ਜਦੋਂ ਸੇਵਾਦਾਰ ਉਰਫ਼ ਕਲਰਕ ਨੇ ਪੁਗਾਈ ਆਪਣੇ ਮਨ ਦੀ ਮਰਜੀ..

0
240

ਜਦੋਂ ਸੇਵਾਦਾਰ ਉਰਫ਼ ਕਲਰਕ ਨੇ ਪੁਗਾਈ ਆਪਣੇ ਮਨ ਦੀ ਮਰਜੀ..

ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719

ਹਿੰਦੂ ਪਰਿਵਾਰ ਦੀ ਪੈਦਾਇਸ਼ ਹੋਣ ਦੇ ਬਾਵਜੂਦ ਮੇਰਾ ਵਧੇਰੇ ਰੁਝਾਨ ਬਚਪਨ ਤੋਂ ਹੀ ਸਿੱਖ ਧਰਮ ਵੱਲ ਬਣਿਆ ਰਿਹਾ ਹੈ। ਇਸ ਰੁਝਾਨ ਦੇ ਸਦਕਾ ਹੀ ਇਤਿਹਾਸਕ ਗੁਰਦੁਆਰਿਆਂ ਅਤੇ ਸਿੱਖ ਗੁਰੂ ਸਾਹਿਬਾਨ ਦੇ ਚਰਨਛੋਹ ਪ੍ਰਾਪਤ ਪਵਿੱਤਰ ਸਥਾਨਾਂ ਦੇ ਦਰਸ਼ਨ- ਦੀਦਾਰਿਆਂ ਲਈ (ਪਰਿਵਾਰ ਸਮੇਤ) ਯਾਤਰਾਵਾਂ ਚੱਲਦੀਆਂ ਹੀ ਰਹਿੰਦੀਆਂ ਹਨ। ਬਹੁਤ ਸਾਰੀਆਂ ਯਾਤਰਾਵਾਂ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਮਿਲੇ ਸਹਿਯੋਗ ਸਦਕਾ ਰਹਿਣ-ਸਹਿਣ ਦਾ ਮਾਹੌਲ ਸੁਖਾਵਾਂ ਹੀ ਰਿਹਾ ਹੈ, ਪਰ ਛੇਵੇਂ ਅਤੇ ਨੌਵੇਂ ਪਾਤਸ਼ਾਹ ਦੀ ਯਾਦ ਨਾਲ ਜੁੜੇ ਇਤਿਹਾਸਕ ਗੁਰਦੁਆਰੇ ਕ੍ਰਮਵਾਰ ਦਾਤਾ ਬੰਦੀ ਛੋੜ, ਗਵਾਲੀਅਰ (ਮੱਧ ਪ੍ਰਦੇਸ਼) ਅਤੇ ਗੁਰੂ ਕਾ ਤਾਲ, ਆਗਰਾ (ਉੱਤਰ ਪ੍ਰਦੇਸ਼) ਦੇ ਦਰਸ਼ਨ ਕਰਨ ਲਈ ਜਾਂਦੇ ਸਮੇਂ ਰਸਤੇ ਵਿਚ ਆਏ ਇਤਿਹਾਸਕ ਗੁਰਦੁਆਰੇ ਦੇ ਪ੍ਰਬੰਧਕਾਂ ਦੀ ਬੇਵਿਸ਼ਵਾਸੀ ਕਾਰਨ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਿਹੜੀ ਇੱਕ ਸਿਆਲੀ ਰਾਤ ਫਰਸ਼ ’ਤੇ ਸੌਂ ਕੇ ਗੁਜ਼ਾਰਨੀ ਪਈ ਉਹ ਸਾਰੀ ਜ਼ਿੰਦਗੀ ਸਾਡੇ ਲਈ ਅਭੁੱਲ ਰਹੇਗੀ।

ਯਾਤਰਾ ਦਾ ਪੈਂਡਾ ਲੰਮੇਰਾ ਅਤੇ ਸਰਦੀਆਂ ਦੇ ਦਿਨ ਛੋਟੇ ਹੋਣ ਕਰਕੇ ਇਸ ਪੈਂਡੇ ਨੂੰ ਦੋ ਪੜਾਵਾਂ ਵਿਚ ਤਹਿ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਫ਼ੈਸਲੇ ਮੁਤਾਬਕ ਇੱਕ ਰਾਤ ਦਾ ਪੜਾਅ ਪੁਰਾਣੀ ਦਿੱਲੀ ਦੇ ਇੱਕ ਪ੍ਰਸਿੱਧ ਗੁਰਦੁਆਰਾ ਸਾਹਿਬ ਵਿਖੇ ਕਰਕੇ ਅਗਲੇ ਦਿਨ ਗਵਾਲੀਅਰ ਪਹੁੰਚਣਾ ਸੀ ਅਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨਾਲ ਸੰਬੰਧਿਤ ਇਤਿਹਾਸਕ ਗੁਰਦੁਆਰੇ ਅਤੇ ਕਿਲ੍ਹੇ ਦੇ ਦਰਸ਼ਨ ਕਰਨੇ ਸਨ। ਇੱਕ ਤੇਜ਼ ਰਫ਼ਤਾਰ ਰੇਲ ਗੱਡੀ ਵਿਚ ਬੈਠਣ ਦੇ ਬਾਵਜੂਦ ਵੀ ਲੁਧਿਆਣੇ ਤੋਂ ਦਿੱਲੀ ਤੱਕ ਪਹੁੰਚਦਿਆਂ ਅੱਧੀ ਰਾਤ ਹੋ ਗਈ। ਬਚਦੀ ਅੱਧੀ ਰਾਤ ਨੂੰ ਬਿਤਾਉਣ ਲਈ ਮੈਂ ਆਪਣੇ ਪਰਿਵਾਰ (ਪਤਨੀ ਅਤੇ ਬੱਚੇ) ਸਮੇਤ ਉਸ ਗੁਰਦੁਆਰਾ ਸਾਹਿਬ ਵਿਚ ਪਹੁੰਚ ਗਿਆ। ਨਮਸਕਾਰ ਕਰਨ ਤੋਂ ਬਾਅਦ ਅਸੀਂ ਅੱਖਾਂ ਵਿਚ ਰੜਕ ਰਹੀ ਨੀਂਦ ਦਾ ਸਵਾਗਤ ਕਰਨ ਲਈ ਕਿਸੇ ਕਮਰੇ ਦੀ ਭਾਲ ਹਿੱਤ ਕਮਰਾ ਕਲਰਕ ਦੀ ਖਿੜਕੀ ਅੱਗੇ ਜਾ ਖੜ੍ਹੇ ਹੋਏ। ਮਨ ਦੇ ਵਿਚ ਇੱਕ ਵਿਸ਼ਵਾਸ ਸੀ ਕਿ ਗਰਮੀ (ਛੁੱਟੀਆਂ) ਦੇ ਮੌਸਮ ਦੇ ਮੁਕਾਬਲੇ ਸਰਦੀ ਦੇ ਮੌਸਮ ਵਿਚ ਕਮਰੇ ਦੀ ਉਪਲੱਬਧੀ ਕਾਫੀ ਆਸਾਨ ਹੋਵੇਗੀ, ਪਰ ਸਾਡੇ ਇਸ ਵਿਸ਼ਵਾਸ ਨੂੰ ਬਹੁਤ ਵੱਡਾ ਧੱਕਾ ਲੱਗਾ ਜਦੋਂ ਕਮਰਾ ਕਲਰਕ ਵੱਲੋਂ ਕੋਈ ਵੀ ਕਮਰਾ ਖਾਲੀ ਨਾ ਹੋਣ ਦਾ ਰੁੱਖਾ ਜਿਹਾ ਜਵਾਬ ਦੇ ਦਿੱਤਾ ਗਿਆ। ਸਧਾਰਣ ਕਮਰੇ ਦਾ ਕਿਰਾਇਆ ਸੌ ਰੁਪਿਆ ਸੀ ਅਤੇ ਵਿਸ਼ੇਸ਼ ਸਹੂਲਤਾਂ ਵਾਲੇ ਦਾ ਢਾਈ ਸੌ ਰੁਪਿਆ ਪਰ ਮਿਲ ਕੋਈ ਵੀ ਨਹੀਂ ਰਿਹਾ ਸੀ। ਜਦੋਂ ਕਲਰਕ ਸਾਹਿਬ ਤੋਂ ਇਸ ਦਾ ਕਾਰਨ ਜਾਣਨਾ ਚਾਹਿਆ ਤਾਂ ਉਸ ਨੇ ਕਿਹਾ ਕਿ ਕੁਝ ਕਮਰਿਆਂ ਵਿਚ ਤਾਂ ਆਗਨਵਾੜੀ ਵਰਕਰਾਂ ਠਹਿਰੀਆਂ ਹੋਈਆਂ ਹਨ ਅਤੇ ਬਾਕੀ ਦੇ ਬਚਦੇ ਕਮਰੇ ਪ੍ਰਧਾਨ, ਸੈਕਟਰੀ ਅਤੇ ਕੁਝ ਹੋਰ ਅਹੁਦੇਦਾਰਾਂ ਤੱਕ ਪਹੁੰਚ ਕਰਨ ਵਾਲਿਆਂ ਦੀ ਪਹੁੰਚ ਵਿਚ ਹਨ। ਇਸ ਸਪਸ਼ਟੀਕਰਨ ਦੇ ਨਾਲ-ਨਾਲ ਉਸ ਕਲਰਕ ਨੇ ਸਾਨੂੰ ਇੱਕ ਮਿੱਠਾ ਜਿਹਾ ਲਾਰਾ ਇਹ ਵੀ ਲਗਾ ਦਿੱਤਾ ਕਿ ਅਸੀਂ ਲਾਇਨ ਵਿਚ ਲੱਗ ਕਿ ਇੰਤਜ਼ਾਰ ਦੀਆਂ ਘੜੀਆਂ ਗਿਣੀਏਂ , ਜਦੋਂ ਕੋਈ ਕਮਰਾ ਬੰਦ ਕਰਕੇ ਚਾਬੀ ਲਿਆਵੇਗਾ ਤਾਂ ਸਾਡੇ ਬਾਰੇ ਕੁੱਝ ਜ਼ਰੂਰ ਸੋਚਿਆ ਜਾਵੇਗਾ। ਕਲਰਕ ਸਾਹਿਬ ਦੇ ਇਸ ਲਾਰੇ ਵਿਚ ਮਿਠਾਸ ਤਾਂ ਜ਼ਰੂਰ ਸੀ ਪਰ ਪੱਲੇ ਕੁੱਝ ਨਹੀਂ ਸੀ ਪੈਣ ਵਾਲਾ। ਇਸ ਸਮੇਂ ਦੌਰਾਨ ਹੀ ਸਾਡੇ ਵਾਂਗ ਰਾਤ ਕੱਟਣ ਲਈ ਆਸਰਾ ਭਾਲਦੇ ਕੁੱਝ ਹੋਰ ਸ਼ਰਧਾਲੂ ਕਲਰਕ ਸਾਹਿਬ ਦੇ ਨਾਂਹ-ਪੱਖੀ ਵਿਹਾਰ ਨੂੰ ਦੇਖ ਕੇ ਇਧਰ-ਉਧਰ ਤੋਂ ਸਿਫ਼ਾਰਸ਼ਾਂ ਦੀ (ਫੋਨਾਂ ਰਾਹੀਂ) ਝੜੀ ਲਗਾ ਰਹੇ ਸਨ ਪਰ ਕਲਰਕ ਸਾਹਿਬ ਉਸ ਝੜੀ ਤੋਂ ਬਚਣ ਲਈ ਬਹਾਨਿਆਂ ਰੂਪੀ ਛੱਤਰੀ ਦੀ ਵਰਤੋਂ ਕਰ ਰਹੇ ਸੀ। ਜਿਹੜੇ ਬੰਦਿਆਂ ਦਾ ਕਿਧਰੇ ਹੱਥ (ਸਿਫ਼ਾਰਸ਼) ਪੈਂਦਾ ਸੀ (ਫੋਨਾਂ ਰਾਹੀਂ) ਉਹ ਪਾਈ ਜਾ ਰਹੇ ਸਨ ਪਰ ਕਲਰਕ ਸਾਹਿਬ ਫੋਨ ਕਰਨ ਵਾਲੇ ਦਾ ਪੱਧਰ ਦੇਖ ਕੇ ਜਵਾਬ ਦੇਈ ਜਾ ਰਿਹਾ ਸੀ। ਇਸ ਸਮੇਂ ਦੌਰਾਨ ਸਾਡੇ ਤੋਂ ਬਾਅਦ ਵਿਚ ਆਉਣ ਵਾਲੇ ਕੁੱਝ ਲੋਕਾਂ ਨੂੰ ਕਮਰੇ ਮਿਲ ਵੀ ਰਹੇ ਸਨ। ਥੋੜ੍ਹੀ ਜਿਹੀ ਹੈਰਾਨੀ ਨਾਲ ਜਦੋਂ ਅਸੀਂ ਕਲਰਕ ਸਾਹਿਬ ਤੋਂ ਇਸ ਵਿਤਕਰੇ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, ‘ਇਨ੍ਹਾਂ ਦੇ ਕਮਰੇ ਤਾਂ ਪਹਿਲਾਂ ਤੋਂ ਹੀ ਬੁੱਕ ਹਨ।’ ਉਸ ਦੇ ਇਸ ਬਚਨ ਨਾਲ ਅਸੀਂ ਹੋਰ ਵੀ ਜਿਆਦਾ ਹੈਰਾਨ ਹੋ ਗਏ ਅਤੇ ਪੁੱਛਿਆ ਕਿ, ‘ਇਹ ਆਏ ਤਾਂ ਸਾਡੇ ਤੋਂ ਪਿੱਛੋਂ ਹਨ ਫਿਰ ਕਮਰੇ ਪਹਿਲਾਂ ਬੁੱਕ ਕਿਵੇਂ ਹੋ ਗਏ?’ ਇਸ ਦੇ ਉੱਤਰ ਵਿਚ ਕਲਰਕ ਸਾਹਿਬ ਨੇ ਕਿਹਾ ਕਿ, ‘ਮਹਾਰਾਜ! ਇਨ੍ਹਾਂ ਨੇ ਤਾਂ ਤਿੰਨ-ਤਿੰਨ ਦਿਨ ਪਹਿਲਾਂ ਹੀ ਫੋਨ ’ਤੇ ਕਮਰੇ ਬੁੱਕ ਕਰਵਾਏ ਹੋਏ ਹਨ ਇਨ੍ਹਾਂ ਨੂੰ ਨਾਂਹ ਕਿਵੇਂ ਕਰ ਸਕਦੇ ਹਾਂ।’ ਕਲਰਕ ਸਾਹਿਬ ਦੇ ਇਸ ਜਵਾਬ ’ਤੇ ਮੈਂ ਉਸ ਨੂੰ ਦਲੀਲ ਦਿੱਤੀ ਕਿ ‘ਅਸੀਂ ਚੱਲ ਕੇ ਆਏ ਹਾਂ ਇਨ੍ਹਾਂ ਕੇਵਲ ਫੋਨ ’ਤੇ ਹੀ ਕੰਮ ਸਾਰ ਲਿਆ। ਗੁਰੂ ਘਰ ਵਿਚ ਪਹਿਲਾਂ ਚੱਲ ਕੇ ਆਏ ਦਾ ਸਤਿਕਾਰ ਵਧੇਰੇ ਹੋਣਾ ਚਾਹੀਦਾ ਕਿ ਫੋਨ ਵਾਲੇ ਦਾ ?’

‘ਇਸ ਬਾਰੇ ਤਾਂ ਤੁਸੀਂ ਕਮੇਟੀ ਵਾਲਿਆਂ ਨਾਲ ਹੀ ਗੱਲ ਕਰੋ ਜੀ, ਮੈਂ ਕੁਝ ਨਹੀਂ ਕਰ ਸਕਦਾ।’ ਕਲਰਕ ਨੇ ਆਪਣਾ ਖਹਿੜਾ ਛੁਡਾਉਂਦਿਆਂ ਕਿਹਾ। ਜਿਵੇਂ-ਜਿਵੇਂ ਰਾਤ ਬੀਤਦੀ ਜਾ ਰਹੀ ਸੀ ਮਨ ਉਦਾਸ ਹੋਈ ਜਾ ਰਿਹਾ ਸੀ। ਇਹ ਉਦਾਸੀ ਕੇਵਲ ਉਨੀਂਦਰੇ ਕਾਰਨ ਹੀ ਨਹੀਂ ਸਗੋਂ ਗੁਰੂ ਕਿਆਂ ਦੇ ਵੇਹੜਿਆਂ/ਨਿਵਾਸਾਂ ਵਿੱਚ ਬਰਾਬਰਤਾ (ਜਿਹੜਾ ਕਿ ਗੁਰੂ ਸਾਹਿਬਾਨ ਦਾ ਅਸਲ ਉਦੇਸ਼ ਸੀ) ਦੇ ਵਿਹਾਰ ਨਾਲੋਂ ਵਿਸ਼ੇਸ਼ ਲੋਕਾਂ ਨਾਲ ਵਿਸ਼ੇਸ਼ ਵਿਹਾਰ ਕਾਰਨ ਵੱਧ ਸੀ। ਇਸ ਵਿਹਾਰ ਕਾਰਨ ਉਪਜੀ ਪ੍ਰੇਸ਼ਾਨੀ ਨੂੰ ਘਟਾਉਣ ਵਾਸਤੇ ਮੈਂ ਗੁਰਦੁਆਰਾ ਸਾਹਿਬ ਵਿਚ ਵਿਚਰ ਰਹੇ ਕੁੱਝ ਮੁਖੀ ਸਿੱਖਾਂ ਨਾਲ ਗੱਲ ਵੀ ਕੀਤੀ ਪਰ ਉਨ੍ਹਾਂ ਕੋਲੋ ਵੀ ਹਮਦਰਦੀ ਤੋਂ ਸਿਵਾ ਕੁੱਝ ਨਹੀਂ ਮਿਲਿਆ ਅਤੇ ਮਸਲਾ ਉੱਥੇ ਦਾ ਉਥੇ ਹੀ ਖੜ੍ਹਾ ਰਿਹਾ।

ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪ੍ਰੇਸ਼ਾਨੀ ਦੇ ਘੋੜੇ ’ਤੇ ਸਵਾਰ ਹੋਇਆਂ ਦੇਖ ਕੇ ਕਲਰਕ ਸਾਹਿਬ ਦੇ ਮਨ ਵਿਚ ਕੁੱਝ ਮਿਹਰ ਪੈਣ ਲੱਗ ਪਈ। ਇਸ ਮਿਹਰ ਦੇ ਸਦਕਾ ਉਸ ਨੇ ਮੈਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗਾ, ‘ਬੁਲਾਓ ਆਪਣੇ ਨਾਲ ਦੇ ਸਾਥੀਆਂ ਨੂੰ ਤੁਹਾਡੇ ਕਮਰੇ ਦਾ ਕੋਈ ਇੰਤਜ਼ਾਮ ਕਰੀਏ।’ ਉਸ ਵੱਲੋਂ ਦੇਰ ਨਾਲ ਭਰੇ ਗਏ ਹੁੰਗਾਰੇ ਕਾਰਨ ਮੈਂ ਜੋੜਾ-ਘਰ ਵਿਚ ਬੈਠੀ ਆਪਣੀ ਸ਼ਰੀਕੇ-ਹਯਾਤ ਅਤੇ ਪੁੱਤਰ ਨੂੰ ਬੁਲਾ ਲਿਆ। ਮੇਰੀ ਆਵਾਜ਼ ਸੁਣ ਕੇ ਉਨ੍ਹਾਂ ਦੀਆਂ ਬੁਝੀਆਂ ਅੱਖਾਂ ਵਿਚ ਵੀ ਕੁੱਝ ਚਮਕ ਆ ਗਈ। ਕਮਰਾ ਮਿਲਦਾ ਦੇਖ ਜਦੋਂ ਅਸੀਂ ਕਲਰਕ ਸਾਹਿਬ ਦੇ ਕਮਰੇ ਵਿਚ ਆਏ ਤਾਂ ਉਸ ਨੇ ਸਾਨੂੰ ਆਪਣਾ ਕੋਈ ਪਹਿਚਾਣ-ਪੱਤਰ ਦਿਖਾਉਣ ਲਈ ਕਿਹਾ। ਮੈਂ ਅਤੇ ਮੇਰੀ ਪਤਨੀ ਨੇ ਆਪੋ-ਆਪਣੇ ਵਿਭਾਗਾਂ ਵੱਲੋਂ ਜਾਰੀ ਕੀਤੇ ਸਨਾਖ਼ਤੀ ਪੱਤਰ ਦਿਖਾ ਦਿੱਤੇ, ਜਿਨ੍ਹਾਂ ਵਿਚ ਸਾਡੇ ਨਾਂਅ ਅਤੇ ਪਤੇ ਦਰਜ ਸਨ। ਜਦੋਂ ਉਸ ਨੇ ਸਾਡੇ ਸ਼ਨਾਖਤੀ ਕਾਰਡ ਪੜ੍ਹੇ ਤਾਂ ਇਹ ਕਹਿ ਕੇ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਨ੍ਹਾਂ ਕਾਰਡਾਂ ਨਾਲ ਤੁਹਾਡੀ ਕੋਈ ਪਰਿਵਾਰਕ (ਪਤੀ ਅਤੇ ਪਤਨੀ ਵਾਲੀ) ਪਹਿਚਾਣ ਨਹੀਂ ਬਣਦੀ। ਕੋਈ ਅਜਿਹਾ ਸਬੂਤ ਦਿਓ ਜਿਸ ਨਾਲ ਤੁਸੀਂ ਕਾਗਜ਼ਾਂ ਵਿਚ ਪਤੀ-ਪਤਨੀ ਸਾਬਤ ਹੋ ਜਾਵੋ। ਇਸ ਸਾਬਤੀਕਰਨ ਲਈ ਉਹ ਵੋਟਰ ਕਾਰਡ ਨੂੰ ਵਧੇਰੇ ਤਰਜੀਹ ਦਿੰਦਾ ਸੀ ਜੋ ਕਿ ਉਸ ਵਕਤ ਸਾਡੇ ਕੋਲ ਮੌਜੂਦ ਨਹੀਂ ਸੀ। ਇਸ ਤੋਂ ਪਹਿਲਾਂ ਇਸ ਤਰ੍ਹਾਂ ਦੀ ਉਲਝਣ ਕਦੇ ਕਿਸੇ ਗੁਰਦੁਆਰੇ ਵਿਚ ਨਹੀਂ ਪਈ ਸੀ। ਕੇਵਲ ਆਪ ਦੇ ਮਹਿਕਮਾ ਮੁਖੀ ਵੱਲੋਂ ਜਾਰੀ ਕੀਤੇ ਗਏ ਕਾਰਡ ਨਾਲ ਹੀ ਗੱਲ ਬਣ ਜਾਂਦੀ ਸੀ। ਪਰ ਇਸ ਵਾਰ ਇਹ ਨਿਵੇਕਲੀ ਉਲਝਣ ਪੈ ਗਈ ਸੀ। ਇਸ ਉਲਝਣ ਵਿਚੋਂ ਨਿਕਲਣ ਲਈ ਮੈਂ ਉਸ ਕਲਰਕ ਸਾਹਿਬ ਨੂੰ ਬਹੁਤ ਸਾਰਥਿਕ ਦਲੀਲਾਂ ਦਿੱਤੀਆਂ ਪਰ ਉਹ ‘ਸਹੇ ਦੀਆਂ ਤਿੰਨ ਲੱਤਾਂ’ ਵਾਲੀ ਅੜੀ ਉਪਰ ਹੀ ਅੜਿਆ ਰਿਹਾ। ਉਸ ਵਕਤ ਉੇਹ ਕੇਵਲ ਕਿਸੇ ਕਾਗਜ਼ੀ ਸੱਚ ਨੂੰ ਹੀ ਸੱਚ ਮੰਨਣ ਵਾਸਤੇ ਤਿਆਰ ਸੀ, ਬਾਕੀ ਦੀਆਂ ਦਲੀਲਾਂ-ਅਪੀਲਾਂ ਉਸ ਦੀ ਕਚਹਿਰੀ ਵਿਚ ਕੋਈ ਅਸਰ ਨਹੀਂ ਕਰ ਰਹੀਆਂ ਸਨ। ਇਸ ਸਮੇਂ ਦੌਰਾਨ ਮੈਂ ਇੱਕ ਜਥੇਦਾਰ ਜੋ ਇਸ ਸਮੁੱਚੇ ਪ੍ਰਬੰਧ ਦਾ ਇੰਚਾਰਜ/ਨਿਗਰਾਨ ਸੀ ਅਤੇ ਮੇਰੇ ਆਪਣੇ ਇਲਾਕੇ (ਅੰਮ੍ਰਿਤਸਰ) ਨਾਲ ਸੰਬੰਧਿਤ ਸੀ, ਨੂੰ ਵੀ ਮਿਲਿਆ। ਉਸ ਨੂੰ ਮਿਲ ਕੇ ਬਹੁਤ ਸਾਰੀਆਂ ਇਲਾਕਾਈ ਗੱਲਾਂ ਕਰਨ ਦੇ ਨਾਲ-ਨਾਲ ਕੁੱਝ ਸਾਂਝੀ ਜਾਣ-ਪਹਿਚਾਣ ਵਾਲੇ ਨਾਂਵਾਂ ਦੀ ਚਰਚਾ ਵੀ ਕੀਤੀ। ਇਸ ਚਰਚਾ ਦੌਰਾਨ ਉਸ ਨਾਲ ਕੁੱਝ ਨੇੜਤਾ ਬਣ ਗਈ ਜਿਸ ਦੀ ਬਦੌਲਤ ਉਹ ਕਮਰੇ ਦੀ ਸਿਫ਼ਾਰਸ਼ ਕਰਨ ਵਾਸਤੇ ਤਿਆਰ ਹੋ ਗਿਆ, ਪਰ ਜਿਵੇਂ ਸਿਆਣੇ ਕਹਿੰਦੇ ਹਨ ਕਿ ਕਲਰਕ ਸ਼ਬਦ ਵਿਚ ਦੋ ਕੱਕੇ ਹੁੰਦੇ ਹਨ ਜਿਹੜੇ ਅਕਸਰ ‘ਕੜ੍ਹੀ ਘੋਲਣ’ ਦਾ ਕੰਮ ਕਰਦੇ ਰਹਿੰਦੇ ਹਨ, ਅਤੇ ਹੋਇਆ ਵੀ ਇਸ ਤਰ੍ਹਾਂ ਹੀ। ਉਸ ਕਲਰਕ ਸਾਹਿਬ ਨੇ ਆਪਣੀ ਕਲਰਕੀ/ਚੌਧਰਗਿਰੀ ਦਾ ਰੰਗ ਦਿਖਾਉਂਦੇ ਹੋਏ ਉਸ (ਜਥੇਦਾਰ) ਦੀ ਸਿਫਾਰਸ਼ ਦੀ ਫੂਕ ਕੱਢ ਕੇ ਰੱਖ ਦਿੱਤੀ। ਉਸ ਦੀ ਇਸ ‘ਮੈਂ ਨਾ ਮਾਨੂੰ’ ਵਾਲੀ ਨੀਤੀ ਉਰਫ਼ ਬਦਨੀਤੀ ਕਾਰਨ ਉਹ ਰਾਤ ਮੈਨੂੰ (ਕਮਰੇ ਖਾਲੀ ਹੋਣ ਦੇ ਬਾਵਜੂਦ) ਅਤੇ ਮੇਰੇ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਦੇ ਠੰਢੇ ਫ਼ਰਸ਼ ’ਤੇ ਹੀ ਕੁੱਝ ਕੰਬਲਾਂ ਦੇ ਸਹਾਰੇ ਸੁੱਤ-ਉਨੀਂਦੇ ਵਿਚ ਹੀ ਗੁਜ਼ਾਰਨੀ ਪਈ। ਇਸ ਲੇਖ ਦਾ ਅੰਤ ਮੈਂ ਹੇਠ ਲਿਖੀਆਂ ਕਾਵਿਕ ਸਤਰਾਂ ਨਾਲ ਕਰਨਾ ਚਾਹੁੰਦਾ ਹਾਂ:

ਦਰ ਆਏ ਨੂੰ ਕੰਠ ਲਗਾਵੇ ਗੁਰੂ ਸਾਹਿਬ ਦਾ ਘਰ, ਪਰ ‘ਕਲਰਕ ਸਾਹਿਬ’ ਨੂੰ ਕੌਣ ਕਹੇ ਤੂੰ ਏਦਾਂ ਨਾ ਇੰਝ ਕਰ?

—-੦——–