ਮਿੱਟੀ ਬਣ ਜਾਹ
ਸ. ਬਲਵਿੰਦਰ ਸਿੰਘ ਖਾਲਸਾ, ਮੌੜ (ਬਠਿੰਡਾ)-97802-64599
ਇੱਕ ਵਾਰ ਦੀ ਗੱਲ ਹੈ ਕਿ ਇਕ ਮਹਾਤਮਾ ਨੇ ਕਿਸੇ ਬੰਦੇ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਵਰ ਦੇ ਦਿੱਤਾ ਕਿ 48 ਘੰਟਿਆਂ ਵਿਚ-ਵਿਚ ਤੇਰੇ ਮੂੰਹੋਂ ਨਿਕਲੀ ਕੋਈ ਇੱਕ ਗੱਲ ਸੱਚ ਹੋ ਜਾਵੇਗੀ। ਜੋ ਤੂੰ ਕਹੇਂਗਾ ਉਹੀ ਹੋ ਜਾਵੇਗਾ। ਜੇ ਤੂੰ ਕਿਸੇ ਨੂੰ ਕਹੇਂਗਾ ਮਰ ਜਾਹ ਤਾਂ ਉਹ ਮਰ ਜਾਵੇਗਾ ਅਤੇ ਜੇ ਕਿਸੇ ਨੂੰ ਕਹੇਂਗਾ ਜਿੳੂਂਦਾ ਹੋ ਜਾਹ ਤਾਂ ਉਹ ਜਿੳੂਂਦਾ ਹੋ ਜਾਵੇਗਾ ਪਰ ਸੱਚਾ ਕੇਵਲ ਇੱਕ ਵਚਨ ਹੀ ਹੋਵੇਗਾ।
ਵਰ ਮਿਲਣ ਤੋਂ ਬਾਅਦ ਉਸ ਬੰਦੇ ਨੇ ਸੋਚਿਆ ਕਿ 48 ਘੰਟਿਆਂ ਦੇ ਵਿਚ ਪਤਾ ਨਹੀਂ ਕਿਹੜੀ ਗੱਲ ਮੇਰੇ ਮੂੰਹੋਂ ਨਿਕਲੀ ਸੱਚ ਹੋ ਜਾਵੇ! ਹੋ ਸਕਦਾ ਹੈ, ਗੁੱਸੇ ਵਿੱਚ ਕਿਸੇ ਆਪਣੇ ਪਿਆਰੇ ਨੂੰ ਹੀ ‘ਮਰ ਜਾਹ’, ਕਿਹਾ ਜਾਵੇ। ਬੰਦਾ ਬਹੁਤ ਲਾਲਚੀ ਸੀ ਉਸ ਨੂੰ ਇਕ ਤਰਕੀਬ ਸੁੱਝੀ ਜਿਸ ਨਾਲ ਉਹ ਕਿਸੇ ਦੇ ਮੱਥੇ ਲੱਗਣੋ ਵੀ ਬਚ ਸਕਦਾ ਸੀ ਅਤੇ ਅਮੀਰ ਵੀ ਹੋ ਸਕਦਾ ਸੀ। ਉਸ ਨੇ ਆਪਣੇ ਘਰ ਅੰਦਰ ਇੱਕ ਕਮਰੇ ’ਚ ਸਾਰਾ ਸਮਾਨ (ਭਾਂਡੇ, ਲੋਹਾ ਆਦਿ) ਇਕੱਠਾ ਕਰ ਲਿਆ ਅਤੇ ਕੋਲ ਬੈਠ ਕੇ ਲਗਾਤਾਰ ਬੋਲਣ ਲੱਗ ਪਿਆ ਕਿ ‘ਬਣ ਜਾਹ ਸੋਨਾ, ਬਣ ਜਾਹ ਸੋਨਾ।’ ਇਸ ਤਰ੍ਹਾਂ ਉਹ ਦੋ ਦਿਨ ਤੇ ਦੋ ਰਾਤਾਂ ਬੋਲਦਾ ਰਿਹਾ ਕਿਉਂਕਿ ਉਸ ਨੂੰ ਮਹਾਤਮਾ ਦੀ ਗੱਲ ’ਤੇ ਪੂਰਨ ਯਕੀਨ ਸੀ ਕਿ 48 ਘੰਟਿਆਂ ਵਿਚ ਮੇਰੇ ਮੂੰਹੋਂ ਨਿਕਲੀ ਇਕ ਗੱਲ ਜ਼ਰੂਰ ਸੱਚੀ ਹੋਵੇਗੀ ਅਤੇ ਇਸ ਸਾਰੇ ਸਮਾਨ ਦਾ ਸੋਨਾ ਬਣ ਜਾਵੇਗਾ, ਮੈਂ ਅਮੀਰ ਹੋ ਜਾਵਾਂਗਾ ਪਰ ਉਸ ਬੰਦੇ ਵਿੱਚ ਅਖੀਰ ਸਹਿਣਸ਼ੀਲਤਾ ਖ਼ਤਮ ਹੋ ਗਈ ਅਤੇ ਉਹ ਬੋਲਦਾ-2 ਅੱਕ ਗਿਆ। 48 ਘੰਟੇ ਹੋਣ ਵਿੱਚ ਵੀ ਕੁਝ ਕੁ ਸਮਾ ਹੀ ਬਚਿਆ ਸੀ ਪਰ ਉਸ ਦੇ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਸੀ, ਗੁੱਸੇ ਵਿਚ ਆ ਕੇ ਕਹਿੰਦਾ ਕਿ ‘ਜੇ ਸੋਨਾ ਨਹੀਂ ਬਣਨਾ ਤਾਂ ਫਿਰ ਮਿੱਟੀ ਹੀ ਬਣ ਜਾਹ’, ਬੱਸ ਉਸ ਦੇ ਇਨ੍ਹਾ ਕਹਿਣ ਦੀ ਦੇਰ ਸੀ ਕਿ ਮਹਾਤਮਾ ਦਾ ਵਰ ਪੂਰਾ ਹੋ ਗਿਆ ਭਾਵ ਉਸ ਬੰਦੇ ਦਾ‘ਮਿੱਟੀ ਬਣ ਜਾਹ’ ਵਾਲਾ ਬਚਨ ਪੂਰਾ ਅਤੇ ਸੱਚ ਹੋ ਗਿਆ, ਘਰ ਦਾ ਸਾਰਾ ਸਮਾਨ ਹੀ ਮਿੱਟੀ ਬਣ ਗਿਆ। ਜੇ ਥੋੜਾ ਜਿਹਾ ਹੋਰ ਸਬਰ ਕਰ ਲੈਂਦਾ ਤਾਂ ਸਾਰੇ ਸਮਾਨ ਦਾ ਸੋਨਾ ਬਣਨ ਕਾਰਨ ਉਸ ਬੰਦੇ ਨੇ ਬਹੁਤ ਹੀ ਅਮੀਰ ਹੋ ਜਾਣਾ ਸੀ।
ਸੋ, ਇਹ (ਉਪਰੋਕਤ) ਇਕ ਉਦਾਹਰਨ ਦੇ ਤੌਰ ’ਤੇ ਵਰਤੀ ਜਾਣ ਵਾਲੀ ਦੰਦ ਕਥਾ ਸੀ। ਅਸਲ ਵਿਚ ਵਰ-ਸਰਾਪ ਕੁਝ ਵੀ ਨਹੀਂ ਹੁੰਦੇ ਅਤੇ ਨਾ ਹੀ ਕਿਸੇ ਦੇ ਕਹਿਣ ਨਾਲ ਸੋਨੇ ਤੋਂ ਮਿੱਟੀ ਜਾਂ ਮਿੱਟੀ ਤੋਂ ਸੋਨਾ ਬਣ ਸਕਦਾ ਹੈ ਪਰ ਮੈਂ ਤਾਂ ਇਸ ਉਦਾਹਰਨ ਦੀ ਰਾਹੀਂ ਭਾਈ ਗੁਰਬਖਸ ਸਿੰਘ ਖਾਲਸਾ ਜੀ ਬਾਰੇ ਗੱਲ ਕਰਨਾ ਚਾਹੁੰਦਾ ਹਾਂ, ਜੋ ਕਿ ਜੇਲਾਂ ਵਿਚ ਸਜਾ ਪੂਰੀ ਕਰ ਚੁੱਕੇ ਤਮਾਮ ਸਿੱਖ ਕੈਦੀਆਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਸਨ। ਇੱਕ ਮਹੀਨੇ ਦੀ ਭੁੱਖ ਹੜਤਾਲ ਤੋਂ ਉਪਰੰਤ ਵੀ ਪੰਜਾਬ ਸਰਕਾਰ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਨਾਂ ’ਤੇ ਜੂੰਅ ਤੱਕ ਨਹੀਂ ਸਰਕੀ ਪਰ ਅਖੀਰ ਜਦੋਂ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤਾਂ ਉਦੋਂ ਭਾਈ ਸਾਹਿਬ ਜੀ ਨੇ ਉਸ ਬੰਦੇ ਵਾਂਗ ਕਹਿ ਦਿੱਤਾ ਕਿ ‘ਮਿੱਟੀ ਬਣ ਜਾਹ’।
ਭਾਈ ਖਾਲਸਾ ਜੀ ਨੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ। ਜਿਨ੍ਹਾਂ ਲੋਕਾਂ ਦੀਆਂ ਨਜ਼ਰਾਂ ਵਿੱਚ ਭਾਈ ਸਾਹਿਬ ‘ਹੀਰੋ’ ਬਣ ਚੁੱਕਾ ਸੀ ਉਨ੍ਹਾਂ ਲੋਕਾਂ ਨੇ ਭਾਈ ਸਾਹਿਬ ਨੂੰ ‘ਜੀਰੋ’ ਕਹਿਣਾ ਸ਼ੁਰੂ ਕਰ ਦਿੱਤਾ। ਜਿੰਨੇ ਮੂੰਹ ਉਨੀਆਂ ਗੱਲਾਂ। ਕੋਈ ਕਹਿੰਦਾ ਕਿ ਜੇਕਰ ਮਿੱਟੀ ਬਣੀ ਹੈ ਤਾਂ ਸਿੱਖ ਕੌਮ ਦੀ ਬਣੀ ਹੈ, ਹੋ ਸਕਦਾ ਹੈ ਕਿ ਭਾਈ ਸਾਹਿਬ ਜੀ ਦਾ ਤਾਂ ਸੋਨਾ ਬਣ ਗਿਆ ਹੋਵੇ, ਕੋਈ ਕਹਿੰਦਾ ਹੈ ਕਿ ਭਾਈ ਸਾਹਿਬ ਨੇ ਤਾਂ ਦੁਨੀਆਂ ਵਿੱਚ ਆਪਣੀ ਮਸ਼ਹੂਰੀ ਅਤੇ ਪਹਿਚਾਣ ਬਣਾਉਣ ਲਈ ਹੀ ਭੁੱਖ ਹੜਤਾਲ ਕੀਤੀ ਸੀ, ਕੋਈ ਕਹਿੰਦੈ ਭਾਈ ਸਾਹਿਬ ਵਿਕ ਗਿਆ ਹੋਣੈ ਅਤੇ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਬਹਾਨਾ ਹੀ ਲਭਦਾ ਸੀ, ਜੇਕਰ 40-42 ਦਿਨਾਂ ਦੀ ਭੁੱਖ ਕੱਟ ਲਈ ਸੀ ਤਾਂ ਇਕ-ਦੋ ਦਿਨ ਹੋਰ ਔਖੇ-ਸੌਖੇ ਕੱਟ ਲਏ ਜਾਂਦੇ ਤਾਂ ‘ਸੋਨਾ ਬਣ ਜਾਹ’ ਵਾਲਾ ਵਾਕ ਪੂਰਾ ਹੋ ਜਾਣਾ ਸੀ ਭਾਵ ਸਾਰਾ ਮਸਲਾ ਹੀ ਹੱਲ ਹੋ ਜਾਣਾ ਸੀ।
ਲੋਕ ਭਾਵੇਂ ਕੁਝ ਵੀ ਕਹਿਣ, ਉਨ੍ਹਾਂ ਤਮਾਮ ਗੱਲਾਂ ਬਾਰੇ ਤਾਂ ਮੈਂ ਦਾਅਵੇ ਨਾਲ ਕੁਝ ਵੀ ਨਹੀਂ ਕਹਿ ਸਕਦਾ ਪਰ ਮੈਂ ਐਨ੍ਹਾ ਜ਼ਰੂਰ ਕਹਾਂਗਾ ਕਿ ਜਦੋਂ ਵੱਡੇ-ਵੱਡੇ ਜਥੇਦਾਰ ਭਾਈ ਖਾਲਸਾ ਜੀ ਕੋਲ ਗਏ ਤਾਂ ਭਾਈ ਸਾਹਿਬ ਆਪਾ ਭੁੱਲ ਬੈਠੇ ਕਿ ਐਨੇ ਵੱਡੇ ਲੋਕ ਆ ਕੇ ਭੁੱਖ ਹੜਤਾਲ ਖਤਮ ਕਰਨ ਲਈ ਮੇਰੀਆਂ ਮਿੰਨਤਾਂ ਕਰ ਰਹੇ ਹਨ ਤਾਂ ਭਾਈ ਖਾਲਸਾ ਬਿਨਾ ਕਿਸੇ ਦੀ ਸਲਾਹ ਲਏ ਹੀ ਝੱਟ ਮੰਨ ਗਏ।
ਇਸ ਤਰ੍ਹਾਂ ਹੀ ਕਿਸਾਨ ਯੂਨੀਅਨ ਦਾ ਇਕ ਵੱਡਾ ਆਗੂ ਵੀ ਪੰਜਾਬ ’ਚ ਇੱਕ ਵਾਰੀ ਮਰਨ ਬਰਤ ’ਤੇ ਬੈਠਾ ਸੀ ਪਰ ਜਦੋਂ ਬਾਦਲ ਸਾਹਿਬ ਨੇ ਆ ਕੇ ਜੂਸ ਪਿਲਾਇਆ ਤਾਂ ਝੱਟ ਮੰਨ ਗਿਆ ਸੀ। ਭਾਈ ਖਾਲਸਾ ਜੀ ਨੇ ਬਰਤ ਛੱਡਿਆ ਵੀ ਤਾਂ ਕਿਨ੍ਹਾਂ ’ਤੇ ਭਰੋਸਾ ਕਰਕੇ? ਜਿਨ੍ਹਾਂ ਨੇ ਅੱਜ ਤੱਕ ਕੌਮ ਦਾ ਸਵਾਰਿਆ ਹੀ ਕੁਝ ਨਹੀਂ, ਸਿਰਫ ਮਾਇਆ ਹੀ ਇਕੱਠੀ ਕੀਤੀ ਹੈ। ਭਾਈ ਗੁਰਬਖ਼ਸ ਸਿੰਘ ਖਾਲਸਾ ਜੀ ਨੇ ਹੁਣ ਦੁਬਾਰਾ ਫਿਰ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਪਰ ਇਸ ਵਾਰ ਵੀ, ਫਿਰ ਪਹਿਲਾਂ ਦੀ ਤਰ੍ਹਾਂ ਬਿਨਾ ਸ਼ਰਤਾਂ ਮੰਨੇ ਭੁੱਖ ਹੜਤਾਲ ਖਤਮ ਕਰ ਦਿੱਤਾ।
ਆਜੜੀ ਅਤੇ ਬਘਿਆੜ ਵਾਲੀ ਕਹਾਣੀ ਵਾਂਗ ਵਾਰ-ਵਾਰ ਬਘਿਆੜ ਆਉਣ ਵਾਲਾ ਝੂਠ ਬੋਲਣ ਨਾਲ ਲੋਕਾਂ ਦਾ ਭਰੋਸਾ ਖਤਮ ਹੋ ਜਾਂਦਾ ਹੈ, ਬਘਿਆੜ ਤੋਂ ਬਚਾਉਣ ਵਾਸਤੇ ਮਦਦ ਕਰਨ ਲਈ ਫਿਰ ਕੋਈ ਵੀ ਨਹੀਂ ਆਉਂਦਾ ਅਤੇ ਬਘਿਆੜ, ਇਕ ਦਿਨ ਸੱਚ-ਮੁੱਚ ਹੀ ਵਾਰ-ਵਾਰ ਦੇ ਝੂਠ ਨੂੰ ਸੱਚ ’ਚ ਬਦਲ ਦਿੰਦਾ ਹੈ ਭਾਵ ਖਾ ਜਾਂਦਾ ਹੈ। ਸਿਆਣੇ ਕਹਿੰਦੇ ਹਨ ਕਿ ਫੋਕੀਆਂ ਫੜਾਂ ਅਤੇ ਧਮਕੀਆਂ ਦੇਣ ਨਾਲ ਆਪਣੀ ਪੋਲ ਖੁਲ ਜਾਂਦੀ ਹੈ ਅਤੇ ਸਾਹਮਣੇ ਵਾਲੇ ਦਾ ਡਰ ਚੁੱਕਿਆ ਜਾਂਦਾ ਹੈ। ਭਾਈ ਖਾਲਸਾ ਜੀ ਵਾਂਗ ਕਰਨ ਵਾਲਿਆਂ ਪ੍ਰਤੀ, ਆਮ ਲੋਕਾਂ ਦਾ ਸਹਿਯੋਗ, ਹਰਮਨ ਪਿਆਰਤਾ ਅਤੇ ਸਤਿਕਾਰ ਖਤਮ ਹੋ ਜਾਂਦਾ ਹੈ। ਜੋ ਕਿ ਮੈਂ ਆਪਣੇ ਅੱਖੀਂ ਵੇਖਿਆ ਅਤੇ ਕੰਨੀਂ ਸੁਣਿਆ ਹੈ। ਜਦੋਂ ਭਾਈ ਸਾਹਿਬ ਨੇ ਪਹਿਲੀ ਵਾਰ, ਵਾਲੀ ਭੁੱਖ ਹੜਤਾਲ ਖਤਮ ਕੀਤੀ ਸੀ ਤਾਂ ਉਸ ਸਮੇਂ ਜਿਹੜੇ ਲੋਕ ਭਾਈ ਖਾਲਸਾ ਜੀ ਉੱਤੇ ਮਾਣ ਕਰਦੇ ਸੀ, ਉਨ੍ਹਾਂ ਕੋਲ ਜਾ ਕੇ ਮਿਲਦੇ ਅਤੇ ਹੌਂਸਲਾ ਵਧਾਈ ਕਰਕੇ ਆਏ ਸਨ ਉਹੀ ਲੋਕ ਮੈਂ ਭਾਈ ਖਾਲਸਾ ਜੀ ਨੂੰ ਗਾਲ੍ਹਾਂ ਕੱਢਦੇ ਸੁਣੇ ਹਨ। ਭੁੱਖ ਹੜਤਾਲ ਦੇ ਅਸਲ ਅਰਥ ਹੀ ਮਰਨ-ਬਰਤ ਹੁੰਦਾ ਹੈ।
ਮੰਨ ਲਓ, ਜੇ ਸਰਕਾਰ ਬਿਲਕੁਲ ਹੀ ਨਾ ਮੰਨਦੀ ਅਤੇ ਭਾਈ ਸਾਹਿਬ ਸ਼ਹੀਦ ਹੋ ਜਾਂਦੇ ਤਾਂ ਕੌਮ ਵਾਸਤੇ ਕੁਝ ਕਰ ਜਾਣ, ਦਾ ਇਸ ਤੋਂ ਵਧੀਆ ਮੌਕਾ ਹੋਰ ਕਿਹੜਾ ਹੋ ਸਕਦਾ ਸੀ? ਇਹ ਮੌਕਾ ਕਿਸੇ ਭਾਗਾਂ ਵਾਲੇ ਨੂੰ ਹੀ ਮਿਲਦਾ ਹੈ। ਭਾਈ ਬਲਵੰਤ ਸਿੰਘ ਰਾਜੋਆਣ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਆਦਿ ਵਰਗਿਆਂ ਨੇ ਆਪਣੇ ਕਿਨ੍ਹੇ ਵੱਡੇ ਆਹੁਦੇ ਅਤੇ ਸੁੱਖਾਂ ਨੂੰ ਲੱਤ ਮਾਰ ਦਿੱਤੀ ਸੀ। ਇਸ ਤਰ੍ਹਾਂ ਭਾਈ ਖਾਲਸਾ ਜੀ ਨੂੰ ਵੀ ਕੌਮ ਦਾ ਸਿਰ ਉੱਚਾ ਕਰ ਦੇਣਾ ਚਾਹੀਦਾ ਸੀ, ਪਹਿਲਾਂ ਆਪਣੀ ਸ਼ਰਤ ਪੂਰੀ ਕਰਵਾਉਣੀ ਚਾਹੀਦੀ ਸੀ ਅਤੇ ਇਕ ਸ਼ਰਤ ਇਹ ਵੀ ਰੱਖਣੀ ਜ਼ਰੂਰੀ ਸੀ ਕਿ ਸਿੱਖ ਕੈਦੀਆਂ ਨੂੰ ਰਿਹਾਅ ਕਰਵਾ ਕੇ ਮੈਂ ਉਨ੍ਹਾਂ ਦੇ ਹੱਥੋਂ ਹੀ ਮਰਨ-ਵਰਤ ਖੋਲਾਂਗਾ ਪਰ ਭਾਈ ਸਾਹਿਬ ਜੀ ਨੇ ਮੌਕੇ ’ਤੇ ਆ ਕੇ (ਸੋਨਾ ਬਣਦੇ-ਬਣਦੇ) ‘ਮਿੱਟੀ ਬਣ ਜਾਹ’ ਕਹਿ ਦਿੱਤਾ।
ਕੁਲ ਮਿਲਾ ਕੇ ਪੰਥ ਦਰਦੀਆਂ ਅਤੇ ਭਾਈ ਸਾਹਿਬ ਜੀ ਦੀ ਹਾਰ ਹੀ ਹੋਈ ਹੈ ਕਿਉਂਕਿ ਅੱਗੋਂ ਤੋਂ ਜੋ ਵੀ ਮਰਨ ਬਰਤ ’ਤੇ ਬੈਠੇਗਾ ਤਾਂ ਸਰਕਾਰ ਨੇ ਬਿਲਕੁਲ ਹੀ ਪ੍ਰਵਾਹ ਨਹੀਂ ਕਰਨੀ, ਸਰਕਾਰ ਨੂੰ ਪਤਾ ਲੱਗ ਗਿਆ ਹੈ ਕਿ ਅਖੀਰ ’ਤੇ ਜਾ ਕੇ ਬਿਨਾ ਸ਼ਰਤ ਮੰਨਿਆ ਹੀ ਬਰਤ ਖੁਲਵਾ ਦੇਵਾਂਗੇ ਪਰ ਜੇਕਰ ਭਾਈ ਸਾਹਿਬ ਸ਼ਹੀਦ ਹੋ ਜਾਂਦੇ ਤਾਂ ਸਰਕਾਰ ਕਿਸੇ ਦੇ ਮਰਨ ਬਰਤ ’ਤੇ ਬੈਠਣ ਸਾਰ ਹੀ ਚੌਕੰਨੀ ਹੋ ਜਾਇਆ ਕਰਦੀ ਅਤੇ ਮੰਗਾਂ ਮੰਨ ਲੈਂਦੀ।
ਸ਼ਾਇਦ ਵਾਹਿਗੁਰੂ ਜੀ ਨੂੰ ਵੀ ਇਹੀ ਮਨਜ਼ੂਰ ਸੀ, ਜੋ ਕਿ ਹੋ ਗਿਆ ਹੁਣ ਉਸ ਦੇ ਭਾਣੇ ਵਿਚ ਰਹਿਣਾ ਹੀ ਉਚਿਤ ਹੋਵੇਗਾ।