ਜੇਹਾ ਬੀਜੈ ਸੁ ਲੁਣੈ
ਬੀਬੀ ਮਨਰਾਜ ਕੌਰ-98555-61976
ਪਿਆਰੇ ਬੱਚਿਓ !
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਇਸ ਵਾਰ ਅਸੀਂ ਗੁਰਬਾਣੀ ਦੀ ਇਸ ਤੁਕ ‘‘ਜੇਹਾ ਬੀਜੈ ਸੁ ਲੁਣੈ, ਕਰਮਾ ਸੰਦੜਾ ਖੇਤੁ॥’’ ਦੀ ਵੀਚਾਰ ਕਰਕੇ ਦੇਖਦੇ ਹਾਂ ਕਿ ਅਸੀਂ ਇਸ ਨੂੰ ਜੀਵਨ ਵਿੱਚ ਕਿਵੇਂ ਅਪਣਾਉਂਦੇ ਹਾਂ ਜਾਂ ਫਿਰ ਇਹ ਤੁਕ ਆਪਣੇ ਆਪ ਹੀ ਸਾਡੇ ਜੀਵਨ ਵਿੱਚ ਕਿਵੇਂ ਕੰਮ ਕਰਦੀ ਹੈ। ਇਸ ਤੁਕ ਦਾ ਭਾਵ ਇਹ ਹੈ ਕਿ ਅਸੀਂ ਜੋ ਵੀ ਬੀਜਦੇ ਹਾਂ ਉਹ ਹੀ ਵੱਢਦੇ ਹਾਂ ਅਤੇ ਜੈਸੇ ਵੀ ਕੰਮ ਕਰਦੇ ਹਾਂ, ਉਸੇ ਤਰ੍ਹਾਂ ਦੇ ਫ਼ਲ ਮਿਲਦੇ ਹਨ। ਪੜ੍ਹ-ਸੁਣ ਲੈਣਾ ਬਹੁਤ ਆਸਾਨ ਹੈ ਪਰ ਲਗਾਤਾਰ ਆਪਣੇ ਕੰਮਾਂ ਉਤੇ ਧਿਆਨ ਰੱਖਣਾ ਬੜਾ ਔਖਾ ਹੈ ਪਰ ਜੇ ਅਸੀਂ ਆਪਣੇ ਆਪ ਉੱਤੇ ਧਿਆਨ ਰੱਖਣ ਦਾ ਸੁਭਾਅ ਬਣਾ ਲਈਏ ਤਾਂ ਅਸੀਂ ਜੋ ਵੀ ਸੰਸਾਰ ਨੂੰ ਦੇ ਰਹੇ ਹਾਂ ਉਹ ਦੁਗਣਾ ਚੌਗੁਣਾ ਹੋ ਕੇ ਸਾਨੂੰ ਵਾਪਿਸ ਮਿਲਣਾ ਸ਼ੁਰੂ ਹੋ ਜਾਵੇਗਾ। ਆਉ ਦੇਖਦੇ ਹਾਂ ਕਿਵੇਂ:-
ਸੁੰਦਰ ਸਿੰਘ:-ਨਵੀਨ ਸਿੰਘ ਜੀ! ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਨਵੀਨ ਸਿੰਘ:- ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ। ਵੀਰ ਸੁੰਦਰ ਸਿੰਘ ਜੀ। ਅੱਜ ਕਿਵੇਂ ਆਉਣਾ ਹੋਇਆ? ਬਹੁਤ ਦਿਨਾਂ ਬਾਅਦ ਦਿਖਾਈ ਦਿੱਤੇ ਹੋ? ਕਿੱਥੇ ਹੋ ?
ਸੁੰਦਰ ਸਿੰਘ:-ਕੁਝ ਨਹੀਂ ਵੀਰ ਜੀ। ਬੱਸ ਜ਼ਰਾ ਇਮਤਿਹਾਨਾਂ ਵਿੱਚ ਰੁੱਝਾ ਹੋਇਆ ਸਾਂ। ਇਸ ਕਰਕੇ ਮਿਲਣ ਦਾ ਵਕਤ ਨਹੀਂ ਕੱਢ ਸਕਿਆ।
ਨਵੀਨ ਸਿੰਘ:-ਬਿਲਕੁਲ ਠੀਕ! ਮੈਂ ਵੀ ਪਿਛਲੇ ਕੁਝ ਦਿਨਾਂ ਤੋਂ ਇਸੇ ਕੰਮ ਵਿੱਚ ਲੱਗਾ ਸਾਂ। ਹੋਰ ਸਭ ਕੁਝ ਤਾਂ ਭੁੱਲ ਹੀ ਜਾਂਦਾ ਹੈ, ਪੇਪਰਾਂ ਦੇ ਦਿਨਾਂ ਵਿੱਚ।
ਸੁੰਦਰ ਸਿੰਘ:-ਭੁੱਲ ਤਾਂ ਨਹੀਂ ਜਾਂਦਾ ਪਰ ਵਕਤ ਕੱਢਣਾ ਥੋੜਾ ਔਖਾ ਹੋ ਜਾਂਦਾ ਹੈ।
ਨਵੀਨ ਸਿੰਘ:-ਹਾਂ! ਇਹ ਗੱਲ ਵੀ ਠੀਕ ਹੈ ਕਿ ਯਾਦ ਤਾਂ ਹੋਰ ਸਭ ਕੁਝ ਹੁੰਦਾ ਹੈ ਪਰ ਪੇਪਰ ਜ਼ਰਾ ਪਹਿਲ ਦੇ ਆਧਾਰ ’ਤੇ ਸਾਹਮਣੇ ਆਉਂਦੇ ਹਨ।
ਸੁੰਦਰ ਸਿੰਘ:-ਹਾਂ ਜੀ, ਵੀਰ ਜੀ! ਪੇਪਰਾਂ ਸਾਹਮਣੇ ਹੋਰ ਸਭ ਕੁਝ ਨੂੰ ਅਸੀਂ ਦੂਜੇ ਜਾਂ ਤੀਜੇ ਨੰਬਰ ’ਤੇ ਕਰ ਦਿੰਦੇ ਹਾਂ। ਇੱਥੋਂ ਤੱਕ ਕਿ ਆਪਣੀ ਸਿਹਤ, ਮਾਂ-ਬਾਪ, ਭੈਣ-ਭਰਾ, ਦੋਸਤ-ਮਿੱਤਰ ਸਭ ਨੂੰ ਹੀ ਪੇਪਰਾਂ ਤੋਂ ਥੱਲੇ ਕਰ ਦਿੰਦੇ ਹਾਂ।
ਨਵੀਨ ਸਿੰਘ:-ਬਿਲਕੁਲ ਠੀਕ, ਨਤੀਜਾ ਇਹੀ ਹੁੰਦਾ ਹੈ ਕਿ ਉਤਨੇ ਦਿਨ ਅਸੀਂ ਸਭ ਵੱਲੋਂ ਕੱਟੇ ਜਿਹੇ ਜਾਂਦੇ ਹਾਂ।
ਸੁੰਦਰ ਸਿੰਘ:-ਬਿਲਕੁਲ, ਪਰ ਪਤਾ ਨਹੀਂ ਇਹ ਰੁਝਾਨ ਕਿਵੇਂ ਬਣ ਗਿਆ ਹੈ?
ਨਵੀਨ ਸਿੰਘ:-ਕੁਝ ਨਹੀਂ ਐਵੈਂ ਰਿਵਾਜ ਜਿਹਾ ਬਣ ਗਿਆ ਹੈ। ਹਰ ਗੱਲ ਵਿੱਚ ਇਹ ਕਹਿਣ ਦਾ ਕਿ ਮੇਰੇ ਪੇਪਰ ਚੱਲ ਰਹੇ ਹਨ। ਪੇਪਰ ਤੋਂ ਬਾਅਦ ਗੱਲ ਕਰਾਂਗੇ।
ਸੁੰਦਰ ਸਿੰਘ:-ਪਰ ਐਸਾ ਹੋ ਕਿਉਂ ਰਿਹਾ ਹੈ?
ਨਵੀਨ ਸਿੰਘ:-ਇਸ ਤਰ੍ਹਾਂ ਹੈ ਕਿ ਪਿਛਲੀਆਂ ਦੋ ਤਿੰਨ ਪੀੜ੍ਹੀਆਂ ਤੋਂ ਜਦੋਂ ਤੋਂ ਲੋਕਾਂ ਨੇ ਸਕੂਲਾਂ ਕਾਲਜਾਂ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕੀਤਾ ਹੈ ਤਾਂ ਸਾਲਾਨਾ ਇਮਤਿਹਾਨਾਂ ਦਾ ਹਊਆ ਸਿਰ ਚੜ੍ਹ ਕੇ ਬੋਲਣਾ ਸ਼ੁਰੂ ਹੋ ਗਿਆ ਹੈ।
ਸੁੰਦਰ ਸਿੰਘ:-ਉਹ ਕਿਵੇਂ?
ਨਵੀਨ ਸਿੰਘ:-ਉਹ ਇਸ ਤਰ੍ਹਾਂ ਕਿ ਸਾਰਾ ਸਾਲ ਤਾਂ ਫ਼ੇਲ੍ਹ ਹੋਣ ਦਾ ਕੋਈ ਡਰ ਨਹੀਂ ਹੁੰਦਾ ਪਰ ਸਾਲਾਨਾ ਇਮਤਿਹਾਨਾਂ ਵਿਚ ਫ਼ੇਲ੍ਹ ਹੋ ਕੇ ਸਾਲ ਖ਼ਰਾਬ ਹੋਣ ਦਾ ਡਰ ਹੁੰਦਾ ਹੈ। ਇਸ ਲਈ ਜਿਹੜੇ ਸਾਰਾ ਸਾਲ ਕਿਤਾਬਾਂ ਨੂੰ ਹੱਥ ਵੀ ਨਹੀਂ ਲਾਉਂਦੇ। ਇਮਤਿਹਾਨਾਂ ਵਿਚ ਉਹ ਵੀ ਕਿਤਾਬੀ ਕੀੜੇ ਬਣ ਜਾਂਦੇ ਹਨ।
ਸੁੰਦਰ ਸਿੰਘ:-ਬਿਲਕੁਲ ਠੀਕ, ਵੀਰ ਜੀ। ਫ਼ੇਲ੍ਹ ਪਾਸ ਹੋਣਾ ਤਾਂ ਜੀਊਣ ਮਰਣ ਦਾ ਸਵਾਲ ਬਣ ਹੀ ਚੁੱਕਾ ਸੀ। ਹੁਣ ਤਾਂ ਨੰਬਰਾਂ ਦਾ ਪ੍ਰਤੀਸ਼ਤ ਵੀ ਜਿਊਣ ਮਰਣ ਦਾ ਸੁਆਲ ਬਣ ਚੁੱਕਾ ਹੈ। ਹਰ ਕੋਈ 90% ਤੋਂ 95% ਤੱਕ ਦੇ ਗੇੜ ਵਿੱਚ ਫਸਿਆ ਪਿਆ ਹੈ। ਇਸ ਤੋਂ ਘੱਟ ਨੰਬਰਾਂ ਵਾਲਾ ਤਾਂ ਫ਼ੇਲ੍ਹ ਹੀ ਸਮਝਿਆ ਜਾਣ ਲੱਗ ਪਿਆ ਹੈ।
ਨਵੀਨ ਸਿੰਘ:-ਪਰ ਸਭ ਦੇ ਇਤਨੇ ਨੰਬਰ ਨਹੀਂ ਆ ਸਕਦੇ। ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇਹ ਗੱਲ ਅਸੀਂ ਸਮਝਦੇ ਹੀ ਨਹੀਂ।
ਸੁੰਦਰ ਸਿੰਘ:-ਨਾ ਸਮਝਣ ਕਰਕੇ ਹੀ ਤਾਂ ਜਿਸ ਦਿਨ ਨਤੀਜਾ ਨਿਕਲਦਾ ਹੈ। ਅਖ਼ਬਾਰਾਂ ਦੇ ਪਹਿਲੇ ਪੰਨਿਆਂ ’ਤੇ ਮੋਟੇ ਅੱਖ਼ਰਾਂ ਵਿਚ ਇਕ ਪਾਸੇ ਮੈਰਿਟ ਵਾਲਿਆਂ ਦੀ ਲਿਸਟ ਹੁੰਦੀ ਹੈ ਅਤੇ ਦੂਜੇ ਪਾਸੇ ਆਤਮ ਹੱਤਿਆ ਕਰਕੇ ਮਰਨ ਵਾਲਿਆਂ ਦੀ, ਜਿਨ੍ਹਾਂ ਦੇ ਨੰਬਰ ਉਹਨਾਂ ਦੀ ਮਰਜ਼ੀ ਅਨੁਸਾਰ ਨਹੀਂ ਆਏ ਹੁੰਦੇ।
ਨਵੀਨ ਸਿੰਘ:-ਬਿਲਕੁਲ ਠੀਕ, ਇਹ ਇਸੇ ਕਰਕੇ ਹੈ ਕਿ ਕੋਈ ਵੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਚਾਹੁੰਦਾ ਅਤੇ ਨਾ ਹੀ ਦਿਖਣਾ ਚਾਹੁੰਦਾ ਹੈ।
ਸੁੰਦਰ ਸਿੰਘ:-ਇਸੇ ਰੁਝਾਨ ਨੇ ਨਕਲ ਨੂੰ ਉਤਸ਼ਾਹ ਦਿੱਤਾ ਹੈ। ਨਾ ਵੀ ਪੜ੍ਹੇ ਹੋਵੋ ਤਾਂ ਨਕਲ ਮਾਰ ਕੇ ਵੱਧ ਨੰਬਰ ਲੈ ਕੇ ਆਪਣਾ ਰੋਅਬ ਬਣਾਓ।
ਨਵੀਨ ਸਿੰਘ:-ਪਰ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨੰਬਰ ਲੈਣਾ ਆਪਣੇ ਆਪ ਨੂੰ ਤਾਂ ਪਤਾ ਹੀ ਹੁੰਦਾ ਹੈ ਕਿ ਮੈਂ ਕਿਸ ਤਰ੍ਹਾਂ ਨੰਬਰ ਲਏ ਹਨ।
ਸੁੰਦਰ ਸਿੰਘ:-ਬੇਈਮਾਨੀ ਕੋਈ ਵੀ ਹੋਵੇ। ਆਪਣੇ ਆਪ ਨੂੰ ਤਾਂ ਪਤਾ ਹੁੰਦਾ ਹੀ ਹੈ।
ਨਵੀਨ ਸਿੰਘ:-ਪਤਾ ਤਾਂ ਹੁੰਦਾ ਹੈ ਪਰ ਬੰਦਾ ਕਦੋਂ ਮੰਨਦਾ ਹੈ?
ਸੁੰਦਰ ਸਿੰਘ:-ਨਾਂ ਵੀ ਮੰਨੇ ਪਰ ਆਪਣੀ ਆਤਮਾ ਤਾਂ ਬਾਰ-ਬਾਰ ਅਹਿਸਾਸ ਕਰਾਉਂਦੀ ਹੀ ਹੈ।
ਨਵੀਨ ਸਿੰਘ:-ਆਤਮਾ ਵੀ ਅਹਿਸਾਸ ਕਰਾਉਂਦੀ ਹੈ ਤੇ ਐਸੀ ਸਫ਼ਲਤਾ ਦੀ ਖ਼ੁਸ਼ੀ ਵੀ ਕੋਈ ਨਹੀਂ ਹੁੰਦੀ।
ਸੁੰਦਰ ਸਿੰਘ:-ਹਾਂ, ਸਗੋਂ ਉਲਟਾ ਇਨਸਾਨ ਆਪਣੇ ਆਪ ਤੋਂ ਸਦਾ ਸ਼ਰਮਿੰਦਾ ਰਹਿੰਦਾ ਹੈ।
ਨਵੀਨ ਸਿੰਘ:-ਇਸ ਤੋਂ ਵੀ ਅੱਗੇ ਵੱਧ ਕੇ ਵੀਰ ਜੀ। ਕਦੀ ਵੀ ਉਹ ਆਪਣੇ ਬੱਚਿਆਂ ਸਾਹਮਣੇ ਆਪਣੇ ਜੀਵਨ ਦੀ ਇਸ ਸੱਚਾਈ ਨੂੰ ਖੁੱਲ੍ਹ ਕੇ ਨਹੀਂ ਦੱਸ ਸਕਦਾ।
ਸੁੰਦਰ ਸਿੰਘ:-ਜਦੋਂ ਕੋਈ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਹੀ ਨਾ ਕਰ ਸਕੇ ਤਾਂ ਉਸ ਦਾ ਰਿਸ਼ਤਾ ਆਪਣੇ ਬੱਚਿਆਂ ਨਾਲ ਕਿਹੋ ਜਿਹਾ ਹੋ ਸਕਦਾ ਹੈ?
ਨਵੀਨ ਸਿੰਘ:-ਕਦੀ ਵੀ ਐਸੇ ਇਨਸਾਨ ਦੀ ਬੱਚਿਆਂ ਨਾਲ ਵਧੀਆ ਸਾਂਝ ਨਹੀਂ ਬਣ ਸਕਦੀ ਕਿਉਂਕਿ ਜੀਵਨ ਵਿੱਚ ਲਗਾਤਾਰ ਝੂਠ ਬਣਿਆ ਰਹਿੰਦਾ ਹੈ।
ਸੁੰਦਰ ਸਿੰਘ:-ਇਸ ਤੋਂ ਚੰਗਾ ਇਹ ਨਹੀਂ ਕਿ ਅਸੀਂ ਜੋ ਵੀ ਪਾਈਏ। ਆਪਣੀ ਮਿਹਨਤ ਨਾਲ ਪਾਈਏ।
ਨਵੀਨ ਸਿੰਘ:-ਬਿਲਕੁਲ। ਸਾਰਾ ਸਾਲ ਰੋਜ਼ਾਨਾ ਥੋੜੀ ਥੋੜੀ ਕੀਤੀ ਮਿਹਨਤ ਸਾਨੂੰ ਪੇਪਰਾਂ ਵਿੱਚ ਬੇਈਮਾਨ ਬਣਾਉਣ ਤੋਂ ਵੀ ਬਚਾਉਂਦੀ ਹੈ ਅਤੇ ਗਧਿਆਂ ਦੀ ਤਰ੍ਹਾਂ ਪੜ੍ਹਾਈ ਦਾ ਬੋਝ ਚੁੱਕਣ ਤੋਂ ਵੀ।
ਸੁੰਦਰ ਸਿੰਘ:-ਇਹ ਗੱਲ ਬਹੁਤ ਵਧੀਆ ਹੈ। ਮੈਂ ਤਾਂ ਹੁਣ ਤੋਂ ਹਮੇਸ਼ਾਂ ਰੋਜ਼ਾਨਾ ਹੀ ਸਾਰਾ ਸਕੂਲ ਦਾ ਕੰਮ ਅਤੇ ਪੜ੍ਹਾਏ ਗਏ ਸਬਕ ਨੂੰ ਯਾਦ ਕਰਨਾ ਸ਼ੁਰੂ ਕਰ ਦੇਣਾ ਹੈ।
ਨਵੀਨ ਸਿੰਘ:-ਵੀਰੇ! ਸਿਰਫ਼ ਆਪ ਹੀ ਨਹੀਂ ਕਰਨਾ ਸਗੋਂ ਆਪਣੇ ਹੋਰ ਵੀਰਾਂ ਭੈਣਾਂ ਨੂੰ ਵੀ ਜਾਗਰੂਕ ਕਰਨਾ ਹੈ। ਸਾਨੂੰ ‘ਵੰਡ ਛਕਣ’ ਤੇ ‘ਸਰਬੱਤ ਦੇ ਭਲੇ’ ਦਾ ਹੁਕਮ ਹੈ।
ਸੁੰਦਰ ਸਿੰਘ:-ਬਿਲਕੁਲ ਠੀਕ ਵੀਰ ਜੀ। ਜੇ ਅਸੀਂ ਹੁਣ ਤੋਂ ਹੀ ਇਹਨਾਂ ਵਿਚਾਰਾਂ ਦਾ ਪ੍ਰਚਾਰ ਕਰੀਏ ਤਾਂ ਕਿਤਨੇ ਹੀ ਵਿਦਿਆਰਥੀ ਸਾਲ ਦੇ ਅਖ਼ੀਰ ਵਿੱਚ ਨਿਸ਼ਚਿੰਤ ਹੋ ਕੇ ਪੇਪਰ ਦੇ ਸਕਣਗੇ।
ਨਵੀਨ ਸਿੰਘ:-ਆਓ! ਰਲ ਕੇ ਉਦਮ ਕਰੀਏ ।