ਅਸਲ ਵਿੱਦਿਆ / ਧਰਮ ਅਤੇ ਵਿੱਦਿਆ

0
763

ਅਸਲ ਵਿੱਦਿਆ / ਧਰਮ ਅਤੇ ਵਿੱਦਿਆ

ਰਣਜੀਤ ਸਿੰਘ ((B.Sc., M.A., M.Ed.),), ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ)- 99155-15436

ਪ੍ਰਸਿੱਧ ਵਿਦਵਾਨ ਐਮ. ਐਲ. ਜੈਕਬ ਅਨੁਸਾਰ ਧਰਮ ਤੋਂ ਬਿਨਾ ਵਿੱਦਿਆ ਅਧੂਰੀ ਹੈ। ਰੱਬੀ ਗਿਆਨ ਤੋਂ ਬਿਨਾ ਵਿੱਦਿਆ ਕੇਵਲ ਕਿਤਾਬੀ ਪੜ੍ਹਾਈ ਹੀ ਰਹਿ ਜਾਵੇਗੀ। ਜੇਕਰ ਵਿੱਦਿਆ ਵਿੱਚ ਰੱਬੀ ਗਿਆਨ ਹੋਵੇਗਾ ਤਾਂ ਉਹ ਪੂਰਨ ਮਨੁੱਖ ਦੀ ਸਖਸ਼ੀਅਤ ਘੜ ਸਕੇਗੀ।

 ਵਿੱਦਿਆ ਦਾ ਭਾਵ ਇਹ ਨਹੀਂ ਕਿ ਲੋਕਾਂ ਨੂੰ ਉਹ ਕੁੱਝ ਸਿਖਾਇਆ ਜਾਵੇ ਜੋ ਉਹ ਨਹੀਂ ਜਾਣਦੇ। ਮਹਾਨ ਫਿਲਾਸਫਰ ਰਸਕਿਨ ਅਨੁਸਾਰ ਅਸਲ ਵਿੱਦਿਆ ਤੋਂ ਭਾਵ ਨੌਜਵਾਨ ਪੀੜ੍ਹੀ ਨੂੰ ਸਰੀਰ ਅਤੇ ਆਤਮਾ ਦੀ ਮੁਕੰਮਲ ਵਰਤੋਂ ਤੇ ਸੀਲ ਸੰਜਮ ਦੀ ਸਿਖਲਾਈ ਦਿੱਤੀ ਜਾਵੇ। ਅਸਲ ਵਿੱਚ ਧਰਮ ਅਤੇ ਵਿੱਦਿਆ ਦਾ ਸੁਮੇਲ ਤਨ, ਮਨ ਅਤੇ ਆਤਮਾ ਦੇ ਪੱਕੇ ਮਿਲਾਪ ਤੋਂ ਹੈ। ਇਸ ਲਈ ਇਹ ਜਰੂਰੀ ਹੈ ਕਿ ਸਕੂਲਾਂ ਤੇ ਕਾਲਜਾਂ ਵਿੱਚ ਕੇਵਲ ਕਿਤਾਬੀ ਗਿਆਨ ਹੀ ਨਾ ਦਿੱਤਾ ਜਾਵੇ ਸਗੋਂ ਵਿਦਿਆਰਥੀਆਂ ਦੇ ਜੀਵਨ ਦੀ ਘੜਤ ਵੀ ਘੜੀ ਜਾਵੇ। ਸਚਾਈ ਇਹ ਹੈ ਕਿ ਵਿੱਦਿਆ ਦੀ ਨੀਂਹ ਹੀ ਰੱਬ ਅਤੇ ਧਰਮ ਉੱਤੇ ਅਟੁੱਟ ਵਿਸ਼ਵਾਸ਼ ਅਤੇ ਭਰੋਸੇ ਦੀ ਚਟਾਨ ਉੱਤੇ ਰੱਖਣੀ ਚਾਹੀਦੀ ਹੈ।

ਅੱਜ ਸਾਡੇ ਸਮਾਜ ਵਿੱਚ ਜੋ ਕੁੱਝ ਵਾਪਰ ਰਿਹਾ ਹੈ। ਉਸ ਦਾ ਮੁੱਖ ਕਾਰਨ ਹੀ ਇਹ ਹੈ ਕਿ ਦੁਨਿਆਵੀ ਵਿੱਦਿਆ ਵਿੱਚੋਂ ਧਰਮ ਅਲੋਪ ਹੋ ਗਿਆ ਹੈ। ਉੱਚੀ ਵਿੱਦਿਆ ਦੇ ਬਲ ਤੇ ਉੱਚੀਆਂ ਪਦਵੀਆਂ ਤਾਂ ਮਿਲ ਗਈਆਂ ਪਰ ਨਾਲ ਹੀ ਮਨੁੱਖੀ ਕਦਰਾਂ ਕੀਮਤਾਂ ਦਾ ਵੀ ਦੀਵਾਲਾ ਨਿਕਲ ਗਿਆ। ਜੇਕਰ ਦੇਸ਼ ਤੇ ਦੁਨੀਆਂ ਦੇ ਵਿਕਾਸ ਵਿੱਚ ਪੜ੍ਹੇ ਲਿਖੇ ਲੋਕਾਂ ਦਾ ਵੱਡਾ ਯੋਗਦਾਨ ਹੈ ਤਾਂ ਇਸ ਸਚਾਈ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਦੇਸ਼ ਦੇ ਵਿਨਾਸ਼ ਵਿੱਚ ਵੀ ਵੱਡਾ ਯੋਗਦਾਨ ਪੜ੍ਹੇ ਲਿਖੇ ਮਨੁੱਖਾਂ ਦਾ ਹੀ ਹੈ। ਅੱਜ ਸਮਾਜ ਵਿੱਚ ਮਨੁੱਖੀ ਕਦਰਾਂ ਕੀਮਤਾਂ ਅਲੋਪ ਹੋ ਚੁੱਕੀਆਂ ਹਨ। ਇਸ ਦਾ ਮੁੱਖ ਕਾਰਨ ਵਿੱਦਿਆ ਨੂੰ ਧਰਮਹੀਨ ਕਰ ਦੇਣਾ ਹੀ ਹੈ। ਅੱਜ ਸਕੁਲਾਂ ਅਤੇ ਕਾਲਜਾਂ ਵਿੱਚ ਧਾਰਮਿਕ ਵਿੱਦਿਆ ਦੇਣੀ ਫਜੂਲ ਦੀ ਗੱਲ ਸਮਝੀ ਜਾਂਦੀ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਦੇਸ਼ ਦਾ ਵਿੱਦਿਅਕ ਢਾਂਚਾ ਘੜਨ ਦਾ ਮਨੋਰਥ ਰੱਬ ਦਾ ਭੈ ਮੰਨਣ ਵਾਲੇ ਚੰਗੇ ਇਨਸਾਨ ਪੈਦਾ ਕਰਨਾ ਨਹੀਂ ਸਗੋਂ ਹੁਕਮਰਾਨ ਸ਼੍ਰੇਣੀ ਦੇ ਵਫਾਦਾਰ ਅਤੇ ਹੁਕਮਪਾਲ ਅਫਸਰ ਤੇ ਬਾਬੂ ਤਿਆਰ ਕੀਤੇ ਜਾਣਾ ਹੈ। ਅਜਿਹੇ ਵਿੱਦਿਅਕ ਅੰਜਾਮ ਵਿੱਚ ਧਰਮ ਜਾਂ ਰੱਬ ਨੂੰ ਕਿੱਥੇ ਥਾਂ ਮਿਲ ਸਕਦੀ ਹੈ ?

ਡਾਕਟਰ ਵੈਲਡਨ ਆਪਣੀ ਪੁਸਤਕ ਦੀ ਇੰਗਲਿਸ਼ ਚਰਚ ਵਿੱਚ ਲਿਖਦੇ ਹਨ ਕਿ ਧਰਮ ਤੇ ਵਿੱਦਿਆ ਦੇ ਵੱਖ ਵੱਖ ਹੋ ਜਾਣ ਨਾਲ ਅੱਜ ਦਾ ਸਮਾਜ ਲਗਾਤਾਰ ਗਿਰਾਵਟ ਵੱਲ ਜਾ ਰਿਹਾ ਹੈ। ਸਾਡਾ ਮੌਜੂਦਾ ਵਿੱਦਿਅਕ ਢਾਂਚਾ ਰੱਬੀ ਵਿੱਦਿਆ ਤੋਂ ਸੱਖਨਾ ਹੈ। ਇਹ ਕੇਵਲ ਦੁਨੀਆਦਾਰੀ ਦੀ ਜਾਂ ਪੈਸਾ ਕਮਾਉਣ ਦੀ ਹੀ ਗੱਲ ਕਰਦਾ ਹੈ। ਭਗਤ ਕਬੀਰ ਜੀ ਅਜਿਹੀ ਵਿੱਦਿਆ ਬਾਰੇ ਕਹਿੰਦੇ ਹਨ : ‘‘ਮਾਇਆ ਕਾਰਨ ਵਿਦਿਆ ਬੇਚਹੁ; ਜਨਮੁ ਅਬਿਰਥਾ ਜਾਈ॥’’ (ਰਾਗ ਮਾਰੂ ਪੰਨਾ 1103)

ਇੱਕ ਪੜ੍ਹਿਆ ਲਿਖਿਆ ਲਾਇਕ ਡਾਕਟਰ ਜਿਸ ਨੇ ਸਮਾਜ ਨੂੰ ਚੰਗੀ ਸਿਹਤ ਪ੍ਰਦਾਨ ਕਰਨੀ ਸੀ, ਪੈਸੇ ਦੇ ਲਾਲਚ ਵਿੱਚ ਆ ਕੇ ਕਿਸੇ ਦਾ ਗੁਰਦਾ ਕੱਢ ਕੇ ਵੇਚਣ ਵਿੱਚ ਆਪਣੀ ਕਾਮਯਾਬੀ ਸਮਝਦਾ ਹੈ। ਇਸੇ ਤਰ੍ਹਾਂ ਕੋਈ ਪ੍ਰਸਿੱਧ ਐਡਵੋਕੇਟ ਲਾਲਚ ਵਸ ਬੇਕਸੂਰ ਨੂੰ ਫਾਂਸੀ ਦਿਵਾਉਣ ਵਿੱਚ ਅਤੇ ਕਸੂਰਵਾਰ ਨੂੰ ਅਜ਼ਾਦ ਕਰਾਉਣ ਵਿੱਚ ਫਖਰ ਮਹਿਸੂਸ ਕਰਕੇ ਆਪਣੀ ਵਿੱਦਿਆ ਦਾ ਦੀਵਾਲਾ ਕੱਢ ਰਿਹਾ ਹੈ। ਅਜਿਹੀ ਵਿੱਦਿਆ ਅਕਾਲ ਪੁਰਖ ਦੇ ਲੇਖੇ ਵਿੱਚ ਨਹੀਂ ਪੈਂਦੀ, ਗੁਰੂ ਨਾਨਕ ਦੇਵ ਜੀ ਇਸ ਨੂੰ ਝੱਖ ਮਾਰਨ ਦੇ ਬਰਾਬਰ ਹੀ ਕਹਿੰਦੇ ਹਨ। ਆਸਾ ਕੀ ਵਾਰ ਵਿੱਚ ਉਨ੍ਹਾਂ ਬਚਨ ਕੀਤਾ ਕਿ ‘‘ਨਾਨਕ ! ਲੇਖੈ ਇਕ ਗਲ, ਹੋਰੁ ਹਉਮੈ ਝਖਣਾ ਝਾਖ॥’’ (ਪੰਨਾ 467)

ਧਰਮ ਦੀ ਵਿੱਦਿਆ ਤੇ ਦੁਨਿਆਵੀ ਵਿੱਦਿਆ ਦੇ ਸੁਮੇਲ ਨੂੰ ਹੀ ਅਸਲ ਵਿੱਦਿਆ ਕਿਹਾ ਜਾ ਸਕਦਾ ਹੈ। ਦੁਨਿਆਵੀ ਵਿੱਦਿਆ ਜਿੱਥੇ ਸਾਨੂੰ ਉੱਚੇ ਰੁੱਤਬੇ ’ਤੇ ਪਹੁੰਚਣ ਵਿੱਚ ਸਹਾਈ ਹੁੰਦੀ ਹੈ ਅਤੇ ਰੋਜ਼ੀ ਰੋਟੀ ਕਮਾਉਣ ਦਾ ਸਾਧਨ ਬਣਦੀ ਹੈ। ਉੱਥੇ ਧਰਮ ਦੀ ਵਿੱਦਿਆ ਹੀ ਮਨੁੱਖਤਾ ਵਿੱਚ ਪਿਆਰ ਅਤੇ ਏਕਤਾ ਨੂੰ ਬਣਾਈ ਰੱਖਣ ਵਿੱਚ ਸਹਾਈ ਹੁੰਦੀ ਹੈ। ਜਦੋਂ ਸਕੂਲਾਂ ਕਾਲਜਾਂ ਵਿੱਚ ਧਾਰਮਿਕ ਵਿੱਦਿਆ ਦੇ ਅਧੀਨ ਧਾਰਮਿਕ ਵਿਅਕਤੀਆਂ ਦੇ ਜੀਵਨ ਦੀਆਂ ਉਚਾਈਆਂ ਬਾਰੇ ਵਿਦਿਆਰਥੀਆਂ ਨੂੰ ਸਿੱਖਿਆ ਮਿਲੇਗੀ ਤਾਂ ਉਹਨਾਂ ਅੰਦਰ ਇੱਕ ਦੂਜੇ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਹੋਵੇਗੀ। ਧਾਰਮਿਕ ਮਤਭੇਦਾਂ ਬਾਰੇ ਵੀ ਸ਼ਹਿਨਸ਼ੀਲਤਾ ਵਧੇਗੀ। ਅਜਿਹੇ ਸੁਭਾਅ ਦੀ ਅੱਜ ਵਧੇਰੇ ਲੋੜ ਹੈ।

ਅਮਰੀਕਾ ਦੇ ਰਾਸ਼ਟਰਪਤੀ ਇਬਰਾਹੀਮ ਲਿੰਕਨ ਨੇ ਆਪਣੇ ਬੇਟੇ ਰੌਬਰਟ ਨੂੰ ਸਕੂਲ ’ਚ ਦਾਖਲ ਕਰਵਾਉਣ ਤੋਂ ਬਾਅਦ ਉਸ ਸਕੂਲ ਦੇ ਹੈਡਮਾਸਟਰ ਨੂੰ ਇੱਕ ਪੱਤਰ ਲਿਖਿਆ ਕਿ ਮੇਰੇ ਬੱਚੇ ਨੂੰ ਪੜ੍ਹਾਈ ਦੇ ਨਾਲ ਨਾਲ ਇਹ ਵੀ ਸਿਖਾਓ ਕਿ ਮਿਹਨਤ ਨਾਲ ਕਮਾਇਆ ਹੋਇਆ ਇੱਕ ਡਾਲਰ ਬੇਈਮਾਨੀ ਨਾਲ ਕਮਾਏ ਹੋਏ ਪੰਜ ਡਾਲਰ ਤੋਂ ਵੱਧ ਕੀਮਤੀ ਹੁੰਦਾ ਹੈ। ਉਸ ਨੂੰ ਇਹ ਵੀ ਸਿੱਖਿਆ ਦਿਉ ਕਿ ਨਕਲ ਮਾਰ ਕੇ ਪਾਸ ਹੋਣ ਨਾਲੋਂ ਫੇਲ੍ਹ ਹੋਣਾ ਜਿਆਦਾ ਚੰਗਾ ਹੈ। ਉਸ ਨੂੰ ਇਹ ਵੀ ਸਿਖਾਓ ਕਿ ਜਿੱਤ ਦਾ ਅਨੰਦ ਮਾਨੇ ਤੇ ਹਾਰ ਨੂੰ ਸਹਿਣਾ ਵੀ ਸਿਖਾਓ। ਉਸ ਨੂੰ ਕੁਦਰਤ ਦੇ ਡੂੰਘੇ ਭੇਦਾਂ ਤੇ ਦਿਮਾਗ ਲੜਾਉਣ ਦੀ ਜਾਂਚ ਵੀ ਸਿਖਾਓ ਅਤੇ ਇਹ ਵੀ ਦੱਸੋ ਕਿ ਉਹ ਸਭ ਦੀ ਸੁਣੇ ਅਤੇ ਦਿਮਾਗ ਦੀ ਸਹੀ ਵਰਤੋਂ ਕਰਕੇ ਫੈਸਲਾ ਲਵੇ।

ਸੋ, ਅਸਲ ਵਿੱਦਿਆ ਉਹ ਹੈ ਜੋ ਸਕੂਲਾਂ ਜਾਂ ਕਾਲਜਾਂ ਦੇ ਸਲੇਬਸ ਦੀਆਂ ਕਿਤਾਬਾਂ ਤੋਂ ਬਾਹਰ ਸਾਨੂੰ ਮਿਲਦੀ ਹੈ। ਇਸ ਨੂੰ ਹਾਸਲ ਕਰਨ ਲਈ ਮਨੁੱਖ ਨੂੰ ਉੱਚੇ ਸੁੱਚੇ ਜੀਵਨ ਵਾਲੇ ਪੜ੍ਹੇ ਲਿਖੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ। ਗੁਰਬਾਣੀ ਦਾ ਫੁਰਮਾਨ ਹੈ: ‘‘ਸਤੀ ਪਹਿਰੀ, ਸਤੁ; ਬਹੀਐ ਪੜ੍ਹਿਆ ਪਾਸ॥’’ (ਸਲੋਕ ਮ: 2 ਪੰਨਾ 146)