ਜਾਂ ਘਾਲ ਮਰਦੀ ਘਾਲੀ

0
763

ਜਾਂ ਘਾਲ ਮਰਦੀ ਘਾਲੀ

ਰਣਜੀਤ ਸਿੰਘ, B.Sc., M.A., M.Ed. ਸਟੇਟ ਤੇ ਨੈਸ਼ਨਲ ਅਵਾਰਡੀਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)- 99155-15436

ਰਬਾਬੀ ਭਾਈ ਸੱਤ ਜੀ ਤੇ ਬਲਵੰਡ ਜੀ ਨੇ ਭਾਈ ਲਹਿਣਾ ਜੀ ਤੋਂ ਬਣੇ ਗੁਰੂ ਅੰਗਦ ਦੇਵ ਜੀ ਬਾਰੇ ਆਪਣੀ ਵਾਰ ਵਿੱਚ ਲਿਖਿਆ ਹੈ –ਪਏ ਕਬੂਲ ਖਸੰਮ ਨਾਲਿ, ਜਾਂ ਘਾਲ ਮਰਦੀ ਘਾਲੀ॥ (੯੬੭) ਭਾਵ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਭਾਈ ਲਹਿਣਾ ਜੀ ਗੁਰੂ ਨਾਨਕ ਦੇ ਦਰ ’ਤੇ ਉਦੋਂ ਕਬੂਲ ਹੋਏ ਜਦੋਂ ਉਹਨਾਂ ਨੇ ਮਰਦਾਂ ਵਾਲੀ ਘਾਲ ਘਾਲੀ। ਉਹ ਘਾਲ ਕੀ ਸੀ ਉਸ ਨੂੰ ਸਮਝਣ ਲਈ ਉਹਨਾਂ ਦੇ ਪਿਛਲੇ ਜੀਵਨ ’ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਭਾਵੇਂ ਉਹ ਧਰਮ ਨਿਭਾ ਰਹੇ ਸਨ ਪਰ ਜੀਵਨ ਕਰਮਕਾਂਡੀ ਹੀ ਸੀ। ਹਰ ਸਾਲ ਆਪਣੇ ਪਿਤਾ ਬਾਬਾ ਫੇਰੂ ਜੀ ਨਾਲ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾਣਾ ਤੇ ਦੇਵੀ ਦੀਆਂ ਭੇਟਾ ਗਾਉਣੀਆਂ ਅਤੇ ਪਿਤਾ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਆਪ ਨੇ ਇੱਕ ਵੱਡੇ ਸੰਗ ਨੂੰ ਲੈ ਕੇ ਉਹੀ ਸਿਲਸਿਲਾ ਜਾਰੀ ਰੱਖਿਆ। ਉਹ ਵਰਣ ਆਸ਼ਰਮੀ ਮੱਤ ਦੇ ਪੈਰੋਕਾਰ ਸਨ ਜੋ ਸਿਮ੍ਰਤੀਆਂ ਦੀ ਪੈਦਾਵਾਰ ਸੀ। ਦੇਵੀ ਦੀ ਯਾਤਰਾ ਕਰਦਿਆਂ ਭੇਟਾ ਗਾਉਣੀਆਂ, ਰਾਸਾਂ ਪਾਉਣੀਆਂ, ਨੱਚਣਾ, ਟੱਪਣਾ, ਜੋਤਾਂ ਜਗਾਉਣੀਆਂ, ਟੱਲ ਖੜਕਾਉਣੇ ਅਤੇ ਹਰ ਉਹ ਮਰਯਾਦਾ ਨਿਭਾਉਣੀ ਜਿਸ ਦੀ ਸ਼ਾਸਤਰ ਆਗਿਆ ਦਿੰਦੇ ਸਨ।

ਐਸੇ ਜੀਵਨ ਵਿੱਚ ਗੁਰੂ ਨਾਨਕ ਦੇਵ ਜੀ ਦੀ ਕੁੱਝ ਕੁ ਸਮੇਂ ਦੀ ਸੰਗਤ ਨੇ ਏਨਾ ਵੱਡਾ ਪਲਟਾ ਲੈ ਆਂਦਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਿੱਖ ਹੀ ਨਹੀਂ ਬਣੇ ਸਗੋਂ ਉਹਨਾਂ ਦਾ ਰੂਪ (ਉਤਰਾਧਿਕਾਰੀ) ਹੀ ਹੋ ਗਏ। ਇਹ ਸਭ ਕੁੱਝ ਅਚਾਨਕ ਕਿਵੇਂ ਵਾਪਰ ਗਿਆ ? ਇਤਿਹਾਸ ਨੇ ਇਸ ਬਾਰੇ ਤਿੰਨ ਘਟਨਾਵਾਂ ਦਾ ਵਰਨਣ ਕੀਤਾ ਹੈ। ਪਹਿਲੀ ਘਟਨਾ ਖਡੂਰ ਸਾਹਿਬ ਵਿਖੇ ਵਾਪਰੀ ਜਿੱਥੇ ਆਪ ਜੀ ਦਾ ਚੰਗਾ ਕਾਰੋਬਾਰ ਸੀ ਤੇ ਇੱਕ ਵੱਡੀ ਹਟਵਾਣੀਏ ਦੀ ਦੁਕਾਨ ਸੀ ਅਤੇ ਸ਼ਾਹੂਕਾਰਾ ਕੰਮ ਸੀ। ਇੱਕ ਦਿਨ ਦੁਕਾਨ ’ਤੇ ਭਾਈ ਸ਼ੀਆਂ ਨਾਂ ਦਾ ਵਿਅਕਤੀ ਜੋ ਗੁਰੂ ਨਾਨਕ ਦੇਵ ਜੀ ਦਾ ਸਿੱਖ ਸੀ ਪੂਰੇ ਦਿਨ ਦੀ ਕਮਾਈ ਹੋਈ ਮਮੂਲੀ ਜਿਹੀ ਰਕਮ ਦਾ ਰਾਸ਼ਨ ਲੈਣ ਪੁੱਜਾ। ਗਰੀਬ ਜਾਣ ਕੇ ਬਾਬਾ ਲਹਿਣਾ ਜੀ ਨੇ ਦਿੱਤੇ ਪੈਸਿਆਂ ਤੋਂ ਹੋਰ ਵਾਧੂ ਰਾਸ਼ਨ ਪਾ ਦਿੱਤਾ ਤਾਂ ਭਾਈ ਸ਼ੀਆਂ ਨੇ ਉਹ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਮਿਹਨਤ ਦੀ ਘਾਲ ਹੀ ਖਾਣੀ ਹੈ। ਫਿਰ ਉਸ ਦਾ ਸਬਰ ਸੰਤੋਖ ਵਾਲਾ ਪਰਿਵਾਰਿਕ ਜੀਵਨ ਵੇਖ ਕੇ ਮਨ ਵਿੱਚ ਗੁਰੂ ਨਾਨਕ ਦੇ ਜੀ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ।

ਦੂਜੀ ਘਟਨਾ ਇਹ ਵਾਪਰੀ ਕਿ ਜੋਗੀਆਂ ਅਤੇ ਫਕੀਰਾਂ ਦੀ ਇੱਕ ਮੰਡਲੀ ਇੱਕ ਵਾਰ ਜਵਾਲਾਮੁਖੀ ਆਈ ਭਾਈ ਲਹਿਣਾ ਜੀ ਨੇ ਬੜੇ ਪ੍ਰੇਮ ਅਤੇ ਨਿਮਰਤਾ ਨਾਲ ਉਹਨਾਂ ਦੀ ਸੇਵਾ ਕੀਤੀ ਅਤੇ ਫਿਰ ਧਰਮ ਚਰਚਾ ਸ਼ੁਰੂ ਹੋਈ। ਸਾਰੇ ਇੱਕ ਦੂਜੇ ਨੂੰ ਪੁੱਛਣ ਲੱਗੇ ਕਿ ਇਸ ਜਗਤ ਵਿੱਚ ਕੋਈ ਅਸਲ ਪਾਰਖੂ ਵੀ ਕੋਈ ਹੈ। ਸਭ ਨੇ ਇੱਕ ਜ਼ੁਬਾਨ ਵਿੱਚ ਕਿਹਾ ਕਿ ਨਾਨਕ ਤਪਾ ਖੱਤਰੀ ਹੀ ਇੱਕੋ ਇੱਕ ਹੈ। ਉਹਨਾਂ ਪਾਸੋਂ ਗੁਰੂ ਨਾਨਕ ਦੇਵ ਜੀ ਦੇ ਗੁਣ ਸੁਣ ਕੇ ਮਨ ਵਿੱਚ ਮਿਲਣ ਦੀ ਤੜਪ ਪੈਦਾ ਹੋਈ। ਪਰ ਜਦੋਂ ਘਰ ਪਹੁੰਚੇ ਤਾਂ ਕਿਰਤ ਵਿੱਚ ਐਸੇ ਗਲਤਾਨ ਹੋਏ ਕਿ ਨਿਕਲ ਹੀ ਨਾ ਸਕੇ। ਪਰ ਅੰਦਰ ਮਿਲਾਪ ਦਾ ਬੀਜ ਬੀਜਿਆ ਗਿਆ।

ਤੀਜੀ ਘਟਨਾ ਵਿੱਚ ਖਡੂਰ ਦੇ ਰਹਿਣ ਵਾਲੇ ਭਾਈ ਜੋਧ, ਜਿਸ ਨੇ ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਦੀ ਦਾਤ ਲਈ ਸੀ। ਜਦੋਂ ਉਹ ਆਪਣੇ ਪਿੰਡ ਵਾਪਸ ਆਏ ਤਾਂ ਨੇਮ ਅਨੁਸਾਰ ਬਾਣੀ ਪੜ੍ਹਨ ਲੱਗ ਪਏ। ਇੱਕ ਦਿਨ ਅੰਮ੍ਰਿਤ ਵੇਲੇ ਭਾਈ ਜੋਧ ਜੀ ਤੋਂ ਆਸਾ ਦੀ ਵਾਰ ਦੀ 21ਵੀਂ ਪਉੜੀ ਦਾ ਪਾਠ ਬੜੇ ਸੁਰ ਅਤੇ ਲੈਅ ਵਿੱਚ ਸੁਣਿਆ।

ਜਿਤੁ ਸੇਵਿਐ ਸੁਖੁ ਪਾਈਐ; ਸੋ ਸਾਹਿਬੁ ਸਦਾ ਸਮ੍ਾਲੀਐ ॥

ਜਿਤੁ ਕੀਤਾ ਪਾਈਐ ਆਪਣਾ; ਸਾ ਘਾਲ ਬੁਰੀ ਕਿਉ ਘਾਲੀਐ  ? ॥’’ (ਮ: ੧/੪੭੪)

ਇਹ ਸੁਣ ਕੇ ਜਦੋਂ ਪਤਾ ਲੱਗਾ ਕਿ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਤਾਂ ਉਹਨਾਂ ਨੂੰ ਮਿਲਣ ਦੀ ਲੋਚਾ ਹੋਰ ਪ੍ਰਬਲ ਹੋ ਗਈ। ਆਪਣੀ ਧਰਮ ਭੂਆ ਬੀਬੀ ਵਿਰਾਈ ਨੂੰ ਆਪਣੇ ਮਨ ਦੀ ਅਵਸਥਾ ਬਿਆਨ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦਾ ਟਿਕਾਣਾ ਪੁੱਛਿਆ। ਕੁਦਰਤੀ ਇਹਨਾਂ ਦਿਨਾਂ ਵਿੱਚ ਹੀ ਆਪ ਆਪਣੇ ਸੰਗ ਨੂੰ ਲੈ ਕੇ ਜਵਾਲਾਮੁਖੀ ਜਾਣ ਦੀ ਤਿਆਰੀ ਕਰ ਰਹੇ ਸਨ ਅਤੇ ਮਨ ਵਿੱਚ ਫੈਸਲਾ ਕੀਤਾ ਕਿ ਜਾਂਦੇ ਹੋਏ ਰਸਤੇ ਵਿੱਚ ਕਰਤਾਰਪੁਰ ਦੇ ਨੇੜਿਉਂ ਲੰਘਣ ਸਮੇਂ ਉਸ ਮਹਾਂਪੁਰਖ ਦੇ ਦਰਸ਼ਨ ਕਰਕੇ ਹੀ ਅੱਗੇ ਜਾਵਾਂਗਾ।

ਅਕਤੂਬਰ 1532 ਨੂੰ ਆਪਣੇ ਸੰਗ ਨੂੰ ਨਾਲ ਲੈ ਕੇ ਜਵਾਲਾਮੁਖੀ ਲਈ ਚੱਲ ਪਏ। ਕਰਤਾਰਪੁਰ ਦੇ ਨੇੜੇ ਜਾ ਕੇ ਜੱਥੇ ਨੇ ਵਿਸਰਾਮ ਕਰਨ ਲਈ ਉਤਾਰਾ ਕੀਤਾ। ਆਪ ਜੱਥੇ ਨੂੰ ਉਥੇ ਬਿਠਾ ਕੇ ਨਾਨਕ ਤਪੇ ਨੂੰ ਮਿਲਣ ਲਈ ਘੋੜੀ ’ਤੇ ਚੱਲ ਪਏ। ਇੱਧਰ ਨਿਆਰੀ ਖੇਡ ਵਾਪਰੀ। ਅੰਤਰਜਾਮੀ ਗੁਰੂ ਨਾਨਕ ਦੇਵ ਜੀ ਘਰ ਬਿਰਾਜੇ ਹੋਏ ਸਨ ਅਤੇ ਗੁਰੂ ਸਾਹਿਬ ਨੇ ਬਚਨ ਕੀਤਾ : ‘ਮੇਰੇ ਰਾਜ ਦਾ ਧਨੀ ਆਇਆ ਹੈ, ਲੈ ਆਂਵਾਂ।’

ਮਹਿੰਮਾ ਪਰਕਾਸ਼ ਦੇ ਅਨੁਸਾਰ ਮੇਲ ਰਾਹ ਵਿੱਚ ਹੀ ਹੋ ਗਿਆ। ਬਾਬਾ ਲਹਿਣਾ ਜੀ ਨੇ ਉਹਨਾਂ ਕੋਲੋਂ ਹੀ ਗੁਰੂ ਨਾਨਕ ਦੇ ਘਰ ਦਾ ਰਾਹ ਪੁੱਛ ਲਿਆ। ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਮੇਰੇ ਪਿਛੇ ਪਿਛੇ ਘੋੜੀ ਲੈ ਕੇ ਆ ਜਾਓ। ਗੁਰੂ ਬਾਬੇ ਨੇ ਘੋੜੀ ਦੀਆਂ ਵਾਗਾਂ ਫੜ ਲਈਆਂ। ਧਰਮਸ਼ਾਲਾ ਪਹੁੰਚ ਕੇ ਲਹਿਣਾ ਜੀ ਨੂੰ ਕਿਹਾ ਕਿ ਘੋੜੀ ਨੂੰ ਬੰਨ੍ਹ ਕੇ ਅੰਦਰ ਚਲੇ ਜਾਓ। ਅੰਦਰ ਕੀਰਤਨ ਹੋ ਰਿਹਾ ਸੀ। ਜਦੋਂ ਲਹਿਣਾ ਜੀ ਨੇ ਮੱਥਾ ਟੇਕ ਕੇ ਸਿਰ ਚੁੱਕਿਆ ਤਾਂ ਹੈਰਾਨ ਹੋ ਗਏ ਅਤੇ ਬੜੀ ਸ਼ਰਮਿੰਦਗੀ ਵੀ ਮਹਿਸੂਸ ਕੀਤੀ ਕਿ ਜਿਸ ਪੁਰਖ ਨੇ ਮੇਰੀ ਘੋੜੀ ਦੀਆਂ ਵਾਗਾਂ ਫੜੀਆਂ ਸਨ ਉਹ ਆਪ ਹੀ ਗੁਰੂ ਨਾਨਕ ਸਨ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਦੀ ਇਹ ਅਵਸਥਾ ਵੇਖ ਕੇ ਹੀ ਕਹਿ ਦਿੱਤਾ ਸੀ ਕਿ ਲਹਿਣੇਦਾਰ ਘੋੜੀਆਂ ’ਤੇ ਹੀ ਚੜ੍ਹ ਕੇ ਆਉਂਦੇ ਹਨ। ਤੁਸੀਂ ਸਾਡੇ ਕੋਲੋਂ ਲੈਣਾ ਹੈ ਤੇ ਅਸੀਂ ਤੁਹਾਨੂੰ ਦੇਣਾ ਹੈ। ਕੀਰਤਨ ਸੁਣ ਕੇ ਮਨ ਟਿਕ ਗਿਆ ਅਤੇ ਰਾਤ ਪੈ ਗਈ। ਆਪ ਨੇ ਧਰਮਸ਼ਾਲਾ ਵਿੱਚ ਹੀ ਵਿਸਰਾਮ ਕੀਤਾ। ਰਾਤ ਨੂੰ ਸੁੱਤਿਆਂ ਸੁਪਨੇ ਵਿੱਚ ਵੇਖਿਆ ਕਿ ਜਿਸ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ ਉਹ ਤਾਂ ਇੱਥੇ ਝਾੜੂ ਦੇ ਰਹੀ ਹੈ। ਤੜਕੇ ਉੱਠ ਕੇ ਜਾ ਰਹੇ ਸੰਗ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਕਿ ਮੈਂ ਹੁਣ ਹੋਰ ਕਿਤੇ ਨਹੀਂ ਜਾ ਸਕਦਾ। ਚਾਰ ਦਿਨ ਸੰਗਤ ਕਰਨ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਗ੍ਰਹਿਸਤ ਸੰਭਾਲਣ ਲਈ ਵਾਪਸ ਖਡੂਰ ਸਾਹਿਬ ਜਾਣ ਲਈ ਕਿਹਾ।

ਖਡੂਰ ਜਾ ਕੇ ਕੁੱਝ ਦਿਨ ਠਹਿਰੇ ਤਾਂ ਖਿਲਾਰੇ ਨੂੰ ਘੱਟ ਕੀਤਾ। ਪਰਿਵਾਰ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਕਿ ਮੈਂ ਹੁਣ ਕਰਤਾਰਪੁਰ ਜਾ ਕੇ ਹੀ ਧਰਮ ਕਮਾਵਾਂਗਾ। ਆਪਣੀ ਸੁਪਤਨੀ ਮਾਤਾ ਖੀਵੀ ਜੀ ਨੂੰ ਵੀ ਸਮਝਾਇਆ ਕਿ ਜਿਸ ਗੁਰੂ ਕੋਲ ਮੈਂ ਚੱਲਿਆ ਹਾਂ ਉਹ ਕੋਈ ਜੋਗੀ, ਸਨਿਆਸੀ ਜਾਂ ਕਰਾਮਾਤੀ ਨਹੀਂ। ਉਹ ਆਪ ਗ੍ਰਹਿਸਤੀ ਹੈ ਅਤੇ ਧਰਮ ਕਮਾ ਰਿਹਾ ਹੈ। ਕਰਤਾਰਪੁਰ ਜਾਣ ਲੱਗਿਆਂ ਇੱਕ ਲੂਣ ਦੀ ਵੱਡੀ ਸਿੱਲ੍ਹ ਅਤੇ ਚਟਾਈ ਲੈ ਲਈ। ਲੂਣ ਦਾ ਭਾਵ ਸੀ ਕਿ ਹੁਣ ਕੋਈ ਵੀ ਸਵਾਸ ਅਜਾਈ ਨਹੀਂ ਜਾਣ ਦੇਵਾਂਗਾ ਅਤੇ ਜਿਵੇਂ ਲੂਣ ਸਾਗਰ ਵਿੱਚ ਮਿਲ ਕੇ ਉਸ ਦਾ ਹੀ ਰੂਪ ਹੋ ਜਾਂਦਾ ਹੈ ਪਰ ਉਸ ਦਾ ਥਾਹ ਨਹੀਂ ਪਾ ਸਕਦਾ ਅਤੇ ਚਟਾਈ ਦਰਸਾ ਰਹੀ ਸੀ ਕਿ ਇਹ ਜੀਵਨ ਹੁਣ ਸੇਵਾ ਲਈ ਹੀ ਅਰਪਣ ਹੈ।

ਕਰਤਾਰਪੁਰ ਪਹੁੰਚ ਕੇ ਜੋ ਮਰਦਾਂ ਵਾਲੀ ਘਾਲ ਆਪ ਨੇ ਨਿਭਾਈ ਉਸ ਦਾ ਜ਼ਿਕਰ ਇਤਿਹਾਸ ਨੇ ਕੁੱਝ ਪ੍ਰਮੁੱਖ ਘਟਨਾਵਾਂ ਰਾਹੀਂ ਕੀਤਾ ਹੈ, ਜਿਹਨਾਂ ਨੂੰ ਇਤਿਹਾਸ ਵਿੱਚ ਪ੍ਰੀਖਿਆਵਾਂ ਕਰਕੇ ਜਾਣਿਆ ਜਾਂਦਾ ਹੈ। ਕਰਤਾਰਪੁਰ ਪਹੁੰਚ ਕੇ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਜੀ ਘਰ ਨਹੀਂ ਹਨ ਸਗੋਂ ਖੇਤਾਂ ਵਿੱਚ ਕੰਮ ਕਰਨ ਗਏ ਹੋਏ ਹਨ। ਆਪ ਉਹਨਾਂ ਨੂੰ ਮਿਲਣ ਲਈ ਖੇਤਾਂ ਵਿੱਚ ਹੀ ਚਲੇ ਗਏ। ਉਸ ਸਮੇਂ ਗੁਰੂ ਸਾਹਿਬ ਮੁੰਜੀ ਵਿੱਚੋਂ ਨਦੀਨ ਕੱਢ ਰਹੇ ਸਨ। ਭਾਈ ਲਹਿਣਾ ਜੀ ਨੇ ਵੀ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ। ਇਹ ਆਪ ਦਾ ਬਿਲਕੁਲ ਨਵਾਂ ਤਜਰਬਾ ਸੀ ਜਿਸ ਕਰਕੇ ਨਦੀਨ ਦੇ ਨਾਲ ਨਾਲ ਮੁੰਜੀ ਦੇ ਬੂਟੇ ਵੀ ਪੁੱਟਣ ਲੱਗ ਪਏ। ਇਹ ਵੇਖ ਕੇ ਗੁਰੂ ਸਾਹਿਬ ਨੇ ਕਿਹਾ ਕਿ ਪੁਰਖਾ ਤੂੰ ਇਹ ਕੰਮ ਛੱਡ ਦੇ ਇਹ ਤੇਰੇ ਕਰਨ ਦਾ ਨਹੀਂ। ਨਾਲ ਹੀ ਇਹ ਕਿਹਾ ਕਿ ਤੁਸੀਂ ਬੂਟੇ ਲਾਉਣੇ ਹਨ, ਪੁੱਟਣੇ ਨਹੀਂ। ਪਸ਼ੂਆਂ ਲਈ ਪੱਠਿਆਂ ਦੀਆਂ ਭਰੀਆਂ ਤਿਆਰ ਹੋ ਗਈਆਂ ਤਾਂ ਗੁਰੂ ਸਾਹਿਬ ਨੇ ਕੁੱਝ ਆਪ ਸਿਰ ’ਤੇ ਚੁੱਕ ਲਈਆਂ ਤੇ ਕੁੱਝ ਭਾਈ ਲਹਿਣਾ ਜੀ ਨੂੰ ਚੁਕਵਾ ਦਿੱਤੀਆਂ। ਇਸ ਤਰ੍ਹਾਂ ਮੈਲਾ ਪਾਣੀ ਚੋ-ਚੋ ਕੇ ਆਪ ਦੇ ਨਵੇਂ ਬਸਤਰਾਂ ਨੂੰ ਗੰਦਾ ਕਰਨ ਲੱਗਾ। ਘਰ ਪੁੱਜੇ ਤਾਂ ਮਾਤਾ ਸੁਲੱਖਣੀ ਜੀ ਨੇ ਕਿਹਾ ਤੁਸੀਂ ਇਹ ਕੀ ਕੀਤਾ ਹੈ ? ਇਸ ਪੁਰਖ ਦੇ ਨਵੇਂ ਬਸਤਰ ਚਿੱਕੜ ਨਾਲ ਖਰਾਬ ਹੋ ਗਏ ਹਨ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਚਿੱਕੜ ਨਹੀਂ, ਕੇਸਰ ਦੇ ਛਿੱਟੇ ਹਨ। ਇਸ ਦੇ ਸਿਰ ’ਤੇ ਪੱਠਿਆਂ ਦੀ ਪੰਡ ਨਹੀਂ ਸਗੋਂ ਦੀਨ ਦੁਨੀਆਂ ਦਾ ਛਤਰ ਧਰਿਆ ਹੈ।

ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਤੋਂ ਕਈ ਅਜਿਹੇ ਕਰਮ ਕਰਵਾਏ ਜਿਹੜੇ ਉਸ ਸਮੇਂ ਦੇ ਨੀਵੀਂ ਜਾਤ ਦੇ ਸ਼ੂਦਰ ਲੋਕ ਕਰਦੇ ਸਨ ਜਿਵੇਂ ਮੋਈ ਹੋਈ ਚੂਹੀ ਨੂੰ ਧਰਮਸ਼ਾਲਾ ਵਿੱਚੋਂ ਬਾਹਰ ਕੱਢਣਾ। ਅੰਮ੍ਰਿਤ ਵੇਲੇ ਅੱਤ ਦੀ ਠੰਢ ਵਿੱਚ ਰਾਵੀ ਦਰਿਆ ਵਿੱਚ ਇਸ਼ਨਾਨ ਕਰਨ ਸਮੇਂ ਉਹਨਾਂ ਦੇ ਫੜੇ ਹੋਏ ਕੱਪੜਿਆਂ ਨੂੰ ਬਾਰਸ਼ ਅਤੇ ਗੜਿਆਂ ਤੋਂ ਬਚਾਉਣਾ ਪਰ ਆਪਣੇ ਸਰੀਰ ਦੀ ਪ੍ਰਵਾਹ ਨਾ ਕਰਨਾ। ਜੇ ਗੁਰੂ ਸਾਹਿਬ ਨੇ ਅੱਧੀ ਰਾਤ ਸਿਆਲ ਦੀ ਰੁੱਤ ਵਿੱਚ ਡਿੱਗੀ ਹੋਈ ਧਰਮਸ਼ਾਲਾ ਦੀ ਕੰਧ ਬਨਾਉਣ ਲਈ ਕਿਹਾ ਤਾਂ ਬਿਨਾਂ ਕਿਸੇ ਹੀਲ ਹੁੱਜਤ ਦੇ ਨਿਮਰਤਾ ਸਹਿਤ ਖੁਸ਼ੀ-ਖੁਸ਼ੀ ਹੁਕਮ ਦੀ ਪਾਲਣਾ ਕੀਤੀ ਜਦੋਂ ਕਿ ਅਜਿਹੇ ਮੌਕੇ ਸਾਰੇ ਕੰਨੀ ਕਤਰਾ ਗਏ। ਇਸੇ ਤਰ੍ਹਾਂ ਅੱਧੀ ਰਾਤੀ ਸਰਦੀ ਦੀ ਰੁੱਤ ਵਿੱਚ ਰਾਵੀ ਦਰਿਆ ਵਿੱਚੋਂ ਕੱਪੜੇ ਧੋਣ ਦੇ ਹੁਕਮ ਨੂੰ ਕੇਵਲ ਭਾਈ ਲਹਿਣਾ ਜੀ ਨੇ ਹੀ ਮੰਨਿਆ, ਜਦੋਂ ਕਿ ਪੁੱਤਰਾਂ ਅਤੇ ਹੋਰ ਸਿੱਖਾਂ ਨੇ ਵੀ ਨਾ ਕਰ ਦਿੱਤੀ। ਗੁਰੂ ਜੀ ਦਾ ਹੁਕਮ ਮੰਨ ਕੇ ਆਪ ਗੰਦਗੀ ਨਾਲ ਭਰੇ ਹੋਏ ਟੋਏ ਵਿੱਚੋਂ ਬਿਨਾਂ ਕਿਸੇ ਹਿਚਕਚਾਟ ਦੇ ਕਟੋਰਾ ਕੱਢ ਕੇ ਲੈ ਆਏ। ਇਹ ਸਾਰੀ ਮਰਦਾਂ ਵਾਲੀ ਘਾਲ ਹੀ ਸੀ ਜੋ ਆਪ ਕਮਾ ਰਹੇ ਸਨ।

ਬਾਬਾ ਲਹਿਣਾ ਜੀ ਦੀ ਆਤਮਿਕ ਅਵਸਥਾ ਕਿੰਨੀ ਕੁ ਉਚੀ ਹੋ ਚੁੱਕੀ ਸੀ ਇਸ ਦਾ ਅੰਦਾਜਾ ਇਸ ਪ੍ਰਸ਼ਨ ਤੋਂ ਹੀ ਲਾਇਆ ਜਾ ਸਕਦਾ ਹੈ। ਸੁਆਲ ਬੜਾ ਸਿੱਧਾ ਸੀ ਕਿ ਦੱਸੋ ਕਿੰਨੀ ਰਾਤ ਬੀਤ ਗਈ ਹੈ। ਸਾਰੇ ਨਿਕਟਵਰਤੀ ਸਿੱਖਾਂ ਨੇ ਇਸ ਨੂੰ ਸਮੇਂ ਨਾਲ ਸਬੰਧਤ ਦੱਸਿਆ ਅਤੇ ਉਤਰ ਦਿੱਤਾ। ਪਰ ਜੋ ਉਤਰ ਬਾਬਾ ਲਹਿਣਾ ਜੀ ਨੇ ਦਿੱਤਾ ਉਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਵੇਂ ਗੁਰੂ ਅਤੇ ਪ੍ਰਮੇਸ਼ਰ ਨਾਲ ਇੱਕ ਮਿੱਕ ਹੋ ਚੁੱਕੇ ਸਨ। ਬਾਬਾ ਲਹਿਣਾ ਜੀ ਕਹਿਣ ਲੱਗੇ ਕਿ ਕਰਤਾਰ ਦੀ ਰਜ਼ਾ ਵਿੱਚ ਜਿੰਨੀ ਰਾਤ ਬੀਤਣੀ ਸੀ ਉਹ ਬੀਤ ਗਈ ਹੈ ਅਤੇ ਉਸ ਦੀ ਰਜ਼ਾ ਵਿੱਚ ਹੀ ਬਾਕੀ ਰਹਿੰਦੀ ਰਾਤ ਵੀ ਬੀਤ ਜਾਵੇਗੀ।

ਅੰਤਮ ਪ੍ਰੀਖਿਆ ਜੋ ਗੁਰੂ ਸਾਹਿਬ ਨੇ ਬਾਬਾ ਲਹਿਣਾ ਜੀ ਦੀ ਲਈ ਉਹ ਅੱਤ ਦੀ ਕਰੜੀ ਸੀ। ਆਪ ਨੇ ਧਾਣਕ ਰੂਪ ਧਾਰਨ ਕਰ ਲਿਆ। ਕੁੱਝ ਕੁੱਤੇ ਇਕੱਠੇ ਕਰ ਲਏ ਅਤੇ ਹੱਥ ਵਿੱਚ ਸੋਟਾ ਫੜ ਲਿਆ ਅਤੇ ਮੋਢੇ ’ਤੇ ਇੱਕ ਝੋਲਾ ਪਾ ਲਿਆ। ਜੋ ਵੀ ਨੇੜੇ ਆਵੇ ਉਸ ਨੂੰ ਸੋਟੇ ਦਾ ਡਰਾਵਾ ਦੇਣ। ਇਸ ਭੇਸ ਵਿੱਚ ਗੁਰੂ ਜੀ ਰਾਵੀ ਦਰਿਆ ਦੇ ਬੇਲੇ ਵੱਲ ਚੱਲ ਪਏ। ਕਈ ਸਿੱਖ ਉਦਾਸ ਹੋ ਕੇ ਘਰਾਂ ਨੂੰ ਚੱਲ ਪਏ। ਜਦੋਂ ਸਾਰੇ ਹੀ ਚਲੇ ਗਏ ਕੇਵਲ ਬਾਬਾ ਲਹਿਣਾ ਜੀ ਰਹਿ ਗਏ ਤਾਂ ਗੁਰੂ ਸਾਹਿਬ ਨੇ ਕਿਹਾ ਪੁਰਖਾ ਸਾਰੇ ਚਲੇ ਗਏ ਹਨ, ਤੂੰ ਕਿਉਂ ਨਹੀਂ ਗਿਆ। ਇਹ ਸੁਣ ਕੇ ਬਾਬਾ ਲਹਿਣਾ ਜੀ ਕਹਿਣ ਲੱਗੇ ਉਹਨਾਂ ਦਾ ਕੋਈ ਹੋਰ ਟਿਕਾਣਾ ਹੋਵੇਗਾ ਪਰ ਮੇਰਾ ਤਾਂ ਤੁਹਾਡੇ ਬਿਨਾਂ ਹੋਰ ਕੋਈ ਟਿਕਾਣਾ ਹੀ ਨਹੀਂ। ਇਹ ਸੁਣ ਕੇ ਸਤਿਗੁਰੂ ਜੀ ਬੋਲ ਉਠੇ ਲਹਿਣਿਆ ! ਮੇਰਾ ਵੀ ਤੇਰੇ ਬਿਨਾਂ ਕੋਈ ਟਿਕਾਣਾ ਨਹੀਂ ਤੇ ਨਾਲ ਹੀ ਹੁਕਮ ਕੀਤਾ ਕਿ ਉਹ ਪਿਆ ਹੋਇਆ ਮੁਰਦਾ ਖਾਵੋ। ਇਹ ਸੁਣ ਕੇ ਬਾਬਾ ਲਹਿਣਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ! ਕਿਹੜੇ ਪਾਸਿਓਂ ਖਾਵਾਂ ਸਿਰ ਵੱਲੋਂ ਕਿ ਪੈਰਾਂ ਵੱਲੋਂ। ਇਹ ਸੁਣ ਕੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣੇ ਅੰਗ ਨਾਲ ਲਗਾ ਕੇ ਲਹਿਣੇ ਤੋਂ ਅੰਗਦ ਬਣਾ ਦਿੱਤਾ।

ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤ ਸਮਾਂ ਨੇੜੇ ਜਾਣ ਕੇ ਬਾਬਾ ਲਹਿਣਾ ਜੀ ਵੱਲੋਂ ਕੀਤੀ ਮਰਦਾਂ ਵਾਲੀ ਘਾਲ ਨੂੰ ਹਰ ਪੱਖੋਂ ਪਰਖ ਪੜਚੋਲ ਕਰਕੇ ਉਹਨਾਂ ਨੂੰ ਗੁਰਗੱਦੀ ਦੇਣ ਦਾ ਫੈਸਲਾ ਕਰ ਲਿਆ। ਸੰਗਤ ਨੂੰ ਇਕੱਠਿਆਂ ਕੀਤਾ। ਲੋਕਾਂ ਦੇ ਮਨਾਂ ਵਿੱਚੋਂ ਸ਼ੰਕੇ ਨਵਿਰਤ ਕਰਨ ਹਿੱਤ ਕਿ ਗੱਦੀ ਕਿਸ ਪੁੱਤਰ ਨੂੰ ਮਿਲੇਗੀ, ਆਪ ਨੇ ਸਾਰੀ ਸੰਗਤ ਦੇ ਸਾਹਮਣੇ ਆਪਣੇ ਹੱਥ ਉਪਰ ਇੱਕ ਰੁਪਏ ਵਾਲਾ ਸਿੱਕਾ ਰੱਖਿਆ ਅਤੇ ਮੁੱਠੀ ਬੰਦ ਕਰ ਲਈ। ਆਪਣੇ ਪੁੱਤਰਾਂ ਨੂੰ ਪੁੱਛਿਆ ਕਿ ਦੱਸੋ ਮੇਰੀ ਮੁੱਠੀ ਵਿੱਚ ਕੀ ਹੈ ? ਉਹਨਾਂ ਨੇ ਜਵਾਬ ਦਿੱਤਾ ਪਿਤਾ ਜੀ ! ਤੁਹਾਡੀ ਮੁੱਠੀ ਵਿੱਚ ਇੱਕ ਰੁਪਏ ਵਾਲਾ ਸਿੱਕਾ ਹੈ ਪਰ ਜਦੋਂ ਬਾਬਾ ਲਹਿਣਾ ਜੀ ਨੂੰ ਪੁੱਛਣਾ ਕੀਤੀ ਤਾਂ ਉਹਨਾਂ ਨੇ ਕਿਹਾ – ਸੱਚੇ ਪਾਤਸ਼ਾਹ ! ਮੈਂ ਅਲਪੱਗ ਜੀਵ ਹਾਂ, ਤੁਸੀਂ ਸਰਬੱਗ ਗੁਰੂ ਹੋ। ਮੇਰੀ ਕੀ ਪਾਂਇਆਂ ਹੈ ਕਿ ਮੈਂ ਦੱਸ ਸਕਾਂ ਤੁਹਾਡੀ ਮੁੱਠੀ ਵਿੱਚ ਕੀ ਹੈ। ਜੇਕਰ ਤੁਸੀਂ ਮੇਰੇ ਸਿਰ ’ਤੇ ਮਿਹਰ ਭਰਿਆ ਹੱਥ ਰੱਖੋਂ ਤਾਂ ਮੈਂ ਕੁੱਝ ਕਹਿਣ ਦਾ ਹੀਆ ਕਰ ਸਕਦਾ ਹਾਂ ਪਰ ਮੇਰੀ ਬਾਤ ਫਿਰ ਵੀ ਅਧੂਰੀ ਹੀ ਹੋਵੇਗੀ। ਪਾਤਸ਼ਾਹ ! ਤੁਹਾਡੀ ਮੁੱਠੀ ਵਿੱਚ ਨੌਂ ਨਿਧੀਆਂ ਤੇ ਅਠਾਰਾਂ ਸਿੱਧੀਆਂ ਹਨ। ਸਾਰੇ ਸੰਸਾਰ ਦੇ ਖਜਾਨੇ ਤੁਹਾਡੀ ਮੁੱਠੀ ਵਿੱਚ ਹਨ। ਦੀਨ ਦੁਨੀਆਂ ਦੀ ਐਸੀ ਕੋਈ ਚੀਜ਼ ਨਹੀਂ ਜੋ ਤੁਹਾਡੀ ਮੁੱਠੀ ਵਿੱਚ ਨਾ ਹੋਵੇ। ਜਿਸ ਮਨੁੱਖ ਉੱਤੇ ਤੁਹਾਡੀ ਬਖ਼ਸ਼ਸ਼ ਹੋਵੇ ਅਤੇ ਤੁਹਾਡੀ ਮੁੱਠੀ ਖੁੱਲ੍ਹ ਜਾਵੇ ਉਹ ਅਕਾਲ ਪੁਰਖ ਦੀ ਦਰਗਾਹ ਵਿੱਚ ਕਬੂਲ ਹੋ ਜਾਂਦਾ ਹੈ। ਇਹ ਉਤਰ ਸੁਣ ਕੇ ਸੰਗਤਾਂ ਅਸ਼-ਅਸ਼ ਕਰ ਉੱਠੀਆਂ। ਉਹਨਾਂ ਨੂੰ ਵੀ ਯਕੀਨ ਹੋ ਗਿਆ ਕਿ ਗੁਰਿਆਈ ਦੇ ਹੱਕਦਾਰ ਬਾਬਾ ਲਹਿਣਾ ਜੀ ਹੀ ਹਨ। ਬਾਬਾ ਲਹਿਣਾ ਜੀ ਗੁਰੂ ਅੰਗਦ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਇੱਕ ਮਿੱਕ ਹੋ ਕੇ ਪ੍ਰਵਾਨ ਹੋਏ। ਗੁਰੂ ਜੀ ਨੇ ਆਪ ਉਹਨਾਂ ਦੇ ਅੱਗੇ ਮੱਥਾ ਟੇਕਿਆ ਅਤੇ ਫਿਰ ਸਾਰੀ ਸੰਗਤ ਨੂੰ ਮੱਥਾ ਟੇਕਣ ਲਈ ਕਿਹਾ। ਭਾਈ ਸੱਤਾ ਤੇ ਬਲਵੰਡ ਨੇ ਇਸੇ ਲਈ ਆਪਣੀ ਵਾਰ ਵਿੱਚ ਕਿਹਾ ਹੈ : ‘‘ਪਏ ਕਬੂਲੁ ਖਸੰਮ ਨਾਲਿ; ਜਾਂ ਘਾਲ ਮਰਦੀ ਘਾਲੀ॥’’ (ਪੰਨਾ ੯੬੭)

ਇਸ ਤਰ੍ਹਾਂ ਮਰਦਾਂ ਵਾਲੀ ਘਾਲ ਘਾਲਣ ਨਾਲ ਬਾਬਾ ਲਹਿਣਾ ਜੀ ਗੁਰੂ ਨਾਨਕ ਦਾ ਰੂਪ ਹੋ ਕੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਉਹਨਾਂ ਦੇ ਉਤਰਾ ਅਧਿਕਾਰੀ ਬਣੇ।

ਗੁਰੂ ਅੰਗਦ ਦੇਵ ਜੀ ਦਾ ਜਨਮ ਪਿੰਡ ਮੱਤੇ ਦੀ ਸਰਾਂ ਜ਼ਿਲ੍ਹਾ ਫਿਰੋਜਪੁਰ ਵਿੱਚ 31 ਮਾਰਚ 1504 ਨੂੰ ਪਿਤਾ ਸ਼੍ਰੀ ਫੇਰੂ ਮੱਲ ਅਤੇ ਮਾਤਾ ਦਇਆ ਕੌਰ ਦੇ ਗ੍ਰਹਿ ਵਿਖੇ ਹੋਇਆ। ਬਾਬਾ ਫੇਰੂ ਮੱਲ ਜੀ ਦੇ ਬਜ਼ੁਰਗ ਜ਼ਿਲ੍ਹਾ ਗੁਜਰਾਤ ਦੇ ਪਿੰਡ ਸੰਘੋਵਾਲ ਦੇ ਵਸਨੀਕ ਸਨ। ਕਿਰਤਕਾਰ ਦੇ ਸਿਲਸਿਲੇ ਵਿੱਚ ਉਹ ਪਿੰਡ ਮੱਤੇ ਦੀ ਸਰਾਂ ਵਿੱਚ ਆ ਕੇ ਵਸੇ ਸਨ। ਬਾਬਾ ਫੇਰੂ ਮੱਲ ਜੀ ਫਾਰਸੀ ਦੇ ਚੰਗੇ ਵਿਦਵਾਨ ਸਨ ਅਤੇ ਵਹੀ ਖਾਤੇ ਦੇ ਚੰਗੇ ਉਸਤਾਦ ਸਨ। ਆਪ ਮੱਤੇ ਦੀ ਸਰਾਂ ਦੇ ਚੌਧਰੀ ਤਖਤ ਮੱਲ ਕੋਲ ਹਿਸਾਬ ਕਿਤਾਬ ਰੱਖਣ ਦੇ ਮੁੱਖ ਅਧਿਕਾਰੀ ਸਨ। ਤਖਤ ਮੱਲ ਦੀ ਧੀ ਬੀਬੀ ਵਿਰਾਈ ਆਪ ਦੀ ਧਰਮ ਭੈਣ ਸੀ ਅਤੇ ਬੰਦਗੀ ਕਰਨ ਵਾਲੀ ਨੇਕ ਔਰਤ ਸੀ। ਬਾਬਾ ਲਹਿਣਾ ਜੀ ਵੀ ਉਸ ਨੂੰ ਭੂਆ ਕਹਿ ਕੇ ਬਲਾਉਂਦੇ ਸਨ। ਬੀਬੀ ਵਿਰਾਈ ਦੀ ਸ਼ਾਦੀ ਖਡੂਰ ਦੇ ਚੌਧਰੀ ਮਹਿਮੇ ਨਾਲ ਹੋਈ ਸੀ। ਸੰਨ 1519 ਵਿੱਚ ਬਾਬਾ ਲਹਿਣਾ ਜੀ ਦੀ ਸ਼ਾਦੀ ਵੀ ਮਾਤਾ ਖੀਵੀ ਜੀ ਨਾਲ ਪਿੰਡ ਸੰਘਰ ਜੋ ਖਡੂਰ ਸਾਹਿਬ ਤੋਂ ਦੋ ਮੀਲ ਦੀ ਦੂਰੀ ’ਤੇ ਸੀ, ਹੋਈ ਸੀ। ਸਮਾਂ ਪਾ ਕੇ ਮੱਤੇ ਦੀ ਸਰਾਂ ਉਜੜ-ਪੁੱਜੜ ਗਈ ਅਤੇ ਬਾਬਾ ਫੇਰੂ ਮੱਲ ਜੀ ਦਾ ਚੌਧਰੀ ਤਖਤ ਮੱਲ ਦੇ ਸਖਤ ਰਵੱਈਏ ਤੋਂ ਮਨ ਉਚਾਟ ਹੋ ਗਿਆ ਸੀ। ਇਸ ਤਰ੍ਹਾਂ ਰੁਜਗਾਰ ਦੀ ਭਾਲ ਵਿੱਚ ਸਾਰੇ ਪਰਿਵਾਰ ਸਮੇਤ ਖਡੂਰ ਆ ਟਿਕੇ। ਇਹ ਘਟਨਾ ਸੰਨ 1524 ਦੀ ਹੈ। ਬਾਬਾ ਲਹਿਣਾ ਜੀ ਵੀ ਇਥੇ ਹੀ ਵਿਆਹੇ ਹੋਏ ਸਨ। ਇੱਥੇ ਆਪ ਦਾ ਕਾਰੋਬਾਰ ਚੰਗਾ ਚੱਲ ਪਿਆ।

ਗੁਰੂ ਨਾਨਕ ਦੇਵ ਜੀ ਵੱਲੋਂ ਗੁਰਗੱਦੀ ਦੀ ਬਖ਼ਸ਼ਸ਼ ਤੋਂ ਬਾਅਦ ਉਹਨਾਂ ਦਾ ਹੁਕਮ ਮੰਨ ਕੇ ਖਡੂਰ ਸਾਹਿਬ ਆ ਗਏ। ਕੁੱਝ ਸਮਾਂ ਆਪਣੀ ਧਰਮ ਭੂਆ ਮਾਤਾ ਵਿਰਾਈ ਦੇ ਘਰ ਇਕਾਂਤਵਾਸ ਰਹਿ ਕੇ ਪ੍ਰਭੂ ਭਗਤੀ ਵਿੱਚ ਲੀਨ ਰਹੇ। ਜਦੋਂ ਸੰਗਤਾਂ ਵਿਆਕੁਲ ਹੋ ਗਈਆਂ ਤਾਂ ਬਾਬਾ ਬੁੱਢਾ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਸੰਗਤਾਂ ਨੂੰ ਦਰਸ਼ਨ ਦੇਣ ਲਈ ਬਾਹਰ ਆਏ ਅਤੇ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਏ ਨਿਰਮਲ ਪੰਥ ਨੂੰ ਹੋਰ ਅੱਗੇ ਤੋਰਿਆ। ਬਾਣੀ ਦੀ ਸੰਭਾਲ ਕੀਤੀ ਅਤੇ 63 ਸਲੋਕ ਆਪਣੇ ਵੱਲੋਂ ਰਚੇ ਹੋਏ ਵੀ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ਸ਼ ਹੋਈ ਗੁਰਬਾਣੀ ਦੀ ਪੋਥੀ ਵਿੱਚ ਦਰਜ ਕੀਤੇ। ਆਪ ਜੀ ਦੇ ਦੋ ਸਪੁੱਤਰ ਬਾਬਾ ਦਾਤੂ ਜੀ ਅਤੇ ਦਾਸੂ ਜੀ ਸਨ ਅਤੇ ਦੋ ਧੀਆਂ ਬੀਬੀ ਅਮਰੋ ਅਤੇ ਬੀਬੀ ਅਨੋਖੀ ਸਨ। ਆਪ ਜੀ ਦੀ ਸੁਪਤਨੀ ਮਾਤਾ ਖੀਵੀ ਜੀ, ਜੋ ਨਿਮਰਤਾ ਦੀ ਮੂਰਤ ਸੀ, ਲੰਗਰ ਦੀ ਸੇਵਾ ਸੰਭਾਲ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਕਰਦੇ ਸਨ। ਉਹਨਾਂ ਦੀ ਸੰਗਤ ਕਰਨ ਨਾਲ ਜਗਿਆਸੂਆਂ ਦੇ ਮਨਾਂ ਵਿੱਚ ਠੰਢ ਵਰਤਦੀ ਸੀ। ਭਾਈ ਸੱਤਾ ਤੇ ਬਲਵੰਡ ਨੇ ਆਪਣੀ ਵਾਰ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਹੈ

‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ॥

ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤ ਖੀਰਿ ਘਿਆਲੀ॥’’ (ਪੰਨਾ 967)

ਆਪ ਜੀ ਦੀ ਸਪੁੱਤਰੀ ਬੀਬੀ ਅਮਰੋ, ਜਿਸ ਬਾਰੇ ਕਵੀ ਸੰਤੋਖ ਸਿੰਘ ਲਿਖਦੇ ਹਨ ਕਿ ਭਗਤੀ ਨੇ ਆਪਣਾ ਸਰੀਰ ਧਾਰਿਆ ਤਾਂ ਉਸ ਨੇ ਗੁਰੂ ਅੰਗਦ ਦੇਵ ਜੀ ਦੇ ਘਰ ਜਨਮ ਲਿਆ। ਬੜੀ ਮਿਹਨਤ ਅਤੇ ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ਬਾਬਾ ਲਹਿਣਾ ਜੀ ਤੇ ਮਾਤਾ ਖੀਵੀ ਜੀ ਨੇ ਇਸ ਬੱਚੀ ਦੀ ਘਾੜਤ ਘੜੀ। ਇਸ ਨੂੰ ‘ਜਪੁ ਜੀ ਕੰਠ, ਓਅੰਕਾਰ, ਆਸਾ ਕੀ ਵਾਰ, ਸਿਧ ਗੋਸ਼ਟ, ਪਟੀ ਤੇ ਮਾਰੂ ਰਾਗ ਦੇ ਸਾਰੇ ਸ਼ਬਦ’ ਯਾਦ ਸਨ। ਸਹੁਰੇ ਘਰ ਜਾ ਕੇ ਐਸੀ ਜਾਗ ਲਾਈ ਕਿ ਚਾਚੇ ਸਹੁਰੇ ਬਾਬਾ ਅਮਰ ਦਾਸ ਜੀ ਨੇ ਅੰਮ੍ਰਿਤ ਵੇਲੇ ਬੀਬੀ ਅਮਰੋ ਦੇ ਮੂੰਹੋਂ ਇਹ ਸ਼ਬਦ ਸੁਣਿਆ:

‘‘ਕਰਣੀ ਕਾਗਦੁ, ਮਨੁ ਮਸਵਾਣੀ; ਬੁਰਾ ਭਲਾ ਦੁਇ, ਲੇਖ ਪਏ ॥

ਜਿਉ ਜਿਉ ਕਿਰਤੁ ਚਲਾਏ, ਤਿਉ ਚਲੀਐ; ਤਉ ਗੁਣ ਨਾਹੀ ਅੰਤੁ ਹਰੇ ॥ (ਮਾਰੂ /ਮ: ੧/੯੯੦)

ਇਹ ਸਭ ਕੁੱਝ ਬਾਬਾ ਲਹਿਣਾ ਜੀ ਦੀ ਮਰਦਾਂ ਵਾਲੀ ਘਾਲ ਦਾ ਹੀ ਸਿੱਟਾ ਸੀ।