ਇਸਤ੍ਰੀ ਜਾਤੀ ਦਾ ਸੰਸਾਰ ਤੇ ਗੁਰਮਤਿ ਵਿਚ ਸਥਾਨ

0
837

ਇਸਤ੍ਰੀ ਜਾਤੀ ਦਾ ਸੰਸਾਰ ਤੇ ਗੁਰਮਤਿ ਵਿਚ ਸਥਾਨ

ਭਾਈ ਅਮਰਿੰਦਰ ਸਿੰਘ ‘ਕਥਾਵਾਚਕ’, ਗੁ. ਸ਼੍ਰੀ ਗੁਰੂ ਸਿੰਘ ਸਭਾ (ਰੋਪੜ)- 94630-66567

ਸੰਸਾਰ ਵਿਚ ਮਨੁੱਖ ਬਹੁਤੀ ਵਾਰ ਮਰਦ-ਪ੍ਰਧਾਨ ਹੋ ਕੇ ਵਿਚਰਿਆ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਇਸਤ੍ਰੀ ਜਾਤੀ ਨੂੰ ਬਣਦਾ ਸਤਿਕਾਰ ਨਾ ਦਿੱਤਾ ਗਿਆ। ਸੱਚ ਇਹ ਹੈ ਕਿ ਮਨੁੱਖ ਦੀ ਘਾੜਤ ਵਿਚ ਇਸਤ੍ਰੀ ਦਾ ਵੀ ਬਰਾਬਰ ਦਾ ਹਿੱਸਾ ਰਿਹਾ। ਬੇਅੰਤ ਦੁਨੀਆ ਦੇ ਵਿਦਵਾਨਾਂ ਨੇ ਆਪਣੀਆਂ ਸੋਝੀ ਵਾਲੀਆਂ ਕਲਮਾਂ ਚੁੱਕ ਕੇ ਇਸਤ੍ਰੀ ਦੇ ਉਸ ਪੱਖ ਨੂੰ ਹੀ ਉਜਾਗਰ ਕੀਤਾ ਜਿਸ ਨਜ਼ਰ ਨਾਲ ਇਸਤ੍ਰੀ ਨੂੰ ਆਮ ਸੰਸਾਰ ਵੇਖਦਾ ਸੀ।

ਜਗਤ-ਗੁਰੂ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਇਸਤ੍ਰੀ ਜਾਤੀ ਨਾਲ ਘੋਰ ਵਿਤਕਰਾ ਕੀਤਾ ਜਾਂਦਾ ਸੀ। ਇਸਤਰੀਆਂ ਨੂੰ ਕੇਵਲ ਮਾਤਰ ਸਰੀਰਕ-ਤ੍ਰਿਪਤੀ ਦਾ ਸਾਧਨ ਹੀ ਸਮਝਿਆ ਜਾਂਦਾ ਸੀ, ਜਿਸ ਦੇ ਸਿੱਟੇ ਵਜੋਂ ਵੇਸਵਾ-ਪੁਣੇ ਦੀ ਬਿਮਾਰੀ ਜ਼ੋਰਾਂ ’ਤੇ ਸੀ। ਮਿਸਰ ਵਿਚ ਜੰਮਦੀ ਲੜਕੀ ਨੂੰ, ਜਿਉਂਦੀਆਂ ਹੀ ਜ਼ਮੀਨ ਵਿਚ ਦਬਾ ਦਿੱਤਾ ਜਾਂਦਾ ਸੀ। ਰੋਮ ਦੀ ਸਭਿਅਤਾ ਕਾਫ਼ੀ ਵਿਕਸਤ ਸੀ ਪਰ ਉਸ ਵਿਚ ਵੀ ਔਰਤ ਲਈ ਇਨਸਾਫ਼ ਨਹੀਂ ਸੀ।

ਜੇਕਰ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਮਹਾਂਭਾਰਤ ਅਤੇ ਰਮਾਇਣ ਦੇ ਸਮੇਂ ਵੀ ਔਰਤ ਨੂੰ ਸਨਮਾਨ ਪ੍ਰਾਪਤ ਨਹੀਂ ਸੀ। ਦਰੋਪਤੀ ਨੂੰ ਵਸਤੂ ਸਮਝ ਕੇ ਦਾਅ ’ਤੇ ਲਾ ਦੇਣਾ ਇਸੇ ਹੀ ਗੱਲ ਦਾ ਪ੍ਰਤੀਕ ਹੈ। ਸਵਾਮੀ ਤੁਲਸੀ ਦਾਸ ਨੇ ਤਾਂ ਨਾਰੀ ਨੂੰ ਢੋਰ, ਮੂਰਖ ਅਤੇ ਸ਼ੂਦਰ ਸਮਾਨ ਦੱਸਿਆ, ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਦੀ ਜਿੰਨੀ ਤਾੜਨਾ ਹੁੰਦੀ ਰਹੇ ਤਾਂ ਠੀਕ ਹੈ।

‘ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ।

ਯੇਹ ਪਾਂਚੌ ਤਾੜਨ ਕੇ ਅਧਿਕਾਰੀ।

ਜੋਗੀਆਂ ਨੇ ਵੀ ਇਸਤ੍ਰੀ ਨੂੰ ਭਗਤੀ ਮਾਰਗ ਵਿਚ ਵਿਘਨ ਪਾਉਣ ਵਾਲੀ ਦੱਸਿਆ। ਉਨਾਂ ਅਨੁਸਾਰ ਜਿਵੇਂ ਲੱਕੜੀ ਨੂੰ ਘੁਣ ਹੋਲੀ-ਹੋਲੀ ਖ਼ਤਮ ਕਰ ਦਿੰਦਾ ਹੈ, ਓਵੇਂ ਹੀ ਪੁਰਸ਼ ਨੂੰ ਔਰਤ ਤਬਾਹ ਕਰ ਕੇ ਰੱਖ ਦਿੰਦੀ ਹੈ। ਗੋਰਖ ਨਾਥ ਕਹਿੰਦਾ ਹੈ:

‘ਦਾਮਿ ਕਾਢਿ ਬਾਘੜ ਲੈ ਆਇਆ।

ਮਾਉ ਕਹੇ ਮੇਰਾ ਪੂਤ ਬਿਹਾਇਆ ।

ਗੀਲੀ ਲੱਕੜੀ ਕਉ ਘੁਣ ਲਾਗਾ।

ਤਿਨ ਡਾਲ ਮੂਲ ਸਣਿ ਖਾਇਆ।

ਛੱਜੂ ਜੀ ਨੇ ਵੀ ਔਰਤ ਤੋਂ ਪਰੇ ਰਹਿਣ ਦੇ ਹੀ ਵਿਚਾਰ ਸੰਸਾਰ ਨੂੰ ਦਿੱਤੇ।

‘ਕਾਗਦ ਸੰਦਲੀ ਪੁਤਲੀ, ਤਉ ਨਾ ਤ੍ਰਿਯ ਨਿਹਾਰ।

ਯੋਹੀ ਮਾਰ ਲੈ ਜਾਵਹੀ, ਜਿਉਂ ਬਿਲੋਚਨ ਧਾੜ।’

ਜੈਨ ਮੱਤ ਅਤੇ ਬੁੱਧ ਮੱਤ ਵੇਲੇ ਵੀ ਔਰਤ ਨੂੰ ਪੂਰਾ ਸਤਿਕਾਰ ਨਾ ਮਿਲ ਸਕਿਆ। ਹਿੰਦੁਸਤਾਨ ਦੀ ਧਰਤੀ ’ਤੇ ਭਾਵੇਂ ਇਸਤ੍ਰੀ ਨੂੰ ਦੇਵੀ ਦੇ ਰੂਪ ਵਿਚ ਪੂਜਿਆ ਗਿਆ ਪਰ ਬਣਦਾ ਸਤਿਕਾਰ ਨਾ ਦਿੱਤਾ ਗਿਆ।

ਮਨੂੰ ਰਿਸ਼ੀ ਨੇ ਤਾਂ ਔਰਤ ਬਾਰੇ ਇਥੋਂ ਤੱਕ ਕਹਿ ਦਿੱਤਾ ‘ਪਤੀ ਭਾਵੇਂ ਬੁੱਢਾ ਹੋਵੇ, ਕਰੂਪ ਹੋਵੇ, ਲੰਗੜਾ, ਲੂਲਾ, ਕੋਹੜੀ ਹੋਵੇ, ਡਾਕੂ, ਸ਼ਰਾਬੀ, ਜੂਏ ਬਾਜ਼, ਸ਼ਰੇ ਆਮ ਪਾਪ ਕਰਦਾ ਹੋਵੇ; ਪਰ ਪਤਨੀ ਫਿਰ ਵੀ ਉਨ੍ਹਾਂ ਨੂੰ ਰੱਬ ਵਾਂਗ ਹੀ ਪੂਜੇ। ਇਸਤ੍ਰੀ ਨੂੰ ਜਨੇਊ ਪਾਉਣ ਦਾ, ਗਾਇਤਰੀ ਮੰਤਰ ਕਰਨ ਦਾ ਕੋਈ ਅਧਿਕਾਰ ਨਹੀਂ।

ਪੁਰਾਤਨ ਮੰਦਰਾਂ ਵਿਚ ਔਰਤ ਨੂੰ ਦੇਵ ਦਾਸੀਆਂ ਬਣਾ ਕੇ ਰੱਖਿਆ ਜਾਣ ਲੱਗਾ, ਨਤੀਜਾ ਕੀ ਨਿਕਲਿਆ ਧਰਮ ਦੇ ਅਸਥਾਨ ਵੀ ਵਿਭਚਾਰ ਦੇ ਅੱਡੇ ਬਣ ਗਏ, ਫਿਰ ਪਤੀ ਦੀ ਮੌਤ ਪਿੱਛੋਂ ਜਿਊਣ ਦੀ ਆਗਿਆ ਨਹੀਂ ਸੀ ਬਲਕਿ ਜਿਉਂਦੀ ਨੂੰ ਹੀ ਪਤੀ ਦੇ ਨਾਲ ਸਾੜ ਕੇ ਸਤੀ ਕਿਹਾ ਜਾਣ ਲੱਗਾ। ਭਾਰਤ ਵਿਚ ਮੁਸਲਮਾਨਾਂ ਦੇ ਹਮਲਾਵਰ ਬਣ ਕੇ ਆਉਣ ਨਾਲ ਉਨਾਂ ਦੇ ਜ਼ੁਲਮ ਦਾ ਵਧੇਰੇ ਸ਼ਿਕਾਰ ਵੀ ਹਿੰਦੁਸਤਾਨ ਦੀ ਔਰਤ ਨੂੰ ਹੀ ਹੋਣਾ ਪਿਆ। ਇਸਾਈ ਮੱਤ ਵਿਚ ਵੀ ਔਰਤ ਅੱਜ ਤੱਕ ਪਾਦਰੀ ਨਹੀਂ ਬਣ ਸਕੀ।

ਗੁਰਮਤਿ ਮਾਰਗ

ਇਸਤ੍ਰੀ ਕੋਲ ਦੋ ਤਰ੍ਹਾਂ ਦਾ ਖ਼ਜ਼ਾਨਾ ਹੈ, ਇਕ ਮੁੱਖ ਦਾ ਖ਼ਜ਼ਾਨਾ ਦੂਜਾ ਕੁੱਖ ਦਾ, ਬਦਕਿਸਮਤੀ ਇਹ ਹੈ ਕਿ ਜਦੋਂ ਵੀ ਕਿਸੇ ਦੀ ਕਲਮ ਚੱਲੀ ਉਹ ਇਸਤ੍ਰੀ ਦੇ ਮੁੱਖ ’ਤੇ ਹੀ ਚੱਲੀ ਪਰ ਇਸਤ੍ਰੀ ਦੀ ਕੁੱਖ ’ਤੇ ਨਹੀਂ ਚੱਲੀ। ਹੁਣ ਇਸ ਮੰਦੀ ਸੋਚ ਦੇ ਵਿਰੁੱਧ ਉੱਚੀ ਬਾਂਹ ਖੜ੍ਹੀ ਕਰਕੇ ਵਿਸ਼ਵ ਦੇ ਮਹਾਨ ਕ੍ਰਾਂਤੀਕਾਰੀ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ।

‘‘ਭੰਡਿ ਜੰਮੀਐ ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥

ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥

ਭੰਡੁ ਮੁਆ ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ॥

ਸੋ ਕਿਉਂ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥’’

(ਮਹਲਾ ੧/੪੭੩)

ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਔਰਤਾਂ ਵਿਚੋਂ ਘੁੰਢ ਕੱਢਣ ਦਾ ਰਿਵਾਜ ਖ਼ਤਮ ਕੀਤਾ। ਸਤੀ ਪ੍ਰਥਾ ਵਰਗੀ ਭੈੜੀ ਰਸਮ ਨੂੰ ਸਮਾਜ ਵਿਚੋਂ ਖ਼ਤਮ ਕਰਨ ਵਾਸਤੇ ਸਖ਼ਤ ਸ਼ਬਦਾਂ ਵਿਚ ਵਿਰੋਧ ਕੀਤਾ ਅਤੇ ਦੁਨੀਆ ਨੂੰ ਸਮਝਾਇਆ ਕਿ ਪਤੀ ਦੀ ਮੌਤ ਤੋਂ ਬਾਅਦ ਪ੍ਰਭੂ ਭਾਣੇ ਨੂੰ ਮੰਨਣਾ ਅਤੇ ਸਬਰ, ਸੰਤੋਖ, ਸੀਲ-ਸੰਜਮ ਨਾਲ ਜੀਵਨ ਬਤੀਤ ਕਰਨਾ ਅਸਲ ‘ਸਤੀ’ ਹੋਣਾ ਹੈ। ਵਿਧਵਾ ਵਿਆਹ ਕਰਨ ਦਾ ਹੱਕ ਔਰਤ ਨੂੰ ਦਿੱਤਾ।

‘‘ਸਤੀਆ ਏਹਿ ਨਾ ਆਖੀਅਨਿ; ਜੋ ਮੜਿਆ ਲਗਿ ਜਲੰਨਿ ॥

ਨਾਨਕ  ! ਸਤੀਆ ਜਾਣੀਅਨਿ; ਜਿ ਬਿਰਹੇ ਚੋਟ ਮਰੰਨਿ ॥

ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ॥’’ (ਮ: ੩/੭੮੭)

ਗੁਰੂ ਅਮਰਦਾਸ ਜੀ ਨੇ ਔਰਤਾਂ ਦਾ ਮਰਦਾਂ ਦੇ ਬਰਾਬਰ ਮਾਣ ਸਤਿਕਾਰ ਬਹਾਲ ਕੀਤਾ। ਧਰਮ ਪ੍ਰਚਾਰ ਲਈ 22 ਮੰਜੀਆਂ ਵਿਚੋਂ ਦੋ ਮੰਜੀਆਂ ਇਸਤ੍ਰੀ ਪ੍ਰਚਾਰਕਾਂ ਲਈ ਥਾਪੀਆਂ ਗਈਆਂ।

ਭਾਈ ਗੁਰਦਾਸ ਜੀ ਦੁਆਰਾ ਗੁਰਮਤਿ ਦਾ ਸੰਦੇਸ਼ ਨਾਰੀ ਸਨਮਾਨ ਦੀ ਅਤਿ ਉੱਤਮ ਉਦਾਹਰਨ ਹੈ:

‘‘ਦੇਖਿ ਪਰਾਈਆਂ ਚੰਗੀਆਂ;

ਮਾਵਾਂ, ਭੈਣਾਂ, ਧੀਆਂ ਜਾਣੈ॥’’ (ਵਾਰ 29:11)

‘‘ਏਕਾ ਨਾਰੀ ਜਤੀ ਹੋਇ,

ਪਰ ਨਾਰੀ ਧੀ ਭੈਣ ਵਖਾਣੈ॥’’ (ਵਾਰ 6:8)

ਗੁਰਮਤਿ ਦੀ ਲਹਿਰ ਨੇ ਸਦੀਆਂ ਤੋਂ ਵਿਗੜਿਆ ਹੋਇਆ ਔਰਤ ਜਾਤੀ ਦਾ ਸਤਿਕਾਰ ਬਹਾਲ ਕੀਤਾ। ਪਹਿਲੀ ਸਿੱਖ ਇਸਤ੍ਰੀ ‘ਬੀਬੀ ਨਾਨਕੀ ਜੀ’ ਹੋਏ। ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ‘ਮਾਤਾ ਖੀਵੀ’ ਜੀ ਦੀ ਗੁਰੂ ਕੇ ਲੰਗਰ ਦੇ ਯੋਗ ਪ੍ਰਬੰਧ ਅਤੇ ਗੁਰੂ ਘਰ ਪ੍ਰਤੀ ਸੇਵਾ ਭਾਵਨਾ ਨੇ ਔਰਤ ਜਾਤ ਵਿਚ ਉਤਸ਼ਾਹ ਪੈਦਾ ਕੀਤਾ।

‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ॥

ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ॥’’

(ਭਾਈ ਬਲਵੰਡ ਜੀ/966)

ਬੀਬੀ ਅਮਰੋ ਜੀ ਦੀ ਪ੍ਰੇਰਨਾ ਸਦਕਾ ਬਾਬਾ ਅਮਰਦਾਸ ਜੀ ਸਿੱਖ ਬਣੇ ਅਤੇ ਗੁਰੂ ਪਦਵੀ ਨੂੰ ਪ੍ਰਾਪਤ ਹੋਏ। ਬੀਬੀ ਭਾਨੀ ਜੀ ਦਾ ਨਾਮ ਗੁਰੂ ਪੁੱਤਰੀ, ਗੁਰੂ ਪਤਨੀ, ਗੁਰੂ ਮਾਤਾ, ਗੁਰੂ ਦਾਦੀ ਅਤੇ ਗੁਰੂ ਪੜਦਾਦੀ ਦੇ ਰੂਪ ਵਿਚ ਅਤਿ ਸਨਮਾਨਯੋਗ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ, ਗੁਰੂ ਤੇਗ਼ ਬਹਾਦਰ ਜੀ ਦੀ ਮਾਤਾ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਹਿਲ ‘ਮਾਤਾ ਨਾਨਕੀ’ ਜੀ ਦੀ ਮਹਾਨਤਾ, ਭਲਾ ਕਿਸ ਤੋਂ ਲੁਕੀ ਹੋਈ ਹੈ ? ਸਤਿਗੁਰੂ ਤੇਗ਼ ਬਹਾਦਰ ਜੀ ਦੇ ਮਹਿਲ ‘ਮਾਤਾ ਗੁਜਰੀ’ ਜੀ ਦੀ ਗੁਰੂ-ਘਰ ਅਤੇ ਮਨੁੱਖਤਾ ਪ੍ਰਤੀ ਸੇਵਾ ਪਿਆਰ ਅਤੇ ਕੁਰਬਾਨੀ ਦੀ ਉਦਾਹਰਨ ਵਿਸ਼ਵ ਭਰ ਵਿਚ ਕਿਧਰੇ ਨਹੀਂ ਮਿਲਦੀ। ਗੁਰੂ ਗੋਬਿੰਦ ਸਿੰਘ ਜਾਣ ਮਗਰੋਂ ਸਿੱਖ ਕੌਮ ਦੀ ਸਫਲ ਵਾਗਡੋਰ ਸੰਭਾਲਣ ਦੀ ਜ਼ਿੰਮੇਵਾਰੀ ‘ਮਾਤਾ ਸੁੰਦਰੀ’ ਜੀ ਨੇ ਨਿਭਾਈ। ‘ਮਾਤਾ ਸਾਹਿਬ ਕੌਰ’ ਜੀ ਨੂੰ ਖ਼ਾਲਸਾ ਪੰਥ ਦੀ ਮਾਤਾ ਹੋਣ ਦਾ ਮਾਣ ਪ੍ਰਾਪਤ ਹੈ। ਇਸ ਤੋਂ ਵੱਧ ਸਤਿਕਾਰ ਭਲਾ ਹੋਰ ਕੀ ਹੋ ਸਕਦਾ ਹੈ ? ਮਾਈ ਭਾਗ ਕੌਰ ਜੀ, ਸ਼ਰਨ ਕੌਰ ਜੀ, ਰਾਣੀ ਸਦਾ ਕੌਰ, ਰਾਣੀ ਜਿੰਦ ਕੌਰ ਅਤੇ ਕਈ ਹੋਰ ਬਹਾਦਰ ਸਿੱਖ ਔਰਤਾਂ ਸਿੱਖ ਇਤਿਹਾਸ ਦੀਆਂ ਮਹਾਨ ਸਿੰਘਣੀਆਂ ਹਨ।

ਵਰਤਮਾਨ ਸਥਿਤੀ:

ਅੱਜ ਦੇ ਆਧੁਨਿਕ ਦੌਰ ਵਿਚ, ਅੱਜ ਦੇ ਮੀਡੀਆ ਵੱਲੋਂ ਪੈਦਾ ਕੀਤੀ ਝੂਠੀ ਅਡੰਬਰੀ ਰੰਗ ਤਮਾਸ਼ੇ ਅਤੇ ਇਸ ਤਰ੍ਹਾਂ ਦੇ ਸ਼ੋਅ ਟੀ. ਵੀ. ਚੈਨਲਾਂ ’ਤੇ ਪ੍ਰਸਾਰਿਤ ਕਰਨੇ ਜਿਸ ਵਿਚ ਇਸਤ੍ਰੀ ਦਾ ਨੰਗੇਜ, ਸਰੀਰਕ ਵਪਾਰੀ ਕਰਨ, ਸੁੰਦਰਤਾ ਨੇ ਸਮਾਜ ਦਾ ਮਹੌਲ ਵਿਗਾੜਨ ਵਿਚ ਕੋਈ ਕਸਰ ਨਹੀਂ ਛੱਡੀ।

ਅੱਜ ਕੀ ਹੋ ਗਿਆ ਮੇਰੀ ਸਿੱਖ ਭੈਣ, ਸਿੱਖ ਬੱਚੀ ਨੂੰ ? ਜੋ ਆਪਣੇ ਇਸ ਮਹਾਨ ਵਿਰਸੇ ਤੋਂ ਅਵੇਸਲੀ ਹੋ ਕੇ ‘ਬਿਪਰਨ ਕੀ ਰੀਤ’ ਦੇ ਵਹਾਅ ਵਿਚ ਰੁੜਦੀ ਜਾ ਰਹੀ ਹੈ। ਦਸਮੇਸ਼ ਪਿਤਾ ਜੀ ਦੀ ਗੋਦ ਛੱਡ ਕੇ ਉਸ ਹਨੇਰੇ ਰਾਹ ’ਤੇ ਤੁਰ ਪਈ ਹੈ, ਜਿੱਥੇ ਅੱਜ ਮੇਰੀ ਭੈਣ, ਬੱਚੀ ਕੋਲ ਅੰਮ੍ਰਿਤ ਵੇਲੇ ਜਾਗਣਾ, ਪਾਠ ਕਰਨਾ, ਗੁਰਦੁਆਰੇ ਜਾਣਾ, ਕਥਾ ਕੀਰਤਨ ਸੁਣਨ ਅਤੇ ਸੇਵਾ ਕਰਨ ਦਾ ਵਿਹਲ ਨਹੀਂ। ਉਂਞ ਬਿਊਟੀ ਪਾਰਲਰ ਜਾਣਾ ਵਾਲ ਸੈੱਟ ਕਰਾਉਣੇ, ਵਾਲ ਕਟਾਉਣੇ, ਭਰਵੱਟੇ ਸੈੱਟ ਕਰਾਉਣੇ ਅਤੇ ਗੰਦੇ ਲੱਚਰ ਗੀਤ ਦਾ ਨਾਚ-ਡਾਂਸ ਕਰਨ ਦਾ ਉਸ ਪਾਸ ਵਿਹਲ ਹੀ ਵਿਹਲ ਹੈ। ਕਈ ਤਰ੍ਹਾਂ ਦੀਆਂ ਹੋਛੀਆਂ ਚੀਜ਼ਾਂ ਖਾਣੀਆਂ ਛੂਛੇ ਮਦ ਦੇ ਭੋਗਾਂ ਨੂੰ ਨਵੀਆਂ ਕਦਰਾਂ ਕੀਮਤਾਂ ਸਮਝ ਰਹੀ ਹੈ।

ਉਹ ਕਿਉਂ ਅਵੇਸਲੀ ਹੋ ਗਈ ਹੈ, ਭੁੱਲ ਗਈ ਹੈ ਕਿ ਉਹ ਇਕ ਸਿੱਖ ਪਰਿਵਾਰ ਦੀ ਰੀੜ ਦੀ ਹੱਡੀ ਹੈ ? ਇਕ ਮਜ਼ਬੂਤ ਥੰਮ ਹੈ। ਅੱਜ ਦੀਆਂ ਕਈ ਸਿੱਖ ਭੈਣਾਂ, ਬੱਚੀਆਂ ਤਾਂ ਆਪ ਆਪਣੇ ਬੱਚਿਆਂ ਦੇ ਕੇਸਾਂ ’ਤੇ ਕੈਂਚੀ ਚਲਾਉਂਦੀਆਂ ਹਨ, ਨਾਈ ਪਾਸ ਲੈ ਜਾਂਦੀਆਂ ਹਨ ਇਹਨਾਂ ਪਾਸ ਕੇਸ ਸੰਭਾਲਣ, ਧੋਣ, ਤੇਲ ਲਾਉਣ, ਕੰਘਾ ਕਰਨ, ਜੂੜਾ ਕਰਨ ਅਤੇ ਦਸਤਾਰ ਬੰਨਣ ਦਾ ਵਿਹਲ ਹੀ ਨਹੀਂ, ਅੱਜ ਆਪਣੀ ਸੁੰਦਰਤਾ ਨੂੰ ਕਾਇਮ ਰੱਖਣ ਵਾਸਤੇ ਆਪਣੇ ਹੀ ਬੱਚੇ ਨੂੰ ਦੁੱਧ ਪਿਆਉਣ ਤੋਂ ਕੰਨੀ ਕਤਰਾ ਰਹੀ ਹੈ।

ਮੇਰੀਓ ਭੈਣੋ ! ਇਸ ਭਰਮ ਜਾਲ ਵਿੱਚੋਂ ਬਾਹਰ ਨਿਕਲੀਏ ਗੁਰਮਤਿ ਨਾਲ, ਗੁਰਬਾਣੀ ਨਾਲ ਜੁੜਿਆਂ, ਰਹਿਤ ਮਰਯਾਦਾ ਨਾਲ ਪੂਰਨ ਤੌਰ ਨਾਲ ਜੁੜਿਆਂ, ਸ਼ਬਦ ਗੁਰੂ ਨਾਲ ਚਿੱਤ ਜੋੜਿਆਂ, ਅੰਦਰਲੀ ਸੁੰਦਰਤਾ ਤੇ ਗੁਣ ਪ੍ਰਾਪਤ ਹੁੰਦੇ ਹਨ। ਅਕਾਲ ਪੁਰਖ ਵਾਹਿਗੁਰੂ ਜੀ ਤੋਂ ਅਸੀਸ ਲੈ ਕੇ ਦਸਮੇਸ਼ ਗੁਰੂ ਜੀ ਦੇ ਰਾਹ ’ਤੇ ਤੁਰੀਏ। ‘ਬਿਪਰਨ ਕੀ ਰੀਤ’ ਡੇਰਾਵਾਦ, ਬੇਮੁਖ, ਗੁਰੂ-ਘਰ ਦੇ ਦੋਖੀਆਂ ਦੇ ਰਾਹ ਤਿਆਗ ਕੇ ਗੁਰਮਤਿ ਦੇ ਚਾਨਣ ਵਿਚ ਤੁਰ ਕੇ ਸਮੁੱਚੇ ਪਰਿਵਾਰ ਦੀ ਅਗਵਾਈ ਕਰੀਏ ਅਤੇ ਖ਼ਾਲਸਾ ਪੰਥ ਦੀ ਸਦੀਵੀ ਸ਼ਾਨ ਬਰਕਰਾਰ ਰੱਖੀਏ। ਆਪਣੇ ਅਮੀਰ ਵਿਰਸੇ ਵਿਚ ਹੋਰ ਸੁਨਹਿਰੀ ਪੱਤਰੇ ਜੋੜੀਏ !