ਚਿੰਤਾ ਤਾ ਕੀ ਕੀਜੀਐ

0
816

ਚਿੰਤਾ ਤਾ ਕੀ ਕੀਜੀਐ

ਪ੍ਰੋ. ਮਨਰਾਜ ਕੌਰ (ਲੁਧਿਆਣਾ)-80543-39915

ਪਿਆਰੇ ਨਿਕਿਉ !

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

ਇਸ ਵਾਰ ਚਿਤਵਨ ਸਿੰਘ ਤੇ ਦਾਦਾ ਜੀ ਦੀ ਗੱਲਬਾਤ ਦਾ ਵਿਸ਼ਾ ਹੈ: ‘‘ਚਿੰਤਾ ਤਾ ਕੀ ਕੀਜੀਐ; ਜੋ ਅਨਹੋਨੀ ਹੋਇ ॥’’ (ਮ: ੯/੧੪੨੯) ਲਗਾਤਾਰ ਤਿੰਨ ਮਹੀਨੇ ਤੋਂ ਅਸੀਂ ਸਾਰੇ ਚਿੰਤਾ ਦੇ ਵਿਸ਼ੇ ਬਾਰੇ ਗੁਰਬਾਣੀ ਅਨੁਸਾਰ ਜਾਣਨ, ਸਮਝਣ ਦਾ ਯਤਨ ਕਰ ਰਹੇ ਹਾਂ। ਇਸ ਸਭ ਤੋਂ ਆਪ ਜੀ ਨੇ ਕੀ ਸਮਝਿਆ ਹੈ, ਦੱਸਣ ਦੀ ਕ੍ਰਿਪਾਲਤਾ ਕਰਨਾ ਜੀ।

ਚਿੰਤਾ ਤਾ ਕੀ ਕੀਜੀਐ

ਦਾਦਾ ਜੀ…. ਪੁੱਤਰ ਜੀ ! ਅੱਜ ਬੜੇ ਗੰਭੀਰ ਹੋ ਕੇ ਬੈਠੇ ਹੋ। ਕੀ ਹੋ ਗਿਆ ਹੈ ?

ਚਿਤਵਨ ਸਿੰਘ…..ਸੋਚ ਰਿਹਾ ਹਾਂ ਕਿ ਗੁਰਬਾਣੀ ਸਾਨੂੰ ਕਿਤਨਾ ਕੁਝ ਸਮਝਾਉਂਦੀ ਹੈ।

ਦਾਦਾ ਜੀ…..ਕੀ ਸਮਝ ਲਿਆ ਹੈ, ਪੁੱਤਰ ਜੀ ਨੇ ?

ਚਿਤਵਨ ਸਿੰਘ….ਅੱਜ ਗੁਰਦੁਆਰਾ ਸਾਹਿਬ ਵਿਚ ਸਹਿਜ ਪਾਠ ਦੀ ਸਮਾਪਤੀ ਹੋ ਰਹੀ ਸੀ ਤੇ ਪੜ੍ਹਿਆ ਜਾ ਰਿਹਾ ਸੀ ਕਿ ‘‘ਚਿੰਤਾ ਤਾ ਕੀ ਕੀਜੀਐ; ਜੋ ਅਨਹੋਨੀ ਹੋਇ ॥’’

ਦਾਦਾ ਜੀ…..ਫਿਰ ਕੀ ਹੋਇਆ ? ਆਪ ਜੀ ਨੂੰ ਕੀ ਲੱਗਾ ?

ਚਿਤਵਨ ਸਿੰਘ…. ਦਾਦਾ ਜੀ ! ਮੈਨੂੰ ਲੱਗਾ ਕਿ ਸੱਚਮੁਚ ਚਿੰਤਾ ਕਰਨ ਵਾਲੀ ਤਾਂ ਕਦੀ ਵੀ ਕੋਈ ਗੱਲ ਨਹੀਂ ਹੁੰਦੀ ।

ਦਾਦਾ ਜੀ…. ਪੁੱਤਰ ਜੀ ! ਤੁਸੀਂ ਤਾਂ ਬਹੁਤ ਸਿਆਣੇ ਹੋ ਗਏ ਹੋ। ਸੱਭ ਸਮਝਣ ਲੱਗ ਪਏ ਹੋ।

ਚਿਤਵਨ ਸਿੰਘ…..ਦਾਦਾ ਜੀ ! ਮੈਨੂੰ ਸਦਾ ਇਹੀ ਲੱਗਦਾ ਹੈ ਕਿ ਅਜੇ ਬਹੁਤ ਸਮਝਣਾ ਬਾਕੀ ਹੈ।

ਦਾਦਾ ਜੀ…..ਬਿਲਕੁਲ ਠੀਕ ਪੁੱਤਰ ਜੀ ! ਇਹ ਤਾਂ ਮੈਨੂੰ ਵੀ ਲੱਗਦਾ ਹੈ।

ਚਿਤਵਨ ਸਿੰਘ…..(ਹੈਰਾਨ ਹੋ ਕੇ ) ਆਪ ਜੀ ਨੂੰ ? ਆਪ ਜੀ ਨੂੰ ਤਾਂ ਬਹੁਤ ਸਮਝ ਹੈ, ਖਾਸ ਤੌਰ ’ਤੇ ਗੁਰਬਾਣੀ ਦੀ।

ਦਾਦਾ ਜੀ….ਹੈ, ਪਰ ਇਤਨੀ ਨਹੀਂ ਕਿ ਅਗੋਂ ਸਮਝਣਾ ਬੰਦ ਕਰ ਦਿਆਂ।

ਚਿਤਵਨ ਸਿੰਘ…. ਇਹ ਗੱਲ ਤਾਂ ਹੈ। ਤਾਂ ਤੇ ਮੈਨੂੰ ਅੱਜ ਵਾਲੀ ਤੁੱਕ ਬਾਰੇ ਹੋਰ ਸਮਝਣ ਦੀ ਲੋੜ ਹੈ।

ਦਾਦਾ ਜੀ….. (ਹੱਸਦੇ ਹੋਏ) ਕੀ ਸਮਝਣਾ ਚਾਹੁੰਦੇ ਹੋ, ਪੁੱਤਰ ਜੀ !

ਚਿਤਵਨ ਸਿੰਘ….. ਇਹ ‘ਅਣਹੋਨੀ’ ਕੀ ਹੁੰਦੀ ਹੈ ?

ਦਾਦਾ ਜੀ….. ਜੋ ਕਦੀ ਵੀ ਨਾ ਵਾਪਰੀ ਹੋਵੇ।

ਚਿਤਵਨ ਸਿੰਘ…. ਉਹ ਕਿਵੇਂ ?

ਦਾਦਾ ਜੀ….‘ਅਣ’ ਤੋਂ ਮਤਲਬ ਨਹੀਂ ਅਤੇ ‘ਹੋਨੀ’ ਤੋਂ ਮਤਲਬ ਹੋਈ।

ਚਿਤਵਨ ਸਿੰਘ….ਮਤਲਬ ਕਿ ਜੋ ਘਟਨਾ ਕਦੀ ਵੀ ਨਹੀਂ ਘਟੀ।

ਦਾਦਾ ਜੀ….ਬਿਲਕੁਲ ਠੀਕ ਪੁੱਤਰ ਜੀ !

ਚਿਤਵਨ ਸਿੰਘ…. ਪਰ ਜੋ ਘਟਨਾ ਕਦੀ ਘਟੀ ਹੀ ਨਹੀਂ, ਉਸ ਦੀ ਚਿੰਤਾ ਕਿਵੇਂ ਹੋ ਸਕਦੀ ਹੈ ?

ਦਾਦਾ ਜੀ….. ਇਹੀ ਗੱਲ ਤਾਂ ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹ ਰਹੇ ਹਨ।

ਚਿਤਵਨ ਸਿੰਘ….ਕਿਵੇਂ ਦਾਦਾ ਜੀ !

ਦਾਦਾ ਜੀ…. ਉਹ ਸਮਝਾ ਰਹੇ ਨੇ ਕਿ ਮੌਤ ਰੂਪੀ ਸਚਾਈ ਅਕਸਰ ਹੀ ਸੰਸਾਰ ’ਤੇ ਸੱਭ ਨਾਲ ਵਾਪਰਦੀ ਰਹਿੰਦੀ ਹੈ , ਉਸ ਦੀ ਚਿੰਤਾ ਕਰਨ ਦੀ ਲੋੜ ਨਹੀਂ ਭਾਵ ਮੌਤ ਤੋਂ ਡਰਨ ਦੀ ਲੋੜ ਨਹੀਂ।

ਚਿਤਵਨ ਸਿੰਘ.. ਪਰ ਫਿਰ ਵੀ ਸਾਰੇ ਮੌਤ ਦੇ ਡਰ ਕਾਰਨ ਇਸ ਸਬੰਧੀ ਚਿੰਤਤ ਹੀ ਰਹਿੰਦੇ ਹਨ।

ਦਾਦਾ ਜੀ… ਬੇਟਾ ਜੀ! ਗੁਰਬਾਣੀ ਦੀ ਹਰ ਪੰਕਤੀ ਰਾਹੀਂ ਜਿੱਥੇ ਅਸੀਂ ਮੁਖ ਵਿਸ਼ੇ ਨੂੰ ਸਮਝਣਾ ਹੈ, ਉੱਥੇ ਇਸ ਰਾਹੀਂ ਹੋਰ ਸਬੰਧਤ ਖੇਤਰਾਂ ਵਿੱਚ ਵੀ ਅਗਵਾਈ ਲੈ ਸਕਦੇ ਹਾਂ।

ਚਿਤਵਨ ਸਿੰਘ… ਦਾਦਾ ਜੀ! ਉਹ ਕਿਵੇਂ ?

ਦਾਦਾ ਜੀ… ਦੇਖੋ, ਕਈ ਘਟਨਾਵਾਂ ਜ਼ਿੰਦਗੀ ਦਾ ਅਟੁੱਟ ਹਿੱਸਾ ਹੋਣ ਕਾਰਨ ਅਕਸਰ ਵਾਪਰਦੀਆਂ ਹੀ ਰਹਿੰਦੀਆਂ ਹਨ, ਪਰ ਬੰਦਾ ਫਿਰ ਵੀ ਉਹਨਾਂ ਦੀ ਚਿੰਤਾ ਕਰੀ ਜਾਂਦਾ ਹੈ।

ਚਿਤਵਨ ਸਿੰਘ….ਇਸੇ ਕਰਕੇ ਸਾਰੇ ਕਿਸੇ ਨਾ ਕਿਸੇ ਚਿੰਤਾ ਵਿਚ ਹੀ ਦਿਖਦੇ ਹਨ।

ਦਾਦਾ ਜੀ….ਇਹੀ ਤਾਂ ਸਮਸਿਆ ਹੈ।

ਚਿਤਵਨ ਸਿੰਘ…..ਮੇਰੇ ਇਕ ਦੋਸਤ ਦੇ ਮੰਮੀ ਤਾਂ ਹਰ ਵੇਲੇ ਇਸੇ ਚਿੰਤਾ ਵਿਚ ਰਹਿੰਦੇ ਨੇ ਕਿ ਉਨਾਂ ਦਾ ਬੇਟਾ ਹਮੇਸ਼ਾਂ ਹੀ ਪਹਿਲੇ ਨੰਬਰ ’ਤੇ ਆਵੇ।

ਦਾਦਾ ਜੀ….ਹਾਂ ਜੀ, ਬੇਟਾ ਜੀ ! ਅਕਸਰ ਹੀ ਅਸੀਂ ਸਾਰੇ ਇਹੋ ਜਿਹੀਆਂ ਚਿੰਤਾਵਾਂ ਵਿਚ ਹੀ ਹੁੰਦੇ ਹਾਂ।

ਚਿਤਵਨ ਸਿੰਘ….. ਤੇ ਉਹ ਅਕਸਰ ਬਿਮਾਰ ਵੀ ਰਹਿੰਦੇ ਨੇ। ਕਦੀ ਸਿਰ ਦਰਦ ਤੇ ਕਦੀ ਪਿੱਠ ਦਰਦ।

ਦਾਦਾ ਜੀ…..ਕੀ ਇਸ ਤਰਾਂ ਦੀ ਬਿਮਾਰ ਹਾਲਤ ਵਿਚ ਉਹ ਆਪਣੇ ਬੱਚੇ ਨੂੰ ਚੰਗੀ ਤਰਾਂ ਪੜਾ ਸਕਦੇ ਹਨ ?

ਚਿਤਵਨ ਸਿੰਘ…..ਬਿਲਕੁਲ ਵੀ ਨਹੀਂ। ਸਗੋਂ ਟਿਊਸ਼ਨ ਲਗਵਾ ਕੇ ਦਿੱਤੀ ਹੈ ਤੇ ਹਰ ਵੇਲੇ ਚਿੰਤਾ ਕਰਦੇ ਹਨ ਕਿ ਟਿਊਸ਼ਨ ਵਾਲੇ ਮੈਡਮ ਚੰਗਾ ਪੜੵਾਉਂਦੇ ਹਨ ਜਾਂ ਨਹੀਂ।

ਦਾਦਾ ਜੀ….ਹੁਣ ਧਿਆਨ ਨਾਲ ਦੇਖੋ, ਕਿ ਕੀ ਹੋ ਰਿਹਾ ਹੈ ?

ਚਿਤਵਨ ਸਿੰਘ….. ਕੀ ਹੋ ਰਿਹਾ ਹੈ ?

ਦਾਦਾ ਜੀ….. ਤੁਹਾਡੇ ਦੋਸਤ ਦੇ ਮੰਮੀ ਨੇ ਇਕ ਛੋਟੀ ਸਮਸਿਆ ਨੂੰ ਚਿੰਤਾ ਕਰ ਕਰ ਕੇ ਵੱਡੀ ਬਣਾ ਲਿਆ ਤੇ ਆਪਣੀ ਸਿਹਤ ਵੀ ਖਰਾਬ ਕਰ ਲਈ। ਹੁਣ ਆਪਣੇ ਜ਼ਰੂਰੀ ਕੰਮਾਂ ਲਈ ਦੂਜਿਆਂ ’ਤੇ ਨਿਰਭਰ ਹੋਣਾ ਪਿਆ ਤੇ ਚਿੰਤਾ ਹੋਰ ਵੱਧ ਗਈ।

ਚਿਤਵਨ ਸਿੰਘ……ਹਾਂ ਜੀ, ਇਸ ਤਰਾਂ ਹੀ ਹੋ ਰਿਹਾ ਹੈ।

ਦਾਦਾ ਜੀ…… ਕੀ ਕਦੀ ਕੋਈ ਬੱਚਾ ਦੂਜੇ ਨੰਬਰ ’ਤੇ ਨਹੀਂ ਆਇਆ ਤੇ ਜੇ ਉਨਾਂ ਦਾ ਬੇਟਾ ਵੀ ਦੂਜੇ ਨੰਬਰ ’ਤੇ ਆ ਜਾਵੇਗਾ ਤਾਂ ਕਿਹੜੀ ਅਣਹੋਨੀ ਹੋ ਜਾਵੇਗੀ।

ਚਿਤਵਨ ਸਿੰਘ……ਹਾਂ ਜੀ, ਇਹ ਤਾਂ ਹੈ।

ਦਾਦਾ ਜੀ…..ਲੋਕ ਇਸ ਤਰਾਂ ਦੀਆਂ ਹੀ ਚਿੰਤਾਵਾਂ ਪਾਲ ਪਾਲ ਕੇ ਬਿਮਾਰ ਹੁੰਦੇ ਹਨ ਤੇ ਡਾਕਟਰਾਂ ਦੇ ਘਰ ਭਰਦੇ ਹਨ।

ਚਿਤਵਨ ਸਿੰਘ….. ਹਾਂ ਜੀ, ਦਾਦਾ ਜੀ !

ਦਾਦਾ ਜੀ…… ਬਿਮਾਰੀਆਂ ਨਾਲ ਉਲਟਾ ਇਹ ਹੁੰਦਾ ਹੈ ਕਿ ਜੋ ਉਦਮ ਕੀਤਾ ਜਾ ਸਕਦਾ ਸੀ, ਹੁਣ ਉਹ ਵੀ ਨਹੀਂ ਹੋ ਸਕਦਾ ਤੇ ਜਿਸ ਚੀਜ਼ ਦੀ ਚਿੰਤਾ ਕਰ ਰਹੇ ਹਾਂ, ਉਹ ਸੱਚ ਮੁੱਚ ਹੀ ਵਾਪਰ ਜਾਂਦੀ ਹੈ।

ਚਿਤਵਨ ਸਿੰਘ….ਸੱਚੀ ਦਾਦਾ ਜੀ ! ਮੇਰਾ ਦੋਸਤ ਕਦੀ ਵੀ ਪਹਿਲੇ ਨੰਬਰ ’ਤੇ ਨਹੀਂ ਆਉਂਦਾ।

ਦਾਦਾ ਜੀ….ਹੁਣ ਘਰ ਵਿਚ ਹਰ ਵੇਲੇ ਮਹੌਲ ਉਦਾਸੀ ਅਤੇ ਬਿਮਾਰੀ ਦਾ ਹੈ ਤਾਂ ਕੋਈ ਵੀ ਬੱਚਾ ਕਿਵੇਂ ਧਿਆਨ ਨਾਲ ਪੜੵ ਸਕਦਾ ਹੈ ?

ਚਿਤਵਨ ਸਿੰਘ….ਹਾਂ ਜੀ ਦਾਦਾ ਜੀ ! ਮੇਰਾ ਦੋਸਤ ਕਦੀ ਵੀ ਖੁਸ਼ ਨਹੀਂ ਰਹਿੰਦਾ।

ਦਾਦਾ ਜੀ…….ਇਸੇ ਤਰਾਂ ਕਦੀ ਕੋਈ ਨੌਕਰੀ ਦੀ ਚਿੰਤਾ ਪਾਲ ਲੈਂਦਾ ਹੈ ਤੇ ਕਦੀ ਬਿਜ਼ਨਿੱਸ ਦੀ, ਕਦੀ ਲੋਕਾਂ ਦੀ ਜਾਂ ਇੱਜ਼ਤ-ਬੇਇਜ਼ਤੀ ਦੀ।

ਚਿਤਵਨ ਸਿੰਘ…..ਹਾਂ ਜੀ ਦਾਦਾ ਜੀ ! ਬੜੇ ਪੜੇ ਲਿਖੇ ਤੇ ਸਿਆਣੇ ਲੋਕ ਵੀ ਇਸ ਤਰਾਂ ਹੀ ਕਰਦੇ ਹਨ।

ਦਾਦਾ ਜੀ……ਜਦਕਿ ਉਪਰਲੇ ਸਾਰੇ ਕਾਰਨਾਂ ਵਿਚੋਂ ਇਕ ਵੀ ਐਸਾ ਨਹੀਂ ਜੋ ਪਹਿਲਾਂ ਕਦੀ ਕਿਸੇ ਨਾਲ ਨਾ ਵਾਪਰਿਆ ਹੋਵੇ।

ਚਿਤਵਨ ਸਿੰਘ….. ਫਿਰ ਵੀ ਸਾਰੇ ਚਿੰਤਾ ਕਰਦੇ ਹੀ ਰਹਿੰਦੇ ਹਨ। ਸਮਝਦੇ ਕਿਉਂ ਨਹੀਂ ?

ਦਾਦਾ ਜੀ……. ਸਾਰੇ ਤੁਹਾਡੇ ਵਾਂਗ ਗੁਰਬਾਣੀ ਨੂੰ ਧਿਆਨ ਨਾਲ ਸਮਝਦੇ ਨਹੀਂ।

ਚਿਤਵਨ ਸਿੰਘ…… ਮੈਨੂੰ ਤਾਂ ਤੁਸੀਂ ਸਮਝਾ ਦਿੰਦੇ ਹੋ।

ਦਾਦਾ ਜੀ…… ਬੇਟਾ ਜੀ ! ਤੁਸੀਂ ਗੁਰਬਾਣੀ ਨੂੰ ਧਿਆਨ ਨਾਲ ਸਮਝ ਕੇ ਜਿਊਣਾ ਚਾਹੁੰਦੇ ਹੋ, ਤਾਂ ਹੀ ਮੈਂ ਸਮਝਾ ਸਕਦਾ ਹਾਂ।

ਚਿਤਵਨ ਸਿੰਘ……ਕਿੰਨੀ ਵਧੀਆ ਗੱਲ ਹੈ ਕਿ ਸਾਡੇ ਕੋਲ ਜਿਊਣਾ ਸਿਖਣ ਲਈ ਗੁਰਬਾਣੀ ਹੈ।

ਦਾਦਾ ਜੀ….ਉਹ ਤਾਂ ਹੈ। ਸ਼ੁਕਰ ਹੈ, ਵਾਹਿਗੁਰੂ ਜੀ ਦਾ।