ਇਹ ਜਨਮ ਪਹਿਲਾ ਅਤੇ ਆਖ਼ਰੀ ਹੈ

0
299

ਜੀਵਨ ਸ਼ੈਲੀ

ਇਹ ਜਨਮ ਪਹਿਲਾ ਅਤੇ ਆਖ਼ਰੀ ਹੈ

ਦਲੀਪ ਸਿੰਘ ਵਾਸਨ, ਐਡਵੋਕੇਟ, 101-ਸੀ, ਵਿਕਾਸ ਕਲੋਨੀ, ਪਟਿਆਲਾ-147003

ਸਾਡੇ ਧਾਰਮਿਕ ਗ੍ਰੰਥਾਂ ਵਿੱਚ ਚੌਰਾਸੀ ਲੱਖ ਜੂਨਾਂ ਦੀ ਗੱਲ ਕੀਤੀ ਗਈ ਹੈ। ਇਹ ਵੀ ਆਖਿਆ ਗਿਆ ਹੈ ਕਿ ਇਹ ਮਾਨਸ ਜੀਵਨ ਸਭ ਤੋਂ ਉਤਮ ਹੈ ਅਤੇ ਇਸ ਜੀਵਨ ਵਿੱਚ ਕੀਤੇ ਕਰਮਾਂ ਕਰਕੇ ਹੀ ਆਦਮੀ ਲਈ ਅਗਲੇ ਜਨਮਾਂ ਦਾ ਫ਼ੈਸਲਾ ਕੀਤਾ ਜਾਂਦਾ ਹੈ। ਇਹ ਵੀ ਆਖਿਆ ਗਿਆ ਹੈ ਕਿ ਇਸ ਜਨਮ ਵਿੱਚ ਮਾੜੇ ਕਰਮ ਕਰਨ ਵਾਲਿਆਂ ਨੂੰ ਨਰਕ ਅਤੇ ਚੰਗੇ ਕਰਮ ਕਰਨ ਵਾਲਿਆਂ ਨੂੰ ਸਵਰਗ ਮਿਲਦਾ ਹੈ। ਬਹੁਤ ਹੀ ਮਾੜੇ ਕਰਮ ਕਰਨ ਵਾਲਿਆਂ ਲਈ ਚੌਰਾਸੀ ਲਖ ਜੂਨਾਂ ਦਾ ਗੇੜਾ ਨਿਸਚਿਤ ਕਰ ਦਿੱਤਾ ਜਾਂਦਾ ਹੈ। ਬਹੁਤ ਹੀ ਮਾੜੇ ਕਰਮ ਕਰਨ ਵਾਲਿਆਂ ਨੂੰ ਗ਼ਰੀਬ ਘਰਾਂ ਵਿੱਚ ਪੈਦਾ ਕਰ ਦਿੱਤਾ ਜਾਂਦਾ ਹੈ ਅਤੇ ਉਹ ਇਹ ਦੁਨੀਆਂ ਵਿੱਚ ਆਉਂਦੇ ਹਨ, ਸਾਰੀ ਉਮਰ ਨਰਕੀ ਜੀਵਨ ਸਬਰ ਕਰਕੇ ਮਰ ਜਾਂਦੇ ਹਨ। ਇਹ ਆਖਰੀ ਸਿਧਾਂਤ ਇਸ ਮੁਲਕ ਵਿੱਚ ਪਰਚਾਰਿਆਂ ਗਿਆ ਸੀ ਕਿਉਂਕਿ ਇਸ ਮੁਲਕ ਵਿੱਚ ਗ਼ਰੀਬਾਂ ਦੀ ਗਿਣਤੀ ਹਮੇਸ਼ਾਂ ਜ਼ਿਆਦਾ ਰਹੀ ਹੈ ਅਤੇ ਇਹ ਗ਼ਰੀਬ ਅਮੀਰਾਂ ਦੇ ਖਿਲਾਫ਼ ਨਾ ਉਠ ਖੜੇ ਹੋਣ, ਇਨ੍ਹਾਂ ਗ਼ਰੀਬਾਂ ਅਤੇ ਲਤਾੜੇ ਜਾਂਦੇ ਲੋਕਾਂ ਗਲ ਇਹ ਗੱਲ ਪਾ ਦਿੱਤੀ ਗਈ ਸੀ ਕਿ ਇਹ ਕਿਸੇ ਲੁਟ ਜਾਂ ਜ਼ਿਆਦਤੀ ਦਾ ਸ਼ਿਕਾਰ ਨਹੀਂ ਹਨ, ਬਲਕਿ ਇਹ ਜਿਤਨੀਆਂ ਵੀ ਬੁਰਾਈਆਂ ਉਨ੍ਹਾਂ ਗਲ ਚਮੜੀਆਂ ਪਈਆਂ ਹਨ ਇਹ ਸਾਰੀਆਂ ਇਸ ਕਰਕੇ ਚਮੜੀਆਂ ਹਨ ਕਿਉਂਕਿ ਇਹ ਆਦਮੀ ਪਿਛਲੇ ਜਨਮ ਵਿੱਚ ਪਾਪ ਕਰਦੇ ਰਹੇ ਸਨ, ਮਾੜੇ ਕਰਮ ਕਰਦੇ ਰਹੇ ਸਨ ਅਤੇ ਇਸ ਕਰਕੇ ਇਹ ਨਰਕੀ ਜੀਵਨ ਉਨ੍ਹਾਂ ਦੇ ਨਸੀਬ ਵਿੱਚ ਰੱਬ ਨੇ ਆਪ ਲਿਖ ਭੇਜਿਆ ਹੈ ਅਤੇ ਰੱਬ ਦੀ ਲਿਖਤ ਮਿਟਾਈ ਨਹੀਂ ਜਾ ਸਕਦੀ, ਇਸ ਲਈ ਇਹ ਨਰਕੀ ਜੀਵਨ ਬਸਰ ਹੀ ਕਰਨਾ ਹੈ। ਇਹ ਗੱਲ ਵੀ ਸਮਝਾ ਦਿੱਤੀ ਗਈ ਸੀ ਕਿ ਭਗਤੀ ਕਰੋ, ਅਰਦਾਸਾਂ ਕਰੋ, ਪਿਛਲੇ ਜਨਮਾਂ ਦੇ ਪਾਪਾਂ ਦੀ ਮੁਆਫ਼ੀ ਮੰਗੋ, ਅਰਦਾਸਾਂ ਕਰੋ ਤਾਂ ਕਿ ਅਗਲਾ ਜਨਮ ਸੰਵਰ ਜਾਵੇ। ਇਹ ਹਨ ਸਾਡੇ ਧਾਰਮਿਕ ਲੋਕਾਂ ਦੀਆਂ ਸਿਖਿਆਵਾਂ ਅਤੇ ਅਸੀਂ ਇਹ ਸਵੀਕਾਰ ਕਰੀਂ ਬੈਠੇ ਹਾਂ ਅਤੇ ਇਹ ਜੀਵਨ ਜੈਸਾ ਵੀ ਮਿਲ ਗਿਆ ਹੈ ਇਸ ਨੂੰ ਆਪਣਾ ਨਸੀਬ ਸਮਝ ਕੇ ਬਰਦਾਸ਼ਿਤ ਕਰਦੇ ਆ ਰਹੇ ਹਾਂ।

ਅਸੀਂ ਜਿਹੜੇ ਖਿਆਲ, ਵਿਚਾਰ, ਸਿਧਾਂਤ ਅਪਨਾਈ ਬੈਠੇ ਹਾਂ, ਇਹ ਠੀਕ ਠਾਕ ਹਨ ਜਾਂ ਗ਼ਲਤ ਹਨ, ਇਨ੍ਹਾਂ ਉਤੇ ਵਿਚਾਰ ਕਰਨਾ ਬਣਦਾ ਹੈ। ਦੁਨੀਆਂ ਭਰ ਦੇ ਲੋਕਾਂ ਨੇ ਇਹ ਵਿਚਾਰ ਨਹੀਂ ਅਪਨਾਏ ਹਨ। ਉਹ ਇਹ ਸਿਧਾਂਤ ਅਪਨਾਈ ਬੈਠੇ ਹਨ ਕਿ ਇਹ ਜਗ ਮਿਠਾ ਅਗਲਾ ਕਿਸ ਨੇ ਡਿਠਾ। ਹਰ ਮੁਲਕ ਅੰਦਰ ਰਬ ਦੀਆਂ ਗੱਲਾਂ ਚਲੀਆਂ ਹਨ, ਪਰ ਇਹ ਵੀ ਆਖ ਦਿੱਤਾ ਗਿਆ ਹੈ ਕਿ ਰੱਬ ਉਸ ਆਦਮੀ ਦੀ ਮਦਦ ਕਰਦਾ ਹੈ ਜਿਹੜਾ ਆਦਮੀ ਆਪਣੀ ਮਦਦ ਆਪ ਕਰਦਾ ਹੈ। ਇਹ ਵੀ ਆਖਿਆ ਗਿਆ ਹੈ ਕਿ ਕਰਮ ਹੀ ਧਰਮ ਹੈ। ਇਹ ਸਿਧਾਂਤ ਸਾਡਾ ਹੈ, ਪਰ ਅਸੀਂ ਇਹ ਸਿਧਾਂਤ ਸਿਰਫ਼ ਕਿਤਾਬਾਂ ਵਿੱਚ ਸੰਭਾਲਿਆਂ ਪਿਆ ਹੈ ਅਤੇ ਇਸ ਉੱਤੇ ਅਮਲ ਨਹੀਂ ਕਰ ਪਾ ਰਹੇ। ਅਸੀਂ ਕੰਮ ਘਟ ਕਰਦੇ ਹਾਂ ਅਤੇ ਅਰਦਾਸਾਂ ਜ਼ਿਆਦਾ ਕਰਦੇ ਹਾਂ। ਅਸੀਂ ਕਦੀ ਇਹ ਨਹੀਂ ਸੋਚਿਆ ਕਿ ਰੱਬ ਆਪ ਕੋਈ ਵੀ ਕੰਮ ਕਰਨ ਨਹੀਂ ਆਉਂਦਾ, ਉਸ ਨੇ ਜੋ ਕੁਝ ਵੀ ਕਰਨਾ ਹੈ ਉਹ ਇਸ ਆਦਮੀ ਪਾਸੋਂ ਕਰਾਉਣਾ ਹੈ। ਇਹ ਦੁਨੀਆਂ ਰੱਬ ਨੇ ਸਾਜੀ ਸੀ, ਪਰ ਐਸੀ ਨਹੀਂ ਸੀ ਦੁਨੀਆਂ ਜਿਹੜੀ ਰੱਬ ਨੇ ਸਾਜੀ ਸੀ ਅਤੇ ਇਹ ਅੱਜ ਜੋ ਕੁੱਝ ਵੀ ਇਸ ਧਰਤੀ ਉੱਤੇ ਦਿਸ ਰਿਹਾ ਹੈ ਇਹ ਸਾਰਾ ਕੁਝ ਇਸ ਆਦਮੀ ਦਾ ਕੀਤਾ ਹੋਇਆ ਹੈ। ਇਸ ਆਦਮੀ ਪਾਸੋਂ ਹੀ ਰੱਬ ਨੇ ਖੋਜਾਂ ਕਰਵਾਈਆਂ ਹਨ, ਕਾਢਾਂ ਕਢਵਾਈਆਂ ਹਨ, ਲਭਤਾ ਦਾ ਸਿਲਸਿਲਾ ਚਲਾਇਆ ਹੈ ਅਤੇ ਆਵਸ਼ਕਾਰ ਕਰਵਾਏ ਹਨ ਅਤੇ ਇਹ ਆਦਮੀ ਹਾਲਾਂ ਵੀ ਚੁਪ ਕਰਕੇ ਨਹੀਂ ਬੈਠਾ ਅਤੇ ਆਸਮਾਨਾਂ ਦੀਆਂ ਤਾਰੀਆਂ ਲਗਾ ਰਿਹਾ ਹੈ। ਕੱਲ ਅਸੀਂ ਕਿਸ ਕਿਸ ਸਤਾਰੇ ਉੱਤੇ ਜਾ ਪੁਜਾਂਗੇ, ਇਸ ਬਾਰੇ ਅੱਜ ਕੁੱਝ ਵੀ ਨਹੀਂ ਆਖਿਆ ਜਾ ਸਕਦਾ।

ਇਸ ਲਈ ਵਕਤ ਆ ਗਿਆ ਹੈ ਕਿ ਅਸੀਂ ਆਪਣੀ ਸੋਚ ਬਦਲੀਏ। ਮਨ ਲੈਂਦੇ ਹਾਂ ਕਿ ਇਸ ਆਦਮੀ ਦੀ ਹੋਂਦ ਰੱਬ ਨੇ ਖੜੀ ਕੀਤੀ ਹੈ। ਇਹ ਵੀ ਮੰਨ ਲੈਂਦੇ ਹਾਂ ਕਿ ਹਰ ਆਦਮੀ ਦੀ ਕਿਸਮਤ ਰੱਬ ਆਪ ਲਿਖਦਾ ਹੈ। ਪਰ ਇਹ ਵੀ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਇਸ ਆਦਮੀ ਦੀ ਹੋਂਦ ਰੱਬ ਨੇ ਬਿਨਾਂ ਕਿਸੇ ਮਕਸਦ ਦੀ ਪੂਰਤੀ ਦੇ ਨਹੀਂ ਕੀਤੀ ਹੈ। ਰੱਬ ਜਦ ਹਰ ਆਦਮੀ ਦੀ ਰਚਨਾ ਕਰਦਾ ਹੈ ਤਾਂ ਰੱਬ ਉਸ ਆਦਮੀ ਦਾ ਇੱਥੇ ਭੇਜਣ ਦਾ ਮਕਸਦ ਵੀ ਤੈਅ ਕਰਦਾ ਹੈ। ਇਹ ਗੱਲਾਂ ਸਾਡੇ ਤੱਕ ਛੱਡ ਦਿੰਦਾ ਹੈ ਕਿ ਉਸ ਮਕਸਦ ਦੀ ਪਛਾਣ ਅਸੀਂ ਆਪ ਕਰਨੀ ਹੈ ਅਤੇ ਉਸ ਮਕਸਦ ਦੀ ਪ੍ਰਾਪਤੀ ਲਈ ਯਤਨ ਵੀ ਅਸੀਂ ਆਪ ਕਰਨੇ ਹਨ। ਇਹ ਗੱਲਾਂ ਵੀ ਅਸੀਂ ਭੁਲ ਜਾਣੀਆਂ ਹਨ ਕਿ ਰੱਬ ਆਪ ਆ ਕੇ ਸਾਡੇ ਕੰਮ ਕਰੇਗਾ। ਅਸੀਂ ਰੱਬ ਦੀ ਮਦਦ ਮੰਗ ਸਕਦੇ ਹਾਂ, ਪਰ ਕਾਰਵਾਈ ਸਾਰੀ ਦੀ ਸਾਰੀ ਸਾਨੂੰ ਆਪ ਕਰਨੀ ਪਵੇਗੀ ਅਤੇ ਇਹ ਵੀ ਖਿਆਲ ਰੱਖਣਾ ਹੈ ਕਿ ਜੂਨਾ ਭਾਵੇਂ ਚੌਰਾਸੀ ਲੱਖ ਹਨ, ਪਰ ਸਾਡੇ ਵਿਚੋਂ ਕਿਸੇ ਨੂੰ ਵੀ ਇਹ ਯਾਦ ਨਹੀਂ ਆ ਰਿਹਾ ਕਿ ਅਸੀਂ ਪਿਛਲੇ ਜਨਮ ਵਿੱਚ ਕੀ ਸਾਂ ਅਤੇ ਨਾ ਹੀ ਸਾਨੂੰ ਇਹ ਪਤਾ ਲਗਦਾ ਜਾਂ ਯਾਦ ਆ ਰਿਹਾ ਹੈ ਕਿ ਅਸੀਂ ਪਿਛਲੇ ਜਨਮਾਂ ਵਿੱਚ ਕੀ ਕੀ ਪਾਪ ਕਰ ਬੈਠੇ ਸਾਂ। ਇਹ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਾਰੇ ਦੁਖਾਂਤ ਬਰਦਾਸ਼ਿਤ ਕਰਨ ਲਈ ਰੱਬ ਦੇ ਬੰਦਿਆਂ ਨੇ ਸਾਨੂੰ ਇਹ ਸਮਝਾ ਦਿੱਤਾ ਸੀ ਕਿ ਇਸ ਜਨਮ ਦੇ ਦੁਖਾਂਤ ਸਾਡੇ ਪਿਛਲੇ ਜਨਮਾਂ ਦਾ ਫ਼ਲ ਹੈ। ਇਹ ਗੱਲਾਂ ਸ਼ਾਇਦ ਉਨ੍ਹਾਂ ਸ਼ਕਤੀਸ਼ਾਲੀ ਅਤੇ ਅਮੀਰ ਲੋਕਾਂ ਦੀ ਮਦਦ ਲਈ ਆਖ ਦਿੱਤੀਆਂ ਗਈਆਂ ਸਨ ਜਿਹੜੇ ਸਾਡੀ ਲੁਟ ਕਰਦੇ ਸਨ ਅਤੇ ਇਸ ਹਜੂਮ ਦਾ ਸਾਹਮਣਾ ਕਰਨ ਦੇ ਕਾਬਲ ਨਹੀਂ ਸਨ। ਵਰਨਾ ਕਈ ਮੁਲਕਾਂ ਵਿੱਚ ਲੋਕਾਂ ਨੇ ਇਹ ਖੋਹਾ ਖੋਹਾਈ ਲਈ ਕ੍ਰਾਂਤੀਆਂ ਤੱਕ ਕੀਤੀਆਂ ਸਨ।

ਇਹ ਜੀਵਨ ਜੈਸਾ ਵੀ ਮਿਲ ਗਿਆ ਹੈ ਇਸ ਲਈ ਰੱਬ ਦਾ ਧੰਨਵਾਦ ਕਰਨਾ ਚਾਹੀਦਾ ਹੈ। ਇਹ ਦੁਨੀਆਂ ਨਰਕਾਂ ਨਾਲੋਂ ਅਤੇ ਸਵਰਗਾਂ ਨਾਲੋਂ ਕਿਧਰੇ ਬਿਹਤਰ ਹੈ। ਸਾਡੇ ਵਿਚੋਂ ਕਿਸੇ ਨੇ ਨਰਕ ਅਤੇ ਸਵਰਗ ਨਹੀਂ ਦੇਖਿਆ ਅਤੇ ਇਸ ਲਈ ਅੱਜ ਐਸਾ ਵਕਤ ਆ ਗਿਆ ਹੈ ਕਿ ਅਸੀਂ ਇਸ ਜੀਵਨ ਵਿੱਚ ਹੀ ਕਦੀ ਨਰਕਾਂ ਅਤੇ ਕਦੀ ਸਵਰਗਾਂ ਦੀ ਝਲਕ ਦੇਖਦੇ ਹਾਂ। ਕਦੀ ਸਾਡਾ ਦਿਲ ਕਰਦਾ ਹੈ ਅਸੀਂ ਇਸ ਦੁਨੀਆਂ ਵਿੱਚ ਹੀ ਰਹੀਏ ਅਤੇ ਕਦੀ ਕਦੀ ਅਸੀਂ ਐਸੇ ਤੰਗ ਆ ਜਾਂਦੇ ਹਾਂ ਕਿ ਮਰਨ ਨੂੰ ਦਿਲ ਕਰ ਬੈਠਦਾ ਹੈ। ਅਸੀਂ ਜਿਉਣ ਆਏ ਹਾਂ ਅਤੇ ਅਗਰ ਰੱਬ ਨੇ ਸਾਡੀ ਹੋਂਦ ਕਾਇਮ ਕੀਤੀ ਹੈ ਤਾਂ ਉਹ ਵੀ ਸਾਨੂੰ ਜਿਉਣ ਦਾ ਮੌਕਾ ਦਿੱਤਾ ਹੈ। ਇਹ ਗੱਲ ਵੀ ਸਾਡੀ ਸਮਝ ਵਿੱਚ ਆ ਗਈ ਹੈ ਕਿ ਇਹ ਸਾਡਾ ਪਹਿਲਾ ਅਤੇ ਆਖਰੀ ਜੀਵਨ ਹੈ। ਅਸੀਂ ਆਪਣੀਆਂ ਅੱਖਾਂ ਨਾਲ ਹਾਲਾਂ ਤੱਕ ਐਸੇ ਆਦਮੀ ਦੇ ਦਰਸ਼ਨ ਨਹੀਂ ਕੀਤੇ ਹਨ ਜਿਹੜਾ ਇਹ ਸਾਬਤ ਕਰ ਸਕੇ ਕਿ ਉਹ ਪਿਛਲੇ ਜਨਮ ਵਿੱਚ ਕੀ ਸੀ ਅਤੇ ਨਾ ਹੀ ਅੱਜ ਤਕ ਕੋਈ ਇਹ ਦੱਸ ਪਾਇਆ ਹੈ ਕਿ ਉਸ ਨੇ ਪਿਛਲੇ ਜਨਮ ਵਿੱਚ ਇਹ ਇਹ ਪਾਪ ਕੀਤੇ ਸਨ ਅਤੇ ਇਸ ਲਈ ਇਸ ਜੀਵਨ ਵਿੱਚ ਉਸ ਨੂੰ ਰੱਬ ਨੇ ਇਹ ਇਹ ਸਜ਼ਾਵਾਂ ਦਿੱਤੀਆਂ ਹਨ।

ਇਸ ਲਈ ਇਸ ਜੀਵਨ ਨੂੰ ਪਹਿਲਾ ਅਤੇ ਆਖਰੀ ਮੌਕਾ ਸਮਝ ਕੇ ਜਿਉਣਾ ਚਾਹੀਦਾ ਹੈ। ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਫ਼ਿਰ ਇਸ ਦੁਨੀਆਂ ਉੱਤੇ ਆਉਣ ਦਾ ਕਦੀ ਮੁੜ ਮੌਕਾ ਨਹੀਂ ਮਿਲਣਾ ਅਤੇ ਇਸ ਲਈ ਸਾਨੂੰ ਰੱਜ ਕੇ ਜਿਉਣਾ ਚਾਹੀਦਾ ਹੈ ਅਤੇ ਕੁਝ ਐਸੀਆਂ ਨਿਸ਼ਾਨੀਆਂ ਕਾਇਮ ਕਰ ਜਾਣੀਆਂ ਚਾਹੀਦੀਆਂ ਹਨ ਜਿਹੜੀਆਂ ਸਾਡੀ ਯਾਦ ਕਾਇਮ ਕਰ ਦੇਣ ਅਤੇ ਅਸੀਂ ਇਸ ਦੁਨੀਆਂ ਤੋਂ ਜਾਣ ਬਾਅਦ ਵੀ ਕਈ ਸਾਲ ਜਿਉਂਦੇ ਰਹੀਏ। ਸਾਡੇ ਆਲੇ ਦੁਆਲੇ ਜੋ ਵੀ ਗੱਲਾਂ ਆ ਖਲੌਤੀਆਂ ਹਨ ਇਹ ਕਿਸੇ ਨਾ ਕਿਸੇ ਦੀ ਕਾਢ ਹਨ, ਖੋਜ ਹਨ, ਆਵਸ਼ਕਾਰ ਹਨ ਅਤੇ ਉਹ ਆਦਮੀ ਅੱਜ ਅਗਰ ਸਾਡੇ ਸਾਹਮਣੇ ਨਹੀਂ ਵੀ ਹੈ ਤਾਂ ਵੀ ਅਸੀਂ ਉਸ ਦੁਆਰਾ ਪ੍ਰਾਪਤ ਕੀਤੀਆਂ ਚੀਜ਼ਾਂ ਦਾ ਅੱਜ ਵੀ ਆਨੰਦ ਮਾਣ ਰਹੇ ਹਾਂ। ਇਸ ਦੁਨੀਆਂ ਵਿੱਚ ਹਾਲਾਂ ਵੀ ਬਹੁਤ ਕੁਝ ਕਰਨ ਵਾਲਾ ਹੈ। ਅਗਰ ਰੱਬ ਨੇ ਇਹ ਦੁਨੀਆਂ ਸਜਾਈ ਹੈ ਤਾਂ ਰੱਬ ਦਾ ਆਖਰੀ ਸੁਪਨਾ ਕੀ ਹੈ, ਸਾਨੂੰ ਉਸ ਬਾਰੇ ਸੋਚਣਾ ਚਾਹੀਦਾ ਹੈ ਅਤੇ ਹਿੰਮਤ ਕਰਕੇ ਦੋ ਕਦਮ ਅਸੀਂ ਵੀ ਉਸ ਪਾਸੇ ਵੱਲ ਪੁਟਣੇ ਹਨ ਅਤੇ ਆਪਣੀ ਯਾਦ ਕਾਇਮ ਕਰ ਜਾਣੀ ਹੈ ਕਿ ਅਸੀਂ ਵੀ ਇਸ ਦੁਨੀਆਂ ਵਿੱਚ ਆਏ ਸਾਂ ਅਤੇ ਅਗਰ ਕੋਈ ਪ੍ਰਾਪਤੀ ਕਰਕੇ ਅਸੀਂ ਇਸ ਦੁਨੀਆਂ ਵਿਚੋਂ ਵਾਪਸ ਜਾਂਦੇ ਹਾਂ ਤਾਂ ਰੱਬ ਪਾਸ ਹਾਜ਼ਰ ਹੋਣ ਵਕਤ ਅਸੀਂ ਸਿਰ ਉੱਚਾ ਕਰਕੇ ਹਾਜ਼ਰੀ ਦੇ ਸਕਾਂਗੇ। ਇਹੋ ਜਿਹਾ ਇਰਾਦਾ ਰੱਖ ਕੇ ਅਗਰ ਅਸੀਂ ਆਪਣੇ ਜੀਵਨ ਪੰਧ ਉੱਤੇ ਤੁਰਦੇ ਹਾਂ ਤਾਂ ਸਾਡਾ ਜੀਵਨ ਵੀ ਸਫ਼ਲਾ ਹੋ ਸਕਦਾ ਹੈ।