‘ਗੁਰੂ ਗ੍ਰੰਥ ਸਾਹਿਬ’ ਜੀ ਦਾ ਅਪਮਾਨ ਤੇ ‘ਗਊ ਹੱਤਿਆ’ ਫ਼ਿਰਕੂ ਸੋਚ ਦੇ 2 ਹਥਿਆਰ

0
230

‘ਗੁਰੂ ਗ੍ਰੰਥ ਸਾਹਿਬ’ ਜੀ ਦਾ ਅਪਮਾਨ ਤੇ ‘ਗਊ ਹੱਤਿਆ’ ਫ਼ਿਰਕੂ ਸੋਚ ਦੇ 2 ਹਥਿਆਰ

10 ਨਵੰਬਰ 2015 ਨੂੰ ਬੁਲਾਏ ਜਾ ਰਹੇ ‘ਸਰਬਤ ਖਾਲਸਾ’ ਦਾ ਲਾਭ ਘੱਟ ਤੇ ਨੁਕਸਾਨ ਵੱਧ ਹੋਣ ਦੇ ਅਸਾਰ

ਗਿਆਨੀ ਅਵਤਾਰ ਸਿੰਘ

  ਪਿਛਲੇ ਕੁਝ ਸਮੇਂ ਤੋਂ ਪੰਜਾਬ ਅਤੇ ਹਰਿਆਣਾ ਸੂਬੇ ਦੇ ਅਲੱਗ ਅਲੱਗ ਗੁਰਦੁਆਰਿਆਂ ਵਿੱਚੋਂ ਸਮੂਹ ਮਾਨਵਤਾ ਦੇ ਸਾਂਝੇ ਧਾਰਮਿਕ ਗ੍ਰੰਥ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪਾਂ ਨੂੰ ਅਗਨੀ ਭੇਟ ਕਰਨਾ ਜਾਂ ਉਨ੍ਹਾਂ ਨੂੰ ਚੋਰੀ ਕਰਕੇ ਤੇ ਪਵਿੱਤਰ ਅੰਗਾਂ (ਪੰਨਿਆਂ) ਨੂੰ ਪਾੜ ਕੇ ਗਲੀਆਂ, ਨਾਲੀਆਂ ਆਦਿ ਵਿੱਚ ਸੁੱਟਣ ਦਾ ਸਿਲਸਿਲਾ ਦਿਨ ਪ੍ਰਤਿਦਿਨ ਵਧਦਾ ਜਾ ਰਿਹਾ ਹੈ। ਜਿਸ ਦੀ ਇੱਕ ਤਾਜਾ ਘਟਨਾ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਤੋਂ ਚੋਰੀ ਕੀਤੇ ਗਏ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪਾਂ ਦੇ ਪੰਨਿਆਂ ਨੂੰ ਪਾੜ ਕੇ ਮਿਤੀ 12-10-2015 ਨੂੰ ਨਜ਼ਦੀਕ ਦੇ ਹੀ ਪਿੰਡ ਬਰਗਾੜੀ ਦੀਆਂ ਗਲੀਆਂ, ਨਾਲੀਆਂ, ਰੂੜੀਆਂ (ਕੂੜੇ ਕਰਕਟ) ਆਦਿ ’ਤੇ ਸੁੱਟਿਆ ਗਿਆ ਹੈ। ਜਿਸ ਕਾਰਨ ਇਸ ‘ਧਾਰਮਿਕ ਗ੍ਰੰਥ’ ਪ੍ਰਤੀ ਸ਼ਰਧਾ ਰੱਖਣ ਵਾਲੇ (ਹਰ ਇੱਕ ਸਮੂਦਾਇ ਨਾਲ ਸੰਬੰਧਿਤ) ਵਿਅਕਤੀਆਂ ਦੇ ਦਿਲਾਂ ਨੂੰ ਅਤਿ ਭਾਰੀ ਠੇਸ (ਮਾਨਸਿਕ ਪੀੜਾ) ਪਹੁੰਚੀ ਹੈ। ਬੇਸ਼ੱਕ ਭਾਰਤ ਦੀ ਸਰਕਾਰ ਨੇ ਕਿਸੇ ਵੀ ਸਮੂਦਾਇ ਦੇ ‘ਧਾਰਮਿਕ ਗ੍ਰੰਥ’ ਦਾ ਅਪਮਾਨ ਕਰਨ ਅਤੇ ਉਸ ਨਾਲ ਸੰਬੰਧਿਤ ਵਿਅਕਤੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਵਾਲੇ ਦੋਸ਼ੀ ਵਿਅਕਤੀਆਂ ਪ੍ਰਤੀ ਭਾਰਤੀ ਕਾਨੂੰਨ ਦੀ ਧਾਰਾ 295 ਏ (ਮਦ) ਸ਼ਾਮਲ ਕਰਕੇ ਬਿਨਾ ਜਮਾਨਤ ਦੇਂਦਿਆਂ ਸਖ਼ਤ ਸਜਾ ਦੇਣ ਲਈ ਨਿਯਮ ਬਣਾਏ ਹੋਏ ਹਨ ਪਰ ਇਸ ਦੇ ਬਾਵਜੂਦ ਵੀ ਇਸ ਦਾ ਡਰ ਅਸਮਾਜਿਕ ਤੱਤਾਂ ’ਤੇ ਨਾ ਪੈਣ ਦੇ ਪਿਛੋਕੜ ’ਚ ਕੀ ਕਾਰਨ ਹਨ, ਇਨ੍ਹਾਂ ਨੂੰ ਵੀਚਾਰਨਾ ਜ਼ਰੂਰੀ ਹੈ।

 ਸੰਨ 1947 ’ਚ ਜਦ ਭਾਰਤ ਅੰਗਰੇਜ਼ਾਂ ਦੀ ਲੰਬੀ ਗੁਲਾਮੀ ਤੋਂ ਉਪਰੰਤ ਅਜ਼ਾਦ ਹੋਣ ਜਾ ਰਿਹਾ ਸੀ ਤਾਂ ਭਾਰਤ ਨੂੰ ਦੋ ਭਾਗਾਂ (ਪਾਕਿਸਤਾਨ ਤੇ ਹਿੰਦੋਸਤਾਨ) ਵਿੱਚ ਵੰਡਣ ਦੀਆਂ ਤਿਆਰੀਆਂ ਵੀ ਬਹੁਤ ਪਹਿਲਾਂ ਤੋਂ ਨਿਰੰਤਰ ਜਾਰੀ ਹੋ ਚੁੱਕੀਆਂ ਸਨ, ਇਸ ਦੇ ਕਈ ਕਾਰਨ ਹੋ ਸਕਦੇ ਹਨ ਪਰ ਇੱਕ ਕਾਰਨ ‘ਪੰਡਿਤ ਜਵਾਹਰ ਲਾਲ ਨਹਿਰੂ’ ਜੀ ਵੱਲੋਂ ਸੰਨ 1938 ਵਿੱਚ ਪਾਕਿਸਤਾਨ ਨੂੰ ਹਿੰਦੋਸਤਾਨ ਨਾਲੋਂ ਵੱਖਰਾ ਅਜ਼ਾਦ ਕਰਵਾਉਣ ਦੇ ਹਮਾਇਤੀ ‘ਆਜਮ ਮੋਹੰਮਦ ਅਲੀ ਜਿਨਾਹ’ ਜੀ ਨੂੰ ਲਿਖੀ ਗਈ ਇਹ ਚਿੱਠੀ ਵੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ‘ਤੁਸੀ ਭਾਰਤ ਤੋਂ ਅਲੱਗ ਹੋਣ ਵਾਲੀ ਆਪਣੀ ਮੰਗ ਨਾ ਰੱਖੋ ਕਿਉਂਕਿ ਆਜ਼ਾਦ ਭਾਰਤ ਵਿੱਚ ‘ਗਊ ਹੱਤਿਆ’ ਕਰਨਾ ਮੁਸਲਮਾਨਾਂ ਦਾ ਮੌਲਿਕ ਅਧਿਕਾਰ ਮੰਨਿਆ ਜਾਵੇਗਾ।’ (ਪੰਡਿਤ ਜਵਾਹਰ ਲਾਲ ਨਹਿਰੂ)

 ਭਾਰਤ ਦੇ ਪ੍ਰਧਾਨ ਮੰਤਰੀ ‘ਪਦ’ ਦੇ ਪ੍ਰਮੁੱਖ ਦਾਅਵੇਦਾਰ ਵੱਲੋਂ ਉਪਰੋਕਤ ਦਿੱਤਾ ਗਿਆ ਲਿਖਤੀ ਸਬੂਤ ਸਪਸ਼ਟ ਕਰਦਾ ਹੈ ਕਿ ਪਾਕਿਸਤਾਨੀਆਂ ਨੂੰ ਹਿੰਦੋਸਤਾਨੀਆਂ ਨਾਲ ਭਵਿੱਖ ਲਈ ਮਿਲ ਕੇ ਰਹਿਣ ਵਿੱਚ ਕੀ ਕੀ ਮੁਸਕਲਾਂ ਹੋ ਸਕਦੀਆਂ ਸਨ।

ਸਮਾਂ ਬਦਲਿਆ ਪਾਕਿਸਤਾਨ ਤੇ ਹਿੰਦੋਸਤਾਨ (ਅਲੱਗ ਅਲੱਗ) ਅਜ਼ਾਦ ਹੋ ਗਏ ਇਸ ਦੇ ਬਾਵਜੂਦ ਵੀ ਅਜ਼ਾਦ ਹਿੰਦੋਸਤਾਨ ’ਚ 18% ਜਨਸੰਖਿਆ (ਅਬਾਦੀ) ਮੁਸਲਮਾਨਾਂ ਦੀ ਬਾਕੀ ਬਚੀ ਹੋਈ ਰਹਿ ਗਈ। ਭਾਰਤ ਦੀ ਅਜ਼ਾਦੀ ਤੋਂ ਲੈ ਕੇ ਲੰਬੇ ਸਮੇਂ ਤੱਕ (ਹਿੰਦੂ ਵੋਟ ਦੀ ਮਦਦ ਨਾਲ) ਕਾਂਗਰਸ ਪਾਰਟੀ ਦੀ ਸਰਕਾਰ ਸੱਤਾ ’ਤੇ ਕਾਬਜ ਰਹੀ ਜਿਸ ਦੌਰਾਨ ਉਪਰੋਕਤ ਹਲਫ਼ੀਆ ਬਿਆਨ ਦੇਣ ਵਾਲਾ ਪ੍ਰਧਾਨ ਮੰਤ੍ਰੀ ਪੰਡਿਤ ਜਵਾਹਰ ਲਾਲ ਨਹਿਰੂ ਵੀ 16 ਸਾਲ ਤੱਕ ਪ੍ਰਧਾਨ ਮੰਤ੍ਰੀ ਰਿਹਾ ਤੇ ਇਸ ਨੇ ਖ਼ੁਦ ਹੀ 1955 ’ਚ (ਭਾਵ ਦੇਸ਼ ਅਜ਼ਾਦ ਹੋਣ ਤੋਂ ਕੇਵਲ 8 ਸਾਲਾਂ ’ਚ ਹੀ) ਆਪਣਾ ਇਕਰਾਰਨਾਮਾ ਭੁਲਾ ਕੇ ਕਈ ਸੂਬਿਆਂ ’ਚ ‘ਗਊ ਹੱਤਿਆ’ ’ਤੇ ਪੂਰਨ ਪਾਬੰਦੀ ਲਗਵਾ ਦਿੱਤੀ ਕਿਉਂਕਿ ਇਨ੍ਹਾਂ ਨੂੰ ਹਿੰਦੂ (ਬਹੁ ਗਿਣਤੀ) ਵੋਟ ਚਾਹੀਦੀ ਸੀ। ਇਹ ਘਟਨਾ ਨਾਲ ਉਹੀ ਗੱਲ ਸੱਚ ਹੋ ਨਿਬੜੀ ਜਿਸ ਬਾਰੇ ਅਜ਼ਾਦੀ ਤੋਂ ਪਹਿਲਾਂ ਮੁਸਲਿਮ ਸਮਾਜ ਚਿੰਤਾ ਕਰਦਾ ਸੀ।

ਮਈ 2014 ਦੇ ਚੁਣਾਵ ’ਚ ਭਾਵਕ ਮੁੱਦਿਆਂ ਨੂੰ ਆਧਾਰ ਬਣਾ ਕੇ ਹਿੰਦੂ ਵੋਟ (ਆਰ. ਐੱਸ. ਐੱਸ.) ਦੀ ਮਦਦ ਨਾਲ ਹੀ ਸੱਤਾ ’ਤੇ ਕਾਬਜ਼ ਹੋਈ ਮੋਦੀ ਸਰਕਾਰ ਦੇ ਵਿਧਾਇਕ, ਸੰਸਦ ਤੇ ਮੰਤ੍ਰੀ ਆਪਣੀ ਪਾਰਟੀ ’ਚ ਆਪਣਾ ਕੱਦ ਉੱਚਾ ਕਰਨ ਦੀ ਮਨਸ਼ਾ ਨਾਲ ‘ਗਊ ਹੱਤਿਆ’ ਵਰਗੇ ਭਾਵਕ (ਜਜ਼ਬਾਤੀ) ਤੇ ਸੰਵੇਦਨਸ਼ੀਲ ਮੁੱਦਿਆਂ ਰਾਹੀਂ ਜਨਤਾ ’ਚ ਫ਼ਿਰਕੂ ਨਫ਼ਰਤ ਪੈਦਾ ਕਰਕੇ ਜਨਤਾ ਦਾ ਧਿਆਨ ਉਨ੍ਹਾਂ ਮੁੱਦਿਆਂ ਤੋਂ ਦੂਰ ਕਰਨਾ ਚਾਹੁੰਦੇ ਹਨ ਜੋ ਉਨ੍ਹਾਂ ਨੇ ਆਪਣੇ ਵਾਅਦੇ (ਇਕਰਾਰ) ਜਨਤਾ ਨਾਲ ਮਈ 2014 ਦੇ ਚੁਣਾਵ ਦੌਰਾਨ ਕੀਤੇ ਸਨ। ਇਸ ਦੀ ਹੀ ਇੱਕ ਉਦਾਹਰਣ ਪਿਛਲੇ ਮਹੀਨੇ (28- 9-2015 ਰਾਤ) ਯੂਪੀ ਦੇ ‘ਦਾਦਰੀ ਦੇ ਬਿਸਾਹੜਾ ਕਾਂਡ’ ਦੀ ਹੈ, ਜਿੱਥੇ ਮੰਦਿਰ ਦੇ ਸਪੀਕਰ ਰਾਹੀਂ ਭਾਰਤ ਦੀ ਵਾਯੂਸੈਨਾ ’ਚ ਡਿਉਟੀ ਨਿਭਾ ਰਹੇ ਮੁਸਲਿਮ ਨੌਜਵਾਨ ਦੇ ਪਿਤਾ (ਮੁਹੰਮਦ ਅਖਲਾਕ 50 ਸਾਲ) ਦੇ ਘਰ ਗਊ ਮਾਸ ਰਿੰਨੇ ਜਾਣ ਦੀ ਅਫ਼ਵਾਹ (ਉਡਦੀ ਸੂਚਨਾ) ਫੈਲਾਉਣ ਉਪਰੰਤ ਪਿੰਡ ਵਾਲਿਆਂ ਨੇ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਤੇ ਉਸ ਦਾ ਪੁੱਤਰ ਅੱਜ ਵੀ ਹਸਪਤਾਲ ’ਚ ਮੌਤ ਤੇ ਜ਼ਿੰਦਗੀ ਨਾਲ ਸੰਘਰਸ਼ ਕਰ ਰਿਹਾ ਹੈ। ਇਸ ਘਟਨਾ ਦੇ ਮੁੱਖ ਦੋਸ਼ੀ ਉੱਥੋਂ ਦੇ ਹੀ ਬੀਜੇਪੀ (ਭਾਜਪਾ) ਵਿਧਾਇਕ ਸੰਜੀਵ ਰਾਣਾ ਦੇ ਪਰਿਵਾਰ ਵਿੱਚੋਂ ਹਨ। ਇਸ ਘਟਨਾ ਤੋਂ ਉਪਰੰਤ ਜਦ ਉਸ ਪਿੰਡ ’ਚ ਧਾਰਾ 144 ਲੱਗੀ ਹੋਈ ਸੀ, ਜਿੱਥੇ 4 ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ ’ਤੇ ਪਾਬੰਦੀ ਹੁੰਦੀ ਹੈ, ਤਦ ਉਸ ਪਿੰਡ ’ਚ ਜਾ ਕੇ ਭਾਜਪਾ ਦੇ ਹੀ ਤਿੰਨ ਸੀਨੀਅਰ ਸੰਸਦਾਂ (ਮਹੇਸ ਸ਼ਰਮਾ (ਕੇਂਦਰੀ ਮੰਤ੍ਰੀ), ਮੁਨੀਸ ਸ਼ਰਮਾ ਤੇ ਸਤਿਆਪਾਲ ਸਿੰਘ) ਨੇ ਲੋਕਾਂ ਨੂੰ ਹੋਰ ਭੜਕਾਉਣ ਲਈ ਅਸਫਲ ਕੋਸ਼ਿਸ਼ ਕਰਨ ਦਾ ਯਤਨ ਕੀਤਾ ਪਰ ਯੂਪੀ ਦੀ ਸਰਕਾਰ ਦੀ ਸਖ਼ਤਾਈ ਕਾਰਨ ਉਹ ਇਸ ਘਟਨਾ ਨੂੰ ‘ਗੁਜਰਾਤ ਦੰਗੇ, ਮਜਫਰ ਨਗਰ ਦੰਗੇ, ਸਹਾਰਨਪੁਰ ਦੰਗੇ ਤੇ ਮੈਨਪੁਰੀ ਦੰਗੇ’ ਵਾਙ ਤਬਦੀਲ ਨਹੀਂ ਕਰ ਸਕੇ। ਜਦ ਇਸ ਘਟਨਾ ਨੂੰ ਸੰਪਰਦਾਇਕ ਰੰਗ (ਫ਼ਿਰਕੂ ਨਫ਼ਰਤ) ਦੇਣ ’ਚ ਸਥਾਨਿਕ (ਸੰਬੰਧਿਤ) ਨੇਤਾ ਅਸਫਲ ਰਹੇ ਤਾਂ ਇਸ ਘਟਨਾ ਤੋਂ 15 ਦਿਨ ਬਾਅਦ (14-10-2015 ਨੂੰ) ਮੋਦੀ ਅਤੇ ਇਸ ਦੇ ਮੰਤ੍ਰੀਆਂ ਨੇ ਆਪਣਾ ਉਦਾਰਵਾਦੀ ਚਿਹਰਾ ਵਿਖਾਉਂਦਿਆਂ ਇਸ ਘਟਨਾ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ।

ਮਿਤੀ 8 ਅਕਤੂਬਰ 2015 ਨੂੰ ਜੰਮੂ-ਕਸ਼ਮੀਰ ਦੇ ਇੱਕ ਅਜ਼ਾਦ ਵਿਧਾਇਕ (ਸ਼ੇਖ਼ ਅਬਦੁਲ ਰਾਸ਼ਿਦ) ਵੱਲੋਂ ਰੱਖੀ ਗਈ ਆਪਣੀ ਨਿਜੀ ਪਾਰਟੀ ’ਚ ਗਊ ਮਾਸ ਦਾ ਆਰੋਪ ਲਗਾ ਕੇ ਭਾਜਪਾ ਵਿਧਾਇਕਾਂ ਨੇ ਵਿਧਾਨ ਸਭਾ ਹਾਲ ’ਚ ਹੀ ਉਸ ਦੀ ਕੁੱਟ-ਮਾਰ ਕਰ ਦਿੱਤੀ ਅਤੇ ਹੁਣ ਤੱਕ ਕਿਸੇ ਭਾਜਪਾ ਆਗੂ ਨੇ ਇਸ ਮੰਦਭਾਗੀ ਘਟਨਾ ਦੀ ਨਿਖੇਧੀ ਵੀ ਨਹੀਂ ਕੀਤੀ। ਜੇਕਰ ਵਿਧਾਇਕ ਹੀ ਆਪਣੀ ਵਿਧਾਨ ਸਭਾ ’ਚ ਸੁਰੱਖਿਅਤ (ਮਹਿਫੂਜ਼) ਨਹੀਂ, ਤਾਂ ਘੱਟ ਗਿਣਤੀਆਂ ਨਾਲ ਸੰਬੰਧਿਤ ਆਮ ਨਾਗਰਿਕਾਂ ਦੀ ਇਸ ਦੇਸ਼ ’ਚ ਕੀ ਹਾਲਤ ਹੁੰਦੀ ਹੋਵੇਗੀ? ਇਸ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ ਹੈ।

ਦਰਅਸਲ, ਆਰ. ਐੱਸ. ਐੱਸ. ਭਾਰਤ ਨੂੰ ਹਿੰਦੋਸਤਾਨ (ਹਿੰਦੂ ਸਥਾਨ) ਬਣਾਉਣ ਵੱਲ ਵਧਣ ਲਈ ਇਹ ਸਭ (ਨਫ਼ਰਤ ਰੂਪੀ) ਸੰਘਰਸ਼ (ਜੱਦੋ-ਜਹਿਦ) ਕਰਾ ਰਹੀ ਹੈ। ਭਾਰਤ ਦੇ ਉੱਘੇ ਸਾਹਿਤਕਾਰ (ਕ੍ਰਿਸ਼ਨਾ ਸੋਬਤੀ, ਅਰੁਣ ਜੋਸ਼ੀ, ਬੀਬੀ ਨੈਨਤਾਰ ਸਹਿਗਲ, ਸਾਰਾ ਜੋਸੇਫ਼, ਉਦੈ ਪ੍ਰਕਾਸ਼, ਅਸ਼ੋਕ ਵਾਜਪਾਈ, ਸਸੀਦੇਵ ਪਾਂਡੇ, ਬੀਬੀ ਦਲੀਪ ਕੌਰ ਟਿਵਾਣਾ, ਗੁਜਰਾਤੀ ਲੇਖਕ ਬੀਬੀ ਗਣੇਸ਼ ਦੇਵੀ, ਕੰਨੜ ਲੇਖਕ ਡਾ. ਅਰਵਿੰਦ ਮਲਗੱਤੀ, ਪੰਜਾਬੀ ਲੇਖਕ ਮੇਘ ਰਾਜ ਮਿੱਤਲ, ਆਤਮਜੀਤ ਸਿੰਘ’ ਆਦਿ 25 ਤੋਂ ਵੱਧ ਲੇਖਕਾਂ ਨੇ ਹੁਣ ਤੱਕ ਸਾਹਿਤਕ ਅਕਾਦਮੀ ਵੱਲੋਂ ਮਿਲੇ ਆਪਣੇ ਆਪਣੇ ਪੁਰਸਕਾਰ ਫਿਰਕੂ ਨਫ਼ਰਤ ਦੀਆਂ ਵਧ ਰਹੀਆਂ ਘਟਨਾਵਾਂ ਕਾਰਨ ਵਾਪਸ ਕਰ ਦਿੱਤੇ ਹਨ। ਧਿਆਨ ਰਹੇ ਕਿ ਇਹ ਪੁਰਸਕਾਰ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਮਿਲਦੇ ਹਨ ਜਿਨ੍ਹਾਂ ਨੇ ਸਮਾਜ ਦੀ ਮਾਨਸਿਕਤਾ ਨੂੰ ਬਦਲਣ ਲਈ ਆਪਣੇ ਜੀਵਨ ਦਾ ਬਹੁ ਕੀਮਤੀ ਸਮਾਂ ਲਗਾਇਆ ਹੁੰਦਾ ਹੈ।

ਇਨ੍ਹਾਂ ਤਮਾਮ ਲੇਖਕਾਂ ਵੱਲੋਂ ਇਤਨਾ ਵੱਡਾ ਕਦਮ ਪੁੱਟਣ ਦਾ ਕਾਰਨ ਸਿਰਫ਼ ਇਹੀ ਹੈ ਕਿ ਇਨ੍ਹਾਂ ਤਮਾਮ ਦੰਗਿਆਂ ’ਚ ਭਾਰਤੀ ਜਨਤਾ ਪਾਰਟੀ (ਮੋਦੀ ਸਰਕਾਰ) ਦੇ ਵਰਕਰਾਂ (ਸੰਸਦਾਂ) ਦਾ ਹੱਥ ਹੈ, ਜਿਨ੍ਹਾਂ ਦੇ ਕੇਸ ਕੇਵਲ ਖ਼ਾਨਾ ਪੂਰਤੀ ਲਈ ਹੀ ਅਦਾਲਤਾਂ ’ਚ ਚਲਾਏ ਜਾ ਰਹੇ ਹਨ। ਅਗਰ ਕਿਸੇ ਇੱਕ ਵੀ ਵਿਧਾਇਕ, ਸੰਸਦ ਜਾਂ ਮੰਤ੍ਰੀ ਨੂੰ ਇਨ੍ਹਾਂ ਦੰਗਿਆਂ ’ਚ ਕਾਨੂੰਨ ਦੀ ਉਪਰੋਕਤ ਧਾਰਾ (295 ਏ) ਅਨੁਸਾਰ ਸਖ਼ਤ ਸਜਾ ਮਿਲ ਚੁੱਕੀ ਹੁੰਦੀ ਤਾਂ ਅਗਾਂਹ ਲਈ ਇਹ ਸਿਲਸਿਲਾ ਬੰਦ ਹੋ ਜਾਣਾ ਸੀ ਪਰ ਇਨ੍ਹਾਂ ਦੋਸ਼ੀਆਂ ਨੂੰ ਮਦਦ ਉੱਪਰ ਤੋਂ ਮਿਲ ਰਹੀ ਹੈ ਤੇ ਦੰਗਾ ਕਰਵਾਉਣ ਬਦਲੇ ਸਨਮਾਨਿਤ ਜਾਂ ਮੰਤ੍ਰੀ ਪਦ ਵੀ ਦਿੱਤੇ ਜਾ ਰਹੇ ਹਨ। ਇਸ ਲਈ ਫ਼ਿਰਕੂ ਨਫ਼ਰਤ ਫੈਲਾਉਣ ਵਾਲਾ ਇਹ ਸਿਲਸਿਲਾ ਨਿਰੰਤਰ ਜਾਰੀ ਹੈ।

‘ਗਊ ਹੱਤਿਆ’ ਨੂੰ ਆਧਾਰ ਬਣਾ ਕੇ ਭਾਰਤ ਦੇ ਤਮਾਮ ਸੂਬਿਆਂ ’ਚ ਫੈਲਾਈ ਜਾ ਰਹੀ ਸਮੁਦਾਇਕ ਨਫ਼ਰਤ ਨੂੰ ਪੰਜਾਬ ਵਿੱਚ ਲਾਗੂ ਕਰਨਾ ਮੁਸ਼ਕਿਲ ਹੈ ਕਿਉਂਕਿ ਪੰਜਾਬੀ ਲੋਕ ਬੇਸ਼ੱਕ ‘ਗਾਂ’ ਦੀ ਪੂਜਾ ਨਹੀਂ ਕਰਦੇ ਪਰ ਫਿਰ ਵੀ ਇਸ ਦੀ ਹੱਤਿਆ ਕਰਨ ਨਾਲ ਸਹਿਮਤ ਨਹੀਂ ਹਨ। ਸੰਨ 2017 ’ਚ ਪੰਜਾਬ ’ਚ ਚੁਣਾਵ ਆ ਰਹੇ ਹਨ, ਇਸ ਲਈ ਤਦ ਤੱਕ ਉਪਰੋਕਤ ਸੋਚ ਅਨੁਸਾਰ ਪੰਜਾਬ ਦਾ ਮਹੌਲ ਅਸ਼ਾਂਤ ਕਰਨਾ ਬਹੁਤ ਹੀ ਜ਼ਰੂਰੀ ਹੈ ਪਰ ਸਮਾਜਿਕ ਨਫ਼ਰਤ ਫੈਲਾਉਣ ਲਈ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਰੂਪ ਦੀ ਟੇਕ (ਆਸਰਾ) ਲੈਣ ਵਾਲੀਆਂ ਘਟਨਾਵਾਂ ਨੂੰ ਸਮਝਣ ਤੋਂ ਪਹਿਲਾਂ ਮਈ 2014 ’ਚ ਪਈਆਂ ਪੰਜਾਬ ਦੀਆਂ (ਲੋਕ ਸਭਾ ਦੌਰਾਨ) ਵੋਟਾਂ ਦੇ ਪ੍ਰਤਿਸ਼ਤ ਵੱਲ ਧਿਆਨ ਦੇਣ ਦੀ ਬਹੁਤ ਹੀ ਜ਼ਰੂਰਤ ਹੈ, ਜੋ ਇਸ ਪ੍ਰਕਾਰ ਹੈ: ‘ਅਕਾਲੀ ਦਲ 26.3%, ਭਾਜਪਾ (ਬੇਜੇਪੀ) 8.7% (ਦੋਵੇਂ ਪਾਰਟੀਆਂ ਨੂੰ ਮਿਲਾ ਕੇ 35%), ਕਾਂਗਰਸ 33.1%, ਆਮ ਆਦਮੀ ਪਾਰਟੀ 24.4% , ਅਕਾਲੀ ਦਲ (ਮਾਨ) 0.3% ਆਦਿ ਤੋਂ ਇਲਾਵਾ ਬਾਕੀ ਪਾਰਟੀਆਂ ਦੀ ਵੋਟ (ਜਿਵੇਂ ਬਹੁਜਨ ਸਮਾਜ ਪਾਰਟੀ 1.9%, ਆਜ਼ਾਦ 3.6%, ਸੀ. ਪੀ. ਆਈ. 0.4% ਆਦਿ, ਪਰ ਇਹ ਇਨ੍ਹਾਂ ਦੀ ਪੱਕੀ ਵੋਟ ਹੈ ਜਿਸ ਵਿੱਚ ਕੋਈ ਵੀ ਧਿਰ (ਪਾਰਟੀ) ਸੇਧ ਨਹੀਂ ਲਗਾ ਸਕਦੀ।) ਤਮਾਮ ਝਗੜਾ ਉਪਰੋਕਤ ਦਿੱਤੀ ਗਈ ਸੂਚੀ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਵੋਟ ਪ੍ਰਤਿਸ਼ਤ 24.4% ਦਾ ਹੈ, ਜੋ ਪਾਰਟੀ ਇਸ ਵੋਟ ਨੂੰ ਤੋੜਨ ਵਿੱਚ ਸਫਲ ਹੋ ਜਾਵੇਗੀ ਉਸ ਦੀ ਹੀ ਅਗਲੀ (2017 ਤੋਂ ਬਾਅਦ) ਪੰਜਾਬ ’ਚ ਸਰਕਾਰ ਬਣੇਗੀ ਪਰ ਜਿਸ ਤਰ੍ਹਾਂ ਦਿੱਲੀ ’ਚ ਇਹ ਪਾਰਟੀ ਭਿ੍ਰਸ਼ਟਾਚਾਰ ਦੇ ਵਿਰੁਧ ਕੰਮ ਕਰ ਰਹੀ ਹੈ ਤੇ ਇਸ ਦੇ ਅਗਾਂਹ ਵਧਣ ਦੇ ਸਾਰੇ ਰਸਤੇ ਰੋਕੇ ਜਾ ਰਹੇ ਹਨ। ਉਸ ਤੋਂ ਲਗਦਾ ਹੈ ਕਿ ਅਗਲੀ ਪੰਜਾਬ ’ਚ ਸਰਕਾਰ ਇਸ ਪਾਰਟੀ ਦੀ ਬਣਨੀ ਤਹਿ ਹੈ ਜਿਸ ਤੋਂ ਘਬਰਾਏ ਹੋਏ ਭ੍ਰਿਸ਼ਟ ਨੇਤਾ ਹੁਣ ਤੋਂ ਹੀ ਉਹ ਕੋਝੀਆਂ ਚਾਲਾਂ ਚੱਲ ਰਹੇ ਹਨ, ਜਿਸ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ।

ਆਰ. ਐੱਸ. ਐੱਸ. (ਬੀਜੇਪੀ) ਤੇ ਅਕਾਲੀ ਦਲ ਚਾਹੁੰਦੇ ਹਨ ਕਿ ਅਗਰ ਲੰਬੇ ਸਮੇਂ ਤੱਕ ਕੇਂਦਰ ਅਤੇ ਪੰਜਾਬ ’ਚ ਸੱਤਾ ਦਾ ਸੁੱਖ ਭੋਗਣਾ ਹੈ ਤਾਂ ਆਮ ਆਦਮੀ ਪਾਰਟੀ ਦੀ ਵੋਟ (24.4% ) ਖ਼ਤਮ ਕੀਤੀ ਜਾਵੇ ਜਿਸ ਨੂੰ ਖ਼ਤਮ ਕਰਨ ਦਾ ਕੇਵਲ ਇੱਕ ਹੀ ਤਰੀਕਾ ਹੈ, ਉਹ ਹੈ ‘ਗ਼ਰਮ ਖ਼ਿਆਲੀ ਸਿੱਖਾਂ ਦੀ ਵੋਟ’ ਇਸ (ਆਮ ਆਦਮੀ ਪਾਰਟੀ) ਨਾਲੋਂ ਤੋੜਨੀ। ਇਹ ਤਾਂ ਹੀ ਸੰਭਵ ਹੈ ਜੇ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨੂੰ ਕੁਝ (ਭਾਵ 5-10%) ਵੋਟਾਂ ਪਵਾ ਦਿੱਤੀਆਂ ਜਾਣ, ਜੋ ਕਿ ਹੁਣ ਕੇਵਲ 0.3% ਵੋਟ ਨਾਲ ਆਪਣਾ ਆਧਾਰ ਖ਼ਤਮ ਕਰੀ ਬੈਠੀ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਜੀ ਨੇ ਜਦ ਸਿਮਰਨਜੀਤ ਸਿੰਘ ਮਾਨ ਨੂੰ ਯੂਨਾਇਟਿਡ ਅਕਾਲੀ ਦਲ ਨਾਲ ਮਿਲ ਕੇ ਚੁਣਾਵ ਲੜਨ ਲਈ ਮਨਾਇਆ ਤਾਂ ਅਕਾਲੀ ਦਲ (ਬਾਦਲ) ਲਈ ਇਹ ਸਭ ਤੋਂ ਸ਼ੁਭ ਦਿਹਾੜਾ ਸੀ ਪਰ ਬਾਪੂ ਸੂਰਤ ਸਿੰਘ ਜੀ ਦਾ ਅੰਦੋਲਨ ਅਸਫਲ ਰਹਿਣ ਕਾਰਨ ਉਨ੍ਹਾਂ ਨੂੰ ਕੁਝ ਹੋਰ ਨੀਤੀਆਂ ਬਣਾਉਣ ਲਈ ਮਜ਼ਬੂਰ ਹੋਣਾ ਪਿਆ ਜਿਵੇਂ ਸਰਸੇ ਵਾਲੇ ਸੌਦਾ ਅਸਾਧ ਨੂੰ ਅਕਾਲ ਤਖ਼ਤ ਵੱਲੋਂ ਮੁਆਫ਼ੀ ਦਿਲਵਾਉਣਾ ਤਾਂ ਜੋ ਸਿੱਖਾਂ ਦੇ ਜਜ਼ਬਾਤ ਭੜਕਣ ਅਤੇ ਇਹ ਇੱਕ ਝੰਡੇ ਹੇਠ ਇਕੱਠੇ ਹੋ ਕੇ ਸਿਮਰਨਜੀਤ ਸਿੰਘ ਮਾਨ ਤੇ ਯੂਨਾਇਟਿਡ ਅਕਾਲੀ ਦਲ ਨੂੰ ਕੁਝ ਵੋਟ ਪਾਉਣ ਲਈ ਅੱਗੇ ਵਧਣ ਕਿਉਂਕਿ ਇਹ ਤਮਾਮ ਵੋਟ ਆਮ ਆਦਮੀ ਪਾਰਟੀ ਦੀ (24.4%) ਹੀ ਖ਼ਤਮ ਹੋਵੇਗੀ, ਜਿਸ ਦਾ ਲਾਭ ਸੱਤਾਧਾਰੀ ਪਾਰਟੀਆਂ ਨੂੰ ਅਸਾਨੀ ਨਾਲ ਮਿਲ ਜਾਵੇਗਾ। ਇਸ ਦੀ ਹੀ ਇੱਕ ਕੜੀ ਹੈ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਪਾਵਨ ਸਰੂਪਾਂ ਨੂੰ ਚੋਰੀ ਕਰਵਾਉਣਾ ਅਤੇ ਪਾੜ ਕੇ ਗਲੀਆਂ, ਨਾਲੀਆਂ ਆਦਿ ’ਚ ਸੁੱਟਵਾਉਣਾ।

ਜਰਾ ਸੋਚੋ ! ਕਿ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ਇਸ ਤਰ੍ਹਾਂ ਅਪਮਾਨਿਤ ਕੌਣ ਕਰ ਸਕਦਾ ਹੈ? ਇਸ ਦਾ ਜਵਾਬ ਮਿਲੇਗਾ ਕਿ ਕੋਈ ਪਾਗ਼ਲ ਜਾਂ ਕੋਈ ਸ਼ਰਾਰਤੀ ਭਾਵ ਚਲਾਕ ਜਿਵੇਂ ਕਿ ਰਾਜਨੀਤਿਕ ਲੋਕ ਕਿਉਂਕਿ ਇਹੀ ਲੋਕ ਆਪਣੇ ਆਦਰਸ਼ ਤੋਂ ਇਤਨਾ ਡਿੱਗ ਸਕਦੇ ਹਨ ਇਨ੍ਹਾਂ ਤਮਾਮ ਘਟਨਾਵਾਂ ਦਾ ਦੋਸ਼ ਸੌਦਾ ਅਸਾਧ ’ਤੇ ਲਗਾ ਕੇ ਅਸੀਂ ਅਸਲ ਦੋਸ਼ੀ ਨੂੰ ਬਚਾ ਰਹੇ ਹੁੰਦੇ ਹਾਂ ਕਿਉਂਕਿ ਸੌਦਾ ਅਸਾਧ ਬੇਸ਼ੱਕ ਕਿਤਨਾ ਵੀ ਨੌਟੰਕੀ (ਡਰਾਮੇਵਾਜ) ਹੋਵੇ ਇਹੋ ਜਿਹੀਆਂ ਹਰਕਤਾਂ ਕਰਨ ਨਾਲ ਉਸ ਨੂੰ ਕੁਝ ਵੀ ਲਾਭ ਪ੍ਰਾਪਤ ਨਹੀਂ ਹੋ ਸਕਦਾ। ਸੌਦਾ ਅਸਾਧ ਆਪ ਵੀ ਹਰ ਜਗ੍ਹਾ ਕਹਿੰਦਾ ਫਿਰਦਾ ਹੈ ਕਿ ਮੈਥੋਂ ਅਜਿਹੀ ਚਿੱਠੀ (ਮੁਆਫ਼ੀਨਾਮਾ) ਲਿਖਵਾਈ ਗਈ ਹੈ ਭਾਵ ਇਸ ਬਾਬਤ ਮੇਰੀ ਕੋਈ ਦਿਲੀ ਇੱਛਾ ਨਹੀਂ ਸੀ। ਸੌਦਾ ਅਸਾਧ ਵਾਲੀ ਘਟਨਾ ਨੂੰ ਵਧਾ ਚੜ੍ਹਾ ਕੇ ਸਿੱਖ ਜਜ਼ਬਾਤਾਂ ਨੂੰ ਕਈ ਸਾਲਾਂ ਤੋਂ (ਰਾਜਨੀਤਿਕ ਹਿੱਤਾਂ ਲਈ) ਭੜਕਾਇਆ ਜਾ ਰਿਹਾ ਹੈ। ਸਗੋਂ ਅਸੀਂ ਉਸ (ਸੌਦਾ ਅਸਾਧ) ਦੇ ਵਿਰੁਧ ਆਪਣਾ ਧਿਆਨ (ਸ਼ਕਤੀ) ਲਗਾ ਕੇ ਅਜਿਹੀਆਂ ਘਟਨਾਵਾਂ ਕਰਵਾਉਣ ਵਾਲੇ ਮੁੱਖ ਦੋਸ਼ੀਆਂ ਨੂੰ ਆਜ਼ਾਦ ਜ਼ਰੂਰ ਕਰ ਰਹੇ ਹੁੰਦੇ ਹਾਂ, ਜਿਸ ਕਰਕੇ ਉਹ (ਸਾਡੇ ਜਜ਼ਬਾਤ ਭੜਕਾਉਣ ਵਾਲੀ) ਦੂਸਰੀ ਘਟਨਾ ਨੂੰ ਹੋਰ ਉਤਸ਼ਾਹ ਨਾਲ ਕਰਨ ਵਿੱਚ ਸਫਲ ਹੋ ਜਾਂਦੇ ਹਨ।

ਅਗਰ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਕਿਸੇ ਵਿਸ਼ੇਸ਼ ਜਾਂਚ ਏਜੰਸੀ ਤੋਂ ਪੜਤਾਲ ਕਰਵਾਈ ਜਾਵੇ ਕਿ ਸੌਦਾ ਅਸਾਧ ਦੀ ਫਿਲਮ ‘ਐਮ. ਐਸ. ਜੀ.-2’ ਨੂੰ ਪੰਜਾਬ ’ਚ ਰੀਲੀਜ ਕਰਵਾਉਣ ਲਈ ਪੰਜਾਬ ਦੇ ਮਾਲਵਾ ਇਲਾਕੇ (ਬਠਿੰਡੇ) ’ਚ ਮਿਤੀ 18 ਸਤੰਬਰ 2015 ਨੂੰ ਜੋ ਤਨਾਅਪੂਰਨ ਮਾਹੌਲ ਬਣਿਆ ਸੀ ਉਸ ਪਿਛੇ ਕਿਸ ਦਾ ਹੱਥ ਹੈ ? ਤਾਂ ਮੁੱਖ ਦੋਸ਼ੀ ਜ਼ਰੂਰ ਆਰ. ਐੱਸ. ਐੱਸ. ਸੋਚ ਦੇ ਧਾਰਨੀ ਹੋਣਗੇ ਕਿਉਂਕਿ ਇਹੀ ਫਿਲਮ ਛੱਤੀਸਗੜ੍ਹ ਤੇ ਝਾੜਖੰਡ ’ਚ ਬੈਨ ਹੋ ਚੁੱਕੀ ਸੀ ਉੱਥੇ ਕਿਸੇ ਨੇ ਹੰਗਾਮਾ ਨਹੀਂ ਕੀਤਾ ਕਿਉਂਕਿ ਉੱਥੇ ਚੁਣਾਵ ਹੋਣ ਵਾਲੇ ਨਹੀਂ ਹਨ ਅਤੇ ਇਸ ਤੋਂ ਪਹਿਲਾਂ ਵੀ ਇਸ ਸੌਦਾ ਅਸਾਧ ਦੀ ਫਿਲਮ ‘ਐਮ. ਐਸ. ਜੀ.-1’ ਦੇ ਪੰਜਾਬ ਵਿੱਚ ਬੈਨ ਕਰਨ ਉਪਰੰਤ ਅਜਿਹਾ ਤਨਾਅ ਪੂਰਨ ਮਾਹੌਲ ਨਹੀਂ ਵਾਪਰਿਆ। ਇਹ ਸਭ (2017 ਦੇ ਚੁਣਾਵ ਨੂੰ ਧਿਆਨ ’ਚ ਰੱਖਦਿਆਂ) ਮਾਹੌਲ ਖ਼ਰਾਬ ਕਰਨ ਉਪਰੰਤ ਹੀ ਸੌਦਾ ਅਸਾਧ ਪ੍ਰਤੀ ਮੁਆਫ਼ੀ ਨਾਮਾ (ਹੁਕਮਨਾਮਾ) ਜਾਰੀ ਕਰਵਾਇਆ ਗਿਆ ਹੈ, ਜਿਸ ਤੋਂ ਬਾਅਦ ਹੀ ਸਿੱਖਾਂ ਨੂੰ ਜਜ਼ਬਾਤੀ (ਭਾਵਕ) ਬਣਾ ਕੇ ਪੰਥਕ ਏਕਤਾ ਦੇ ਨਾਮ ’ਤੇ ਵੋਟ ਅਕਾਲੀ ਦਲ ਮਾਨ ਵੱਲ ਤਬਦੀਲ ਕੀਤੀ ਜਾ ਸਕਦੀ ਸੀ, ਜਿਸ ਦਾ ਸਿੱਧਾ ਨੁਕਸਾਨ ਆਮ ਆਦਮੀ ਪਾਰਟੀ ਦੀ ਵੋਟ ਪ੍ਰਤਿਸ਼ਤ (24.4%) ਨੂੰ ਹੋਣਾ ਹੈ।

ਅਜਿਹੇ ਹਾਲਾਤਾਂ ’ਚ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ?

ਜਦ ਸਾਡੇ ਸਾਮ੍ਹਣੇ ਸਪਸ਼ਟ ਹੋ ਰਿਹਾ ਹੈ ਕਿ ਇਹ ਸਭ ਕੁਝ ਪੰਜਾਬ ਦੇ ਚੁਣਾਵ ਨੂੰ ਧਿਆਨ ’ਚ ਰੱਖਦਿਆਂ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਨਿਰਾਦਰ ਕਰਕੇ ਸਾਨੂੰ ਜਜ਼ਬਾਤੀ ਬਣਾ ਰਹੇ ਹਨ ਤਾਂ ਸਾਨੂੰ 2017 ਦੇ ਚੁਣਾਵ ਤੱਕ ਬਹੁਤ ਹੀ ਗੰਭੀਰ ਅਤੇ ਸੁਚੇਤ ਹੋਣ ਦੀ ਜ਼ਰੂਰਤ ਹੈ। ਕਿਸੇ ਵੀ ਰਾਜਨੀਤਿਕ ਸੋਚ (ਕੂਟਨੀਤੀ, ਸਾਜ਼ਸ਼) ਤੋਂ ਪ੍ਰਭਾਵਤ ਹੋ ਕੇ ਜਜ਼ਬਾਤੀ ਹੋਣ ਤੋਂ ਪਹਿਲਾ ਤੱਥਾਂ ਨੂੰ ਸਮਝਣਾ ਜ਼ਰੂਰੀ ਹੈ; ਜਿਵੇਂ: ਪਿਛਲੇ ਦਿਨੀਂ ਮਿਤੀ 11-09-2015 ਨੂੰ ਪਟਿਆਲਾ ਦੀ ਇੱਕ ਅਦਾਲਤ ਵੱਲੋਂ ‘ਗੁਰੂ ਗ੍ਰੰਥ ਸਾਹਿਬ’ ਜੀ ਨੂੰ ਸੰਮਨ ਜਾਰੀ ਕੀਤਾ ਗਿਆ ਸੀ। ਧਿਆਨ ਰਹੇ ਕਿ ਭਾਰਤ ਦੇ ਕਾਨੂੰਨ ਮੁਤਾਬਕ ਜਿਸ ਦੇ ਵੀ ਨਾਮ ’ਤੇ ਕੋਈ ਸੰਪਤੀ (ਜਾਇਦਾਦ) ਰਜਿਸਟਰਡ ਹੋਈ ਹੋਵੇ ਜਾਂ ਹੋ ਸਕਦੀ ਹੋਵੇ ਉਸ ਦੇ ਨਾਮ ’ਤੇ ਹੀ ਸੰਮਨ ਜਾਰੀ ਕਰਨਾ ਪੈਂਦਾ ਹੈ ਕਿਉਂਕਿ ਪਿੰਡ ਮੱਦੋਮਾਜਰਾ ਦੇ ਸ. ਬਲਦੇਵ ਸਿੰਘ ਤੇ ਸ. ਕਿਸ਼ਨ ਸਿੰਘ ਵੱਲੋਂ 1 ਕਨਾਲ ਜ਼ਮੀਨ ਗੁਰਦੁਆਰਾ ਸਾਹਿਬ ਨੂੰ ਦਾਨ ਵਜੋਂ ਦੇਂਦਿਆਂ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਜ਼ਿਕਰ ਵਿੱਚ ਜ਼ਰੂਰ ਕੀਤਾ ਹੋਵੇਗਾ ਤਾਂ ਜੋ ਇਸ ਦਾਨ ਵਾਲੀ ਜ਼ਮੀਨ ’ਤੇ ਕੋਈ ਨਜਾਇਜ਼ ਕਬਜਾ ਨਾ ਕਰ ਲਵੇ। ਅਜਿਹੇ (ਅਣਕਿਆਸੇ ਭਾਵ ਅਨੁਮਾਨ ਰਹਿਤ) ਆਦੇਸ਼ ਤੋਂ ਉਪਰੰਤ ਤੁਸਾਂ (ਪ੍ਰਬੰਧਕਾਂ) ਨੇ ਵੀ ਆਪਣਾ ਪੱਖ ਰੱਖਣਾ ਹੁੰਦਾ ਹੈ, ਪਰ ਕੁਝ ਸਾਡੇ ਰਾਜਨੀਤਿਕ ਲੀਡਰਾਂ ਨੇ (ਸਾਨੂੰ ਜਜ਼ਬਾਤੀ ਬਣਾਉਣ ਲਈ) ਇਸ ਘਟਨਾ ਨੂੰ ਵੀ ਆਪਣੇ ਰਾਜਨੀਤਿਕ ਵਜੂਦ (ਅਸਤਿਤਵ) ਨੂੰ ਮੁੜ ਕਾਇਮ (ਹਾਸਲ) ਕਰਨ ਲਈ ਜ਼ਰੂਰਤ ਤੋਂ ਵਧੇਰੇ ਉਛਾਲਿਆ ਜਿਸ ਦੀ ਜ਼ਰੂਰਤ ਨਹੀਂ ਸੀ।

ਸਮੂਹ ਸਿੱਖ ਸਮਾਜ ਅਗਰ ‘ਮੀਰੀ-ਪੀਰੀ’ ਸ਼ਬਦਾਂ ਦੇ ਕੀਤੇ ਜਾਂਦੇ ਗ਼ਲਤ ਅਰਥਾਂ ਨੂੰ ਦਰੁਸਤ ਕਰਨ ਵੱਲ ਧਿਆਨ ਦੇਵੇ ਤਾਂ ਸਾਡੀ ਕੌਮ ਦਾ ਭਲਾ ਹੋ ਸਕਦਾ ਹੈ; ਜਿਵੇਂ: ‘ਪੀਰੀ’ ਦਾ ਅਰਥ ‘ਨਿਰਾਕਾਰ ਪ੍ਰਤਿ ਆਸਥਾ’ ਤੇ ‘ਮੀਰੀ’ ਦਾ ਅਰਥ ‘ਸਮਾਜਿਕ ਏਕਤਾ’ ਹੁੰਦਾ ਹੈ, ਨਾ ਕਿ ਕਿਸੇ ਕੁਰਸੀ ਦੀ ਭੁੱਖ। ਅਗਰ ‘ਮੀਰੀ’ ਦਾ ਅਰਥ ਸੱਤਾ ਪ੍ਰਾਪਤ ਕਰਨਾ ਹੁੰਦਾ ਤਾਂ ‘ਮੀਰੀ-ਪੀਰੀ’ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੋ ਲੈ ਕੇ ਦਸਮੇਸ਼ ਪਿਤਾ ਜੀ ਤੱਕ ਵੀ ਕਿਸੇ ਭੂਮੀ ਦੇ ਟੁਕੜੇ ’ਤੇ ਕਬਜਾ ਕੀਤਾ ਹੁੰਦਾ। ਪੰਥਕ ਵੋਟ (ਸ਼ਕਤੀ) ਦੇ ਨਾਮ ’ਤੇ ਅਸੀਂ ਆਪਣਾ ਸਭ ਕੁਝ ਗੁਵਾ ਚੁੱਕੇ ਹਾਂ ਕਿਉਂਕਿ ਸਾਡੇ ਸਾਮ੍ਹਣੇ ਤਿਆਗ ਭਾਵਨਾ ਵਾਲੇ ਲੀਡਰਾਂ ਦੀ ਬਜਾਏ ਸੁਆਰਥੀ ਲੀਡਰ ਆ ਰਹੇ ਹਨ ਜੋ ਸਾਨੂੰ ਜਜ਼ਬਾਤੀ ਬਣਾ ਕੇ ਆਪਣੇ ਕੂਟਨੀਤਿਕ ਹਿੱਤ ਸਾਧ ਰਹੇ ਹਨ।

ਆਰ. ਐੱਸ. ਐੱਸ. ਸੋਚ (ਮੋਦੀ) ਵੱਲੋਂ ਸਾਡੇ ਲੀਡਰਾਂ ਨੂੰ (ਸਤਿਕਾਰਮਈ) ਉੱਚ-ਪਦਵੀਆਂ ਦੇਣਾ ਜਾਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਰਾਹੀਂ ਕੁਝ ਉਪਾਧੀਆਂ (ਖ਼ਿਤਾਬ) ਇਨ੍ਹਾਂ ਨੂੰ ਦਿਲਵਾਉਣੀਆਂ ਸਿਰਫ਼ ਇਨ੍ਹਾਂ ਦੀ ਹਉਮੈ ਨੂੰ ਪੱਠੇ ਪਾਉਣਾ ਹੀ ਹੈ ਤਾਂ ਜੋ ਇਨ੍ਹਾਂ ਨੇ ਜੋ ਗ਼ਲਤ ਰਸਤਾ (ਕੌਮੀ ਹਿੱਤਾਂ ਲਈ ਘਾਤਕ) ਚੁਣਿਆ ਹੈ ਉਸ ਰਸਤੇ ਵੱਲੋਂ ਇਹ ਲੋਕ ਵਾਪਸ ਪਰਤ ਕੇ ਸਾਡੇ ਕੌਮੀ ਹਿੱਤ ’ਚ ਕੁਝ ਕਰਨ ਬਾਰੇ ਸੋਚ ਹੀ ਨਾ ਸਕਣ। ਇਹੀ ਲੋਕ (ਕੁਰਸੀ ਲਾਲਸਾ) ਲਈ ਸਾਡੇ ਧਾਰਮਿਕ ਜਜ਼ਬਾਤਾਂ ਨੂੰ ਭੜਕਾਉਂਦੇ ਰਹਿੰਦੇ ਹਨ।

ਸਾਨੂੰ ਆਪਣੇ ਤਮਾਮ ਪਾਰਟੀਆਂ ਨਾਲ ਸੰਬੰਧਿਤ ਸਿਆਸੀ ਲੀਡਰਾਂ ’ਤੇ ਦਬਾਅ ਬਣਾ ਕੇ ਉਨ੍ਹਾਂ ਨੂੰ ਸਿਆਸੀ ਚੁਣਾਵ ’ਚ ਭਾਗ ਲੈਣ ਤੋਂ ਰੋਕਣਾ ਹੋਵੇਗਾ ਤਾਂ ਕਿ ਆਪਣੀ ਸੀਮਤ ਵੋਟ ਨਾਲ ਵੀ ਅਸੀਂ ਆਪਣੀ ਮਨ-ਪਸੰਦ ਸਰਕਾਰ ਬਣਾਉਣ ’ਚ ਮੁੱਖ ਭੂਮਿਕਾ ਨਿਭਾ ਸਕੀਏ ਤੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੁੱਖ ਮੰਗਾਂ ਨੂੰ ਉਸ ਪਾਰਟੀ ’ਤੇ ਦਬਾਅ ਬਣਾ ਕੇ ਪੂਰਾ ਕਰਵਾ ਸਕੀਏ।

ਜਦ ਅਸੀਂ ਇਨ੍ਹਾਂ ਸਿਆਸੀ (ਕੁਰਸੀ ਲਾਲਸਾ ਵਾਲੇ) ਲੀਡਰਾਂ ਦੁਆਰਾ ਜਜ਼ਬਾਤੀ ਨਹੀਂ ਹੋਵਾਂਗੇ ਤਾਂ ਅਸੀਂ ਵਿਵੇਕਸ਼ੀਲ (ਸੂਝਵਾਨ) ਹੋ ਕੇ ਕੁਝ ਭਵਿੱਖ ਲਈ ਇਕੱਠੇ ਬੈਠ ਕੇ ਸੋਚਾਂਗੇ, ਵੀਚਾਰਾਂਗੇ। ਉਹੀ ਕੌਮਾਂ ਸਫਲ ਹੁੰਦੀਆਂ ਹਨ ਜਿਨ੍ਹਾਂ ’ਚ ਤਿਆਗ ਦੀ ਭਾਵਨਾ ਤੇ ਮਿਲ ਬੈਠਣ ਦੀ ਸਮਰੱਥਾ ਹੁੰਦੀ ਹੈ ਕਿਉਂਕਿ ਉਨ੍ਹਾਂ ਦੀ ਰਣਨੀਤੀ ’ਚ ਨੁਕਸਾਨ ਘੱਟ ਤੇ ਲਾਭ ਵਧੇਰੇ ਹੁੰਦਾ ਹੈ ਜਦਕਿ ਸਿੱਖ ਕੌਮ ਨੇ ਨੁਕਸਾਨ ਵੱਧ ਤੇ ਪ੍ਰਾਪਤੀ ਬਹੁਤ ਹੀ ਨਾ-ਮਾਤ੍ਰ ਕੀਤੀ ਹੈ ਇਸ ਦਾ ਮੂਲ ਕਾਰਨ ਸਾਡੇ ਸੁਆਰਥੀ ਆਗੂ ਹਨ ਬੇਸ਼ੱਕ ਉਹ ਸੱਤਾ ’ਤੇ ਕਾਬਜ਼ ਹਨ ਜਾਂ ਨਹੀਂ। ਸਾਨੂੰ ਬੈਠ ਕੇ ਇਹ ਵੀ ਵੀਚਾਰਨਾ ਪਵੇਗਾ ਕਿ ਕਿਧਰੇ 10 ਨਵੰਬਰ 2015 ਨੂੰ ਬੁਲਾਇਆ ਜਾ ਰਿਹਾ ‘ਸਰਬੱਤ ਖ਼ਾਲਸਾ’ ਵੀ ਕਿਸੇ ਰਾਜਨੀਤਿਕ ਸੁਆਰਥ ਦੀ ਪ੍ਰਾਪਤੀ ਲਈ ਹੀ ਤਾਂ ਨਹੀਂ ਰੱਖਿਆ ਜਾ ਰਿਹਾ ? ਅਗਰ ਇਹ ਸੱਚ ਹੈ ਤਾਂ ਇਸ ਵਿੱਚ ਵੀ ਕੌਮੀ ਲਾਭ ਕੁਝ ਵੀ ਨਹੀਂ ਮਿਲੇਗਾ ਬਲਕਿ ਕੌਮ ਨੂੰ ਉਤੇਜਿਤ ਕਰਕੇ ਕੁਝ ਨੁਕਸਾਨ ਜ਼ਰੂਰ ਕਰਵਾ ਲਵਾਂਗੇ ਕਿਉਂਕਿ ਦੋਵੇਂ ਤਰਫ਼ ਉਹੀ ਲੋਕ ਹੋਣਗੇ ਜਿਨ੍ਹਾਂ ਲਈ ਸਾਡੇ ਜਜ਼ਬਾਤਾਂ ਨੂੰ ਭਾਵਕ ਕਰਨਾ ਉਨ੍ਹਾਂ ਦੀ ਰਾਜਨੀਤਿਕ ਮਜ਼ਬੂਰੀ ਹੈ।

ਅਗਰ ਭਾਰਤ ਵਿੱਚ 3% ਅਬਾਦੀ ਨਾਲ ਪੰਡਿਤ (ਆਰ. ਐੱਸ. ਐੱਸ. ਸੋਚ) ਤਮਾਮ ਰਾਜਨੀਤਿਕ ਲੋਕਾਂ ਨੂੰ ਆਪਣੇ ਇਸ਼ਾਰੇ ’ਤੇ ਚਲਾਉਣ ਵਿੱਚ ਕਾਮਯਾਬ ਹੋ ਰਹੇ ਹਨ, ਤਾਂ ਕੀ ਕਾਰਨ ਹੈ ਕਿ ਕੇਵਲ ਪੰਜਾਬ ਵਿੱਚ ਘੱਟੋ-ਘੱਟ 20% ਜਾਗਰੂਕ ਸੋਚ ਵਾਲੇ ਸਿੱਖ ਹੋਣ ਦੇ ਬਾਵਜੂਦ ਵੀ ਕਿਸੇ ਰਾਜਨੀਤਿਕ ਪਾਰਟੀ ਨੂੰ ਅੱਗੇ ਕਰਕੇ ਆਪਣੇ ਹਿੱਤ ਨਹੀਂ ਸਾਧ ਸਕਦੇ? ਇਸ ਸਵਾਲ ਦਾ ਜਵਾਬ ਵੀ ਇਹੀ ਮਿਲੇਗਾ ਕੇ ਆਰ. ਐੱਸ. ਐੱਸ. ਵਿੱਚ ਕਿਸੇ ਕੁਰਸੀ ਪ੍ਰਤੀ ਲਾਲਸਾ ਨਹੀਂ ਪਰ ਸਿੱਖ ਕੌਮ ’ਚ ‘‘ਪ੍ਰਭ ਮਿਲਬੇ ਕੀ ਲਾਲਸਾ..॥’’ (ਮ: ੫/੩੮੯) ਦੀ ਬਜਾਏ ‘‘ਆਪਿ ਨ ਬੁਝਾ, ਲੋਕ ਬੁਝਾਈ; ਐਸਾ ਆਗੂ ਹੋਵਾਂ ॥’’ (ਮ: ੧/੧੪੦) ਵਾਲੀ ਸੁਆਰਥੀ ਦੁਰਦਸ਼ਾ ਬਣੀ ਹੋਈ ਹੈ ਭਾਵ ਹਰ ਕੋਈ ਆਪਣੇ ਨਾਮ ’ਤੇ ਪਾਰਟੀ ਬਣਾਈ ਬੈਠਾ ਹੈ ਸਿੱਖ ਕੌਮ ਉਨ੍ਹਾਂ ਦੇ ਇਸ਼ਾਰਿਆਂ ’ਤੇ ਆਪਣਾ ਨਿਜੀ ਤੇ ਕੌਮੀ ਨੁਕਸਾਨ ਕਰਵਾ ਰਹੀ ਹੈ।

ਸਾਨੂੰ ਘੱਟੋ ਘੱਟ ਅਗਲੇ 20 ਸਾਲਾਂ ਤੱਕ ਆਪ ਚੁਣਾਵ ਲੜਨ ਦੀ ਬਜਾਏ ਕਿਸੇ ਵੀ ਪਾਰਟੀ ਨੂੰ ਆਰਜੀ ਤੌਰ ’ਤੇ ਸਮਰਥਨ ਦੇ ਕੇ ਆਪਣਾ ਗੁਪਤ ਏਜੰਡਾ (ਬੰਦੀ ਸਿੰਘਾਂ ਦੀ ਰਿਹਾਈ ਤੇ 1978 ਤੋਂ ਉਪਰੰਤ ਹੋਏ ਤਮਾਮ ਸਿੱਖ ਕਤਲੇਆਮਾਂ ਦੀ ਜਾਂਚ ਲਈ ਸਪੈਸ਼ਲ ਜਾਂਚ ਏਜੰਸੀ ਬੈਠਾਉਣਾ) ਲਾਗੂ ਕਰਵਾਉਣਾ ਚਾਹੀਦਾ ਹੈ ਅਗਰ ਇਹ ਮੁਕਾਮ ਅਸੀਂ 2017 ਦੇ ਚੁਣਾਵ ਉਪਰੰਤ ਕਰਵਾਉਣ ’ਚ ਅਸਫਲ ਰਹੇ ਤਾਂ ਅਗਲੇ ਚੁਣਾਵ (2022) ਤੱਕ ਸਾਰੇ ਹੀ ਗਵਾਹ ਮਰ ਚੁੱਕੇ ਹੋਣਗੇ। ਇਸ ਇਨਸਾਫ਼ ਨੂੰ ਖ਼ਤਮ ਕਰਨ ਲਈ ਹੀ ਆਰ. ਐੱਸ. ਐੱਸ. ਸੋਚ ਅਧੀਨ ਕੰਮ ਕਰ ਰਹੀਆਂ ਤਮਾਮ ਜਥੇਬੰਦੀਆਂ ਦਿਨ ਰਾਤ (ਨਿਰੰਤਰ) ਤਰਲੋਮੱਛੀ (ਬੇਚੈਨ) ਹੋ ਰਹੀਆਂ ਹਨ, ਜਿਸ ਵਿੱਚ ਬਾਪੂ ਸੂਰਤ ਸਿੰਘ ਜੀ ਦੁਆਰਾ ਆਰੰਭ ਕੀਤੇ ਗਏ ਅੰਦੋਲਨ ਨੂੰ 2017 ਦੇ ਚੁਣਾਵ ਤੱਕ ਲੰਬਾ ਖਿੱਚ ਕੇ ਅਤੇ ਪੰਜਾਬ ਦੇ ਚੁਣਾਵ ਤੋਂ ਠੀਕ ਪਹਿਲਾਂ ਕੁਝ ਕੁ ਬੰਦੀ ਸਿੰਘਾਂ ਨੂੰ ਆਰਜ਼ੀ (ਥੋੜ੍ਹਚਿਰਾ, ਕੱਚਾ) ਤੌਰ ’ਤੇ ਰਿਹਾਅ ਕਰਕੇ ਆਮ ਜਨਤਾ ਦੀ ਹਮਦਰਦੀ ਪ੍ਰਾਪਤ ਕਰਕੇ ਦੁਬਾਰਾ ਸੱਤਾ ਪ੍ਰਾਪਤ ਕਰਨਾ ਵੀ ਸ਼ਾਮਲ ਹੈ ਕਿਉਂਕਿ ਇਸ ਕੰਮ ਲਈ ਕੇਂਦਰ (ਆਰ. ਐੱਸ. ਐੱਸ.) ਵੀ ਤਿਆਰ ਬੈਠੀ ਹੈ। ਜਿਸ ਉਪਰੰਤ ਸਿੱਖ ਕੌਮ ਹੱਥ ਮਲਦੀ ਰਹਿ ਜਾਵੇਗੀ ਤੇ ਅਗਲੇ 5 ਸਾਲਾਂ ਤੱਕ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਅਪਮਾਨ ਤੇ ਆਪਣੀ ਪਿੱਠ ’ਤੇ ਡੰਡੇ ਖਾਣ ਲਈ ਫਿਰ ਇਨ੍ਹਾਂ ਅੱਗੇ ਨੰਗਾ ਸਰੀਰ ਕਰਕੇ ਖੜ੍ਹੀ ਹੋ ਜਾਵੇਗੀ।

ਸੋ, ਅੰਤ ਵਿੱਚ ਮੈ ਇਤਨਾ ਹੀ ਕਹਿਣਾ ਚਾਹੁੰਦਾ ਹਾਂ ਕਿ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਸਤਿਕਾਰ ਤੇ ਸਿੱਖ ਕੌਮ ਦੀ ਭਲਾਈ ਲਈ ਸਾਨੂੰ ਜਿੱਥੇ ਗੁਰਦੁਆਰਾ ਸਾਹਿਬਾਨਾਂ ਦੀ ਸੁਚੱਜੀ ਸਾਂਭ ਸੰਭਾਲ ਤੇ ਪਹਿਰੇਦਾਰੀ ਕਰਨੀ ਚਾਹੀਦੀ ਹੈ ਉੱਥੇ ‘ਮੀਰੀ-ਪੀਰੀ’ ਦੇ ਅਰਥਾਂ ਨੂੰ ਸਪਸ਼ਟ ਕਰਦਿਆਂ ਜਨਤਾ ਨੂੰ ਸਮਝਾਉਣ ਵੱਲ ਕਦਮ ਪੁੱਟਣੇ ਚਾਹੀਦੇ ਹਨ ਅਤੇ ਸੁਆਰਥੀ ਰਾਜਨੀਤਿਕ ਸੋਚ ਲੋਕਾਂ ਨੂੰ ਪੰਥਕ ਮਸਲਿਆਂ ਤੋਂ ਦੂਰ ਰੱਖ ਕੇ ਹੀ ਹਰ ਕੌਮੀ ਕੰਮ ਗੰਭੀਰਤਾ ਨਾਲ ਆਪਣੇ ਹੱਥ ’ਚ ਲੈਣਾ ਚਾਹੀਦਾ ਹੈ ਤੇ ਇਸ ਬਾਬਤ ਜ਼ਮੀਨ ਤਿਆਰ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਇਕੱਤਰ ਕੀਤੀ ਗਈ ਸ਼ਕਤੀ ਹੀ ਪੰਥ ਦੋਖੀਆਂ ਨੂੰ ਇਨ੍ਹਾਂ ਦੀ ਅਸਲੀ ਜਗ੍ਹਾ (ਜੇਲ੍ਹ ਵਿੱਚ) ਤੇ ਨਿਰਦੋਸ਼ ਬੰਦੀ ਸਿੰਘਾਂ ਨੂੰ ਸਥਾਈ ਤੌਰ ’ਤੇ ਬਾਹਰ ਨਿਕਾਲਣ ਵਿੱਚ ਸਾਡੀ ਮਦਦ ਕਰੇਗੀ।