਚਾਨਣ ਮੁਨਾਰਾ ਹਨ ਅਤੇ ਇਨ੍ਹਾਂ ਸਿੱਖਿਆਵਾਂ ’ਤੇ ਅਮਲ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ। ਗੁਰਬਾਣੀ ਮਨੁੱਖਤਾ ਨੂੰਸਪਸ਼ਟ ਕਰਦੀ ਹੈ ਕਿ ਜਿਸ ਦੇ ਪੀਣ ਨਾਲ ਬੁੱਧੀ ਨਸ਼ਟ ਹੋ ਜਾਂਦੀ ਹੈ ਅਤੇ ਪਰਮਾਤਮਾ ਦੀ ਯਾਦ ਵਿਸਰ ਜਾਂਦੀ ਹੈ, ਅਜਿਹੇ ਸ਼ਰਾਬ ਰੂਪੀ ਨਸ਼ੇ ਦੇ ਕਦੇ ਭੁੱਲ ਕੇ ਵੀ ਨੇੜੇ ਨਹੀਂ ਜਾਣਾ ਚਾਹੀਦਾ: ‘‘ਮਾਣਸੁ ਭਰਿਆ ਆਣਿਆ; ਮਾਣਸੁ ਭਰਿਆ ਆਇ ॥ ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ ॥ ਆਪਣਾ ਪਰਾਇਆ ਨ ਪਛਾਣਈ; ਖਸਮਹੁ ਧਕੇ ਖਾਇ ॥ ਜਿਤੁ ਪੀਤੈ, ਖਸਮੁ ਵਿਸਰੈ; ਦਰਗਹ ਮਿਲੈ ਸਜਾਇ ॥ ਝੂਠਾ ਮਦੁ, ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥’’ (ਮ: ੩/੫੫੪) ਭਾਵ ਸ਼ਰਾਬ ਪੀਣ ਨਾਲ ਅਕਲ ਕੰਮ ਕਰਨੋਂ ਹਟ ਜਾਂਦੀ ਹੈ ਅਤੇ ਸ਼ਰਾਰਤ ਤੇ ਝੱਲਪੁਣਾ ਦਿਮਾਗ਼ ਉੱਪਰ ਭਾਰੂ ਹੋ ਜਾਂਦਾ ਹੈ, ਅਜਿਹੇ ਮਨੁੱਖ ਨੂੰ ਆਪਣੇ ਤੇ ਪਰਾਏ ਦੀ ਪਰਖ ਨਹੀਂ ਰਹਿੰਦੀ ਤੇ ਉਹ ਪਰਮਾਤਮਾ ਦੀ ਮਿਹਰ ਦਾ ਪਾਤਰ ਨਹੀਂ ਬਣ ਸਕਦਾ। ਅਜਿਹੀ ਝੂਠੀ ਸ਼ਰਾਬ ਤੋਂ ਹਰ ਪ੍ਰਾਣੀ ਨੂੰ ਬਚਣਾ ਬੜਾ ਜਰੂਰੀ ਹੈ ਅਤੇ ਅਜਿਹਾ ਕਰਕੇ ਹੀ ਮਨੁੱਖ ਲੋਕ ਪ੍ਰਲੋਕ ਦੀਆਂ ਖ਼ੁਸ਼ੀਆਂ ਦਾ ਹੱਕਦਾਰ ਹੋ ਸਕਦਾ ਹੈ।

ਅੱਜ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅਤੇ ਪਹਿਲੇ ਪ੍ਰਕਾਸ਼ ਵਾਲੇ ਪਾਵਨ ਸਥਾਨ ਦੇ ਬਾਸ਼ਿੰਦੇ ਹੀ ਗੁਰੂ ਸਾਹਿਬਾਨ ਦੁਆਰਾ ਦਰਸਾਏ ਮਾਗਰ ਤੋਂ ਭਟਕ ਗਏ ਹੋਣ ਤਾਂ ਇਸ ਤੋਂ ਵੱਡੀ ਤ੍ਰਾਸ਼ਦੀ ਹੋਰ ਕੀ ਹੋ ਸਕਦੀ ? ਸਾਡੀ ਬਰਬਾਦੀ ਦਾ ਸਭ ਤੋਂ ਵੱਡਾ ਕਾਰਨ ਹੀ ਸਾਡੇ ਰਹਿਬਰਾਂ ਦੀਆਂ ਸਿੱਖਿਆਵਾਂ ਤੋਂ ਬੇਮੁੱਖ ਹੋਣਾ ਹੈ। ਨਸ਼ਿਆਂ, ਖ਼ਾਸ ਕਰਕੇ ਸ਼ਰਾਬ ਦੀ ਵਰਤੋਂ ਕਾਰਨ ਗੰਭੀਰ ਹੋ ਰਹੀਆਂ ਸਥਿਤੀਆਂ ਨਾਲ ਨਿਪਟਣ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਵਿਗਿਆਨਕ ਨਜ਼ਰੀਏ ਤੋਂ ਸਮਝ ਕੇ ਇਨ੍ਹਾਂ ਉੱਪਰ ਅਮਲ ਕਰਨਾ, ਅੱਜ ਸਮੇਂ ਦੀ ਪ੍ਰਮੁੱਖ ਮੰਗ ਹੈ। ਅਮੀਰ ਵਿਰਸੇ ਨਾਲ ਜੁੜ ਕੇ ਹੀ ਅਜਿਹੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਅਧਿਆਪਕਾਂ ਤੇ ਬੁਧੀਜੀਵੀਆਂ ਨੂੰ ਇਸ ਪਾਵਨ ਕਾਰਜ ਵਿਚ ਈਮਾਨਦਾਰੀ ਨਾਲ ਆਪਣਾ ਬਣਦਾ ਯੋਗਦਾਨ ਪਾਉਂਦਿਆਂ ਆਪਣੇ ਆਲੇ-ਦੁਆਲੇ ਅਤੇ ਸੰਪਰਕ ਵਾਲੇ ਲੋਕਾਂ ਨੂੰ ਇਸ ਭਿਅੰਕਰ ਬੀਮਾਰੀ ਦੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕਰਨਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਦੁਆਰਾ ਉਚਾਰਨ ਕੀਤਾ ਗਿਆ ਇਹ ਬਚਨ ਕਿ ‘‘ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥’’ (ਮ: ੩/੫੫੪) ਭਾਵ ਜਿੱਥੋਂ ਤੱਕ ਹੋ ਸਕੇ ਅਸਥਾਈ ਮਸਤੀ ਦੇਣ ਵਾਲਾ ਸ਼ਰਾਬ ਦਾ ਨਸ਼ਾ ਬਿਲਕੁਲ ਵੀ ਨਹੀਂ ਵਰਤਣਾ ਚਾਹੀਦਾ, ਨਰੋਏ ਸਮਾਜ ਦੀ ਸਿਰਜਣਾ ਲਈ ਸਰਬੋਤਮ ਢੰਗ ਹੈ।