ਸ਼ਹੀਦ ਭਾਈ ਸੰਗਤ ਸਿੰਘ ਯੋਧੇ ਦੀ ਵਿਲੱਖਣ ਬੀਰ ਗਾਥਾ
ਅਵਤਾਰ ਸਿੰਘ ਮਿਸ਼ਨਰੀ (5104325827)
ਗੁਰੂ ਨਾਨਕ ਸਾਹਿਬ ਜੀ ਨੇ ਸਿੱਖ ਧਰਮ ਦੀ ਪ੍ਰਾਰੰਭਤਾ ਵੇਲੇ ਹੀ ਜਿੱਥੇ ਹੋਰ ਸਮਾਜਿਕ ਬੁਰਾਈਆਂ ਦੇ ਵਿਰੋਧ ਵਿੱਚ ਇਨਕਲਾਬ ਲਿਆਂਦੇ ਭਾਵ ਜਾਤਾਂ-ਪਾਤਾਂ ਦੇ ਭੇਦ-ਭਾਵ ਨੂੰ ਮਿਟਾ ਕੇ ਪੰਗਤ ਅਤੇ ਸੰਗਤ ਵਿੱਚ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ॥’’ ਦੇ ਸਿਧਾਂਤ ਨੂੰ ਪ੍ਰਗਟ ਕਰ ਦਿੱਤਾ ਸੀ ਉੱਥੇ ਬਾਕੀ ਗੁਰੂ ਵੀ ਇਨ੍ਹਾਂ ਸਿਧਾਂਤਾਂ ਨੂੰ ਹੀ ਪ੍ਰਚਾਰਦੇ ਰਹੇ। ਜਦੋਂ ਗੁਰੂ ਰਾਮਦਾਸ ਜੀ ਨੇ ਗੁਰੂ ਕਾ ਚੱਕ (ਅੰਮ੍ਰਿਤਸਰ) ਵਸਾਇਆ ਤਾਂ ਗੁਰੂ-ਦਰਸ਼ਨਾਂ ਅਤੇ ਗੁਰ-ਸੇਵਾ ਲਈ ਕੁਝ ਸਿੱਖਾਂ ਦੇ ਪਰਿਵਾਰ ਵੀ ਆਇਆ ਕਰਦੇ ਸਨ ਜਿਨ੍ਹਾਂ ਵਿੱਚੋਂ ਕੱਪੜਾ ਬੁਣਕਰ (ਜੁਲਾਹਾ) ਕਿਰਤ ਨਾਲ ਸੰਬੰਧਤ ਭਾਈ ਜਰਨੈਲ ਜੀ ਦਾ ਪਰਿਵਾਰ ਵੀ ਸ਼ਾਮਲ ਸੀ। ਗੁਰੂ ਰਾਮਦਾਸ ਜੀ ਨੇ ਜਾਤਾਂ-ਪਾਤਾਂ ਵਾਲੀ ਮਾਨਸਿਕਤਾ ਨੂੰ ਆਪਣੀ ਸਿੱਖ ਸੰਗਤ ਵਿੱਚੋਂ ਹਮੇਸ਼ਾਂ ਵਾਸਤੇ ਦੂਰ ਕਰਨ ਲਈ ਇੱਕ ਦਿਨ ਧਾਰਮਿਕ ਦੀਵਾਨ ਦੀ ਸਮਾਪਤੀ ਤੋਂ ਬਾਅਦ ਭਾਈ ਜਰਨੈਲ ਜੀ ਅਤੇ ਉਨ੍ਹਾਂ ਨਾਲ ਆਈ ਸੰਗਤ ਦੀ ਸੇਵਾ ਤੋਂ ਅਤੀ ਪ੍ਰਸੰਨ ਹੋ ਕੇ ਆਪਣੇ ਪਾਸ ਬੁਲਾ ਕੇ ਸਿਰੋਪਾਓ ਦੀ ਬਖਸ਼ਿਸ਼ ਕੀਤੀ। ਜਦੋਂ ਗੁਰੂ ਅਰਜਨ ਸਾਹਿਬ ਜੀ ਦੀ ਅਦੁੱਤੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਧਾਰਨ ਕਰਕੇ, ਇੱਕ ਗਸ਼ਤੀ ਹੁਕਮਨਾਮਾ ਸੰਗਤਾਂ ਪ੍ਰਤੀ ਲਿਖ ਭੇਜਿਆ ਜਿਸ ਵਿੱਚ ਉਨ੍ਹਾਂ ਆਪਣੇ ਸਿੱਖ ਸੇਵਕਾਂ ਵੱਲੋਂ ਹੋਰ ਤੋਹਫ਼ਿਆਂ ਦੀ ਥਾਵੇਂ ਸ਼ਸਤਰ ਅਤੇ ਘੋੜਿਆਂ ਦੀ ਮੰਗ ਕੀਤੀ ਤੇ ਨਾਲ ਹੀ ਹਥਿਆਰਬੰਦ ਹੋਣ ਦਾ ਸੱਦਾ ਦਿੱਤਾ, ਓਦੋਂ ਹੁਕਮਨਾਮੇ ਨੂੰ ਸੁਣ ਕੇ ਜਿੱਥੇ ਦੇਸ਼ ਦੇ ਕੋਨੇ-ਕੋਨੇ ਤੋਂ ਸਿੱਖ ਸੰਗਤਾਂ ਵਹੀਰਾਂ ਘੱਤ ਆਈਆਂ ਉੱਥੇ ਦੁਆਬੇ-ਮਾਲਵੇ ਦੇ ਸੂਰਬੀਰ ਯੋਧਿਆਂ ਨੇ ਗੁਰੂ ਸਾਹਿਬ ਪਾਸ ਆਪਣੀਆਂ ਸੇਵਾਵਾਂ ਪੇਸ਼ ਕਰਦੇ ਹੋਏ ਬੇਨਤੀ ਕੀਤੀ-ਸੱਚੇ ਪਾਤਸ਼ਾਹ! ਅਸੀਂ ਗਰੀਬ ਆਪ ਜੀ ਦੀ ਸ਼ਰਨ ਆਏ ਹਾਂ। ਸਾਡੇ ਕੋਲ ਭੇਟਾ ਕਰਨ ਲਈ ਕੁਝ ਵੀ ਪਦਾਰਥ (ਮਾਇਆ) ਨਹੀਂ, ਅਸੀਂ ਕੇਵਲ ਆਪਣੀਆਂ ਜਾਨਾਂ ਹੀ ਭੇਟ ਕਰ ਸਕਦੇ ਹਾਂ, ਕਿਰਪਾ ਕਰੋ, ਸਾਨੂੰ ਆਪਣੀ ਫੌਜ ਵਿੱਚ ਰੱਖ ਲਵੋ-‘ਹਮ ਅਨਾਥ ਸਿਰ ਭੇਟਾ ਕੀਨੇ, ਦਯਾ ਕਰਯੋ ਇਉਂ ਕਹਿ ਦੀਨੇ॥’ (ਗੁਰਬਿਲਾਸ ਪਾ: ਛੇਵੀਂ- 153) ਇਨ੍ਹਾਂ ਵਿੱਚ ਹੀ ਦੁਆਬੇ ਦੇ ਜਲੰਧਰ ਦੇ ਲਾਗਲੇ ਪਿੰਡ ਜੰਡੂ ਸਿੰਘਾ, ਫਗਵਾੜਾ, ਗੁਰਾਇਆਂ, ਹੁਸ਼ਿਆਰਪੁਰ ਦੇ ਅਨੇਕਾਂ ਸਿੰਘ ਸ਼ਾਮਲ ਸਨ। ਜੰਡੂ ਸਿੰਘਾ ਦੇ ਭਾਈ ਬੁੱਧਾ ਤੇ ਸੁੱਧਾ ਜੀ ਸਮੇਤ ਸਪਰੌੜ ਖੇੜੀ ਦੇ ਭਾਈ ਭਾਨੂੰ ਜੀ ਵੀ ਸ਼ਾਮਲ ਹੋਏ ਜੋ ਭਾਈ ਸੰਗਤ ਸਿੰਘ ਜੀ ਦੇ ਦਾਦਾ ਜੀ ਸਨ ਜਿਨ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਜੰਗਾਂ-ਯੁੱਧਾਂ ਵਿੱਚ ਸ਼ਾਮਲ ਹੋ ਕੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਲੜੀਆਂ ਚੌਹਾਂ ਜੰਗਾਂ ਵਿੱਚ ਸ਼ਾਮਲ ਸਨ। ਜਦੋਂ ਭਾਈ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਬਾ ਬਕਾਲਾ ਵਿਖੇ ਆ ਕੇ ਲੱਭ ਲਿਆ ਤਾਂ ਸਭ ਤੋਂ ਪਹਿਲਾਂ ਭਾਈ ਰਣੀਆ ਜੀ ਗੁਰੂ-ਦਰਸ਼ਨਾਂ ਲਈ ਬਾਬੇ ਬਕਾਲੇ ਪਹੁੰਚੇ ਕਿਉਂਕਿ ਬਚਪਨ ਤੋਂ ਹੀ ਗੁਰੂ-ਸੇਵਾ ਦੀ ਚੇਟਕ ਲੱਗਣ ਕਰਕੇ ਗੁਰੂ ਸਾਹਿਬ ਦੇ ਪਰਿਵਾਰ ਦੀ ਸੇਵਾ ਵਿੱਚ ਜੁੱਟ ਗਏ। ਗੁਰੂ ਸਾਹਿਬ ਨੇ ਭਾਈ ਰਣੀਆ ਜੀ ਨੂੰ ਮੁੜ ਮਾਖੋਵਾਲ ਵਸਾਉਣ ਦੀ ਗੱਲ ਕਰਕੇ, ਕੁਝ ਸਮੇਂ ਦੀ ਛੁੱਟੀ ਉਪਰੰਤ ਮੁੜ ਮਾਖੋਵਾਲ ਆਉਣ ਲਈ ਕਹਿ ਦਿੱਤਾ। 19 ਜੂਨ, 1665 ਮੁਤਾਬਿਕ 21 ਹਾੜ, 1722 ਬਿਕ੍ਰਮੀ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਪਾਸੋਂ ਨੀਂਹ ਰਖਾ ਕੇ ਗੁਰੂ ਜੀ ਨੇ ਆਪਣੀ ਮਾਤਾ ਨਾਨਕੀ ਜੀ ਦੇ ਨਾਂ ਪਰ ਇਸ ਸ਼ਹਿਰ ਦਾ ਨਾਮ ‘ਚੱਕ ਨਾਨਕੀ’ ਰੱਖਿਆ। ਦੂਰੋਂ-ਨੇੜਿਓਂ ਆ ਕੇ ਸੰਗਤਾਂ ਇੱਥੇ ਵੱਸ ਗਈਆਂ। ਭਾਈ ਰਣੀਆ ਜੀ ਵੀ ਆਪਣੀ ਸੁਪਤਨੀ ਤੇ ਪਰਿਵਾਰ ਸਮੇਤ ਇੱਥੇ ਆ, ਸੇਵਾ ਵਿੱਚ ਜੁੱਟ ਗਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਚਾਰਕ ਦੌਰੇ ਆਰੰਭੇ ਉਸ ਵੇਲੇ ਕੁਝ ਗਿਣੇ-ਚੁਣੇ ਸਿੱਖ ਸੇਵਕਾਂ ਦਾ ਛੋਟਾ ਜਿਹਾ ਕਾਫ਼ਲਾ ਗੁਰੂ ਸਾਹਿਬ ਨਾਲ ਹੋ ਤੁਰਿਆ। ਜਿਨ੍ਹਾਂ ਵਿੱਚ ਭਾਈ ਰਣੀਆ, ਆਪਣੀ ਸੁਪਤਨੀ ਬੀਬੀ ਅਮਰੋ ਸਮੇਤ ਯਾਤਰਾ ਵਿੱਚ ਸ਼ਾਮਲ ਹੋ ਗਏ। ਮਾਲਵੇ ਦੇਸ਼ ਦੇ ਬਾਂਗਰ ਇਲਾਕੇ ’ਚ ਪ੍ਰਚਾਰ ਕਰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸੰਗਤਾਂ ਸਮੇਤ ਪਟਨਾ ਸਾਹਿਬ ਪੁੱਜੇ। ਇੱਥੇ ਹੀ ਬਾਲ ਗੋਬਿੰਦ ਰਾਏ ਜੀ ਦੇ ਜਨਮ 22 ਦਸੰਬਰ, 1666 ਈ. ਦੇ ਪ੍ਰਕਾਸ਼ ਤੋਂ 4 ਮਹੀਨੇ ਦੇ ਫ਼ਰਕ ਨਾਲ ਭਾਵ 25 ਅਪ੍ਰੈਲ, 1667 ਈ. ਨੂੰ ਭਾਈ ਸੰਗਤਾ ਜੀ ਨੇ ਭਾਈ ਰਣੀਆ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਇਨ੍ਹਾਂ ਦੀ ਸ਼ਕਲ ਗੁਰੂ ਸਾਹਿਬ ਨਾਲ ਇੰਨੀ ਮਿਲਦੀ-ਜੁਲਦੀ ਸੀ ਕਿ ਇੱਕ ਵਾਰੀ ‘ਰਾਣੀ ਮੈਣੀ’ ਦੇ ਘਰ ਰਾਣੀ ਨੂੰ ਭੁਲੇਖਾ ਪਾਉਣ ਲਈ ਆਪਣੀ ਥਾਂ ‘ਬਾਲ ਸੰਗਤਾ ਜੀ’ ਨੂੰ ਅੱਗੇ ਕਰ ਦਿੱਤਾ ਪ੍ਰੰਤੂ ਰਾਣੀ ਮੈਣੀ ਨੇ ਗੋਦੀ ਵਿੱਚ ਬਿਠਾ ਦੋਹਾਂ ਦਾ ਮਸਤਕ ਚੁੰਮਦੇ ਹੋਏ ਕਿਹਾ ਕਿ ਤੁਸੀਂ ਦੋਵੇਂ ਹੀ ਮੇਰੇ ਪਿਆਰੇ ਪੁੱਤਰ ਹੋ। ਬਾਲ ਸੰਗਤਾ ਜੀ, ਗੋਬਿੰਦ ਰਾਏ ਤੋਂ ਸਿਰਫ਼ ਚਾਰ ਕੁ ਮਹੀਨੇ ਛੋਟੇ ਹੋਣ ਕਰਕੇ ਹਰ ਵਕਤ ਨਾਲ ਹੀ ਵਿਚਰਦੇ ਸਨ। ਕਈ ਵਾਰ ਬਾਲਾ-ਪ੍ਰੀਤਮ ਨਕਲੀ ਲੜਾਈ ਕਰਨ ਹਿੱਤ ਦੋ ਟੋਲੀਆਂ ਬਣਾ ਇਕ ਟੋਲੀ ਦਾ ਆਗੂ ਆਪ ਬਣਦੇ ਤੇ ਦੂਜੀ ਟੋਲੀ ਦਾ ਆਗੂ ਸੰਗਤਾ ਜੀ ਨੂੰ ਬਣਾ ਨਕਲੀ ਲੜਾਈ ਕਰਦੇ। ਇਸ ਤਰ੍ਹਾਂ ਬਚਪਨ ਤੋਂ ਹੀ ਸਾਥੀਆਂ (ਹਾਣੀਆਂ) ਨਾਲ ਯੁੱਧ ਕਰਨ ਦੀ ਤਿਆਰੀ ਹੋਣ ਲੱਗ ਪਈ ਸੀ। ਛੇ ਸਾਲ ਦੀ ਉਮਰ ਵਿੱਚ ਜਦੋਂ ਬਾਲ ਗੋਬਿੰਦ ਰਾਏ ਜੀ ਨੂੰ ਗੁਰੂ-ਪਿਤਾ ਦੇ ਹੁਕਮ ਸਦਕਾ ਪਰਿਵਾਰ ਸਮੇਤ ‘ਚੱਕ ਨਾਨਕੀ’ ਵਾਪਸ ਬੁਲਾਇਆ, ਉਸ ਵਕਤ ਹੋਰ ਸੰਗਤਾਂ ਸਮੇਤ ਬਾਲ ਸੰਗਤਾ ਵੀ ਆਪਣੇ ਮਾਤਾ-ਪਿਤਾ ਸਮੇਤ ਚੱਕ ਨਾਨਕੀ (ਅਨੰਦਪੁਰ ਸਾਹਿਬ) ਵਾਪਸ ਆ ਗਏ।
ਗੁਰਤਾ-ਗੱਦੀ ਮਿਲਣ ਤੋਂ ਬਾਅਦ ਖਾਲਸਾ ਪੰਥ ਦੀ ਸਾਜਨਾ ਤੱਕ ਯਾਨੀ ਕਿ 1675 ਤੋਂ ਲੈ ਕੇ 1699 ਤਕ ਦੇ 23-24 ਸਾਲਾਂ ਦੇ ਅਨੇਕਾਂ ਪ੍ਰਕਾਰ ਦੇ ਕਾਰਜ ਗੁਰੂ ਨਾਨਕ ਮਿਸ਼ਨ ਪੂਰਤੀ ਹਿੱਤ ਕੀਤੇ ਗਏ, ਜਿਨ੍ਹਾਂ ਵਿੱਚ ਜਬਰ-ਜ਼ੁਲਮ ਨੂੰ ਠੱਲ੍ਹ ਪਾਉਣ ਹਿੱਤ, ਦੁਸ਼ਟਾਂ ਦਾ ਖਾਤਮਾ ਕਰਨ ਲਈ ਜੰਗ-ਯੁੱਧ ਵੀ ਕਰਨੇ ਪਏ। ਜਿੱਥੇ ਭਾਈ ਸੰਗਤਾ ਜੀ ਨੇ ਦਸਮੇਸ਼ ਪਿਤਾ ਦੇ ਹੁਕਮਾਂ ਨੂੰ ਮੰਨਦੇ ਹੋਏ ਪ੍ਰਚਾਰਕ ਰੂਪ ਵਿੱਚ ਮਾਲਵੇ ਦੇ ਖੇਤਰ ਦੇ ਪਿੰਡ-ਪਿੰਡ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਪਰ ਚੱਲਣ ਦੀ ਪ੍ਰੇਰਨਾ ਦਿੱਤੀ ਉੱਥੇ ਗੁਰੂ ਸਾਹਿਬ ਦੀ ਚੌਰ ਬਰਦਾਰੀ, ਮੱਝਾਂ-ਗਾਈਆਂ ਚਾਰੀਆਂ ਅਤੇ ਜੰਗਾਂ-ਯੁੱਧਾਂ ਵਿੱਚ ਗੁਰੂ ਸਾਹਿਬ ਦੀ ਅਸ਼ੀਰਵਾਦ-ਥਾਪੜੇ ਸਦਕਾ ਬਹਾਦਰੀ ਦੇ ਜੌਹਰ ਵੀ ਵਿਖਾਏ।
ਜਦੋਂ ਦਸਮੇਸ਼ ਪਿਤਾ ਨੇ 1699 ਦੀ ਵੈਸਾਖੀ ਵਾਲੇ ਦਿਨ ਗੁਰੂ ਬਾਬਾ ਨਾਨਕ ਸਾਹਿਬ ਜੀ ਦੇ ਚਲਾਏ ‘ਨਿਰਮਲ ਪੰਥ’-‘‘ਮਾਰਿਆ ਸਿੱਕਾ ਜਗਤ ਵਿਚਿ ਨਾਨਕ ਨਿਰਮਲ ਪੰਥ ਚਲਾਇਆ॥’’ (ਭਾ. ਗੁ.) ‘ਖਾਲਸਾ ਪੰਥ’ ਪ੍ਰਗਟਾਇਆ, ਉਸੇ ਹੀ ਦਿਨ ਭਾਈ ਸੰਗਤਾ ਜੀ ਨੇ ਸਮੇਤ ਪਰਿਵਾਰ, ਮਾਤਾ-ਪਿਤਾ, ਭਰਾਵਾਂ, ਇੱਥੋਂ ਤੱਕ ਕਿ ਚਾਚੇ ਦੇ ਪੁੱਤਰਾਂ ਨੇ ਵੀ ਪੰਜਾਂ-ਪਿਆਰਿਆਂ ਤੋਂ ਖੰਡੇ ਦੀ ਪਾਹੁਲ ਪ੍ਰਾਪਤ ਕਰ ਲਈ। ਉਸ ਤੋਂ ਬਾਅਦ ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਪ੍ਰਚਾਰਕ ਨੀਯਤ ਕਰ ਕੇ ਮਾਲਵੇ ਦੇਸ਼ ਦੀ ਸੰਗਤ ਦੇ ਨਾਂ ਇੱਕ ਹੁਕਮਨਾਮਾ ਭੇਜਿਆ, ਜੋ ਭਾਈ ਸਾਹਿਬ ਨੂੰ ਪਿੰਡ ਖੁੱਡੇ ਜੋ ਮੁਕਤਸਰ ਸਾਹਿਬ ਵਿੱਚ ਪੈਂਦਾ ਹੈ, ਮਿਲਿਆ, ਜਿਸ ਵਿੱਚ ਗੁਰੂ ਸਾਹਿਬ ਦਾ ਹੁਕਮ ਸੀ ਕਿ ਜਿਹੜਾ ਸਿੱਖ ਘੋੜਾ, ਤਲਵਾਰ, ਬੰਦੂਕ, ਨੇਜ਼ਾ ਆਦਿ ਹੋਰ ਵੀ ਨਵੀਨ ਸ਼ਸਤਰ ਲੈ ਕੇ ਅਨੰਦਪੁਰ ਸਾਹਿਬ ਆਵੇਗਾ, ਉਹ ਸਿੰਘ ਸਾਡੇ ਪਿਆਰ ਦਾ ਹੱਕਦਾਰ ਹੋਵੇਗਾ। ਇਸ ਹੁਕਮਨਾਮੇ ਦੀ ਅਸਲ ਕਾਪੀ ‘ਗੁਰਦੁਆਰਾ ਸ਼ਹੀਦ ਭਾਈ ਸੰਗਤ ਸਿੰਘ, ਅਨੰਦਪੁਰ ਸਾਹਿਬ’ ਦੇ ਪ੍ਰਬੰਧਕਾਂ ਪਾਸ ਮੌਜੂਦ ਦੱਸੀ ਜਾਂਦੀ ਹੈ। ਬਚਪਨ ਤੋਂ ਹੀ ਆਪ ਜੀ ਵਿੱਚ ਬੀਰ-ਰਸ, ਗੁਰੂ-ਘਰ ਪ੍ਰਤੀ ਸ਼ਰਧਾ ਅਤੇ ਪ੍ਰੇਮ ਕੁੱਟ-ਕੁੱਟ ਕੇ ਭਰਿਆ ਪਿਆ ਸੀ। ਨਾਂ ਤਾਂ ਕਿਸੇ ਤੋਂ ਆਪ ਜੀ ਡਰਦੇ ਹੀ ਸਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਸਨ। ਮੌਤ ਦਾ ਡਰ ਉਨ੍ਹਾਂ ਵਿੱਚ ਰੱਤੀ ਭਰ ਵੀ ਨਹੀਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਪੰਡਤ ਨੇ ਰੋ-ਰੋ ਕੇ ਅਰਜੋਈ ਕੀਤੀ ਕਿ ਗੁਰੂ ਜੀ! ਮੇਰੀ ਘਰਵਾਲੀ ਨੂੰ ਇਕ ਪਠਾਣ ਜ਼ਬਰਦਸਤੀ ਖੋਹ ਕੇ ਰੋਪੜ ਵਾਲੇ ਪਾਸੇ ਲੈ ਗਿਆ ਹੈ ਕ੍ਰਿਪਾ ਕਰੋ ਗਰੀਬ ਨਿਮਾਣੇ-ਨਿਤਾਣੇ ਦੀ ਆਸ ਕੇਵਲ ਗੁਰੂ ਨਾਨਕ ਸਾਹਿਬ ਜੀ ਦਾ ਦਰ-ਘਰ ਹੀ ਹੈ। ਮੇਰੀ ਘਰਵਾਲੀ ਮੈਨੂੰ ਵਾਪਸ ਦਿਵਾਈ ਜਾਵੇ ਜੀ ! ਤਾਂ ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਰੰਤ ਕਾਰਵਾਈ ਕਰੋ ਅਤੇ ਉਸ ਬੀਬੀ ਨੂੰ ਪਠਾਣ ਕੋਲੋਂ ਛੁਡਵਾ ਕੇ ਲੈ ਆਓ। ਉਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਭਾਈ ਸੰਗਤ ਸਿੰਘ ਜੀ ਵੀ ਗਏ ਸਨ। ਸਿੰਘਾਂ ਨੇ ਘੋੜਿਆਂ ’ਤੇ ਸਵਾਰ ਹੋ ਕੇ ਪਠਾਣ ਨੂੰ ਰਸ਼ਤਿਆਂ ਵਿੱਚ ਹੀ ਘੋਰ ਲਿਆ। ਪਠਾਣ ਡਰਦਾ ਘਰ ਵਿੱਚ ਲੁਕ ਗਿਆ ਤੇ ਅੰਦਰੋਂ ਬੂਹਾ ਬੰਦ ਕਰ ਲਿਆ। ਸਿੰਘਾਂ ਨੇ ਪਠਾਣ ਦੀ ਜਾਨ ਬਖਸ਼ ਦਿੱਤੀ ਅਤੇ ਪੰਡਤਾਣੀ ਵਾਪਸ ਲਿਆ ਕੇ ਗੁਰੂ-ਦਰਬਾਰ ਦੀ ਸ਼ਰਣ ਵਿੱਚ ਆਏ ਪੰਡਤ ਦੇ ਹਵਾਲੇ ਕਰ ਦਿੱਤੀ।
ਜਦੋਂ ਅਨੰਦਪੁਰ ਸਾਹਿਬ ਵਿਖੇ ਅਨੰਦਗੜ੍ਹ ਕਿਲ੍ਹੇ ਨੂੰ ਮੁਗ਼ਲ ਫ਼ੌਜਾਂ ਨੇ ਘੇਰਾ ਪਾਇਆ ਹੋਇਆ ਸੀ, ਘੇਰਾ ਇੰਨਾ ਤੰਗ ਕਰ ਦਿੱਤਾ ਗਿਆ ਸੀ ਕਿ ਬਾਹਰੋਂ ਰਸਦ ਆਉਣੀ ਵੀ ਬੰਦ ਹੋ ਗਈ ਸੀ, ਉਸ ਵੇਲੇ ਸਿੰਘਾਂ ਦੇ ਉੱਡਣ ਦਸਤੇ ਬਣਾਏ ਗਏ ਸਨ, ਜਿਨ੍ਹਾਂ ਵਿੱਚ ਭਾਈ ਸੰਗਤ ਸਿੰਘ ਦਾ ਜੱਥਾ ਵੀ ਸ਼ਾਮਲ ਸੀ। ਰਾਤ ਵੇਲੇ ਪਹਾੜੀ ਪਰ ਮੁਗ਼ਲ ਫੌਜਾਂ ਦੇ ਕੈਂਪਾਂ ਉੱਤੇ ਹਮਲੇ ਕਰਕੇ ਰਸਦਾਂ ਲੁੱਟ ਕੇ ਲੈ ਆਉਂਦੇ ਸਨ। ਘੇਰਾ ਦਿਨ-ਬ-ਦਿਨ ਤੰਗ ਹੁੰਦਾ ਜਾ ਰਿਹਾ ਸੀ, ਇੱਥੋਂ ਤੱਕ ਕਿ ਜੇ ਪਾਣੀ ਵੀ ਲੈਣ ਜਾਣਾ ਹੁੰਦਾ ਤਾਂ ਜੇ ਚਾਰ ਸਿੰਘ ਵੀ ਜਾਂਦੇ ਸਨ ਤਾਂ ਦੋ ਰਸਤੇ ਵਿੱਚ ਹੀ ਸ਼ਹੀਦ ਹੋ ਜਾਂਦੇ ਸਨ- ‘ਚਾਰ ਸਿੰਘ ਪਾਣੀ ਕੋ ਜਾਵੈਂ। ਦੋ ਜੂਝੈ ਦੋ ਪਾਣੀ ਲਿਆਵੈਂ। ਲਰੈਂ ਸਿੰਘ ਮਾਰੈਂ ਲਲਕਾਰੈ।’
ਆਖ਼ਰ ਦਸੰਬਰ 1704 ਈ. ਨੂੰ ਰਾਤ ਦੇ ਪਹਿਲੇ ਪਹਿਰ ਮਾਤਾ ਗੁਜਰੀ ਜੀ ਰਾਹੀਂ ਸੰਗਤਾਂ ਦੇ ਜ਼ੋਰ ਪਾਉਣ ’ਤੇ ਦਸਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਅੱਗੋਂ ਸਰਸਾ ਨਦੀ ਠਾਠਾਂ ਮਾਰ ਰਹੀ ਸੀ। ਵੈਰੀ ਕਸਮਾਂ ਨੂੰ ਤੋੜ ਕੇ ਆ ਪਏ। ਸਰਸਾ ਕਿਨਾਰੇ ਭਿਆਨਕ ਜੰਗ ਹੋਈ। ਗੁਰੂ ਜੀ ਨੇ ਪੈਦਲ ਵਹੀਰ ਲੰਘਾਉਣ ਲਈ ਸਾਹਿਬਜ਼ਾਦਾ ਅਜੀਤ ਸਿੰਘ, ਭਾਈ ਉਦੇ ਸਿੰਘ, ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਜੱਥੇ ਥਾਪ ਦਿੱਤੇ। ਮੁਗ਼ਲ ਅਤੇ ਪਹਾੜੀ ਫੌਜਾਂ ਨੇ ਸਿੰਘਾਂ ’ਤੇ ਹਮਲਾ ਕਰ ਦਿੱਤਾ। ਦਸਮੇਸ਼ ਪਿਤਾ ਜੀ ਨੇ ਜੱਥਿਆਂ ਨੂੰ ਵੈਰੀ ਦਾ ਡਟ ਕੇ ਟਾਕਰਾ ਕਰਨ ਦਾ ਹੁਕਮ ਦਿੱਤਾ ਕਿ ਜਦ ਤੱਕ ਵਹੀਰ ਸਰਸਾ ਪਾਰ ਨਹੀਂ ਕਰ ਜਾਂਦੀ ਤਦ ਤਕ ਵੈਰੀਆਂ ਦਾ ਟਾਕਰਾ ਕਰਦੇ ਰਹਿਣਾ। ਇਸ ਜੰਗ ਸਮੇਂ ਬਹੁਤ ਸਾਰੇ ਸਿੰਘ ਸਰਸਾ ਪਾਰ ਕਰਦੇ ਹੋਏ ਨਦੀ ਦੀ ਭੇਟ ਹੋ ਗਏ। ਸਰਸਾ ਦੇ ਜੰਗ ਸਮੇਂ ਸਾਰਾ ਪਰਵਾਰ ਖੇਰੂੰ-ਖੇਰੂੰ ਹੋ ਗਿਆ। ਅਨੇਕਾਂ ਸਿੰਘ ਇਸ ਘਮਸਾਣ ਦੀ ਜੰਗ ਵਿਚ ਸ਼ਹੀਦੀ ਪਾ ਗਏ ਤੇ ਕੁਝ ਸਰਸਾ ਨਦੀ ਵਿੱਚ ਕਈ ਮੀਲ ਦੂਰ ਪਾਣੀ ਦੇ ਵੇਗ ਵਿੱਚ ਰੁੜ੍ਹ ਗਏ। ਗੁਰੂ ਜੀ ਨੇ 7 ਪੋਹ ਦੀ ਰਾਤ ਨੂੰ ਰੋਪੜ ਤੋਂ ਚਮਕੌਰ ਸਾਹਿਬ ਜਾਣ ਦਾ ਫੈਸਲਾ ਲਿਆ। ਗੁਰੂ ਜੀ ਰਾਤ ਨੂੰ ਆਪਣੇ ਨਾਲ ਦੇ ਚਾਲ੍ਹੀ ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਆ ਬਿਰਾਜੇ। ਅਗਲੇ ਦਿਨ ਸਵੇਰੇ 8 ਪੋਹ, ਸੰਮਤ 1761 ਬਿਕ੍ਰਮੀ ਨੂੰ ਸੰਸਾਰ ਦੇ ਅਨੋਖੇ ਤੇ ਚਮਤਕਾਰੀ ਯੁੱਧ ਦੀ ਸ਼ੁਰੂਆਤ ਹੋਈ। ਇੱਕ ਪਾਸੇ ਕੇਵਲ ਭੁੱਖੇ ਤੇ ਥੱਕੇ 40 ਸਿੰਘ, ਦੂਜੇ ਪਾਸੇ ਵੈਰੀ ਦਲ ਦੀ ਭਾਰੀ ਫੌਜ। ਇਸ ਬਾਰੇ ਜ਼ਫ਼ਰਨਾਮੇ ਵਿੱਚ ਜਿਕਰ ਹੈ ਕਿ- ‘‘ਗੁਰਸਨਹ ਚਿਹ ਕਾਰੇ ਕੁਨੱਦ ਚਿਹਲ ਨਰ॥ ਕਿ ਦਹ ਲੱਕ ਬਿਆਯਦ ਬਰੋ ਬੇਖ਼ਬਰ॥੧੯॥’’
ਇਸ ਗੜ੍ਹੀ ਦੇ ਸਿੰਘਾਂ ਅਤੇ ਮੁਗ਼ਲ ਫੌਜਾਂ ਵਿਚਾਲੇ ਬਹੁਤ ਘਮਸਾਣ ਦੀ ਜੰਗ ਹੋਈ। ਮੁਗ਼ਲ ਫੌਜ ਨੇ ਤਿੰਨਾਂ ਪਾਸਿਆਂ ਤੋਂ ਘੇਰਾ ਪਾ ਕੇ ਹਮਲਾ ਕਰ ਦਿੱਤਾ ਜਿਸ ਵਿੱਚ ਨਾਹਰ ਖ਼ਾਂ ਤੇ ਖਵਾਜਾ ਮੁਹੰਮਦ ਆਪਣੀ ਫੌਜ ਦੀ ਅਗਵਾਈ ਕਰ ਰਹੇ ਸਨ। ਗੁਰੂ ਜੀ ਨੇ ਵੀ ਤਿੰਨਾਂ ਪਾਸਿਆਂ ਵੱਲ ਆਪਣੇ ਤੀਰਾਂ ਦੀ ਬੁਛਾੜ ਸ਼ੁਰੂ ਕਰ ਦਿੱਤੀ। ਨਾਹਰ ਖਾਂ ਤੇ ਗ਼ੈਰਤ ਖ਼ਾਨ ਗੁਰੂ ਜੀ ਦੇ ਤੀਰਾਂ ਨਾਲ ਮਾਰੇ ਗਏ। ਵੈਰੀ ਦਲ ਨਾਲ ਜੂਝਦੇ ਹੋਏ, ਸ਼ਸਤਰ ਵਿੱਦਿਆ ਦੇ ਮਾਹਿਰ, ਦੁਸ਼ਮਣਾਂ ਨੂੰ ਚੰਗਾ ਸਬਕ ਸਿਖਾਉਂਦੇ ਹੋਏ, ਸਿੰਘ ਸ਼ਹਾਦਤ ਦਾ ਜਾਮ ਪੀ ਗਏ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਬੇਨਤੀ ਮੰਨ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਬਾਬਾ ਅਜੀਤ ਸਿੰਘ ਤੇ ਹੋਰ ਸਿੰਘ ਇਸ ਮੌਕੇ ਆਖਰੀ ਦਮ ਤਕ ਦੁਸ਼ਮਣਾਂ ਦੇ ਆਹੂ ਲਾਹ ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਵੇਖ ਜੈਕਾਰਾ ਬੋਲਿਆ-‘‘ਪੀਯੋ ਪਿਯਾਲਾ ਪ੍ਰੇਮ ਕਾ ਭਯੋ ਸੁਮਨ ਅਵਤਾਰ। ਆਜ ਖ਼ਾਸ ਭਏ ਖਾਲਸਾ, ਸਤਿਗੁਰੁ ਕੇ ਦਰਬਾਰ।’’ ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿੱਚ ਆਉਣ ਨਾਲ ਯੁੱਧ ਇੱਕ ਵਾਰ ਫੇਰ ਭੱਖ ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਵਧੇ ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿੱਚ ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿੱਚ ਫੜ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਵਿੱਚ ਪਰੋ-ਪਰੋ ਕੇ ਸੁੱਟਦੇ ਰਹੇ। ਉੱਪਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਵਿੱਚ ਚਾਰੇ ਪਾਸੇ ਤੋਂ ਸਾਹਿਬਜ਼ਾਦੇ ਸਮੇਤ ਸਿੰਘਾਂ ਨੂੰ ਘਿਰੇ ਦੇਖ ਤੀਰਾਂ ਦੀ ਬੁਛਾੜ ਲਗਾ ਦਿੱਤੀ। ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਇੱਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ। ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ-‘ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ। ਸ਼ੁਕਰੇ ਅੱਲਾਹ ਕੀਆ ਝਟ ਉਠਾ ਕੇ ਸਰ। ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ ਬੇਟੋਂ ਕੀ ਜਾਂ, ਧਰਮ ਕੀ ਖ਼ਾਤਿਰ ਫ਼ਿਦਾ ਹੂਈ।’ ਹੁਣ ਵੈਰੀ ਦਲ ਦੇ ਜਰਨੈਲਾਂ ਰਲ ਸਲਾਹ ਕੀਤੀ ਕਿ ਸਵੇਰ ਦੀ ਲੜਾਈ ਵਾਸਤੇ ਗੜ੍ਹੀ ਅੰਦਰ ਗਿਣਤੀ ਦੇ ਸਿੰਘਾਂ ਨੂੰ ਹੱਥੋ-ਹੱਥੀ ਫੜ ਲਿਆ ਜਾਵੇ। ਇਸ ਤਰ੍ਹਾਂ ਅਜਿਹਾ ਮਤਾ ਪਕਾ ਕੇ ਦੁਸ਼ਮਣ ਦਲ ਦੀਆਂ ਫੌਜਾਂ ਗੜ੍ਹੀ ਦੁਆਲੇ ਪਹਿਰੇ ਦੀ ਤਕੜਾਈ ਕਰ ਆਰਾਮ ਕਰਨ ਲੱਗ ਪਈਆਂ। ਉੱਧਰ ਬਚੇ ਸਿੰਘਾਂ ਨੇ ਗੁਰਮਤੇ ਸੋਧਣੇ ਸ਼ੁਰੂ ਕਰ ਦਿੱਤੇ, ਵਿਚਾਰ ਕੀਤੀ ਗਈ ਕਿ ਅੱਜ ਹੀ ਰਾਤੀਂ ਦਸਮੇਸ਼ ਜੀ ਗੜ੍ਹੀ ਛੱਡ ਕੇ ਚਲੇ ਜਾਣ ਤਾਂ ਜੋ ਬਾਹਰ ਜਾ ਕੇ, ਹੋਰ ਫੌਜਾਂ ਦੀ ਤਿਆਰੀ ਕਰ ਸਕਣ ਪ੍ਰੰਤੂ ਗੁਰੂ ਜੀ ਨੇ ਨਾਂਹ ਕਰ ਦਿੱਤੀ ਤਾਂ ਗੜ੍ਹੀ ਵਿੱਚ ਬਚੇ ਸਿੰਘਾਂ ਨੇ ਪੰਚਾਇਤੀ ਰੂਪ ਵਿੱਚ ਮਤਾ ਕਰਕੇ ਗੁਰੂ ਜੀ ਨੂੰ ਗੜ੍ਹੀ ਛੱਡ ਕੇ ਸੁਰੱਖਿਅਤ ਸਥਾਨ ਵੱਲ ਜਾਣ ਦਾ ‘ਹੁਕਮ’ ਸੁਣਾਇਆ। ਗੁਰੂ ਜੀ ਨੇ ‘ਖਾਲਸੇ’ ਦੇ ਹੁਕਮ ਅੱਗੇ ਸਿਰ ਨਿਵਾਂਦੇ ਹੋਏ ਬੇਨਤੀ ਕੀਤੀ ਕਿ ਉਹ ਜਾਣ ਤੋਂ ਪਹਿਲੇ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ। ਇਹ ਬੇਨਤੀ ਪ੍ਰਵਾਨ ਕਰ ਲਈ ਗਈ। ਦਸਮੇਸ਼ ਪਿਤਾ ਨੇ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਈ ਮਾਨ ਸਿੰਘ ਆਪਣੇ ਨਾਲ ਲੈ ਜਾਣ ਦੀ ਵਿਉਂਤ ਬਣਾਈ। ਹਮਸ਼ਕਲ ਭਾਈ ਸੰਗਤ ਸਿੰਘ ਨੂੰ ਆਪਣੀ ਪੁਸ਼ਾਕ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ (ਗੁੰਬਦ) ਉੱਤੇ ਬੈਠਣ ਦੀ ਸਲਾਹ ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੋ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਉਨ੍ਹਾਂ ਸਮੇਤ ਹੋਰ ਸਿੰਘਾਂ ਨੂੰ ਦੂਸਰੇ ਦਿਨ ਦੀ ਲੜਾਈ ਵਿੱਚ ਅਪਨਾਉਣ ਯੋਗ ਨੀਤੀ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣਾ ਤੀਰ ਕਮਾਨ ਤੇ ਹੋਰ ਸ਼ਸਤਰ ਭਾਈ ਸੰਗਤ ਸਿੰਘ ਜੀ ਨੂੰ ਦੇਂਦੇ ਕਿਹਾ ਕਿ ਜਿਊਂਦੇ-ਜੀਅ ਦੁਸ਼ਮਣ ਦੇ ਹੱਥ ਨਹੀਂ ਆਉਣਾ।
ਅਗਲੀ ਸਵੇਰ 9 ਪੋਹ, 1761 ਬਿਕ੍ਰਮੀ ਦਿਨ ਚੜ੍ਹਿਆ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ਪਰ ਬੈਠਾ ਭਾਈ ਸੰਗਤ ਸਿੰਘ, ਗੁਰੂ ਗੋਬਿੰਦ ਸਿੰਘ ਦਿਖਾਈ ਦੇ ਰਿਹਾ ਸੀ ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ ਵਿੱਚ ਪੰਜ-ਸੱਤ ਸਿੰਘ ਹਨ, ਇੱਕ ਹੱਲੇ ਨਾਲ ਹੀ ਗੜ੍ਹੀ ਸਰ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਊਂਦਿਆਂ ਹੀ ਫੜ ਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਇਨਾਮ ਮਿਲੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਕਰ ਦਿੱਤਾ।
ਮੁੱਠੀ-ਭਰ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ ਜਿੰਨਾ ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ ਢੁੱਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ ਹੱਥੋਂ-ਹੱਥੀਂ ਹੋ ਗਈ। ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਲੜਦੇ ਹੋਏ ਸਾਰੇ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ। ਮੁਗਲ ਫੌਜਾਂ ਦਾ ਕਹਿਰੀ ਹੱਲਾ ਵਧੇਰੇ ਕਰਕੇ ਭਾਈ ਸੰਗਤ ਸਿੰਘ ਦੇ ਉੱਪਰ ਹੀ ਸੀ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਲਗਦੇ ਹਨ। ਇਉਂ ਚਮਕੌਰ ਦੇ ਇਸ ਘਮਸਾਣ ਯੁੱਧ ਵਿੱਚ ਭਾਈ ਸੰਗਤ ਸਿੰਘ ਜੀ ਵੀ ਬਾਕੀ ਸਿੰਘਾਂ ਦੇ ਨਾਲ ਸ਼ਹੀਦੀ ਪ੍ਰਾਪਤ ਕਰ ਗਏ। ਇੱਕ-ਇੱਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ। ਭਾਈ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣ ਵਿੱਚ ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਆਖ਼ਿਰ ਫ਼ਤਹਿ ਗਜਾ ਧਰਤੀ ’ਤੇ ਡਿੱਗ ਪਏ। ਮੁਗ਼ਲਾਂ ਨੇ ਕਾਹਲੀ ਵਿੱਚ ਇਹ ਸੋਚ ਲਿਆ ਕਿ ਇਹ ਕਲਗੀ ਵਾਲੇ ਗੁਰੂ ਗੋਬਿੰਦ ਸਿੰਘ ਜੀ ਹਨ। ਇੱਕ ਪਠਾਣ ਨੇ ਕਲਗੀ ਵਾਲਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਭਾਈ ਕੁਇਰ ਸਿੰਘ ਲਿਖਦੇ ਹਨ-‘ਕਲਗੀ ਜਿਗ੍ਹਾ ਔਰ ਯਹ ਹੋਈ। ਗੋਬਿੰਦ ਇਹੈ ਹੈ ਸੋਈ। ਮਾਰ ਸ਼ੀਸ਼-ਸ਼ਮਸ਼ੇਰ ਪਠਾਨਾਂ। ਸੀਸ ਰਹਿਤ ਕਲਗੀ ਲੀ ਮਾਨਾ। ਸੀਸ ਨਿਹਾਰ ਬੰਗੇਸਰ ਕੋ ਬੋਲਤ ਹੈ ਸਭ ਨਰ ਨਾਰੀ। ਏਕ ਕਹੇ ਕਰੁਨਾ ਨਿਧ ਕੋ, ਇਕ ਭਾਖਤ ਹੈ ਇਹ ਖੇਲ ਅਪਾਰੀ।’
ਭਾਈ ਸੰਗਤ ਸਿੰਘ ਜੀ ਜਿਵੇਂ ਪੁਕਾਰ, ਜੋਦੜੀ ਕਰ ਰਹੇ ਹੋਵਣ ਦਸਮ-ਪਿਤਾ ਅੱਗੇ-‘‘ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ॥ ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ॥’’ (829) ‘‘ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥’’ (26)
ਭਾਈ ਸੰਗਤ ਸਿੰਘ ਜੀ ਦੀ ਜੀਵਨੀ ਇੱਕ ਉੱਚੇ-ਸੁੱਚੇ ਗੁਰਸਿੱਖ ਦੀ ਜੀਵਨ-ਕਥਾ ਹੈ। ਆਪ ਜੀ ਜਿੱਥੇ ਗੁਰੂ ਦਸਮੇਸ਼ ਪਿਤਾ ਦੇ ਪੂਰੇ ਵਿਸ਼ਵਾਸਪਾਤ੍ਰ ਤੇ ਆਗਿਆਕਾਰੀ ਸਨ ਉੱਥੇ ਸਿੱਖ ਸੰਗਤਾਂ ਪ੍ਰਤੀ ਵੀ ਆਪ ਜੀ ਦਾ ਅਥਾਹ ਪਿਆਰ ਸੀ। ਆਪ ਜੀ ਗੁਰਬਾਣੀ ਪ੍ਰੇਮੀ ਅਤੇ ਨਾਮ-ਰਸੀਏ ਵੀ ਸਨ। ਸੋ ਸਿੱਖ ਇਤਿਹਾਸ ਵਿੱਚ ਜਿੱਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਯੋਧਿਆਂ ਤੇ ਵਫਾਦਾਰ ਸਿੰਘਾਂ ਦੀ ਗੱਲ ਚੱਲੇਗੀ ਉੱਥੇ ਭਾਈ ਸੰਗਤ ਸਿੰਘ ਜੀ ਦਾ ਨਾਮ ਵੀ ਬੜੇ ਮਾਨ ਨਾਲ ਲਿਆ ਜਾਵੇਗਾ।
ਭਾਈ ਸੰਗਤ ਸਿੰਘ ਬਾਰੇ ਕੁਝ ਇਤਿਹਾਸਕ ਹਵਾਲੇ-ਭਾਈ ਕੋਇਰ ਸਿੰਘ-ਗੁਰ ਬਿਲਾਸ ਪਾਤਸਾਹੀ ਦਸਵੀਂ ਜਿਸ ਦਾ ਰਚਨਾ ਕਾਲ 1751 ਸੰਨ ਹੈ ਵਿੱਚ ਲਿਖਦੇ ਹਨ ਕਿ ਜ੍ਹਿਗਾ ਕਲਗੀ ਸੰਗਤ ਸਿੰਘ ਬੰਗੇਸਰੀ ਨੂੰ ਬਖਸੀ। ਭਾਈ ਸੁੱਖਾ ਸਿੰਘ-ਗੁਰ ਬਿਲਾਸ ਪਾਤਸਾਹੀ ਦਸਵੀਂ ਰਚਨਾ ਕਾਲ 1797 ਵਿੱਚ ਲਿਖਦੇ ਹਨ ਕਿ ਜ੍ਹਿਗਾ ਕਲਗੀ ਦੀ ਬਖਸ਼ਿਸ਼ ਭਾਈ ਸੰਗਤ ਸਿੰਘ ਨੂੰ ਹੋਈ। ਭਾਈ ਤੇਜਾ ਸਿੰਘ ਸੋਢੀ-ਤਵਾਰੀਖ ਗੁਰੂ ਖਾਲਸਾ ਦੇ ਸਫਾ 503 ’ਤੇ ਲਿਖਦੇ ਹਨ ਕਲਗੀ ਬਸਤਰ ਸੰਗਤ ਸਿੰਘ ਨੂੰ ਦੇ ਕੇ ਆਪਣਾ ਰੂਪ ਬਖਸ ਦਿੱਤਾ। ਗਿ. ਗਿਆਨ ਸਿੰਘ-ਤਵਾਰੀਖ ਗੁਰੂ ਖਾਲਸਾ ਦੇ ਪੰਨਾ 1016 ’ਤੇ ਲਿਖਦੇ ਹਨ ਕਿ ਭਾਈ ਸੰਗਤ ਸਿੰਘ ਜੋ ਐਨ-ਹੂ-ਬ-ਹੂ ਗੁਰੂ ਕੇ ਸਰੂਪ ਵਾਲਾ ਸੀ, ਨੂੰ ਆਪਣੀ ਜਗਾ ’ਤੇ ਬਿਠਾ ਕੇ ਆਪਣਾ ਸਾਰਾ ਪੁਸਾਕਾ ਜ੍ਹਿਗਾ ਕਲਗੀ ਸਮੇਤ ਪਹਿਨਾ ਦਿੱਤਾ ਅਤੇ ਅਰਦਾਸਾ ਸੋਧਿਆਂ ਕਿਹਾ ਕਿ ਮੈਂ ਅੱਜ ਤੋਂ ਖਾਲਸੇ ਨੂੰ ਗੁਰਿਆਈ ਦੀ ਪਦਵੀ ਦਿੱਤੀ। ਗਿ. ਸੋਹਨ ਸਿੰਘ ਸੀਤਲ-ਗੁਰ ਇਤਿਹਾਸ ਦਸ ਪਾਤਸਾਹੀਆਂ ਸਫਾ 349 ’ਤੇ, ਭਾਈ ਸੰਗਤ ਸਿੰਘ ਜੀ ਦੇ ਸੀਸ ’ਤੇ ਕਲਗੀ ਸਜਾ ਕੇ ਆਪਣਾ ਪੌਸਾਕਾ ਪਹਿਨਾ ਕੇ ਸਿੰਘਾਸਨ ’ਤੇ ਬਿਠਾ ਦਿੱਤਾ। ਪਿ੍ਰੰ. ਸਤਬੀਰ ਸਿੰਘ-ਸਿੱਖ ਇਤਿਹਾਸ ਭਾਗ ਪਹਿਲਾ ਦੇ ਸਫਾ 349 ’ਤੇ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਦਾ ਹੁਕਮ ਮੰਨ ਕੇ ਗੜੀ ਛੱਡਣਾ ਪਰਵਾਨ ਕਰ ਲਿਆ ਅਤੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਕਿਲ੍ਹਾ ਛੱਡਣ ਦੀ ਤਿਆਰੀ ਕਰ ਲਈ। ਪ੍ਰੋ. ਹਰਿੰਦਰ ਸਿੰਘ ਮਹਿਬੂਬ-ਸਹਿਜੇ ਰਚਿਓ ਖਾਲਸਾ ਦੇ ਸਫਾ 410 ’ਤੇ ਵੀ ਕਲਗੀ ਸੰਗਤ ਸਿੰਘ ਦੇ ਸੀਸ ’ਤੇ ਸਜਾਉਣ ਬਾਰੇ ਲਿਖਦੇ ਹਨ। ਡਾ. ਅਨੂਪ ਸਿੰਘ-ਦਾਰਸਨਿਕ ਯੋਧਾ ਗੁਰੂ ਗੋਬਿੰਦ ਸਿੰਘ ਦੇ ਸਫਾ 196 ’ਤੇ ਲਿਖਦੇ ਹਨ ਕਿ ਭਾਈ ਸੰਗਤ ਸਿੰਘ ਦੀ ਸਕਲ ਸੂਰਤ ਤੇ ਕੱਦ ਗੁਰੂ ਜੀ ਨਾਲ ਰਲਦਾ ਮਿਲਦਾ ਸੀ ਇਸ ਲਈ ਉਸ ਨੂੰ ਕਲਗੀ ਸਜਾਈ ਅਤੇ ਗੜ੍ਹੀ ਵਿਚਲੇ ਸਿੰਘਾਂ ਨੂੰ ਆਦੇਸ ਦਿੱਤਾ ਕਿ ਸਾਡੇ ਨਿਕਲਣ ਸਮੇ ਨਗਾਰਾ ਵਜਾਉਂਦੇ ਰਹਿਣਾ ਅਤੇ ਦੁਸਮਣਾ ਵੱਲੋਂ ਕੀਤੇ ਜਾਂਦੇ ਵਾਰਾਂ ਦਾ ਮੂੰਹ ਤੋੜ ਜੁਆਬ ਦਿੰਦੇ ਰਹਿਣਾ ਤਾਂ ਜੋ ਦੁਸਮਣਾ ਨੂੰ ਗੜੀ ਵਿੱਚ ਬਹੁਤੇ ਸਿੰਘ ਹੋਣ ਦਾ ਭੁਲੇਖਾ ਬਣਿਆ ਰਹੇ। ਗਿ. ਗੁਰਚਰਨ ਸਿੰਘ ਜੀਵਨ ਕਥਾ ਗੁਰੂ ਗੋਬਿੰਦ ਸਿੰਘ ਜੀ ਸਫਾ 101 ’ਤੇ ਲਿਖਦੇ ਹਨ ਕਿ ਗੁਰੂ ਸਾਹਿਬ ਜੀ ਨੇ ਆਪਣੇ ਬਸਤਰ ਤੇ ਜਿਗ੍ਹਾ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਨਾ ਦਿੱਤੀ, ਆਦਿ।