ਕੈਨੇਡਾ ਦੀ ਪਾਰਲੀਮੈਂਟ ਵਲੋਂ ਕਾਮਾਗਾਟਾ ਮਾਰੂ ਦੁਖਾਂਤ ਬਾਰੇ ਮੁਆਫੀ ਦੀ ਗੱਲ ਕਰਨਾ ਸੁਆਗਤਯੋਗ, ਭਾਰਤ ਸਰਕਾਰ ਨਵੰਬਰ 1984 ਬਾਰੇ ਕਦੋਂ ਮੁਆਫੀ ਮੰਗੇਗੀ : ਗਿਆਸਪੁਰਾ, ਘੋਲ਼ੀਆ।

0
197

ਕੈਨੇਡਾ ਦੀ ਪਾਰਲੀਮੈਂਟ ਵਲੋਂ ਕਾਮਾਗਾਟਾ ਮਾਰੂ ਦੁਖਾਂਤ ਬਾਰੇ ਮੁਆਫੀ ਦੀ ਗੱਲ ਕਰਨਾ ਸੁਆਗਤਯੋਗ, ਭਾਰਤ ਸਰਕਾਰ ਨਵੰਬਰ 1984 ਬਾਰੇ ਕਦੋਂ ਮੁਆਫੀ ਮੰਗੇਗੀ : ਗਿਆਸਪੁਰਾ, ਘੋਲ਼ੀਆ।

ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲ਼ੀਆ ਤੇ ਨਿਰੰਜਨ ਸਿੰਘ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵਲੋਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਵਿਸਾਖੀ ਮੌਕੇ ਰਖਾਏ ਗਏ ਅਖੰਡ ਪਾਠ ਸਾਹਿਬ ਅਤੇ ਕੈਨੇਡਾ ਦੇ ਝੰਡੇ ਬਰਾਬਰ ਨਿਸ਼ਾਨ ਸਾਹਿਬ ਨੂੰ ਝੁਲਾਏ ਜਾਣ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਓਨੀ ਥੋੜੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਠੀਕ ਹੀ ਕਿਹਾ ਸੀ ਕਿ ਉਸ ਦੀ ਪਾਰਲੀਮੈਂਟ ਵਿੱਚ ਸਿੱਖ ਮੰਤਰੀਆਂ ਦੀ ਗਿਣਤੀ ਭਾਰਤ ਨਾਲ਼ੋ ਕਿਤੇ ਵੱਧ ਹੈ। ਉਹਨਾਂ ਇੱਕ ਹੋਰ ਕਦਮ ਹਮਦਰਦੀ ਦਾ ਸਿੱਖਾਂ ਵੱਲ਼ ਪੁੱਟਦਿਆਂ 1914 ਨੂੰ ਵਾਪਰੇ ਕਾਮਾਗਾਟਾ ਮਾਰੂ ਦੁਖਾਂਤ ਬਾਰੇ ਆਉਣ ਵਾਲ਼ੇ ਸੈਸ਼ਨ ਵਿੱਚ ਜੋ ਮੁਆਂਫੀ ਮੰਗਣ ਦੀ ਗੱਲ ਕੀਤੀ ਹੈ ਉਸ ਦੀ ਜਿੰਨੀ ਵੀ ਤਰੀਫ ਕੀਤੀ ਜਾਵੇ ਓਨੀ ਥੋੜੀ ਹੈ। ਸੱਚਮੁੱਚ ਜਸਟਿਸ ਟਰੂਡੋ ਨੇ ਸਿੱਖਾਂ ਦੇ ਦਿੱਲ ਜਿੱਤ ਲਏ ਹਨ ਬੇਸ਼ੱਕ ਇਹ ਦੁਖਾਂਤ ਇੰਗਲੈਂਡ ਦੇ ਗੋਰਿਆਂ ਦੁਆਰਾ ਰਚੀ ਗਈ ਸ਼ਾਜਿਸ਼ ਦਾ ਨਤੀਜਾ ਸੀ। ਦੂਜੇ ਪਾਸੇ ਭਾਰਤ ਦੇਸ਼ ਨੂੰ ਅਜਾਦ ਕਰਵਾਉਣ ਲਈ ਸਿੱਖਾਂ ਨੇ ਆਪਣਾ ਲਹੂ ਡੋਲਿਆ, ਬੇ-ਅਥਾਹ ਕੁਰਬਾਨੀਆਂ ਦਿੱਤੀਆਂ ਪਰ ਅੱਜ ਤੱਕ ਸਿੱਖ ਅਜਾਦ ਨਹੀਂ ਹੋ ਸਕੇ ਉਹ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿ ਗਏ ਹਨ। ਨਵੰਬਰ 1984 ਵਿੱਚ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਵੇਲ਼ੇ ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਨੂੰ ਹੀ ਤਾਲ਼ੇ ਵੱਜ ਗਏ ਸਨ। ਐਨੇ ਸਾਲ ਬੀਤ ਜਾਣ ਦੇ ਬਾਵਜੂਦ ਕਾਤਲ ਵੱਡੇ-ਵੱਡੇ ਅਹੁਦਿਆਂ ਦਾ ਅਨੰਦ ਮਾਣ ਰਹੇ ਹਨ। ਹੋਦ ਚਿੱਲੜ ਵਿੱਚ 32 ਸਿੱਖਾਂ ਨੂੰ ਕਤਲ ਕੀਤਾ ਗਿਆ ਜਿਸ ਦੇ ਸਬੂਤ ਸਰਕਾਰ ਨੇ ਕਤਲੇਆਮ ਨੂੰ ਮੰਨ ਕੇ ਪੀੜਤਾਂ ਨੂੰ 10 ਕਰੋੜ ਦੀ ਰਾਸ਼ੀ ਵੰਡ ਦਿੱਤੀ ਗਈ ਪਰ ਅਦਾਲਤ ਦੁਆਰਾ ਠਹਿਰਾਏ ਗਏ ਮੁੱਖ ਦੋਸ਼ੀ ਰਾਮ ਕਿਸੋਰ ਅਤੇ ਰਾਮ ਭੱਜ ’ਤੇ ਸਰਕਾਰ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਇਹਨਾਂ ਦੋਸ਼ੀਆਂ ਨੂੰ ਸਜਾਵਾਂ ਕਰਵਾਉਣ ਲਈ ਸਾਨੂੰ ਮੁੜ ਹਾਈਕੋਰਟ ਦਾ ਸਹਾਰਾ ਲੈਣਾ ਪੈ ਰਿਹਾ ਹੈ, ਇਹ ਕਿੱਥੋਂ ਦਾ ਇੰਨਸਾਫ ਹੈ। ਬੀ. ਜੇ. ਪੀ. ਜਦੋਂ ਵਿਰੋਧੀ ਧਿਰ ਵਿੱਚ ਹੁੰਦੀ ਸੀ ਤਾਂ ਇਹ ਕਤਲੇਆਮ ਕਾਂਗਰਸ ਦਾ ਕਰਵਾਇਆ ਕਹਿ ਕੇ ਪੱਲਾ ਝਾੜ ਲੈਂਦੀ ਸੀ ਪਰ ਹੁਣ ਕੇਂਦਰ ਅਤੇ ਹਰਿਆਣੇ ਵਿੱਚ ਪੂਰਨ ਬਹੁਮਤ ਵਿੱਚ ਹੋਣ ਦੇ ਬਾਵਜੂਦ ਨਾ ਤਾਂ ਕਾਤਲਾਂ ਤੱਕ ਪਹੁੰਚ ਕਰ ਰਹੀ ਹੈ ਤੇ ਨਾ ਹੀ ਪਾਰਲੀਮੈਂਟ ਵਿੱਚ ਮੁਆਫੀ ਮੰਗਣ ਲਈ ਰਾਜੀ ਹੈ। ਅੱਜ ਲੋੜ ਹੈ ਕਿ ਪੰਥ ਨੂੰ ਇਕੱਠੇ ਹੋ ਕੇ ਬੀ. ਜੇ. ਪੀ. ਤੋਂ ਪਾਰਲੀਮੈਂਟ ਵਿੱਚ ਮੁਆਫੀ ਮੰਗਵਾਈਏ ਅਤੇ ਹੋਂਦ ਚਿੱਲੜ ਦੇ ਫੈਸਲੇ ਨਾਲ਼ ਸਬੰਧਿਤ ਫਾਈਲਾਂ ਨੂੰ ਯੂ. ਐਨ. ਓ ਵਿੱਚ ਦਿਖਾਈਏ।

16-4-2016