ਮੰਜ਼ਲ ਸਰ ਕਰਨ ਵਾਸਤੇ ਕਦਮਾਂ ਦਾ ਸਹੀ ਦਿਸ਼ਾ ’ਚ ਚੱਲਣਾ ਜ਼ਰੂਰੀ ਹੈ !

0
228

ਮੰਜ਼ਲ ਸਰ ਕਰਨ ਵਾਸਤੇ ਕਦਮਾਂ ਦਾ ਸਹੀ ਦਿਸ਼ਾ ’ਚ ਚੱਲਣਾ ਜ਼ਰੂਰੀ ਹੈ !

ਸੁਰਜੀਤ ਸਿੰਘ

ਮੈਨੂੰ ਕੈਨੇਡਾ ਆਏ ਨੂੰ 15 ਸਾਲ ਹੋ ਚੁਕੇ ਸੀ ਤੇ ਮੈਂ ਕੋਲੇ ਦੀ ਮਾਈਨ ਚ ਕੰਮ ਤੇ ਲਗਿਆ ਹੋਇਆ ਸੀ । ਮੈਨੂੰ ਇੱਥੋਂ ਦੀ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ ਸੀ ਕਿ ਪੈਸੇ ਨੂੰ ਕਿੱਥੇ Invest ਕਰਨਾ ਤੇ ਕਿਵੇਂ ਪੈਸੇ ਜੋੜਦੇ ਹਨ । ਬਸ ਕੰਮ ਕਰੀ ਜਾਣਾ ਤੇ ਜੋ ਚਾਰ ਪੈਸੇ ਹੋਣੇ ਉਹ ਬੈਂਕ ਵਿਚ ਰੱਖ ਦੇਣੇ । ਇਕ ਦਿਨ ਕੰਮ ’ਤੇ ਇਕ ਬਾਣੀਆਂ ਮਿਲ ਗਿਆ ਤੇ ਉਹ ਕਹਿੰਦਾ ਜੇ ਸਟਾਕ ’ਤੇ ਫੰਡ ਵਗੈਰਾ ਖਰੀਦ ਲਉ ਤਾਂ ਉਹਦੇ ’ਚ ਪੈਸੇ ਬਹੁਤੇ ਬਣ ਜਾਂਦੇ ਐ !  ਮੈ ਸਾਰੇ ਪੈਸੇ ਕਢਾ ਕੇ ਫੰਡ ਖਰੀਦ ਲਏ ।  ਦੋ ਚਾਰ ਮਹੀਨੇ ਬਾਅਦ ਸਟਾਕ ਮਾਰਕੀਟ ਕਰੈਸ਼ ਹੋ ਗਈ ਤੇ ਲੱਖਾਂ ਲੋਕਾਂ ਦੇ ਨਾਲ ਨਾਲ ਮੇਰਾ ਵੀ ਸਾਰਾ ਕੁਝ ਰੁੜ ਗਿਆ ।  ਪੈਸਾ ਪੈਸਾ ਕਰਕੇ ਜੋੜਿਆ ਜਦੋਂ ਰੁੜਦਾ ਤਾਂ ਮਨ ’ਚ ਦੁੱਖ ਲਗਦਾ ।  ਮੇਰਾ ਵੀ ਕੰਮ ’ਤੇ ਜਾਣ ਨੂੰ ਜੀਅ ਨ ਕਰਿਆ ਕਰੇ ਤੇ ਨਾ ਹੀ ਪਾਠ ’ਚ ਮਨ ਲੱਗੇ ।  ਹੋਰ ਵੀ ਬਹੁਤ ਸਨ ਜੋ ਮੇਰੇ ਵਾਂਗ ਦੁਖੀ ਸੀ ।
ਕੀ ਰੇਡੀਉ, ਪੇਪਰਾਂ, ਟੀਵੀ ’ਤੇ ਲੋਕਾਂ ਨੂੰ ਧਰਵਾਸ ਦਿੱਤੇ ਜਾ ਰਹੇ ਸੀ ਕਿ ਸਬਰ ਕਰੋ ਫੇਰ ਮੁੜ ਆਉਣਗੇ ਪਰ ਜਿਹਦੇ ਸਿਰ ਪੈਂਦੀ ਉਹਨੂੰ ਕਿੱਥੋਂ ਚੈਨ ਆਵੇ ??
ਇਕ ਦਿਨ ਮੈਂ ਡਾਕਟਰ ਦੇ ਗਿਆ ਤੇ ਉੱਥੇ ਮੈਗਜ਼ੀਨ ’ਚ ਇਕ ਗੋਰੇ ਦੀ ਲਿਖਤ ਪੜੀ ਜਿਸ ਨੇ ਮੇਰੇ ਨਾਲ਼ੋਂ ਹਜ਼ਾਰ ਗੁਣਾਂ ਵੱਧ ਨੁਕਸਾਨ ਕਰਾਇਆ ਹੋਣਾ । ਉਹ ਲਿਖਦਾ ਕਿ ਉਹ ਬਹੁਤ ਦੁਖੀ ਸੀ ਤੇ ਨੀਂਦ ਨਾ ਆਵੇ ਤੇ ਉਹ ਮੂੰਹ ਹਨੇਰੇ ਉਠ ਕੇ ਬਾਹਰ ਮਰਨ ਲਈ ਚਲੇ ਗਿਆ । ਕਹਿੰਦਾ ਮੈਂ ਕੀ ਦੇਖਿਆ ਕਿ ਅਸਮਾਨ ’ਚ ਚੰਦ ਤੇ ਤਾਰੇ ਉਵੇਂ ਚਮਕ ਰਹੇ ਸੀ । ਜਿਉਂ ਜਿਉਂ ਦਿਨ ਚੜਦਾ ਆਇਆ ਪੰਛੀ ਆਲਣਿਆਂ ’ਚੋਂ ਚੋਗਾ ਚੁਗਣ ਲਈ ਬਾਹਰ ਅਸਮਾਨ ’ਚ ਉਡਾਰੀਆਂ ਮਾਰਨ ਲੱਗ ਪਏ । ਜਿਵੇਂ ਕੁਦਰਤ ਕੋਈ ਇਲਾਹੀ ਗੀਤ ਗਾ ਰਹੀ ਸੀ ।
ਲੋਕੀਂ ਹਥਾਂ ’ਚ ਕੌਫੀ ਦਾ ਕੱਪ ਫੜੀ ਉਵੇਂ ਹਰ ਰੋਜ਼ ਦੀ ਤਰਾਂ ਕੰਮਾਂ ਤੇ ਜਾ ਰਹੇ ਸੀ । ਨਿੱਕੇ ਨਿੱਕੇ ਨਿਆਣੇ ਹੱਸਦੇ ਖੇਡਦੇ ਸਕੂਲ ਨੂੰ ਭੱਜੇ ਜਾ ਰਹੇ ਸੀ । ਹਰ ਕੋਈ ਉਵੇਂ ਜ਼ਿੰਦਗੀ ਨੂੰ ਮਾਣਦਾ ਜੀਅ ਰਿਹਾ ਸੀ ।  ਕੁਝ ਵੀ ਤੇ ਨਹੀਂ ਸੀ ਬਦਲਿਆ ?  ਜੇ ਬਦਲਿਆ ਤਾਂ ਮੇਰਾ ਮਨ ਸੀ 
ਉਹ ਲਿਖਦਾ ਮੈਨੂੰ ਇਹ ਸਾਰਾ ਕੁਝ ਦੇਖ ਕੇ ਦੁਬਾਰਾ ਜ਼ਿੰਦਗੀ ਨਾਲ ਪਿਆਰ ਹੋ ਗਿਆ ਕਿ ਮੈਂ ਕਿਹੜੀ ਗੱਲ ਪਿੱਛੇ ਇੰਨਾ ਦੁਖੀ ਹੋ ਰਿਹਾਂ ? ਮੈਂ ਹੋਰ ਕਮਾ ਲਵਾਂਗਾ ।
ਸੱਚ ਹੀ ਜਿਵੇਂ ਜਿਵੇਂ ਮੈ ਉਹਨੂੰ ਪੜਦਾ ਗਿਆ ਜਿਵੇਂ ਮੈਨੂੰ ਕੋਈ ਬ੍ਰਹਮ ਦਾ ਗਿਆਨ ਦੇ ਰਿਹਾ ਹੋਵੇ । ਮੈਂ ਜਦੋਂ ਸਾਰਾ ਪੜ ਕੇ ਉਠਿਆ ਤਾਂ ਮੇਰਾ ਸਰੀਰ ਹਲਕਾ ਫੁੱਲ ਸੀ । ਮੇਰੇ ਮਨ ਤੋਂ ਮਣਾਂ ਮੂੰਹੀ ਭਾਰ ਲਹਿ ਗਿਆ ਸੀ । ਮੇਰੀ ਜ਼ਿੰਦਗੀ ’ਚ ਇਕ ਵਾਰ ਨਹੀਂ ਤਿੰਨ ਵਾਰੀ ਮੈਂ ਨੁਕਸਾਨ ਖਾ ਚੁਕਾਂ ਤੇ ਉਹ ਵੀ ਸਾਰਾ ਕੁਝ ਗੁਆ ਕੇ । ਜਦੋਂ ਕਦੀ ਘਰ ਵਾਲੀ ਨਾਲ ਗੱਲ ਕਰਦਾਂ ਉਹ ਕਹਿ ਦਿੰਦੀ ਹੈ ਸ਼ੁਕਰ ’ਚ ਰਿਹਾ ਕਰੋ ।  ਤੁਹਾਡੇ ਨਿਆਣੇ ਵਿਆਹੇ ਗਏ । ਦੋ ਟਾਈਮ ਰੋਟੀ ਮਿਲੀ ਜਾਂਦੀ ਹੈ ।  ਹੋਰ ਕੀ ਚਾਹੀਦਾ ??  ਜਦੋਂ ਕਦੀ ਵੀ ਕੋਈ ਨੁਕਸਾਨ ਹੋਵੇ ਤਾਂ ਮੈਨੂੰ ਉਸ ਗੋਰੇ ਦੀ ਗੱਲ ਯਾਦ ਆ ਜਾਂਦੀ ਹੈ ਕਿ ਸਵੇਰੇ ਉਠ ਕੇ ਬਾਹਰ ਤੁਰਨ ਜਾਉ ਦੇਖੋ ਕੁਦਰਤ ਤੁਹਾਡੇ ਵਾਸਤੇ ਨਵਾਂ ਦਿਨ ਲੈ ਕੇ ਆਈ ਹੈ । ਇਹਨੂੰ ਆਪਦੀ ਝੋਲੀ ’ਚ ਪਾਉ ਤੇ ਕੁਦਰਤ ਨਾਲ ਜੁੜ ਕੇ ਰੱਜ ਕੇ ਆਨੰਦ ’ਚ ਜੀਉ !! ਜੇ ਕਦਮ ਸਹੀ ਹਨ ਤਾਂ ਮੰਜ਼ਲ ’ਤੇ ਅੱਜ ਨਹੀਂ ਤਾਂ ਕਲ ਪਹੁੰਚ ਜਾਵਾਂਗੇ ।
11 ਮਾਰਚ ਆ ਰਹੀ ਹੈ । ਬਹੁਤ ਨੇ ਜਿਨਾਂ ਨੇ ਸਟਾ ਲਾਇਆ ਹੋਇਆ ਪੈਸੇ ਦਾ ਨਹੀਂ ਆਸਾਂ ਦਾ । ਵੋਟਾਂ ਵਿੱਚ ਸਾਰੇ ਕਦੀ ਨਹੀਂ ਜਿੱਤਦੇ ! ਬਹੁਤ ਨੇ ਜਿਨਾਂ ਨੇ ਹਾਰਨਾ ਤੇ ਬਹੁਤਿਆਂ ਦੀਆਂ ਆਸਾਂ ਤੇ ਸੁਪਨੇ ਟੁੱਟਣਗੇ !  ਉਸ ਦਿਨ ਗੋਰੇ ਦੀ ਗੱਲ ਯਾਦ ਰੱਖਿਓ ਕਿ ਹਰ ਰੋਜ਼ ਨਵਾਂ ਦਿਨ ਚੜਦਾ ਤੇ ਨਵੀਂ ਉਮੰਗ ਲੈ ਕੇ ਆਉਦਾ !  ਜਿੱਤ ਦਾ ਹੰਕਾਰ ਨ ਕਰਿਉ ਤੇ ਦੁਜਿਆਂ ਨੂੰ ਗਲੇ ਲਾਇਓ !  ਜੋ ਹਾਰ ਗਏ ਉਨਾਂ ਨੂੰ ਇੰਨਾ ਕੁ ਯਾਦ ਰੱਖ ਲੈਣਾ ਚਾਹੀਦਾ ਕਿ ਇਹ ਸਦੀਵੀ ਰਾਜ ਨਹੀਂ !  ਹਰ ਚੌਥੇ ਪੰਜਵੇਂ ਸਾਲ ਵੋਟਾਂ ਫੇਰ ਆਣ ਖੜਨੀਆਂ ! ਜੋ ਗਲਤੀਆਂ ਹੋਈਆਂ ਉਹ ਸੁਧਾਰੋ । ਆਪਦੀ ਪਾਰਟੀ ਨੂੰ ਲੋਕ ਭਲਾਈ ਲਈ ਹੋਰ ਮਜ਼ਬੂਤ ਕਰੋ । ਨਿਰਾਸ਼ ਹੋ ਕੇ ਨਸ਼ਿਆਂ ਵੱਲ ਨੂੰ ਨਾ ਮੂੰਹ ਕਰ ਲਿਓ ਜਾਂ ਆਪਸ ਵਿੱਚ ਭਿੜਨ ਨਾ ਲੱਗ ਪਿਉ । ਮੰਜ਼ਲ ਸਰ ਕਰਨ ਵਾਸਤੇ ਕਦਮਾਂ ਦਾ ਸਹੀ ਦਿਸ਼ਾ ’ਚ ਚੱਲਣਾ ਜ਼ਰੂਰੀ ਹੈ !