ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥

0
735

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥

ਬੀਬੀ ਮਨਰਾਜ ਕੌਰ-98555-61976

ਮਹਾਂ ਸਿੰਘ:-(ਗੁਣਗੁਣਾਉਂਦਾ ਹੋਇਆ) ‘‘ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥ ਹਾਥ ਦੇਇ ਰਾਖੈ ਅਪਨੇ ਕਉ, ਸਾਸਿ ਸਾਸਿ ਪ੍ਰਤਿਪਾਲੇ॥’’

ਚਿਤਵਨ ਸਿੰਘ:-ਦਾਦਾ ਜੀ! ਦਾਦਾ ਜੀ! ਤੁਸੀਂ ਇਹ ਕੀ ਗਾ ਰਹੇ ਹੋ ?

ਮਹਾਂ ਸਿੰਘ:-ਪੁੱਤਰ ਜੀ! ਇਹ ਗੁਰਬਾਣੀ ਦੀ ਤੁਕ ਹੈ।

ਚਿਤਵਨ ਸਿੰਘ:-ਇਸ ਦਾ ਕੀ ਮਤਲਬ ਹੈ ?

ਮਹਾਂ ਸਿੰਘ:- ਬੇਟਾ ਜੀ! ਇਸ ਤੋਂ ਭਾਵ ਹੈ ਕਿ ਪਰਮਾਤਮਾ ਸਦਾ ਆਪਣੇ ਸੁਭਾਅ ਨੂੰ ਸੰਮ੍ਹਾਲਦਾ (ਯਾਦ ਰੱਖਦਾ) ਹੈ ਤੇ ਕਦੀ ਵੀ (ਆਪਣੇ ਸੇਵਕਾਂ ਨੂੰ) ਅਉਖੀ ਘੜੀ ਭਾਵ ਮੁਸ਼ਕਿਲ ਸਮਾਂ ਨਹੀਂ ਦੇਖਣ ਦਿੰਦਾ। ਸਦਾ ਹੱਥ ਦੇ ਕੇ ਹਰ ਸੁਆਸ, ਹਰ ਪਲ ਉਹ ਸਾਡੀ ਪਾਲਣਾ ਕਰਦਾ ਹੈ।

ਚਿਤਵਨ ਸਿੰਘ:-ਦਾਦਾ ਜੀ! ਏਦਾਂ ਕਿਵੇਂ ਹੋ ਸਕਦਾ ਹੈ ?

ਮਹਾਂ ਸਿੰਘ:- ਪੁੱਤਰ ਜੀ! ਸਦਾ ਇਸੇ ਤਰ੍ਹਾਂ ਹੀ ਹੁੰਦਾ ਹੈ, ਜੀ।

ਚਿਤਵਨ ਸਿੰਘ:-ਪਰ ਦਾਦਾ ਜੀ! ਤੁਸੀਂ ਇਤਨੀ ਗੁਰਬਾਣੀ ਪੜ੍ਹਦੇ ਹੋ, ਇਤਨਾ ਰੱਬ ਨੂੰ ਯਾਦ ਕਰਦੇ ਹੋ ਪਰ ਫਿਰ ਵੀ ਪਿਛਲੇ ਮਹੀਨੇ ਜਦੋਂ ਤੁਸੀਂ ਆਪਣੇ ਰਸਤੇ ਆਰਾਮ ਨਾਲ ਤੁਰੇ ਜਾ ਰਹੇ ਸੀ ਤਾਂ ਤੇਜ਼ ਮੋਟਰ ਸਾਈਕਲ ਵਾਲੇ ਆਪ ਨੂੰ ਜ਼ੋਰ ਦੀ ਟੱਕਰ ਮਾਰ ਕੇ ਸੁੱਟ ਗਏ ਤੇ ਆਪ ਜੀ ਦੀ ਲੱਤ ਟੁੱਟ ਗਈ। ਅਜੇ ਤੱਕ ਆਪ ਜੀ ਪਲੱਸਤਰ ਲਵਾ ਕੇ ਬਿਸਤਰੇ ’ਤੇ ਪਏ ਹੋ। ਕੀ ਇਹ ਰੱਬ ਜੀ ਨੇ ਆਪ ਨੂੰ ਮੁਸ਼ਕਿਲ ਸਮਾਂ ਨਹੀਂ ਦਿੱਤਾ।

ਮਹਾਂ ਸਿੰਘ:-ਪੁੱਤਰ ਜੀ! ਇਹ ਉਸ ਮੁਸ਼ਕਿਲ ਸਮੇਂ ਦੀ ਗੱਲ ਨਹੀਂ ਏ।

ਚਿਤਵਨ ਸਿੰਘ:-ਫਿਰ ਕਿਹੜੇ ਮੁਸ਼ਕਿਲ ਸਮੇਂ ਦੀ ਗੱਲ ਹੈ, ਦਾਦਾ ਜੀ ?

ਮਹਾਂ ਸਿੰਘ:-ਪੁੱਤਰ ਜੀ! ਗੁਰਬਾਣੀ ਦੱਸਦੀ ਹੈ ਕਿ ਮਨੁੱਖ ਦੇ ਦੁਸ਼ਮਣ ‘ਪੰਜ ਵਿਕਾਰ’ ਹਨ।

ਚਿਤਵਨ ਸਿੰਘ:-ਹਾਂ ਜੀ। ਦਾਦਾ ਜੀ! ਉਹ ਮੈਨੂੰ ਪਤਾ ਹੈ।

ਮਹਾਂ ਸਿੰਘ:-ਕਿਹੜੇ ਭਲਾ ?

ਚਿਤਵਨ ਸਿੰਘ:-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ।

ਮਹਾਂ ਸਿੰਘ:-ਬਿਲਕੁਲ ਠੀਕ, ਪੁੱਤਰ ਜੀ! ਤੇ ਇਹ ਵਿਕਾਰ ਹੀ ਬੰਦੇ ਤੇ ਹਮੇਸ਼ਾਂ ਮੁਸ਼ਕਲ ਸਮਾਂ ਲਿਆਉਂਦੇ ਹਨ, ਹਾਲਾਤ ਚੰਗੇ ਮਾੜੇ ਹੋ ਸਕਦੇ ਹਨ ਪਰ ਜੇ ਅਸੀਂ ਵਿਕਾਰਾਂ ਤੋਂ ਬੱਚ ਜਾਵਾਂਗੇ ਤਾਂ ਸਾਡਾ ਅੰਦਰਲਾ ਜੀਵਨ, ਸਾਡਾ ਸੁਭਾਅ, ਸਾਡੀ ਮਨੋਦਸ਼ਾ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੋਈ ਜੀਵਨ ਵਿੱਚ ਖੁਸ਼ੀ ਬਣਾਈ ਰੱਖੇਗੀ ।

ਚਿਤਵਨ ਸਿੰਘ:-ਪਰ ਦਾਦਾ ਜੀ! ਅਸੀਂ ਕਦੀ ਬਿਮਾਰ ਹੁੰਦੇ ਹਾਂ, ਕਦੀ ਪੈਸੇ ਘੱਟ ਜਾਂਦੇ ਹਨ, ਕਦੀ ਪੜ੍ਹਾਈ ਵਿਚੋਂ ਨੰਬਰ ਘੱਟ ਆ ਜਾਂਦੇ ਹਨ ਤੇ ਕਦੀ ਕੋਈ ਰਿਸ਼ਤੇਦਾਰ ਪ੍ਰੇਸ਼ਾਨ ਹੋ ਜਾਂਦਾ ਹੈ ਜਾਂ ਕਰ ਦਿੰਦਾ ਹੈ। ਕੀ ਉਹ ਸਮੇਂ ਅਉਖੀ ਘੜੀ ਨਹੀਂ ਹੁੰਦੀ?

ਮਹਾਂ ਸਿੰਘ:-ਹੁੰਦੀ ਹੈ, ਪਰ ਉਹ ਆਉਂਦੀ ਇਨ੍ਹਾਂ ਵਿਕਾਰਾਂ ਦੇ ਆਉਣ ਤੋਂ ਬਾਅਦ ਹੀ ਹੈ। ਵਿਕਾਰ ਜਦੋਂ ਮਨ ਨੂੰ ਕਾਬੂ ਕਰਦਾ ਹੈ ਤਾਂ ਹੀ ਵਿਗਾੜ ਖੜ੍ਹਾ ਹੁੰਦਾ ਹੈ।

ਚਿਤਵਨ ਸਿੰਘ:-ਉਹ ਕਿਵੇਂ ਦਾਦਾ ਜੀ ?

ਮਹਾਂ ਸਿੰਘ:-ਉਹ ਇਸ ਤਰ੍ਹਾਂ ਪੁੱਤਰ ਜੀ! ਜਿਵੇਂ ਹੁਣ ਮੇਰੀ ਲੱਤ ਦਾ ਐਕਸੀਡੈਂਟ ਤਾਂ ਹੋ ਗਿਆ ਤੇ ਮੈਂ ਬਿਸਤਰੇ ’ਤੇ ਵੀ ਹਾਂ। ਪਰ ਮੈਂ ਹੁਣ ਵੱਡੇ ਤੇ ਬਜ਼ੁਰਗ ਹੋਣ ਦੇ ਹੰਕਾਰ ਵਿਚ ਸਾਰੇ ਘਰ ’ਤੇ ਰੋਹਬ ਪਾਈ ਜਾਵਾਂ। ਰੌਲਾ-ਰੱਪਾ ਪਾਈ ਜਾਵਾਂ ਤਾਂ ਕੀ ਤੁਹਾਡਾ ਸਭ ਦਾ ਮੇਰੇ ਨਾਲ ਪਿਆਰ ਵਧੇਗਾ ਜਾਂ ਵਿਗਾੜ ਵਧੇਗਾ?

ਚਿਤਵਨ ਸਿੰਘ:-ਉਹ ਤੇ ਦਾਦਾ ਜੀ! ਏਦਾਂ ਤਾਂ ਵਿਗਾੜ ਹੀ ਵਧੇਗਾ।

ਮਹਾਂ ਸਿੰਘ:-ਮੈਂ (ਉਸ ਵਿਗਾੜ ਕਾਰਨ) ਜਲਦੀ ਠੀਕ ਹੋਵਾਂਗਾ ਜਾਂ ਲੇਟ?

ਚਿਤਵਨ ਸਿੰਘ:-ਲੇਟ ਦਾਦਾ ਜੀ।

ਮਹਾਂ ਸਿੰਘ:-ਫਿਰ ਬਣ ਗਈ ਨਾ ਅਉਖੀ ਘੜੀ ?

ਚਿਤਵਨ ਸਿੰਘ:-ਠੀਕ ਹੈ ਦਾਦਾ ਜੀ! ਮੈਨੂੰ ਸਮਝ ਆ ਗਈ।

ਮਹਾਂ ਸਿੰਘ:-ਤੁਸੀਂ ਬਹੁਤ ਚੰਗੇ ਬੱਚੇ ਹੋ, ਜੀ।

ਚਿਤਵਨ ਸਿੰਘ:-ਪਰ ਮੈਨੂੰ ਇਹ ਦੱਸੋ ਕਿ ਪ੍ਰਮਾਤਮਾ ਕਿਵੇਂ ਏਦਾਂ ਦੀ ਅਉਖੀ ਘੜੀ ਨਹੀਂ ਦੇਖਣ ਦਿੰਦਾ ? ਆਪਣਾ ਸੁਭਾਅ ਕਿਵੇਂ ਸੰਮ੍ਹਾਲਦਾ ਹੈ ? ਸਾਨੂੰ ਕਿਵੇਂ ਹਰ ਸੁਆਸ ਪਾਲਦਾ ਹੈ?

ਮਹਾਂ ਸਿੰਘ:-ਉਹ ਪੁੱਤਰ ਜੀ! ਇੰਨੇ ਸਾਰੇ ਸੁਆਲ? ਠਹਿਰੋ ਜੀ।

ਚਿਤਵਨ ਸਿੰਘ:-ਨਹੀਂ ਦਾਦਾ ਜੀ ! ਦੱਸੋ ਨਾ।

ਮਹਾਂ ਸਿੰਘ:-ਪੁੱਤਰ ਜੀ! ਮਨੁੱਖ ਅੰਦਰ ਰੱਬੀ ਗੁਣ ਹੁੰਦੇ ਨੇ ਨਾ ?

ਚਿਤਵਨ ਸਿੰਘ:-ਹਾਂ ਜੀ ! ਉਹ ਮੈਨੂੰ ਪਤਾ ਹੈ।

ਮਹਾਂ ਸਿੰਘ:-ਕੀ ਭਲਾ ?

ਚਿਤਵਨ ਸਿੰਘ:- ਤੁਸੀਂ ਮੈਨੂੰ ਦੱਸਿਆ ਸੀ ‘ਮੂਲ ਮੰਤ੍ਰ’ ਵਾਲੇ ਸਾਰੇ ਰੱਬੀ ਗੁਣ ਸਾਡੇ ਅੰਦਰ ਹਮੇਸ਼ਾਂ ਮੌਜੂਦ ਹੁੰਦੇ ਹਨ ਕਿਉਂਕਿ ਅਸੀਂ ਰੱਬ ਜੀ ਦੇ ਬੱਚੇ ਹਾਂ।

ਮਹਾਂ ਸਿੰਘ:-ਬਿਲਕੁਲ ਠੀਕ! ਪਰ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਇਨ੍ਹਾਂ ਰੱਬੀ ਗੁਣਾਂ ਨੂੰ ਭਾਵ ਆਪਣੇ ਅੰਦਰਲੇ ਰੱਬ ਜੀ ਨੂੰ ਮਹਿਸੂਸ ਕਰਨਾ ਭੁੱਲ ਜਾਂਦੇ ਹਾਂ।

ਚਿਤਵਨ ਸਿੰਘ:-ਪਰ ਜੇ ਮਹਿਸੂਸ ਕਰਦੇ ਰਹੀਏ ਤਾਂ ਫਿਰ ਕੀ ਹੁੰਦਾ ਹੈ ?

ਮਹਾਂ ਸਿੰਘ:-ਮਹਿਸੂਸ ਕਰਦੇ ਰਹੀਏ ਤਾਂ ਸਾਡੇ ਅੰਦਰ ਜਗਦੀ ਉਹੀ ਜੋਤ ਸਾਨੂੰ ਕਿਸੇ ਮੁਸ਼ਕਿਲ ਵਿਚ ਪੈਣ ਹੀ ਨਹੀਂ ਦਿੰਦੀ।

ਚਿਤਵਨ ਸਿੰਘ:-ਉਹ ਕਿਵੇਂ ?

ਮਹਾਂ ਸਿੰਘ:-ਆਪਾਂ ਪਿੱਛੇ ਵੇਖਿਆ ਕਿ ਇੱਕ ਵਿਕਾਰ (ਕ੍ਰੋਧ) ਦੇ ਵਿਗਾੜ ਨਾਲ ਹੀ ਅਉਖੀ ਘੜੀ ਆ ਜਾਂਦੀ ਹੈ।

ਚਿਤਵਨ ਸਿੰਘ:-ਹਾਂ ਜੀ। ਬਿਲਕੁਲ ਠੀਕ।

ਮਹਾਂ ਸਿੰਘ:-ਹੁਣ ਮੈਨੂੰ ਇਹ ਦੱਸੋ ਕਿ ਵਿਕਾਰ ਤੇ ਗੁਣ ਇਕੱਠੇ ਰਹਿ ਸਕਦੇ ਹਨ।

ਚਿਤਵਨ ਸਿੰਘ:-ਬਿਲਕੁਲ ਨਹੀਂ ਜੀ।

ਮਹਾਂ ਸਿੰਘ:-ਹਾਂ ਜੀ। ਜਦੋਂ ਰੱਬੀ ਗੁਣ ਮਹਿਸੂਸ ਹੁੰਦੇ ਹਨ ਤਾਂ ਵਿਕਾਰ ਮਹਿਸੂਸ ਨਹੀਂ ਹੁੰਦੇ।

ਚਿਤਵਨ ਸਿੰਘ:-ਹਾਂ ਜੀ, ਦਾਦਾ ਜੀ।

ਮਹਾਂ ਸਿੰਘ:-ਜਦੋਂ ਵਿਕਾਰ ਨਹੀਂ ਮਹਿਸੂਸ ਹੋਣਗੇ ਤਾਂ ਵਿਗਾੜ ਵੀ ਨਹੀਂ ਹੋਵੇਗਾ।

ਚਿਤਵਨ ਸਿੰਘ:-ਹਾਂ ਜੀ।

ਮਹਾਂ ਸਿੰਘ:-ਜਦੋਂ ਵਿਗਾੜ ਨਹੀਂ ਹੋਵੇਗਾ ਤਾਂ ਅਉਖੀ ਘੜੀ ਵੀ ਨਹੀਂ ਹੋਵੇਗੀ।

ਚਿਤਵਨ ਸਿੰਘ:-ਇਹ ਤੇ ਬੜੀ ਸੌਖੀ ਗੱਲ ਹੈ।

ਮਹਾਂ ਸਿੰਘ:-ਪੁੱਤਰ ਜੀ! ਗੁਰਬਾਣੀ ਇਤਨੀ ਹੀ ਆਸਾਨ ਹੈ ਪਰ ਸਾਨੂੰ ਗ਼ਲਤ ਲੋਕ ਗ਼ਲਤ ਰਾਹ ’ਤੇ ਪਾ ਦਿੰਦੇ ਹਨ।

ਚਿਤਵਨ ਸਿੰਘ:-ਦਾਦਾ ਜੀ ! ਮੈਂ ਅੱਗੋਂ ਤੋਂ ਖ਼ਿਆਲ ਰੱਖਾਂਗਾ ਕਿ ਮੇਰੇ ਅੰਦਰਲੇ ਵਿਕਾਰ ਕੋਈ ਵੀ ਵਿਗਾੜ ਪੈਦਾ ਨਾ ਕਰ ਸਕਣ।

ਮਹਾਂ ਸਿੰਘ:-ਸ਼ਾਬਾਸ਼ ਬੇਟਾ ਜੀ !

ਚਿਤਵਨ ਸਿੰਘ:-ਧੰਨਵਾਦ ਦਾਦਾ ਜੀ। ਗੁਰਬਾਣੀ ਦੀ ਤੁਕ ਇੰਨੇ ਸੋਹਣੇ ਢੰਗ ਨਾਲ ਸਮਝਾਉਣ ਲਈ ਤੇ ਮੈਂ ਵੀ ਇਸ ਤੁਕ ਨੂੰ ਹਮੇਸ਼ਾਂ ਪੜ੍ਹਿਆ (ਯਾਦ ਰੱਖਿਆ) ਕਰਾਂਗਾ।

ਮਹਾਂ ਸਿੰਘ:-ਖੁਸ਼ ਰਹੋ ਪੁੱਤਰ ਜੀ!!!