ਗੁਰਬਾਣੀ ਨੂੰ ਆਧੁਨਿਕ ਪੰਜਾਬੀ ਵਾਂਗ ਪੜ੍ਹਨਾ ਤੇ ਸਮਝਣਾ ਵਿਸ਼ੇ ਦੀ ਗਹਿਰਾਈ ਤੋਂ ਦੂਰ ਰਹਿਣਾ ਤੇ ਵਿਚਾਰਕ ਮਤਭੇਦਾਂ ਨੂੰ ਜਨਮ ਦੇਣ ਬਰਾਬਰ ਹੈ। (ਭਾਗ ਪਹਿਲਾ)
ਕਿਰਪਾਲ ਸਿੰਘ (ਬਠਿੰਡਾ)- 98554-80797
ਭਾਸ਼ਾ ਭਾਵੇਂ ਕੋਈ ਵੀ ਹੋਵੇ, ਹਰ ਭਾਸ਼ਾ ਰਾਹੀਂ ਮਨ ਦੇ ਹਾਵ-ਭਾਵ (ਅੰਦਾਜ਼) ਦੂਸਰਿਆਂ ਨਾਲ ਸਾਂਝੇ ਕਰਨ ਲਈ ਉਚਾਰਨ ਕੀਤੀ ਜਾਣ ਵਾਲੀ ਭਾਸ਼ਾ; ਮਨੁੱਖਾ ਸਰੀਰ ਅੰਦਰ ਚਾਰ ਪੜਾਅ ਨੂੰ ਪਾਰ ਕਰਦੀ ਹੋਈ, ਮੰਨੀ ਗਈ ਹੈ, ਉਹ ਚਾਰ ਪੜਾਅ ਹਨ: ‘ਪਰਾ, ਪਸ਼੍ਯੰਤੀ, ਮੱਧਮਾ (ਮਧ੍ਯਮਾ) ਤੇ ਵੈਖਰੀ’।
ਬੁੱਧੀਜੀਵੀਆਂ ਅਨੁਸਾਰ ਮੂਲਾਧਾਰ ’ਚ ਭਾਵਨਾ ਦੇ ਰੂਪ ਵਿੱਚ ਟਿਕਿਆ ਪਿਆ ਸ਼ਬਦ ‘ਪਰਾ’, ਮੂਲਾਧਾਰ ਤੋਂ ਉੱਠ ਕੇ ਹਿਰਦੇ ’ਚ ਆਇਆ ਸ਼ਬਦ ‘ਪਸ਼੍ਯੰਤੀ’, ਹਿਰਦੇ ਤੋਂ ਕੰਠ ’ਚ ਪਹੁੰਚਿਆ ਸ਼ਬਦ ‘ਮਧ੍ਯਮਾ’ ਤੇ ਕੰਠ ’ਚੋਂ ਉਚਾਰਨ ਕੀਤਾ ਗਿਆ ਸ਼ਬਦ ‘ਵੈਖਰੀ’ ਜਾਂ ਭਾਸ਼ਾ ਅਖਵਾਉਂਦਾ ਹੈ। ਗੁਰਬਾਣੀ ਵਿੱਚ ਇਨ੍ਹਾਂ ਚਾਰ ਪੜਾਵਾਂ ਨੂੰ ‘ਚਾਰ ਬਾਣੀਆ’ ਵੀ ਕਿਹਾ ਗਿਆ ਹੈ; ਜਿਵੇਂ ਕਿ ‘‘ਖਾਣੀ ਚਾਰੇ, ਬਾਣੀ ਭੇਦਾ ॥’’ (ਮ: 1/839)
ਇਹ ਵੀ ਧਿਆਨ ਰਹੇ ਕਿ ਗੁਰਬਾਣੀ ’ਚ ਬੇਸ਼ੱਕ ਪ੍ਰਚਲਿਤ ਹਵਾਲਿਆਂ ਦਾ ਜ਼ਿਕਰ ਕਈ ਵਾਰ ਕੀਤਾ ਹੋਇਆ ਮਿਲ ਜਾਂਦਾ ਹੈ ਪਰ ਗੁਰਮਤ ਆਪਣੇ ਸਿਧਾਂਤ ਮੁਤਾਬਕ ਕੁਦਰਤ ਨੂੰ ਕਿਸੇ ਵੀ ਗਿਣਤੀ ਮਿਣਤੀ ਦੇ ਸਾਂਚੇ ਵਿੱਚ ਕੈਦ ਨਹੀਂ ਕਰਦੀ; ਜਿਵੇਂ ਕਿ 84 ਲੱਖ ਜੂਨਾਂ, ਲੱਖ ਪਾਤਾਲ ਜਾਂ ਲੱਖ ਆਕਾਸ, ਚਾਰ ਖਾਣੀਆਂ, ਚਾਰ ਬਾਣੀਆਂ, ਆਦਿ ਵਾਲੀਆਂ ਪ੍ਰਚਲਿਤ ਧਾਰਨਾਵਾਂ ਦਰਜ ਵੀ ਹਨ ਤੇ ਇਨ੍ਹਾਂ ਨੂੰ ਅਧੂਰਾ ਵੀ ਸਿੱਧ ਕੀਤਾ ਗਿਆ ਹੈ; ਜਿਵੇਂ ਕਿ ਉਕਤ ਚਾਰ ਬਾਣੀਆਂ ਦੀ ਹਮਾਇਤ ਕਰਨ ਦੇ ਬਾਵਜੂਦ ‘‘ਕੇਤੀਆ ਖਾਣੀ ਕੇਤੀਆ ਬਾਣੀ.. ॥’’ (ਜਪੁ) ਰਾਹੀਂ ਤੁੱਛ ਵੀ ਮੰਨਿਆ ਗਿਆ ਹੈ।
ਉਕਤ ਵੰਡ (ਚਾਰ ਪੜਾਅ) ਨੂੰ ਅਗਰ ਆਧਾਰ ਬਣਾ ਕੇ ਵਿਸ਼ੇ ਨੂੰ ਸਮਝਿਆ ਜਾਏ ਤਾਂ ਕੰਠ ’ਚੋਂ ਉਚਾਰੀ ਗਈ ‘ਵੈਖਰੀ’ (ਅਵਸਥਾ) ਹੀ ਭਾਸ਼ਾ ਨੂੰ ਉਜਾਗਰ ਕਰਦੀ ਹੈ, ਜਨਮ ਦਿੰਦੀ ਹੈ, ਜਿਸ ਵਿੱਚ ਅੱਖਰ, ਲਗ (ਮਾਤਰ), ਲਗਾੱਖਰ ਦਾ ਸੁਮੇਲ ਹੁੰਦਾ ਹੈ। ਅੱਖਰ ਨਾਲ਼ ਕੀਤੀ ਗਈ ‘ਲਗ’ ਦੀ ਵਰਤੋਂ ਵਿਆਕਰਨ ਨਿਯਮ ਅਤੇ ਅੱਖਰ ਨਾਲ਼ ਲਗਾੱਖਰ ਦੀ ਵਰਤੋਂ ਸ਼ੁੱਧ ਉਚਾਰਨ ਨਿਯਮ ਅਖਵਾਉਂਦਾ ਹੈ।
ਪੰਜਾਬੀ ਅਤੇ ਗੁਰਮੁਖੀ ਲਿੱਪੀ ’ਚ 10 ਲਗਾਂ (ਮੁਕਤਾ, ਕੰਨਾ, ਔਂਕੜ, ਦੁਲੈਂਕੜ, ਸਿਹਾਰੀ, ਬਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੌੜਾ), ਤਿੰਨ ਲਗਾੱਖਰ (ਅੱਧਕ, ਬਿੰਦੀ, ਟਿੱਪੀ) ਅਤੇ 35 ਅੱਖਰ ਹਨ, ਜਿਨ੍ਹਾਂ ਵਿੱਚੋਂ ਤਿੰਨ ਸਵਰ (ੳ, ਅ, ੲ) ਅਤੇ 32 ਵਿਅੰਜਨ ਅੱਖਰ ਹਨ ਭਾਵ 10 ਲਗਾਂ ਕੇਵਲ 32 ਅੱਖਰਾਂ ਨੂੰ ਹੀ ਲੱਗਦੀਆਂ ਹਨ ਜਦ ਕਿ ਤਿੰਨ ਸਵਰਾਂ ’ਚੋਂ ‘ੳ’ ਨੂੰ ਕੇਵਲ ਤਿੰਨ (ਔਂਕੜ ‘ਉ’, ਦੁਲੈਂਕੜ ‘ਊ’, ਹੋੜਾ ‘ਓ’), ‘ਅ’ ਨੂੰ ਕੇਵਲ ਚਾਰ (ਮੁਕਤਾ ‘ਅ’, ਕੰਨਾ ‘ਆ’, ਦੁਲਾਵਾਂ ‘ਐ’ ਤੇ ਕਨੌੜਾ ‘ਔ’) ਅਤੇ ‘ੲ’ ਨੂੰ ਕੇਵਲ ਤਿੰਨ (ਸਿਹਾਰੀ ‘ਇ’, ਬਿਹਾਰੀ ‘ਈ’, ਲਾਂ ‘ਏ’) ਲਗਾਂ ਹੀ ਲੱਗਦੀਆਂ ਹਨ।
ਭਾਸ਼ਾਈ ਪੱਧਰ ਦੇ ਚੌਥੇ ਪੜਾਅ ਉੱਤੇ ਮਨੁੱਖ ਆਪਣੇ ਬਣੇ ਹੋਏ ਵਿਚਾਰਾਂ ਨੂੰ ਗਲੇ, ਜੀਭ, ਦੰਦ, ਨਾਸਿਕਾ, ਆਦਿ ਸਰੀਰਕ ਅੰਗਾਂ ਦੀ ਸਹਾਇਤਾ ਨਾਲ ਬੋਲ ਕੇ ਦੂਸਰੇ ਤੱਕ ਵਿਅਕਤ ਕਰ ਸਕਦਾ ਹੈ। ਸ਼ਬਦ ਦੀ ਇਸ ਚੌਥੀ ਅਵਸਥਾ (ਜਾਂ ਪੜਾਅ) ਨੂੰ ‘ਬੈਖਰੀ’ ਮੰਨਿਆ ਗਿਆ; ਜੋ ਕਿ ਸ਼ਬਦ ਰੂਪ ਹੋ ਕੇ ਸਮਾਜ ’ਚ (ਸੰਸਾਰ ’ਤੇ) ‘ਬਿਖਰ’ ਜਾਂਦੀ ਹੈ। ਇਸ ਨੂੰ ਬੋਲ ਕੇ ਜਾਂ ਲਿਖ ਕੇ ਸੁਣਿਆ ਜਾਂ ਪੜ੍ਹਿਆ ਜਾ ਸਕਦਾ ਹੈ। ‘ਬੈਖਰੀ’ ਬਾਣੀ (ਬਣਾਵਟ ਜਾਂ ਅਵਸਥਾ) ਰਾਹੀਂ ਮਿਲੇ ਸੰਦੇਸ਼ ਨੂੰ ਚਿਰਾਂ ਤੱਕ ਸਾਂਭ ਕੇ ਰੱਖਣ ਲਈ ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਭੂਗੋਲਿਕ ਪਰਸਥਿਤੀਆਂ ਮੁਤਾਬਕ ਬੋਲੀ (ਬੈਖਰੀ) ਨੂੰ ਸਦੀਵੀ ਤੌਰ ’ਤੇ ਸੰਭਾਲ਼ਨ ਲਈ ਅੱਖਰ ਰੂਪ ਚਿੰਨ੍ਹਾਂ ਦੀ ਖੋਜ ਹੋਈ, ਜੋ ਪੰਜਾਬੀ ਤੇ ਗੁਰਮੁਖੀ ਦੇ 35 ਅੱਖਰਾਂ ਵਾਂਗ ਅਲੱਗ-ਅਲੱਗ ਭਾਸ਼ਾਵਾਂ ਦੇ ਵੱਧ ਘੱਟ ਹਨ।
ਇਸ ਲਿਖਤੀ ਖੋਜ ਤੋਂ ਸਮਝ ਪੈਂਦੀ ਹੈ ਕਿ ਅੱਖਰਾਂ (ਲਿਪੀ) ਦੀ ਹੋਂਦ ਮਨੁੱਖੀ ਵਿਚਾਰ ਪ੍ਰਗਟ ਕਰਨ ਨਾਲ ਆਰੰਭ ਹੋਈ ਹੈ ਜਦ ਕਿ ਮਨੁੱਖੀ ਹਾਵ-ਭਾਵ (ਅੰਦਰੂਨੀ ਭਾਵਨਾ, ਜੋ ਪਸ਼ੂ ਪੰਛੀਆਂ ਵਾਂਗ ਵਿਅਕਤ ਨਹੀਂ ਕੀਤੀ ਜਾ ਸਕਦੀ ਸੀ) ਆਦਿ ਕਾਲ ਤੋਂ ਸੰਕੇਤਕ ਚਿੰਨ੍ਹਾਂ ਰਾਹੀਂ ਪ੍ਰਯੋਗ ਹੁੰਦੀ ਆਈ ਹੈ। ਵੈਸੇ ਵੀ ਅਸੀਂ ਵੇਖਦੇ ਹਾਂ ਕਿ ਬੱਚੇ ਦੇ ਮਨ ਵਿੱਚ ਫੁਰਨੇ ਤਾਂ ਉਸ ਦੇ ਜਨਮ ਤੋਂ ਹੀ ਉਪਜਣੇ ਸ਼ੁਰੂ ਹੋ ਜਾਂਦੇ ਹਨ ਪਰ ਉਹ ‘ਪਰਾ, ਪਸੰਤੀ, ਮੱਧਮਾ’ (ਤਿੰਨ ਅਵਸਥਾਵਾਂ) ਵਿੱਚ ਹੋਣ ਕਰ ਕੇ ਅਸੀਂ ਉਨ੍ਹਾਂ ਨੂੰ ਸੁਣ ਨਹੀਂ ਸਕਦੇ ਭਾਵ ਹੋਰਾਂ ਨਾਲ ਸਾਂਝੇ ਨਹੀਂ ਕਰ ਸਕਦੇ। ਆਖਰ ਦੋ ਢਾਈ ਸਾਲ ਦੀ ਉਮਰ ਵਿੱਚ ਬੱਚਾ ਆਪਣੀ ਮਾਤ ਭਾਸ਼ਾ ਥੋੜ੍ਹੀ ਥੋੜ੍ਹੀ ਬੋਲਣੀ ਸਿੱਖ ਲੈਂਦਾ ਹੈ। ਅੱਖਰਾਂ ਦੀ ਪਛਾਣ ਕਰ ਕੇ ਲਿਖਣਾ ਤਾਂ ਪੰਜ ਕੁ ਸਾਲ ਤੋਂ ਬਾਅਦ ਹੀ ਸਿੱਖਿਆ ਜਾਂਦਾ ਹੈ; ਇਹ ਵੀ ਅੱਜ ਕੱਲ੍ਹ ਦੇ ਸਮੇਂ ਵਿੱਚ। ਆਦਿ ਕਾਲ ਵਿੱਚ ਜਦੋਂ ਮਨੁੱਖ ਬੋਲਣਾ ਸਿੱਖਿਆ ਹੋਵੇਗਾ ; ਅੱਖਰਾਂ ਦੀ ਖੋਜ ਤਾਂ ਉਸ ਤੋਂ ਹਜ਼ਾਰਾਂ ਸਾਲ ਪਿੱਛੋਂ ਹੀ ਸੰਭਵ ਹੋਈ ਹੋਵੇਗੀ। ਪੰਜਾਬੀ ਵਿੱਚ ਲਿਖੇ ਜਾਣ ਲਈ ਵਰਤੇ ਜਾਂਦੇ ਮੌਜੂਦਾ ਗੁਰਮੁਖੀ ਲਿਪੀ ਦੇ ਅੱਖਰਾਂ ਤੋਂ ਪਹਿਲਾਂ ਲਿਖਤ ਲਈ ਜਿਨ੍ਹਾਂ ਅੱਖਰੀਂ ਚਿਨ੍ਹਾਂ ਦੀ ਵਰਤੋਂ ਕੀਤੀ ਜਾਣ ਲੱਗੀ ਉਨ੍ਹਾਂ ਨੂੰ ‘ਲੰਡੇ’ ਕਿਹਾ ਜਾਂਦਾ ਹੈ। ‘ਲੰਡੇ’ ਇਸ ਕਾਰਨ ਕਿ ਇਸ ਦੀ ਵਰਨਮਾਲਾ ਵਿੱਚ ਕੇਵਲ ਅੱਖਰ ਹੀ ਹੁੰਦੇ ਹਨ, ਲਗ-ਮਾਤਰ ਕੋਈ ਨਹੀਂ ਵਰਤੀ ਜਾਂਦੀ; ਜਿਵੇਂ ਕਿ ‘ਕਰਨਲ’ ਸ਼ਬਦ ਵਿੱਚ ਕੇਵਲ 4 ਅੱਖਰ ਵਰਤੇ ਗਏ ਹਨ; ਲਗ-ਮਾਤਰ ਅਤੇ ਲਗਾੱਖਰ ਕੋਈ ਨਾ ਹੋਣ ਕਾਰਨ ਪ੍ਰਕਰਨ ਅਨੁਸਾਰ ਇਸ ਨੂੰ ‘ਕਰਨਲ, ਕਰਨੈਲ, ਕਰਨੂਲ, ਕਰਨੇਲ, ਕਰਨਾਲ, ਕੈਰਨਾਲ’ ਵਾਂਗ ਕਿਸੇ ਵੀ ਅਰਥਾਂ ’ਚ ਉਲਥਾਇਆ ਜਾ ਸਕਦਾ ਹੈ। ਲਿਖਣ ਵਿੱਚ ਸੌਖ ਹੋਣ ਕਰਕੇ ਮਹਾਜਨ (ਬਣੀਆ) ਲੋਕ ਅੱਜ ਵੀ ਆਪਣੇ ਵਾਪਾਰ ਦਾ ਲੇਖਾ ਜੋਖਾ ਲੰਡੇ ਅੱਖਰਾਂ ਵਾਲੀ ਲਿਖਤੀ ਵਿੱਚ ਹੀ ਸੰਭਾਲਦੇ ਹਨ।
ਇੱਕ ਕਹਾਵਤ ਪ੍ਰਚਲਿਤ ਹੈ ਕਿ ਇੱਕ ਸ਼ਾਹੂਕਾਰ ਆਪਣੇ ਕਾਰੋਬਾਰ ਦੇ ਸੰਬੰਧ ਵਿੱਚ ਪਟਨੇ ਸ਼ਹਿਰ ਵਿਖੇ ਗਿਆ। ਜਿਸ ਫਰਮ ਨਾਲ ਉਸ ਦਾ ਲੈਣ ਦੇਣ ਸੀ ਉਸ ਦਾ ਹਿਸਾਬ ਕਿਤਾਬ ਜਿਸ ਵੱਡੀ ਬਹੀ ਵਿੱਚ ਲਿਖਿਆ ਸੀ ਉਸ ਨੂੰ ਆਪਣੇ ਨਾਲ ਲਿਆਉਣਾ ਭੁੱਲ ਗਿਆ ਇਸ ਲਈ ਉਸ ਨੇ ਲੰਡੇ ਅੱਖਰਾਂ ਵਿੱਚ ਲਿਖ ਕੇ ਘਰ ਰੁੱਕਾ (ਲਿਖਤੀ ਖ਼ਤ) ਭੇਜਿਆ ਕਿ ‘ਵਡ ਬਹ ਪਟਨ ਭਜ ਦਓ’ ਭਾਵ ‘ਵੱਡੀ ਬਹੀ ਪਟਨੇ ਭੇਜ ਦਿਓ।’ ਪਰ ਇਸ ਖ਼ਤ ’ਚ ਲਗ-ਮਾਤਰ ਨਾ ਲਿਖੇ ਹੋਣ ਕਾਰਨ ਘਰ ਵਾਲਿਆਂ ਨੇ ਪੜ੍ਹ ਲਿਆ ਕਿ ‘ਵੱਡੀ ਬਹੂ ਪਿੱਟਨ ਭੇਜ ਦਿਓ।’ ਇਹ ਪੜ੍ਹ ਕੇ ਘਰ ਵਾਲਿਆਂ ਨੇ ਗ਼ਲਤ ਅੰਦਾਜ਼ਾ ਲਾ ਲਿਆ ਕਿ ਰਿਸ਼ਤੇਦਾਰੀ ਵਿੱਚ ਕਿਸੇ ਦੀ ਮੌਤ ਹੋ ਗਈ ਹੈ ਇਸ ਲਈ ਰੋਣ ਪਿੱਟਣ ਲਈ ਵੱਡੀ ਬਹੂ ਨੂੰ ਬੁਲਾਇਆ ਗਿਆ ਹੈ; ਇਹ ਸਮਝ ਕੇ ਘਰ ਰੋਣਾ ਪਿੱਟਣਾ ਸ਼ੁਰੂ ਹੋ ਗਿਆ। ਅਜੇਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਲਗਾਂ-ਮਾਤਰਾਂ ਦੀ ਵਰਤੋਂ ਬਾਰੇ ਖੋਜ ਹੋਣ ਲੱਗੀ ਅਤੇ ਹਰ ਭਾਸ਼ਾ ਦੇ ਵਿਕਾਸ ਵਾਂਗ ਪੰਜਾਬੀ ਲਿਪੀ ਦਾ ਵੀ ਅੱਜ ਵਾਲਾ ਸਰੂਪ ਹੋਂਦ ਵਿੱਚ ਆ ਗਿਆ, ਜੋ ਅਗਾਂਹ ਵੀ ਭੂਗੋਲਿਕ ਸਥਿਤੀਆਂ ਮੁਤਾਬਕ ਤਬਦੀਲ ਹੁੰਦਾ ਰਹੇਗਾ।
ਗੁਰਬਾਣੀ ਨੂੰ ਤਾਂ ਗੁਰੂ ਸਾਹਿਬਾਨ ਨੇ ‘ਧੁਰ ਕੀ ਬਾਣੀ’ ਆਖ ਕੇ ਨਿਰੰਕਾਰ ਦੀ ਉਸਤਤ ਜਾਂ ਰੱਬੀ ਗੁਣ ਰੂਪ ਦੱਸਿਆ ਹੈ: ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ, ਅਵਰੁ ਨ ਕੋਇ ॥’’ ਇਹ ਬਚਨ ਗੁਰੂ ਸਾਹਿਬਾਨਾਂ ਨੇ ਆਪਣੇ ਅਨੁਭਵ (ਮਨ ਦੇ ਹਾਵ-ਭਾਵ) ਬੈਖਰੀ ਪੜਾਅ ਵਿੱਚ ਸਾਡੇ ਸਾਹਮਣੇ ਹੂ-ਬ-ਹੂ ਪ੍ਰਗਟ ਕੀਤੇ ਹਨ, ਨਾ ਕਿ ‘ਪਰਾ, ਪਸ਼੍ਯੰਤੀ ਜਾਂ ਮਧ੍ਯਮਾ’ ਪੜਾਅ ਵਿੱਚ ਕਿਉਂਕਿ ਇਨ੍ਹਾਂ ਤਿੰਨੇ ਪੜਾਵਾਂ ’ਚ ਬੰਦਾ ਕੇਵਲ ਆਪ ਹੀ ਅਨੰਦ ਮਾਣ ਸਕਦਾ ਹੈ, ਹੋਰਾਂ ਨਾਲ ਵਿਚਾਰਕ ਸਾਂਝ ਨਹੀਂ ਕਰ ਸਕਦਾ।
ਗੁਰਬਾਣੀ ਨੂੰ ਸ਼ੁੱਧ ਰੂਪ ਵਿੱਚ ਮਨੁੱਖਤਾ ਤੱਕ ਪਹੁੰਚਾਉਣ ਲਈ ਸਟੀਕ ਨਿਯਮਾਵਲੀ ਤਿਆਰ ਕਰਨ ’ਚ ਗੁਰੂ ਅੰਗਦ ਸਾਹਿਬ ਜੀ ਦਾ ਅਹਿਮ ਰੋਲ ਰਿਹਾ ਹੈ, ਜਿਨ੍ਹਾਂ ਗੁਰਮੁਖੀ ਲਿਪੀ ਦੇ ਅੱਖਰਾਂ ਦੀ ਸੋਧ-ਸੁਧਾਈ ਕੀਤੀ ਤਾਂ ਜੋ ਅੱਖਰਾਂ ਦੀ ‘ਧੁਨੀ’ ਨੂੰ ਪ੍ਰਗਟ ਕਰਨਾ ਆਸਾਨ ਰਹੇ। ਇਸ ਤੋਂ ਇਲਾਵਾ ਇਕੋ ਤਰ੍ਹਾਂ ਦੇ ਉਚਾਰਨ ਕੀਤੇ ਜਾਣ ਵਾਲੇ ਸ਼ਬਦ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ਅੰਤ ਔਂਕੜ ਤੇ ਅੰਤ ਸਿਹਾਰੀ ਸਹਿਤ ਲਿਖ ਕੇ ਵਿਆਕਰਣਿਕ ਨਿਯਮਾਂ ਵਿੱਚ ਬੰਨ੍ਹ ਕੇ ਉਨ੍ਹਾਂ ਦੇ ਸਟੀਕ ਅਰਥ ਕਰ ਦਿੱਤੇ ਜਿਨ੍ਹਾਂ ਦੇ ਕੋਈ ਮਨੁੱਖ ਆਪਣੀ ਮਰਜੀ ਨਾਲ ਅਰਥ ਕਰ ਹੀ ਨਹੀਂ ਸਕਦਾ। ਧਿਆਨ ਰਹੇ ਕਿ ਪੁਰਾਤਨ ਗੁਰਮੁਖੀ ਲਿਖਤ ਸੰਗਲੀ ਹੋਣ ਦੇ ਨਾਲ-ਨਾਲ ਕੰਨੇ ਦੀ ਬਜਾਇ ਕੇਵਲ ਬਿੰਦੀ ਦਾ ਪ੍ਰਯੋਗ ਹੁੰਦਾ, ਵੀ ਪ੍ਰਚਲਿਤ ਰਿਹਾ ਹੈ।
ਗੁਰਮੁਖੀ ਤੇ ਪੰਜਾਬੀ ਲਿਪੀ ਦੇ ਲਿਖਤੀ ਅੰਤਰ ਨੂੰ ਦਰਸਾਉਣ ਲਈ ਹੇਠਾਂ ‘ਪੰਡਿਤ’ ਸ਼ਬਦ ਨੂੰ ਮਿਸਾਲ ਵਜੋਂ ਵਰਤਿਆ ਗਿਆ ਹੈ:
(1). ਅੱਜ ਕੱਲ੍ਹ ਦੀ ਪੰਜਾਬੀ ਵਿੱਚ ਅਸੀਂ ਲਿਖਦੇ ਹਾਂ ਕਿ ‘ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਪ੍ਰਬੋਧਦਾ (ਸਮਝਾਉਂਦਾ) ਹੈ।’ ਜੇ ਗੁਰਬਾਣੀ ਦੀ ਲਿਖਤ ਵਿੱਚ ਲਿਖਣਾ ਹੋਵੇ ਤਾਂ ਲਿਖਾਂਗੇ: ‘ਪੰਡਿਤੁ ਉਹੁ ਹੈ ਜੋ ਆਪਣਾ ਮਨੁ ਪ੍ਰਬੋਧਦਾ ਹੈ।’ ਅਜੋਕੀ ਪੰਜਾਬੀ ਵਿੱਚ ਸਾਨੂੰ ਸਿਰਫ ਕਿਰਿਆਵਾਚੀ ਸ਼ਬਦ ‘ਪ੍ਰਬੋਧਦਾ’ ਤੋਂ ਹੀ ਪਤਾ ਚਲਦਾ ਹੈ ਕਿ ‘ਪੰਡਿਤ’ ਇੱਕ ਬਚਨ ਪੁਲਿੰਗ ਸ਼ਬਦ ਹੈ, ਪਰ ਗੁਰਬਾਣੀ ਲਿਖਤ ਅਨੁਸਾਰ ਕਿਰਿਆਵਾਚੀ ਸ਼ਬਦ ‘ਪਰਬੋਧੈ’ ਦੇ ਅਖੀਰਲੇ ਅੱਖਰ ਨੂੰ ਲਗੀਆਂ ਦੁਲਾਵਾਂ ਤੋਂ ਇਲਾਵਾ ਵੀ ਸਾਨੂੰ ‘ਪੰਡਿਤੁ’ ਦੇ ‘ਤ’ ਨੂੰ ਲੱਗੀ ਔਂਕੜ ਤੋਂ ਪਤਾ ਲੱਗ ਜਾਂਦਾ ਹੈ ਕਿ ਪੰਡਿਤ ਇੱਕ ਵਚਨ ਪੁਲਿੰਗ ਹੈ ਅਤੇ ‘ਉਹੁ’ (ਪੜਨਾਂਵੀ ਵਿਸ਼ੇਸ਼ਣ) ਦੇ ‘ਹ’ ਨੂੰ ਲੱਗੀ ਔਂਕੜ ਤੋਂ ਵੀ ਪਤਾ ਚਲਦਾ ਹੈ ਕਿ ‘ਪੰਡਿਤੁ’ ਇੱਕ ਵਚਨ ਪੁਲਿੰਗ ਹੈ। ਇਹੀ ਫਿਕਰਾ ਗੁਰਬਾਣੀ ਕਾਵਿ ਰੂਪ ਵਿੱਚ ਇਸ ਤਰ੍ਹਾਂ ਦਰਜ ਹੈ: ‘‘ਸੋ ਪੰਡਿਤੁ, ਜੋ ਮਨੁ ਪਰਬੋਧੈ ॥’’ (ਮ: 5/274)
(2). ਬਹੁ ਬਚਨ ਪੁਲਿੰਗ ਨਾਂਵ ਲਈ ਆਧੁਨਿਕ ਪੰਜਾਬੀ ਵਿੱਚ ਲਿਖਾਂਗੇ: ‘ਕਿਤਨੇ ਹੀ ਪੰਡਤ ਅਤੇ ਜੋਤਸ਼ੀ ਹਨ ਜੋ ਵੇਦਾਂ ਦੀ ਵੀਚਾਰ ਕਰਦੇ ਹਨ।’ ਅਜੋਕੀ ਪੰਜਾਬੀ ਵਾਂਗ ਗੁਰਬਾਣੀ ਕਾਵਿ ਰੂਪ ਵਿੱਚ ਵੀ ਬਹੁ ਵਚਨ ਨਾਂਵ ਲਈ ਅੰਤ ਔਂਕੜ ਨਹੀਂ ਹੁੰਦੀ; ਜਿਵੇਂ ਕਿ: ‘‘ਕੇਤੇ ਪੰਡਿਤ ਜੋਤਕੀ ; ਬੇਦਾ ਕਰਹਿ ਬੀਚਾਰੁ ॥’’ (ਮ: 1/56)
(3). ਅੱਜ ਦੀ ਪੰਜਾਬੀ ਵਿੱਚ ਸੰਬੋਧਨ ਰੂਪ ਵਿੱਚ ਲਿਖਣਾ ਹੋਵੇ ਤਾਂ ਇਸ ਤਰ੍ਹਾਂ ਲਿਖਾਂਗੇ : ‘ਹੇ ਪੰਡਿਤ ! ਹਰੀ (ਦਾ ਨਾਮ) ਪੜ੍ਹ ਅਤੇ ਵਿਕਾਰ ਛੱਡ ਦੇ। ਇਸ ਤੁਕ ’ਚ ਦਰਜ ‘ਪੜ੍ਹ’ ਕਿਰਿਆ ਰਾਹੀਂ ਸਮਝ ਆਉਂਦੀ ਹੈ ਕਿ ‘ਪੰਡਿਤ’ ਇੱਕ ਵਚਨ ਲਈ ਹੁਕਮੀ ਭਵਿਖਤ ਕਾਲ ਦੀ ਕਿਰਿਆ ਹੈ ਤਾਂ ਤੇ ‘ਪੰਡਿਤ’ ਸ਼ਬਦ ਵੀ ਪੁਲਿੰਗ ਹੋਣ ਕਰ ਕੇ ਗੁਰਬਾਣੀ ਲਿਖਤ ਮੁਤਾਬਕ ਅੰਤ ਔਂਕੜ ਹੋਣਾ ਚਾਹੀਦਾ ਸੀ, ਪਰ ਸੰਬੋਧਨ ਰੂਪ ਹੋਣ ਕਾਰਨ ਮੌਜੂਦਾ ਪੰਜਾਬੀ ਵਾਂਗ ਹੀ ਅੰਤ ਮੁਕਤਾ ਰਹਿ ਗਿਆ; ਜਿਵੇਂ ਕਿ: ‘ਪੰਡਿਤ’ ! ਹਰਿ ਪੜੁ ; ਤਜਹੁ ਵਿਕਾਰਾ ॥ (ਮ: 3/229) ਗੁਰਬਾਣੀ ਵਿੱਚ ‘ਪੜੁ’ ਅੰਤ ਔਂਕੜ ਸਹਿਤ ਆਉਣ ਕਾਰਨ ਇਹ ਸਮਝਣ ਵਿੱਚ ਹੋਰ ਵੀ ਸੌਖ ਹੋ ਜਾਂਦੀ ਹੈ ਕਿ ਇਹ ਇੱਕ ਵਚਨ ਪੁਲਿੰਗ ਸ਼ਬਦ (ਪੰਡਿਤੁ) ਲਈ ‘ਹੁਕਮੀ ਭਵਿਖਤ ਕਾਲ ਕਿਰਿਆ’ ਦੀ ਸੂਚਕ ਹੈ।
(4). ਗੁਰਬਾਣੀ ਲਿਖਤ ’ਚ ਜੇ ਕਰ ‘ਪੰਡਿਤੁ’ ਸ਼ਬਦ ਦੇ ਪਿੱਛੇ ਕੋਈ ਸੰਬੰਧਕੀ ਚਿੰਨ੍ਹ (ਦਾ, ਦੇ, ਦੀ, ਨਾਲਿ, ਵਿਚਿ, ਅੰਦਰਿ, ਆਦਿ) ਆ ਜਾਵੇ ਤਾਂ ਉਸ ਦੇ ‘ਤੁ’ ਦੀ ਔਂਕੜ ਲੱਥ ਜਾਂਦੀ ਹੈ ਭਾਵੇਂ ਉਹ ਇੱਕ ਵਚਨ ਪੁਲਿੰਗ ਹੀ ਹੋਵੇ। ਅਜੋਕੀ ਪੰਜਾਬੀ ਦੇ ਵਾਕ ‘ਉਸ ਪੰਡਿਤ ਦੇ ਉਪਦੇਸ਼ ਨਾਲ ਜੱਗ ਜਿਉਂਦਾ ਹੈ’ ਨੂੰ ਗੁਰਬਾਣੀ ਲਿਖਤ ਵਿੱਚ ਇਸ ਤਰ੍ਹਾਂ ਲਿਖਿਆ ਗਿਆ ਹੈ: ‘‘ਉਸੁ ਪੰਡਿਤ ਕੈ ਉਪਦੇਸਿ, ਜਗੁ ਜੀਵੈ ॥’’ (ਮ: 5/274) ਮੌਜੂਦਾ ਪੰਜਾਬੀ ਵਿੱਚ ਸਬੰਧਕੀ ਸ਼ਬਦ ‘ਦੇ’ ਹੈ, ਹਿੰਦੀ ਵਿੱਚ ‘ਕੇ’ ਹੈ ਪਰ ਗੁਰਬਾਣੀ ਵਿੱਚ ਜਿਆਦਾਤਰ ‘ਦੈ’ ਜਾਂ ‘ਕੈ’ ਸਬੰਧਕੀ ਚਿੰਨ੍ਹ ਵਰਤੇ ਗਏ ਮਿਲਦੇ ਹਨ।
(5). ਗੁਰਬਾਣੀ ਲਿਖਤ ’ਚ ਲੁਪਤ ਸਬੰਧਕੀ ਵੀ ਬੜਾ ਮਹੱਤਵ ਪੂਰਨ ਹੁੰਦਾ ਹੈ ਭਾਵ ਪ੍ਰਗਟ ਸਬੰਧਕੀ ਚਿੰਨ੍ਹਾਂ ਵਾਂਗ ਕਈ ਵਾਰ ਸ਼ਬਦ ਦੇ ਮਤਲਬ ਸਪੱਸ਼ਟ ਕਰ ਦਿੰਦਾ ਹੈ; ਜਿਵੇਂ ਕਿ: ‘ਪੰਡਿਤ’ ਮੈਲੁ ਨ ਚੁਕਈ ; ਜੇ ਵੇਦ ਪੜੈ ਜੁਗ ਚਾਰਿ ॥ (ਮ: 4/647) ਭਾਵ ਜੇ ਚਾਰ ਜੁਗਾਂ ਤੱਕ ਵੀ ਵੇਦ ਪੜ੍ਹਦਾ ਰਹੇ ਤਾਂ ਵੀ ‘ਪੰਡਿਤ ਦੀ’ ਮੈਲ਼ ਨਹੀਂ ਉੱਤਰਦੀ, ਵਾਕ ’ਚ ‘ਦੀ’ ਲੁਪਤ ਨੇ ‘ਪੰਡਿਤੁ’ ਨੂੰ ਅੰਤ ਮੁਕਤ ਕਰ ਦਿੱਤਾ ਹੈ।
ਉਕਤ ਕੀਤੀ ਗਈ ‘ਪੰਡਿਤੁ’ ਸ਼ਬਦ ਵੀ ਵਿਚਾਰ ਰਾਹੀਂ ਗੁਰਬਾਣੀ ਲਿਖਤ ’ਚ ਇਹ ਨਿਯਮ ਪ੍ਰਗਟ ਹੁੰਦੇ ਪ੍ਰਤੀਤ ਹੁੰਦੇ ਹਨ:
(1) ਜਿਸ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਦਾ ਆਮ ਬੋਲ ਚਾਲ ਦੀ ਭਾਸ਼ਾ ਵਿੱਚ ਅੰਤ ਮੁਕਤਾ (ਲਿਖਤੀ ਰੂਪ) ਹੁੰਦਾ ਹੈ, ਉਹ ਗੁਰਬਾਣੀ ਲਿਖਤ ’ਚ ਹਮੇਸ਼ਾਂ ਅੰਤ ਔਂਕੜ ਸਮੇਤ ਹੁੰਦਾ ਹੈ; ਜਿਵੇਂ ‘ਨਾਨਕੁ, ਪੰਡਿਤੁ, ਸੰਤੁ, ਮਾਹੁ, ਰਾਹੁ, ਨੇਹੁ, ਹਥੁ, ਪੈਰੁ, ਤਨੁ, ਮਨੁ, ਕਾਮੁ, ਕ੍ਰੋਧੁ, ਮੋਹੁ, ਪਾਤਿਸਾਹੁ, ਵੇਸਾਹੁ, ਆਦਿਕ, ਪਰ ਅਸੀਂ ਜਾਣੇ ਅਣਜਾਣੇ ਕੇਵਲ ਅੰਤ ‘ਹੁ’ ਵਾਲੇ ਸ਼ਬਦਾਂ ’ਚ ਲੱਗੇ ਅੰਤ ਔਂਕੜ ਨੂੰ ਹੋੜੇ ਵਾਂਗ ਉਚਾਰ ਲੈਂਦੇ ਹਾਂ ਤੇ ਬਾਕੀ ਤਮਾਮ ਸ਼ਬਦਾਂ ਦੇ ਅੰਤ ਔਂਕੜ ਨੂੰ ਉਚਾਰਨ ਦਾ ਭਾਗ ਨਹੀਂ ਬਣਾਉਂਦੇ ਜਦ ਕਿ ਇਹ ਔਂਕੜ ਚਿੰਨ੍ਹ ਸਾਨੂੰ ਕਈ ਸੰਕੇਤ ਦਿੰਦਾ ਪ੍ਰਤੀਤ ਹੁੰਦਾ ਹੈ ਜਿਵੇਂ ਕਿ ਉਪਰੋਕਤ ਵਿਚਾਰ ਕੀਤੀ ਗਈ ਹੈ, ਨਾ ਕਿ ਉਚਾਰਨ ਦਾ ਭਾਗ ਹੈ।
(2) ਜੇ ‘ਪੰਡਿਤੁ’, ਬਹੁ ਬਚਨ ਹੋਵੇ ਤਾਂ ਗੁਰਬਾਣੀ ਵਿੱਚ ਵੀ ਅਜੋਕੀ ਪੰਜਾਬੀ ਵਾਂਗ ਅੰਤ ਔਂਕੜ ਹਟਾ ਕੇ ਲਿਖੇ ਜਾਣਗੇ; ਜਿਵੇਂ ‘ਪੰਡਿਤ, ਸੰਤ, ਮਾਹ, ਰਾਹ, ਨੇਹ, ਪਾਤਿਸਾਹ’, ਆਦਿਕ।
(3) ਗੁਰਬਾਣੀ ’ਚ ਦਰਜ ‘ਪੰਡਿਤੁ’ ਨੂੰ ਅਗਰ ਸੰਬੋਧਨ (ਭਾਵ ਆਵਾਜ਼ ਮਾਰੀ ਜਾਏ) ਰੂਪ ’ਚ ਵਰਤਿਆ ਜਾਏ ਤਾਂ ਵੀ ਅਜੋਕੀ ਪੰਜਾਬੀ ਵਾਂਗ ਅੰਤ ਮੁਕਤ ਬਣਤਰ ਹੀ ਦਰਜ ਹੋਵੇਗੀ; ਜਿਵੇਂ ਕਿ: ‘(ਹੇ) ਨਾਨਕ, (ਹੇ) ਪ੍ਰਭ, (ਹੇ) ਗੁਰ, (ਹੇ) ਪੰਡਿਤ, (ਹੇ) ਮਨ’ ਆਦਿਕ।
(4) ਗੁਰਬਾਣੀ ਲਿਖਤ ਦੀ ਵਿਲੱਖਣਤਾ ਇਹ ਵੀ ਹੈ ਕਿ ਜੇ ‘ਪੰਡਿਤੁ’ ਸ਼ਬਦ ਦੇ ਪਿਛੇਤਰ ‘ਸੇਤੀ (ਭਾਵ ਨਾਲ), ਨਾਲਿ, ਅੰਦਰਿ, ਅੰਤਰਿ, ਬਾਹਰਿ, ਵਿਚਿ, ਉਪਰਿ, ਨਜੀਕਿ, ਮਾਹਿ, ਮਹਿ, ਪਹਿ, ਆਦਿਕ ਸਬੰਧਕੀ ਸ਼ਬਦ (ਪ੍ਰਗਟ ਰੂਪ ਵਿੱਚ) ਹੋਣ ਜਾਂ ‘ਦਾ, ਦੀ, ਦੈ, ਕਾ, ਕੀ, ਕੇ, ਕੈ, ਕਉ, ਨੋ’, ਸਬੰਧਕੀ ਚਿੰਨ੍ਹ (ਪ੍ਰਗਟ ਤੇ ਲੁਪਤ ਅਰਥਾਂ ਲਈ) ਹੋਣ ਤਾਂ ਇੱਕ ਵਚਨ ਪੁਲਿੰਗ ‘ਪੰਡਿਤੁ’ ਦੀ ਵੀ ਔਂਕੜ ਲੱਥ ਜਾਂਦੀ ਹੈ।
ਇਹ ਧਿਆਨ ਰੱਖਣਯੋਗ ਹੈ ਕਿ ਗੁਰਬਾਣੀ ਵਿੱਚ ‘ਦੇ’ ਸ਼ਬਦ ਸਬੰਧਕੀ ਨਹੀਂ ਬਲਕਿ ‘ਕਿ੍ਰਆ’ ਜਾਂ ‘ਕਿਰਿਆ ਵਿਸ਼ੇਸ਼ਣ’ ਹੈ। ਇਸ ਲਈ ‘ਦੇ’ ਸ਼ਬਦ ਸਬੰਧਕੀ ਹੋਣ ਦਾ ਭੁਲੇਖਾ ਨਾ ਰਹੇ; ਜਿਵੇਂ ਕਿ ‘‘ਜੀਅ ਉਪਾਇ, ਰਿਜਕੁ ‘ਦੇ’ (ਦੇਂਦਾ ਹੈ) ਆਪੇ ; ਸਿਰਿ ਸਿਰਿ ਹੁਕਮੁ ਚਲਾਇਆ ॥’’ (ਮ: 1/1042) ਇਸ ਤੁਕ ਵਿੱਚ ‘ਦੇ’ ਸਬੰਧਕੀ ਸ਼ਬਦ ਨਹੀਂ ਬਲਕਿ ਕਿ੍ਰਆ ਹੈ, ਜਿਸ ਦਾ ਅਰਥ ਹੈ- ‘ਦੇਂਦਾ ਹੈ’ ਇਸੇ ਲਈ ‘ਦੇ’ ਚਿੰਨ੍ਹ ਦੇ ਅਗੇਤਰ ਦਰਜ ਇੱਕ ਵਚਨ ਪੁਲਿੰਗ ਨਾਂਵ ‘ਰਿਜਕੁ’ ਦੀ ਅੰਤ ਔਂਕੜ ਨਹੀਂ ਹਟੀ (ਲਹੀ)। ਇਸ ਤੁਕ ਦਾ ਅਰਥ ਬਣਦਾ ਹੈ- ਉਹ ਪਰਮਾਤਮਾ ਸਾਰੇ ਜੀਵ ਪੈਦਾ ਕਰ ਕੇ ਆਪ ਹੀ (ਸਭਨਾਂ ਨੂੰ) ਰਿਜ਼ਕ ਦੇਂਦਾ ਹੈ ਤੇ ਆਪ ਹੀ ਹਰੇਕ ਉੱਤੇ ਆਪਣਾ ਹੁਕਮ ਚਲਾ ਰਿਹਾ ਹੈ। ਅਗਰ ‘ਦੇ’ ਸਬੰਧਕੀ ਚਿੰਨ੍ਹ ਹੁੰਦਾ ਤਾਂ ‘‘ਉਸੁ ਪੰਡਿਤ ਕੈ ਉਪਦੇਸਿ, ਜਗੁ ਜੀਵੈ ॥’’ ਤੁਕ ’ਚ ਦਰਜ ਸਬੰਧਕੀ ‘ਕੈ’ ਦੁਆਰਾ ਕੀਤੇ ਗਏ ‘ਪੰਡਿਤ’ ਨੂੰ ਅੰਤ ਮੁਕਤੇ ਵਾਂਗ ‘ਰਿਜਕੁ’ (ਇੱਕ ਵਚਨ ਪੁਲਿੰਗ) ਨੂੰ ਵੀ ਅੰਤ ਮੁਕਤਾ ਹੋਣਾ ਪੈਂਦਾ।
ਉਪਰਲੀਆਂ ਉਦਾਹਰਨਾਂ ਤੋਂ ਪਤਾ ਲਗਦਾ ਹੈ ਕਿ ਭਾਵੇਂ ‘ਪੰਡਿਤ’ ਸ਼ਬਦ ਇੱਕ ਵਚਨ (ਇੱਕ ਪੰਡਿਤੁ), ਭਾਵੇਂ ਬਹੁ ਵਚਨ (ਕਿਤਨੇ ਹੀ ਪੰਡਿਤ), ਭਾਵੇਂ ਸਬੰਧਕੀ ਰੂਪ (ਪੰਡਿਤ ਦਾ ਉਪਦੇਸ਼, ਪੰਡਿਤ ਦੀ ਮੈਲ਼) ਅਤੇ ਭਾਵੇਂ ਸੰਬੋਧਨ ਰੂਪ ਵਿੱਚ (ਹੇ ਪੰਡਿਤ !) ਵਰਤਿਆ ਜਾਵੇ ਉਚਾਰਨ ਹਰ ਵਾਰ ਬਿਨਾਂ ਔਂਕੜ ‘ਪੰਡਿਤ’ ਕਰਨਾ ਹੀ ਢੁਕਵਾਂ ਹੈ।
(5). ਪੰਜਾਬੀ ਤੇ ਗੁਰਬਾਣੀ ਵਿੱਚ ‘ਪੰਡਿਤੁ’ ਸ਼ਬਦ ਇਸਤਰੀ ਲਿੰਗ ਨਹੀਂ ਪਰ ਅਗਰ ਕੋਈ ਇਸਤਰੀ ਲਿੰਗ ਸ਼ਬਦ ਦੀ ਪੰਜਾਬੀ ਤੇ ਗੁਰਬਾਣੀ ਲਿਖਤ ਬਣਤਰ ਵਿਚਾਰੀਏ ਤਾਂ ਦੋਵੇਂ ਲਿਖਤਾਂ ’ਚ ਇੱਕ ਸਮਾਨਤਾ ਹੈ ਭਾਵ ਤਮਾਮ ਇਸਤਰੀ ਲਿੰਗ ਸ਼ਬਦ ਪੰਜਾਬੀ ਤੇ ਗੁਰਬਾਣੀ ਵਿੱਚ ਅੰਤ ਮੁਕਤੇ ਹੀ ਦਰਜ ਹੁੰਦੇ ਹਨ ਜਿਵੇਂ ਕਿ ‘‘ਭਰੀਐ; ਹਥੁ ਪੈਰੁ, ਤਨੁ ‘ਦੇਹ’ ॥ ਪਾਣੀ ਧੋਤੈ, ਉਤਰਸੁ ‘ਖੇਹ’ ॥’’ (ਜਪੁ) ਤੁਕ ਵਿੱਚ ‘ਹਥੁ, ਪੈਰੁ, ਤਨੁ’ ਇੱਕ ਵਚਨ ਪੁਲਿੰਗ ਨਾਂਵ ਹੋਣ ਕਰ ਕੇ ਅੰਤ ਔਂਕੜ ਸਹਿਤ ਆਏ ਹਨ ਅਤੇ ‘ਦੇਹ, ਖੇਹ’ ਇਸਤਰੀ ਲਿੰਗ ਹੋਣ ਕਰ ਕੇ ਅੰਤ ਮੁਕਤੇ ਹੀ ਰਹੇ ਹਨ।
ਗੁਰਬਾਣੀ ’ਚ ਦਰਜ ਤਮਾਮ ਇੱਕ ਵਚਨ ਪੁਲਿੰਗ, ਬਹੁ ਵਚਨ ਪੁਲਿੰਗ ਅਤੇ ਇਸਤਰੀ ਲਿੰਗ ਸ਼ਬਦਾਂ ਦੇ ਸਬੰਧ ’ਚ ਵਰਤੇ ਗਏ ਤਮਾਮ ਪੜਨਾਂਵ, ਤਮਾਮ ਪੜਨਾਂਵੀ ਵਿਸ਼ੇਸ਼ਣ ਤੇ ਤਮਾਮ ਵਿਸ਼ੇਸ਼ਣ ਸ਼ਬਦਾਂ ਦੀ ਲਿਖਤ ਬਣਤਰ ਵੀ ਸਬੰਧਿਤ ਨਾਂਵ ਸ਼ਬਦਾਂ ਵਾਂਗ ਹੀ ਹੁੰਦੀ ਹੈ ਭਾਵ ਜੇ ਨਾਂਵ ਨੂੰ ਅੰਤ ਔਂਕੜ ਲੱਗੀ ਹੋਵੇ ਤਾਂ ਉਸ ਦੇ ਪੜਨਾਂਵ, ਪੜਨਾਂਵੀ ਵਿਸ਼ੇਸ਼ਣ ਤੇ ਵਿਸ਼ੇਸ਼ਣ ਨੂੰ ਵੀ ਅੰਤ ਔਂਕੜ ਲੱਗੇਗੀ, ਜੇ ਨਾਂਵ ਅੰਤ ਮੁਕਤਾ ਹੈ ਤਾਂ ਉਸ ਦਾ ਪੜਨਾਂਵ, ਪੜਨਾਂਵੀ ਵਿਸ਼ੇਸ਼ਣ ਤੇ ਵਿਸ਼ੇਸ਼ਣ ਵੀ ਅੰਤ ਮੁਕਤਾ ਹੀ ਹੋਵੇਗਾ।
‘ਗੁਰਮੁਖ ਹੁਸ਼ਿਆਰ ਬੱਚਾ ਹੈ। ਉਹ ਸਕੂਲ ਜਾਂਦਾ ਹੈ। ਇਹ ਗੁਰਮੁਖ ਆ ਰਿਹਾ ਹੈ।’ ਵਾਕਾਂ ’ਚ ਗੁਰਮੁਖ ਨਾਂਵ, ਹੁਸ਼ਿਆਰ ਵਿਸ਼ੇਸ਼ਣ, ਉਹ ਪੜਨਾਂਵ (ਕਿਉਂਕਿ ‘ਗੁਰਮੁਖ’ ਨਾਂਵ ਦੀ ਗ਼ੈਰ ਹਾਜ਼ਰੀ ’ਚ ਦਰਜ ਹੈ) ਤੇ ‘ਇਹ ਗੁਰਮੁਖ’ ਸ਼ਬਦਾਂ ’ਚ ਇਹ ਸ਼ਬਦ ਪੜਨਾਂਵੀ ਵਿਸ਼ੇਸ਼ਣ ਹੈ (ਕਿਉਂਕਿ ‘ਗੁਰਮੁਖ’ ਨਾਂਵ ਦੇ ਸਮਾਨੰਤਰ ਦਰਜ ਹੈ, ਨਾ ਕਿ ਗ਼ੈਰ ਹਾਜ਼ਰੀ ’ਚ) ।
(6). ਨਾਂਵ ਸ਼ਬਦਾਂ ਦੇ ਲਿਖਤ ਨਿਯਮ ਵਾਂਗ ਹੀ ਇਨ੍ਹਾਂ ਨਾਲ ਸਬੰਧਿਤ ਪੜਨਾਂਵ, ਪੜਨਾਂਵੀ ਵਿਸ਼ੇਸ਼ਣ ਤੇ ਵਿਸ਼ੇਸ਼ਣ ਸ਼ਬਦਾਂ ਦੇ ਅੰਤਲੇ ਅੱਖਰਾਂ ਨੂੰ ਲੱਗੀ ‘ਔਂਕੜ’ ਵੀ ਕੇਵਲ ਅਰਥ ਕਰਨ ਲਈ ਹੀ ਹੁੰਦੀ ਹੈ, ਨਾ ਕਿ ਉਚਾਰਨ ਲਈ। ਗੁਰਬਾਣੀ ਲਿਖਤ ’ਚ ਅੰਤ ਔਂਕੜ ਵਾਲਾ ਨਿਯਮ ਕੇਵਲ ‘ਨਾਂਵ, ਪੜਨਾਂਵ, ਪੜਨਾਂਵੀ ਵਿਸ਼ੇਸ਼ਣ, ਵਿਸ਼ੇਸ਼ਣ’ ਸ਼ਬਦਾਂ ਤੱਕ ਸੀਮਤ ਨਹੀਂ ਬਲਕਿ ‘ਹੁਕਮੀ ਭਵਿਖਤ ਕਾਲ ਕਿਰਿਆ’ ਨੂੰ ਵੀ ਅੰਤ ਔਂਕੜ ਹੁੰਦਾ ਹੈ; ਜਿਵੇਂ ਕਿ ਉਗੁਰ ਮਿਲਿ, ਚਜੁ ਅਚਾਰੁ ਸਿਖੁ ; ਤੁਧੁ ਕਦੇ ਨ ਲਗੈ ਦੁਖੁ ॥” (ਮ: 5/50) ਤੁਕ ’ਚ ‘ਸਿਖੁ’ (ਨਾਂਵ, ਪੜਨਾਂਵ ਨਹੀਂ ਬਲਕਿ) ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ ਹੈ, ਜਿਸ ਦਾ ਅਰਥ ਹੈ: ‘ਤੂੰ ਸਿੱਖ’ ਭਾਵ (ਹੇ ਜਿੰਦੇ !) ਤੂੰ ਗੁਰੂ ਨੂੰ ਮਿਲ ਕੇ ਜੀਵਨ-ਜਾਚ ਸਿੱਖ, ਚੰਗਾ ਆਚਰਨ ਬਣਾਉਣਾ ਸਿੱਖ; ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ । ਇਸ ‘ਸਿਖੁ’ ਦਾ ਉਚਾਰਨ ਵੀ ਨਾਂਵ, ਪੜਨਾਂਵ ਵਾਂਗ ਔਂਕੜ ਤੋਂ ਬਿਨਾਂ ਹੀ ਕਰਨਾ ਹੈ ਭਾਵ ‘ਸਿਖ’।
ਉਕਤ ਕੀਤੀ ਗਈ ਵਿਚਾਰ ਅਨੁਸਾਰ ‘ਹੁਕਮੀ ਭਵਿੱਖ ਕਾਲ ਕਿਰਿਆ’ ਸ਼ਬਦ ਹੋਰ ਵੀ ਹਨ; ਜਿਵੇਂ ਕਿ ‘ਚਲੁ, ਭਜੁ, ਮਿਲੁ, ਉਤਰੁ, ਉਚਰੁ, ਆਖੁ, ਸਹੁ, ਸਮਝੁ, ਰਹੁ, ਸੰਮਲੁ, ਕਹੁ, ਕਢੁ, ਜਾਣੁ, ਜਾਨੁ, ਝੁਰੁ, ਤਰੁ, ਤੋਰੁ, ਦੇਖੁ, ਨਿਕਸੁ, ਨਾਚੁ, ਪਿਖੁ, ਪੇਖੁ, ਪਛਾਣੁ, ਪਛਾਨੁ, ਪੜੁ, ਪਰਹਰੁ, ਪਰਫੜੁ, ਬੈਸੁ, ਬਿਸਰੁ, ਬੁਝੁ, ਬੂਝੁ, ਬਿਚਰੁ, ਬਾਚੁ, ਬੈਠੁ, ਬੰਨੁ, ਭਜੁ, ਭੰਨੁ, ਭੁਲੁ, ਭੂਲੁ, ਮਾਗੁ (ਮੰਗ), ਮਿਟੁ, ਮਰੁ, ਰਉ, ਰਖੁ, ਰਾਖੁ, ਲਿਖੁ, ਲੂਝੁ, ਵਸੁ, ਵਿਸਰੁ, ਵਿਸਾਰੁ, ਵੇਖੁ, ਵਿਗਸੁ, ਵਧੁ’ ਆਦਿਕ; ਜੋ ਲਿਖਣ ਵਿੱਚ ਅੰਤ ਔਂਕੜ ਹਨ ਪਰ ਉਚਾਰਨ ਬਿਨਾਂ ਔਂਕੜ ਕਰਨਾ ਉਚਿਤ ਹੋਵੇਗਾ।
———————- ਚਲਦਾ ————————