ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਪਹਿਲਾ)

0
4513

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਦੂਜਾ)

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਤੀਜਾ)

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਚੌਥਾ)

ਆਰੰਭਕ ਬੇਨਤੀ : ਕਿਸੇ ਭਾਸ਼ਾਈ ਲਿਖਤ ਨੂੰ ਜਾਣਨ ਦੀ ਉਤਸੁਕਤਾ; ਉਸ ਦੀ ਤਹਿ (ਬਾਰੀਕੀ) ਵੱਲ ਵਧਣ ਦੀ ਸ਼ੁਰੂਆਤ ਹੁੰਦੀ ਹੈ ਸ਼ਬਦ ਸੰਗ੍ਰਹਿ ਦਾ ਕੰਠ ਹੋਣਾ ਅਤੇ ਉਸ ਦੇ ਲਿਖਤ ਨਿਯਮਾਂ ਦਾ ਬੋਧ ਹੀਭਾਸ਼ਾਈ ਵਿਗਿਆਨੀਬਣਾ ਦਿੰਦਾ ਹੈ ਇਸ ਦੀ ਅਰੰਭਤਾ; ਸ਼ਬਦਾਂ ਦੀ ਵੰਡ ਤੋਂ ਹੈ; ਜਿਵੇਂਨਾਂਵ, ਪੜਨਾਂਵ, ਵਿਸ਼ੇਸ਼ਣ, ਕ੍ਰਿਆਵਿਸ਼ੇਸ਼ਣ, ਕ੍ਰਿਆ, ਸੰਬੰਧਕ, ਯੋਜਕ ਤੇ ਵਿਸਮਿਕਭਾਵ 8 ਤਰ੍ਹਾਂ ਦੀ ਭਾਸ਼ਾਈ ਸ਼ਾਬਦਿਕ ਵੰਡ ਹਰ ਭਾਸ਼ਾ ਨਾਂਵ, ਪੜਨਾਂਵ ਤੇ ਕ੍ਰਿਆਸ਼ਬਦਾਂ ਨੇ ਹੀ 80% ਜਗ੍ਹਾ ਮੱਲੀ ਹੁੰਦੀ ਹੈ ਵੈਸੇ ਇਹ ਵੀ ਬਾਕੀਆਂ ਤੋਂ ਬਿਨਾਂ ਭਾਸ਼ਾ ਨੂੰ ਮਜ਼ਬੂਤੀ ਨਹੀਂ ਦੇ ਸਕਦੇ

ਸੰਬੰਧਕ ਸ਼ਬਦ; ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕ੍ਰਿਆਵਾਚੀ ਸ਼ਬਦਾਂ ਨੂੰ ਜੋੜਨ ਪੁਲ਼ ਦਾ ਕੰਮ ਕਰਦੇ ਹਨ ਇਨ੍ਹਾਂ ਨੂੰ ਹੀ 8 ਕਾਰਕਾਂ ਦੇ ਚਿੰਨ੍ਹ ਕਿਹਾ ਜਾਂਦਾ ਹੈ ਗੁਰਬਾਣੀ; ਕਈ ਭਾਸ਼ਾਈ ਸ਼ਬਦਾਂ ਦਾ ਕਾਵਿਕ ਸੰਗ੍ਰਹਿ ਹੈ ਭਾਵੇਂ ਕਿ ਇਹ ਸ਼ਬਦ ਗਿਣੇ ਜਾ ਚੁੱਕੇ ਹਨ ਜੇਕਰਸੰਬੰਧਕ, ਯੋਜਕ ਅਤੇ ਕ੍ਰਿਆਵਿਸ਼ੇਸ਼ਣਸ਼ਬਦਾਂ ਨੂੰ ਕੰਠ ਕਰ ਲਿਆ ਜਾਵੇ ਅਤੇ ਕਿਸੇ ਵਾਕ ਇਨ੍ਹਾਂ ਦੀ ਅਹਿਮੀਅਤ ਜਾਣ ਲਈ ਜਾਵੇ ਤਾਂਨਾਂਵ, ਪੜਨਾਂਵ, ਕ੍ਰਿਆਵਾਚੀਸ਼ਬਦਾਂ ਦੇ ਲਿਖਤ ਨਿਯਮਾਂ ਅਤੇ ਉਨ੍ਹਾਂ ਦੇ ਅਰਥਭਾਵ ਨੂੰ ਜਾਣਨਾ ਬਹੁਤਾ ਕਠਿਨ ਨਹੀਂ ਰਹਿ ਜਾਂਦਾ ਇਨ੍ਹਾਂ (ਨਾਂਵ, ਪੜਨਾਂਵ, ਕ੍ਰਿਆ ਸ਼ਬਦਾਂ) ਦੇ ਅਰਥ; ਬੜੇ ਵਿਸ਼ਾਲ ਹੁੰਦੇ ਹਨ ਭਾਵ ਹਰ ਤੁੱਕ ਚਲਦੇ ਪ੍ਰਸੰਗ ਮੁਤਾਬਕ ਆਪਣਾ ਨਿਵੇਕਲਾ ਅਰਥ ਦੇਣ ਦੇ ਸਮਰੱਥ ਹਨ ਭਾਵੇਂ ਕਿ ਉਹ ਅਰਥ ਕਿਸੇ ਕੋਸ਼ ਨਾ ਵੀ ਹੋਵੇ ਇਨ੍ਹਾਂ ਦਾ ਰੱਟਾ ਜਾਂ ਇੱਕ ਸ਼ਬਦ ਦੇ ਸੀਮਤ ਅਰਥ ਕਰਨੇ; ਤੰਗਦਿਲੀ ਦਾ ਕਾਰਨ ਬਣ ਜਾਂਦਾ ਹੈ

ਹਥਲਾ ਵਿਸ਼ਾ; ਜਟਿਲ ਸਮਝ ਕੇ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਭਾਵੇਂ ਕਿ ਇਸ ਦਾ ਖ਼ਮਿਆਜ਼ਾ ਅਸੀਂ (ਗੁਰਬਾਣੀ ਦੇ ਆਪਾਵਿਰੋਧੀ ਅਰਥ ਹੁੰਦੇ ਵੇਖ) ਸਾਰੇ ਭੁਗਤਦੇ ਰਹੇ ਹਾਂ ਇਹ ਵਿਸ਼ਾ; ਆਮ ਬੰਦੇ ਦੀ ਪਕੜ ਲਿਆਉਣ ਦੇ ਮਨੋਰਥ ਨਾਲ ਲਿਖਿਆ ਗਿਆ ਹੈ, ਪਰ ਥੋੜ੍ਹਾ ਗੰਭੀਰਤਾ ਨਾਲ ਵਾਚਣ ਦੀ ਜ਼ਰੂਰਤ ਹੈ ਪਾਠਕਾਂ ਦੀ ਮਦਦ ਲਈ ਸ਼ਬਦਾਂ ਦੀ ਭਿੰਨ ਭਿੰਨ ਵੰਡ ਕਰ ਉਨ੍ਹਾਂ ਦਾ ਖ਼ਾਸ ਜਗ੍ਹਾ ਉਚਾਰਨ ਅਤੇ ਅਰਥ ਵੀ ਲਿਖੇ ਗਏ ਹਨ ਤਾਂ ਜੋ ਗੁਰਬਾਣੀ ਇੱਕੋ ਸ਼ਬਦ ਕਈ ਅਰਥਾਂ ਮਿਲਦਿਆਂ ਭੁਲੇਖਾ ਨਾ ਪਵੇ  ਮੇਰਾ ਵਿਸ਼ਵਾਸ ਹੈ ਕਿ 30 ਕੁ ਹਜ਼ਾਰ ਸ਼ਬਦਾਂ ਪੂਰਾ ਹੋਣ ਵਾਲਾ ਇਹ ਵਿਸ਼ਾ; ਜਿਨ੍ਹਾਂ ਨੇ ਸਮਝ ਲਿਆ ਉਨ੍ਹਾਂ ਨੂੰ ਗੁਰਬਾਣੀ ਦਾ ਪਾਠ ਕਰਦਿਆਂ 90% ਅਰਥ ਸਹਿਜੇ ਹੀ ਸਮਝ ਸਕਦੇ ਹਨ

ਸੋ ਹਥਲੇ ਲੇਖ ਪਾਠਕਾਂ ਨਾਲ ਪਹਿਲਾਂਸੰਬੰਧਕ, ਯੋਜਕ, ਕ੍ਰਿਆਵਿਸ਼ੇਸ਼ਣਸ਼ਬਦਾਂ ਦੀ ਬਣਤਰ ਅਤੇ ਉਨ੍ਹਾਂ ਦੇ ਅਰਥਾਂ ਨੂੰ ਵਾਚਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਬਾਕੀ 80% ਸ਼ਬਦਾਂ ਦੇ ਲਿਖਤ ਨਿਯਮ ਸਹਿਜੇ ਹੀ ਸਮਝ ਜਾਣ

ਅਹਿਮ ਜਾਣਕਾਰੀ : ਗੁਰਬਾਣੀ ਕਾਵਿਕ ਰਚਨਾ ਹੈ। ਕਾਵਿ ਤੋਲ ’ਚ ਕਈ ਵਾਰ ਕ੍ਰਿਆ ਦਾ ਕੰਮ ਸਪਸ਼ਟ ਸੰਕੇਤ ਨਹੀਂ ਕਰਦਾ, ਜਿਸ ਕਾਰਨ ਭਾਸ਼ਾਈ ਸ਼ਬਦਾਂ ਦੀ ਵੰਡ ਕਰਦਿਆਂ ਇੱਕੋ ਸ਼ਬਦ; ਇੱਕ ਤੋਂ ਵਧੇਰੇ ਸ਼੍ਰੇਣੀਆਂ ’ਚ ਆ ਜਾਂਦਾ ਹੈ।

ਜੋ ਸ਼ਬਦ ਵਿਆਕਰਣ ਕਿਤਾਬਾਂ ’ਚ ‘ਸੰਬੰਧਕ’ ਲਿਖਿਆ ਗਿਆ ਉਸੇ ਤੁਕ ਦਾ ਓਹੀ ਸ਼ਬਦ ਕਿਸੇ ਕੋਸ਼ ’ਚ ‘ਕ੍ਰਿਆ-ਵਿਸ਼ੇਸ਼ਣ’ ਲਿਖਿਆ ਮਿਲਦਾ ਹੈ। ਇੱਥੋਂ ਤੱਕ ਕਿ ਇੱਕੋ ਵਿਆਕਰਣ ਕਿਤਾਬ ’ਚ ਤੁਕ ’ਚੋਂ ਲਿਆ ਇੱਕ ਸ਼ਬਦ; ਕ੍ਰਿਆ-ਵਿਸ਼ੇਸ਼ਣ ਮੰਨਿਆ ਗਿਆ, ਓਹੀ ਸ਼ਬਦ ਦੂਸਰੀ ਸ਼ਬਦ ਵੰਡ ’ਚ ਸੰਬੰਧਕ ਜਾਂ ਯੋਜਕ ਵੀ। ਸਧਾਰਨ ਪਾਠਕ ਨੂੰ ਇਹ ਬੜਾ ਹੈਰਾਜੀਜਨਕ ਨਿਯਮ ਜਾਪਦਾ  ਹੈ।

ਗੁਰਬਾਣੀ ’ਚ ਅਜਿਹੇ ਸ਼ਬਦ ਹਨ: ‘ਸਮਾਨਿ, ਬਰਾਬਰਿ, ਤੁਲਿ, ਸਮ, ਸਮਸਰਿ’ ਆਦਿਕ, ਇਨ੍ਹਾਂ ਦੇ ਅਕਸਰ ਅਰਥ ਵੀ ਇੱਕੋ ਹੀ ਹਨ। ਇਸ ਗੁੰਝਲ਼ ਦਾ ਕੁਝ ਸੁਖਾਲਾ ਤਰੀਕਾ ਇਹੀ ਹੈ ਕਿ ਜਿੱਥੇ ਇਨ੍ਹਾਂ ਦਾ ਅਰਥ ‘ਵਰਗਾ, ਜਿੱਡਾ’ ਬਣਦਾ ਹੋਵੇ ਓਥੇ ਇਹ ਸੰਬੰਧਕ ਹਨ ਅਤੇ ਜਿੱਥੇ ਇਨ੍ਹਾਂ ਦਾ ਅਰਥ ‘ਇੱਕੋ ਜਿਹਾ, ਇੱਕ ਸਮਾਨ’ ਬਣਦਾ ਹੋਵੇ ਓਥੇ ਇਹ ਕ੍ਰਿਆ-ਵਿਸ਼ੇਸ਼ਣ ਹਨ।

ਭਾਵੇਂ ਕਿਸੇ ਕੋਸ਼ ’ਚ ਇਨ੍ਹਾਂ ਸ਼ਬਦਾਂ ਨੂੰ ਵਿਸ਼ੇਸ਼ਣ ਵੀ ਲਿਖਿਆ ਗਿਆ ਹੋਵੇ ਪਰ ਗੁਰਬਾਣੀ ’ਚ ਇਨ੍ਹਾਂ ਦੇ ਲਿਖਤ ਨਿਯਮ; ਸੰਬੰਧਕ ਸ਼ਬਦਾਂ ਵਾਲੇ ਹਨ। ਸੰਬੰਧਕ ਸ਼ਬਦ; ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਜਾਂ ਅੰਤ ਦੁਲਾਵਾਂ ਕਰ ਦਿੰਦਾ ਹੈ, ਇਸ ਤਰ੍ਹਾਂ ਜਿੱਥੇ ਇਨ੍ਹਾਂ ਦਾ ਅਰਥ ‘ਵਰਗਾ, ਬਰਾਬਰ, ਜਿੱਡਾ’ ਮਿਲਦਾ ਹੈ ਓਥੇ ਇਹ ਵੀ ਆਪਣੇ ਨਾਲ ਸੰਬੰਧਿਤ ਨਾਂਵ ਨੂੰ ਅੰਤ ਮੁਕਤਾ ਜਾਂ ਅੰਤ ਦੁਲਾਵਾਂ ਕਰ ਦਿੰਦੇ ਹਨ; ਜਿਵੇਂ ਕਿ

ਨਰ ਤੇ ਉਪਜਿ ਸੁਰਗ ਕਉ ਜੀਤਿਓ; ਸੋ ਅਵਖਧ ਮੈ ਪਾਈ ॥ (ਭਗਤ ਨਾਮਦੇਵ/੮੭੩) (ਸੁਰਗੁ ਨੂੰ ਸੰਬੰਧਕ ‘ਕਉ’ ਨੇ ਅੰਤ ਮੁਕਤਾ ਕਰ ਦਿੱਤਾ।)

ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ; ਨਾਨਕ ਸਭੋ ਜਾਉ ॥ (ਮਹਲਾ ੧/੧੪੨) (ਸੁਰਗੁ  ਨੂੰ ਸੰਬੰਧਕ ‘ਦੀਆ’ ਨੇ ਕਾਵਿਕ ਪੱਖੋਂ ਅੰਤ ਦੁਲਾਵਾਂ ਕਰ ਦਿੱਤਾ।)

ਗੁਰ ਸਮਾਨਿ ਤੀਰਥੁ ਨਹੀ ਕੋਇ ॥ (ਮਹਲਾ ੧/੧੩੨੮) (ਗੁਰੁ ਨੂੰ ਸੰਬੰਧਕ ‘ਸਮਾਨਿ’ ਨੇ ਅੰਤ ਮੁਕਤਾ ਕਰ ਦਿੱਤਾ।)

ਜੋ ਭਲਾਈ; ਸੋ ਬੁਰਾ ਜਾਨੈ ॥  ਸਾਚੁ ਕਹੈ; ਸੋ ਬਿਖੈ ਸਮਾਨੈ ॥ (ਮਹਲਾ ੫/੧੮੦) (ਬਿਖੁ ਨੂੰ ਸੰਬੰਧਕ ‘ਸਮਾਨੈ’ ਨੇ ਕਾਵਿਕ ਪੱਖੋਂ ਅੰਤ ਦੁਲਾਵਾਂ ਕਰ ਦਿੱਤਾ।

ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ (ਸੁਖਮਨੀ/ਮਹਲਾ ੫/੨੬੯) (ਮਨੁ ਨੂੰ ਸੰਬੰਧਕ ‘ਮਾਹਿ’ ਨੇ ਅੰਤ ਮੁਕਤਾ ਕਰ ਦਿੱਤਾ।)

ਨਾਨਕ  ! ਅੰਮ੍ਰਿਤੁ ਮਨੈ ਮਾਹਿ;  ਪਾਈਐ ਗੁਰ ਪਰਸਾਦਿ (ਨਾਲ) ॥ (ਮਹਲਾ ੨/੧੨੩੮) (ਮਨੁ ਨੂੰ ਸੰਬੰਧਕ ‘ਮਾਹਿ’ ਨੇ ਕਾਵਿਕ ਪੱਖੋਂ ਅੰਤ ਦੁਲਾਵਾਂ ਕਰ ਦਿੱਤਾ।)

ਸੋ ਵਿਚਾਰ ਅਧੀਨ ਉਕਤ ਸਾਰੇ ਸ਼ਬਦਾਂ ਨੂੰ ਵਿਸ਼ੇਸ਼ਣ ਦੀ ਬਜਾਇ ਸੰਬੰਧਕ ਮੰਨਣਾ ਸਹੀ ਹੈ ਜਾਂ ਕ੍ਰਿਆਵਿਸ਼ੇਸ਼ਣ।  ਹੇਠਲੀ ਮਿਸਾਲ ਸਹਾਇਕ ਹੋ ਸਕਦੀ ਹੈ:

(1). ਇੱਕ ਘਰ ਦੇ ਸਮਾਨ ਦੂਜਾ ਘਰ ਹੈ ਜਾਂ ਇੱਕ ਘਰ ਦੇ ਬਰਾਬਰ ਦੂਜਾ ਘਰ ਨਹੀਂ। (ਇੱਥੇ ‘ਸਮਾਨ/ਬਰਾਬਰ’ ਦਾ ਅਰਥ ਹੈ: ‘ਨਾਲ’, ਜੋ ਕਿ ਸੰਬੰਧਕ ਹੈ।)

(2). ਇੱਕ ਦੇ ਬਰਾਬਰ-ਬਰਾਬਰ ਦੂਜਾ ਚੱਲ ਰਿਹਾ ਹੈ। (ਇੱਥੇ ‘ਬਰਾਬਰ’ ਦਾ ਅਰਥ ਹੈ: ‘ਨਾਲ ਨਾਲ’, ਜੋ ਕਿ ਕ੍ਰਿਆ-ਵਿਸ਼ੇਸ਼ਣ ਹੈ।

ਭਾਗ ਪਹਿਲਾ

ਹਰ ਭਾਸ਼ਾ ’ਚ ਦੋ ਤਰ੍ਹਾਂ ਦੇ ਸ਼ਬਦ ਹੁੰਦੇ ਹਨ:

(1). ਸਾਰਥਕ ਸ਼ਬਦ; ਜਿਨ੍ਹਾਂ ਦਾ ਕੋਈ ਨਾ ਕੋਈ ਅਰਥ ਨਿਕਲੇ; ਜਿਵੇਂ ‘ਗੁਰਮੁਖ, ਕਣਕ, ਦੁੱਧ, ਸੁੰਦਰ, ਇਕੱਠ, ਗਰਮੀ, ਜਾਣਾ, ਹੌਲ਼ੀ, ਅਤੇ, ਵਾਹ, ਓਇ, ਮੈਂ, ਇਹ, ਉਹ’ ਆਦਿਕ, ਇਨ੍ਹਾਂ ਨੂੰ ਵਾਚਕ ਸ਼ਬਦ ਵੀ ਕਿਹਾ ਜਾਂਦਾ ਹੈ।

(2). ਨਿਰਾਰਥਕ ਸ਼ਬਦ; ਜਿਨ੍ਹਾਂ ਦਾ ਕੋਈ ਅਰਥ ਨਾ ਨਿਕਲੇ; ਜਿਵੇਂ ‘ਲੱਸੀ-ਲੁਸੀ’ ’ਚ ‘ਲੁਸੀ’, ‘ਦੁੱਧ-ਸ਼ੁਧ’ ’ਚ ‘ਸ਼ੁਧ’, ਚੋਰੀ-ਸ਼ੋਰੀ ’ਚ ‘ਸ਼ੋਰੀ’, ‘ਟੂਣਾ-ਟੱਪਾ’ ’ਚ ‘ਟੱਪਾ’ ਸ਼ਬਦ; ਨਿਰਾਰਥਕ ਸ਼ਬਦ ਹਨ।

ਵਿਆਕਰਣ ਦਾ ਸੰਬੰਧ ਕੇਵਲ ਸਾਰਥਕ (ਵਾਚਕ) ਸ਼ਬਦਾਂ ਨਾਲ ਹੀ ਹੁੰਦਾ ਹੈ। ਭਾਸ਼ਾਈ ਨਿਯਮਾਂ ਪੱਖੋਂ ਇਨ੍ਹਾਂ ਨੂੰ ਅੱਠ ਭਾਗਾਂ ’ਚ ਵੰਡਿਆ ਜਾਂਦਾ ਹੈ :

  1. ਨਾਂਵ (Noun) : ਜੀਵ, ਵਸਤੂ ਅਤੇ ਸਥਾਨ ਬਾਰੇ ਜਾਣਕਾਰੀ ਦੇਣ ਵਾਲੇ ਸ਼ਬਦ, ਨਾਂਵ ਹੁੰਦੇ ਹਨ; ਜਿਵੇਂ ‘ਗੁਰਮੁਖ ਸਿੰਘ, ਕਣਕ, ਅੰਮ੍ਰਿਤਸਰ’।
  2. ਪੜਨਾਂਵ (Pronoun) : ਨਾਂਵ ਦੀ ਗ਼ੈਰ ਹਾਜ਼ਰੀ ’ਚ ਉਸ (ਨਾਂਵ) ਦੀ ਥਾਂ ਵਰਤੇ ਜਾਣ ਵਾਲੇ ਸ਼ਬਦ, ਜੋ ਅਰਥਾਂ ’ਚ ਫ਼ਰਕ ਨਾ ਪਾਉਣ; ਪੜਨਾਂਵ ਹੁੰਦੇ ਹਨ; ਜਿਵੇਂ ‘ਉਹ, ਇਹ, ਕੌਣ, ਕਿਸ, ਜਿਸ, ਮੈਂ, ਤੂੰ, ਆਪ, ਇਨ੍ਹਾਂ, ਉਨ੍ਹਾਂ, ਜਿਨ੍ਹਾਂ, ਕਿਨ੍ਹਾਂ’।
  3. ਵਿਸ਼ੇਸ਼ਣ (Adjective) : ਨਾਂਵ ਜਾਂ ਪੜਨਾਂਵ ਦੇ ‘ਗੁਣ/ਔਗੁਣ’ ਜਾਂ ‘ਗਿਣਤੀ/ਮਿਣਤੀ’ ਦੱਸ ਕੇ ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾਉਣ ਵਾਲੇ ਸ਼ਬਦ, ਵਿਸ਼ੇਸ਼ਣ ਹੁੰਦੇ ਹਨ; ਜਿਵੇਂ ‘ਚੰਗਾ, ਮਾੜਾ, ਕਾਲ਼ਾ, ਸੁੰਦਰ, ਹੁਸ਼ਿਆਰ, ਲੰਬਾ, ਛੋਟਾ, ਥੋੜ੍ਹਾ, ਬਹੁਤਾ’।
  4. ਕ੍ਰਿਆ (Verb) : ਜਿਨ੍ਹਾਂ ਸ਼ਬਦ ਤੋਂ ਕਿਸੇ ਕੰਮ ਦੇ ਕਾਲ ਸਹਿਤ ਹੋਣ, ਕਰਨ ਜਾਂ ਵਾਪਰਨ ਦਾ ਪਤਾ ਲੱਗਦਾ ਹੈ, ਉਹ ‘ਕ੍ਰਿਆ’ ਅਖਵਾਉਂਦੇ ਹਨ; ਜਿਵੇਂ ‘ਮੋਹਨ ਘਰ ਗਿਆ। ਮੋਹਨ ਘਰ ਜਾਂਦਾ ਹੈ। ਮੋਹਨ ਘਰ ਜਾਏਗਾ।’ ਵਾਕਾਂ ’ਚ ‘ਗਿਆ’ (ਭੂਤਕਾਲ), ‘ਜਾਂਦਾ ਹੈ’ (ਵਰਤਮਾਨ), ‘ਜਾਏਗਾ’ (ਭਵਿੱਖਕਾਲ) ਕ੍ਰਿਆ-ਬੋਧਕ ਸ਼ਬਦ ਹਨ।
  5. ਕ੍ਰਿਆਵਿਸ਼ੇਸ਼ਣ (Adverb) : ਜੋ ਸ਼ਬਦ; ਕਿਸੇ ਕ੍ਰਿਆ, ਕਿਸੇ ਵਿਸ਼ੇਸ਼ਣ ਜਾਂ ਕਿਸੇ ਕ੍ਰਿਆ-ਵਿਸ਼ੇਸ਼ਣ ਦੀ ਹੀ ਵਿਸ਼ੇਸ਼ਤਾ ਪ੍ਰਗਟ ਕਰੇ, ਉਹ ਕ੍ਰਿਆ-ਵਿਸ਼ੇਸ਼ਣ ਹੁੰਦਾ ਹੈ। ਇਸ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ :

(). ਕ੍ਰਿਆ ਦੇ ਅਰਥਭਾਵ ਵਿਸ਼ੇਸ਼ਤਾ : ‘ਹੌਲ਼ੀ ਚੱਲੋ। ਨਾ ਖਾਓ।’ ਵਾਕਾਂ ’ਚ ‘ਹੌਲ਼ੀ’ ਅਤੇ ‘ਨਾ’; ਕ੍ਰਿਆ-ਵਿਸ਼ੇਸ਼ਣ ਹਨ ਕਿਉਂਕਿ ਇਹ ਦੋਵੇਂ ਹੀ ਕ੍ਰਿਆਵਾਂ (ਚੱਲੋ/ਖਾਓ) ਦੀ ਵਿਸ਼ੇਸ਼ਤਾ ਦੱਸਦੇ ਹਨ।

(). ਵਿਸ਼ੇਸ਼ਣ ਦੇ ਅਰਥਭਾਵ ਵਿਸ਼ੇਸ਼ਤਾ: ਬਹੁਤ ਡਰਾਵਣਾ ਦ੍ਰਿਸ਼। ਬੜੀ ਸੁੰਦਰ ਕਲਾਕਾਰੀ। ਇਨ੍ਹਾਂ ਵਾਕਾਂ ’ਚ ‘ਬਹੁਤ’ ਅਤੇ ‘ਬੜੀ’; ਕ੍ਰਿਆ-ਵਿਸ਼ੇਸ਼ਣ ਹਨ ਕਿਉਂਕਿ ਇਹ ਦੋਵੇਂ ਹੀ ਵਿਸ਼ੇਸ਼ਣਾਂ (ਡਰਾਵਣਾ/ਸੁੰਦਰ) ਦੀ ਵਿਸ਼ੇਸ਼ਤਾ ਦੱਸਦੇ ਹਨ, ਜੋ ਆਪ ਵੀ ਨਾਂਵਾਂ (ਦ੍ਰਿਸ਼/ਕਲਾਕਾਰੀ) ਦੇ ਵਿਸ਼ੇਸ਼ਣ ਸਨ।

(). ਕ੍ਰਿਆਵਿਸ਼ੇਸ਼ਣ ਦੇ ਹੀ ਅਰਥਭਾਵ ਵਿਸ਼ੇਸ਼ਤਾ : ‘ਜ਼ਰਾ ਛੇਤੀ ਆਓ। ਸਵੇਰੇ ਜਲਦੀ ਉੱਠਣਾ।’ ਵਾਕਾਂ ’ਚ ‘ਜ਼ਰਾ’ ਅਤੇ ‘ਸਵੇਰੇ’; ਕ੍ਰਿਆ-ਵਿਸ਼ੇਸ਼ਣ ਹਨ ਕਿਉਂਕਿ ਇਹ ਦੋਵੇਂ; ਕ੍ਰਿਆ-ਵਿਸ਼ੇਸ਼ਣਾਂ (ਛੇਤੀ/ਜਲਦੀ) ਦੀ ਵਿਸ਼ੇਸ਼ਤਾ ਦੱਸਦੇ ਹਨ, ਜੋ ਪਹਿਲਾਂ ਤੋਂ ਹੀ ਆਪ ਦੋਵੇਂ; ਕ੍ਰਿਆਵਾਂ (ਆਓ/ਉੱਠਣਾ) ਦੇ ਵਿਸ਼ੇਸ਼ਣ ਹਨ। ਚੇਤੇ ਰਹੇ ਕਿ ‘ਜ਼ਰਾ’ ਅਤੇ ‘ਸਵੇਰੇ’ ਸ਼ਬਦ; ਕ੍ਰਿਆਵਾਂ (ਆਓ/ਉੱਠਣਾ) ਦੀ ਸਿੱਧੀ ਵਿਸ਼ੇਸ਼ਤਾ ਇੱਥੇ ਨਹੀਂ ਦੱਸ ਰਹੇ। ਕ੍ਰਿਆਵਾਂ ਦੀ ਸਿੱਧੀ ਵਿਸ਼ੇਸ਼ਤਾ ਦੱਸਣ ਵਾਲਾ ਕ੍ਰਿਆ-ਵਿਸ਼ੇਸ਼ਣ; ਇਸੇ ਦਾ ਭਾਗ (ੳ) ਹੈ।

ਕ੍ਰਿਆ-ਵਿਸ਼ੇਸ਼ਣ ਦੀਆਂ ਉਕਤ ਤਿੰਨੇ ਕਿਸਮਾਂ ਨੂੰ ਅਗਾਂਹ 8 ਭਾਗਾਂ ’ਚ ਵੰਡਿਆ ਜਾਂਦਾ ਹੈ (ਨੋਟ: ਹੇਠਾਂ ਬਰੈਕਟਾਂ ਬੰਦੇ ਕੀਤੇ ਸ਼ਬਦ; ਅਰਥ ਹਨ, ਨਾ ਕਿ ਗੁਰਬਾਣੀ ਦੇ ਸ਼ਬਦ):

(). ਕਾਲਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਹੋਣ ਦਾ ਸਮਾਂ ਦੱਸਣ; ਜਿਵੇਂ ਕਿ ‘ਓਦੋਂ, ਜਦੋਂ, ਕਦੋਂ, ਜਦ, ਕਦ, ਕਦੀ, ਹੁਣ, ਹੁਣੇ, ਅੱਜ, ਕੱਲ੍ਹ, ਸਵੇਰੇ, ਪਰਸੋਂ, ਦੁਪਹਿਰ, ਕੁਵੇਲੇ, ਸੁਵੇਲੇ, ਕਦੀ ਕਦਾਈਂ, ਸ਼ਾਮੀ, ਰਾਤ, ਦਿਨ, ਫਿਰ ਕਦੇ’ ਆਦਿ।

ਗੁਰਬਾਣੀ ’ਚ ਇਨ੍ਹਾਂ ਦੇ ਸਰੂਪ ਹਨ : ‘ਉਪਜੰਪਿ (ਸਵੇਰੇ), ਸਵੇਰੈ, ਅੰਮ੍ਰਿਤ ਵੇਲੈ, ਦਿਹੁ ਦੀਵੀਂ (ਦਿਨ ਚੜ੍ਹੇ), ਅਵਲਿ/ਅਉਲਿ/ਪਹਿਲਾਂ, ਅਗਹੁ (ਪਹਿਲਾਂ), ਪ੍ਰਥਮੈ/ਪਹਿਲੋ ਦੇ/ਧੁਰਿ/ਪੂਰਬਿ (ਪਹਿਲਾਂ ਤੋਂ/ਮੁੱਢ ਤੋਂ), ਅਹਿਨਿਸਿ (ਦਿਨ ਰਾਤ), ਦਿਨਸੁ ਰੈਣਾਰੇ/ਰਾਤਿ ਦਿਨੰਤੁ/ਦਿਨਸੁ ਅਰੁ ਰਾਤਿ/ਦਿਨੁ/ਰੈਨਿ, ਰਾਤਿ/ਨਿਸਿ (ਰਾਤ), ਬਾਸੁਰ (ਦਿਨ), ਸਾਝ (ਸ਼ਾਮ), ਅੰਤ ਕੀ ਬੇਲਾ, ਅੰਤਿ ਕਾਲਿ, ਨ ਕਾਹੂ ਬੇਰੇ (ਕਿਸੇ ਵੇਲੇ ਭੀ ਨਾ), ਅਬ/ਦਰਹਾਲੁ/ਹੁਣਿ/ਅਜੈ (ਹੁਣੇ), ਅਨਦਿਨੁ (ਰੋਜ਼ਾਨਾ), ਆਜੁ/ਅਜੁ, ਕਲਿ/ਕਲਿ੍ (ਕੱਲ੍ਹ), ਭਲਕੇ (ਨਿੱਤ), ਸਦਾ, ਸਦਾਕਾਰਿ (ਸਦਾ ਹੀ), ਆਠ ਪਹਰ, ਕਬ/ਕਬਹੂ (ਕਦੇ ਵੀ), ਕਦੇ/ਕਡੂ/ਕਦਿ/ਕਦਹੁ (ਹੁਣ ਕਦੋਂ), ਜਾ/ਜਦਹੁ/ਜਬ/ਜਦਿ/ਜਾਮਿ (ਜਦੋਂ), ਤ/ਤਬ/ਤਦਹੁ/ਤਦਿ/ਤਬਹਿ/ਤਾਮਿ (ਤਦੋਂ), ਤਦੇ (ਤਦ ਹੀ), ਦਰਹਾਲੁ/ਤੁਰੰਤਹ/ਤਾਲਿ (ਤੁਰੰਤ/ਤਤਕਾਲ), ਫਰਕਿ (ਫ਼ੌਰਨ/ਯੱਕਦਮ), ਬੇਗਿ (ਛੇਤੀ/ਵੇਲੇ ਸਿਰ), ਤੜ (ਤੜੱਕ/ਤੁਰੰਤ), ਪਿਛੈ/ਪੀਛੈ/ਪਾਛੇ/ਪਾਛੈ/ਪਿਛੋ ਦੇ (ਫਿਰ/ਮੁੜ ਕੇ), ਪਿਛਹੁ, ਜੌ (ਜਦ/ਜਿਸ ਵੇਲੇ), ਅੰਤੇ/ਨਿਦਾਨਿ (ਅੰਤ ਨੂੰ), ਤਤਕਾਲ/ਤਤਕਾਲਿ/ਤਤਕਾਲੇ/ਤਤਖਿਣ (ਹੁਣੇ ਹੀ), ਨਿਤ ਪ੍ਰਤਿ/ਨਿਤਾਪ੍ਰਤਿ, ਜਬ ਲਗੁ/ਤਬ ਲਗੁ/ਜਉ ਲਉ/ਤਉ ਲਉ (ਜਦ ਤੱਕ/ਤਦ ਤੱਕ), ਇਬ ਕੇ ਰਾਹੇ (ਹੁਣ ਦੇ ਬੀਜੇ), ਅਬ ਕੈ ਕਹਿਐ’।

ਨੋਟ: ਗੁਰਬਾਣੀ ਇੱਕੋ ਸ਼ਬਦ ਸਰੂਪ; ‘ਪੜਨਾਂਵ, ਸੰਬੰਧਕ, ਵਿਸ਼ੇਸ਼ਣ, ਯੋਜਕ ਜਾਂ ਕ੍ਰਿਆਵਿਸ਼ੇਸ਼ਣਹੋ ਸਕਦਾ ਹੈ ਹੇਠਲੀਆਂ ਪੰਕਤੀਆਂਪਿਛੈਅਤੇਪੀਛੈਸ਼ਬਦਾਂ ਦਾ ਵਾਕ ਸਥਾਨ ਅਤੇ ਇਨ੍ਹਾਂ ਦੇ ਅਰਥ ਵਾਚਣਯੋਗ ਹਨ :

ਸੰਤਾ ਨਾਲਿ ਵੈਰੁ ਕਮਾਵਦੇ; ਦੁਸਟਾ ਨਾਲਿ ਮੋਹੁ ਪਿਆਰੁ ॥ ਅਗੈ ਪਿਛੈ ਸੁਖੁ ਨਹੀ; ਮਰਿ ਜੰਮਹਿ ਵਾਰੋ ਵਾਰ ॥ (ਮਹਲਾ ੩/੬੪੯) (ਅਗੈ ਪਿਛੈ; ਕਾਲ-ਵਾਚਕ ਕ੍ਰਿਆ-ਵਿਸ਼ੇਸ਼ਣ ਹਨ ਭਾਵ ਪਹਿਲਾਂ ਅਤੇ ਬਾਅਦ ਵਿੱਚ।)

ਪਿਛੈ; ਪਤਲਿ ਸਦਿਹੁ ਕਾਵ ॥ (ਮਹਲਾ ੧/੧੩੮) (ਪਿਛੈ; ਕਾਲ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ ਭਾਵ ਮਰਨ ਤੋਂ ਬਾਅਦ ਵਿੱਚ।)

ਜਾਗਾਤੀ ਮਿਲੇ ਦੇ ਭੇਟ; ਗੁਰ ਪਿਛੈ (ਗੁਰੂ ਦੇ ਨਾਲ) ਲੰਘਾਇ ਦੀਆ ॥ (ਮਹਲਾ ੪/੧੧੧੬) (ਪਿਛੈ; ਸੰਬੰਧਕ ਹੈ, ਜੋ ਇੱਕ ਵਚਨ ਪੁਲਿੰਗ ਨਾਂਵ (ਗੁਰੁ) ਨੂੰ ਅੰਤ ਮੁਕਤਾ (ਗੁਰ) ਕਰ ਗਿਆ।)

ਗੁਰ ਸਤਿਗੁਰ ਪਿਛੈ  (ਸਤਿਗੁਰ ਦੇ ਕਾਰਨ) ਤਰਿ ਗਇਆ; ਜਿਉ ਲੋਹਾ ਕਾਠ ਸੰਗੋਇਆ ॥ (ਮਹਲਾ ੪/੩੦੯) (ਪਿਛੈ; ਸੰਬੰਧਕ ਹੈ। ਇਸ ਨਾਲ ‘ਗੁਰੁ ਸਤਿਗੁਰੁ’ ਦੋਵੇਂ ਸ਼ਬਦ; ਅੰਤ ਮੁਕਤਾ ਹੋ ਗਏ।)

ਧਰਮੁ ਅਰਥੁ ਸਭੁ ਕਾਮੁ ਮੋਖੁ ਹੈ; (ਇਨ੍ਹਾਂ ’ਚੋਂ ਹਰ ਕੋਈ) ਜਨ ਪੀਛੈ ਲਗਿ ਫਿਰਥਈ (ਫਿਰਦਾ ਹੈ) ॥ (ਮਹਲਾ ੪/੧੩੨੦) (ਪੀਛੈ; ਸੰਬੰਧਕ ਹੈ। ਇਸ ਨੇ ਇੱਕ ਵਚਨ ਪੁਲਿੰਗ ਨਾਂਵ (ਜਨੁ) ਨੂੰ ਅੰਤ ਮੁਕਤਾ (ਜਨ) ਕਰ ਦਿੱਤਾ ਹੈ ਭਾਵ ਸੇਵਕ ਦੇ ਪਿੱਛੇ।)

ਜਬ ਇਸ ਤੇ (ਮਾਯਾ ਤੋਂ); ਇਹੁ ਹੋਇਓ ਜਉਲਾ (ਵੱਖ ਭਾਵ ਮੁਕਤ)॥ ਪੀਛੈ; ਲਾਗਿ ਚਲੀ ਉਠਿ (ਕੇ) ਕਉਲਾ (ਮਾਯਾ)॥ (ਮਹਲਾ ੫/੨੩੫) (ਪਿਛੈ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ ਭਾਵ ਮਗਰ। ਇੱਥੇ ਕਾਲ-ਵਾਚਕ ਕ੍ਰਿਆ ਵਿਸ਼ੇਸ਼ਣ ‘ਜਬ’ (ਜਦੋਂ) ਹੈ, ਉਸ ਦੇ ਵਾਪਰਨ ਤੋਂ ‘ਪਿਛੈ’ ਭਾਵ ਮਗਰ-ਮਗਰ, ਨਾ ਕਿ ਕਿਸੇ ਕਿਸੇ ਨਾਂਵ ਦਾ ਸੰਬੰਧਕ ਹੈ।)

ਕਰਤੈ ਪੁਰਖਿ (ਨੇ) ਤਾਲੁ (ਨਾਮ-ਖ਼ਜ਼ਾਨਾ) ਦਿਵਾਇਆ ॥ ਪਿਛੈ; ਲਗਿ ਚਲੀ ਮਾਇਆ ॥ (ਮਹਲਾ ੫/੬੨੫) (ਪੀਛੈ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ।)

(). ਸਥਾਨਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਹੋਣ ਦੀ ਜਗ੍ਹਾ ਦੱਸੇ; ਜਿਵੇਂ ‘ਉੱਤੇ, ਉੱਪਰ, ਵਿਚਕਾਰ, ਵਿੱਚ, ਹੇਠਾਂ, ਅੰਦਰ, ਬਾਹਰ, ਉਰ੍ਹੇ, ਖੱਬੇ, ਸੱਜੇ, ਇਧਰ, ਓਧਰ, ਕਿਧਰ, ਕਿੱਥੇ, ਓਥੇ, ਨੇੜੇ, ਦੂਰ, ਅੱਗੇ/ਸਾਮ੍ਹਣੇ, ਪਿੱਛੇ, ਮਗਰ’।

ਗੁਰਬਾਣੀ ’ਚ ਇਨ੍ਹਾਂ ਦੇ ਸਰੂਪ ਹਨ : ‘ਐਥਾਉ (ਇੱਥੋਂ), ਏਥਹੁ, ਐਥੈ, ਸਉਹੇ (ਸਾਮ੍ਹਣੇ), ਸਾਮ੍ਣੇ/ਸਨਮੁਖ, ਨੇਰਾ, ਨਿਕਟਿ/ਦੂਰਿ/ਨੇੜੈ, ਨੇਰੇ/ਨਾਲੇ, ਨਾਲਿ/ਸਾਥਿ (ਨਾਲ), ਨੇਰੈ ਹੀ ਤੇ ਨੇਰਾ, ਈਭੈ/ਤਲੇ (ਹੇਠਾਂ), ਪਇਆਲੇ (ਪਾਤਾਲ/ਹੇਠਾਂ), ਓਰੈ (ਉਰ੍ਹਾਂ/ਮੇਰੇ ਵੱਲ), ਵਲਿ (ਨੇੜੇ),  ਨੇਰਉ (ਨੇੜਿਓਂ ਹੀ), ਉਭੈ/ਊਭਿ/ਉਪਰਿ/ਊਪਰਿ (ਉਤਾਂਹ), ਅੰਦਰਹੁ, ਭੀਤਰਿ (ਅੰਦਰ), ਬਾਹਰਿ, ਬਾਹਰਹੁ, ਅੰਤਰਿ-ਬਾਹਰਿ, ਬੀਚ/ਵਿਚਿ/ਵਿਚਹੁ, ਪਿਛੈ/ਪੀਛੈ, ਪਿਛਾਹਾ/ਪਿਛਹੁ, ਕਰਿ ਦਾਹਿਣੈ (ਸੱਜੇ ਪਾਸੇ), ਦੂਰਹੁ ਹੀ/ਦੂਰ ਤੇ (ਦੂਰ ਤੋਂ ਹੀ), ਪਰਤਖਿ (ਪੂਰਨ), ਭਰਪੂਰੇ/ਭਰਪੁਰਿ/ਭਰਪੂਰਿ/ਪੂਰਿ/ਨਿਰੰਤਰ (ਹਰ ਥਾਂ), ਹਦੂਰੇ/ਹਦੂਰਿ/ਹਜੂਰਿ (ਅੰਗ-ਸੰਗ), ਸਭਤੈ/ਸਭਤੁ/ਸਰਬਤ/ਸਰਬਤਿ (ਹਰ ਥਾਂ), ਹੋਰਤੁ (ਹੋਰ ਥਾਂ), ਜਹ/ਜਹਾ/ਜਤ/ਜਤ੍ਰ/ਜਿਥੈ (ਜਿੱਥੇ), ਤਹ/ਤਹਾਂ/ਤਤ/ਤਿਥੈ/ਊਤ/ਊਘੈ/ਓਥੈ/ਉਹਾਂ/ਊਹਾਂ (ਓਥੇ), ਕਹ/ਕਹਾ/ਕਤ/ਕਿਥੈ (ਕਿੱਥੇ), ਈਹਾਂ/ਈਤ/ਈਘੈ (ਇੱਥੇ), ਇਤ ਉਤ/ਇਤ ਉਤਹਿ/ਈਤ ਊਤ (ਇੱਥੇ ਓਥੇ), ਕਿਥਹੁ (ਕਿਸ ਥਾਂ ’ਚੋਂ), ਕੇਤਕੁ (ਕਿਸ ਥਾਂ ਤੱਕ), ਕਤਹਿ (ਕਿਸੇ ਹੋਰ ਪਾਸੇ), ਆਸਿ ਪਾਸਿ/ਪਾਸਿ ਦੁਆਸਿ, ਉਰਵਾਰਿ ਪਾਰਿ, ਦਹਦਿਸਿ, ਤਿਥਹੁ (ਓਥੋਂ), ਆਦਿ/ਮਧਿ/ਅੰਤਿ, ਚਉਗਿਰਦ (ਚਾਰੇ ਪਾਸੇ), ਚਉਦਿਸ (14 ਲੋਕਾਂ ’ਚ), ਵਣਿ ਤ੍ਰਿਣਿ (ਜੰਗਲ਼ ਤੇ ਘਾਹ ’ਚ), ਅਨ ਕਤਹਿ ਨ (ਨਾ ਹੋਰ ਥਾਂ), ਆਦਿ ਜੁਗਾਦਿ (’ਚ), ਪੇਈਐ-ਸਾਹੁਰੈ/ਹਲਤਿ ਪਲਤਿ (ਪੇਕੇ ਸਹੁਰੇ ’ਚ/ਲੋਕ ਪ੍ਰਲੋਕ ’ਚ)’।

ਨੋਟ : ਹੇਠਲੇ ਵਾਕਾਂ ’ਚ ਪਿਛਹੁ, ਸਾਥਿ, ਊਪਰਿ, ਤਲੈ/ਹੇਠਿ, ਨਾਲਿ, ਵਿਚਹੁ ਸ਼ਬਦਾਂ ਦਾ ਵਾਕ ’ਚ ਸਥਾਨ ਅਤੇ ਉਨ੍ਹਾਂ ਦੇ ਅਰਥ ਵਾਚਣਯੋਗ ਹਨ :

ਅਗਹੁ ਦੇਖੈ ਪਿਛਹੁ ਦੇਖੈ; ਤੁਝ ਤੇ ਕਹਾ ਛਪਾਵੈ ॥ (ਮਹਲਾ ੧/੧੫੬) (ਪਿਛਹੁ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ।)

ਪਿਛਹੁ ਰਾਤੀ (ਅੰਮ੍ਰਿਤ ਵੇਲੇ ਦਾ) ਸਦੜਾ; ਨਾਮੁ ਖਸਮ ਕਾ, ਲੇਹਿ ॥ (ਮਹਲਾ ੧/੯੮੯) (ਪਿਛਹੁ; ਵਿਸ਼ੇਸ਼ਣ ਹੈ।)

ਮੰਨੈ; ਜਮ ਕੈ ਸਾਥਿ, ਨ ਜਾਇ ॥ (ਜਪੁ/ਮਹਲਾ ੧) (ਕੈ ਸਾਥਿ; ਸੰਬੰਧਕ ਹੈ, ਜੋ ਇੱਕ ਵਚਨ ਪੁਲਿੰਗ ਨਾਂਵ (ਜਮੁ) ਨਾਲ ਸੰਬੰਧ ‘ਦੇ ਨਾਲ’ ਰੱਖਣ ਕਾਰਨ ਇਸ ਨੂੰ ‘ਜਮ’ (ਅੰਤਮ ਮੁਕਤ) ਕਰ ਗਿਆ।

ਭਾਈ ਰੇ ! ਤਨੁ ਧਨੁ ਸਾਥਿ ਨ ਹੋਇ ॥ (ਮਹਲਾ ੧/੬੨) (ਸਾਥਿ; ਕ੍ਰਿਆ-ਵਿਸ਼ੇਸ਼ਣ ਹੈ। ਜੇ ਸੰਬੰਧਕ ਹੁੰਦਾ ਤਾਂ ‘ਤਨੁ ਧਨੁ’ ਨੂੰ ਅੰਤ ਮੁਕਤਾ ਕਰ ਦਿੰਦਾ।)

ਊਪਰਿ ਚਰਨ; ਤਲੈ (ਹੇਠਾਂ) ਆਕਾਸੁ ॥ (ਮਹਲਾ ੫/੯੦੦) (ਊਪਰਿ/ਤਲੈ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹਨ।)

ਊਪਰਿ  ਹਾਟੁ, ਹਾਟ ਪਰਿ ਆਲਾ..॥ (ਭਗਤ ਬੇਣੀ/੯੭੪) (ਊਪਰਿ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ।)

ਸਿਰ ਊਪਰਿ; ਠਾਢਾ (ਖੜ੍ਹਾ) ਗੁਰੁ ਸੂਰਾ ॥ (ਮਹਲਾ ੫/੨੯੩) (ਊਪਰਿ; ਸੰਬੰਧਕ ਹੈ, ਜਿਸ ਨੇ ਇੱਕ ਵਚਨ ਪੁਲਿੰਗ ਨਾਂਵ (ਸਿਰੁ) ਨੂੰ ਅੰਤ ਮੁਕਤਾ (ਸਿਰ) ਕਰ ਦਿੱਤਾ।)

ਆਤਮ ਰਾਮੁ ਸਭ (ਥਾਂ) ਏਕੈ ਹੈ ਪਸਰੇ; ਸਭ ਚਰਨ ਤਲੇ, ਸਿਰੁ ਦੀਜੈ ॥ (ਮਹਲਾ ੪/੧੩੨੫) (ਤਲੇ; ਸੰਬੰਧਕ ਹੈ ਭਾਵ ਰਾਮ; ਕਣ-ਕਣ ’ਚ ਵਿਆਪਕ ਹੈ, ਇਸ ਲਈ ਸਾਰਿਆਂ ਦੇ ਚਰਨਾਂ ਹੇਠ ਆਪਣਾ ਸਿਰ ਰੱਖਣਾ ਬਣਦਾ ਹੈ ਭਾਵ ਅਹੰਕਾਰ ਦੂਰ ਕਰਨਾ ਚਾਹੀਦਾ ਹੈ।)

ਤ੍ਰਿਣ ਕੋ (ਭਾਵ ਘਾਹ ਦਾ) ਮੰਦਰੁ ਸਾਜਿ ਸਵਾਰਿਓ; ਪਾਵਕੁ (ਅੱਗ), ਤਲੈ ਜਰਾਵਤ ਹੇ ॥ (ਮਹਲਾ ੫/੮੨੧) (ਤਲੈ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਜੇ ਸੰਬੰਧਕ ਹੁੰਦਾ ਤਾਂ ‘ਪਾਵਕੁ’ ਨੂੰ ਅੰਤ ਮੁਕਤਾ ਕਰਦਾ; ਜਿਵੇਂ ‘ਸੰਗਿ’ ਸੰਬੰਧਕ ਨੇ ਕੀਤਾ ਹੈ ‘‘ਜਿਉ ਪਾਵਕ ਸੰਗਿ; ਸੀਤ ਕੋ ਨਾਸ ॥ (ਮਹਲਾ ੫/੯੧੪) ਭਾਵ ਜਿਵੇਂ ਅੱਗ ਨਾਲ ਠੰਡ ਦੂਰ ਹੁੰਦੀ ਹੈ।)

ਭਾਗੁ ਮਸਤਕਿ ਹੋਇ ਜਿਸ ਕੈ; ਤਿਸੁ ਗੁਰ ਨਾਲਿ ਸਨੇਹਾ ॥ (ਮਹਲਾ ੫/੫੪੨) (ਨਾਲਿ; ਸੰਬੰਧਕ ਹੈ। ਇਸ ਨੇ ‘ਗੁਰੁ’ ਨੂੰ ਅੰਤ ਮੁਕਤਾ  (ਗੁਰ) ਕਰ ਦਿੱਤਾ।)

ਜਾ ਕੀ ਪ੍ਰੀਤਿ; ਅਪੁਨੇ ਪ੍ਰਭ ਨਾਲਿ ॥ (ਮਹਲਾ ੫/੧੯੯) (ਨਾਲਿ; ਸੰਬੰਧਕ ਹੈ। ‘ਪ੍ਰਭੁ’ ਨੂੰ ਅੰਤ ਮੁਕਤਾ (ਪ੍ਰਭ) ਕਰ ਦਿੱਤਾ।)

ਤਨੁ ਮਨੁ ਗੁਰ ਪਹਿ ਵੇਚਿਆ; ਮਨੁ ਦੀਆ, ਸਿਰੁ ਨਾਲਿ ॥ (ਮਹਲਾ ੧/੨੦) (ਨਾਲਿ; ਕ੍ਰਿਆ-ਵਿਸ਼ੇਸ਼ਣ ਹੈ, ਨਹੀਂ ਤਾਂ ‘ਸਿਰੁ’ ਨੂੰ ਅੰਤ ਮੁਕਤਾ ਕਰਦਾ। ਅਰਥ ਹੈ: ਗੁਰੂ ਅੱਗੇ ਮਨ ਤੇ ਤਨ ਭੇਟ ਕਰ ਦਿੱਤਾ ਅਤੇ ਸਿਰ ਭੀ ਨਾਲ ਹੀ ਦੇ ਦਿੱਤਾ ਭਾਵ ਅਹੰਕਾਰ ਤਿਆਗ ਦਿੱਤਾ।)

ਹੁਕਮਿ ਰਜਾਈ ਚਲਣਾ; ਨਾਨਕ !  ਲਿਖਿਆ ਨਾਲਿ ॥ (ਜਪੁ) (ਨਾਲਿ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ ਭਾਵ ਤਕਦੀਰ ਵਿੱਚ/ਭਾਗ ਵਿੱਚ। ਇਸ ਨੇ ਕ੍ਰਿਆ (ਲਿਖਿਆ) ਦਾ ਸਥਾਨ (ਬੰਦੇ ਦੇ ਨਾਲਿ) ਦੱਸਿਆ ਹੈ।)

ਸਹਸ ਸਿਆਣਪਾ ਲਖ ਹੋਹਿ; ਤ ਇਕ ਨ ਚਲੈ ਨਾਲਿ ॥ (ਜਪੁ) (ਨਾਲਿ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ ਭਾਵ ਪ੍ਰਲੋਕ ਵਿੱਚ; ਇੱਕ ਸਿਆਣਪ ਵੀ ਨਹੀਂ ਜਾਂਦੀ।)

ਮੂਰਖੈ ਨਾਲਿ; ਨ ਲੁਝੀਐ ॥ (ਮਹਲਾ ੧/੪੭੩) (ਨਾਲਿ; ਸੰਬੰਧਕ ਹੈ।)

ਬਿਰਖੈ ਹੇਠਿ;  ਸਭਿ ਜੰਤ ਇਕਠੇ ॥ (ਮਹਲਾ ੫/੧੦੧੯) (ਹੇਠਿ; ਸੰਬੰਧਕ ਹੈ।)

ਨੋਟ : ਉਕਤ ਦੋਵੇਂ ਸੰਬੰਧਕਾਂ (ਨਾਲਿ/ਹੇਠਿ) ਨੇ ਗੁਰਬਾਣੀ ਕਾਵਿ ਤੋਲ ਬਣਾਉਣ ਲਈ ਇੱਕ ਵਚਨ ਪੁਲਿੰਗ ਨਾਂਵਾਂ (ਮੂਰਖੁ/ਬਿਰਖੁ) ਨੂੰ ਅੰਤ ਮੁਕਤਾ (ਮੂਰਖ/ਬਿਰਖ) ਕਰਨ ਦੀ ਥਾਂ ਅੰਤ ਦੁਲਾਵਾਂ ਕਰ ਦਿੱਤਾ ਹੈ ਭਾਵ ਆਪਣੇ ਅਸਲ ਸਰੂਪ (ਮੂਰਖੁ/ਬਿਰਖੁ) ’ਚ ਨਹੀਂ ਰਹਿਣ ਦਿੱਤਾ।

ਧੋਤੀ ਖੋਲਿ (ਕੇ), ਵਿਛਾਏ ਹੇਠਿ ॥ (ਮਹਲਾ ੫/੨੦੧) (ਹੇਠਿ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ ਭਾਵ ਆਪਣੇ ਹੇਠਾਂ।)

ਪਾਣੀ ਵਿਚਹੁ ਰਤਨ ਉਪੰਨੇ; ਮੇਰੁ ਕੀਆ ਮਾਧਾਣੀ ॥ (ਮਹਲਾ ੧/੧੫੦) (ਵਿਚਹੁ; ਸੰਬੰਧਕ ਹੈ।)

ਵਿਚਹੁ ਆਪੁ (ਹਉਮੈ) ਗਵਾਇ ਕੈ; ਰਹਨਿ ਸਚਿ (’ਚ) ਲਿਵ ਲਾਇ ॥ (ਮਹਲਾ ੩/੮੮) (ਵਿਚਹੁ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਇਸ ਨੇ ਕ੍ਰਿਆ ਦਾ ਸਥਾਨ (ਮਨ ’ਚੋਂ) ਦੱਸਿਆ ਹੈ।)

ਸੋ ‘ਨਾਲ ਗਿਆ, ਵਿੱਚ ਬੈਠਿਆ, ਉਪਰ ਚੜ੍ਹਿਆ’; ਵਾਕਾਂ ’ਚ ‘ਨਾਲ’ (ਕਾਲ ਵਾਚਕ), ‘ਵਿੱਚ/ਉਪਰ’ (ਸਥਾਨ-ਵਾਚਕ); ਕ੍ਰਿਆ-ਵਿਸ਼ੇਸ਼ਣ ਹਨ ਜਦਕਿ ‘ਗੁਰੂ ਨਾਲ ਜੁੜ, ਸੰਗਤ ਵਿੱਚ ਬੈਠ, ਧਵਲੈ ਉਪਰਿ ਕੇਤਾ ਭਾਰੁ ?॥; ਵਾਕਾਂ ’ਚ ‘ਨਾਲ, ਵਿੱਚ, ਉਪਰਿ’; ਸੰਬੰਧਕ ਸ਼ਬਦ ਹਨ ਕਿਉਂਕਿ ਇਹ ਤਿੰਨੇ ਸੰਬੰਧਕ; ਨਾਂਵਾਂ (ਗੁਰੂ, ਸੰਗਤ, ਧਵਲੈ-ਬਲ਼ਦ) ਨਾਲ ਸਿੱਧੇ ਜੁੜੇ ਹਨ, ਨਾ ਕਿ ਕਿਸੇ ਕ੍ਰਿਆ ਨਾਲ।

(). ਪ੍ਰਕਾਰਵਾਚੀ/ਵਿਧੀਵਾਚਕ) : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਹੋਣ ਦਾ ਢੰਗ ਜਾਂ ਤਰੀਕਾ ਦੱਸੇ; ਜਿਵੇਂ ‘ਉਂਝ, ਇੰਞ, ਓਦਾਂ, ਇੱਦਾਂ, ਇਸ ਤਰ੍ਹਾਂ, ਉਸ ਤਰ੍ਹਾਂ, ਕਿਸ ਤਰ੍ਹਾਂ, ਹੌਲ਼ੀ, ਤੇਜ਼, ਧੀਰੇ, ਉੱਚੀ ਉੱਚੀ, ਸਹਿਜੇ ਸਹਿਜੇ, ਛੇਤੀ ਛੇਤੀ, ਕਿਵੇਂ, ਇਵੇਂ, ਜਿਵੇਂ’।

ਗੁਰਬਾਣੀ ’ਚ ਇਨ੍ਹਾਂ ਦੀ ਬਣਤਰ ਹੈ : ‘ਇਵ ਹੀ/ਇਉ/ਏਵੈ/ਇਵ/ਏਵ, ਤਿਉ/ਤਿਵੈ, ਜਿਉ/ਜਿਵ/ਜੇਵ/ਜਿਵੈ, ਕੇਵ/ਕਿਵ/ਕਿਵੈ/ਕਿਕੂ/ਕੇਹ/ਕੇਉ/ਕਾਹਿ/ਕਿਉ/ਕਿਵ ਕਰਿ/ਕਿਉ ਕਰਿ (ਕਿਵੇਂ/ਕਿਸ ਤਰ੍ਹਾਂ), ਕਵਨ ਮੁਖਿ (ਕਿਸ ਤਰ੍ਹਾਂ), ਜਸ/ਜੈਸਾ/ਜੈਸੇ, ਐਸੇ ਐਸੇ, ਸਹਜਿ/ਸਹਜੇ, ਧ੍ਰੁਕਿ ਵਿਲਾੜਿ (ਦੌੜ ਭੱਜ ਕੇ), ਪ੍ਰਚੰਡੁ (ਤੇਜ਼), ਅਚਿੰਤਾ/ਅਚਿੰਤੁ (ਬੇਫ਼ਿਕਰ ਹੋ ਕੇ), ਨਿਸੰਗੁ (ਝਾਕਾ ਲਾਹ ਕੇ), ਉਰਧਿ (ਸਿਰ ਪਰਨੇ ਹੋ ਕੇ), ਊਪਰਿ ਭੁਜਾ ਕਰਿ, ਉਚਾ (ਉੱਚਾ ਕੂਕਦਾ), ਧਾਹੀ (ਧਾਹਾਂ ਮਾਰ ਕੇ), ਰੋਂਦੇ, ਖਿਰ ਖਿਰ (ਹੱਸਣਾ), ਲੁਡੰਦੜੀ (ਲਿੱਬੜਦੀ/ਲਿਟਦੀ ਹੋਈ), ਕਿਨ ਬਿਧਿ/ਕਿਹਿ ਬਿਧਿ (ਕਿਸ ਤਰੀਕੇ ਨਾਲ), ਇਨਿ ਬਿਧਿ/ਇਹ ਬਿਧਿ (ਇਸ ਤਰ੍ਹਾਂ), ਬਹੁ ਬਿਧਿ, ਇਤੁ ਕਰਿ (ਇਸ ਤਰ੍ਹਾਂ), ਜਿਤੁ ਕਰਿ (ਜਿਸ ਤਰ੍ਹਾਂ), ਦੁਇ ਕਰ ਜੋੜਿ, ਇਕ ਮਨਿ/ਇਕ ਚਿਤਿ, ਏਕੈ ਭਾਇ/ਸਹਜ ਭਾਇ/ਸਤ ਭਾਇ/ਸੁਖਿ ਭਾਇ/ਭੋਲੇ ਭਾਇ, ਅਨਤ ਭਾਇ (ਅਨੇਕਾਂ ਤਰ੍ਹਾਂ), ਮਨ ਭਾਇ/ਭਗਤਿ ਭਾਇ/ਗੁਰ ਕੈ ਭਾਇ, ਮਟਕਿ ਮਟਕਿ (ਕੇ), ਲੁਡਿ ਲੁਡਿ (ਕੇ), ਰਸਿ ਰਸਿ/ਰਸਕਿ ਰਸਕਿ (ਕੇ), ਵਿਗਸਿ ਵਿਗਸਿ (ਕੇ), ਊਂਨਵਿ ਊਂਨਵਿ (ਕੇ), ਨੀਠਿ ਨੀਠਿ (ਕੇ), ਥਰ ਥਰ/ਥਰਹਰਿ, ਝਿਮਿ ਝਿਮਿ (ਕੇ), ਅਗੋ ਪਿਛੀ, ਓਤਿ ਪੋਤਿ, ਸਾਸਿ ਗਿਰਾਸਿ (ਨਾਲ), ਵਖਿ ਵਖਿ (ਕਰਕੇ), ਵਤਿ (ਮੁੜ ਮੁੜ ਕੇ), ਪੁਨਰਪਿ (ਮੁੜ ਮੁੜ ਕੇ), ਬਹੋਰਿ (ਮੁੜ ਕੇ)’।

(). ਪਰਮਾਣਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਕੰਮ ਦਾ ਅੰਦਾਜ਼ਾ ਜਾਂ ਮਿਣਤੀ ਦੱਸਣ; ਜਿਵੇਂ ‘ਇੰਨਾ, ਜਿੰਨਾ, ਕਿੰਨਾ, ਜ਼ੱਰ੍ਹਾ ਕੁ, ਥੋੜ੍ਹਾ ਜਿਹਾ/ਜ਼ਰਾ ਕੁ, ਬਹੁਤ, ਸਾਰਾ, ਪੂਰਾ, ਨਿਰਾ, ਨਿਰਾ-ਪੁਰਾ, ਅਧੂਰਾ, ਘੱਟ, ਕੁਝ, ਨਿਮਖ ਮਾਤਰ’।

ਗੁਰਬਾਣੀ ’ਚ ਇਨ੍ਹਾਂ ਦੀ ਬਣਤਰ ਹੈ : ‘ਅਤਿ (ਬਹੁਤ), ਖਿਨੁ (ਥੋੜ੍ਹਾ), ਪਲੁ (ਚਾਰ ਤੋਲਾ ਭਾਰ), ਚਿਰੁ, ਬਹੁਤੁ/ਬਹੁਤਾ, ਘਾਟਿ, ਤਿਲੁ ਸਾਰ (ਤਿਲ ਜਿੰਨਾ ਭੀ), ਨੈਕ/ਕਿੰਚਤ (ਰੱਤਾ ਭਰ), ਸਮਸਰਿ/ਸਮ/ਸਮਾਨਿ/ਬਰਾਬਰੀ/ਤੁਲਿ (ਬਰਾਬਰ/ਇੱਕੋ ਜਿਹੀ), ਅਤੋਲਵੀ, ਕੇਤਾ/ਕੇਤੜਾ (ਕਿੰਨਾ ਕੁ), ਖੋੜਸਾ (16 ਵਾਰੀ), ਘਣਾ (ਬਹੁਤ), ਜੇਤਾ (ਜਿੰਨਾ ਕੁ), ਤੇਤਾ (ਓਨਾ ਕੁ), ਜੁ (ਇੰਨਾ)’।

ਗੁਰਬਾਣੀ ਦੇ ਹੇਠਲੇ ਵਾਕਾਂ ’ਚ ਇੱਕੋ ਜਿਹੇ ਸਰੂਪ ਵਾਲੇ ਸ਼ਬਦਾਂ (ਜੁ, ਥੋੜਾ, ਤੁਲਿ, ਸਮਾਨਿ) ਦਾ ਤੁਕ ’ਚ ਸਥਾਨ ਅਤੇ ਇਨ੍ਹਾਂ ਦੇ ਅਰਥ ਵਿਚਾਰਨਯੋਗ ਹਨ :

ਇਨ ਪੰਚਨ; ਮੇਰੋ ਮਨੁ ਜੁ (ਐਨਾ/ਜ਼ਿਆਦਾ) ਬਿਗਾਰਿਓ ॥ ਪਲੁ ਪਲੁ; ਹਰਿ ਜੀ ਤੇ (ਤੋਂ) ਅੰਤਰੁ ਪਾਰਿਓ ॥ (ਭਗਤ ਰਵਿਦਾਸ/੭੧੦) (ਜੁ; ਪਰਮਾਣ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਕ੍ਰਿਆ ਦਾ ਮਾਪ ਕਿੰਨਾ ਬਿਗਾਰਿਓ ? ਜਵਾਬ ਹੈ: ਐਨਾ ਜ਼ਿਆਦਾ।)

ਸੋ ਬੂਝੈ; ਜੁ ਦਯਿ (ਨੇ) ਸਵਾਰਿਆ ॥ (ਮਹਲਾ ੪/੩੧੬) (ਜੁ; ਪੜਨਾਂਵ ਹੈ। ਅਰਥ ਹਨ: ‘ਜਿਹੜਾ’ ਭਾਵ ਉਹੀ ਸਮਝਦਾ ਹੈ ਜਿਹੜਾ ਦਇਆ ਦੇ ਘਰ ਪ੍ਰਭੂ ਨੇ (ਮਿਹਰ ਕਰਕੇ) ਸੋਹਣਾ ਬਣਾ ਦਿੱਤਾ।)

ਜਿਥੈ ਥੋੜਾ ਧਨੁ ਵੇਖੈ, ਤਿਥੈ ਤਪਾ ਭਿਟੈ ਨਾਹੀ; ਧਨਿ ਬਹੁਤੈ ਡਿਠੈ, ਤਪੈ (ਨੇ) ਧਰਮੁ ਹਾਰਿਆ ॥ (ਮਹਲਾ ੪/੩੧੫) (ਥੋੜਾ; ਵਿਸ਼ੇਸ਼ਣ ਹੈ। ਇੱਕ ਵਚਨ ਪੁਲਿੰਗ ਨਾਂਵ ‘ਧਨੁ’ ਦੀ ਵਿਸ਼ੇਸ਼ਤਾ ਦੱਸਦਾ ਹੈ।)

ਸਹਜੇ ਸਚੁ ਧਨੁ ਖਟਿਆ; ਥੋੜਾ ਕਦੇ ਨ ਹੋਇ ॥ (ਮਹਲਾ ੩/੧੦੯੨) (ਥੋੜਾ; ਪਰਮਾਣ-ਵਾਚੀ ਕ੍ਰਿਆ ਵਿਸ਼ੇਸ਼ਣ ਹੈ।)

ਸੋ ਗੁਰਬਾਣੀ ’ਚ ਇੱਕੋ ਜਿਹੇ ਸ਼ਬਦ; ਕਈ ਅਰਥਾਂ ’ਚ ਮਿਲਦੇ ਹਨ, ਇਸੇ ਲਈ ‘ਸਬਦੁ ਬੀਚਾਰੁ’ ਨੂੰ ਸਿਰਮੌਰਤਾ ਦਿੱਤੀ ਗਈ ਹੈ : ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ॥ (ਮਹਲਾ ੧/੯੦੪), ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ ॥’’ (ਮਹਲਾ ੩/੫੯੪)

(). ਸੰਖਿਆਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਕੰਮ ਦੀ ਗਿਣਤੀ ਜਾਂ ਵਾਰੀ ਦੱਸਣ; ਜਿਵੇਂ ‘ਇਕ ਇਕ, ਇਕ ਵਾਰ, ਇਕਹਿਰਾ, ਮੁੜ ਮੁੜ, ਫਿਰ ਫਿਰ, ਦੁਬਾਰਾ, ਦੂਹਰਾ, ਦੋ-ਦੋ ਵਾਰ, ਘੜੀ-ਮੁੜੀ’।

ਗੁਰਬਾਣੀ ’ਚ ਇਨ੍ਹਾਂ ਦੇ ਸਰੂਪ ਹਨ : ‘ਏਕ ਬਾਰ/ਏਕਾ ਵਾਰ, ਦੋਊ ਬਾਰਾ, ਅਨਿਕ ਬਾਰ, ਨੀਤਾ ਨੀਤਿ/ਨਿਤ ਨੀਤਿ, ਬਾਰੰ ਬਾਰ, ਬਹੁਰਿ ਬੁਹਰਿ/ਵਲਿ ਵਲਿ/ਫੁਨਿ ਫੁਨਿ/ਫਿਰਿ ਫਿਰਿ (ਮੁੜ ਮੁੜ), ਸਦ ਵਾਰ, ਲਖ ਲਖ, ਲਖ ਬਰੀਆ’।

(). ਨਿਰਣਾਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੁਆਰਾ ਹੋਣ ਜਾਂ ਨਾ ਹੋਣ ਵਾਲੇ ਕੰਮ ਬਾਰੇ ਫ਼ੈਸਲਾ ਦੇਣ; ਜਿਵੇਂ ‘ਹਾਂ, ਆਹੋ, ਠੀਕ, ਸਤ ਬਚਨ, ਹਾਂ ਜੀ, ਬਹੁਤ ਅੱਛਾ, ਜੀ ਨਹੀਂ, ਨਹੀਂ, ਨਾ, ਨ, ਮਤੁ (ਨਹੀਂ)’।

ਗੁਰਬਾਣੀ ’ਚ ਇਨ੍ਹਾਂ ਦੇ ਸਰੂਪ ਹਨ : ‘ਨ, ਨਾ, ਨਾਹਿਨ, ਨਹੀਨ, ਨਹ/ਨਹੁ, ਨੀਮਿ੍/ਨੀਮ੍ੀ (ਨਹੀਂ), ਜਿਨਿ (ਨਾ), ਮਤ (ਨਾ/ਵੇਖੀਂ ਕਿਤੇ), ਸਤਿ ਸਤਿ, ਮਨਹਿ (ਮਨ੍ਹਾ)’। ਮਿਸਾਲ ਵਜੋਂ ਕੁਝ ਵਾਕ ਹੇਠਾਂ ਦਿੱਤੇ ਗਏ ਹਨ :

ਭਾਈ ! ਮਤ (ਵੇਖਿਓ ਕਿਤੇ/ਨਾ) ਕੋਈ ਜਾਣਹੁ, ਕਿਸੀ ਕੈ ਕਿਛੁ ਹਾਥਿ ਹੈ; ਸਭ ਕਰੇ ਕਰਾਇਆ ॥ (ਮਹਲਾ ੪/੧੬੮)

ਨਾਨਕ  ! ਚਿੰਤਾ ਮਤ (ਬਿਲਕੁਲ ਨਾ) ਕਰਹੁ; ਚਿੰਤਾ ਤਿਸ (ਰੱਬ) ਹੀ ਹੇਇ (ਹੈ) ॥ (ਮਹਲਾ ੨/੯੫੫)

ਧਨੁ ਦਾਰਾ ਸੰਪਤਿ ਸਗਲ; ਜਿਨਿ (ਬਿਲਕੁਲ ਵੀ ਨਾ) ਅਪੁਨੀ ਕਰਿ ਮਾਨਿ (ਮੰਨ) ॥ (ਮਹਲਾ ੯/੧੪੨੬)

(ਕਾਦਰ) ਆਪਿ ਉਪਾਏ; ਆਪੇ ਦੇਇ ॥ ਆਪੇ ਦੁਰਮਤਿਮਨਹਿ  (ਮਨ੍ਹਾ) ਕਰੇਇ ॥ (ਮਹਲਾ ੧/੩੪੯)

(). ਕਾਰਨਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਣ ਦੱਸਣ; ਜਿਵੇਂ ‘ਕਿਉਂਕਿ, ਕਿਉਂ ਜੁ, ਤਾਂ ਜੋ, ਤਾਂ ਕਿ, ਤਾਂ ਹੀ, ਇਸ ਲਈ, ਸੋ, ਇਸ ਕਾਰਣ, ਕਾਹਦੇ ਲਈ, ਕਿਉਂ’।

ਗੁਰਬਾਣੀ ’ਚ ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਦੇ ਸਰੂਪ ਹਨ : ‘ਕਾਏ/ਕਿਉ (ਕਿਸ ਵਾਸਤੇ), ਕਾਇਤੁ (ਕਿਸ ਕਾਰਨ), ਕਿਤੁ/ਕਾਹਿ (ਕਿਉਂ), ਕਾਹੇ (ਕਾਹਦੇ ਲਈ), ਸੁ (ਇਸ ਲਈ/ਤਾਂ ਤੇ), ਯਾ ਤੇ (ਜਿਸ ਕਾਰਨ), ਤਾ ਤੇ (ਇਸ ਲਈ)’ ।

ਹੇਠਲੇ ਵਾਕਾਂ ’ਚ ‘ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ’ ਸ਼ਬਦ; ਬੋਲਡ ਕੀਤੇ ਗਏ ਹਨ :

ਸੁ ਕਹੁ ਟਲ ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ ॥ (ਭਟ ਕਲੵ/੧੩੯੨) (ਸੋ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ ਭਾਵ ‘ਤਾਂ ਤੇ/ਇਸ ਲਈ’ (ਗੁਰੂ ਨੂੰ ਚੇਤੇ ਕਰਨਾ ਬਣਦਾ ਹੈ)।

ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ? ॥ (ਮਹਲਾ ੧/੪੧੭) (ਕਾਇਤੁ ਭਾਵ ਕਿਉਂ (ਕਾਹਦੇ ਲਈ) ?, ਜੇ ‘ਕਾਇਤੁ’ ਦਾ ਅਰਥ ‘ਕਿਵੇਂ ਜਾਂ ਕਿਸ ਤਰ੍ਹਾਂ ?’ ਹੁੰਦਾ ਤਾਂ ਇਹ ਪ੍ਰਕਾਰ-ਵਾਚੀ ਕ੍ਰਿਆ ਵਿਸ਼ੇਸ਼ਣ ਹੋਣਾ ਸੀ।)

ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ  ਬਹੁੜਿ ਨ ਧਾਉ ॥ (ਮਹਲਾ ੫/੮੧੮) (ਤਾ ਤੇ ਭਾਵ ਇਸ ਕਰਕੇ।)

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥ (ਮਹਲਾ ੯/੨੧੯) (ਯਾ ਤੇ ਭਾਵ ਜਿਸ ਕਾਰਣ (ਮਨ) ਥਿਰੁ ਨ ਰਹਾਈ।)

ਪਾਪੀ ਹੀਐ ਮੈ; ਕਾਮੁ ਬਸਾਇ ॥ ਮਨੁ ਚੰਚਲੁ ਯਾ ਤੇ  ਗਹਿਓ ਨ ਜਾਇ ॥ (ਮਹਲਾ ੯/੧੧੮੬) (ਯਾ ਤੇ ਭਾਵ ਜਿਸ ਕਾਰਣ)

ਹੇਠਲੇ ਵਾਕਾਂ ’ਚ ‘ਕਿਉ, ਕੇਹ, ਕਾਹਿ’ ਸ਼ਬਦਾਂ ਦਾ ਤੁਕ ’ਚ ਸਥਾਨ ਅਤੇ ਉਨ੍ਹਾਂ ਦੇ ਅਰਥ; ਗਹੁ ਨਾਲ ਵਾਚਣਯੋਗ ਹਨ :

ਖੁਸਰੈ (ਨੇ), ਕਿਉ ਨ ਪਰਮ ਗਤਿ ਪਾਈ  ?॥ (ਭਗਤ ਕਬੀਰ/੩੨੪) (ਕਿਉ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ’)

ਸੋ ਕਿਉ ਬਿਸਰੈ ? ਜਿ ਘਾਲ ਨ ਭਾਨੈ ॥ (ਮਹਲਾ ੫/੨੮੯) (ਕਿਉ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ/ਕਾਹਦੇ ਲਈ’ ਭਾਵ ਜਿਹੜਾ ਮਾਲਕ ਕਿਸੇ ਦੀ ਭਗਤੀ-ਬੰਦਗੀ (ਮਿਹਨਤ) ਨੂੰ ਅਜਾਈਂ ਨਹੀਂ ਜਾਣ ਦਿੰਦਾ ਉਹ (ਮਨ ਤੋਂ) ਕਿਉਂ ਭੁਲੇ ?)

ਹਰਿ ਪ੍ਰਭੁ ਚਿਤਿ (’ਚ) ਨ ਆਵਈ; ਕਿਉ ਛੂਟਾ ? ਮੇਰੇ ਹਰਿ ਰਾਇਆ ! ॥ (ਮਹਲਾ ੪/੧੬੭) (ਕਿਉ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਵੇਂ/ਕਿਸ ਤਰ੍ਹਾਂ’ (ਮਾਯਾ ਤੋਂ) ਛੁੱਟਾਂ ?)

ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ !  ਕਿਉ ਧਨ ਸੇਜੈ ਜਾਏ  ?॥ (ਮਹਲਾ ੧/੭੨੨) (ਕਿਉ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਵੇਂ/ਕਿਸ ਤਰ੍ਹਾਂ’ ਭਾਵ ਔਰਤ; ਪਤੀ-ਪ੍ਰਭੂ ਦੀ ਸੇਜ ਕਿਵੇਂ ਮਾਣੇ ਜਦ ਪਿਆਰੇ ਪਤੀ ਨੂੰ ਸਰੀਰ (ਕਿਰਦਾਰ) ਹੀ ਪਸੰਦ ਨਹੀਂ ?)

ਆਵਤੁ ਕਿਨੈ ਨ ਰਾਖਿਆ; ਜਾਵਤੁ ਕਿਉ ਰਾਖਿਆ ਜਾਇ ॥ (ਮਹਲਾ ੧/੧੩੨੯) (ਕਿਉ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਵੇਂ/ਕਿਸ ਤਰ੍ਹਾਂ’ ਭਾਵ ਜਦ ਬੰਦੇ ਨੂੰ ਜਨਮ ਲੈਂਦਿਆਂ ਕੋਈ ਨਹੀਂ ਰੋਕ ਸਕਦਾ ਤਾਂ ਮਰਨ ਵੇਲੇ ਕਿਵੇਂ ਰੋਕਿਆ ਜਾ ਸਕਦਾ ਹੈ ?)

ਸਰ ਭਰਿ ਥਲ ਹਰੀਆਵਲੇ; ਇਕ ਬੂੰਦ ਨ ਪਵਈ ਕੇਹ ॥ (ਮਹਲਾ ੧/੬੦) (ਕੇਹ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ/ਕਾਹਦੇ ਲਈ’ ਭਾਵ ਵਰਖਾ-ਪਾਣੀ ਨਾਲ ਧਰਤੀ, ਤਲਾਬ; ਨੱਕਾ-ਨੱਕ ਭਰੇ ਗਏ, ਪਰ ਪਪੀਹੇ ਨੂੰ ਇੱਕ ਬੂੰਦ ਨਾ ਮਿਲੀ। ਓਹਦੇ ਲਈ ਇੰਨਾ ਪਾਣੀ ਕਿਸ ਅਰਥ ਜਾਂ ਕਾਹਦੇ ਲਈ ?।)

ਕਹਹੁ; ਗੁਸਾਈ ਮਿਲੀਐ ਕੇਹ ? ॥ ਜੋ ਬਿਬਰਜਤ; ਤਿਸ ਸਿਉ ਨੇਹ ॥ (ਮਹਲਾ ੫/੧੮੫) (ਕੇਹ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਵੇਂ/ਕਿਸ ਤਰ੍ਹਾਂ’ ਭਾਵ ਜੋ ਮਨ੍ਹਾ ਕੀਤਾ ਹੈ ਉਸ ਨਾਲ ਤਾਂ ਪਿਆਰ ਪਾ ਰੱਖਿਆ ਹੈ ਫਿਰ ਦੱਸੋ ਖ਼ਸਮ ਨੂੰ ਕਿਵੇਂ ਮਿਲੀਏ ?)

ਮਾਗਉ ਕਾਹਿ, ਰੰਕ ਸਭ ਦੇਖਉ ? ਤੁਮ੍ ਹੀ ਤੇ (ਤੋਂ) ਮੇਰੋ ਨਿਸਤਾਰੁ ॥ (ਭਗਤ ਕਬੀਰ/੮੫੬) (ਕਾਹਿ; ਪੜਨਾਂਵ ਹੈ। ਅਰਥ ਹੈ: ‘ਕਿਸ ਤੋਂ’ ਭਾਵ (ਹੇ ਪ੍ਰਭੂ !) ਕਿਸ ਤੋਂ ਮੰਗਾਂ ? ਹਰ ਥਾਂ ਕੰਗਾਲ ਵੇਖ ਰਿਹਾ ਹਾਂ। ਬਸ ਹੁਣ ਤਾਂ ਮੇਰਾ, ਤੇਰੇ ਪਾਸੋਂ ਹੀ ਪਾਰ ਉਤਾਰਾ ਹੋਣਾ ਹੈ।)

ਪ੍ਰਭ ਦੀਨਾ ਨਾਥ !  ਦੁਖੁ ਕਹਉ ਕਾਹਿ ॥ (ਭਗਤ ਕਬੀਰ/੧੧੯੪) (ਕਾਹਿ; ਪੜਨਾਂਵ ਹੈ। ਅਰਥ ਹੈ: (ਆਪਣਾ ਦੁੱਖ) ‘ਕਿਸ ਨੂੰ’ ਦੱਸਾਂ।)

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ  ਮਨ !  ਭਉ ਕਰਿਆ ॥ (ਮਹਲਾ ੫/੪੯੫) (ਕਾਹਿ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ/ਕਾਹਦੇ ਲਈ’)

ਮਾਨਸ ਜਨਮੁ ਅਮੋਲਕੁ ਪਾਇਓ; ਬਿਰਥਾ ਕਾਹਿ ਗਵਾਵਉ  ?॥ (ਮਹਲਾ ੯/੨੧੯) (ਕਾਹਿ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ/ਕਾਹਦੇ ਲਈ’)

ਕਹੁ ਨਾਨਕ ਸੁਨੁ ਰੇ ਮਨਾ ! ਸਿਮਰਤ ਕਾਹਿ ਨ ਰਾਮੁ ॥ (ਮਹਲਾ ੯/੧੪੨੬) (ਕਾਹਿ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ/ਕਾਹਦੇ ਲਈ’)

ਕਹੁ ਕਬੀਰ ! ਇਹ ਕਹੀਐ ਕਾਹਿ  ?॥ ਸਾਧਸੰਗਤਿ ਬੈਕੁੰਠੈ ਆਹਿ (ਹੈ)॥ (ਭਗਤ ਕਬੀਰ/੩੨੫) (ਕਾਹਿ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਵੇਂ/ਕਿਸ ਤਰ੍ਹਾਂ’। ਸੋ ਇੱਥੇ ਕ੍ਰਿਆ ਨਾਲ ‘ਕਿਉਂ’ (ਕਾਰਨ-ਵਾਚੀ) ਨਹੀਂ ਲਗਦਾ। ਕਿਵੇਂ (ਕਿਵੇਂ ਕਹੀਐ ਜਾਂ ਕਿਸ ਤਰ੍ਹਾਂ ਕਹੀਐ ?) ਲਗਦਾ ਹੈ ਤਾਹੀਓਂ ‘ਕਾਹਿ’; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ, ਨਾ ਕਿ ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ।)

ਆਪੇ ਪਟੀ ਕਲਮ ਆਪਿ; ਉਪਰਿ ਲੇਖੁ ਭਿ ਤੂੰ ॥ ਏਕੋ ਕਹੀਐ ਨਾਨਕਾ !  ਦੂਜਾ ਕਾਹੇ ਕੂ ॥ (ਮਹਲਾ ੧/੧੨੯੧) (ਕਾਹਿ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: (ਹੋਰ ਤੇਰੇ ਵਰਗਾ)) ‘ਕਿਵੇਂ/ਕਿਸ ਤਰ੍ਹਾਂ’ ਹੋ ਸਕਦਾ ਹੈ ?)

ਨੋਟ :  ‘ਮੋਹਨ  ਹੁਸ਼ਿਆਰ ਹੈ। ਉਹ  ਸਕੂਲ ਜਾਂਦਾ ਹੈ। ਜਿਸ ਨੇ ਦਸਤਾਰ ਸਜਾਈ ਹੈ, ਉਹ ਮੋਹਨ ਹੈ।’ ਵਾਕਾਂ ’ਚੋਂ ਪਹਿਲੇ ਵਾਕ ’ਚ ‘ਮੋਹਨ’; ਨਾਂਵ ਹੈ। ਦੂਜੇ ’ਚ ‘ਉਹ’; ਪੜਨਾਂਵ ਹੈ। ਤੀਜੇ ’ਚ ‘ਉਹ’ (ਮੋਹਨ); ਪੜਨਾਂਵੀ ਵਿਸ਼ੇਸ਼ਣ ਹੈ ਭਾਵ ਜਦ ਨਾਂਵ (ਮੋਹਨ) ਦੀ ਗ਼ੈਰ ਹਾਜ਼ਰੀ ’ਚ ‘ਉਹ’ ਆਵੇ ਤਾਂ ‘ਉਹ’; ਪੜਨਾਂਵ ਹੁੰਦਾ ਹੈ ਅਤੇ ਜੇ ਨਾਂਵ (ਮੋਹਨ) ਦੇ ਬਰਾਬਰ ‘ਉਹ’ ਹੋਵੇ ਤਾਂ ‘ਉਹ’; ਪੜਨਾਂਵੀ ਵਿਸ਼ੇਸ਼ਣ।

ਹੇਠਲੇ ਵਾਕਾਂਕਿਤੁਨਾਲ ਜਦ ਕੋਈ ਅੰਤ ਸਿਹਾਰੀ ਜਾਂ ਅੰਤ ਦੁਲਾਵਾਂਨਾਂਵਹੋਵੇ ਤਾਂ ਇਹ ਪੜਨਾਂਵੀ ਵਿਸ਼ੇਸ਼ਣ ਹੈ ਅਤੇ ਜਦ ਇਹ ਇਕੱਲਾ ਹੈ ਤਾਂ ਕ੍ਰਿਆਵਿਸ਼ੇਸ਼ਣ :

ਪਿਰ ਕੀ ਨਾਰਿ ਸੁਹਾਵਣੀ; ਮੁਤੀ ਸੋ ਕਿਤੁ ਸਾਦਿ  ?॥ (ਮਹਲਾ ੧/੫੬) (ਕਿਤੁ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹਨ: ਕਿਸ ਸੁਆਦ ’ਚ ?)

ਹਉਮੈ ਕਿਥਹੁ ਊਪਜੈ; ਕਿਤੁ ਸੰਜਮਿ  ਇਹ ਜਾਇ ॥ (ਮਹਲਾ ੨/੪੬੬) (ਕਿਤੁ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹਨ: ਕਿਸ ਤਰੀਕੇ ਨਾਲ ?)

ਸਭਿ ਗੁਣ ਤੇਰੇ, ਠਾਕੁਰ ਮੇਰੇ ! ਕਿਤੁ ਮੁਖਿ  ਤੁਧੁ ਸਾਲਾਹੀ ॥ (ਮਹਲਾ ੫/੫੭੭) (ਕਿਤੁ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹਨ: ਕਿਸ ਮੂੰਹ ਨਾਲ ?)

ਹਰਿ ਪ੍ਰਭੁ ਵੇਪਰਵਾਹੁ ਹੈ; ਕਿਤੁ ਖਾਧੈ  ਤਿਪਤਾਇ ॥ (ਮਹਲਾ ੩/੧੪੧੪) (ਕਿਤੁ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹਨ: ਕਿਹੜਾ ਖਾਣ ਨਾਲ ?)

ਓਇ ਜਿ ਆਵਹਿ ਆਸ ਕਰਿ; ਜਾਹਿ ਨਿਰਾਸੇ ਕਿਤੁ  ?॥ (ਮਹਲਾ ੧/੪੭੦) (ਕਿਤੁ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ : ਕਿਉਂ/ਕਾਹਦੇ ਲਈ ? ਭਾਵ ਜੋ ਪੰਛੀ (ਫਲ਼ ਦੀ) ਉਮੀਦ ਨਾਲ ਸਿੰਮਲ-ਰੁੱਖ ’ਤੇ ਆਉਂਦੇ ਹਨ ਉਹ ਨਿਰਾਸ਼ੇ (ਵਾਪਸ) ਕਿਉਂ ਜਾਂਦੇ ਹਨ ?)

(). ਤਾਕੀਦ (ਪ੍ਰੋੜ੍ਹਤਾ)-ਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੁਆਰਾ ਹੋਣ ਵਾਲੇ ਕੰਮ ਦੀ ਪੁਸ਼ਟੀ ਕਰਨ ਜਾਂ ਸਮਰਥਨ ਦੇਣ; ਜਿਵੇਂ ‘ਹੀ, ਜ਼ਰੂਰ, ਵੀ, ਭੀ, ਤਾਂ ਤੇ ਬਿਲਕੁਲ’।

ਗੁਰਬਾਣੀ ’ਚ ਇਨ੍ਹਾਂ ਦੇ ਸਰੂਪ ਹਨ : ‘ਨ (ਉੱਡ ਨਾ/ਪਿਆਰ ਜਤਾਉਣ ਲਈ), ਸਰਪਰ (ਜ਼ਰੂਰ), ਨਿਹਚਉ (ਜ਼ਰੂਰ), ਭਿ, ਭੀ, ਮੂਲੇ/ਮੂਲਿ (ਬਿਲਕੁਲ ਹੀ), ਹੀ, ਹੂ/ਹੂੰ (ਭੀ), ਈ (ਹੀ)’।

ਨੋਟ:ਕਾਲ਼ੀ ਕਾਰ ਹੈ ਬਿਲਕੁਲ ਕਾਲ਼ੀ ਕਾਰ ਹੈ ਬਾਣੀ; ਗੁਰੂ ਨੇ ਉਚਾਰੀ ਹੈ ਬਾਣੀ; ਗੁਰੂ ਨੇ ਹੀ ਉਚਾਰੀ ਹੈ ਜੀਵਾਂ ਨੂੰ ਹਰ ਦਾਤ; ਨਿਰਾਕਾਰ ਵੱਲੋਂ ਮਿਲਦੀ ਹੈ ਦਰਅਸਲ ਜੀਵਾਂ ਨੂੰ ਹਰ ਦਾਤ; ਨਿਰਾਕਾਰ ਵੱਲੋਂ ਮਿਲਦੀ ਹੈਇਨ੍ਹਾਂ ਵਾਕਾਂਬਿਲਕੁਲ, ਹੀ, ਦਰਅਸਲ’; ਤਿੰਨੇ ਤਾਕੀਦਵਾਚੀ ਕ੍ਰਿਆਵਿਸ਼ੇਸ਼ਣ ਹਨ ਕਿਉਂਕਿ ਇਨ੍ਹਾਂ ਨੇ ਕਿਸੇ ਵਿਸ਼ੇਸ਼ਣ (ਕਾਲ਼ੀ) ਜਾਂ ਕਿਸੇ ਕ੍ਰਿਆ (ਉਚਾਰੀ ਹੈ/ਮਿਲਦੀ ਹੈ) ਦੀ ਵਿਸ਼ੇਸ਼ਤਾ ਦੱਸੀ ਹੈ

ਇਹ ਕ੍ਰਿਆਵਿਸ਼ੇਸ਼ਣ; ਬਾਣੀਕਾਰਾਂ ਦੁਆਰਾ ਆਪਣੇ ਵਿਚਾਰਾਂਤੇ ਦ੍ਰਿੜ੍ਹਤਾ ਦੇ ਪ੍ਰਤੀਕ ਨੂੰ ਉਜਾਗਰ ਕਰਦਾ ਹੈ ਗੁਰਬਾਣੀ ਦੇ ਵਿਚਾਰਾਂ ਦੀ ਐਨੀ ਦ੍ਰਿੜ੍ਹ ਪ੍ਰੋੜ੍ਹਤਾ; ਗੁਰਬਾਣੀ ਦੇ ਟੀਕਾਕਾਰ, ਵਿਆਖਿਆਕਾਰ ਜਾਂ ਨਕਲੀ ਗੁਰੂ; ਉੱਕਾ ਹੀ ਨਹੀਂ ਕਰ ਸਕਦੇ

ਹੇਠਲੇ ਵਾਕ; ਕੇਵਲ ਤਾਕੀਦ-ਵਾਚੀ ਕ੍ਰਿਆ-ਵਿਸ਼ੇਸ਼ਣ ਵਾਲੇ ਹਨ ਕਿਉਂਕਿ ਇੱਥੇ ਗੁਰੂ ਸਾਹਿਬਾਨ ਦੁਆਰਾ ਆਪਣੇ ਸਿਧਾਂਤ ’ਤੇ ਕੀਤੀ ਪ੍ਰੋੜ੍ਹਤਾ; ਵਿਸ਼ੇਸ਼ ਧਿਆਨ ਮੰਗਦੀ ਹੈ।  ਪ੍ਰੋੜ੍ਹਤਾ ਪੱਖ ਉਜਾਗਰ ਕਰਨ ਵਾਲੇ ਇਨ੍ਹਾਂ ਤਾਕੀਦ-ਵਾਚੀ ਕ੍ਰਿਆ-ਵਿਸ਼ੇਸ਼ਣਾਂ ਨੂੰ ਬੋਲਡ ਕੀਤਾ ਗਿਆ ਹੈ :

ਸਭਿ ਫੋਕਟ ਨਿਸਚਉ ਕਰਮੰ ॥ (ਮਹਲਾ ੧/੪੭੦)

ਉਡਹੁ ਕਾਗਾ ਕਾਰੇ  !॥  ਬੇਗਿ ਮਿਲੀਜੈ; ਅਪੁਨੇ ਰਾਮ ਪਿਆਰੇ ॥ (ਭਗਤ ਕਬੀਰ/੩੩੮)

ਰਾਵਨ ਹੂੰ  ਤੇ ਅਧਿਕ ਛਤ੍ਰਪਤਿ; ਖਿਨ ਮਹਿ ਗਏ ਬਿਲਾਤ ॥ (ਭਗਤ ਕਬੀਰ/੧੨੫੧) (‘ਰਾਵਨ ਹੂੰ ਤੇ’ ਭਾਵ ਰਾਵਨ ਤੋਂ ਭੀ ਵੱਡੇ ਰਾਜੇ।)

ਐਸੋ ਗਿਆਨੁ; ਬਿਰਲੋ   (ਹੀ) ਪਾਏ ॥ (ਮਹਲਾ ੫/੮੦੩)

ਇਸੁ ਮਨ ਕੀ ਬਿਧਿ ਮਨ ਹੂ  (ਹੀ) ਜਾਣੈ; ਬੂਝੈ ਸਬਦਿ ਵੀਚਾਰਿ (ਕੇ) ॥ (ਮਹਲਾ ੩/੧੨੬੦)

ਹੇਠਲੇ ਵਾਕਾਂ ਗੁਰੂ ਜੀ ਨੇ ਜੋ ਸਿਧਾਂਤਕ ਪ੍ਰੋੜ੍ਹਤਾ ਕੀਤੀ ਹੈ ਉਸ ਦੀ ਓਨੇ ਭਰੋਸੇ ਨਾਲ ਕਥਾ ਕਰਨੀ ਵੀ ਅਸੰਭਵ ਹੈ :

ਜੋਤੀ ਹੂ ਪ੍ਰਭੁ ਜਾਪਦਾ; ਬਿਨੁ ਸਤਗੁਰ, ਬੂਝ ਨ ਪਾਇ ॥ (ਮਹਲਾ ੩/੩੫) (ਭਾਵ ਜੋਤ ਤੋਂ ਪ੍ਰਭੂ ਜਾਣਿਆ ਜਾਂਦਾ ਹੈ।)

ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ; ਭਗਤੀ (ਨੇ) ਹੂ ਤੂ ਜਾਤਾ ॥ (ਮਹਲਾ ੩/੬੩੭) (ਭਾਵ ਭਗਤਾਂ ਨੇ ਹੀ ਤੈਨੂੰ ਜਾਣਿਆ ਹੈ।)

ਮਨ ਕੀ ਪਤ੍ਰੀ ਵਾਚਣੀ; ਸੁਖੀ ਹੂ ਸੁਖੁ ਸਾਰੁ ॥ (ਮਹਲਾ ੩/੧੦੯੩)

ਗੁਰ ਕਾ ਕਹਿਆ ਜੇ ਕਰੇ; ਸੁਖੀ ਹੂ ਸੁਖੁ ਸਾਰੁ ॥ (ਮਹਲਾ ੩/੧੨੪੮)

ਚਵਰਾਸੀਹ ਲਖ ਜੋਨਿ ਉਪਾਈ; ਰਿਜਕੁ ਦੀਆ ਸਭ ਹੂ ਕਉ ਤਦ ਕਾ ॥ (ਭਟ ਗਯੰਦ/੧੪੦੩)

ਸਰਪਰ ਉਠੀ ਚਲਣਾ; ਛਡਿ ਜਾਸੀ ਲਖ ਕਰੋੜਿ ॥ (ਮਹਲਾ ੫/੫੦) (ਸਰਪਰ ਭਾਵ ਜ਼ਰੂਰ/ਬਿਲਕੁਲ ਹੀ।)

ਰੰਗੁ ਨ ਲਗੀ ਪਾਰਬ੍ਰਹਮ; ਤਾ ਸਰਪਰ ਨਰਕੇ ਜਾਇ ॥ (ਮਹਲਾ ੫/੭੦)

ਸਾਧਸੰਗਿ ਸਰਪਰ ਨਿਸਤਰੈ ॥ (ਮਹਲਾ ੫/੨੭੨)

ਅਪਨੇ ਸੇਵਕ ਕੀ ਸਰਪਰ ਰਾਖੈ ॥ (ਮਹਲਾ ੫/੨੮੫)

ਅੰਦਰਿ ਕਮਾਣਾ ਸਰਪਰ ਉਘੜੈ; ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ (ਮਹਲਾ ੪/੩੧੬)

ਜੀਵਤ ਦੀਸੈ; ਤਿਸੁ ਸਰਪਰ ਮਰਣਾ ॥ (ਮਹਲਾ ੫/੩੭੪) (ਭਾਵ ਵਿਖਾਈ ਦੇਣ ਵਾਲੀ ਹਰ ਵਸਤੂ ਨਾਸਵਾਨ ਹੈ)

ਏਥੈ ਧੰਧਾ ਕੂੜਾ ਚਾਰਿ ਦਿਹਾ; ਆਗੈ ਸਰਪਰ  ਜਾਣਾ ॥ (ਮਹਲਾ ੧/੫੭੯)

ਮੋਹਿ ਬਾਦਿ ਅਹੰਕਾਰਿ (ਕਾਰਨ) ਸਰਪਰ ਰੁੰਨਿਆ ॥ (ਮਹਲਾ ੫/੭੬੧) (ਭਾਵ ਮੋਹ, ਕ੍ਰੋਧ ਅਹੰਕਾਰ ’ਚ ਰਿਹਾਂ ਜ਼ਰੂਰ ਰੋਣਾ ਪੈਣਾ ਹੈ।)

ਨਾਮ ਬਿਨਾ ਸੁਖੁ ਨਾਹਿ; ਸਰਪਰ ਹਾਰਿਆ ॥ (ਮਹਲਾ ੫/੭੬੧)

ਅਭਿਮਾਨੀ ਕੀ ਜੜ; ਸਰਪਰ ਜਾਏ ॥ (ਮਹਲਾ ੫/੮੬੯)

ਜਿਸੁ ਮਿਲਿਆ ਪੂਰਾ ਗੁਰੂ; ਸੁ ਸਰਪਰ ਤਾਰਣੋ ॥ (ਮਹਲਾ ੫/੯੬੩) (ਭਾਵ ਉਹ ਜ਼ਰੂਰ ਤਰ ਜਾਏਗਾ।)

ਆਗੈ ਹੁਕਮੁ ਨ ਚਲੈ ਮੂਲੇ; ਸਿਰਿ ਸਿਰਿ (’ਤੇ) ਕਿਆ ਵਿਹਾਣਾ (ਕੀਤਾ ਬੀਤਦਾ ਹੈ) ॥ (ਮਹਲਾ ੧/੫੭੯) (ਮੂਲੇ; ਭਾਵ ਅੱਗੇ ਸਾਡਾ ਹੁਕਮ ਬਿਲਕੁਲ ਭੀ ਨਹੀਂ ਚਲਦਾ।)

ਐਸਾ ਕੰਮੁ ਮੂਲੇ ਨ ਕੀਚੈ; ਜਿਤੁ ਅੰਤਿ ਪਛੋਤਾਈਐ ॥ (ਮਹਲਾ ੩/੯੧੮)

ਕੰਡਾ ਪਾਇ ਨ ਗਡਈ ਮੂਲੇ; ਜਿਸੁ ਸਤਿਗੁਰੁ ਰਾਖਣਹਾਰਾ ਹੇ ॥ (ਮਹਲਾ ੧/੧੦੨੯) (ਭਾਵ ਉਸ ਦੇ ਪੈਰ ’ਚ ਕੰਡਾ ਭੀ ਨਹੀਂ ਚੁਭਦਾ)

ਤੋਟਾ ਮੂਲਿ ਨ ਆਵਈ; ਲਾਹਾ ਹਰਿ ਭਾਵੈ ਸੋਇ ॥ (ਮਹਲਾ ੪/੩੧੧)

ਭੇਦੁ ਨ ਜਾਣਹੁ ਮੂਲਿ; ਸਾਂਈ ਜੇਹਿਆ ॥ (ਮਹਲਾ ੫/੩੯੭)

ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥ (ਮਹਲਾ ੧/੪੭੪)

ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥ (ਮਹਲਾ ੩/੫੫੪) (ਭਾਵ ਸ਼ਰਾਬ ਬਿਲਕੁਲ ਨਾ ਪੀਤੀ ਜਾਵੇ।)

ਚਿੰਤਾ ਮੂਲਿ ਨ ਹੋਵਈ; (ਜਦੋਂ) ਅਚਿੰਤੁ ਵਸੈ ਮਨਿ ਆਇ (ਕੇ)॥ (ਮਹਲਾ ੩/੫੮੭)

ਗੁਰਮੁਖਿ ਸੰਸਾ ਮੂਲਿ ਨ ਹੋਵਈ; ਚਿੰਤਾ ਵਿਚਹੁ ਜਾਇ ॥ (ਮਹਲਾ ੪/੮੫੩)

ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਨ ਭਾਇਆ ॥ (ਬਾਬਾ ਸੁੰਦਰ/੯੨੩)

ਬਾਹਰਿ ਮੂਲਿ ਨ ਖੋਜੀਐ; ਘਰ (ਹਿਰਦੇ) ਮਾਹਿ ਬਿਧਾਤਾ ॥ (ਮਹਲਾ ੩/੯੫੩)

ਹਉਮੈ ਮੂਲਿ ਨ ਛੁਟਈ; ਵਿਣੁ ਸਾਧੂ ਸਤਸੰਗੈ ॥ (ਮਹਲਾ ੫/੧੦੯੮)

  1. ਸੰਬੰਧਕ (Preposition) : ਜੋ ਸ਼ਬਦ; ਨਾਂਵ/ਪੜਨਾਂਵ ਦੇ ਪਿੱਛੇ ਲੱਗ ਕੇ ਉਨ੍ਹਾਂ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨ, ਉਹ ਸੰਬੰਧਕ ਹੁੰਦੇ ਹਨ; ਜਿਵੇਂ ‘ਗੁਰ ਕਾ ਵਚਨ ਸਰਬੋਤਮ ਹੈ।, ਉਸ ਦੀ ਕਿਰਪਾ ਲਾਭਕਾਰੀ ਹੈ।, ਮਨ ਵਿੱਚ ਡਰ ਹਾਨੀਕਾਰਕ ਹੈ’; ਵਾਕਾਂ ’ਚ ‘ਕਾ, ਦੀ, ਵਿੱਚ’ ਸੰਬੰਧਕ ਹਨ।

ਗੁਰਬਾਣੀ ’ਚ ਇਹ ਸੰਬੰਧਕ ਸ਼ਬਦ ਹਨ (ਨੋਟ: ਬਰੈਕਟ ਬੰਦ ਸ਼ਬਦ; ਉਚਾਰਨ ਸੇਧ ਹੈ ਜਾਂ ਸ਼ਬਦਾਂ ਦੇ ਅਰਥ ਹਨ, ਗੁਰਬਾਣੀ ਦੀ ਲਿਖਤ ਨਹੀਂ): ‘ਉਤੈ (ਉੱਤੇ), ਊਪਰਿ/ਉਪਰਿ, ਓਰ/ਓਰੁ (ਵੱਲ), ਅੰਤਰਿ/ਅੰਤਰੇ, ਅੰਦਰਿ, ਅਰਥਾ/ਅਰਥਿ (ਉਧਰਣ ਲਈ), ਆਗੈ (ਅੱਗੇ/ਸਾਮ੍ਹਣੇ), ਸਉ/ਸੌ/ਸਿਉ/ਸਣਿ/ਸਣੁ/ਸਣੈ (ਨਾਲ) ਸਟੈ (ਜਿੰਦ ਦੇ ਵੱਟੇ), ਸਹਿਤ/ਸਹੇਤਿ/ਸਮੇਤਿ (ਨਾਲ), ਸੰਦਾ/ਹੰਦਾ (ਦਾ), ਸੰਦੀ/ਹੰਦੀ (ਦੀ), ਸੰਦੇ (ਦੇ), ਸੰਦੜੀ, ਸੰਦੀਆ, ਸਦਕਾਰੀ (ਸਦਕਾ/ਕਾਰਣ), ਸੰਗਿ, ਸਾਥਿ, ਸੇਤੀ (ਨਾਲ), ਸੈ (ਤੋਂ), ਹੇਤਿ (ਲਈ), ਹੂ/ਹੂੰ (ਤੋਂ), ਹੇਠਿ, ਕਹੁ (ਨੂੰ), ਕਰਿ (ਕਰਕੇ/ਨਾਲ), ਕਾ, ਕੀ, ਕੇ, ਕੈ, ਕੋ (ਦਾ), ਕੀਆ, ਕੰਨਹੁ/ਕੰਨੋ (ਕੋਲ਼ੋਂ), ਕਿੵਹੁ (ਤੋਂ), ਕੇਰਾ (ਦਾ), ਕੇਰੀ (ਦੀ), ਕੇਰੇ (ਦੇ), ਕੇਰੀਆ (ਦੀਆਂ), ਕੀਐ/ਨਵਿੱਤ (ਖ਼ਾਤਰ/ਲਈ), ਕਾਰਣਿ/ਕਾਰਨਿ/ਕਾਰਣਾ (ਲਈ), ਕਉ/ਕੰਉ, ਕਨਿ (ਕੋਲ਼), ਕੂ/ਕੌ/ਕੂੰ (ਨੂੰ), ਖੇ (ਦੇ/ਦੀ/ਨੇ/ਨੂੰ), ਚੇ (ਦੇ), ਚੋ (ਦਾ), ਚੀ (ਦੀ), ਚ (ਦੇ), ਚੈ (ਦੇ), ਜੋਗੁ (ਜ਼ਿੰਮੇ/ਮੱਥੇ/ਪੱਲੇ), ਜ਼ੇਰ (ਹੇਠਾਂ), ਡੂੰ (ਤੋਂ), ਤਲਿ (ਹੇਠਾਂ/ਉੱਤੇ), ਤਾਈ (ਲਈ), ਤੇ (ਤੋਂ), ਥੇਂ (ਤੋਂ), ਥੈ (ਵਿੱਚ), ਦਾ, ਦੀ, ਦੇ, ਦੈ, ਦੂ/ਦੂੰ (ਤੋਂ), ਧਿਰਿ (ਪਾਸੇ/ਤਰਫ਼), ਨਉ/ਨੋ (ਨੂੰ), ਨਜੀਕਿ, ਨਿਕਟਿ,ਨਿਰੰਤਰਿ (ਵਿੱਚ), ਨਾਲਿ, ਨਾਲੇ, ਨਾਲਹੁ, ਨਿਆਈ (ਵਾਙ), ਪਹਿ/ਪਾਹਿ/ਪਾਹਾ (ਕੋਲ਼), ਪਹੁ (ਪਾਸੋਂ), ਪਹਿ (ਕੋਲ਼), ਪਰਣੈ (ਆਸਰੇ/ਬਲ), ਪਰਿ (ਉੱਤੇ), ਪ੍ਰਤਿ (ਲਈ), ਪਾਸੀ/ਪਾਹੀ (ਕੋਲ਼), ਪਾਸਾ/ਪਾਹਾ (ਪਾਸ), ਪਾਸਹੁ/ਥਾਵਹੁ (ਕੋਲ਼ੋਂ/ਤੋਂ), ਪਾਛੈ (ਪਿੱਛੇ), ਪੈ (ਵਿੱਚ/ਤੋਂ/ਭੀ), ਬਿਨੁ/ਬਿਨਾ/ਬਿਹੂਨ/ਬਾਝੁ/ਬਾਝਹੁ/ਬਾਝੜਿਅਹੁ, ਬਾਹਰਿ/ਬਾਹਰੀ/ਬਾਹਰਾ, ਬਾਦਰੈ (ਬਦਲੇ), ਭੀਤਰਿ/ਭੀਤਰੇ, ਮਧਿ/ਮਧੇ/ਮੰਧੇ/ਮੰਝਿ/ਮੰਝਾਹੂ/ਮਝਾਹੂ/ਮਝਾਰ/ਮਝਾਰਿ/ਮਝੂਰਿ (ਵਿੱਚ), ਮਾਹੀ/ਮਾਹਿ/ਮਹਿ/ਮੇ/ਮੈ (ਵਿੱਚ), ਮਿਆਨੇ/ਮੰਧਾਹੀ (ਵਿੱਚ), ਸਮਾਨਿ/ਸਮਾਨੰ/ਜੈਸਾ/ਜੈਸੀ/ਜੈਸੇ/ਜੈਹੀ/ਜੈਹ/ਜੇਹੇ/ਜੇਹੀਆ/ਜੇਹਿਆ/ਜੇਵਿਹਾ/ਸਾ/ਸਰਿ/ਸਮਸਰਿ/ਵਤ (ਵਰਗਾ), ਜਸ/ਤੁਲਿ/ਬਰਾਬਰਿ/ਜੇਵਡੁ/ਜੇਵਡ/ਲਵੈ/ਸਾਰ (ਬਰਾਬਰ/ਵਰਗਾ), ਭਰਿ (ਲਈ), ਤੁਲਿ (ਵਰਗਾ) ਬਦਲੇ/ਬਾਦਰੈ/ਬਦਲੈ/ਬਦਲਹਾ/ਬਦਲਾਵਨਿ/ਸਟੈ (ਬਦਲੇ), ਵਾਂਗੀ/ਵਾਂਗੂ/ਵਾਗਿ, ਮਿਕਦਾਰਾ (ਵਾਂਗ), ਸਾਰਖੇ (ਵਰਗੇ), ਰੀ (ਦੀ), ਰੋ (ਦਾ), ਵਿਚਿ/ਬਿਚਿ, ਵਿਣੁ, ਵਲਿ, ਵਿਚਦੋ/ਵਿਚੁਦੇ (ਵਿੱਚੋਂ ਦੀ), ਵਿਚਹੁ, ਵਿਟਹੁ/ਵਿਟੜਿਅਹੁ (ਤੋਂ)’।

ਨੋਟ:  ਹੇਠਲੇ ਵਾਕਾਂ ਇੱਕੋ ਜਿਹੇ ਸ਼ਬਦਾਂ ਦਾ ਤੁਕ ਸਥਾਨ ਅਤੇ ਉਨ੍ਹਾਂ ਦੇ ਅਰਥ ਵਾਚਣਯੋਗ ਹਨ :

ਨਾਨਕ !  ਸੇ ਨਰ ਅਸਲਿ ਖਰ; ਜਿ ਬਿਨੁ ਗੁਣ, ਗਰਬੁ ਕਰੰਤਿ ॥ (ਮਹਲਾ ੧/੧੨੪੬) (ਅਸਲਿ; ਵਿਸ਼ੇਸ਼ਣ ਹੈ। ਅਰਥ ਹੈ : ‘ਅਸਲ ਖੋਤੇ’ ਭਾਵ ਉਹ ਮਨੁੱਖ; ਅਸਲ ਖੋਤੇ ਹਨ। ਜੇ ਵਾਕ ਹੁੰਦਾ ‘ਅਸਲ ਖੋਤਾ ਮਨੁੱਖ’ ਤਾਂ ‘ਅਸਲਿ’; ਕ੍ਰਿਆ-ਵਿਸ਼ੇਸ਼ਣ ਹੁੰਦਾ ਕਿਉਂਕਿ ‘ਖੋਤੇ’ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦੱਸ ਰਿਹਾ ਹੁੰਦਾ ਪਰ ਹੁਣ ‘ਖੋਤਾ’ ਨਾਂਵ ਹੈ।)

ਸਿੰਚਹਿ ਦਰਬੁ (ਧਨ); ਦੇਹਿ ਦੁਖੁ ਲੋਗ ॥  ਤੇਰੈ ਕਾਜਿ ਨ; ਅਵਰਾ ਜੋਗ ॥ (ਮਹਲਾ ੫/੮੮੯) (ਜੋਗ; ਸੰਬੰਧਕ ਹੈ, ਅਰਥ ਹਨ: ‘ਹੋਰਾਂ ਜੋਗਾ, ਹੋਰਾਂ ਵਾਸਤੇ’ ਭਾਵ ਹੇ ਮੂਰਖ ! ਤੂੰ ਲੋਕਾਂ ਨੂੰ ਦੁਖ ਦੇ ਕੇ ਧਨ ਇਕੱਠਾ ਕਰਦਾ ਹੈਂ, ਪਰ (ਮਰਨ ਉਪਰੰਤ ਇਹ) ਤੇਰੇ ਕੰਮ ਨਹੀਂ ਆਵੇਗਾ, ਹੋਰਾਂ ਵਾਸਤੇ ਰਹਿ ਜਾਵੇਗਾ।)

ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ (ਮਹਲਾ ੫/੨੬੫) (ਜੋਗ; ਨਾਂਵ ਹੈ। ਅਰਥ ਹੈ: ‘ਯੋਗ ਮਤ’।)

ਨਾਮੁ ਮੰਤ੍ਰੁ; ਗੁਰਿ (ਨੇ) ਦੀਨੋ ਜਾ ਕਹੁ (ਜਿਨ੍ਹਾਂ ਨੂੰ)॥ (ਮਹਲਾ ੫/੨੫੭) (ਕਹੁ; ਸੰਬੰਧਕ ਹੈ। ਇਹ ਸ਼ਬਦ ‘ਕ੍ਰਿਆ’ ਵੀ ਹੈ, ਓਥੇ ਅਰਥ ਹੋਵੇਗਾ: ‘ਆਖ’।)

ਸੁਰਗੈ ਦੀਆ  ਮੋਹਣੀਆ ਇਸਤਰੀਆ ਹੋਵਨਿ; ਨਾਨਕ  ! ਸਭੋ ਜਾਉ ॥ (ਮਹਲਾ ੧/੧੪੨) (ਦੀਆ; ਸੰਬੰਧਕ ਹੈ। ਉਚਾਰਨ ਹੈ: ‘ਦੀਆਂ’, ਪਰ ਬਾਣੀ ’ਚ ‘ਦੀਆ’ ਦਾ ਅਰਥ ‘ਦਿੱਤਾ’ ਵੀ ਹੈ; ਜਿਵੇਂ ‘‘ਜੋ ਗੁਰਿ (ਨੇ) ਦੀਆ; ਸੁ ਮਨ ਕੈ ਕਾਮਿ (’ਚ) ॥’’ ਮਹਲਾ ੫/੧੭੭)

ਮਨ ਕਰਿ (ਮਨ ਨਾਲ); ਕਬਹੂ ਨ ਹਰਿ ਗੁਨ ਗਾਇਓ ॥ (ਮਹਲਾ ੯/੧੨੩੧) (ਕਰਿ; ਸੰਬੰਧਕ ਹੈ। ਅਰਥ ਹੈ ‘ਨਾਲ’, ਪਰ ਗੁਰਬਾਣੀ ’ਚ ਇਹ ਸ਼ਬਦ ਕ੍ਰਿਆ-ਵਿਸ਼ੇਸ਼ਣ ਵੀ ਹੈ। ਓਥੇ ਅਰਥ ਹੈ: ਕਰਕੇ; ਜਿਵੇਂ ‘‘ਕਰਿ ਕਰਿ ਵੇਖੈ ਸਿਰਜਣਹਾਰੁ ॥’’ (ਜਪੁ)

ਬੇਦ ਪੁਰਾਨ ਜਾਸ ਗੁਨ ਗਾਵਤ; ਤਾ ਕੋ ਨਾਮੁ ਹੀਐ ਮੋ ਧਰੁ ਰੇ ॥ (ਮਹਲਾ ੯/੨੨੦) (ਮੋ; ਸੰਬੰਧਕ ਹੈ। ਅਰਥ ਹੈ: ‘ਵਿੱਚ’, ਪਰ ਇਹ ਸ਼ਬਦ ਪੜਨਾਂਵ ਵੀ ਹੈ, ਜੋ ‘ਮੈਨੂੰ’ ਅਰਥ ਦਿੰਦਾ ਹੈ; ਜਿਵੇਂ ਮੋ ਕਉ  ਤੂੰ ਨ ਬਿਸਾਰਿ; ਤੂ ਨ ਬਿਸਾਰਿ ॥ ਭਗਤ ਨਾਮਦੇਵ/੧੨੯੨)

ਅਨਿਕ ਅਨਿਕ ਭੋਗ ਰਾਜ ਬਿਸਰੇ, ਪ੍ਰਾਣੀ !  ਸੰਸਾਰ ਸਾਗਰ ਪੈ (ਉੱਤੇ) ਅਮਰੁ ਭਇਆ ॥ (ਭਗਤ ਤ੍ਰਿਲੋਚਨ/੯੨) (ਪੈ; ਸੰਬੰਧਕ ਹੈ। ਇਹ ਕ੍ਰਿਆ-ਵਿਸ਼ੇਸ਼ਣ ਵੀ ਹੈ, ਓਥੇ ਅਰਥ ਹਨ: ‘ਪੈ ਕੇ’; ਜਿਵੇਂ ‘‘ਇਕਿ ਨਿਹਾਲੀ ਪੈ (ਕੇ) ਸਵਨਿ੍; ਇਕਿ ਉਪਰਿ ਰਹਨਿ ਖੜੇ ॥’’ ਮਹਲਾ ੧/੪੭੫)

ਗੁਰ ਕਾ ਸਬਦੁ ਗੁਰ ਥੈ (ਅੰਦਰ) ਟਿਕੈ; ਹੋਰ ਥੈ (ਥਾਂ) ਪਰਗਟੁ ਨ ਹੋਇ ॥ (ਮਹਲਾ ੩/੧੨੪੯) (ਪਹਿਲਾ ਥੈ; ਸੰਬੰਧਕ ਹੈ, ਜਿਸ ਨੇ ਇੱਕ ਵਚਨ ਪੁਲਿੰਗ ਨਾਂਵ ‘ਗੁਰੁ’ ਨੂੰ ਅੰਤ ਮੁਕਤਾ ‘ਗੁਰ ਥੈ’ ਕਰ ਦਿੱਤਾ ਅਤੇ ਦੂਜਾ ‘ਹੋਰ ਥੈ’ ਦਾ ਅਰਥ ਹੈ: ‘ਹੋਰ ਥਾਂ’ ਇਸਤ੍ਰੀ ਲਿੰਗ।)

ਨਰ ‘ਸੈ’ (ਤੋਂ); ਨਾਰਿ ਹੋਇ ਅਉਤਰੈ ॥ (ਭਗਤ ਨਾਮਦੇਵ/੮੭੪) (ਸੈ; ਸੰਬੰਧਕ ਹੈ, ਪਰਸੈਦਾ ਅਰਥ ‘100’ ਵੀ ਹੈ; ਜਿਵੇਂ ‘‘ਊਡੇ ਊਡਿ ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ਮਹਲਾ /੧੦)

ਹਰਖ ਸੋਗ ਹਾਨਿ (ਘਾਟਾ) ਮਿਰਤੁ ਦੂਖ ਸੁਖ; ਚਿਤਿ (’ਚ) ਸਮਸਰਿ,  ਗੁਰ ਮਿਲੇ ॥ (ਮਹਲਾ ੫/੨੧੪) (ਸਮਸਰਿ; ਕ੍ਰਿਆ ਵਿਸ਼ੇਸ਼ਣ। ਅਰਥ ਹੈ: ‘ਇੱਕੋ ਜਿਹੇ’)

ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥ (ਮਹਲਾ ੧/੩੫੧) (ਸਮਸਰਿ; ਕ੍ਰਿਆ ਵਿਸ਼ੇਸ਼ਣ। ਅਰਥ ਹੈ: ‘ਇੱਕੋ ਜਿਹੇ’ ਭਾਵ ਘਰ ਤੇ ਜੰਗਲ਼ ਇੱਕੋ ਜਿਹੇ। ਜੇ ਸੰਬੰਧਕ ਹੁੰਦਾ ਤਾਂ ‘ਬਨੁ’ ਨੂੰ ਅੰਤ ਮੁਕਤਾ ਕਰਦਾ।)

ਜਨੁ ਨਾਨਕੁ ਭਗਤੁ, ਦਰਿ (’ਤੇ) ਤੁਲਿ (ਤੁਲੇ/ਕਬੂਲ ਹੋਏ), ਬ੍ਰਹਮ ਸਮਸਰਿ;  ਏਕ ਜੀਹ ਕਿਆ ਬਖਾਨੈ ?॥ (ਮਹਲਾ ੫/੧੩੮੫) (ਸਮਸਰਿ; ਸੰਬੰਧਕ ਹੈ। ਅਰਥ ਹੈ: ‘ਵਰਗੇ’ । ਇਸ ਨੇ ‘ਬ੍ਰਹਮ’ ਨੂੰ ਅੰਤ ਮੁਕਤਾ ਕਰ ਦਿੱਤਾ ਭਾਵ (ਰੱਬ ਦੇ) ਭਗਤ ਗੁਰੂ ਨਾਨਕ ਜੀ; ਰੱਬੀ ਦਰ ’ਤੇ ਕਬੂਲ ਹੋਏ ਹੋਏ ਰੱਬ ਵਰਗੇ ਹਨ। ਇੱਕ ਜੀਭ (ਗੁਰੂ ਨਾਨਕ ਜੀ ਬਾਰੇ) ਹੋਰ ਕੀ-ਕੀ ਦੱਸ ਸਕਦੀ ਹੈ ਭਾਵ ਉਨ੍ਹਾਂ ਦੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ?)

ਨਾਨਕ !  ਗੁਰ ਸਮਾਨਿ ਤੀਰਥੁ ਨਹੀ ਕੋਈ; ਸਾਚੇ ਗੁਰ ਗੋਪਾਲਾ ॥ (ਮਹਲਾ ੧/੪੩੭) (ਸਮਾਨਿ; ਸੰਬੰਧਕ ਹੈ। ਅਰਥ ਹੈ: ‘ਵਰਗਾ’। ਇਸ ਨੇ ‘ਗੁਰੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਤੇਰਾ ਸਭੁ ਕੀਆ, ਤੂੰ ਥਿਰੁ ਥੀਆ (ਹੈਂ);  ਤੁਧੁ ਸਮਾਨਿ  ਕੋ ਨਾਹੀ ॥ (ਮਹਲਾ ੧/੪੩੭) (ਸਮਾਨਿ; ਸੰਬੰਧਕ ਹੈ। ਅਰਥ ਹੈ: ‘ਵਰਗਾ’। ‘ਤੁਧੁ’; ਪੜਨਾਂਵ ਕਾਰਨ ਅੰਤ ਮੁਕਤਾ ਨਹੀਂ ਹੋਇਆ।)

ਸੋ ਹਰਿ ਜਨੁ ਨਾਮੁ ਧਿਆਇਦਾ; ਹਰਿ ਹਰਿ ਜਨੁ ਇਕ ਸਮਾਨਿ ॥ (ਮਹਲਾ ੪/੬੫੨) (ਸਮਾਨਿ; ਕ੍ਰਿਆ ਵਿਸ਼ੇਸ਼ਣ ਹੈ। ਅਰਥ ਹੈ: ‘ਇੱਕ ਜਿਹਾ’। ਜੇ ਸੰਬੰਧਕ ਹੁੰਦਾ ਤਾਂ ‘ਜਨੁ’ ਨੂੰ ਅੰਤ ਮੁਕਤਾ ਕਰਦਾ।)

ਖੀਰ ਸਮਾਨਿ  ਸਾਗੁ ਮੈ ਪਾਇਆ; ਗੁਨ ਗਾਵਤ ਰੈਨਿ ਬਿਹਾਨੀ ॥ (ਭਗਤ ਕਬੀਰ/੧੧੦੫) (ਸਮਾਨਿ; ਸੰਬੰਧਕ ਹੈ। ਅਰਥ ਹੈ: ‘ਵਰਗਾ/ਜੈਸਾ’। ਇਸ ਨੇ ‘ਖੀਰੁ’ ਨੂੰ ਅੰਤ ਮੁਕਤਾ ਕਰ ਦਿੱਤਾ। ਚੇਤੇ ਰਹੇ ਕਿ ‘ਖੀਰੁ’ ਪੁਲਿੰਗ ਹੈ, ‘‘ਜਿਉ ਬਾਰਿਕੁ ਪੀ (ਕੇ) ਖੀਰੁ ਅਘਾਵੈ ॥’’ ਮਹਲਾ ੫/੧੦੦)

ਇਤ ਉਤ ਦਹ ਦਿਸਿ ਰਵਿਓ; ਮੇਰ ਤਿਨਹਿ ਸਮਾਨਿ ॥ (ਮਹਲਾ ੫/੧੩੨੨) (ਸਮਾਨਿ; ਪ੍ਰਮਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਇੱਕੋ ਜਿਹਾ’; ਭਾਵ ਇੱਥੇ ਓਥੇ, ਦਸ ਦਿਸਾਵਾਂ ਚ, ਮੇਰੂ ਪਰਬਤ ਅਤੇ ਘਾਹ ’ਚ ਰੱਬ ‘ਇੱਕੋ ਜਿਹਾ’ ਵਸਿਆ ਹੈ।ਸਮਾਨਿ; ‘ਰਵਿਓ’ (ਕ੍ਰਿਆ) ਨਾਲ ਹੈ, ਕਿਸੇ ਨਾਂਵ ਨਾਲ ਨਹੀਂ।)

ਭਰਿ ਸਰਵਰੁ ਜਬ ਊਛਲੈ; ਤਬ ਤਰਣੁ ਦੁਹੇਲਾ ॥ (ਬਾਬਾ ਫਰੀਦ/੭੯੪) (ਭਰਿ; ਕ੍ਰਿਆ-ਵਿਸ਼ੇਸ਼ਣ। ਅਰਥ ਹੈ: ‘ਭਰ ਕੇ’)

ਏਕ ਬੂੰਦ ਭਰਿ  ਤਨੁ ਮਨੁ ਦੇਵਉ; ਜੋ ਮਦੁ ਦੇਇ ਕਲਾਲੀ ਰੇ ॥ (ਭਗਤ ਕਬੀਰ/੯੬੯) (ਭਰਿ; ਸੰਬੰਧਕ ਹੈ। ਅਰਥ ਹੈ: ‘ਲਈ/ਬਦਲੇ’)

ਸਾ  ਮਤਿ ਦੀਜੈ; ਜਿਤੁ ਤੁਧੁ ਧਿਆਈ ॥ (ਮਹਲਾ ੫/੧੦੦) (ਸਾ; ਪੜਨਾਂਵੀ ਵਿਸ਼ੇਸ਼ਣ। ਅਰਥ ਹੈ: ‘ਉਹ’)

ਆਪੁ ਬੀਚਾਰਿ (ਕੇ), ਮਾਰਿ (ਕੇ) ਮਨੁ, ਦੇਖਿਆ; ਤੁਮ ਸਾ  ਮੀਤੁ ਨ ਅਵਰੁ ਕੋਈ ॥ (ਮਹਲਾ ੧/੩੫੬) (ਸਾ; ਸੰਬੰਧਕ ਹੈ। ਅਰਥ ਹੈ: ‘ਤੇਰੇ ਵਰਗਾ’)

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ !  ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ (ਮਹਲਾ ੪/੧੬੭) (ਸਾ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹੈ: ‘ਉਹ’)

ਹਰਿ ਸਾ ਪ੍ਰੀਤਮੁ; ਅਵਰੁ ਨ ਕੋਇ ॥ (ਮਹਲਾ ੫/੧੧੫੧) (ਸਾ; ਸੰਬੰਧਕ ਹੈ। ਅਰਥ ਹੈ: ‘ਹਰੀ ਵਰਗਾ’)

ਤੁਮ ਮਖਤੂਲ (ਰੇਸ਼ਮ) ਸੁਪੇਦ ਸਪੀਅਲ (ਪੀਲ਼ਾ); ਹਮ ਬਪੁਰੇ ਜਸ ਕੀਰਾ ॥ (ਭਗਤ ਰਵਿਦਾਸ/੪੮੬) (ਜਸ; ਸੰਬੰਧਕ ਹੈ। ਅਰਥ ਹੈ: ‘ਕੀੜੇ ਵਰਗੇ’)

ਜਸ  ਕਾਗਦ ਪਰ (ਉੱਤੇ); ਮਿਟੈ ਨ ਮੰਸੁ (ਸਿਆਹੀ)॥ (ਭਗਤ ਕਬੀਰ/੮੭੧) (ਜਸ; ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਜਿਵੇਂ’)

ਧਣਖੁ ਚੜਾਇਓ ਸਤ ਦਾ; ਜਸ ਹੰਦਾ ਬਾਣੁ ॥ (ਬਲਵੰਡ ਸਤਾ/੯੬੮) (ਜਸ; ਨਾਂਵ ਹੈ। ਅਰਥ ਹੈ: ‘ਸਿਫ਼ਤ’ ਭਾਵ ਸਿਫ਼ਤ ਦਾ ਤੀਰ। ਹੰਦਾ (ਭਾਵ “ਦਾ”) ਸੰਬੰਧਕ ਨੇ ‘ਜਸੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਕਨਕ ਕਟਿਕ (ਸੋਨੇ ਤੇ ਕੜੇ ਦਾ ਅੰਤਰ); ਜਲ ਤਰੰਗ ਜੈਸਾ ॥ (ਭਗਤ ਰਵਿਦਾਸ/੯੩) (ਜੈਸਾ; ਸੰਬੰਧਕ ਹੈ। ਅਰਥ ਹੈ: ‘ਵਰਗਾ’ ਭਾਵ ਪਾਣੀ ਦੇ ਤਰੰਗ ਵਰਗਾ। ਇਸ ਨੇ ‘ਤਰੰਗੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਜੈਸਾ ਸਤਿਗੁਰੁ ਸੁਣੀਦਾ; ਤੈਸੋ ਹੀ ਮੈ ਡੀਠੁ ॥ (ਮਹਲਾ ੫/੯੫੭) (ਜੈਸਾ; ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਜਿਸ ਤਰ੍ਹਾਂ ਦਾ’)

ਗੁਰ ਜੈਸਾ ; ਨਾਹੀ ਕੋ ਦੇਵ ॥ (ਮਹਲਾ ੫/੧੧੪੨) (ਜੈਸਾ; ਸੰਬੰਧਕ। ਅਰਥ ਹੈ: ‘ਵਰਗਾ’, ਇਸ ਲਈ ‘ਗੁਰੁ’ ਅੰਤ ਮੁਕਤਾ ਹੈ।)

ਪਾਨੀ ਮਾਹਿ; ਦੇਖੁ ਮੁਖੁ ਜੈਸਾ ॥ (ਭਗਤ ਨਾਮਦੇਵ/੧੩੧੮) (ਜੈਸਾ; ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਜਿਵੇਂ’। ਇੱਥੇ ‘ਜੈਸਾ ਦੇਖੁ’ ਹੈ, ਨਾ ਕਿ ‘ਮੁਖੁ ਜੈਸਾ’; ਨਹੀਂ ਤਾਂ ‘ਮੁਖੁ’ ਅੰਤ ਮੁਕਤਾ ਹੁੰਦਾ ਅਤੇ ਅਰਥ ਹੁੰਦੇ: ‘ਮੂੰਹ ਵਰਗਾ’।)

ਵਤ  ਲਗੀ ਸਚੇ ਨਾਮ ਕੀ; ਜੋ ਬੀਜੇ ਸੋ ਖਾਇ ॥ (ਮਹਲਾ ੫/੩੨੧) (ਵਤ; ਇਸਤਰੀ ਲਿੰਗ ਨਾਂਵ ਹੈ। ਅਰਥ ਹੈ: ‘ਵੱਤ, ਵੱਤਰ, ਬੀਜਣ ਲਈ ਢੁੱਕਵੀਂ ਨਮੀਂ’)

ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ; ਗੁਰ ਸਬਦੀ ਹਰਿ ਪਾਰਿ ਲੰਘਾਈ ॥ (ਮਹਲਾ ੧/੩੫੩) (ਵਤ; ਸੰਬੰਧਕ ਹੈ। ਅਰਥ ਹੈ: ‘ਜ਼ਹਰ ਵਰਗਾ/ਜ਼ਹਰ ਸਮਾਨ’। ‘ਬਿਖੁ’ ਦੀ ਅੰਤ ਔਂਕੜ; ਮੂਲਕ ਹੋਣ ਕਾਰਨ ਨਹੀਂ ਹਟੀ।)

ਸੰਤ ਹੇਤਿ;  ਪ੍ਰਭਿ (ਨੇ) ਤ੍ਰਿਭਵਣ ਧਾਰੇ ॥ (ਮਹਲਾ ੧/੨੨੪) (ਹੇਤਿ; ਸੰਬੰਧਕ ਹੈ। ਅਰਥ ਹੈ: ‘ਲਈ’ ਭਾਵ ਸੰਤ ਬਣਾਨ ਲਈ। ਇਸ ਨੇ ‘ਸੰਤੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਕਮਲ ਹੇਤਿ ਬਿਨਸਿਓ ਹੈ ਭਵਰਾ; ਉਨਿ ਮਾਰਗੁ ਨਿਕਸਿ ਨ ਪਾਇਓ ॥ (ਮਹਲਾ ੫/੬੭੦) (ਹੇਤਿ; ਸੰਬੰਧਕ ਹੈ। ਅਰਥ ਹੈ: ‘ਲਈ’। ਇਸ ਨੇ ‘ਕਮਲ’ ਨੂੰ ਅੰਤ ਮੁਕਤਾ ਕਰ ਦਿੱਤਾ।)

ਭਗਤਿ ਹੇਤਿ;  ਗੁਰ ਸਬਦਿ ਤਰੰਗਾ ॥ (ਮਹਲਾ ੧/੧੦੪੨) (ਹੇਤਿ; ਸੰਬੰਧਕ ਹੈ। ਅਰਥ ਹੈ: ‘ਲਈ’। ‘ਭਗਤਿ’ ਦੀ ਅੰਤ ਸਿਹਾਰੀ ਮੂਲਕ ਹੋਣ ਕਾਰਨ ਨਹੀਂ ਹਟੀ।)

ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ ॥ (ਭਗਤ ਨਾਮਦੇਵ/੧੧੦੫) (ਹੇਤਿ; ਸੰਬੰਧਕ ਹੈ। ਅਰਥ ਹੈ: ‘ਲਈ’। ਇਸ ਨੇ ‘ਭਗਤੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਦਿਨ ਪ੍ਰਤਿ ਕਰੈ, ਕਰੈ ਪਛੁਤਾਪੈ; ਸੋਗ ਲੋਭ ਮਹਿ ਸੂਕੈ ॥ (ਮਹਲਾ ੫/੬੭੨) (ਪ੍ਰਤਿ; ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਹਰ ਦਿਨ’ ਭਾਵ ਬੁਰੇ ਕੰਮ ਰੋਜ਼ ਕਰਦਾ ਹੈ।)

ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ  ਕੀਨੀ; ਕਰਿ (ਕਹਿ ਕੇ) ਨਾਰਾਇਣ ਬੋਲਾਰੇ ॥ (ਮਹਲਾ ੪/੯੮੧) (ਪ੍ਰਤਿ; ਸੰਬੰਧਕ ਹੈ। ਅਰਥ ਹੈ: ‘ਨਾਲ’। ਇਸ ਨੇ ‘ਪੁਤ੍ਰੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਗੁਰ ਨਾਲਿ ਤੁਲਿ  ਨ ਲਗਈ; ਖੋਜਿ ਡਿਠਾ ਬ੍ਰਹਮੰਡੁ ॥ (ਮਹਲਾ ੫/੫੦) (ਨਾਲਿ; ਸੰਬੰਧਕ ਹੈ। ਅਰਥ ਹੈ: ‘ਦੇ ਬਰਾਬਰ’। ਇਸ ਨੇ ‘ਗੁਰੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਨਾਮ ਤੁਲਿ ; ਕਛੁ ਅਵਰੁ ਨ ਹੋਇ ॥ (ਸੁਖਮਨੀ/ਮਹਲਾ ੫/੨੬੫) (ਤੁਲਿ; ਸੰਬੰਧਕ ਹੈ। ਅਰਥ ਹੈ: ‘ਵਰਗਾ’। ਇਸ ਨੇ ‘ਨਾਮੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਜੈਸੇ ਰਾਜ ਰੰਕ ਕਉ; ਲਾਗੈ ਤੁਲਿ ਪਵਾਨ ॥ (ਮਹਲਾ ੫/੨੭੨) (ਤੁਲਿ; ਪ੍ਰਮਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਇੱਕੋ ਜਿਹੀ’ ਭਾਵ ਜਿਵੇਂ ਗ਼ਰੀਬ-ਅਮੀਰ ਨੂੰ ਹਵਾ ‘ਇੱਕੋ ਜਿਹੀ’ ਲਗਦੀ ਹੈ। ਇੱਥੇ ਤੁਲਿ; ਪਵਾਨ ਨਾਲ ਨਹੀਂ, ‘ਲਾਗੈ’ (ਕ੍ਰਿਆ) ਨਾਲ ਹੈ।)

ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ; ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥ (ਮਹਲਾ ੪/੧੪੨੧) (ਤੁਲਿ; ਪ੍ਰਮਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਇੱਕੋ ਜਿਹੀ’। ਇੱਥੇ ਤੁਲਿ; ਹੋਇ (ਕ੍ਰਿਆ) ਨਾਲ ਹੈ, ਨਾ ਕਿ ‘ਨਿੰਦਾ ਉਸਤਤਿ’ ਨਾਂਵ ਨਾਲ।)

  1. ਯੋਜਕ (Conjunction) : ਕਿਸੇ ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਜੋੜਨ ਵਾਲੇ ਸ਼ਬਦ; ਯੋਜਕ ਹੁੰਦੇ ਹਨ; ਜਿਵੇਂ ਲੜਕਾ ਅਤੇ ਲੜਕੀ। ਸੌਂ ਜਾਹ ਕਿਉਂਕਿ ਸਵੇਰੇ ਜਲਦੀ ਉੱਠਣਾ ਹੈ। ਮੈਂ ਗਿਆ ਸੀ ਪਰ ਉਹ ਨਾ ਮਿਲਿਆ; ਵਾਕਾਂ ’ਚ ‘ਅਤੇ, ਕਿਉਂਕਿ, ਪਰ’ ਯੋਜਕ ਹਨ।

ਗੁਰਬਾਣੀ ’ਚ ਯੋਜਕ ਸ਼ਬਦ ਹਨ : ‘ਅਉ (ਅਤੇ), ਅਕੈ (ਜਾਂ), ਅਥਵਾ (ਅਤੇ), ਅਤੈ (ਅਤੇ), ਅਰੁ (ਅਤੇ), ਅਵਰ/ਅਵਰੁ (ਅਤੇ), ਕਿ (ਜਾਂ), ਕੈ (ਜਾਂ), ਚ (ਅਤੇ), ਜਉ (ਜੇਕਰ), ਜਿਉ (ਜਿਵੇਂ), ਜਣੁ/ਜਨੁ/ਜਾਨਉ/ਜਾਨਊ/ਜਨਕ (ਮਾਨੋ ਕਿ/ਸਮਝੋ ਕਿ), ਜਿ (ਕਿ), ਜੇ (ਜੇਕਰ/ਭਾਵੈ), ਜਾਂ, ਤਉ ਭੀ, ਤ, ਤ ਭੀ, ਤਊ/ਤਉ (ਤਾਂ ਭੀ), ਤਾਂ, ਤਾ (ਤਾਂ/ਤਾਂ ਤੇ), ਤੈ (ਅਤੇ), ਨਾ/ਨ (ਨੋਟ: ਜਦ ਇਹ ਸ਼ਬਦ ਕਿਸੇ ਨਾਂਵ/ਪੜਨਾਂਵ ਨਾਲ ਆਵੇ ਤਾਂ ਯੋਜਕ ਹੁੰਦਾ ਹੈ, ਪਰ ਜੇ ਕ੍ਰਿਆ ਨਾਲ ਆਵੇ ਤਾਂ ਕ੍ਰਿਆਵਿਸ਼ੇਸ਼ਣ), ਨਾਹੀ (ਨਹੀਂ ਤਾਂ), ਨਾਹੀ ਤ, ਨਤਰ/ਨਤਰੁ/ਨਾਤਰਿ (ਨਹੀਂ ਤਾਂ), ਪੈ/ਪਰੁ (ਪਰ), ਮਤੁ/ਮਤ (ਮਤਾਂ ਕਿਤੇ/ਵੇਖੀਂ ਕਿਤੇ), ਭੀ, ਭਾਵੈ, ਯਾ ਤੇ (ਜਾਂ ਤੇ)’।

ਹੇਠਲੀਆਂ ਪੰਕਤੀਆਂ ’ਚ ‘ਯੋਜਕ’ ਸ਼ਬਦ ਨੂੰ ਬੋਲਡ ਕੀਤਾ ਗਿਆ ਹੈ। ਚੇਤੇ ਰਹੇ ਕਿ ਯੋਜਕ ਤੋਂ ਪਹਿਲਾਂ ਜਾਂ ਬਾਅਦ ’ਚ ਵਿਸਰਾਮ ਦੇਣ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ :

ਖਾਟ ਮਾਂਗਉ ਚਉਪਾਈ ॥  ਸਿਰਹਾਨਾ ਅਵਰ (ਅਤੇ) ਤੁਲਾਈ ॥ (ਭਗਤ ਕਬੀਰ/੬੫੬) (ਅਵਰ; ਯੋਜਕ ਹੈ, ਪਰ ਇਹ ‘ਹੋਰ’ ਦੇ ਅਰਥਾਂ ’ਚ ਪੜਨਾਂਵ ਵੀ ਹੈ; ਜਿਵੇਂ ‘‘ਰਹਤ ਅਵਰ; ਕਛੁ ਅਵਰ ਕਮਾਵਤ ॥’’ ਮਹਲਾ ੫/੨੬੯)

ਆਖਹਿ ਗੋਪੀ ਤੈ (ਅਤੇ) ਗੋਵਿੰਦ ॥ (ਜਪੁ)

ਬਾਣ ਬੇਧੰ (ਅਤੇ) ਕੁਰੰਕ ਨਾਦੰ; ਅਲਿ ਬੰਧਨ ਕੁਸਮ ਬਾਸਨਹ ॥ (ਮਹਲਾ ੫/੭੦੮) (‘ਚ’; ਯੋਜਕ ਹੈ ਪਰ ਇਹ ਸੰਬੰਧਕ ‘ਦੇ’ ਵਜੋਂ ਵੀ ਹੈ।)

ਇਹੁ ਮਨੁ ਬਡਾ ਕਿ (ਜਾਂ) ਜਾ ਸਉ ਮਨੁ ਮਾਨਿਆ ॥ ਰਾਮੁ ਬਡਾ ਕੈ (ਜਾਂ) ਰਾਮਹਿ ਜਾਨਿਆ ॥ (ਭਗਤ ਕਬੀਰ/੩੩੧) (‘ਕਿ’ ਦਾ ਅਰਥ ਬਾਣੀ ’ਚ ‘ਕੀ’ ਭੀ ਹੈ; ਜਿਵੇਂ ‘‘ਹੋਰੁ ਕਿ  ਕਰੇ ? ਕੀਤੈ ਕਿਆ ਹੋਈ ? ॥’’ (ਮਹਲਾ ੩/੧੨੪)

ਨਾਮੁ ਸੁਨਤ ਜਨੁ (ਸਮਝੋ ਕਿ) ਬਿਛੂਅ ਡਸਾਨਾ ॥ (ਮਹਲਾ ੫/੮੯੩) (ਜਨੁ; ਯੋਜਕ ਹੈ, ਪਰ ਇਹ ਸ਼ਬਦ ਅਕਸਰ ‘ਸੇਵਕ’ ਦੇ ਅਰਥਾਂ ’ਚ ਦਰਜ ਹੁੰਦਾ ਹੈ।)

ਕ੍ਰਿਸ੍ਨਾ ਤੇ ਜਾਨਊ (ਭਾਵ ਮਾਯਾ ਤੋਂ ‘ਸਮਝੋ ਕਿ’) ਹਰਿ ਹਰਿ ਨਾਚੰਤੀ ਨਾਚਨਾ ॥ (ਭਗਤ ਨਾਮਦੇਵ/੬੯੩) (ਜਾਨਊ; ਯੋਜਕ ਹੈ ਕਿਉਂਕਿ ਦੋ ਵਾਕਾਂ ਨੂੰ ਜੋੜਦਾ ਹੈ, ਪਰ ਗੁਰਬਾਣੀ ’ਚ ‘ਜਾਨਊ’ ਕ੍ਰਿਆ ਵੀ ਹੈ; ਜਿਵੇਂ ‘‘ਸੇਵਾ ਕਛੂ ਨ ਜਾਨਊ; ਨੀਚੁ ਮੂਰਖਾਰੇ ॥’’ (ਮਹਲਾ ੫/੮੦੯) (ਜਾਨਊਂ ਭਾਵ ਮੈਂ ਨੀਚ-ਮੂਰਖ; ਸੇਵਾ ਬਿਲਕੁਲ ਨਹੀਂ ਜਾਣਦਾ। ‘ਜਾਨਊ’; ਕ੍ਰਿਆ, ਇੱਕ ਵਚਨ ਉੱਤਮ ਪੁਰਖ।)

ਸੇਜ ਏਕ ਪੈ (ਪਰ, ਫਿਰ ਵੀ) ਮਿਲਨੁ ਦੁਹੇਰਾ ॥ (ਭਗਤ ਕਬੀਰ/੪੮੩)

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ (ਇਸ ਲਈ) ਥਿਰੁ ਨ ਰਹਾਈ ॥ (ਮਹਲਾ ੯/੨੧੯) (ਯਾ ਤੇ; ਯੋਜਕ ਹੈ, ਪਰ ਇਹ ਕ੍ਰਿਆ-ਵਿਸ਼ੇਸ਼ਣ ਵੀ ਹੈ।)

ਜਨਨੀ ਜਾਨਤ ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ ਜਿ (ਕਿ) ਦਿਨ ਦਿਨ ਅਵਧ ਘਟਤੁ ਹੈ ॥ (ਭਗਤ ਕਬੀਰ/੯੧) (ਜਿ; ਯੋਜਕ ਹੈ। ਅਰਥ ਹੈ ‘ਕਿ’; ਪਰ ਗੁਰਬਾਣੀ ’ਚ ਜਿ  ਦਾ ਅਰਥ ‘ਜਿਹੜਾ’ (ਪੜਨਾਂਵ) ਵੀ ਹੈ; ਜਿਵੇਂ ‘‘ਸੋ ਜਨੁ ਸਾਚਾ; ਜਿ  ਹਉਮੈ ਮਾਰੈ ॥’’ (ਮਹਲਾ ੩/੨੩੦)

ਨਾਨਕ  ! ਜਨਮੁ ਸਕਾਰਥਾ ਜੇ (ਜੇਕਰ) ਤਿਨ ਕੈ ਸੰਗਿ ਮਿਲਾਹ ॥ (ਮਹਲਾ ੧/੮੫)

ਕਿਆ ਕਾਸੀ  ? ਕਿਆ ਊਖਰੁ ਮਗਹਰੁ ? ਰਾਮੁ ਰਿਦੈ ਜਉ (ਜੇਕਰ) ਹੋਈ ॥ (ਭਗਤ ਕਬੀਰ/੬੯੨)

ਖੰਡ ਖੰਡ ਕਰਿ ਭੋਜਨੁ ਕੀਨੋ ਤਊ (ਤਾਂ ਭੀ) ਨ ਬਿਸਰਿਓ ਪਾਨੀ ॥ (ਭਗਤ ਰਵਿਦਾਸ/੬੫੮)

ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ ਨਾਹਿ   (ਨਹੀਂ ਤਾਂ) ਜਾਹਿਗਾ ਜਨਮੁ ਗਵਾਇ (ਕੇ) ॥ (ਮਹਲਾ ੩/੬੦੩)

ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ (ਨਹੀਂ ਤਾਂ) ਕੁਧਕਾ ਦਿਵਈਹੈ ਰੇ ॥ (ਭਗਤ ਕਬੀਰ/੮੫੫)

ਅੰਦਰਿ ਕਮਾਣਾ ਸਰਪਰ ਉਘੜੈ ਭਾਵੈ  (ਚਾਹੇ) ਕੋਈ ਬਹਿ ਧਰਤੀ ਵਿਚਿ ਕਮਾਈ ॥ (ਮਹਲਾ ੪/੩੧੬)

ਅਉਖਧ ਮੰਤ੍ਰ ਮੂਲੁ ਮਨ ਏਕੈ; ਜੇਕਰਿ ਦ੍ਰਿੜੁ ਚਿਤੁ ਕੀਜੈ ਰੇ ॥ (ਮਹਲਾ ੧/੧੫੬)

  1. ਵਿਸਮਿਕ (Interjection) : ਕਿਸੇ ਨੂੰ ਬੁਲਾਉਣ ਜਾਂ ਆਪਣੇ ਮਨ ਦੇ ਭਾਵ (ਖ਼ੁਸ਼ੀ, ਗ਼ਮੀ, ਹੈਰਾਨੀ) ਪ੍ਰਗਟਾਉਣ ਲਈ ਆਪ-ਮੁਹਾਰੇ ਮੂੰਹੋਂ ਨਿਕਲੇ ਬੋਲ ਵਿਸਮਿਕ ਹੁੰਦੇ ਹਨ; ਜਿਵੇਂ ‘ਵਾਹ !, ਓਏ !, ਹਾਏ !’।

ਵਿਸਮਿਕ; 9 ਪ੍ਰਕਾਰ ਦੇ ਹੁੰਦੇ ਹਨ: (1). ਸੰਬੋਧਨੀ (ਜਿਵੇਂ ਓਏ !), (2). ਪ੍ਰਸੰਸਾ-ਵਾਚਕ (ਜਿਵੇਂ ਸ਼ਾਬਾਸ਼ !), (3). ਸ਼ੋਕ-ਵਾਚਕ (ਜਿਵੇਂ ਹਾਏ !), (4). ਹੈਰਾਨੀ-ਵਾਚਕ (ਜਿਵੇਂ ਵਾਹ !), (5). ਫਿਟਕਾਰ-ਵਾਚਕ (ਜਿਵੇਂ ਫਿੱਟੇ ਮੂੰਹ !), (6). ਸਤਿਕਾਰ-ਵਾਚਕ (ਜਿਵੇਂ ਜੀ ਆਇਆਂ ਨੂੰ !), (7). ਅਸੀਸ-ਵਾਚਕ (ਜਿਵੇਂ ਖ਼ੁਸ਼ ਰਹੋ !), (8). ਇੱਛਿਆ-ਵਾਚਕ (ਜਿਵੇਂ ਹੇ ਦਾਤਾ ! ਜਾਂ ਬਖ਼ਸ਼ ਲੈ !), (9). ਸੂਚਨਾ-ਵਾਚਕ (ਜਿਵੇਂ ਸੁਣੋ ਜੀ !)

ਗੁਰਬਾਣੀ ’ਚ ਵਿਸਮਿਕ ਸ਼ਬਦ ਹਨ : ‘ਓਇ, ਆਉ ਜੀ, ਆਉ ਬੈਠੁ, ਐ ਜੀ, ਅਹ (ਹੇ), ਅਹੋ (ਵਾਹ !), ਆਹਿ, ਅਰੀ, ਏ, ਹਉ ਵਾਰੀ/ਹਉ ਵਾਰਣੈ, ਹਲੇ, ਹਾ ਹਾ, ਹਾਂ, ਹੇ, ਹੈ, ਹੋ ਜੀ (ਹੇ ਪ੍ਰਭੂ ਜੀ), ਕਿਆ ਖੂਬੁ, ਖੰਨੀਐ ਵੰਞਾ, ਘੋਲਿ ਘੁਮਾਈ, ਜਲਿ ਜਾਉ/ਜਲਿ ਬਲਿ ਜਾਉ, ਜੀਵਹੁ/ਚਿਰੁ ਜੀਵਹੁ/ਜੁਗੁ ਜੁਗ ਜੀਵਹੁ, ਜੈ ਜੈ/ਜੈ ਜਏ, ਜਯੋ ਜਯ, ਮੁਈਏ (ਮਰ ਜਾਣੀਏਂ), ਰੀ, ਰੇ (ਹੇ), ਰੇ ਰੇ (ਓਇ ਓਇ !), ਬਲਿ ਬਲਿ, ਸਦ ਬਲਿਹਾਰਿ, ਬਾਰਨੈ ਬਲਿਹਾਰਨੈ, ਬੇ, ਬੋ, ਵੇ, ਭੋ, ਤਾਸੁ ਤਾਸੁ, ਤ੍ਰਾਹਿ ਤ੍ਰਾਹਿ, ਧਨੁ ਧੰਨੁ, ਧ੍ਰਿਗੁ ਧ੍ਰਿਗੁ, ਬਾਹ ਦੇਹਿ-ਬਾਹ ਦੇਹਿ, ਫਿਟੁ, ਹਰਿ/ਅਲਹ (ਰੱਬ ਕਰੇ/ਰੱਬ ਕਰਕੇ), ਰਾਖੁ ਰਾਖੁ, ਵਾਹ/ਵਾਹੁ/ਵਾਹਿ, ਵਾਰੀ ਵੰਞਾ/ਘੋਲੀ ਵੰਞਾ’। ਮਿਸਾਲ ਵਜੋਂ ਕੁਝ ਗੁਰਬਾਣੀ ਵਾਕ ਹਨ :

ਓਇ ਪਰਦੇਸੀਆ ! ਹਾਂ ॥ (ਮਹਲਾ ੫/੪੧੦

ਮੇਰੇ ਮਨ ਪਰਦੇਸੀ ਵੇ ਪਿਆਰੇ ! ਆਉ ਘਰੇ ॥ (ਮਹਲਾ ੪/੪੫੧)

ਆਪਣੇ ਪਿਰ ਕੈ ਰੰਗਿ ਰਤੀ ਮੁਈਏ ! ਸੋਭਾਵੰਤੀ ਨਾਰੇ ॥ (ਮਹਲਾ ੩/੫੬੭)

ਆਹਿ (ਹੇ) ਮੇਰੇ ਠਾਕੁਰ ! ਤੁਮਰਾ ਜੋਰੁ ॥  ਕਾਜੀ ਬਕਿਬੋ ਹਸਤੀ ਤੋਰੁ ॥ (ਭਗਤ ਕਬੀਰ/੮੭੦)

ਤੂ ਕੁਨੁ ਰੇ ॥  ਮੈ ਜੀ ॥  ਨਾਮਾ ॥  ਹੋ ਜੀ ! (ਹੇ ਪ੍ਰਭੂ ਜੀ !) ॥  ਆਲਾ ਤੇ ਨਿਵਾਰਣਾ; ਜਮ ਕਾਰਣਾ ॥ (ਭਗਤ ਨਾਮਦੇਵ/੬੯੪)

ਦੁਸਟ ਮੁਏ ਬਿਖੁ ਖਾਈ, ਰੀ  ਮਾਈ ॥ (ਮਹਲਾ ੫/੧੨੬੯) (ਨੋਟ: ਇੱਥੇਰੀ ਮਾਈ’; ਹੈਰਾਨੀ ਵਾਚਕ ਵਜੋਂ ਹੈ, ਇਹ ਸ਼ਬਦ ਸੰਬੋਧਨ ਵਜੋਂ ਵੀ ਹੈ)

ਹਾ ਹਾ ਪ੍ਰਭ ! ਰਾਖਿ ਲੇਹੁ ॥ (ਮਹਲਾ ੫/੬੭੫)

ਪਾਪੀ ਕਰਮ ਕਮਾਵਦੇ; ਕਰਦੇ ਹਾਏ ਹਾਇ ॥ (ਮਹਲਾ ੫/੧੪੨੫)

ਤ੍ਰਾਹਿ ਤ੍ਰਾਹਿ  (ਹਾਏ ! ਹਾਏ !) ਕਰਿ ਸਰਨੀ ਆਏ; ਜਲਤਉ ਕਿਰਪਾ ਕੀਜੈ ॥ (ਮਹਲਾ ੫/੧੨੬੯)

ਹਲੇ ਯਾਰਾ ਹਲੇ ਯਾਰਾ ! ਖੁਸਿ ਖਬਰੀ ॥ (ਭਗਤ ਨਾਮਦੇਵ/੭੨੭)

ਵਾਹੁ ਮੇਰੇ ਸਾਹਿਬਾ  ! ਵਾਹੁ ॥  ਗੁਰਮੁਖਿ ਸਦਾ ਸਲਾਹੀਐ; ਸਚਾ ਵੇਪਰਵਾਹੁ ॥ (ਮਹਲਾ ੩/੭੫੫)

ਰੇ ਮਨ ! ਕਿਆ ਕਰਹਿ ਹੈ ? ਹਾ ਹਾ ॥ (ਮਹਲਾ ੫/੪੦੨)

ਧ੍ਰਿਗੁ ਖਾਣਾ ਧ੍ਰਿਗੁ ਪੈਨ੍ਣਾ; ਜਿਨ੍ਾ ਦੂਜੈ ਭਾਇ ਪਿਆਰੁ ॥ (ਮਹਲਾ ੩/੧੩੪੭)

ਰੇ ਰੇ; ਦਰਗਹ ਕਹੈ ਨ ਕੋਊ ॥ (ਮਹਲਾ ੫/੨੫੨)

ਹਰਿ ਹਰਿ (ਰੱਬ ਦਾ ਵਾਸਤਾ ਹੈ ਕਿ) ਤਿਨ ਕਾ ਦਰਸੁ ਨ ਕਰੀਅਹੁ; ਜਿਨੀ ਹਰਿ ਹਰਿ ਨਾਮੁ ਨ ਧਿਆਇਆ ॥ (ਮਹਲਾ ੪/੫੭੪)

ਅੰਮ੍ਰਿਤੁ ਪੀਵਹੁ, ਸਦਾ ਚਿਰੁ ਜੀਵਹੁ; ਹਰਿ ਸਿਮਰਤ ਅਨਦ ਅਨੰਤਾ ॥ (ਮਹਲਾ ੫/੪੯੬)

ਜਲਿ ਜਾਉ ਏਹੁ ਬਡਪਨਾ; ਮਾਇਆ ਲਪਟਾਏ ॥ (ਮਹਲਾ ੫/੭੪੫)

ਸ੍ਰੀ ਗੁਰ ਰਾਮਦਾਸ ! ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥ (ਭਟ ਬਲੵ/੧੪੦੫)