ਅਚਰਜ ਵਣ ਤੇ ਬਾਗ਼ ਗੁਰੂ ਗ੍ਰੰਥ ਸਾਹਿਬ

0
424

ਅਚਰਜ ਵਣ ਤੇ ਬਾਗ਼ ਗੁਰੂ ਗ੍ਰੰਥ ਸਾਹਿਬ

ਪ੍ਰਿੰਸੀਪਲ ਸਤਬੀਰ ਸਿੰਘ

ਗੁਰੂ ਗ੍ਰੰਥ ਸਾਹਿਬ ਇੱਕ ਅਚਰਜ ਵਣ ਹੈ, ਜਿੱਥੇ ਅਨੇਕਾਂ ਪਸ਼ੂ-ਪੰਛੀ ਕਲੋਲ ਕਰਦੇ, ਝੂਮਦੇ ਅਤੇ ਉਡਾਰੀਆਂ ਲਗਾਉਂਦੇ ਦਿਖਾਈ ਦਿੰਦੇ ਹਨ । ਹਰ ਪਸ਼ੂ-ਪੰਛੀ ਨੂੰ ਇਸ (ਅਚਰਜ-ਵਣ) ਨੇ ਗਹੁ ਨਾਲ ਤੱਕਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਕਰਤਿਆਂ ਨੇ, ਜਿਵੇਂ ਉਸ ਦੀ ਜੂਨ ਹੀ ਸਵਾਰ ਦਿੱਤੀ ਹੋਵੇ।

ਅੱਕਤਿੱਡਾ ਦੀ ਪ੍ਰੀਤ ਤੋਂ ਲੈ ਕੇ ਕੁੰਚਰ ਦੇ ਇਸ਼ਨਾਨ ਤੱਕ ਪਸ਼ੂ-ਪੰਛੀਆਂ ਦੇ ਸੁਭਾਅ ਨੂੰ ਵਿਦ੍ਯਮਾਨ (ਪ੍ਰਤੱਖ) ਕੀਤਾ ਹੈ । ਗੁਰੂ ਗ੍ਰੰਥ ਸਾਹਿਬ ਦੇ ਰਚਨਹਾਰਿਆਂ ਨੇ ਅੱਕਤਿੱਡੇ ਦਾ ਸ਼ੁਕਰ-ਸ਼ੁਕਰ ਕਰ ਇੱਕ ਥਾਂ ਟਿਕੇ ਰਹਿਣਾ, ਚਿੜੀ ਦੀ ਸੰਤੋਖਤਾ, ਡੱਡੂ ਦੀ ਚੰਚਲਤਾ, ਪਿੱਸੂ ਦੇ ਡੰਗ, ਚਿੱਚੜ ਦਾ ਦੁੱਧ ਨੂੰ ਛੱਡ; ਖ਼ੂਨ ਪੀਣਾ, ਮੱਛਰ ਮੱਖੀ ਦਾ ਗੰਦ-ਮੰਦ ’ਤੇ ਗਿਰਨਾ, ਭਉਰੇ ਦੀ ਗੁੰਜਾਰ, ਮੱਕੜੀ ਦਾ ਜਾਲਾ ਉਣ; ਉਸ ਵਿੱਚ ਆਪ ਹੀ ਫੱਸ ਜਾਣਾ, ਹਾਥੀ ਦਾ ਖੇਹ ਉਡਾਉਣਾ, ਕਾਮੀ ਹੋ ਖੱਡ ਵਿੱਚ ਗਿਰਨਾ ਆਦਿਕ; ਪਰ ਪੁਕਾਰਨ ਵੇਲੇ ਪ੍ਰਭੂ ਦਾ ਆ ਕੇ ਬਚਾਉਣਾ ਤੇ ਰੂਪ ਸ਼ਕਤੀਸ਼ਾਲੀ ਕੁਵੱਲੀਆਪੀੜ (ਕੰਸ਼ ਦੁਆਰਾ ਕ੍ਰਿਸ਼ਨ ਨੂੰ ਮਾਰਨ ਲਈ ਭੇਜਿਆ ਹਾਥੀ) ਦਾ ਹੋ ਜਾਣਾ, ਕੀੜੀ ਦਾ ਰੇਤ ਵਿੱਚੋਂ ਖੰਡ ਬੀਨਣਾ (ਚੁਗਣਾ) ਤੇ ਭੌਣ ਵਿੱਚੋਂ ਨਿਕਲ ਵੱਢਣਾ, ਚਰਗੇ (ਬਾਜ਼) ਦਾ ਮਾਸ ਨੂੰ ਨੋਚਣਾ, ਕਹੂਆ (ਕਊਆ-ਕਾਂ) ਦਾ ਬੋਟੀਆਂ ਤੋੜਨਾ, ਕੋਇਲ ਦੀ ਕੂਕ, ਚਾਤ੍ਰਿਕ ਦੀ ਤੜਪ, ਕੁੱਕੜ ਦੀ ਉਡਾਰੀ ਮਾਰਨ ਵੇਲੇ ਮਜਬੂਰੀ, ਕੱਛੂਕੁੰਮਾ ਦਾ ਸਰਦੀ ਤੋਂ ਬਚਣ ਲਈ ਬਾਹਰ ਰੇਤੀ ’ਤੇ ਆ ਬੈਠਣਾ, ਮੱਧ-ਮੱਖੀ ਦਾ ਸ਼ਹਿਦ ਇਕੱਠਾ ਕਰਨ ਲਈ ਨੱਸੀ ਫਿਰਨਾ, ਲੇਲੇ ਦਾ ਮੂੰਹ ਚੁੱਕ ਕੇ ਤੁਰੀ ਜਾਣਾ, ਭੇਡਾਂ ਦਾ ਇੱਜੜ, ਸਾਰੰਗ (ਹਾਥੀ) ਦਾ ਮਲਕੜੇ ਜਿਹੇ ਪੈਰ ਧਰਤੀ ’ਤੇ ਰੱਖਣੇ, ‘‘ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ..॥’’ (ਰਾਗ ਵਡਹੰਸ, ਮ: ੧, ਪੰਨਾ ੫੬੭)

ਮੋਰਾਂ ਦੀ ਰੁਣ-ਝੁਣ, ਕੋਇਲਾਂ ਦਾ ਅੰਬੀਆਂ ’ਤੇ ਕੂਕਣਾ, ਅੰਬਰ ਵਿੱਚ ਕੂੰਜਾਂ ਦੀ ਕਤਾਰ ਬਣਾ ਕੇ ਉਡਾਰੀਆਂ ਮਾਰਨੀਆਂ ਪਰ ਹੇਠਾਂ ਤਲਾਬ ਵਿੱਚ ਚੁੰਝਾਂ ਭਰਣ ਲਈ ਉਤਰਨਾ ਅਤੇ ਛੇਤੀ ਪਾਣੀ ਪੀ ਪੰਗਤ ਵਿੱਚ ਹੀ ਉੱਡ ਜਾਣਾ ।  ਹੇਠਾਂ ਬਗਲਿਆਂ ਦਾ ਅੱਖੀਂ ਮੀਟ ਸਰੋਵਰਾਂ ਵਿੱਚ ਮੱਛੀਆਂ ਅਛੋਪਲੇ ਜਿਹੇ ਘੁੱਟ-ਘੁੱਟ ਖਾਈ ਜਾਣਾ, ਪਹੁ-ਫੁੱਟਦੇ ਚਿੜੀਆਂ ਦਾ ਚਹਿਕਣਾ, ਛੁੱਟੜ ਗਾਵਾਂ; ਮੂੰਹ ਚੁੱਕ ਕੇ ਫਿਰੇ ਜਾਣਾ, ਖੰਭ ਕੱਟੇ ਪੰਖੀ ਦੀ ਫੜਫੜਾਹਟ, ਮੁੰਨੀਆਂ ਜਾ ਰਹੀਆਂ ਭੇਡਾਂ ਦੇ ਇੱਜੜ, ਝੀਉਰ ਦਾ ਜਾਲ ਪਾ ਮੱਛੀਆਂ ਪਕੜਨਾ, ਮੁਰਗ਼ਾਬੀ ਦਾ ਅਡੋਲ ਅਤੇ ਪੰਖ ਹਿਲਾਏ ਬਗੈਰ ਸਰੋਵਰ ਵਿੱਚ ਤਰੀ ਜਾਣਾ, ਊਂਦਰ (ਚੂਹੇ) ਦਾ ਦੂੰਦਰ ਪਾਉਣਾ, ਚੂਹੇ ਦਾ ਹੌਲੇ-ਹੌਲੇ ਕੁਤਰਨਾ ਤੇ ਉੱਕਣਾ, ਘੋੜੇ ਦੀ ਕਸੀ ਰਕਾਬ ਅਤੇ ਮੁੱਖ ਵਿੱਚ ਕੜਿਆਲ, ਊਂਠਾਂ ’ਤੇ ਲੱਦਿਆ ਮਾਲ ਤੇ ਵਣਜਾਰੇ, ਕਬੂਤਰ ਦਾ ਚੋਗੇ ਖ਼ਾਤਰ ਜਾਲ ਵਿੱਚ ਫੱਸਣਾ, ਤੋਤੇ ਦਾ ਨਲਕੀ ’ਤੇ ਪੈਰ ਰੱਖਣ ’ਤੇ ਹੀ ਕਾਬੂ ਆ ਜਾਣਾ, ਬਿੱਲੇ ਦਾ ਸ਼ਿਕਾਰ ਦੇਖਦੇ ਹੀ ਧਾ ਪੈਣਾ, ਗਿੱਦੜਾ ਦਾ ਸ਼ੋਰ, ਸ਼ੇਰਾਂ ਦੀ ਗਰਜ, ਬਲਦ ਦਾ ਆਲਸਪੁਣਾ, ਕਾਂ ਦਾ ਵਿਅਰਥ ਰੌਲਾ, ਗਧੇ ਦਾ ਹਰ ਥਾਂ ਮੂੰਹ ਮਾਰਨਾ, ਸਾਨ੍ਹ ਦੀਆਂ ਧੁੱਸਾਂ ’ਤੇ ਸ਼ੀਹ ਬੱਕਰੇ ਦਾ ਅਵੇਸਲਾ ਹੋ ਕੁੱਦਣਾ, ਬੱਕਰੀ ਦਾ ਨਿਮਾਣਾ-ਪਣ, ਬਾਜ਼ (Bustard) ਦਾ ਝਪਟ ਕੇ ਪੈਣਾ, ਹਿਰਣ (ਮ੍ਰਿਗ) ਦਾ ਅੰਜਾਣਪੁਣੇ ਵਿੱਚ ਕਸਤੂਰੀ ਲਈ ਦੌੜੀ ਫਿਰਨਾ, ਜਾਲ ਵਿੱਚ ਹਿਰਨ ਦਾ ਫਸਣਾ ਅਤੇ ਢਹਿ ਢੇਰੀ ਹੋ ਲੇਟਣਾ, ਸਿਖੇ-ਸਿਧਾਏ ਬਾਜ਼ ਦਾ ਦੂਜੇ ਬਾਜ਼ਾਂ ਨੂੰ ਵੀ ਫਾਹੁਣਾ, ਸੱਪ ਦੇ ਧਰਤੀ ’ਤੇ ਪਲਸੇਟੇ, ਕੁੱਤੇ ਦਾ ਗਲੀ ਵਿੱਚੋਂ ਲੰਘਣਾ ਤੇ ਦੂਜਿਆਂ ਕੁੱਤਿਆਂ ਦਾ ਭੌਂਕਣਾ, ਸੂਰ ਦੀ ਹੂੜ-ਮੱਤ ਤੇ ਭੂਛ ਹੋ ਗੰਦਗੀ ਭੱਖਣਾ, ਗਲਹਿਰੀ ਦਾ ਤੱਤ-ਫੱਟ ਫੁਰਤੀ ਨਾਲ ਅੱਗੋਂ ਲੰਘ ਜਾਣਾ, ਛਿਪਕਲੀ ਦਾ ਦੀਵਾਰ ਨੂੰ ਮਜ਼ਬੂਤੀ ਨਾਲ ਚਿਪਕਣਾ, ਉੱਲੂ ਦਾ ਅੱਖਾਂ ਮੀਟੀ ਰੱਖਣਾ, ਗੈਂਡੇ ਦਾ ਛੱਪੜ ਵਿੱਚ ਵੜ ਸਭ ਨੂੰ ਡਰਾਉਣਾ, ਮਗਰਮੱਛ ਦਾ ਲਿਤਾੜੀ ਟੁਰੀ ਜਾਣਾ ਅਤੇ ਮਿਥਿਹਾਸਕ ਪੰਛੀ ਹੰਸ ਦੇ ਮੋਤੀ ਉਗਲਦੇ ਇੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਦੇਖੇ ਜਾ ਸਕਦੇ ਹਨ ।

ਪਸ਼ੂ-ਪੰਛੀਆਂ ਨੂੰ ਰੱਤਾ ਕੁ ਧਿਆਨ ਨਾਲ ਦੇਖਿਆਂ ਇਹ ਵੀ ਪ੍ਰਗਟ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਰਚਨਹਾਰਿਆਂ ਨੇ ਇਹਨਾਂ ਦੇ ਅੰਤ੍ਰੀਵ ਨੂੰ ਖ਼ੂਬ ਜਾਣਿਆ ਸੀ।  ਉਦਾਹਰਨ ਵਜੋਂ:- ਬਾਬਾ ਫ਼ਰੀਦ ਜੀ ਦੀ ‘ਕਾਲੀ ਕੋਇਲ’ ਹੀ ਦੇਖੋ।  ਫ਼ਰੀਦ ਜੀ ਨਰ ਕੋਇਲ ਵੱਲ ਇਸ਼ਾਰਾ ਕਰ ਰਹੇ ਹਨ; ਕਿਉਂਕਿ ‘ਮਾਦਾ ਕੋਇਲ’ ਦਾ ਰੰਗ ਭੂਰਾ ਹੁੰਦਾ ਹੈ। ਬਾਬਰ ਨੇ ਜਦ ਕੋਇਲ ਦੇਖੀ ਸੀ ਤਾਂ ਲਿਖਿਆ ਸੀ ਕਿ ਹਿੰਦੁਸਤਾਨ ਦੀ ਇਹ ਬੁਲਬੁਲ ਹੈ। ‘ਅਚਿੰਤੇ ਬਾਜ਼’ ਬਾਰੇ ਸੰਸਾਰ ਪ੍ਰਸਿੱਧ ‘ਪੰਖੀ-ਪੇਖੀ’ (ਬਰਡ ਵਾਚਰ – Bird Watcher) ਸਲੀਮ ਅਲੀ ਨੇ ਲਿਖਿਆ ਹੈ ਕਿ ਬਾਜ਼ ਜਦ ਉੱਤੋਂ ਸ਼ਿਕਾਰ ਨੂੰ ਦੇਖਦਾ ਹੈ ਤਾਂ ਆਪਣੀ ਤਿੱਖੀ ਤੱਕਣੀ ਨਾਲ ਹੇਠਾਂ ਤੂਫ਼ਾਨ ਜਿਹੀ ਤੇਜ਼ੀ ਨਾਲ ਝਪਟ ਪੈਂਦਾ ਹੈ ਅਤੇ ਆਪਣੇ ਪੰਜਿਆਂ ਵਿੱਚ ਸ਼ਿਕਾਰ ਨੂੰ ਫਸਾ ਉਸੇ ਫੁਰਤੀ ਨਾਲ ਉੱਪਰ ਉੱਡ ਜਾਂਦਾ ਹੈ।

ਕਿੰਨੀ ਲੋੜ ਹੈ ਉਹਨਾਂ ਸਭ ਪੰਛੀਆਂ, ਪਸ਼ੂਆਂ ਦਾ ਚਿੜੀਆ-ਘਰ ਬਣਾਉਣ ਦੀ, ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ।  ਕੀ ਕੋਈ ਸੰਸਥਾ, ਵਪਾਰੀ ਕਮੇਟੀ ਜਾਂ ਟਰੱਸਟ ਪਹਿਲ ਕਰੇਗਾ  !

ਗੁਰੂ ਗ੍ਰੰਥ ਸਾਹਿਬ ਇੱਕ ਸੁਹਾਵਣਾ ਬਾਗ਼ :-

ਬਾਗ਼ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਅਤਿਅੰਤ ਸੁਹਾਵਣਾ ਹੈ, ਜਿੱਥੇ ਅੰਬ ਪੱਕੇ, ਅੰਗੂਰਾਂ ਦੇ ਗੁੱਛੇ ਲਟਕਦੇ, ਸੇਬਾਂ ਦੀਆਂ ਲਟਕਦੀਆਂ ਟਹਿਣੀਆਂ, ਦਰੱਖ਼ਤਾਂ ਦੀ ਘਣ-ਛਾਵੀਂ ਛਾਂ, ਪਾਰਜਾਤ ਵਰਗੇ ਸਵਰਗੀ ਬ੍ਰਿਛ, ਹਰ ਕਿਸਮ ਦੇ ਖਿੜ੍ਹੇ ਫੁੱਲਾਂ ਦੇ ਬਾਗਾਤ, ਲੰਮੇ ਸਰੂ (ਸਿੰਮਲ) ਵਰਗੇ ਦਰੱਖ਼ਤ; ਪਰ ਫਲ਼ ਬਕ-ਬਕੇ, ਕਿੱਕਰ ਦੇ ਕੰਡੇ, ਬੋਹੜ ਹੇਠਾਂ ਰਾਤ ਕੱਟਦੇ ਮੁਸਾਫ਼ਰ, ਲੱਗੇ ਤੰਬੂ, ਸਾਹ ਲੈਂਦੇ ਯਾਤਰੀ, ਸਰਕੜੇ ਸਿਰ ਚੁੱਕੀ ਲੰਘਦੇ ਰਾਹੀਆਂ ਨੂੰ ਚੁੱਭਦੇ ਤੇ ਬੁਢੀਆਂ ਦੇ ਵਾਲ ਤੂੰਬੀਆਂ ਵਿੱਚੋਂ ਨਿਕਲਦੇ, ਅੰਬ ਭੁਲੇਖੇ ਅੱਕਾਂ ਨੂੰ ਹੱਥ ਪਾਉਂਦੇ ਅਣਜਾਣ ਪਰ ਫਿਰ ਥੂ-ਥੂ ਕਰਦੇ ਬੱਚੇ, ਭਾਦਉ ਮਹੀਨੇ ਖੁੰਭਾਂ ਹੀ ਖੁੰਭਾਂ, ਸ਼ੋਖ ਕੁਸੰਭੜੇ, ਮਜੀਠ ਵਰਗੇ ਸੰਜਮੀ ਬੂਟੇ, ਖੇਤਾਂ ਵਿੱਚ ਕੋਈ ਹਲ ਵਾਹੁੰਦਾ, ਕੋਈ ਖਲਿਆਣਾ ਲਾਉਂਦਾ, ਕੋਈ ਮੰਡੀ ਵਿੱਚ ਲੈ ਜਾਂਦਾ ਤੇ ਕੋਈ ਹੋਰ ਚੁੱਕ ਕੇ ਲੈ ਜਾਂਦਾ ਕਿਸਾਨਾਂ ਦੀ ਕਮਾਈ, ਕੇਸਰ ਦੀ ਕਿਆਰੀ, ਚੰਦਨ ਦੇ ਵਣ ਅਤੇ ਢਾਕ-ਪਲਾਹੀ ਦੇ ਬ੍ਰਿਛਾਂ ਵਿੱਚੋਂ ਵੀ ਨਿਕਲਦੀ ਖ਼ੁਸ਼ਬੋ, ਝਰਨੇ, ਆਬਸ਼ਾਰਾਂ, ਸਰੋਵਰਾਂ ਵਿੱਚ ਕੰਵਲ, ਨਦੀ ਕਿਨਾਰੇ ਰੁੱਖੜਾ, ਸਰੋਵਰਾਂ ’ਤੇ ਆਈ ਕਾਹੀ, ਘਿਰ-ਘਿਰ ਆਉਂਦੀ ਬਦਲੀ, ਘਿਰ-ਘਿਰ ਆਉਂਦੀਆਂ ਘਟਾਵਾਂ ਅਤਿ ਕਾਲੀਆਂ, ਵੇਸ ਕਰੇਂਦੀਆਂ ਸ਼ਾਖਾਂ, ਸਹਜ ਪਕੇਂਦਾ ਮਿੱਠਾ ਫਲ਼, ਸਾਵਣ ਵਿੱਚ ਬਿਜਲੀਆਂ, ਜੰਗਲਾਂ ਨੂੰ ਖਹਿ-ਖਹਿ ਕਰਦੇ ਬਾਂਸਾਂ ਰਾਹੀਂ ਅੱਗ, ਧਤੂਰਾ, ਤੁਮੀ-ਤੁਮਾ, ਅੱਕ, ਨਿੰਮ ਇੱਕੋ ਥਾਂ ਉੱਗੇ, ਕੂੰਜਾਂ ਪੈਂਦੀਆਂ ਤੇ ਗੁਲੇਲ ਪਕੜ ਉਡਾਂਦਾ ਬੰਦਾ, ਖੇਤਾਂ ਵਿਚਕਾਰ ਡਰਾਉਣ ਲਈ ਬਣਾ ਧਰਿਆ ਡਰਨਾ । ਇੱਕ ਨਿਰਾਲੀ ਰੱਖ (ਸੈਂਕਚਯੁਰੀ – Sanctuary) ਬਣੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਵਿੱਚ।

ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੈਥੋਂ ਸਦਕੇ; ਤੈਥੋਂ ਕੁਰਬਾਨ; ਤੈਥੋਂ ਬਲਿਹਾਰ-ਬਲਿਹਾਰ।

ਬਾਰਨੈ ਬਲਿਹਾਰਨੈ; ਲਖ ਬਰੀਆ ॥  ਨਾਮੋ ਹੋ, ਨਾਮੁ ਸਾਹਿਬ ਕੋ; ਪ੍ਰਾਨ ਅਧਰੀਆ ॥੧॥ ਰਹਾਉ॥ (ਗਉੜੀ, ਮ: ੫, ਪੰਨਾ ੨੧੧)

ਬਲਿਹਾਰੀ; ਕੁਦਰਤਿ ਵਸਿਆ ॥  ਤੇਰਾ ਅੰਤੁ; ਨ ਜਾਈ ਲਖਿਆ ॥੧॥ ਰਹਾਉ ॥ (ਆਸਾ ਕੀ ਵਾਰ, ਮ: ੧, ਪੰਨਾ ੪੬੯)