ਗੁਰੂ ਨਾਨਕ ਦੇ ਰਾਹਾਂ ਦਾ ਸਾਥੀ

0
1253

ਗੁਰੂ ਨਾਨਕ ਦੇ ਰਾਹਾਂ ਦਾ ਸਾਥੀ – ਭਾਈ ਮਰਦਾਨਾ ਜੀ

                   – ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਭਾਈ ਮਰਦਾਨਾ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ ਵਿਖੇ 1459 ਈ: ਨੂੰ ਪਿਤਾ ਬਾਦਰਾ ਜੀ ਦੇ ਗ੍ਰਹਿ ਮਾਤਾ ਲੱਖੋ ਜੀ ਦੀ ਕੁੱਖੋਂ ਹੋਇਆ। ਮਰਦਾਨਾ ਜੀ ਦੇ ਵੱਡੇ ਸਾਰੇ ਹੀ ਭੈਣ ਭਰਾ ਦੁਨੀਆਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਚੁੱਕੇ ਸਨ। ਜਦੋਂ ਮਰਦਾਨਾ ਜੀ ਪੈਦਾ ਹੋਏ ਤਾਂ ਉਨ੍ਹਾਂ ਦੀ ਮਾਂ ਲੱਖੋ ਨੇ ਪੂਰੀ ਬੇ-ਦਿਲੀ ਤੇ ਨਿਰਾਸ਼ਤਾ ਵਿਚ ਉਨ੍ਹਾਂ ਨੂੰ ‘ਮਰ ਜਾਣਾ’ ਭਾਵ ਮਰ ਜਾਣ ਵਾਲਾ ਆਖ ਕੇ ਪੁਕਾਰਿਆ। ਮਰਦਾਨਾ ਜੀ ਦਾ ਪਹਿਲਾ ਨਾਂ ‘ਦਾਨਾ’ ਸੀ। ਜਦੋਂ ਰਬਾਬ ਦੀ ਮਧੁਰ ਆਵਾਜ਼ ਗੁਰੂ ਜੀ ਦੇ ਕੰਨੀਂ ਪਈ ਤਾਂ ਉਨਾਂ ਨੇ ਮਰਦਾਨਾ ਜੀ ਦੇ ਕੋਲ ਜਾ ਕੇ ਉਨ੍ਹਾਂ ਦਾ ਨਾਂ ਪੁੱਛਿਆ। ਮਰਦਾਨਾ ਜੀ ਨੇ ਆਪਣਾ ਨਾਂ ‘ਦਾਨਾ’ ਦੱਸਿਆ। ਗੁਰੂ ਜੀ ਨੇ ਉਨ੍ਹਾਂ ਨੂੰ ‘ਮਰਦਾਨਾ’ ਆਖ ਕੇ ਸੰਬੋਧਨ ਕੀਤਾ, ਜਿਸ ਦਾ ਅਰਥ ਹੈ: ‘ਮਰਦ+ਆਨਾ’ ਭਾਵ ਬਹਾਦਰ ਜਾਂ ਨਾ ਮਰ ਜਾਣ ਵਾਲਾ ਸੀ। ਭਾਈ ਮਰਦਾਨਾ ਜੀ ਪਿਤਾ-ਪੁਰਖੀ ਕਿੱਤੇ ਨੂੰ ਸਮਰਪਿਤ ਵਧੀਆ ਰਬਾਬ ਵਜਾ ਲੈਂਦੇ ਸਨ।

ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਰਾਇ ਬੁਲਾਰ ਦੇ ਦਸਾਂ ਪਿੰਡਾਂ ਦੇ ਪਟਵਾਰੀ ਸਨ। ਭਾਈ ਮਰਦਾਨਾ ਜੀ ਦੇ ਪਿਤਾ ਬਾਦਰਾ ਦਾ ਗੁਰੂ ਸਾਹਿਬ ਦੇਘਰੇ ਆਉਣਾ ਜਾਣਾ ਸੀ। ਮਰਾਸੀ ਹੋਣ ਦੇ ਨਾਤੇ ਉਨ੍ਹਾਂ ਦੇ ਟੱਬਰ ਦੀਆਂ ਲੋੜਾਂ ਰੋਜ਼ੀ-ਰੋਟੀ ਗੁਰੂ ਜੀ ਦੇ ਪਰਿਵਾਰ ਨਾਲ ਜੁੜੀਆਂ ਹੋਈਆਂ ਸਨ। ਭਾਈ ਮਰਦਾਨਾ ਜੀ ਦਾ ਗੁਰੂ ਨਾਨਕ ਸਾਹਿਬ ਜੀ ਦੀਆਂ ਨਜ਼ਰਾਂ ਵਿਚ ਆਉਣ ਦਾ ਸ਼ਾਇਦ ਇਹੀ ਕਾਰਨ ਹੋਵੇ ਪਰ ਇਸ ਤੋਂ ਵੀ ਵਧ ਕੇ ਜਦੋਂ ਦਿਲਾਂ ਨੂੰ ਦਿਲਾਂ ਦੀ ਖਿੱਚ ਹੋਵੇ, ਪ੍ਰੀਤਮ ਪਿਆਰੇ ਨੂੰ ਮਿਲਣ ਦੀ ਤਾਂਘ ਹੋਵੇ ਤਾਂ ਕੁਦਰਤ ਕੋਈ ਨਾ ਕੋਈ ਬਹਾਨਾ ਤਾਂ ਬਣਾਉਦੀ ਹੈ। ਇਸ ਪ੍ਰਕਾਰ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਇਕ-ਦੂਜੇ ਦੇ ਨੇੜੇ ਆਉਦੇ ਗਏ। ਭਾਈ ਮਨੀ ਸਿੰਘ ਦੀਆਂ ਸਾਖੀਆਂ ਅਨੁਸਾਰ ਭਾਈ ਮਰਦਾਨਾ ਜੀ ਦਾ ਗੁਰੂ ਨਾਨਕ ਦੇਵ ਜੀ ਨਾਲ ਪਹਿਲਾ ਮੇਲ ਲਗਭਗ ਸੰਨ 1480 ਵਿਚ ਹੋਇਆ ਦੱਸਿਆ ਹੈ। ਜਦੋਂ ਗੁਰੂ ਨਾਨਕ ਜੀ ਦੀ ਉਮਰ ਕੇਵਲ 11 ਸਾਲ ਅਤੇ ਭਾਈ ਮਰਦਾਨਾ ਜੀ ਦੀ ਉਮਰ 21 ਸਾਲ ਸੀ। ਦੋਵੇਂ ਪਿਆਰ ਦੇ ਬੰਧਨ ਵਿਚ ਬੱਝ ਗਏ। ਇਕ ਦੂਜੇ ਨਾਲ ਚੋਲੀ-ਦਾਮਨ ਦਾ ਰਿਸ਼ਤਾ ਬਣ ਗਿਆ। ਦੋਵੇਂ ਰਲ ਕੇ ਗਾਉਣ ਲੱਗੇ। ਦੋਹਾਂ ਦੀ ਸਾਂਝ ਰਾਗ ਸੀ। ਸ਼ਬਦ ਗਾਇਨ ਸੀ। ਗੁਰੂ ਨਾਨਕ ਜੀ ਜਦ ਵੀ ਬੋਲਦੇ, ਇਹ ਕਹਿੰਦੇ ਮਰਦਾਨਿਆਂ! ਰਬਾਬ ਵਜਾਇ ਬਾਣੀ ਆਈ ਏ। ਇਕ ਮੁਰਸ਼ਦ ਤੇ ਦੂਜਾ ਮੁਰੀਦ।

ਭਾਈ ਮਨੀ ਸਿੰਘ ਨੇ ਜਿੱਥੇ ਬਾਬੇ ਨਾਨਕ ਤੇ ਭਾਈ ਮਰਦਾਨਾ ਜੀ ਦੇ ਮੇਲ ਬਾਰੇ ਸੰਕੇਤ ਦਿੱਤਾ ਹੈ, ਉੱਥੇ ਉਨਾਂ ਨੇ ਪਹਿਲੇ ਵਾਕਿਆ ਵਿਚ ਥੋੜ੍ਹਾ ਅੰਤਰ ਵੀ ਪਾਇਆ ਹੈ। ਪਹਿਲੇ ਵਾਕਿਆ ਅਨੁਸਾਰ ਮਰਦਾਨਾ ਜੀ ਦੀ ਮਾਤਾ ਨੇ ਇਕ ਦਿਨ ਦਾਣਿਆਂ ਦੀ ਤੰਗੀ ਮਹਿਸੂਸ ਕਰਕੇ ਭਾਈ ਮਰਦਾਨਾ ਜੀ ਨੂੰ ਕਿਹਾ ਸੀ: ‘‘ਕਿਸੇ ਕੋਠਾ ਕਿਸੇ ਪੱਲਾ, ਮੈਨੂੰ ਆਸ ਤੇਰੀ ਅੱਲਾ’’।

ਗੁਰੂ ਨਾਨਕ ਦੇਵ ਜੀ ਅਜੇ ਬਾਲ ਅਵਸਥਾ ਵਿਚ ਹੀ ਸਨ ਤੇ ਬਾਲਕਾਂ ਨਾਲ ਖੇਡ ਕੇ ਮੁੜੇ ਆਉਦੇ ਸਨ ਤੇ ਉਨ੍ਹਾਂ ਦੇ ਕੰਨੀਂ ਭਾਈ ਮਰਦਾਨਾ ਜੀ ਦੀ ਮਾਂ ਦੇ ਇਹਬੋਲ ਪਏ ਤਾਂ ਗੁਰੂ ਜੀ ਨੇ ਬਚਨ ਕੀਤੇ: ‘‘ਅਸੀਂ ਵੀ ਅੱਲਾ ਦਾ ਆਸਰਾ ਰੱਖਦੇ ਹਾਂ ਤੇ ਤੁਹਾਡਾ ਆਸਰਾ ਵੀ ਅੱਲਾ ’ਤੇ ਹੈ, ਸਾਨੂੰ ਅੱਲਾ ਵਾਲਿਆਂ ਦੀ ਅਤੀ ਲੋੜ ਹੈ। ਆਪਣਾ ਪੁੱਤਰ ਸਾਨੂੰ ਦੇ ਛੱਡ।’’ ਭਾਈ ਮਨੀ ਸਿੰਘ ਦੀ ਸਾਖੀ ਅਤੇ ਸਿੱਖਾਂ ਦੀ ਭਗਤ ਮਾਲਾ ਅਨੁਸਾਰ ਇਕ ਦਿਨ ਭਾਈ ਮਰਦਾਨਾ ਜੀ ਸੁਭਾਵਿਕ ਹੀ ਬਾਬੇ ਨਾਨਕ ਦੇ ਦਰ ਅੱਗੇ ਆ ਕੇ ਲੱਗੇ ਰਬਾਬ ਵਜਾਉਣ। ਉਹ ਰਬਾਬ ਵਜਾ ਰਹੇ ਸਨ ਤੇ ਨਾਲ-ਨਾਲ ਇਕ ਲੋਕ ਪ੍ਰਸਿੱਧ ਵਾਰ ਗਾ ਰਹੇ ਸਨ। ਬਾਲ ਗੁਰੂ ਨਾਨਕ ਨੇ ਉਸ ਰਬਾਬੀ ਨੂੰ ਪੁੱਛਿਆ: ‘‘ਤੂੰ ਰਬਾਬ ਬੜੀ ਸੁਹਣੀ ਵਜਾਉਦਾ ਹੈਂ, ਤੇਰਾ ਨਾਮ ਕੀ ਹੈ ?’’

ਰਬਾਬੀ ਨੇ ਉੱਤਰ ਦਿੱਤਾ: ‘‘ਮੇਰਾ ਨਾਮ ਮਰਦਾਨਾ ਹੈ, ਸੁਬਹਾਨ ਤੇਰੀ ਖ਼ੁਸ਼ੀ ਨੂੰ। ਰੱਬ ਤੁਹਾਨੂੰ ਬਹੁਤਾ ਦੇਵੇ ਜਿਨਾਂ ਮੇਰੇ ਰਾਗ ਦੀ ਕਦਰ ਪਾਈ। ਤੁਹਾਡੇ ਜੇਹੇ ਕਦਰਦਾਨਾਂ ਦੇ ਸਿਰ ’ਤੇ ਅਸੀਂ ਜਿਉਦੇ ਹਾਂ।’’

ਗੁਰੂ ਨਾਨਕ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਆਖਿਆ: ‘‘ਮਰਦਾਨਿਆਂ! ਤੇਰੀ ਰਬਾਬ ਸੁਣ ਕੇ ਮਹਿਸੂਸ ਹੁੰਦਾ ਹੈ ਕਿ ਤੈਨੂੰ ਰਾਗਾਂ ਦੀ ਬੜੀ ਸੂਝ ਹੈ, ਬੜੇ ਸਾਧੇ ਹੋਏ ਹੱਥਾਂ ਨਾਲ ਰਬਾਬ ਵਜਾਉਦਾ ਹੈਂ। ਕਿੰਨਾ ਚੰਗਾ ਹੋਵੇ ਜੇ ਰੱਬੀ ਬਾਣੀ ਇਹਨਾਂ ਰਾਗਾਂ ਵਿਚ ਗਾਂਵੇਂ। ਮੈਂ ਸ਼ਬਦ ਸਚੇ ਸਾਹਿਬ ਦੀ ਸਿਫ਼ਤ ਦੇ ਰਚਾਂਗਾ ਤੇ ਤੂੰ ਇਨ੍ਹਾਂ ਰਾਗਾਂ ਵਿਚ ਆਪਣੀ ਰਬਾਬ ਦੇ ਸੁਰ ਕਰੀਂ। ਤੇਰਾ ਇਸ ਲੋਕ ਵਿਚ ਵੀ ਉਧਾਰ ਹੋਵੇਗਾ ਤੇ ਪਰਲੋਕ ਵਿਚ ਵੀ।’’

ਭਾਈ ਮਰਦਾਨਾ ਜੀ ਨੇ ਉੱਤਰ ਦਿੱਤਾ: ‘‘ਮਹਾਰਾਜ ! ਅਸੀਂ ਧਨੀ ਲੋਕਾਂ ਨੂੰ ਵਾਰਾਂ ਤੇ ਗੀਤ ਸੁਣਾ ਕੇ ਚਾਰ ਪੈਸੇ ਖੱਟ ਕੇ ਲਿਆਉਦੇ ਹਾਂ ਅਤੇ ਆਪਣਾ ਟੱਬਰ ਪਾਲਦੇਹਾਂ। ਜੇ ਮੈਂ ਤੁਹਾਡੀ ਸੰਗਤ ਵਿਚ ਰਹਿ ਕੇ ਸ਼ਬਦ ਹੀ ਗਾਉਦਾ ਰਿਹਾ ਤਾਂ ਮੇਰੇ ਬਾਲ ਬੱਚਿਆਂ ਦਾ ਗੁਜ਼ਰਾਨ ਕਿਵੇਂ ਹੋਵੇਗਾ ? ਜਿੱਥੋਂ ਤੱਕ ਮੇਰੇ ਉਧਾਰ ਦਾ ਸੁਆਲ ਹੈ, ਉਸ ਦੀ ਮੈਨੂੰ ਚਿੰਤਾ ਨਹੀਂ। ਮੈਂ ਪੰਜ ਨਮਾਜ਼ਾਂ ਪੜ੍ਹਦਾ ਹਾਂ ਤੇ ਰੋਜ਼ੇ ਵੀ ਰੱਖਦਾ ਹਾਂ। ਉਧਾਰ ਮੇਰਾ, ਮੇਰੇ ਦੀਨ ਦੇ ਮੁਤਾਬਕ ਹੋ ਹੀ ਜਾਵੇਗਾ। ਰੱਬ ਤੁਹਾਡਾ ਭਲਾ ਕਰੇ, ਤੁਸਾਂ ਮੇਰੇ ਰਾਗ ਨੂੰ ਸਲਾਹਿਆ, ਮੈਨੂੰ ਮਾਣ ਬਖ਼ਸ਼ਿਆ।’’

ਭਾਈ ਮਰਦਾਨਾ ਜੀ ਦਾ ਰਾਗ, ਉਨ੍ਹਾਂ ਦੀ ਸੁਰੀਲੀ ਆਵਾਜ਼ ਤੇ ਸਾਧੇ ਹੋਏ ਹੱਥਾਂ ਵਿਚਲੀ ਰਬਾਬ ਦੀ ਰਵਾਨਗੀ ਬਾਬੇ ਨਾਨਕ ਨੂੰ ਭਾਅ ਗਈ ਤੇ ਇੱਥੋਂ ਹੀ ਦੋਸਤੀ ਦਾ ਮੁੱਢ ਬੱਝਿਆ। (ਡਾ. ਮਹਿੰਦਰ ਕੌਰ ਗਿੱਲ, ਭਾਈ ਮਰਦਾਨਾ ਜੀ, ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ)

ਭਾਈ ਮਰਦਾਨਾ ਜੀ ਗੁਰੂ ਨਾਨਕ ਦੇ ਸੰਪਰਕ ਵਿਚ ਆਉਣ ਤੋਂ ਪਹਿਲਾਂ ਆਪਣੇ ਮੁਸਲਮਾਨੀ ਦੀਨ ਅਨੁਸਾਰ ਆਪਣਾ ਨਿੱਤਨੇਮ ਕਰਨ ਵਿਚ ਪੱਕੇ ਸਨ। ਪੰਜੇ ਵਕਤ ਦੀ ਨਮਾਜ਼ ਕਰਨੀ ਅਤੇ ਰੋਜ਼ੇ ਰੱਖਣਾ ਆਦਿ ਪਰ ਜਦੋਂ ਬਾਬੇ ਨਾਨਕ ਦੇ ਸੰਪਰਕ ਵਿਚ ਆਏ ਤਾਂ ਗੁਰੂ ਬਾਬੇ ਨੇ ਤਿੰਨ ਗੱਲਾਂ ਮਰਦਾਨਾ ਜੀ ਨੂੰ ਦ੍ਰਿੜਕਰਵਾਈਆਂ:

(1). ਪਿਛਲੀ ਰਾਤੀਂ ਸਤਿਨਾਮ ਦਾ ਜਾਪ ਕਰਨਾ।

(2). ਕੇਸ ਨਹੀਂ ਕਟਵਾਉਣੇ।

(3). ਆਏ-ਗਏ ਲੋੜਵੰਦ ਦੀ ਮਦਦ ਕਰਨੀ।

ਇਨਾਂ ਗੱਲਾਂ ਨੂੰ ਭਾਈ ਮਰਦਾਨੇ ਨੇ ਆਪਣੇ ਲੜ ਬੰਨ ਲਿਆ। ਇਹ ਤਾਂ ਸਪੱਸ਼ਟ ਹੈ ਕਿ ਭਾਈ ਮਰਦਾਨਾ ਜੀ ਦਾ ਗੁਰੂ ਨਾਨਕ ਜੀ ਨਾਲ ਪਹਿਲਾ ਮੇਲ ਤਾਂ ਤਲਵੰਡੀ ਵਿਖੇ ਹੀ ਹੋਇਆ। ਲਗਭਗ 7 ਸਾਲ (1480-1487) ਤੱਕ ਆਪ ਨੇ ਗੁਰੂ ਜੀ ਦੀ ਸੰਗਤ ਕੀਤੀ। ਗੁਰੂ ਨਾਨਕ ਜੀ ਬਾਣੀ ਉਚਾਰਦੇ ਤੇ ਭਾਈ ਮਰਦਾਨਾ ਜੀ ਉਸ ਬਾਣੀ ਨੂੰ ਰਾਗ-ਬੱਧ ਕਰਕੇ ਗਾਉਦੇ।

ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਗੁਰੂ ਜੀ ਨੂੰ ਦੁਨਿਆਵੀ ਕੰਮਾਂ ਕਾਰਾਂ ਵੱਲ ਮੋੜਨ ਲਈ ਸੁਲਤਾਨਪੁਰ ਲੋਧੀ ਵਿਖੇ ਬੇਬੇ ਨਾਨਕੀ ਜੀਕੋਲ ਭੇਜ ਦਿੱਤਾ ਤਾਂ ਭਾਈ ਮਰਦਾਨਾ ਜੀ ਬਹੁਤ ਉਦਾਸ ਹੋਏ ਪਰ ਭਾਈ ਮਰਦਾਨਾ ਜੀ ਦੀ ਗੁਰੂ ਸਾਹਿਬ ਨੂੰ ਮਿਲਣ ਦੀ ਤਾਂਘ ਛੇਤੀ ਹੀ ਪੂਰੀ ਹੋ ਗਈ।

ਭਾਵੇਂ ਭਾਈ ਮਰਦਾਨਾ ਜੀ ਬਾਬੇ ਨਾਨਕ ਜੀ ਦੇ ਬਚਪਨ ਦੇ ਬੇਲੀ ਸਨ ਪਰ ਅਸਲੀ ਮੇਲ ਉਦੋਂ ਹੋਇਆ, ਜਦੋਂ ਭੈਣ ਨਾਨਕੀ ਦੇ ਸੱਦੇ ’ਤੇ ਗੁਰੂ ਪਾਤਸ਼ਾਹ ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਦੇ ਮੋਦੀ ਬਣ ਗਏ। ਮਹਿਤਾ ਕਾਲੂ ਜੀ ਨੇ ਭਾਈ ਮਰਦਾਨਾ ਜੀ ਨੂੰ ਤਲਵੰਡੀਓਂ ਸੁਲਤਾਨਪੁਰ ਵਿਖੇ ਗੁਰੂ ਸਾਹਿਬ ਜੀ ਦੀ ਖ਼ਬਰ-ਸਾਰ ਲੈਣ ਲਈ ਭੇਜਿਆ ਪਰ ਗੁਰੂ ਸਾਹਿਬ ਦਾ ਨਿੱਘਾ ਵਰਤਾਉ, ਪਿਆਰ, ਸਤਿਸੰਗ ਆਦਿ ਵੇਖ ਕੇ ਉਹ ਸਭ ਕੁਝ ਭੁੱਲ ਗਿਆ ਤੇ ਉਹ ਸਿਦਕੀ ਜੀਊੜਾ ਬਾਬੇ ਨਾਨਕ ਦਾ ਹੀ ਹੋ ਕੇ ਰਹਿ ਗਿਆ। ਬੱਸ ਫੇਰ ਸਾਜ਼ ਅਤੇ ਆਵਾਜ਼ ਦੀਆਂ ਸੁਰਾਂ ਅਸਮਾਨੀਂ ਗੂੰਜਣ ਲੱਗੀਆਂ। ਇਸ ਵੇਲੇ ਮਰਦਾਨਾ ਜੀ ਦੀ ਉਮਰ ਲਗਭਗ 30 ਵਰਿ੍ਹਆਂ ਦੀ ਸੀ ਤੇ ਬਾਬਾ ਨਾਨਕ ਜੀ ਦੀ 20 ਵਰਿਆਂ ਦੀ। ਦੋਵੇਂ ਮਿੱਤਰ ਬਗਲਗੀਰ ਹੋਏ। ਦੋਹਾਂ ਇਕ-ਦੂਜੇ ਦੀਆਂ ਸੁਣੀਆਂ। ਇੱਥੇ ਹੀ ਗੁਰੂ ਜੀ ਨੇ ਮਰਦਾਨਾ ਜੀ ਨੂੰ ‘ਭਾਈ’ ਦੀ ਉਪਾਧੀ ਨਾਲ ਨਿਵਾਜਿਆ। ਰਬਾਬੀ ਮਰਦਾਨਾ ਹੁਣ ‘ਭਾਈ’ ਬਣ ਗਿਆ। ਬਾਬਾ ਜੀ ਨੇ ਉਸ ਨੂੰ ‘ਭਾਈ’ ਦੀ ਪਦਵੀ ਦੇ ਕੇ ਉਸ ਨੂੰ ਬਰਾਬਰੀ ਦਾ ਦਰਜਾ ਦੇ ਦਿੱਤਾ। ਗੁਰੂ ਨਾਨਕ ਸਾਹਿਬ ਨਾਮ-ਬਾਣੀ ਦੇ ਸਿਰਜਕ ਹੋਣ ਕਰਕੇ ਸੰਗੀਤ-ਕਲਾ ਨਾਲ ਦਿਲੀ ਲਗਾਉ ਰੱਖਦੇ ਸਨ। ਭਾਈ ਮਰਦਾਨਾ ਜੀ ਪਹਿਲਾਂ ਵੀ ਇਸ ਕੰਮ ਵਿਚ ਨਿਪੁੰਨ ਸਨ। ਦੋਵੇਂ ਸਾਥੀ ਇਕ ਸਿਰਜਕ ਦੂਜਾ ਵਾਦਕ।

ਸੰਨ 1487 ਈ. ਵਿਚ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਦੀ ਮਾਤਾ ਸੁਲੱਖਣੀ ਜੀ ਨਾਲ ਬਟਾਲਾ ਵਿਖੇ ਹੋਈ। ਸ਼ਾਦੀ ਤੋਂ ਬਾਅਦ ਗੁਰੂ ਸਾਹਿਬ ਜੀ ਤਲਵੰਡੀ ਆ ਗਏ। 1487 ਤੋਂ 1491 ਤੱਕ ਉਹ ਤਲਵੰਡੀ ਹੀ ਰਹੇ। ਸਮਾਂ ਪਾ ਕੇ ਗੁਰੂ ਪਾਤਸ਼ਾਹ ਨੇ ਸੁਲਤਾਨਪੁਰ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਭਾਈ ਮਰਦਾਨਾ ਜੀ ਗੁਰੂ ਜੀ ਦੇ ਨਾਲ ਨਹੀਂ ਗਏ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਜੀ ਨੇ ਆਖਿਆ, ‘‘ਮਰਦਾਨਿਆਂ! ਮੈਂ ਛੇਤੀ ਤੈਨੂੰ ਸੁਲਤਾਨਪੁਰ ਬੁਲਾ ਲਵਾਂਗਾ।’’

ਇੱਕ ਅਨੁਮਾਨ ਹੈ ਕਿ ਭਾਈ ਮਰਦਾਨਾ ਜੀ 1492-1493 ਇਹਨਾਂ ਦੋ ਸਾਲਾਂ ਦੇ ਵਿਚ ਹੀ ਤਲਵੰਡੀ ਤੋਂ ਸੁਲਤਾਨਪੁਰ ਆਏ। (ਡਾ. ਮਹਿੰਦਰ ਕੌਰ ਗਿੱਲ, ਭਾਈਮਰਦਾਨਾ ਜੀ, ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ)

ਗੁਰੂ ਨਾਨਕ ਸਾਹਿਬ ਜੀ ਸੰਸਾਰਿਕ ਵਿਵਹਾਰਾਂ ਤੋਂ ਮੁਕਤ ਹੋ ਕੇ ਦੁਨੀਆਂ ਦੇ ਉਧਾਰ ਲਈ ਗੁਰੂ ਘਰ ਦੇ ਪ੍ਰਚਾਰ ਲਈ ਯਾਤਰਾ ’ਤੇ ਨਿਕਲ ਤੁਰੇ। ਉਹਨਾਂ ਦਾ ਸਾਥਭਾਈ ਮਰਦਾਨਾ ਜੀ ਨੇ ਦਿੱਤਾ। ਗੁਰੂ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ, ਜਿਨ੍ਹਾਂ ਦਾ ਉਦੇਸ਼ ਮਾਨਵਤਾ ਦਾ ਕਲਿਆਣ ਸੀ। ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ: ‘ਚੜਿਆ ਸੋਧਣ ਧਰਤ ਲੋਕਾਈ’।

ਇਨ੍ਹਾਂ ਚਾਰਾਂ ਉਦਾਸੀਆਂ ਸਮੇਂ ਗੁਰੂ ਜੀ ਦੇ ਔਖੇ-ਸੌਖੇ ਰਾਹਾਂ ਦਾ ਸਾਥੀ ਭਾਈ ਮਰਦਾਨਾ ਜੀ ਗੁਰੂ ਜੀ ਦੇ ਨਾਲ ਰਹੇ। ਭਾਵੇਂ ਉਨ੍ਹਾਂ ਨੂੰ ਰੋੜਿਆਂ ’ਤੇ ਸੌਣਾ ਪਿਆ ਜਾਂ ਅਸਾਮ ਦੀਆਂ ਜਾਦੂਗਰਨੀਆਂ ਦੇ ਜਾਦੂ ਦਾ ਸ਼ਿਕਾਰ ਹੋਣਾ ਪਿਆ ਪਰ ਸਿਦਕ ਦਾ ਪੱਕਾ, ਆਗਿਆਕਾਰੀ, ਸਿਰੜੀ ਮਰਦਾਨਾ ਆਪਣੇ ਮੁਰਸ਼ਦ ਦੇ ਆਖੇ ਤੋਂ ਕਦੇ ਨਾ ਅੱਕਿਆ ਨਾ ਥੱਕਿਆ, ਸਗੋਂ ਸਭ ਕੁੱਝ ‘ਸਤ’ ਕਰਕੇ ਮੰਨਿਆ। ਤਦੇ ਤਾਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਲਿਖਿਆ ਹੈ : ‘‘ਇਕੁ ਬਾਬਾ ਅਕਾਲ ਰੁਪੂ, ਦੂਜਾ ਰਬਾਬੀ ਮਰਦਾਨਾ।’’

ਜਦੋਂ ਭਾਈ ਮਰਦਾਨਾ ਜੀ ਘਰ-ਬਾਰ ਤਿਆਗ, ਗੁਰੂ ਨਾਨਕ ਸਾਹਿਬ ਜੀ ਨਾਲ ਉਦਾਸੀਆਂ ’ਤੇ ਨਿਕਲ ਜਾਂਦੇ ਹਨ ਤਾਂ ਉਨ੍ਹਾਂ ਦੀ ਪਤਨੀ ਵੈਰਾਗ ਵਿਚ ਆ ਕੇ ਕੁੱਝਗਿਲੇ-ਸ਼ਿਕਵੇ ਜ਼ਾਹਿਰ ਕਰਦੀ ਹੈ, ਜਿਸ ਨੂੰ ਪੰਜਾਬੀ ਕਵੀ ‘ਸੰਤ ਰਾਮ ਉਦਾਸੀ’ ਨੇ ਆਪਣੇ ਇਕ ਗੀਤ ‘ਮਰਦਾਨੇ ਨੂੰ ਮਰਦਾਨਣ ਦਾ ਖ਼ਤ’ ਵਿਚ ਇਉ ਅੰਕਿਤ ਕੀਤਾ ਹੈ : ‘ਅਜੇ ਹੋਇਆ ਨਾ ਨਜ਼ਾਰਾ ਤੇਰੀ ਦੀਦ ਦਾ, ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ। ਡਿੱਗੇ ਬਾਪ ਹੱਥੋਂ ਸੋਟੀ, ਮੂੰਹ ’ਚ ਫੁੱਲ ਜਾਵੇ ਰੋਟੀ, ਜਦੋਂ ਸੁਣੀਂਦਾ ਤੂੰ ਭੁੱਖਾ ਤੇ ਤਿਹਾਇਆ ਵੇ। ਮੇਰੇ ਖੁੱਲ ਗਏ ਨੇ ਵਾਲ, ਜਾਣੀਂ ਆ ਗਿਆ ਭੁਚਾਲ, ਜਦੋਂ ਸੁਣਿਆ ਤੂੰ ਕੌਡੇ ਹੱਥ ਆਇਆ ਵੇ। ਟੁੱਟ ਜਾਣਾ ਸੀ ਪਿਆਲਾ ਵੇ ਉਮੀਦ ਦਾ, ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ। ਵੇਖ ਮੇਰੀ ਕੁਰਬਾਨੀ, ਭਾਵੇਂ ਕਿੰਨੀ ਭੁੱਖੀ-ਭਾਣੀ, ਪਰ ਵੱਧ ਹੈ ਸੁਲੱਖਣੀ ਤੋਂ ਜੇਰਾ ਵੇ। ਇਹ ਹੈ ਵੱਡਿਆਂ ਦਾ ਯੁੱਗ, ਤੇਰੀ ਸਕਣੀ ਨਾ ਪੁੱਗ, ਨਾਉ ਲੈਣਾ ਨਹੀਂ ਸ਼ਤਾਬਦੀ ’ਚ ਤੇਰਾ ਵੇ। ਵੇ ਤੂੰ ਰਹੇਂਗਾ ਮੁਥਾਜ ਹਰ ਚੀਜ਼ ਦਾ, ਅਸੀਂ ਮਸਾਂ ਹੈ ਲੰਘਾਇਆ ਚੰਨ ਈਦ ਦਾ।’

ਪਰ ਪਰਿਵਾਰ ਦੇ ਗਿਲੇ-ਸ਼ਿਕਵਿਆਂ ਅਤੇ ਪ੍ਰਭਾਵਿਤ ਹੋਏ ਆਰਥਿਕ ਹਾਲਾਤਾਂ ਦੇ ਬਾਵਜੂਦ ਵੀ ਭਾਈ ਮਰਦਾਨਾ ਜੀ ਗੁਰੂ ਸਾਹਿਬ ਦਾ ਸਾਥ ਛੱਡਣ ਲਈ ਰਾਜ਼ੀ ਨਾਹੋਏ।

ਸਾਖੀਆਂ ਵਿਚ ਭਾਈ ਮਰਦਾਨਾ ਜੀ ਨੂੰ ਨਿਮਾਣਾ, ਨਿਤਾਣਾ, ਭੁੱਖਾ, ਪਿਆਸਾ, ਮੰਗ ਖਾਣੀ ਜਾਤ, ਲਾਲਚੀ, ਡਰਪੋਕ, ਮੰਗਤਾ ਅਤੇ ਨੀਚ ਜਾਤ ਦੇ ਮਰਾਸੀ ਦੇ ਤੌਰ ’ਤੇ ਹੀ ਪੇਸ਼ ਕੀਤਾ ਗਿਆ ਹੈ। ਕਦੇ ਉਹ ਕੌਡੇ ਰਾਖਸ਼ ਦੇ ਮੂੰਹ ਵਿਚ ਪੈ ਜਾਂਦਾ ਹੈ, ਕਦੇ ਮੇਂਢਕਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਕਦੇ ਉਸ ਉੱਪਰ ਜਾਦੂਗਰਨੀਆਂ ਦਾ ਜਾਦੂ ਚਲਾਇਆ ਜਾਂਦਾ ਹੈ। ਸ਼ਾਇਦ ਸਾਖੀਕਾਰ ਇਸ ਤਰਾਂ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਰਾਮਾਤੀ ਪੁਰਸ਼ ਸਿੱਧ ਕਰਨਾ ਚਾਹੁੰਦੇ ਸਨ ਪਰ ਗੁਰੂ ਨਾਨਕ ਜੀ ਤਾਂ ਕਰਾਮਾਤਾਂ ਦੇ ਵਿਰੁੱਧ ਸਨ। ਨਾਲੇ ਉਨਾਂ ਕਦੇ ਵੀ ਮਰਦਾਨਾ ਜੀ ਨੂੰ ‘ਭਾਈ ਮਰਦਾਨੇ’ ਤੋਂ ਬਿਨਾਂ ਸੰਬੋਧਿਤ ਨਹੀਂ ਕੀਤਾ। ਉਹ ਤਾਂ : ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ॥ ਨਾਨਕ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕੀਆ ਰੀਸ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ! ॥’’ ਦੇ ਮਹਾਂਵਾਕ ਦੇ ਧਾਰਨੀ ਸਨ, ਜਿਨਾਂ ਨੇ ਇਸ ਨੂੰ ਪ੍ਰਤੱਖ ਕਰ ਦਿਖਾਇਆ। ਨੀਵੀਂ ਜਾਤ ਦੇ ਡੂਮ ਨੂੰ ਆਪਣਾ ਸਾਥੀ ਬਣਾ ਕੇ ਵੱਡੀਆਂ ਜਾਤਾਂ ਵਾਲਿਆਂ ਦਾ ਅਭਿਮਾਨ ਤੋੜਿਆ ਅਤੇ ਬਾਬਾ ਤਾਂ ਆਇਆ ਹੀ ਨੀਵਿਆਂ ਨੂੰ ਉੱਚਾ ਤੇ ਮਰਦਾਨਾ ਬਣਾਉਣ ਸੀ। ਫਿਰ ਪਤਾ ਨਹੀਂ ਕਿਉ ਸਾਖੀਕਾਰਾਂ ਨੇ ਅਜਿਹਾ ਊਟ-ਪਟਾਂਗ ਲਿਖ ਕੇ ਭਾਈ ਮਰਦਾਨਾ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ ਦਾ ਸਤਿਕਾਰ ਕਰਦੇ ਸਨ। ਇਸ ਲਈ ਨਹੀਂ ਕਿ ਉਹ ਉੱਚ ਜਾਤੀ ਦੇ ਖੱਤਰੀ ਸਨ ਤੇ ਮਰਦਾਨਾ ਨੀਵੀਂ ਜਾਤੀ ਦਾ ਡੂਮ; ਬੇਸ਼ੱਕ ਭਾਈ ਮਰਦਾਨਾ ਜੀ, ਗੁਰੂ ਨਾਨਕ ਸਾਹਿਬ ਜੀ ਤੋਂ ਦਸ ਸਾਲ ਉਮਰ ਵਿਚ ਵੱਡੇ ਸਨ ਪਰ ਉਹ ਤਾਂ ‘‘ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ॥’’ ਦੇ ਧਾਰਨੀ ਸਨ। ਨਾਲੇ ਇਕੱਲੇ ਭਾਈ ਮਰਦਾਨਾ ਜੀ ਹੀ ਨਹੀਂ ਬਲਕਿ ਗੁਰੂ ਨਾਨਕ ਸਾਹਿਬ ਜੀ ਵੀ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੰਦੇ ਸਨ। ਸਾਖੀਕਾਰਾਂ ਨੇ ਭਾਈ ਮਰਦਾਨਾ ਜੀ ਨਾਲ ਇਨਸਾਫ਼ ਨਹੀਂ ਕੀਤਾ।

ਜਿਸ ਬਾਣੀ ਨੂੰ ਅੱਜ ਲੋਕੀਂ ਪੜ੍ਹ ਕੇ ਸੁੱਚੇ ਹੋ ਜਾਂਦੇ ਹਨ, ਉਸ ਬਾਣੀ ਨੂੰ ਸਭ ਤੋਂ ਪਹਿਲਾਂ ਗਾਉਣ ਦਾ ਮਾਣ ਭਾਈ ਮਰਦਾਨਾ ਜੀ ਨੂੰ ਮਿਲਿਆ। ਸਭ ਤੋਂ ਪਹਿਲਾਂ ਉਸਬਾਣੀ ਨੂੰ ਗੁਰੂ ਦੇ ਮੁੱਖੋਂ ਸੁਣਨ ਦਾ ਅਵਸਰ ਭਾਈ ਮਰਦਾਨਾ ਜੀ ਨੂੰ ਮਿਲਿਆ ਹੈ। ਜਿਸ ਅਕਾਲ ਪੁਰਖ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਧਾਰਿਆ, ਉਹੋ ਭਾਈ ਮਰਦਾਨਾ ਜੀ ਦੇ ਗੁਰੂ ਬਣੇ ਤਾਂ ਹੀ ਤਾਂ ਮਰਦਾਨਾ ਜੀ ਜਾਤ ਪਾਤ ਦੇ ਬੰਧਨ ਤਿਆਗ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਬਣ ਗਏ। ਗੁਰੂ ਨਾਨਕ ਦੇਵ ਜੀ ਦਾ ਕਰਤਾਰ ਵੀ ‘ਸਤ’ ਸੀ ਅਤੇ ਭਾਈ ਮਰਦਾਨਾ ਜੀ ਦਾ ਕਰਤਾਰ ਵੀ ‘ਸਤ’ ਸੀ, ਦੋਵੇਂ ਹੀ ‘ਸਤ ਕਰਤਾਰ’ ਦੀ ਸਦਾਅ ਲਾਉਦੇ ਸਨ। ਇਕੋ ਕੀਮਤਾਂ ਦੇ ਧਾਰਨੀ, ਇਕੋ ਕਰਤਾਰ ਦੇ ਬੰਦੇ, ਇਕੋ ਰਾਹ ਦੇ ਰਾਹੀ, ਜੀਵਨ ਸਾਥੀ ਤੇ ਫੇਰ ਅਜਿਹੇ ਸਾਥੀ ਨੂੰ ਮੰਗ ਖਾਣੀ ਜਾਤ ਦਾ ਮਰਾਸੀ ਕਹਿਣ ਲੱਗਿਆਂ ਦਿਲ ਨਹੀਂ ਕੰਬਦਾ ? ਮਰਾਸੀ ਕਹਿ ਕੇ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਆਪਣੇ ਆਪ ਨੂੰ ਗੁਰੂ ਨਾਨਕ ਜੀ ਦਾ ਸਿੱਖ ਕਹਿ ਕੇ ਗੁਰੂ ਨਾਨਕ ਸਾਹਿਬ ਜੀ ਦੇ ਨੇੜੇ ਹੋਇਆ ਜਾ ਸਕਦਾ ਹੈ।

ਜਿਸ ਭਾਈ ਮਰਦਾਨੇ ਦਾ ਸਾਥ ਗੁਰੂ ਨਾਨਕ ਨੂੰ ਸਦਾ ਪਿਆਰਾ ਰਿਹਾ ਅਤੇ ਕਦੇ ਵੀ ਉਸ ਨੂੰ ਵਿਛੜਨ ਨਾ ਦਿੱਤਾ, ਅੱਜ ਬਦੋ-ਬਦੀ ਉਸ ਦੇ ਸਿੰਘਾਂ ਨੇ ਦੋ ਸਾਥੀਆਂ ਨੂੰ ਵਿਛੋੜ ਦਿੱਤਾ। ਰੰਗਾਂ ਤੇ ਬੁਰਸ਼ਾਂ ਵਾਲਿਓ! ਨਾਨਕ ਸਾਹਿਬ ਨੂੰ ਜਿਵੇਂ ਮਰਜ਼ੀ ਚਿੱਤਰ ਲਵੋ ਪਰ ਮਰਦਾਨੇ ਰਬਾਬੀ ਤੋਂ ਬਿਨਾਂ ਗੁਰੂ ਨਾਨਕ ਸ਼ਾਇਰ ਦੀ ਕਲਪਨਾ ਨਾ ਕਰੋ। (ਡਾ. ਐਸ.ਐਸ. ਦੁਸਾਂਝ, ਗੁਰੂ ਨਾਨਕ ਬਾਰੇ ਸੱਚ ਦੀ ਖੋਜ ਵਿਚੋਂ)

ਅੱਜ ਕੱਲ੍ਹ ਕਈ ਸੰਪਰਦਾਵਾਂ ਦੇ ਮੁਖੀਆਂ ਦੀਆਂ ਤਸਵੀਰਾਂ ਗੁਰੂ ਨਾਨਕ ਸਾਹਿਬ ਜੀ ਨਾਲ ਲਗਾ ਕੇ ਬਾਜ਼ਾਰ ਵਿਚ ਵੇਚਣਾ ਅਜੋਕੀ ਪੀੜ੍ਹੀ ਦੇ ਅੱਖਾਂ ’ਚ ਘੱਟਾਪਾਉਣ ਵਾਲੀ ਗੱਲ ਹੈ। ਭਾਈ ਮਰਦਾਨਾ ਜੀ, ਜਿਸ ਨੇ ਸਾਰੀ ਉਮਰ ਗੁਰੂ ਨਾਨਕ ਸਾਹਿਬ ਜੀ ਨਾਲ ਬਿਤਾ ਦਿੱਤੀ, ਉਸ ਦੀ ਤਸਵੀਰ ਗੁਰੂ ਬਾਬੇ ਨਾਲੋਂ ਕੱਟ ਕੇ ਤਪੱਸਵੀ ਸਾਧਾਂ ਦੀਆਂ ਤਸਵੀਰਾਂ ਬਾਬੇ ਨਾਨਕ ਨਾਲ ਜੋੜ ਦਿੱਤੀਆਂ ਜੋ ਕਿ ਇਕ ਸੋਚੀ ਸਮਝੀ ਸਾਜ਼ਿਸ਼ ਦਾ ਨਤੀਜਾ ਕਿਹਾ ਜਾ ਸਕਦਾ ਹੈ, ਜਿਸ ਤੋਂ ਸੁਚੇਤ ਰਹਿਣ ਜੀ ਜ਼ਰੂਰਤ ਹੈ। ਸਾਡੇ ਅਖੌਤੀ ਕਾਮੇਡੀ ਕਲਾਕਾਰਾਂ, ਜਿਨ੍ਹਾਂ ਵਿਚ ਜਸਵਿੰਦਰ ਭੱਲਾ ਵੀ ਸ਼ਾਮਲ ਹੈ, ਕੈਸਿਟਾਂ ਵਿਚ ਭਾਈ ਮਰਦਾਨੇ ਨਾਲ ਭੱਦਾ ਮਜ਼ਾਕ ਕੀਤਾ ਹੈ, ਬੜੇ ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਕਲਾਕਾਰ ਆਪਣੀ ਹੋਛੀ ਮੱਤ ਅਨੁਸਾਰ ਮਹਾਨ ਰੂਹਾਂ ਦਾ ਲਿਹਾਜ਼ ਵੀ ਨਹੀਂ ਕਰਦੇ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਭਾਈ ਮਰਦਾਨਾ ਜੀ ਅਤੇ ਬਾਬਾ ਨਾਨਕ ਇਕ ਰੂਹ ਅਤੇ ਦੋ ਵਜੂਦ ਸਨ।

ਭਾਈ ਮਰਦਾਨਾ ਜੀ ਨਾਲ ਤਾਂ ਜਿਹੜੀ ਲੇਖਕਾਂ ਜਾਂ ਸਾਖੀਕਾਰਾਂ ਨੇ ਕੀਤੀ ਉੁਹ ਤਾਂ ਕੀਤੀ ਪਰ ਉਨ੍ਹਾਂ ਦੀ ਵੰਸ਼ਜ ਵਿਚੋਂ ਰਬਾਬੀ ਭਾਈ ਲਾਲ ਜੀ ਜੋ ਇਸ ਸਮੇਂਵਿਛੋੜਾ ਦੇ ਗਏ, ਉਨ੍ਹਾਂ ਨਾਲ ਵੀ ਅਸੀਂ ਘੱਟ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੀ ਇੱਛਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਕੀਰਤਨ ਕਰਨ ਦੀ ਸੀ ਜੋ ਕਿ ਸਾਡੇ ਪ੍ਰਬੰਧਕਾਂ ਨੇ ਉਹਨਾਂ ਨੂੰ (ਗ਼ੈਰ ਸਿੱਖ ਹੋਣ ਕਾਰਨ) ਆਗਿਆ ਨਹੀਂ ਦਿੱਤੀ ਅਤੇ ਜਿਸ ਤਰਾਂ ਅਸੀਂ ਰੋਜ਼ਾਨਾ ਅਖ਼ਬਾਰ ਵਿਚ ਹੀ ਪੜ੍ਹ ਚੁੱਕੇ ਹਾਂ ਕਿ ਉਹਨਾਂ ਦੇ ਪਰਿਵਾਰ ਨਾਲ ਨਾ ਤਾਂ ਉੱਥੋਂ ਦਾ ਭਾਈਚਾਰਾ ਵਰਤਦਾ ਹੈ ਅਤੇ ਨਾ ਹੀ ਅਸੀਂ ਉਨ੍ਹਾਂ ਦਾ ਕੋਈ ਮੁੱਲ ਪਾਇਆ ਹੈ। ਇਹੀ ਸਾਡੀ ਅਕ੍ਰਿਤਘਣਤਾ ਕਹੀ ਜਾ ਸਕਦੀ ਹੈ।ਹੁਣ ਤੱਕ ਦੀਆਂ ਜੋ ਗਲਤੀਆਂ ਹੋਈਆਂ, ਉਹਨਾਂ ਦੀ ਖ਼ਿਮਾਂ ਮੰਗਦੇ ਹੋਏ ਜੇਕਰ ਅਸੀਂ ਹੁਣ ਵੀ ਇਸ ਰਬਾਬੀ ਪਰਿਵਾਰ ਦੀ ਸਾਰ ਲੈ ਲਈਏ ਤਾਂ ਆਪਣੇ ਆਪ ਨੂੰਦੋਸ਼ ਮੁਕਤ ਕਰਨ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੋਵੇਗਾ।

23730cookie-checkਗੁਰੂ ਨਾਨਕ ਦੇ ਰਾਹਾਂ ਦਾ ਸਾਥੀ