ਆਓ ! ਊੜੇ ਤੇ ਜੂੜੇ ਨੂੰ ਸਾਂਭਣ ਦੇ ਯਤਨ ਕਰੀਏ

0
502

ਆਓ ! ਊੜੇ ਤੇ ਜੂੜੇ ਨੂੰ ਸਾਂਭਣ ਦੇ ਯਤਨ ਕਰੀਏ

ਬਲਵੀਰ ਸਿੰਘ ਬੱਬੀ, ਪਿੰਡ ਤੱਖਰਾਂ-92175-92531

ਸਮੁੱਚੀ ਦੁਨੀਆਂ ਵਿਚ ਵਸ ਰਹੇ ਲੋਕ ਅਨੇਕਾਂ ਧਰਮਾਂ, ਨਸਲਾਂ ਵਿਚ ਮੁੱਢ ਤੋਂ ਹੀ ਚੱਲੇ ਆ ਰਹੇ ਹਨ ਇੱਕ ਨਹੀਂ ਅਨੇਕਾਂ ਗੱਲਾਂ-ਬਾਤਾਂ ਪੁਰਾਤਨ ਸਮੇਂ ਤੋਂ ਹੀ ਆਪਣੀ-2 ਸੋਚ ਰਾਹੀਂ ਆਪਣੇ ਨਾਲ ਲਈ ਆ ਰਹੇ ਹਨ। ਪੁਰਖਿਆਂ ਤੋਂ ਚੱਲੀ ਆ ਰਹੀ ਵਿਰਾਸਤ ਵਿਚ ਬਹੁਤ ਕੁਝ ਦੇਖਣ ਨੂੰ ਮਿਲਦਾ ਆ ਰਿਹਾ ਹੈ। ਇਸ ਵਿਰਾਸਤ ਵਿੱਚੋਂ ਹੀ ਵਿਰਸਾ ਨਿਕਲਦਾ ਹੈ। ਇਸ ਵਿਰਸੇ ਵਿੱਚੋਂ ਹੀ ਮੁੱਖ ਰੂਪ ਵਿਚ ਧਾਰਮਿਕ ਤੇ ਹੋਰ ਸੱਭਿਆਚਾਰਕ ਰੰਗ ਨਿਕਲਦੇ ਹਨ। ਜਿਸ ਤੋਂ ਹਰ ਕੌਮ, ਮਜ੍ਹਬ ਦਾ ਰਹਿਣ-ਸਹਿਣ, ਖਾਣ-ਪੀਣ, ਪਹਿਨ-ਪੱਚਰਨ ਤੇ ਧਾਰਮਿਕ ਪੱਖ ਸਾਡੇ ਅੱਗੇ ਆਉਂਦਾ ਹੈ। ਇਹਨਾਂ ਗੱਲਾਂ ਤੋਂ ਹੀ ਹਰ ਇੱਕ ਦੀ ਕੌਮੀ ਪਹਿਚਾਣ ਵੀ ਬਣਦੀ ਹੈ। ਕਈਆਂ ਦੀ ਅੱਡਰੀ ਪਛਾਣ ਤੋਂ ਹੀ ਬੰਦਾ ਝੱਟ ਪਛਾਣਿਆ ਜਾਂਦਾ ਹੈ। ਇਸ ਤੋਂ ਬਿਨਾਂ ਹਰ ਕੌਮ ਦੀ ਭਾਸ਼ਾ ਤੇ ਜੁਬਾਨ ਦੇ ਨਾਲ-ਨਾਲ ਪਹਿਰਾਵਾ ਵੀ ਅਲੱਗ ਪਛਾਣ ਰੱਖਦਾ ਹੈ, ਜਿਸ ਦਾ ਸਬੰਧ ਵੀ ਵਿਰਸੇ ’ਤੇ ਪੁਰਾਤਨਤਾ ਨਾਲ ਹੁੰਦਾ ਹੈ। ਪਿਛਲੇ ਸਮਿਆਂ ’ਚ ਇਸ ਵਿਰਾਸਤ ਦਾ ਮਹੱਤਵ ਜਿਆਦਾ ਸੀ ਪਰ ਅੱਜ ਹਰ ਪਾਸੇ ਹੀ ਇਸ ਵਿਸ਼ੇ ਤੇ ਘਾਲ਼ਾਮਾਲ਼ਾ ਹੀ ਜਾਪਦਾ ਹੈ। ਅਧੁਨਿਕਤਾ ਦੇ ਯੁੱਗ ਵਿਚ ਕਈ ਕੌਮਾਂ ਜੁਬਾਨ, ਭਾਸ਼ਾ, ਧਾਰਮਿਕ ਪੱਖ, ਇੱਥੋਂ ਤੱਕ ਕਿ ਅੱਡਰੇ ਪਹਿਰਾਵੇ ਨੂੰ ਵੀ ਤਿਲਾਂਜਲੀ ਦੇ ਕੇ ਆਪਣੇ ਆਪ ਨੂੰ ਅਗਾਂਹ ਵਧੂ ਕਹਾਉਂਦੇ ਹਨ। ਵਿਰਸੇ ਨਾਲ ਜੁੜੇ ਰਹਿਣਾ ਹੀ ਆਪਣੀ ਪਛਾਣ ਆਪ ਹੈ।

ਦੁਨੀਆਂ ਦੀਆਂ ਤਮਾਮ ਇਨ੍ਹਾਂ ਗੱਲਾਂ ਨੂੰ ਛੱਡ ਕੇਵਲ ਪੰਜਾਬ ਦੀ ਹੀ ਗੱਲ ਕਰੀਏ ਤਾਂ ਇੱਥੇ ਵੀ ਸਭ ਕੁਝ ਅੱਛਾ ਨਹੀਂ ਹੈ। ਸਭ ਤੋਂ ਪਹਿਲਾਂ ਗੱਲ ਮਾਤ-ਭਾਸ਼ਾ ਜਾਂ ਜੁਬਾਨ ਦੀ ਕਰੀਏ ਤਾਂ ਪੰਜਾਬ ਵਿਚ ਅੱਜ ਹੋਰ ਕੁਝ ਹੀ ਦੇਖਣ ਨੂੰ ਮਿਲ ਰਿਹਾ ਹੈ। ਸਾਡੀ ਪੰਜਾਬੀ ਭਾਸ਼ਾ ਭਾਵ ਊੜੇ ਨੂੰ ਪੰਜਾਬੀ ਲੋਕ ਹੀ ਭੁੱਲਣ ਲੱਗ ਪਏ ਹਨ। ਪੰਜਾਬੀ ਭਾਸ਼ਾ ਤੇ ਜੁਬਾਨ ਸਾਡੇ ਗੁਰੂਆਂ, ਪੀਰਾਂ, ਫਕੀਰਾਂ ਤੇ ਸਾਡੇ ਮਹਾਨ ਫਨਕਾਰਾਂ ਦੀ ਭਾਸ਼ਾ ਹੈ। ਜ਼ਰੂਰੀ ਗੱਲ ਇਹ ਹੈ ਕਿ ਸਾਨੂੰ ਧਾਰਮਿਕ ਤੌਰ ਤੇ ਸਭ ਤੋਂ ਪਹਿਲਾਂ ਪੰਜਾਬੀ ਨਾਲ ਹੀ ਜੋੜਿਆ ਗਿਆ ਹੈ। ਸਿੱਖ ਧਰਮ ਦੇ ਬਾਨੀ ਜਗਤ ਗੁਰੂ ਨਾਨਕ ਦੇਵ ਜੀ ਨੇ ਜੋ ਰੱਬੀ ਬਾਣੀ ਰਚਣੀ ਸ਼ੁਰੂ ਕੀਤੀ, ਉਹ ਪੰਜਾਬੀ ’ਚ ਹੀ ਸੀ ਜਿਸ ਨੂੰ ਅੱਗੋਂ ਹੋਰ ਗੁਰੂਆਂ, ਪੀਰਾਂ, ਫ਼ਕੀਰਾਂ ਤੇ ਭਗਤਾਂ ਨੇ ਵੀ ਆਪਣੀ ਬਾਣੀ ’ਚ ਹੀ ਅਪਣਾਇਆ ਤੇ ਸਮੁੱਚਾ ਗੰ੍ਰਥ ਸਾਹਿਬ ਪੰਜਾਬੀ (ਗੁਰਮੁਖੀ) ਵਿਚ ਹੀ ਸੰਪੂਰਨ ਹੋਇਆ। ਪੰਜਾਬੀ ਰਚਣ ਵਾਲਿਆ ਨੇ ਬੜੇ ਦੁੱਖ-ਸੁੱਖ ਝੱਲੇ, ਪਰ ਇਹ ਸਾਡੀ ਮਾਤ ਭਾਸ਼ਾ ਦੁੱਖੜੇ ਸਹਿ ਕੇ ਵੀ ਸਾਡੇ ਨਾਲ ਚੱਲਦੀ ਆ ਰਹੀ ਹੈ।

ਅੱਜ ਪੰਜਾਬੀ ਲਈ ਅਨੇਕਾਂ ਕਾਰਜ ਕੀਤੇ ਜਾ ਰਹੇ ਹਨ ਪੰਜਾਬੀ ’ਚ ਅਨੇਕਾਂ ਹੀ ਕੀਮਤੀ ਕਿਤਾਬਾਂ, ਮਹਾਨਕੋਸ਼ ਤੇ ਹੋਰ ਬੜਾ ਕੁਝ ਸਾਡੇ ਸਾਹਮਣੇ ਹੈ। ਸਮੇਂ ਦੀ ਮੰਗ ਅਨੁਸਾਰ ਕੰਪਿਊਟਰ ਯੁੱਗ ਵਿਚ ਵੀ ਪੰਜਾਬੀ ਪਿਆਰਿਆਂ ਨੇ ਅਨੇਕਾਂ ਰੰਗ ਬਿਖੇਰ ਦਿੱਤੇ ਹਨ। ਦੁੱਖ ਆਉਂਦਾ ਹੈ ਕਿ ਇੰਨਾਂ ਕੁਝ ਹੋਣ ਦੇ ਬਾਵਜੂਦ ਵੀ ਪੰਜਾਬੀ ਆਪਣੇ ਘਰ ਵਿਚ ਹੀ ਬੇਗਾਨੀ ਹੈ, ਦੁੱਖੀ ਹੈ। ਇਸ ਦੇ ਕਈ ਆਪਣੇ ਜਾਏ ਹੀ ਇਸ ਤੋਂ ਮੁੱਖ ਮੋੜ ਰਹੇ ਹਨ। ਆਓ ਕੁਝ ਰੰਗ ਤੱਕੀਏ, ਜੇ ਬੱਚਿਆਂ ਤੋਂ ਹੀ ਸ਼ੁਰੂ ਕਰੀਏ ਤਾ ਅੱਜ ਤਿੰਨ ਕੁ ਸਾਲ ਦਾ ਬੱਚਾ ਹੀ ਸਕੂਲ ਭੇਜਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਅੱਜ ਬੱਚਾ ਸਭ ਤੋਂ ਪਹਿਲਾਂ ਦੁਕਾਨ ਰੂਪੀ ਅੰਗਰੇਜੀ ਸਕੂਲ ਵਿਚ ਪਾਇਆ ਜਾਂਦਾ ਹੈ। ਜਿਸ ਨੂੰ ਨਰਸਰੀ ਜਾਂ ਪਲੇਅ ਵੇਅ ਸਕੂਲ ਨਾਮ ਦਿੱਤਾ ਜਾਂਦਾ ਹੈ। ਜਿਸ ਦੇ ਤਿੰਨ ਚਾਰ ਸਾਲ ਪਹਿਲੀ ਜਮਾਤ ਤੱਕ ਹੀ ਅੱਪੜਨ ਲਈ ਲੱਗ ਜਾਂਦੇ ਹਨ। ਬਹੁਗਿਣਤੀ ਇਹਨਾਂ ਸਕੂਲਾਂ ਵਿਚ ਪੜਾਈ ਤੋਂ ਬਿਨਾਂ ਆਮ ਗੱਲ ਬਾਤ ਵੀ ਹਿੰਦੀ ਮਿਕਸ ਪੰਜਾਬੀ ਅੰਗਰੇਜੀ ਵਿਚ ਹੁੰਦੀ ਹੈ। ਇੱਥੇ ਸ਼ੁਰੂਆਤੀ ਦੌਰ ਤੋਂ ਹੀ ਬੱਚੇ ਮਾਤ ਭਾਸ਼ਾ ਪੰਜਾਬੀ ਤੋਂ ਦੂਰ ਹੋ ਰਹੇ ਹਨ। ਇਹ ਰਿਵਾਜ਼ ਛੋਟੇ ਵਰਗ ਤੋਂ ਲੈ ਕੇ ਵੱਡੇ ਵਰਗ ਤੱਕ ਆਮ ਹੋ ਗਿਆ ਹੈ। ਅਤਿ ਦਰਜੇ ਦੇ ਗਰੀਬ ਪਰਿਵਾਰ ਦੇ ਬੱਚੇ ਹੀ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਹਨ ਜੋ ਉਹਨਾਂ ਦੀ ਮਜ਼ਬੂਰੀ ਹੈ। ਕਈ ਥਾਂ ਕਾਨਵੈਂਟ ਸਕੂਲਾਂ ’ਚ ਪੰਜਾਬੀ ਬੋਲਣ ਤੇ ਪਾਬੰਦੀ ਤਾਂ ਹੈ ਹੀ, ਸਾਡੇ ਧਾਰਮਿਕ ਚਿੰਨ੍ਹ ਕੜਾ ਤੇ ਪੱਗ ਦਾ ਰੌਲਾ ਵੀ ਕਿਸੇ ਨਾ ਕਿਸੇ ਪਾਸੇ ਪੈਂਦਾ ਹੀ ਰਹਿੰਦਾ ਹੈ। ਉੱਥੋਂ ਪੰਜਾਬੀ ਪ੍ਰਤੀ ਕੀ ਆਸ ਰੱਖੀ ਜਾ ਸਕਦੀ ਹੈ, ਫਿਰ ਕਦੋਂ ਬੱਚਾ ਪੰਜਾਬੀ ਪੜ੍ਹ ਗੁਰਬਾਣੀ ਨਾਲ ਜੁੜੇਗਾ ਤੇ ਚੰਗੇ ਸਾਹਿਤ ਨਾਲ ਸੰਬੰਧ ਬਣਾਵੇਗਾ।

ਇਸ ਤੋਂ ਬਿਨਾਂ ਉਹ ਗੱਲਾਂ ਵੀ ਹਨ ਜੋ ਸਾਡੇ ਵਸ ਵਿਚ ਹਨ ਪਰ ਅਸੀਂ ਪੰਜਾਬੀ ਨਾਲ ਆਪ ਹੀ ਧ੍ਰੋਹ ਕਮਾ ਰਹੇ ਹਾਂ। ਅੱਜ ਹਰ ਵੱਡੇ ਤੇ ਛੋਟੇ ਸ਼ਹਿਰਾਂ ਵਿਚ ਬਹੁਤੀਆਂ ਦੁਕਾਨਾਂ ਦੇ ਬੋਰਡ ਵਗੈਰਾ ਅੰਗਰੇਜ਼ੀ ਤੇ ਹਿੰਦੀ ਵਿਚ ਆਮ ਹਨ। ਦੁਕਾਨਾਂ ਤੋਂ ਖ੍ਰੀਦੇ ਸਮਾਨ ਵਾਲੇ ਲਿਫ਼ਾਫ਼ੇ ਅੰਗਰੇਜ਼ੀ ਵਿਚ ਪ੍ਰਿੰਟ ਹਨ। ਸਰਦਾਰ ਜੀ ਹੋਰਾਂ ਦੀ ਕੋਠੀ ਦੇ ਬਾਹਰ ਨੇਮ ਪਲੇਟ ਅੰਗਰੇਜ਼ੀ ਵਿਚ ਤੱਕੀ ਦੀ ਹੈ। ਕਾਰ ਦੇ ਸ਼ੀਸ਼ੇ ਤੇ ਜਾਤ ਗੋਤ ਘੋਟ ਕੇ ਅੰਗਰੇਜ਼ੀ ਡਿਜਾਇਨ ’ਚ, ਅੱਜ ਤਾਂ ਕਈ ਘਰਾਂ ’ਚ ਬੱਚਿਆ ਤੋਂ ਲੈ ਕੇ ਵੱਡਿਆਂ ਦੇ ਨਾਮ ਵੀ ਅੰਗਰੇਜ਼ੀ ਸ਼ਬਦਾਂ ਦੇ ਸੁਣਦੇ ਹਾਂ। ਵਿਆਹ-ਸ਼ਾਦੀਆਂ ਆਦਿ ਦੇ ਕਾਰਡ ਛਪਣੇ ਅੰਗਰੇਜ਼ੀ ਵਿਚ ਪ੍ਰਚੱਲਤ ਹੋ ਗਏ ਹਨ, ਜਿੱਥੇ ਘਰ ਦੇ ਕਈ ਮੈਂਬਰ ਇਹ ਕਾਰਡ ਪੜ੍ਹ ਵੀ ਨਹੀਂ ਸਕਦੇ। ਹੋਰ ਤਾਂ ਹੋਰ ਪਿੰਡਾਂ ’ਚ ਟਰਾਲੀਆਂ ਦੇ ਡਾਲੇ ਤੇ ਵੀ ਅੰਗਰੇਜ਼ੀ ਘੋਟੀ ਮਿਲਦੀ ਹੈ। ਸਰਕਾਰ ਨੇ ਰਾਜਨੀਤਕ ਸੋਚ ਨਾਲ ਪੰਜਾਬੀ ਪ੍ਰਸਾਰ ਨੂੰ ਹਰ ਪਾਸੇ ਹੀ ਲਾਗੂ ਕਰ ਦਿੱਤਾ, ਕਿਹਾ ਸੁਣੀਦਾ ਹੈ ਪਰ ਸਰਕਾਰੀ ਕੰਮਕਾਰ ਅੰਗਰੇਜ਼ੀ ਵਿਚ ਹੀ ਹੋ ਰਹੇ ਹਨ। ਬੜਾ ਦੁੱਖ ਹੁੰਦਾ ਹੈ ਜਦੋਂ ਪੰਜਾਬੀ ਵਿਚ ਭਰੇ ਫਾਰਮ ’ਤੇ ਦਸਤਖ਼ਤ ਅੰਗਰੇਜ਼ੀ ਵਿਚ ਹੁੰਦੇ ਹਨ। ਅੱਜ ਦੇ ਬੱਚਿਆਂ ਨੂੰ ਜੋ ਅੱਠਵੀਂ, ਦਸਵੀਂ ਦੇ ਹਨ ਬਿਆਲੀ, ਪਚਵੰਜਾ, ਅਠੱਤਰ, ਬਾਨਵੇਂ ਆਦਿ ਦਾ ਪੰਜਾਬੀ ਵਿਚ ਕੋਈ ਪਤਾ ਹੀ ਨਹੀਂ ਹੈ। ਅੱਜ ਪੇਪਰ ਦੇ ਰਹੇ ਬੱਚਿਆਂ ਦਾ ਪੰਜਾਬੀ ਵਿਚ ਲਿਖਿਆ ਨਾਮ ਵੀ ਸਹੀ ਨਹੀਂ ਹੁੰਦਾ, ਪੂਰੇ ਪੇਪਰ ਦੀ ਗੱਲ ਕੀ ਕਰੀਏ। ਫਿਰ ਕਿੱਥੋਂ ਸ਼ੁੱਧ ਗੁਰਬਾਣੀ ਪੜ੍ਹ ਚੰਗੇ ਜੀਵਨ ਦੀ ਸੇਧ ਲਵਾਂਗੇ ਤੇ ਪੰਜਾਬੀ ਦੇ ਮਹਾਨ ਸਾਹਿਤ ਤੋਂ ਜਾਣੂ ਹੋਵਾਂਗੇ। ਇਹ ਹਨ, ਕੁਝ ਕੁ ਗੱਲਾਂ ਜੋ ਸਾਨੂੰ ਤੇ ਸਾਡੇ ਬੱਚਿਆ ਨੂੰ ਊੜੇ ਤੋਂ ਦੂਰ ਕਰ ਰਹੀਆਂ ਹਨ।

ਅਗਲੀ ਗੱਲ ਹੋਰ ਵੀ ਬਹੁਤ ਜ਼ਰੂਰੀ ਹੈ ਜਿਸ ਦਾ ਸੰਬੰਧ ਸਾਡੇ ਧਰਮ ਤੇ ਪੰਜਾਬੀ ਨਾਲ ਤਾਂ ਹੈ ਹੀ ਸਗੋਂ ਉਹ ਸਾਡੇ ਵਿਰਸੇ ਨਾਲ ਵੀ ਜੁੜੀ ਹੈ। ਉਹ ਹੈ ਉੱੜੇ ਤੋਂ ਬਾਅਦ ਜੂੜਾ। ਸਾਡੇ ਸਿੱਖ ਗੁਰੂਆਂ ਨੇ ਸਾਡੀ ਸਿੱਖਾਂ ਦੀ ਪਛਾਣ ਪੂਰੀ ਦੁਨੀਆਂ ਤੋਂ ਅਲੱਗ ਹੀ ਬਣਾਈ ਹੈ ਉਹ ਹੈ ਸਿਰ ਦੇ ਵਾਲ ਭਾਵ ਜੂੜਾ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਪੰਜਾਬੀ ਹੈ, ਸਿੱਖ ਹੈ। ਉੱੜੇ ਦੇ ਨਾਲ ਅੱਜ ਜੂੜੇ ਵੱਲ ਵੀ ਦੇਖ ਦੁੱਖ ਹੋ ਰਿਹਾ ਹੈ। ਕਹਿਣ ਨੂੰ ਤਾਂ ਕਿਹਾ ਜਾਂਦਾ ਹੈ ਕਿ ਜੋ ਕੌਮਾਂ ਧਰਮ ਤੇ ਵਿਰਸੇ ਨੂੰ ਛੱਡ ਦੇਣ ਉਹ ਹੌਲੀ ਹੌਲੀ ਮਰ ਹੀ ਜਾਂਦੀਆਂ ਹਨ, ਹੁਣ ਅਸੀਂ ਕਿਹੜਾ ਜਿਉਂਦੇ ਹਾਂ ਜਦੋਂ ਧਰਮ ਤੇ ਵਿਰਸਾ ਹੀ ਛੱਡਣ ਦੇ ਰਾਹ ਪੈ ਗਏ ਹਾਂ। ਪਿਛਲੇ ਦਸ ਕੁ ਸਾਲਾਂ ਤੋਂ ਪੰਜਾਬ ਵਿਚ ਪਤਿਤਪੁਣੇ ਦੀ ਐਸੀ ਹਨੇਰੀ, ਵਗੀ ਹੈ ਜੋ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਸਭ ਸੂਝਵਾਨਾਂ ਦੇ ਅੱਥਰੂ ਨਿਕਲਦੇ ਹਨ ਕਿ ਗੁਰਾਂ ਦੇ ਨਾਮ ’ਤੇ ਵੱਸਣ ਵਾਲਾ ਪੰਜਾਬ ਕਿਹੜੇ ਰਾਹ ਤੁਰ ਪਿਆ ਹੈ। ਅੱਜ ਛੋਟੇ ਬੱਚਿਆਂ ਤੋਂ ਲੈ ਕੇ ਨੌਜਆਨ ਤਾਂ ਕੀ ਬੁਢੇਪੇ ਵਿਚ ਪੁੱਜੇ ਸਿੱਖ ਵੀ ਘੋਨ ਮੋਨ ਸਿਰ ਮੂੰਹ ਇੱਕ ਕਰਨ ਵਿਚ ਹੀ ਪਤਾ ਨਹੀਂ ਕੀ ਮਾਣ ਸਮਝ ਰਹੇ ਹਨ। ਜੋ ਖ਼ੁਦ ਵਾਲ ਨਹੀਂ ਰੱਖ ਰਹੇ, ਉਹ ਆਪਣੇ ਹੀ ਬੱਚਿਆਂ ਨੂੰ ਕਿਵੇਂ ਸਿੱਖੀ ਬਾਰੇ ਪ੍ਰੇਰਿਤ ਕਰਨਗੇ। ਅੱਜ ਨੌਜਵਾਨ ਤਾਂ ਕੀ ਛੋਟੇ ਬੱਚਿਆਂ ਦੇ ਵਾਲ ਵੀ ਮਾਤਾਵਾਂ ਨਹੀਂ ਸਾਂਭ ਸਕਦੀਆਂ, ਯਾਦ ਕਰੋ ਉਹਨਾਂ ਮਾਤਾਵਾਂ ਨੂੰ ਜੋ ਗਲ਼ਾਂ ਵਿਚ ਬੱਚਿਆ ਦੇ ਟੋਟੇ ਪਾ ਕੇ ਵੀ ਸਿੱਖੀ ਸਿਦਕ ’ਤੇ ਕਾਇਮ ਰਹੀਆਂ। ਅੱਜ ਸਿੱਖ ਬੀਬੀਆਂ ਵੀ ਫੈਸਨ ਪ੍ਰਸਤੀ ਵਿਚ ਬਹੁਤ ਅੱਗੇ ਲੰਘ ਗਈਆਂ ਹਨ।

ਮੁੱਖ ਤੌਰ ’ਤੇ ਪੰਜਾਬ ਵਿਚ ਦੋ ਚੀਜ਼ਾ ਨੇ ਪਤਿਤਪੁਣਾ ਫੈਲਾਉਣ ਦਾ ਪੂਰਾ ਕੰਮ ਕੀਤਾ ਹੈ। ਪਹਿਲੇ ਨੰਬਰ ਤੇ ਹੈ ਅੱਜ ਚੱਲ ਰਹੀ ‘ਗਲਤ ਤੇ ਲੱਚਰ ਗਾਇਕੀ’ ਤੇ ਦੂਜੀ ਹੈ ‘ਕਬੱਡੀ’। ਪੰਜਾਬੀ ਗਇਕੀ ਪੇਸ਼ ਕਰ ਰਹੇ ਬਹੁਤੇ ਕਲਾਕਾਰ ਖੁਦ ਹੀ ਸਿਰ ਮੂੰਹ ਤੋਂ ਮੋਨੇ ਹਨ ਤੇ ਉਹ ਅੱਜ ਦੇ ਗੀਤ ਸੰਗੀਤ ਵਿਚ ਵੀ ਬਕਵਾਸ ਜਿਹਾ ਦਿਖਾਈ ਜਾ ਰਹੇ ਹਨ। ਅੱਜ ਜ਼ਿਆਦਤਾਰ ਜੁਆਨੀ ਇਹਨਾਂ ਦੀ ਦੀਵਾਨੀ ਹੈ ਤੇ ਇਹਨਾਂ ਨੂੰ ਹੀ ਰੋਲ ਮਾਡਲ ਸਮਝ, ਇਹਨਾਂ ਦੀ ਨਕਲ ਕਰਦੀ ਹੀ ਵਿਚਰ ਰਹੀ ਹੈ। ਅੱਜ ਪੰਜਾਬੀ ਗੀਤਾਂ ਵਿਚਲੇ ਪਾਤਰਾਂ ਨੂੰ ਤੱਕ ਕੇ ਜੁਆਨੀ ਘੋਨ ਮੋਨ ਹੋਈ, ਗੀਤਾਂ ਵਾਂਗ ਹੀ ਮੋਟਰ ਸਾਇਕਲ, ਮੋਬਾਇਲ ਤੇ ਕਾਰਾਂ ਲੈ ਕੇ ਰਫ਼ਲਾ ਬੰਦੂਕਾਂ ਫੜ ਇਕ ਦੂਜੇ ’ਤੇ ਹਮਲੇ ਕਰਦੀ, ਆਸ਼ਕੀ ਵਿਚ ਲੜਾਈਆਂ ਕਰ ਰਹੀ ਹੈ ਜੋ ਕਿ ਪੂਰਨ ਸੱਚ ਹੈ।

ਕਬੱਡੀ ਸਾਡੀ ਮਾਂ-ਖੇਡ ਹੈ ਜੋ ਤਰੱਕੀ ਵਿੱਚ ਹੈ ਤੇ ਚੰਗਾ ਹੈ ਪਰ ਪੰਜਾਬੀਆਂ ਦੀ ਖੇਡ ਵਿੱਚ ਜੂੜੇ ਵੀ ਗਾਇਬ ਹਨ। ਅੱਜ ਕਈ ਨੌਜਵਾਨ ਕਬੱਡੀ ਖੇਡਣ ਕਾਰਨ ਹੀ ਵਾਲ਼ ਨਹੀਂ ਰੱਖ ਰਹੇ। ਮੈਂ ਅਜਿਹੇ ਨੌਜਵਾਨ ਵੀ ਤੱਕੇ ਹਨ ਜੋ ਕਹਿ ਰਹੇ ਹਨ ਕਿ ਕਬੱਡੀ ਕਾਰਨ ਹੀ ਵਾਲ਼ ਕੱਟੇ ਹਨ ਪਰ ਵੜੇ ਕਦੀ ਉਹ ਗਰਾਊਂਡ ਵਿੱਚ ਵੀ ਨਹੀਂ। ਕੀ ਮਹਾਨ ਕਬੱਡੀ ਖਿਡਾਰੀ ਬਲਵਿੰਦਰ ਫਿੱਡਾ ਤੇ ਹੋਰ ਜੂੜੇ ਨਾਲ ਨਾਮ ਨਹੀਂ ਕਮਾ ਕੇ ਗਏ।

ਪੰਜਾਬੀਓ! ਯਾਦ ਕਰੋ ਉਹ ਵੇਲਾ, ਜਦੋਂ ਮਿਲਖਾ ਸਿੰਘ ਦੌੜਦਾ ਭਾਵ ਉੱਡਦਾ ਸੀ ਤਾਂ ਸਮੁੱਚੀ ਦੁਨੀਆਂ ਦੀ ਅੱਖ ’ਤੇ ਉਸ ਦੀ ਪਛਾਣ, ਉਸ ਦੇ ਜੂੜੇ ਕਾਰਨ ਸੀ। ਉਹ ਦਿ੍ਰਸ਼ ਅੱਖਾਂ ਅੱਗੇ ਲਿਆਓ, ਜਦੋਂ ਵਿਸ਼ਵ ਜੇਤੂ ਸਾਡੀ ਹਾਕੀ ਟੀਮ, ਹਾਕੀ ਨਾਲ ਬਾਲ ਨੂੰ ਰੇੜਦੀ ਸੀ ਤਾਂ ਦਰਸ਼ਕਾਂ ਦੀਆਂ ਅੱਖਾਂ ਵਿੱਚ ਖਿਡਾਰੀਆਂ ਦੇ ਸਿਰ ਦੇ ਜੂੜੇ ਚਿੱਟੇ ਰੁਮਾਲਾਂ ਨਾਲ ਗਰਾਊਂਡ ਵਿੱਚ ਘੁੰਮ ਕੇ ਅਜੀਬ ਦਿ੍ਰਸ਼ ਪੇਸ਼ ਕਰਦੇ ਸਨ। ਉਹ ਖਿਡਾਰੀ ਵੀ ਮਹਾਨ ਬਣੇ ਤੇ ਜੂੜੇ ਦਾ ਵੀ ਕੋਈ ਅੜਿੱਕਾ ਨਹੀਂ ਸੀ ਪਰ ਅੱਜ?

ਇੱਕ ਪਾਸੇ ਤਾਂ ਪੰਜਾਬ ਵਿੱਚ ਧਾਰਮਿਕ ਪ੍ਰਚਾਰ ਜੋਰਾਂ ’ਤੇ ਪ੍ਰਚਾਰਿਆ ਜਾ ਰਿਹਾ ਹੈ। ਸ਼ੋ੍ਰਮਣੀ ਕਮੇਟੀ, ਡੇਰੇਦਾਰ, ਬਾਬੇ, ਕੀਰਤਨੀਏ, ਢਾਡੀ, ਕਵੀਸ਼ਰ, ਸਿੱਖ ਸੁਸਾਇਟੀਆਂ ਤੇ ਹੋਰ ਧਾਰਮਿਕ ਸੰਸਥਾਵਾਂ ਦੇ ਵੱਡੇ-ਵੱਡੇ ਪ੍ਰੋਗਰਾਮ ਤੱਕਦੇ ਸੁਣਦੇ ਹਾਂ। ਦੂਜੇ ਪਾਸੇ ਇਸ ਪ੍ਰਚਾਰ ਦਾ ਅਸਰ ਪੂਰੇ ਪੰਜਾਬ ਵਿੱਚ ਨਾ-ਮਾਤਰ ਹੀ ਦਿਖ ਰਿਹਾ ਹੈ ਕਿਸੇ ਪਾਸੇ ਵੀ ਪਤਿਤਪੁਣੇ ਨੂੰ ਠੱਲ ਨਹੀਂ ਪੈ ਰਹੀ ਸਗੋਂ ਇਹ ਕੰਮ ਵੱਧਦਾ ਹੀ ਜਾ ਰਿਹਾ, ਜਾਪਦਾ ਹੈ। ਕਈ ਥਾਂਈ ਤਾਂ ਸਿੱਖ ਪ੍ਰਚਾਰਕਾਂ, ਬਾਬਿਆਂ, ਕੀਰਤਨੀ-ਢਾਡੀ, ਸ਼੍ਰੋਮਣੀ ਕਮੇਟੀ ਮੈਂਬਰਾਂ, ਇੱਥੋਂ ਤੱਕ ਕਿ ਗ੍ਰੰਥੀ ਸਿੰਘਾਂ ਦੇ ਬੱਚੇ ਵੀ ਪਤਿਤ ਤੱਕੇ ਹਨ। ਹੁਣ ਤਾਂ ਸਾਡੀ ਔਲਾਦ ਵੀ ਸਾਡੇ ਕਹਿਣੇ ਵਿੱਚ ਨਹੀਂ ਹੈ। ਸ਼ਹਿਰਾਂ ਤੋਂ ਇਲਾਵਾ ਅੱਜ ਪਿੰਡਾਂ ਵਿੱਚ ਵੀ ਮੰਗ ਅਨੁਸਾਰ ਵਾਲ਼-ਕਟਿੰਗ ਤੇ ਬਿਊਟੀ ਪਾਰਲਰ ਦੀਆਂ ਦੁਕਾਨਾਂ ਦੀ ਭਰਮਾਰ ਹੈ ਤੇ ਉਹ ਵੱਧ-ਫੁੱਲ ਰਹੇ ਹਨ।

ਮੈਨੂੰ ਬੜੀ ਨਮੋਸ਼ੀ ਹੁੰਦੀ ਹੈ ਜਦੋਂ ਕਾਰ ਵਿੱਚ ਪਿਤਾ ਜੀ ਚਿੱਟਾ ਦਾੜ੍ਹਾ ਤੇ ਉਤੋਂ ਦੀ ਕ੍ਰਿਪਾਨ ਪਾਈ ਬੈਠਾ ਹੁੰਦਾ ਹੈ ਤੇ ਪੁੱਤਰ ਕੰਨ ’ਚ ਮੁੰਦਰ, ਦਾੜੀ ਤੇ ਸਿਰ ਦੇ ਵਾਲ਼ਾਂ ਦੇ ਅਜੀਬ ਕੱਟ ਬਣਾਈ ਕਾਰ ਚਲਾ ਰਿਹਾ ਹੁੰਦਾ ਹੈ, ਇਹ ਸੱਚ ਪੰਜਾਬ ’ਚ ਆਮ ਹੈ।

ਇੱਕ ਹੋਰ ਚੱਲੇ ਨਵੇਂ ਰਿਵਾਜ ਨਾਲ ਲੇਖ ਦੀ ਸਮਾਪਤੀ ਕਰੀਏ। ਜਦੋਂ ਕੋਈ ਬਰਾਤ ਚੜਦੀ ਹੈ ਤੇ ਲਾੜਾ ਸੱਜ ਧੱਜ ਸੁੰਦਰ ਪੱਗ ਬੰਨ੍ਹ, ਹਲਕੀ ਦਾੜੀ ਰੱਖ ਵਿਆਹੁਣ ਜਾਂਦਾ ਹੈ ਅਤੇ ਉਹੀ ਲੜਕਾ ਆਨੰਦ-ਕਾਰਜ ਤੋਂ ਬਾਅਦ ਸਾਡੇ ਅੱਗੇ ਕਿਵੇਂ ਨਵ-ਵਿਆਹੀ ਲੜਕੀ ਨਾਲ ਆਉਂਦਾ ਹੈ, ਦਾੜੀ-ਮੁੱਛ ਰਗੜਾ ਤੇ ਪੱਗ ਕਿਤੇ ਸੁੱਟ, ਵਾਲਾਂ ਨੂੰ ਜੈੱਲ ਲਾ ਕੇ ਸਟੇਜ ’ਤੇ ਆਉਂਦਾ ਹੈ। ਯਕੀਨ ਹੀ ਨਹੀਂ ਆਉਂਦਾ ਕਿ ਇਹ ਉਹੀ ਕਾਕਾ ਹੈ ਜੋ ਸਵੇਰੇ ਸਰਦਾਰ ਬਣ ਸਜ ਕੇ ਆਇਆ ਸੀ ਤੇ ਹੁਣ…..?

ਇਹ ਵਰਤਾਰਾ ਆਮ ਹੋ ਰਿਹਾ ਹੈ ਕਰਨ ਵਾਲੇ ਸਾਡੇ ਬੱਚੇ ਹਨ ਤੇ ਦੇਖਣ ਵਾਲੇ ਅਸੀਂ ਸਭ। ਫਿਰ ਹੋਰ ਕੌਣ ਰੋਕੂ ਇਨ੍ਹਾਂ ਹਰਕਤਾਂ ਨੂੰ, ਜੋ ਸਿੱਖੀ ਅਤੇ ਸਾਡੇ ਵਿਰਸੇ ਨਾਲ ਮੇਲ ਹੀ ਨਹੀਂ ਖਾਂਦੀਆਂ।

ਉਪਰੋਕਤ ਗੱਲਾਂ ਤੋਂ ਇਹ ਤਾਂ ਭਲੀ-ਭਾਂਤ ਹੀ ਸਿੱਧ ਹੋ ਰਿਹਾ ਹੈ ਕਿ ਅੱਜ ਅਸੀਂ ਊੜੇ ਤੇ ਜੂੜੇ ਨੂੰ ਬਿਨ-ਮਤਲਬ ਵਿਸਾਰ ਹੀ ਨਹੀਂ ਰਹੇ, ਸਗੋਂ ਹੌਲੀ-ਹੌਲੀ ਆਪ ਹੀ ਖ਼ਤਮ ਜਿਹਾ ਕਰੀ ਜਾ ਰਹੇ ਹਾਂ। ਜੋ ਕਿ ਚੰਗੀਆਂ ਤੇ ਸੁਚੇਤ ਕੌਮਾਂ ਦੇ ਹਿੱਤ ਵਿੱਚ ਨਹੀਂ ਹੈ। ਸਾਨੂੰ ਆਪਣੇ ਮਹਾਨ ਇਤਿਹਾਸ ’ਤੇ ਝਾਤੀ ਮਾਰਨੀ ਚਾਹੀਦੀ ਹੈ, ਜਿਸ ਇਤਿਹਾਸ ਵਰਗਾ ਦੁਨੀਆਂ ’ਤੇ ਕੁਝ ਵੀ ਨਹੀਂ ਹੈ। ਧਾਰਮਿਕ ਤੇ ਸੱਭਿਆਚਾਰ ਵਾਲੇ ਪੱਖ ਤੋਂ ਟੁੱਟ ਕੇ ਅਸੀਂ ਦੁੱਖ ਭੋਗਾਂਗੇ ਤੇ ਭੋਗ ਵੀ ਰਹੇ ਹਾਂ। ਮੇਰੀ ਸਭ ਨੂੰ ਅਰਜੋਈ ਹੈ ਕਿ ਆਓ! ਇੱਕ ਜੁਟ ਹੋ ਕੇ ਸਾਡੀ ਮਹਾਨ ਵਿਰਾਸਤ ਨੂੰ ਸਾਂਭੀਏ ਤੇ ਮਹਾਨ ਵਿਰਸੇ ਨਾਲ ਜੁੜ ਸੁਰਜੀਤ ਹੋਈਏ ਤੇ ਸਦਾ ਰਹੀਏ। ਅਜਿਹਾ ਮਾਹੌਲ ਨਾ ਬਣੇ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਉੱਕਾ ਹੀ ਇਨ੍ਹਾਂ ਗੱਲਾਂ ਨੂੰ ਵਿਸਾਰ ਦੇਣ। ਸਾਡੀ ਭਾਸ਼ਾ ਮਾਂ-ਬੋਲੀ ਤੇ ਅੱਡਰੀ ਪਛਾਣ ਹੀ ਗੁੰਮ ਹੋ ਨਾ ਰਹਿ ਜਾਏ।

ਸੋ, ਕਰੋ ਯਤਨ ਊੜੇ ਤੇ ਜੂੜੇ ਨੂੰ ਸਾਂਭਣ ਦੇ….।