ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼

0
641

ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼

ਮਹਾਨ ਇਨਕਲਾਬੀ ਗੁਰੂ ਗੋਬਿੰਦ ਸਿੰਘ ਜੀ

–ਡਾ. ਅਮਨਦੀਪ ਸਿੰਘ ਟੱਲੇਵਾਲੀਆ, ਚੜ੍ਹਦੀਕਲਾ ਨਿਵਾਸ, ਬਾਬਾ ਫ਼ਰੀਦ ਨਗਰ, ਕਚਹਿਰੀ ਚੌਕ (ਬਰਨਾਲਾ)-98146-99446

ਮਹਾਨ ਸ਼ਾਇਰ ਅੱਲਾ ਯਾਰ ਖਾਂ ਯੋਗੀ ਗੁਰੂ ਗੋਬਿੰਦ ਸਿੰਘ ਜੀ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕਰਦਾ ਹੋਇਆ ਲਿਖਦਾ ਹੈ : ‘ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ। ਜਿਤਨੀ ਭੀ ਹੋ ਗੋਬਿੰਦ ਕੀ ਤਾਰੀਫ਼, ਵੁਹ ਕਮ ਹੈ।’

ਇਸ ਵਿਚ ਕੋਈ ਸ਼ੱਕ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਵਿੱਚ ਉਹ ਸਾਰੇ ਗੁਣ ਮੌਜੂਦ ਸਨ, ਜੋ ਇੱਕ ਮਹਾਨ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਗੁਰੂ ਸਾਹਿਬ ਮਹਾਨ ਵਿਦਵਾਨ, ਮਹਾਨ ਲੇਖਕ, ਮਹਾਨ ਕਵੀ, ਮਨੋਵਿਗਿਆਨੀ, ਸੰਤ-ਸਿਪਾਹੀ, ਕੌਮ ਦੇ ਉਸਰਈਏ, ਦੀਨ-ਦੁਖੀ ਦੀ ਬਾਂਹ ਫੜਨ ਵਾਲੇ ਮਹਾਨ ਇਨਕਲਾਬੀ ਯੋਧੇ ਗੁਰੂ ਹੋਏ ਹਨ। ਗੁਰੂ ਸਾਹਿਬ ਨੂੰ ਚਿੱਟਿਆਂ ਬਾਜ਼ਾਂ ਵਾਲੇ, ਕਲਗੀਆਂ ਵਾਲੇ ਜਾਂ ਨੀਲੇ ਘੋੜੇ ਦਾ ਸ਼ਾਹ ਅਸਵਾਰ ਆਖ ਕੇ ਬੇਸ਼ੱਕ ਅਸੀਂ ਆਪਣੀ ਸ਼ਰਧਾ ਤਾਂ ਜ਼ਰੂਰ ਗੁਰੂ ਸਾਹਿਬ ਪ੍ਰਤੀ ਅਰਪਣ ਕਰ ਲੈਂਦੇ ਹਾਂ ਪਰ ਉਹਨਾਂ ਦੀ ਵੀਚਾਰਧਾਰਾ ਨਾਲ ਇਨਸਾਫ਼ ਨਹੀਂ ਕਰਦੇ ਕਿਉਂਕਿ ਗੁਰੂ ਜੀ ਨੇ ਬਾਜ਼, ਘੋੜਾ ਅਤੇ ਕਲਗੀ ਤਾਂ ਸਿਰਫ਼ ਸਮੇਂ ਦੀ ਹਕੂਮਤ ਨੂੰ ਵੰਗਾਰਨ ਲਈ ਗ੍ਰਹਿਣ ਕੀਤੇ ਸਨ।

ਗੁਰੂ ਸਾਹਿਬ ਦੇ ਸਮੁੱਚੇ ਜੀਵਨ ਦਾ ਵਿਸ਼ਲੇਸ਼ਣ ਕਰਦਿਆਂ ਇੱਕੋ ਗੱਲ ਸਾਹਮਣੇ ਆਉਂਦੀ ਹੈ ਕਿ ਗੁਰੂ ਨਾਨਕ ਜੀ ਦੀ ਸੋਚ ਦੇ ਦਸਵੇਂ ਪਹਿਰੇਦਾਰ ਨੇ, ਉਸ ਆਦਰਸ਼ ਨੂੰ ਜੋ ਪਹਿਲੇ ਗੁਰੂ ਸਾਹਿਬਾਨ ਨੇ ਸਿਰਜਿਆ ਸੀ, ਨੂੰ ਕ੍ਰਿਆਤਮਿਕ ਰੂਪ ਵਿੱਚ ਪ੍ਰਗਟ ਕਰਕੇ, ਇੱਕ ਨਵੇਂ ਦ੍ਰਿਸ਼ਟੀਕੋਣ ਦੀ ਸਿਰਜਣਾ ਕਰ ਦਿੱਤੀ ਭਾਵ ਸਦੀਆਂ ਤੋਂ ਦੱਬੇ-ਕੁਚਲੇ ਲੋਕਾਂ ਦੇ ਮਨ ਅੰਦਰ ਇਕ ਨਵੀਂ ਰੂਹ ਭਰ ਦਿੱਤੀ, ਤਾਂ ਕਿ ਉਹ ਲੋਕ ਜਿਨਾਂ ਨੇ ਕਦੇ ਰਾਜ ਕਰਨ ਦਾ ਸੁਪਨਾ ਵੀ ਨਹੀਂ ਸੀ ਲਿਆ, ਉਹਨਾਂ ਨੂੰ ਗੱਦੀਆਂ ਦੇ ਮਾਲਕ ਬਣਾਇਆ ਜਾ ਸਕੇ।

ਇਹ ਕਹਿਣਾ ਵੀ ਬਿਲਕੁਲ ਗਲਤ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜ ਕੇ ਕਿਸੇ ਨਵੇਂ ਪੰਥ ਨੂੰ ਹੋਂਦ ਵਿੱਚ ਲਿਆਂਦਾ ਸਗੋਂ ਇਹ ਤਾਂ ਬਾਬੇ ਨਾਨਕ ਦਾ ਲਾਇਆ ਹੋਇਆ ਸਿੱਖੀ ਦਾ ਬੂਟਾ ਹੀ ਸੀ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜੜਾਂ ਤੋਂ ਕਾਫ਼ੀ ਮਜ਼ਬੂਤ ਹੋ ਚੁੱਕਿਆ ਸੀ, ਤਣੇ ਦੂਰ-ਦੂਰ ਤੱਕ ਫੈਲ ਚੁੱਕੇ ਸਨ ਤੇ ਇਸ ਦੀਆਂ ਟਹਿਣੀਆਂ ’ਤੇ ਦੱਬੇ-ਕੁਚਲੇ ਲੋਕਾਂ ਨੇ ਪੀਘਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਗੋਕਲ ਚੰਦ ਨਾਰੰਗ ਲਿਖਦਾ ਹੈ :

ਗੁਰੂ ਨਾਨਕ ਦੇਵ ਜੀ ਨੇ ਆਪਣੇ ਆਦਰਸ਼ ਨੂੰ ‘‘ਨਾ ਹਮ ਹਿੰਦੂ, ਨ ਮੁਸਲਮਾਨ ॥’’ (੧੧੩੬) ਦੁਆਰਾ ਪ੍ਰਗਟ ਕੀਤਾ ਸੀ। ਇਸੇ ਤਰਾਂ ਗੁਰੂ ਗੋਬਿੰਦ ਸਿੰਘ ਜੀ ਨੇ ‘ਮਾਨਸੁ ਕੀ ਜਾਤਿ, ਸਬੈ ਏਕੋ ਪਹਿਚਾਨਬੋ॥’ ਦਾ ਉਹੀ ਆਦਰਸ਼ ਦੁਹਰਾਇਆ, ਨਾ ਕਿ ਕੋਈ ਨਵਾਂ ਪੰਥ ਹੋਂਦ ਵਿੱਚ ਲਿਆਂਦਾ।

ਕਈ ਬੁੱਧੀਜੀਵੀ, ਗੁਰੂ ਗੋਬਿੰਦ ਸਿੰਘ ਜੀ ਨੂੰ ਸਿਰਫ਼ ਜੰਗਾਂ-ਯੁੱਧਾਂ ਦੇ ਨਾਇਕ ਦੇ ਤੌਰ ’ਤੇ ਹੀ ਪੇਸ਼ ਕਰਦੇ ਹਨ ਪਰ ਅਸਲ ਵਿੱਚ ਗੁਰੂ ਸਾਹਿਬ ਜੰਗਾਂ-ਯੁੱਧਾਂ ਦੇ ਵਿਰੁੱਧ ਸਨ, ਉਹ ਤਾਂ ਅਮਨ ਪਸੰਦ ਮਨੁੱਖ ਸਨ। ਜੰਗ-ਯੁੱਧ ਲੜਨੇ ਉਨਾਂ ਦੀ ਮਜ਼ਬੂਰੀ ਬਣ ਚੁੱਕੀ ਸੀ। ਔਰੰਗਜੇਬ ਨੂੰ ਜਫ਼ਰਨਾਮੇ ਵਿੱਚ ਲਿਖਦੇ ਹੋਏ ਗੁਰੂ ਸਾਹਿਬ ਆਖਦੇ ਹਨ: ‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥ ਹਲਾਲ ਅਸਤੁ ਬੁਰਦਨ ਬ ਸ਼ਮਸ਼ੀਰ ਦਸਤ ॥੨੨॥ ਚਿਹ ਕਸਮੇ ਕੁਰਾਅ ਮਨ ਕੁਨਮ ਏਤਬਾਰ ॥ ਵਗਰਨਹ ਤੁ ਗੋਈ ਮਨ ਈਂ ਰਹ ਚਿਹਕਾਰ ॥੨੩॥ (ਜ਼ਫ਼ਰਨਾਮਾ – ਸ੍ਰੀ ਦਸਮ ਗ੍ਰੰਥ ਸਾਹਿਬ) ਭਾਵ ਜਦ ਕਿਸੇ ਕੰਮ ਲਈ ਸਾਰੇ ਉਪਾਅ ਖ਼ਤਮ ਹੋ ਜਾਣ ਤਦ ਤਲਵਾਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ, ਮੈਂ (ਤੇਰੀ) ਕੁਰਾਨ ਦੀ ਖਾਧੀ ਕਸਮ ਦਾ ਕੀ ਵਿਸ਼ਵਾਸ ਕਰਾਂ ? ਨਹੀਂ ਤਾਂ (ਵਰਨਾ) ਤੂੰ ਹੀ ਦੱਸ ਕਿ ਮੇਰਾ ਇਸ ਰਾਹ ’ਤੇ ਚੱਲਣ ਦਾ ਕੀ ਕੰਮ ਸੀ ?

ਜੇਕਰ ਗੁਰੂ ਸਾਹਿਬ ਨੂੰ ਜੰਗ-ਯੁੱਧ ਕਰਨੇ ਵੀ ਪਏ ਤਾਂ ਉਹ ਵੀ ਲੋਕ ਹਿਤਾਂ ਖ਼ਾਤਰ ਹੀ ਸਨ। ਬੇਸ਼ੱਕ ਗੁਰੂ ਸਾਹਿਬ ਦਾ ਮਨੋਰਥ ਕੋਈ ਗੱਦੀ ਹਥਿਆਉਣਾ ਨਹੀਂ ਸੀ ਪਰ ਉਹ ਇਹ ਵੀ ਚਾਹੁੰਦੇ ਸਨ ਕਿ ਗੱਦੀਆਂ ਦੇ ਮਾਲਕ ਇਸ ਧਰਤੀ ਦੇ ਸੱਚੇ-ਸੁੱਚੇ ਲੋਕ ਹੀ ਹੋਣ, ਨਾ ਕਿ ਕੋਈ ਰਾਜੇ ਜਾਂ ਰਜਵਾੜੇ। ਗੁਰੂ ਸਾਹਿਬ ਅੰਦਰ ਸਦੀਆਂ ਤੋਂ ਲੁੱਟ ਦਾ ਸ਼ਿਕਾਰ ਹੋ ਰਹੀ ਭਾਰਤ ਦੀ ਆਮ ਜਨਤਾ ਪ੍ਰਤੀ ਇੱਕ ਜ਼ਜਬਾ ਸੀ ਕਿ ਉਹ ਕਿਵੇਂ ਨਾ ਕਿਵੇਂ ‘‘ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ਕੋ ਮੰਦੇ ॥’’ (੧੩੪੯) ਨੂੰ ਬਰਾਬਰੀ ਦਾ ਸਮਾਜ ਸਿਰਜ ਕੇ ਦੇਣ ਅਤੇ ‘ਬੇਗਮਪੁਰੇ’ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਨਾਉਣ। ਇਹੀ ਗੁਰੂ ਗੋਬਿੰਦ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੁਆਰਾ ਮਿਲੀ ਹੋਈ ਸੋਚ ਸੀ, ਇਸੇ ਸੋਚ ਨੂੰ ਲੈ ਕੇ ਉਨਾਂ ਆਪਣਾ ਸਾਰਾ ਪਰਿਵਾਰ ਦੇਸ਼-ਕੌਮ ਤੋਂ ਵਾਰ ਦਿੱਤਾ ਅਤੇ ਖਾਲਸਾ ਸਥਾਪਨ ਕਰਕੇ ਇੱਕ ਮਹਾਨ ਇਨਕਲਾਬ ਇਸ ਧਰਤੀ ਉੱਪਰ ਲੈਆਂਦਾ। ਫਰਾਂਸ ਵਿੱਚ  Liberty, Fraternity & equality ਦਾ ਜੋ ਨਾਹਰਾ ਲਾਇਆ ਸੀ, ਗੁਰੂ ਸਾਹਿਬ ਨੇ ਸਦੀਆਂ ਪਹਿਲਾਂ ਉਸ ਨੂੰ ਲਾਗੂ ਕਰ ਦਿੱਤਾ ਸੀ। ਮਹਾਨ ਚਿੰਤਕ ਕਾਰਲ ਮਾਰਕਸ ਜਿਸ ਸਮਾਜਵਾਦ ਦੀ ਗੱਲ ਕਰਦਾ ਰਿਹਾ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਅਮਲੀ ਰੂਪ ਵਿੱਚ ਲਾਗੂ ਕੀਤਾ ਹੋਇਆ ਸੀ। ਫਿਰ ਕੀ ਕਾਰਨ ਹੈ ਕਿ ਅਸੀਂ ਆਪਣੇ ਮਹਾਨ ਗੁਰੂ ਨੂੰ ਛੱਡ ਕੇ, ਕਦੇ ਫਰਾਂਸੀਸੀ ਕਦੇ ਰਸ਼ੀਅਨ ਚਿੰਤਕਾਂ ਮਾਰਕਸ, ਲੈਨਿਨ, ਸਟਾਲਨ ਨੂੰ ਆਪਣਾ ਆਦਰਸ਼ ਮੰਨੀ ਬੈਠੇ ਹਾਂ। ਕਿਤੇ ਅਸੀਂ ਜਾਣੇ ਅਣਜਾਣੇ ’ਚ ਹਕੀਕਤ ਤੋਂ ਦੂਰ ਤਾਂ ਨਹੀਂ ਜਾ ਰਹੇ ਤਾਂ ਕਿ ਇਹ ਲੋਕ ਗੁਰੂ ਸਾਹਿਬ ਨੂੰ ਆਪਣਾ ਆਦਰਸ਼ ਮੰਨ ਕੇ ਕਿਤੇ ਫੇਰ ਇਨਕਲਾਬ ਨਾ ਲੈ ਆਉਣ।

ਗੁਰੂ ਸਾਹਿਬ; ਤਸਵੀਰ, ਬੁੱਤ ਆਦਿ ਦੀ ਪੂਜਾ ਨੂੰ ਮੂਲੋਂ ਹੀ ਰੱਦ ਕਰਦੇ ਸਨ ਜਦਕਿ ਅੱਜ ਅਸੀਂ ਕੇਵਲ ਸ਼ਰਧਾ ਵੱਸ ਗੁਰੂ ਸਾਹਿਬ ਦੀ ਫੋਟੋ ਤਾਂ ਆਪਣੇ ਘਰੇ ਜ਼ਰੂਰ ਲਗਾ ਰੱਖੀ ਹੈ, ਪਰ ਗੁਰੂ ਸਾਹਿਬ ਦੇ ਆਦਰਸ਼ ਤੋਂ ਬਿਲਕੁਲ ਕੋਰੇ ਹਾਂ। ਗੁਰੂ ਸਾਹਿਬ ਦੀ ਫੋਟੋ ’ਤੇ ਹਾਰ ਪਾਉਣਾ ਤਾਂ ਨਹੀਂ ਭੁੱਲਦੇ ਪਰ ਉਨਾਂ ਦੇ ਦਰਸਾਏ ਮਾਰਗ ਨੂੰ ਜ਼ਰੂਰ ਭੁੱਲ ਚੁੱਕੇ ਹਾਂ। ਸਾਡੇ ਚਿੱਤਰਕਾਰਾਂ ਨੇ ਵੀ ਗੁਰੂ ਸਾਹਿਬ ਦੀਆਂ ਹੱਥ ਵਿੱਚ ਬਾਜ਼ ਫੜ ਕੇ, ਨੀਲੇ ਘੋੜੇ ਦੀ ਸਵਾਰੀ ਕਰਦਿਆਂ ਸਿਰ ’ਤੇ ਕਲਗੀ ਲਾ ਕੇ ਤਾਂ ਬਹੁਤ ਕਾਲਪਨਿਕ ਤਸਵੀਰਾਂ ਬਣਾ ਕੇ ਸਿੱਖਾਂ ਹੱਥ ਫੜਾ ਦਿੱਤੀਆਂ ਪਰ ਗੁਰੂ ਸਾਹਿਬ ਜੀ ਵੱਲੋਂ ਸਾਹਿਤਕ ਰਚਨਾ ਕਰਦਿਆਂ ਦੀ ਤਸਵੀਰ ਜਾਂ ਇੱਕੋ ਬਾਟੇ ਵਿੱਚ ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ ਇਕੱਠਿਆਂ ਅੰਮ੍ਰਿਤ ਛਕਾਉਣ ਦੀਆਂ ਤਸਵੀਰਾਂ ਬਹੁਤ ਘੱਟ ਬਣਾਈਆਂ ਹਨ। ਗੁਰੂ ਸਾਹਿਬ ਪ੍ਰਤੀ ਸ਼ਰਧਾ ਭਾਵਨਾ ਰੱਖਣ ਵਾਲੇ ਚਿਤਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਗੁਰੂ ਸਾਹਿਬ ਜੀ ਦੀਆਂ ਇਨਾਂ ਘਟਨਾਵਾਂ ਬਾਰੇ ਵੀ ਕੁਝ ਚਾਨਣਾ ਪਾਉਣ ਦਾ ਯਤਨ ਕਰਨ ਤਾਂ ਕਿ ਦੁਨੀਆਂ ਦੇ ਲੋਕ ਇਸ ਗੱਲ ਨੂੰ ਭਲੀ ਭਾਂਤ ਸਮਝ ਲੈਣ ਕਿ ਗੁਰੂ ਗੋਬਿੰਦ ਸਿੰਘ ਜੀ ਕੋਈ ਲੜਾਕੂ ਯੋਧਾ ਜਾਂ ਮਹਾਤਮਾ ਗਾਂਧੀ ਦੇ ਸ਼ਬਦਾਂ ਵਿੱਚ ਕੋਈ ਭੁੱਲੜ ਦੇਸ਼ ਭਗਤ ਨਹੀਂ ਸਨ ਬਲਕਿ ਮਹਾਨ ਵਿਦਵਾਨ ਅਤੇ ਮਹਾਨ ਇਨਕਲਾਬੀ ਸਮਾਜ ਭਗਤ ਸਨ। ਜਿਨਾਂ ਨੇ ਸਦੀਆਂ ਤੋਂ ਲੁੱਟ-ਖਸੁੱਟ ਦਾ ਸ਼ਿਕਾਰ ਹੋਈ ਭਾਰਤ ਦੀ ਆਮ ਜਨਤਾ ਨੂੰ ਗੱਦੀਆਂ ਦੇ ਵਾਰਿਸ ਬਣਾਇਆ ਅਤੇ ਚਿੜੀਆਂ ਕੋਲੋਂ ਬਾਜ਼ ਤੁੜਵਾਉਣ ਦਾ ਅਤੇ ਸਵਾ ਲੱਖ ਨਾਲ ਇੱਕ ਨੂੰ ਲੜਾਉਣ ਦਾ ਸਿਰਫ਼ ਸੁਪਨਾ ਹੀ ਨਹੀਂ ਸੀ ਵਿਖਾਇਆ ਗਿਆ ਸਗੋਂ ਪ੍ਰਤੱਖ ਰੂਪ ਵਿੱਚ ਉਸ ਨੂੰ ਕਰਕੇ ਵੀ ਦਿਖਾਇਆ। ਗੁਰੂ ਸਾਹਿਬ ਜੀ ਦੀ ਇੱਕ ਵਚਨਵੱਧਤਾ ਦਾ ਜ਼ਿਕਰ ਰਤਨ ਸਿੰਘ ਭੰਗੂ ਨੇ ਆਪਣੇ ਸ਼ਬਦਾਂ ਵਿੱਚ ਇਉਂ ਕੀਤਾ ਹੈ : ‘ਸਤ ਸਨਾਅ ਔਰ ਬਾਰਹ ਜਾਤ, ਜਾਨੇ ਨਹਿ ਰਾਜਨੀਤ ਕੀ ਬਾਤ। ਜਟ ਬੂਟ ਕਹਿ ਨਹਿ ਜਗ ਮਾਹੀਂ, ਬਣੀਏ ਬਕਾਲ ਕਿਰਾੜ ਖਤ੍ਰੀ ਸਦਾਈ। ਲੁਹਾਰ ਤ੍ਰਖਾਣ ਹੁਣ ਜਾਤ ਕਮੀਨੀ, ਛੀਪੋ ਕਲਾਲ ਨੀਚਨ ਪੈ ਕ੍ਰਿਪਾ ਕੀਨੀ। ਗੁਜਰ ਗਵਾਰ ਹੀਰ ਕਮਜਾਤ, ਕੰਬੋਇ ਸੂਦਨ ਕੋਇ ਪੂਛੇ ਨਾ ਬਾਤ। ਝੀਵਰ ਨਾਈ ਰੋੜੇ ਘੁਮਿਆਰ, ਸਾਇਣੀ ਨਾਈ ਚੂੜੇ ਚਮਿਆਰ, ਭੱਟ ਐ ਬ੍ਰਾਹਮਣ ਹੁਤੇ ਸੰਗਵਾਰ। ਬਹੁ ਰੂਪੀਏ ਲੁਬਾਣੇ ਔ ਘੁਮਿਆਰ, ਇਨ ਗ੍ਰੀਬ ਸਿਖਨ ਕੋ ਦਯੋ ਪਾਤਿਸ਼ਾਹੀ, ਏ ਯਾਦ ਰਖੈ ਹਮਰੀ ਗੁਰਿਆਈ।’

ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ਼ ਰਾਜਸੀ ਇਨਕਲਾਬ ਦੀ ਹੀ ਗੱਲ ਨਹੀਂ ਕੀਤੀ ਸਗੋਂ ਲੋਕਾਂ ਦੀ ਆਤਮਾ ਨੂੰ ਵੀ ਅਧਿਆਤਮਕਤਾ ਦੇ ਰਾਹ ’ਤੇ ਚਲਾ ਕੇ ਆਪਣੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਆਪਣੇ ਆਚਰਣ ਨੂੰ ਸ਼ੁੱਧ ਰੱਖਣ ’ਤੇ ਵੀ ਜ਼ੋਰ ਦਿੱਤਾ ਤਾਂ ਜੋ ਕਿਤੇ ਗੱਦੀਆਂ ਦੇ ਮਾਲਕ ਬਣ ਕੇ ਇਹ ਲੋਕ ਵੀ ਡੋਲ ਨਾ ਜਾਣ ਇਸੇ ਕਰਕੇ ‘ਬਾਣੀ’ ਅਤੇ ‘ਬਾਣੇ’ ਦਾ ਸੰਕਲਪ ਗੁਰੂ ਸਾਹਿਬ ਜੀ ਦੀ ਮਨੋਵਿਗਿਆਨਕ ਸੂਝ ਦਾ ਪ੍ਰਤੀਕ ਹੈ।

ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ ਜੀਵਨ ਨੂੰ ਕੇਵਲ ਰਾਜਸੀ ਤੇ ਫੌਜੀ ਪ੍ਰਾਪਤੀਆਂ ਦੇ ਗਜਾਂ ਨਾਲ ਨਹੀਂ ਮਾਪਿਆ ਜਾ ਸਕਦਾ ਕਿਉਂਕਿ ਉਨਾਂ ਦੀਆਂ ਪ੍ਰਾਪਤੀਆਂ ਸਰਬ ਪੱਖੀ ਹਨ ਅਤੇ ਉਨਾਂ ਨੂੰ ਕੇਵਲ ਇੱਕ ਖੇਤਰ ਦੀਆਂ ਪ੍ਰਾਪਤੀਆਂ ਤੱਕ ਕਲਮ ਨਾਲ ਸੀਮਤ ਕਰਨਾ ਉਨਾਂ ਦੀ ਮਹਾਂਨ ਸ਼ਖ਼ਸੀਅਤ ਨਾਲ ਬੇਇਨਸਾਫ਼ੀ ਹੀ ਹੋਵੇਗੀ।